Skip to content

Skip to table of contents

ਐਂਡੀਜ਼ ਪਹਾੜਾਂ ਵਿਚ ਜਾਨ ਦੇਣ ਵਾਲਾ ਪਾਣੀ ਵਹਿੰਦਾ ਹੈ

ਐਂਡੀਜ਼ ਪਹਾੜਾਂ ਵਿਚ ਜਾਨ ਦੇਣ ਵਾਲਾ ਪਾਣੀ ਵਹਿੰਦਾ ਹੈ

ਐਂਡੀਜ਼ ਪਹਾੜਾਂ ਵਿਚ ਜਾਨ ਦੇਣ ਵਾਲਾ ਪਾਣੀ ਵਹਿੰਦਾ ਹੈ

ਐਂਡੀਜ਼ ਪਹਾੜ ਪੀਰੂ ਦੇਸ਼ ਦੇ ਗੱਭਿਓਂ ਲੰਘਦਿਆਂ ਇਸ ਦੇਸ਼ ਨੂੰ ਦੋ ਹਿੱਸਿਆਂ ਵਿਚ ਵੰਡਦੇ ਹਨ। ਪੱਛਮੀ ਪਾਸੇ ਤਟਵਰਤੀ ਖੁਸ਼ਕ ਇਲਾਕਾ ਹੈ ਅਤੇ ਪੂਰਬੀ ਪਾਸੇ ਹਰਿਆ-ਭਰਿਆ ਜੰਗਲ ਹੈ। ਇਸ ਪਹਾੜੀ ਇਲਾਕੇ ਵਿਚ ਪੀਰੂ ਦੇਸ਼ ਦੇ 2 ਕਰੋੜ 70 ਲੱਖ ਲੋਕਾਂ ਵਿੱਚੋਂ 90 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਇਹ ਲੋਕ ਜਾਂ ਤਾਂ ਐਂਡੀਜ਼ ਪਹਾੜਾਂ ਦੇ ਉੱਪਰਲੇ-ਉੱਪਰਲੇ ਹਿੱਸਿਆਂ ਵਿਚ ਵੱਸਦੇ ਹਨ ਜਾਂ ਉਨ੍ਹਾਂ ਦੇ ਹੇਠ ਹਰੀਆਂ-ਭਰੀਆਂ ਵਾਦੀਆਂ ਵਿਚ ਰਹਿੰਦੇ ਹਨ।

ਇਸ ਚਟਾਨੀ ਇਲਾਕੇ ਵਿੱਚੋਂ ਦੀ ਲੰਘਣਾ ਕਾਫ਼ੀ ਮੁਸ਼ਕਲ ਹੈ। ਇਸ ਲਈ ਉਸ ਇਲਾਕੇ ਦੇ ਲੱਖੋ-ਲੱਖ ਵਾਸੀ ਆਮ ਕਰਕੇ ਬਾਹਰਲੀਆਂ ਘਟਨਾਵਾਂ ਤੋਂ ਅਣਜਾਣ ਹਨ।

ਨਦੀਆਂ ਦੇ ਕਿਨਾਰਿਆਂ ਤੇ ਛੋਟੇ-ਛੋਟੇ ਪਿੰਡ ਖਿੰਡਰੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਵਾਸੀਆਂ ਨੂੰ ਆਪਣੀਆਂ ਫ਼ਸਲਾਂ ਲਈ ਅਤੇ ਲਾਮਾ, ਐਲਪਾਕਾ, ਵਿਕੂਨਾ, ਅਤੇ ਭੇਡਾਂ ਵਰਗੇ ਪਸ਼ੂਆਂ ਲਈ ਪਾਣੀ ਦੀ ਸਖ਼ਤ ਲੋੜ ਹੈ। ਲੇਕਿਨ ਐਂਡੀਜ਼ ਦੇ ਇਲਾਕੇ ਵਿਚ ਇਕ ਹੋਰ ਤਰ੍ਹਾਂ ਦਾ ਜ਼ਰੂਰੀ ਪਾਣੀ ਵੀ ਵਹਿੰਦਾ ਹੈ। ਉਹ ਹੈ ਤਾਜ਼ਗੀ ਦੇਣ ਵਾਲਾ ਰੂਹਾਨੀ ਪਾਣੀ ਜੋ “ਜੀਉਂਦੇ ਪਾਣੀ ਦੇ ਸੋਤੇ” ਯਹੋਵਾਹ ਵੱਲੋਂ ਆਉਂਦਾ ਹੈ। (ਯਿਰਮਿਯਾਹ 2:13) ਯਹੋਵਾਹ ਨੇ ਐਂਡੀਜ਼ ਦੇ ਉੱਚੇ-ਉੱਚੇ ਪਹਾੜਾਂ ਦੇ ਵਾਸੀਆਂ ਦੀ ਮਦਦ ਕਰਨ ਲਈ ਆਪਣੇ ਗਵਾਹਾਂ ਨੂੰ ਘੱਲਿਆ ਹੈ ਤਾਂਕਿ ਇਹ ਲੋਕ ਵੀ ਉਸ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਜਾਣ ਸਕਣ।​—ਯਸਾਯਾਹ 12:3; ਯੂਹੰਨਾ 17:3.

ਪਰਮੇਸ਼ੁਰ ਦੀ ਮਰਜ਼ੀ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਇਸ ਲਈ ਇਹ ਪ੍ਰਚਾਰਕ ਬਹੁਤ ਸਾਰੀ ਮਿਹਨਤ ਕਰ ਕੇ ਉਨ੍ਹਾਂ ਲੋਕਾਂ ਤਕ ਮੁਸ਼ਕਲ ਨਾਲ ਪਹੁੰਚਦੇ ਹਨ ਤਾਂਕਿ ਉਹ ਬਾਈਬਲ ਵਿੱਚੋਂ ਉਨ੍ਹਾਂ ਨੂੰ ਜ਼ਿੰਦਗੀ ਦੇਣ ਵਾਲਾ ਸੰਦੇਸ਼ ਦੇ ਸਕਣ। ਬਾਈਬਲ ਵਿੱਚੋਂ ਇਹ ਉੱਤਮ ਸੁਨੇਹਾ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਰੂਹਾਨੀ ਚਾਨਣ ਪਾਉਂਦਾ ਹੈ। ਇਸ ਸੁਨੇਹੇ ਨੇ ਲੋਕਾਂ ਨੂੰ ਉਨ੍ਹਾਂ ਵਹਿਮਾਂ, ਰੀਤ-ਰਿਵਾਜਾਂ, ਅਤੇ ਵਿਚਾਰਾਂ ਤੋਂ ਆਜ਼ਾਦ ਕੀਤਾ ਹੈ ਜਿਨ੍ਹਾਂ ਕਾਰਨ ਉਹ ਮੁਰਦਿਆਂ, ਭੂਤਾਂ, ਅਤੇ ਕੁਦਰਤੀ ਸ਼ਕਤੀਆਂ ਤੋਂ ਡਰਦੇ ਸਨ। ਇਸ ਦੇ ਨਾਲ-ਨਾਲ ਇਹ ਸੁਨੇਹਾ ਉਨ੍ਹਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਲਈ ਰਹਿਣ ਦੀ ਆਸ ਦਿੰਦਾ ਹੈ।

ਮਿਹਨਤ ਕਰਨੀ

ਪਰਮੇਸ਼ੁਰ ਦੇ ਰਾਜ ਦੇ ਜਿਹੜੇ ਪ੍ਰਚਾਰਕ ਇਨ੍ਹਾਂ ਦੂਰ-ਦੁਰਾਡੇ ਇਲਾਕਿਆਂ ਵਿਚ ਜਾਂਦੇ ਹਨ ਉਨ੍ਹਾਂ ਨੂੰ ਕਾਫ਼ੀ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਉੱਥੇ ਵਸਣ ਵਾਲੇ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਬਾਈਬਲ ਦੇ ਇਨ੍ਹਾਂ ਅਧਿਆਪਕਾਂ ਨੂੰ ਥੋੜ੍ਹੀ-ਬਹੁਤੀ ਕੇਚੂਆ ਅਤੇ ਆਈਮਰਾ ਬੋਲੀਆਂ ਬੋਲਣ ਦੀ ਲੋੜ ਹੈ।

ਐਂਡੀਜ਼ ਵਿਚ ਪਿੰਡਾਂ ਤਕ ਪਹੁੰਚਣਾ ਕਾਫ਼ੀ ਮੁਸ਼ਕਲ ਹੈ। ਆਮ ਤੌਰ ਤੇ ਰੇਲ-ਗੱਡੀਆਂ ਪਿੰਡਾਂ ਤਕ ਨਹੀਂ ਜਾਂਦੀਆਂ ਹਨ। ਸਫ਼ਰ ਕਰਨਾ ਔਖਾ ਹੈ ਅਤੇ ਜੇ ਮੌਸਮ ਖ਼ਰਾਬ ਹੋਵੇ ਤਾਂ ਉੱਚੀਆਂ-ਨੀਵੀਆਂ ਸੜਕਾਂ ਤੇ ਜਾਣਾ ਹੋਰ ਵੀ ਔਖਾ ਬਣ ਜਾਂਦਾ ਹੈ। ਤਾਂ ਫਿਰ ਗਵਾਹ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਲੋਕਾਂ ਤਕ ਕਿੱਦਾਂ ਲਿਆਉਂਦੇ ਹਨ?

ਖ਼ੁਸ਼ ਖ਼ਬਰੀ ਦੇ ਇਨ੍ਹਾਂ ਦਲੇਰ ਪ੍ਰਚਾਰਕਾਂ ਨੇ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕਰ ਕੇ ਯਸਾਯਾਹ ਵਾਂਗ ਕਿਹਾ ਹੈ ਕਿ “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਇਨ੍ਹਾਂ ਪ੍ਰਚਾਰਕਾਂ ਨੇ ਉੱਤਰੀ, ਦੱਖਣੀ, ਅਤੇ ਵਿਚਕਾਰਲੇ ਇਲਾਕਿਆਂ ਵਿਚ ਜਾਣ ਲਈ ਅਜਿਹੀਆਂ ਗੱਡੀਆਂ ਇਸਤੇਮਾਲ ਕੀਤੀਆਂ ਜਿਨ੍ਹਾਂ ਵਿਚ ਉਹ ਰਹਿ ਸਕਦੇ ਹਨ। ਉਹ ਆਪਣੇ ਨਾਲ ਬਹੁਤ ਸਾਰੀਆਂ ਬਾਈਬਲਾਂ ਅਤੇ ਹੋਰ ਕਿਤਾਬਾਂ ਲੈ ਕੇ ਗਏ। ਇਸ ਤਰ੍ਹਾਂ ਉਨ੍ਹਾਂ ਜੋਸ਼ੀਲੇ ਪਾਇਨੀਅਰਾਂ ਨੇ ਉਨ੍ਹਾਂ ਥਾਵਾਂ ਦੇ ਨੇਕਦਿਲ ਵਾਸੀਆਂ ਦੇ ਦਿਲਾਂ ਵਿਚ ਬਾਈਬਲ ਦੀ ਸੱਚਾਈ ਦੇ ਬੀ ਬੀਜੇ ਹਨ।

ਪਹਾੜਾਂ ਦੀਆਂ ਵਿੰਗੀਆਂ-ਟੇਢੀਆਂ ਸੜਕਾਂ ਤੇ ਚੱਲਣਾ ਬਹੁਤ ਖ਼ਤਰਨਾਕ ਹੈ। ਇਨ੍ਹਾਂ ਤੇ ਚੱਲਣ ਲਈ ਗੱਡੀਆਂ ਨੂੰ ਵਲ਼ ਖਾ ਕੇ ਜਾਣਾ ਪੈਂਦਾ ਹੈ। ਅਜਿਹੇ ਇਕ ਮੌਕੇ ਤੇ ਬੱਸ ਦੇ ਪਿੱਛਲੇ ਪਾਸੇ ਬੈਠੇ ਹੋਏ ਇਕ ਮਿਸ਼ਨਰੀ ਨੇ ਖਿੜਕੀ ਵਿੱਚੋਂ ਦੀ ਦੇਖਿਆ। ਉਹ ਹੈਰਾਨ ਹੋਇਆ ਕਿ ਬੱਸ ਦਾ ਇਕ ਪਿੱਛਲਾ ਪਹੀਆ ਘਾਟੀ ਦੇ ਐਨ ਸਿਰੇ ਤੇ ਸੀ ਜੋ ਕਿ 600 ਫੁੱਟ ਨਾਲੋਂ ਜ਼ਿਆਦਾ ਡੂੰਘੀ ਸੀ! ਉਸ ਨੇ ਆਪਣੀਆਂ ਅੱਖਾਂ ਮੀਟ ਲਈਆਂ ਜਦ ਤਕ ਬੱਸ ਅੱਗੇ ਨਹੀਂ ਨਿਕਲ ਗਈ।

ਇੱਥੇ ਸੜਕਾਂ ਕੱਚੀਆਂ ਅਤੇ ਭੀੜੀਆਂ ਹਨ। ਇਕ ਵਾਰ ਗਵਾਹਾਂ ਦੀ ਗੱਡੀ ਅਜਿਹੀ ਸੜਕ ਤੇ ਥੱਲੇ ਜਾ ਰਹੀ ਸੀ ਜਦ ਕਿ ਥੱਲਿਓਂ ਇਕ ਟਰੱਕ ਉੱਪਰ ਨੂੰ ਆ ਰਿਹਾ ਸੀ। ਉਨ੍ਹਾਂ ਨੂੰ ਗੱਡੀ ਨੂੰ ਪਿੱਛਲੇ ਗੀਅਰ ਵਿਚ ਪਾ ਕੇ ਵਾਪਸ ਲਿਜਾਣਾ ਪਿਆ ਤਾਂਕਿ ਦੋਨੋ ਜ਼ਰਾ ਕੁ ਚੌੜੀ ਜਗ੍ਹਾ ਤੇ ਪਹੁੰਚ ਕੇ ਇਕ ਦੂਸਰੇ ਨਾਲੋਂ-ਨਾਲ ਮਸਾਂ-ਮਸਾਂ ਲੰਘ ਸਕਣ।

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਭਰਾਵਾਂ ਦੀ ਮਿਹਨਤ ਨੇ ਵਧੀਆ ਫਲ ਪਾਇਆ ਹੈ। ਕੀ ਤੁਸੀਂ ਉਨ੍ਹਾਂ ਦੀ ਮਿਹਨਤ ਬਾਰੇ ਹੋਰ ਜਾਣਨਾ ਚਾਹੁੰਦੇ ਹੋ?

ਟੀਟੀਕਾਕਾ ਝੀਲ ਨੂੰ “ਪਾਣੀ ਪਾਉਣਾ”

ਟੀਟੀਕਾਕਾ ਝੀਲ ਐਂਡੀਜ਼ ਪਹਾੜਾਂ ਦੀ ਇਕ ਘਾਟੀ ਵਿਚ ਹੈ। ਇਹ ਸਮੁੰਦਰ ਦੇ ਤਲ ਤੋਂ 12,500 ਫੁੱਟ ਦੀ ਉਚਾਈ ਤੇ ਦੁਨੀਆਂ ਦੀਆਂ ਅੰਤਰਦੇਸ਼ੀ ਝੀਲਾਂ ਵਿੱਚੋਂ ਸਭ ਤੋਂ ਉੱਚੀ ਹੈ। ਇਸ ਤੋਂ ਇਲਾਵਾ ਇਸ ਉੱਤੇ ਪਾਣੀ ਦੇ ਜਹਾਜ਼ ਵੀ ਚੱਲ ਸਕਦੇ ਹਨ। ਟੀਟੀਕਾਕਾ ਝੀਲ ਵਿਚ 25 ਨਦੀਆਂ ਵਹਿੰਦੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਦੀਆਂ ਪਹਾੜਾਂ ਦੀਆਂ ਬਰਫ਼ੀਲੀਆਂ ਟੀਸੀਆਂ ਤੋਂ ਪੈਦਾ ਹੋਈਆਂ ਹਨ। ਇਨ੍ਹਾਂ ਪਹਾੜਾਂ ਵਿੱਚੋਂ ਕਈ 21,000 ਫੁੱਟ ਤੋਂ ਜ਼ਿਆਦਾ ਉੱਚੇ ਹਨ। ਉਚਾਈ ਦੇ ਕਾਰਨ ਇੱਥੇ ਦਾ ਮੌਸਮ ਠੰਢਾ ਹੈ ਅਤੇ ਜਿਹੜੇ ਲੋਕ ਉੱਥੇ ਰਹਿਣ ਦੇ ਆਦੀ ਨਹੀਂ ਹਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਪੈਂਦਾ ਹੈ।

ਕੁਝ ਚਿਰ ਪਹਿਲਾਂ ਕੇਚੂਆ ਅਤੇ ਆਈਮਰਾ ਭਾਸ਼ਾਵਾਂ ਬੋਲਣ ਵਾਲੇ ਪਾਇਨੀਅਰਾਂ ਦਾ ਇਕ ਗਰੁੱਪ ਟੀਟੀਕਾਕਾ ਝੀਲ ਤੇ ਅਮਾਂਟਾਨੀ ਅਤੇ ਟਾਕੀਲ ਟਾਪੂਆਂ ਨੂੰ ਗਿਆ। ਉੱਥੇ ਉਨ੍ਹਾਂ ਨੇ ਇਕ ਸਲਾਈਡ ਸ਼ੋ ਦਿਖਾਇਆ ਜਿਸ ਦਾ ਨਾਂ ਸੀ “ਗਿਰਜਿਆਂ ਤੇ ਗੌਰ ਕਰੋ।” ਇਸ ਦੁਆਰਾ ਲੋਕਾਂ ਨੂੰ ਈਸਾਈ-ਜਗਤ ਦੀਆਂ ਝੂਠੀਆਂ ਸਿੱਖਿਆਵਾਂ ਬਾਰੇ ਸਪੱਸ਼ਟ ਜਾਣਕਾਰੀ ਮਿਲੀ। ਕਈਆਂ ਲੋਕਾਂ ਨੇ ਇਸ ਪੇਸ਼ਕਾਰੀ ਨੂੰ ਦੇਖ ਕੇ ਪਸੰਦ ਕੀਤਾ। ਇਕ ਬੰਦੇ ਨੇ ਭਰਾਵਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਘਰ ਵਿਚ ਲਿਜਾ ਕੇ ਇਕ ਵੱਡਾ ਕਮਰਾ ਦਿੱਤਾ ਜਿੱਥੇ ਉਹ ਰਹਿ ਕੇ ਬਾਈਬਲ ਬਾਰੇ ਸਿੱਖਿਆ ਦੇ ਸਕਦੇ ਸਨ।

ਅਮਾਂਟਾਨੀ ਟਾਪੂ ਤੇ ਜਦੋਂ ਪਹਿਲੀ ਸਭਾ ਲੱਗੀ ਤਾਂ 100 ਬੰਦੇ ਆਏ; ਅਤੇ ਟਾਕੀਲ ਟਾਪੂ ਤੇ 140 ਲੋਕ ਮੀਟਿੰਗ ਵਿਚ ਹਾਜ਼ਰ ਹੋਏ। ਪੇਸ਼ਕਾਰੀ ਕੇਚੂਆ ਭਾਸ਼ਾ ਵਿਚ ਕੀਤੀ ਗਈ ਸੀ। ਟਾਪੂ ਤੇ ਨਵੇਂ-ਨਵੇਂ ਆਏ ਇਕ ਪਤੀ-ਪਤਨੀ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਨੇ ਸਾਨੂੰ ਵੇਲੇ ਸਿਰ ਯਾਦ ਕੀਤਾ। ਅਸੀਂ ਤੁਹਾਡੀ ਉਡੀਕ ਵਿਚ ਪ੍ਰਾਰਥਨਾ ਕਰ ਰਹੇ ਸੀ।”

ਇਨ੍ਹਾਂ ਦੋ ਵੱਡੇ ਟਾਪੂਆਂ ਤੋਂ ਇਲਾਵਾ, ਟੀਟੀਕਾਕਾ ਝੀਲ ਉੱਤੇ ਲਗਭਗ 40 “ਤਰਦੇ” ਟਾਪੂਆਂ ਤਕ ਖ਼ੁਸ਼ ਖ਼ਬਰੀ ਪਹੁੰਚਾਈ ਗਈ ਹੈ। ਤਰਦੇ ਟਾਪੂ ਕੀ ਹਨ? ਇਹ ਉਨ੍ਹਾਂ ਕਾਨਿਆਂ ਨਾਲ ਬਣੇ ਹੋਏ ਹਨ ਜੋ ਝੀਲ ਦੇ ਘੱਟ ਡੂੰਘੇ ਥਾਵਾਂ ਵਿਚ ਉੱਗਦੇ ਹਨ ਅਤੇ ਪਾਣੀ ਵਿੱਚੋਂ ਬਾਹਰ ਨਿਕਲਦੇ ਹਨ। ਇਨ੍ਹਾਂ ਟਾਪੂਆਂ ਨੂੰ ਬਣਾਉਣ ਲਈ ਕਾਨਿਆਂ ਨੂੰ ਜੜ੍ਹਾਂ ਤੋਂ ਨਹੀਂ ਪੁੱਟਿਆ ਜਾਂਦਾ ਪਰ ਇਨ੍ਹਾਂ ਨੂੰ ਬੁਣਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਪਾਣੀ ਉੱਪਰ ਇਕ ਫ਼ਰਸ਼ ਜਿਹੀ ਬਣਾਈ ਜਾਂਦੀ ਹੈ। ਫ਼ਰਸ਼ ਉੱਤੇ ਮਿੱਟੀ ਫੇਰੀ ਜਾਂਦੀ ਹੈ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਹੋਰ ਕਾਨਿਆਂ ਨੂੰ ਕੱਟ ਕੇ ਇਸ ਨਾਲ ਜੋੜਿਆਂ ਜਾਂਦਾ ਹੈ। ਲੋਕ ਇਸ ਉੱਪਰ ਕਾਨਿਆਂ ਦੀਆਂ ਬਣੀਆਂ ਝੌਂਪੜੀਆਂ ਵਿਚ ਰਹਿੰਦੇ ਹਨ।

ਯਹੋਵਾਹ ਦੇ ਗਵਾਹਾਂ ਨੇ ਟੀਟੀਕਾਕਾ ਝੀਲ ਦੇ ਟਾਪੂਆਂ ਵਿਚ ਪ੍ਰਚਾਰ ਕਰਨ ਲਈ ਇਕ ਕਿਸ਼ਤੀ ਪ੍ਰਾਪਤ ਕੀਤੀ ਹੈ ਜਿਸ ਵਿਚ 16 ਲੋਕ ਬੈਠ ਸਕਦੇ ਸਨ। ਟਾਪੂਆਂ ਕੋਲ ਕਿਸ਼ਤੀ ਲਿਜਾ ਕੇ ਗਵਾਹ ਉਸ ਦੀ ਫ਼ਰਸ਼ ਤੇ ਉੱਤਰ ਕੇ ਹਰ ਝੌਂਪੜੀ ਨੂੰ ਜਾਂਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪੈਰਾਂ ਹੇਠਾਂ ਫ਼ਰਸ਼ ਹਿਲਦੀ ਹੁੰਦੀ ਹੈ। ਹਾਂ ਜਿਹੜੇ ਲੋਕ ਸਮੁੰਦਰੀ ਸਫ਼ਰ ਕਰਨ ਦੇ ਆਦੀ ਨਹੀਂ ਹਨ ਉਨ੍ਹਾਂ ਲਈ ਇੱਥੇ ਆਉਣਾ ਮੁਸ਼ਕਲ ਹੈ!

ਆਈਮਰਾ ਬੋਲਣ ਵਾਲੇ ਵਾਸੀ ਝੀਲ ਦੇ ਕਿਨਾਰਿਆਂ ਤੇ ਅਨੇਕ ਨਗਰਾਂ ਅਤੇ ਪਿੰਡਾਂ ਵਿਚ ਰਹਿੰਦੇ ਹਨ। ਉਨ੍ਹਾਂ ਕੋਲ ਜ਼ਮੀਨ ਉੱਤੇ ਚੱਲ ਕੇ ਜਾਣ ਨਾਲੋਂ ਕਿਸ਼ਤੀ ਵਿਚ ਪਹੁੰਚਣਾ ਜ਼ਿਆਦਾ ਸੁਖਾਲਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਜਿਨ੍ਹਾਂ ਇਲਾਕਿਆਂ ਵਿਚ ਕਿਸ਼ਤੀ ਵਿਚ ਜਾ ਕੇ ਖ਼ੁਸ਼ ਖ਼ਬਰੀ ਪਹੁੰਚਾਉਣੀ ਪੈਂਦੀ ਹੈ, ਉੱਥੇ ਤਕਰੀਬਨ 4,00,000 ਲੋਕ ਰਹਿੰਦੇ ਹਨ। ਇਨ੍ਹਾਂ ਭਰਾਵਾਂ ਲਈ ਹਾਲੇ ਕਾਫ਼ੀ ਕੰਮ ਹੈ।

ਰੂਹਾਨੀ ਪਿਆਸ ਬੁਝਾਉਣੀ

ਫਲਾਵਿਓ ਨਾਂ ਦਾ ਆਦਮੀ ਐਂਡੀਜ਼ ਵਿਚ ਹੁਲੀਯਾਕਾ ਨੇੜੇ ਸਾਂਟਾ ਲੂਸੀਆ ਦੇ ਪਿੰਡ ਵਿਚ ਰਹਿੰਦਾ ਸੀ। ਉਸ ਦੇ ਇਵੈਂਜਲੀਕਲ ਚਰਚ ਵਿਚ ਉਸ ਨੂੰ ਨਰਕ ਵਿਚ ਕਸ਼ਟ ਸਹਿਣ ਬਾਰੇ ਸਿਖਾਇਆ ਗਿਆ ਸੀ। ਕਈਆਂ ਸਾਲਾਂ ਲਈ ਉਹ ਨਰਕ ਦੀ ਅੱਗ ਵਿਚ ਜਾਣ ਤੋਂ ਡਰਦਾ ਰਿਹਾ ਸੀ। ਉਹ ਇਸ ਬਾਰੇ ਸੋਚਦਾ ਰਹਿੰਦਾ ਸੀ ਕਿ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਲੋਕਾਂ ਨੂੰ ਹਮੇਸ਼ਾ ਲਈ ਅੱਗ ਵਿਚ ਕਿਵੇਂ ਤੜਫਾ ਸਕਦਾ ਹੈ? ਫਿਰ ਤੀਤੋ ਨਾਂ ਦਾ ਪਾਇਨੀਅਰ ਭਰਾ ਉਸ ਪਿੰਡ ਨੂੰ ਗਿਆ ਅਤੇ ਫਲਾਵਿਓ ਨੂੰ ਮਿਲਿਆ।

ਫਲਾਵਿਓ ਨੇ ਉਸ ਨੂੰ ਕਈ ਸਵਾਲ ਪੁੱਛੇ ਜਿਵੇਂ ਕਿ “ਕੀ ਤੁਹਾਡਾ ਧਰਮ ਸਿਖਾਉਂਦਾ ਹੈ ਕਿ ਲੋਕਾਂ ਨੂੰ ਨਰਕ ਦੀ ਅੱਗ ਵਿਚ ਤੜਫਾਇਆ ਜਾਂਦਾ ਹੈ?” ਤੀਤੋ ਨੇ ਜਵਾਬ ਦਿੱਤਾ ਕਿ ਅਜਿਹੀ ਸਿੱਖਿਆ ਸਾਡੇ ਕਰਤਾਰ ਨੂੰ ਘਿਣਾਉਣੀ ਲੱਗਦੀ ਹੈ ਅਤੇ ਉਸ ਦੇ ਨਾਂ ਯਹੋਵਾਹ ਨੂੰ ਬਦਨਾਮ ਕਰਦੀ ਹੈ ਕਿਉਂਕਿ ਉਹ ਪ੍ਰੇਮ ਕਰਨ ਵਾਲਾ ਪਰਮੇਸ਼ੁਰ ਹੈ। ਤੀਤੋ ਨੇ ਫਲਾਵਿਓ ਦੀ ਆਪਣੀ ਬਾਈਬਲ ਵਿੱਚੋਂ ਉਸ ਨੂੰ ਦਿਖਾਇਆ ਕਿ ਮੁਰਦੇ ਕੁਝ ਨਹੀਂ ਜਾਣਦੇ ਅਤੇ ਉਹ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ਉੱਤੇ ਦੁਬਾਰਾ ਜੀ ਉਠਾਏ ਜਾਣਗੇ। (ਉਪਦੇਸ਼ਕ ਦੀ ਪੋਥੀ 9:5; ਯੂਹੰਨਾ 5:28, 29) ਇਸ ਗੱਲ ਨੇ ਫਲਾਵਿਓ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਨੇ ਬਾਈਬਲ ਦੀ ਸਟੱਡੀ ਇਕਦਮ ਸਵੀਕਾਰ ਕਰ ਲਈ ਅਤੇ ਥੋੜ੍ਹੇ ਹੀ ਸਮੇਂ ਵਿਚ ਉਹ ਬਪਤਿਸਮਾ ਲੈ ਕੇ ਮਸੀਹੀ ਬਣ ਗਿਆ।

ਇਕ ਪਿੰਡ ਦੇ ਧੰਨਵਾਦੀ ਲੋਕ

ਕਲਪਨਾ ਕਰੋ ਕਿ ਤੁਸੀਂ ਅਜਿਹੇ ਪਿੰਡਾਂ ਵਿਚ ਬਾਈਬਲ ਬਾਰੇ ਦੱਸ ਰਹੇ ਹੋ ਜਿਨ੍ਹਾਂ ਦੇ ਲੋਕਾਂ ਨੇ ਕਦੀ ਬਾਈਬਲ ਨਹੀਂ ਦੇਖੀ ਨਾ ਹੀ ਉਨ੍ਹਾਂ ਨੇ ਕਦੀ ਯਹੋਵਾਹ ਦੇ ਗਵਾਹਾਂ ਬਾਰੇ ਕੁਝ ਸੁਣਿਆ ਹੈ। ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕਿੰਨੀ ਖ਼ੁਸ਼ੀ ਦੀ ਗੱਲ ਹੈ! ਇਹ ਤਿੰਨ ਪਾਇਨੀਅਰ ਭੈਣਾਂ ਦਾ ਅਨੁਭਵ ਸੀ ਜਿਨ੍ਹਾਂ ਦੇ ਨਾਂ ਰੋਸਾ, ਅਲੀਸੀਆ, ਅਤੇ ਸੇਸੀਲਿਯਾ ਹਨ। ਉਨ੍ਹਾਂ ਨੇ ਈਸਕੁਚਾਕਾ ਅਤੇ ਕੌਨਾਈਕਾ ਨਾਂ ਦੇ ਪਿੰਡਾਂ ਵਿਚ ਪ੍ਰਚਾਰ ਕੀਤਾ। ਇਹ ਪਿੰਡ ਮੱਧ ਪੀਰੂ ਵਿਚ 12,000 ਫੁੱਟ ਦੀ ਉਚਾਈ ਤੇ ਹਨ।

ਜਦੋਂ ਇਹ ਤਿੰਨ ਭੈਣਾਂ ਪਹਿਲੇ ਪਿੰਡ ਪਹੁੰਚੀਆਂ ਸੀ ਤਾਂ ਉਨ੍ਹਾਂ ਕੋਲ ਕਿਤੇ ਰਹਿਣ ਦੀ ਜਗ੍ਹਾ ਨਹੀਂ ਸੀ। ਉਨ੍ਹਾਂ ਨੇ ਉੱਥੇ ਦੇ ਥਾਣੇਦਾਰ ਨਾਲ ਗੱਲ ਕੀਤੀ ਅਤੇ ਉਸ ਨੂੰ ਸਮਝਾਇਆ ਕਿ ਉਹ ਉੱਥੇ ਕਿਉਂ ਆਈਆਂ ਸਨ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਨੇ ਉਨ੍ਹਾਂ ਨੂੰ ਪੁਲਸ ਥਾਣੇ ਵਿਚ ਰਹਿਣ ਦੀ ਇਜਾਜ਼ਤ ਦਿੱਤੀ। ਅਗਲੇ ਦਿਨ ਇਨ੍ਹਾਂ ਭੈਣਾਂ ਨੇ ਰਹਿਣ ਲਈ ਅਜਿਹੀ ਜਗ੍ਹਾ ਲੱਭ ਲਈ ਜਿੱਥੋਂ ਉਹ ਪ੍ਰਚਾਰ ਦਾ ਆਪਣਾ ਕੰਮ ਕਰ ਸਕੀਆਂ।

ਥੋੜ੍ਹੀ ਦੇਰ ਬਾਅਦ ਮਸੀਹ ਦੀ ਮੌਤ ਦੇ ਸਾਲਾਨਾ ਸਮਾਰਕ ਦਾ ਸਮਾਂ ਆਇਆ। ਉਸ ਸਮੇਂ ਤਕ ਇਹ ਪਾਇਨੀਅਰ ਭੈਣਾਂ ਈਸਕੁਚਾਕਾ ਪਿੰਡ ਦੇ ਸਾਰਿਆਂ ਘਰਾਂ ਨੂੰ ਜਾ ਚੁੱਕੀਆਂ ਸਨ ਅਤੇ ਉਨ੍ਹਾਂ ਨੇ ਲੋਕਾਂ ਕੋਲ ਕਈ ਬਾਈਬਲਾਂ ਛੱਡੀਆਂ ਅਤੇ ਕਾਫ਼ੀ ਸਾਰੇ ਲੋਕਾਂ ਨਾਲ ਬਾਈਬਲ ਸਟੱਡੀਆਂ ਵੀ ਸ਼ੁਰੂ ਕੀਤੀਆਂ ਸਨ। ਸਮਾਰਕ ਤੋਂ ਪਹਿਲਾਂ ਉਨ੍ਹਾਂ ਨੇ ਸੱਦੇ ਭੇਜੇ ਜਿਨ੍ਹਾਂ ਵਿਚ ਇਸ ਮੌਕੇ ਦਾ ਮਕਸਦ ਦੱਸਿਆ ਗਿਆ ਅਤੇ ਰੋਟੀ ਅਤੇ ਦਾਖ-ਰਸ ਦਾ ਮਤਲਬ ਸਮਝਾਇਆ ਗਿਆ। ਕੁਝ ਹੋਰ ਭਰਾਵਾਂ ਨੂੰ ਵੀ ਬੁਲਾਇਆ ਗਿਆ ਸੀ ਤਾਂਕਿ ਉਹ ਇਸ ਮੌਕੇ ਵਿਚ ਹਿੱਸਾ ਲੈ ਸਕਣ ਅਤੇ ਉਨ੍ਹਾਂ ਵਿੱਚੋਂ ਇਕ ਭਰਾ ਨੇ ਭਾਸ਼ਣ ਦਿੱਤਾ। ਕਿੰਨੀ ਖ਼ੁਸ਼ੀ ਦੀ ਗੱਲ ਸੀ ਜਦੋਂ ਉਸ ਛੋਟੇ ਪਿੰਡ ਦੇ 50 ਲੋਕ ਇਸ ਖ਼ਾਸ ਮਕਸਦ ਲਈ ਹਾਜ਼ਰ ਹੋਏ! ਉਹ ਪਹਿਲੀ ਵਾਰ ਸਮਝ ਸਕੇ ਕਿ ਪ੍ਰਭੂ ਦੇ ਸੰਧਿਆ ਭੋਜਨ ਦਾ ਅਸਲੀ ਅਰਥ ਕੀ ਹੈ। ਇਸ ਦੇ ਨਾਲ-ਨਾਲ ਇਹ ਕਿੰਨੀ ਵੱਡੀ ਗੱਲ ਸੀ ਕਿ ਉਨ੍ਹਾਂ ਕੋਲ ਆਪਣੀਆਂ-ਆਪਣੀਆਂ ਬਾਈਬਲਾਂ ਸਨ।

ਭਾਰੇ ਬੋਝਾਂ ਦਾ ਅੰਤ

ਝੂਠੇ ਧਰਮ ਦੇ ਗ਼ੁਲਾਮਾਂ ਨੂੰ ਬਾਈਬਲ ਦੀ ਸੱਚਾਈ ਦਾ ਠੰਢਾ ਪਾਣੀ ਦੇਣ ਨਾਲ ਹਮੇਸ਼ਾ ਖ਼ੁਸ਼ੀ ਮਿਲਦੀ ਹੈ। ਪੀਸਾਕ ਨਾਂ ਦੀ ਜਗ੍ਹਾ ਪੁਰਾਣੇ ਇੰਕਾ ਸਾਮਰਾਜ ਦਾ ਗੜ੍ਹ ਹੁੰਦਾ ਸੀ। ਅੱਜ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਨਰਕ ਦੀ ਅੱਗ ਦੀ ਗ਼ਲਤ ਸਿੱਖਿਆ ਸਿਖਾਈ ਜਾ ਚੁੱਕੀ ਹੈ। ਉਨ੍ਹਾਂ ਦੇ ਪਾਦਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਪਾਦਰੀਆਂ ਦੀਆਂ ਦੁਆਵਾਂ ਰਾਹੀਂ ਹੀ ਸਵਰਗ ਨੂੰ ਜਾ ਸਕਦੇ ਹਨ।

ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਹ ਲੋਕ ਬਾਈਬਲ ਦੀ ਸੱਚਾਈ ਦੇ ਪਾਣੀ ਲਈ ਇੰਨੇ ਪਿਆਸੇ ਕਿਉਂ ਹਨ। ਘਰ-ਘਰ ਪ੍ਰਚਾਰ ਕਰਦੇ ਹੋਏ ਸਾਂਤੀਆਗੋ ਨਾਂ ਦੇ ਯਹੋਵਾਹ ਦੇ ਇਕ ਗਵਾਹ ਨੂੰ ਇਕ ਬੰਦੇ ਨੂੰ ਇਹ ਦੱਸਣ ਦਾ ਮੌਕਾ ਮਿਲਿਆ ਕਿ ਧਰਮੀ ਲੋਕ ਫਿਰਦੌਸ ਵਰਗੀ ਧਰਤੀ ਉੱਤੇ ਰਹਿ ਸਕਣਗੇ। (ਜ਼ਬੂਰ 37:11) ਸਾਂਤੀਆਗੋ ਇਕ ਪਾਇਨੀਅਰ ਹੈ ਅਤੇ ਉਸ ਨੇ ਬਾਈਬਲ ਵਿੱਚੋਂ ਦਿਖਾਇਆ ਕਿ ਮੁਰਦੇ ਦੁਬਾਰਾ ਜੀ ਉਠਾਏ ਜਾਣਗੇ ਅਤੇ ਉਸ ਵਕਤ ਮਨੁੱਖਜਾਤੀ ਨੂੰ ਯਹੋਵਾਹ ਦੇ ਸੰਪੂਰਣ ਰਾਹਾਂ ਬਾਰੇ ਸਿਖਾਇਆ ਜਾਵੇਗਾ ਤਾਂਕਿ ਉਹ ਹਮੇਸ਼ਾ ਲਈ ਜੀ ਸਕਣ। (ਯਸਾਯਾਹ 11:9) ਇਸ ਸਮੇਂ ਤਕ ਉਹ ਬੰਦਾ ਇਕ ਕੱਟੜ ਕੈਥੋਲਿਕ ਸੀ, ਉਹ ਜਾਦੂ-ਟੂਣੇ ਕਰਦਾ ਹੁੰਦਾ ਸੀ ਅਤੇ ਪੀਂਦਾ ਵੀ ਬਹੁਤ ਸੀ। ਹੁਣ ਉਸ ਨੂੰ ਬਾਈਬਲ ਤੋਂ ਫਿਰਦੌਸ ਵਿਚ ਰਹਿਣ ਦੀ ਉਮੀਦ ਮਿਲੀ ਹੈ। ਉਸ ਨੇ ਜਾਦੂ-ਟੂਣੇ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਲੂਹ ਸੁੱਟਿਆ ਹੈ ਅਤੇ ਦੱਬ ਕੇ ਸ਼ਰਾਬ ਪੀਣੀ ਛੱਡ ਦਿੱਤੀ ਹੈ। ਉਸ ਨੇ ਆਪਣੇ ਪਰਿਵਾਰ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕਰ ਲਈ ਹੈ। ਅਖ਼ੀਰ ਵਿਚ ਉਸ ਪਰਿਵਾਰ ਦੇ ਹਰ ਜੀ ਨੇ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਨੂੰ ਅਰਪਣ ਕੀਤਾ ਅਤੇ ਬਪਤਿਸਮਾ ਲੈ ਲਿਆ ਹੈ।

ਪਰਾਹੁਣਿਆਂ ਦੀ ਦੇਖ-ਭਾਲ

ਪਹਾੜੀ ਲੋਕ ਪਰਾਹੁਣਿਆਂ ਦੀ ਬੜੀ ਦੇਖ-ਭਾਲ ਕਰਦੇ ਹਨ। ਭਾਵੇਂ ਕਿ ਉਨ੍ਹਾਂ ਦੇ ਘਰ ਛੋਟੇ ਹਨ ਅਤੇ ਉਨ੍ਹਾਂ ਕੋਲ ਬਹੁਤਾ ਕੁਝ ਨਹੀਂ ਹੈ, ਉਹ ਪਰਾਹੁਣਿਆਂ ਦੀ ਬਹੁਤ ਸੇਵਾ ਕਰਦੇ ਹਨ। ਬਾਈਬਲ ਦੇ ਉੱਚੇ ਅਸੂਲਾਂ ਬਾਰੇ ਸਿੱਖਣ ਤੋਂ ਪਹਿਲਾਂ ਉਹ ਸ਼ਾਇਦ ਗੱਲਾਂ-ਬਾਤਾਂ ਕਰਦੇ ਸਮੇਂ ਆਪਣੇ ਮਹਿਮਾਨਾਂ ਨੂੰ ਕੋਕਾ ਦੇ ਪੱਤੇ ਚਿੱਥਣ ਲਈ ਦੇਣ। ਪਰ ਯਹੋਵਾਹ ਦੇ ਗਵਾਹ ਬਣ ਕੇ ਉਹ ਸ਼ਾਇਦ ਸ਼ੱਕਰ ਦੇ ਚਮਚੇ ਦੀ ਪੇਸ਼ਕਸ਼ ਕਰਨ ਜੋ ਇਨ੍ਹਾਂ ਦੂਰ ਦੇ ਇਲਾਕਿਆਂ ਵਿਚ ਬਹੁਤ ਮਹਿੰਗੀ ਹੁੰਦੀ ਹੈ।

ਇਕ ਭਰਾ ਨੇ ਇਕ ਮਿਸ਼ਨਰੀ ਨੂੰ ਕਿਸੇ ਨੂੰ ਮਿਲਣ ਵਾਸਤੇ ਨਾਲ ਜਾਣ ਲਈ ਕਿਹਾ। ਪਹਾੜਾਂ ਵਿਚ ਦੀ ਚੜ੍ਹਨ ਤੋਂ ਬਾਅਦ ਉਹ ਉਸ ਬੰਦੇ ਦੇ ਘਰ ਪਹੁੰਚੇ। ਉਸ ਨੂੰ ਆਪਣੇ ਆਉਣ ਦੀ ਖ਼ਬਰ ਦੇਣ ਲਈ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਤਾੜੀ ਵਜਾਈ। ਉਨ੍ਹਾਂ ਨੂੰ ਛੱਪਰ ਵਿਚ ਅੰਦਰ ਬੁਲਾਇਆ ਗਿਆ ਅਤੇ ਅੰਦਰ ਵੜਨ ਲਈ ਉਨ੍ਹਾਂ ਨੂੰ ਨੀਵੀਂ ਪਾਉਣੀ ਪਈ। ਘਰ ਦੀ ਮਾਲਕਣ ਨੇ ਕਮਰੇ ਦੇ ਗੱਭੇ ਮਿੱਟੀ ਵਿਚ ਇਕ ਟੋਆ ਪੁੱਟਿਆ ਹੋਇਆ ਸੀ ਜਿਸ ਵਿਚ ਉਸ ਨੇ ਇਕ ਕੰਬਲ ਵਿਛਾਇਆ ਹੋਇਆ ਸੀ। ਉਸ ਨੇ ਇਸ ਵਿਚ ਆਪਣੇ ਛੋਟੇ ਬੱਚੇ ਨੂੰ ਰੱਖਿਆ ਹੋਇਆ ਸੀ। ਬੱਚਾ ਉਸ ਵਿੱਚੋਂ ਨਿਕਲ ਨਹੀਂ ਸਕਦਾ ਸੀ ਅਤੇ ਉੱਥੇ ਪਿਆ ਹੱਸੀ ਜਾ ਰਿਹਾ ਸੀ ਜਦ ਬਾਕੀ ਦੇ ਸਾਰੇ ਗੱਲਾਂ-ਬਾਤਾਂ ਕਰ ਰਹੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਚੰਗੀ ਤਰ੍ਹਾਂ ਚਰਚਾ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਡੇ-ਵੱਡੇ ਗਲਾਸਾਂ ਵਿਚ ਕੁਝ ਠੰਢਾ ਪਿਲਾਇਆ ਗਿਆ। ਫਿਰ ਭਰਾ ਪਹਾੜੋ ਥੱਲੇ ਉਤਰੇ ਅਤੇ ਹੋਰ ਲੋਕਾਂ ਨੂੰ ਮਿਲਣ ਗਏ।

ਬਹੁਤ ਸਾਰੀਆਂ ਬਰਕਤਾਂ

ਹੁਣ ਇਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਕੁਝ ਇਕ ਸੌ ਸਮੂਹ ਹਨ ਅਤੇ ਉਨ੍ਹਾਂ ਨਾਲ ਕੁਝ ਇਕ ਹਜ਼ਾਰ ਲੋਕ ਬਾਈਬਲ ਸਟੱਡੀ ਕਰ ਰਹੇ ਹਨ। ਲੀਮਾ ਸ਼ਹਿਰ ਵਿਚ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਦੇ ਗ੍ਰੈਜੂਏਟਾਂ ਨੂੰ ਇਨ੍ਹਾਂ ਸਮੂਹਾਂ ਨੂੰ ਕਲੀਸਿਯਾਵਾਂ ਬਣਾਉਣ ਲਈ ਘੱਲਿਆ ਜਾ ਰਿਹਾ ਹੈ। ਨੇਕਦਿਲ ਲੋਕ ਜੋ ਬਹੁਤ ਚਿਰ ਲਈ ਝੂਠੇ ਧਰਮਾਂ ਅਤੇ ਵਹਿਮਾਂ ਦੇ ਗ਼ੁਲਾਮ ਸਨ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਰਾਹੀਂ ਆਜ਼ਾਦੀ ਪਾ ਰਹੇ ਹਨ! (ਯੂਹੰਨਾ 8:32) ਸੱਚਾਈ ਦੇ ਪਾਣੀਆਂ ਲਈ ਉਨ੍ਹਾਂ ਦੀ ਪਿਆਸ ਬੁਝਾਈ ਜਾ ਰਹੀ ਹੈ।

[ਸਫ਼ੇ 10 ਉੱਤੇ ਤਸਵੀਰ]

ਟੀਟੀਕਾਕਾ ਝੀਲ ਉ ਤੇ “ਤਰਦੇ” ਟਾਪੂਆਂ ਤੇ ਪ੍ਰਚਾਰ ਕਰਨਾ