Skip to content

Skip to table of contents

ਦੁਨੀਆਂ ਨੂੰ ਕੌਣ ਬਦਲ ਸਕਦਾ ਹੈ?

ਦੁਨੀਆਂ ਨੂੰ ਕੌਣ ਬਦਲ ਸਕਦਾ ਹੈ?

ਦੁਨੀਆਂ ਨੂੰ ਕੌਣ ਬਦਲ ਸਕਦਾ ਹੈ?

“ਸਰਕਾਰਾਂ ਸਮਾਜ ਨੂੰ ਦੁਬਾਰਾ ਜੋੜਨਾ ਸ਼ੁਰੂ ਵੀ ਨਹੀਂ ਕਰ ਸਕਦੀਆਂ ਅਤੇ ਨਾ ਹੀ ਪੁਰਾਣੀਆਂ ਕਦਰਾਂ-ਕੀਮਤਾਂ ਲਿਆ ਸਕਦੀਆਂ ਹਨ। ਉਨ੍ਹਾਂ ਦੀਆਂ ਵਧੀਆ ਤੋਂ ਵਧੀਆ ਸਕੀਮਾਂ ਵੀ ਵਿਆਹ-ਸ਼ਾਦੀਆਂ ਨੂੰ ਸੁਧਾਰ ਨਹੀਂ ਸਕਦੀਆਂ, ਨਾ ਹੀ ਪਿਤਾਵਾਂ ਤੋਂ ਆਪਣੇ ਬੱਚਿਆਂ ਦੀ ਚੰਗੀ ਦੇਖ-ਭਾਲ ਕਰਵਾ ਸਕਦੀਆਂ ਹਨ। ਜਿੱਥੇ ਪਹਿਲਾਂ ਲੋਕੀ ਸ਼ਰਮਾਉਂਦੇ ਹੁੰਦੇ ਸਨ, ਸਰਕਾਰਾਂ ਉਨ੍ਹਾਂ ਦੀਆਂ ਜ਼ਮੀਰਾਂ ਨੂੰ ਦੁਬਾਰਾ ਜਗ੍ਹਾ ਨਹੀਂ ਸਕਦੀਆਂ . . . ਕਾਨੂੰਨ ਉਨ੍ਹਾਂ ਨੂੰ ਸਹੀ ਤੋਂ ਗ਼ਲਤ ਵਿਚ ਫ਼ਰਕ ਨਹੀਂ ਸਿਖਾ ਸਕਦਾ ਅਤੇ ਜਦ ਇਸ ਤਰ੍ਹਾਂ ਕਰਨ ਨਾਲ ਮੁਸੀਬਤਾਂ ਖੜ੍ਹੀਆਂ ਹੁੰਦੀਆਂ ਹਨ ਸਮਾਜ ਉਨ੍ਹਾਂ ਨੂੰ ਖ਼ਤਮ ਨਹੀਂ ਕਰ ਸਕਦਾ।”

ਅਮਰੀਕੀ ਸਰਕਾਰ ਦੇ ਇਕ ਸਾਬਕਾ ਅਫ਼ਸਰ ਨੇ ਉਪਰਲੇ ਸ਼ਬਦ ਕਹੇ ਸਨ। ਕੀ ਤੁਸੀਂ ਇਨ੍ਹਾਂ ਨਾਲ ਸਹਿਮਤ ਹੋ? ਅੱਜਕਲ੍ਹ ਦੀਆਂ ਸਮੱਸਿਆਵਾਂ ਜਿਨ੍ਹਾਂ ਨੇ ਸਮਾਜ ਨੂੰ ਘੇਰਿਆ ਹੋਇਆ ਹੈ ਉਹ ਲੋਭ, ਪਰਿਵਾਰਾਂ ਵਿਚ ਪਿਆਰ-ਮੁਹੱਬਤ ਦੀ ਕਮੀ, ਭੈੜੇ ਚਾਲ-ਚਲਣ, ਭੋਲੇਪਣ, ਅਤੇ ਇਸ ਤਰ੍ਹਾਂ ਦੇ ਹੋਰ ਕਾਰਨਾਂ ਕਰਕੇ ਖੜ੍ਹੀਆਂ ਹੋਈਆਂ ਹਨ। ਇਨ੍ਹਾਂ ਮੁਸੀਬਤਾਂ ਦਾ ਹੱਲ ਕੀ ਹੈ? ਕੁਝ ਲੋਕ ਕਹਿੰਦੇ ਹਨ ਕਿ ਇਨ੍ਹਾਂ ਬਾਰੇ ਕੁਝ ਵੀ ਨਹੀਂ ਕੀਤਾ ਜਾ ਸਕਦਾ, ਸੋ ਉਹ ਇਨ੍ਹਾਂ ਬਾਰੇ ਸੋਚਣ ਦੀ ਬਜਾਇ ਆਪਣੇ ਕੰਮਾਂ-ਕਾਰਾਂ ਵਿਚ ਲੱਗੇ ਰਹਿੰਦੇ ਹਨ। ਦੂਸਰਿਆਂ ਲੋਕਾਂ ਦੀ ਉਮੀਦ ਹੈ ਕਿ ਇਕ ਦਿਨ ਉਨ੍ਹਾਂ ਦੀ ਮਨਪਸੰਦ ਦਾ ਕੋਈ ਅਜਿਹਾ ਕਾਬਲ ਅਤੇ ਗੁਣੀ ਨੇਤਾ ਜਾਂ ਸ਼ਾਇਦ ਮਜ਼ਹਬੀ ਆਗੂ ਖੜ੍ਹਾ ਹੋਵੇਗਾ ਜੋ ਉਨ੍ਹਾਂ ਨੂੰ ਸਹੀ ਰਾਹ ਉੱਤੇ ਪਾ ਦੇਵੇਗਾ।

ਦਰਅਸਲ ਅੱਜ ਤੋਂ ਦੋ ਹਜ਼ਾਰ ਸਾਲ ਪਹਿਲਾਂ ਲੋਕਾਂ ਨੇ ਯਿਸੂ ਮਸੀਹ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਜਾਣ ਗਏ ਸਨ ਕਿ ਉਹ ਪਰਮੇਸ਼ੁਰ ਦਾ ਪੈਗੰਬਰ ਸੀ ਅਤੇ ਇਕ ਕਾਬਲ ਹਾਕਮ ਸਾਬਤ ਹੋਵੇਗਾ। ਪਰ ਜਦ ਯਿਸੂ ਨੇ ਜਾਣਿਆ ਕਿ ਲੋਕ ਕੀ ਕਰਨ ਵਾਲੇ ਸਨ ਉਹ ਉੱਥੋਂ ਫ਼ੌਰਨ ਨਿਕਲ ਗਿਆ। (ਯੂਹੰਨਾ 6:14, 15) ਉਸ ਨੇ ਬਾਅਦ ਵਿਚ ਇਕ ਰੋਮੀ ਹਾਕਮ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।” (ਯੂਹੰਨਾ 18:36) ਅੱਜਕਲ੍ਹ ਲੋਕ ਯਿਸੂ ਦੀ ਰੀਸ ਕਰ ਕੇ ਪਿੱਛੇ ਨਹੀਂ ਹਟਦੇ ਭਾਵੇਂ ਉਹ ਉਸ ਦੇ ਚੇਲੇ ਕਹਿਲਾਉਣ ਵਾਲੇ ਧਾਰਮਿਕ ਆਗੂ ਕਿਉਂ ਨਾ ਹੋਣ। ਅਜਿਹੇ ਕਈਆਂ ਆਦਮੀਆਂ ਨੇ ਸਿਆਸੀ ਪਦਵੀ ਹਾਸਲ ਕਰ ਕੇ ਜਾਂ ਸਿਆਸਤਦਾਨਾਂ ਰਾਹੀਂ ਬਿਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਕੇ ਦੁਨੀਆਂ ਨੂੰ ਬਦਲਣਾ ਚਾਹਿਆ ਹੈ। ਅਸੀਂ 1960 ਅਤੇ 1970 ਦੇ ਦਹਾਕਿਆਂ ਵੱਲ ਨਿਗਾਹ ਮਾਰ ਕੇ ਇਹ ਗੱਲ ਜਾਂਚ ਸਕਦੇ ਹਾਂ।

ਮਜ਼ਹਬੀ ਜਤਨਾਂ ਰਾਹੀਂ ਦੁਨੀਆਂ ਵਿਚ ਸੁਧਾਰ

ਉੱਨੀ ਸੌ ਸੱਠ ਦੇ ਦਹਾਕੇ ਦੇ ਆਖ਼ਰੀ ਸਾਲਾਂ ਦੌਰਾਨ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੇ ਕੁਝ ਧਰਮ ਸ਼ਾਸਤਰੀਆਂ ਨੇ ਕੁਚਲੇ ਹੋਏ ਗ਼ਰੀਬਾਂ ਲਈ ਲੜਨਾ ਸ਼ੁਰੂ ਕੀਤਾ। ਇਸ ਸੰਘਰਸ਼ ਨੂੰ ਲਿਬਰੇਸ਼ਨ ਥਿਆਲੋਜੀ ਸੱਦਿਆ ਗਿਆ। ਇਸ ਵਿਚ ਯਿਸੂ ਨੂੰ ਬਾਈਬਲੀ ਤੌਰ ਤੇ ਮੁਕਤੀਦਾਤਾ ਸਮਝੇ ਜਾਣ ਤੋਂ ਇਲਾਵਾ ਸਿਆਸੀ ਅਤੇ ਆਰਥਿਕ ਮੁਕਤੀਦਾਤਾ ਵੀ ਸਮਝਿਆ ਗਿਆ ਸੀ। ਅਮਰੀਕਾ ਵਿਚ ਚਰਚਾਂ ਦੇ ਕਈਆਂ ਪਾਦਰੀਆਂ ਨੇ, ਜਿਨ੍ਹਾਂ ਨੂੰ ਨੈਤਿਕ ਮਿਆਰਾਂ ਦੀ ਕਮੀ ਦੀ ਚਿੰਤਾ ਸੀ, ਇਕ ਸੰਸਥਾ ਸਥਾਪਿਤ ਕੀਤੀ ਜਿਸ ਦਾ ਨਾਂ ਸੀ ਮਾਰਲ ਮਜਾਰਿਟੀ। ਇਸ ਸੰਸਥਾ ਦਾ ਮਕਸਦ ਸੀ ਸਰਕਾਰ ਵਿਚ ਅਜਿਹੇ ਲੋਕਾਂ ਨੂੰ ਦਾਖ਼ਲ ਕਰਾਉਣਾ ਜੋ ਪਰਿਵਾਰਾਂ ਵਾਸਤੇ ਚੰਗੇ ਕਾਨੂੰਨ ਪਾਸ ਕਰਵਾ ਸਕਣ। ਇਸੇ ਤਰ੍ਹਾਂ ਕਈਆਂ ਇਸਲਾਮੀ ਦੇਸ਼ਾਂ ਵਿਚ ਕੁਝ ਸਮੂਹਾਂ ਨੇ ਕੁਰਾਨ ਦੇ ਕਾਨੂੰਨਾਂ ਨੂੰ ਹੋਰ ਲਾਗੂ ਕਰ ਕੇ ਭ੍ਰਿਸ਼ਟਤਾ ਵਰਗੇ ਅਪਰਾਧਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਤੁਹਾਡੇ ਖ਼ਿਆਲ ਵਿਚ ਕੀ ਅੱਜ ਦੁਨੀਆਂ ਅਜਿਹਿਆਂ ਜਤਨਾਂ ਕਰਕੇ ਬਦਲ ਗਈ ਹੈ? ਸਾਰਾ ਕੁਝ ਦੇਖ ਕੇ ਜ਼ਾਹਰ ਹੁੰਦਾ ਹੈ ਕਿ ਆਮ ਤੌਰ ਤੇ ਲੋਕ ਹੋਰ ਤੋਂ ਹੋਰ ਭੈੜੇ ਕੰਮਾਂ ਵਿਚ ਲੱਗੇ ਹੋਏ ਹਨ ਅਤੇ ਗ਼ਰੀਬ ਹੋਰ ਗ਼ਰੀਬ ਹੁੰਦੇ ਜਾਂਦੇ ਹਨ ਅਤੇ ਅਮੀਰ ਹੋਰ ਅਮੀਰ। ਇਹ ਅਸਲੀਅਤ ਉਨ੍ਹਾਂ ਦੇਸ਼ਾਂ ਵਿਚ ਵੀ ਦੇਖੀ ਜਾ ਸਕਦੀ ਹੈ ਜਿੱਥੇ ਲਿਬਰੇਸ਼ਨ ਥਿਆਲੋਜੀ ਮਸ਼ਹੂਰ ਸੀ।

ਅਮਰੀਕਾ ਵਿਚ ਮਾਰਲ ਮਜਾਰਿਟੀ ਆਪਣਾ ਮਕਸਦ ਪੂਰਾ ਨਾ ਕਰ ਸਕੀ ਜਿਸ ਕਰਕੇ ਉਸ ਦੇ ਮੋਢੀ, ਜੈਰੀ ਫਾਲਵੈਲ ਨੇ ਉਸ ਨੂੰ 1989 ਵਿਚ ਸਮਾਪਤ ਕਰ ਦਿੱਤਾ। ਉਸ ਦੀ ਜਗ੍ਹਾ ਹੋਰ ਸੰਸਥਾਵਾਂ ਖੜ੍ਹੀਆਂ ਹੋ ਗਈਆਂ ਹਨ। ਪਰ ਮਾਰਲ ਮਜਾਰਿਟੀ ਨਾਂ ਬਣਾਉਣ ਵਾਲੇ ਬੰਦੇ ਪੌਲ ਵੇਰਿਖ ਨੇ ਕ੍ਰਿਸਚਿਏਨੀਟੀ ਟੂਡੇ ਨਾਮਕ ਰਸਾਲੇ ਵਿਚ ਲਿਖਿਆ: “ਜਦੋਂ ਅਸੀਂ ਸਿਆਸਤ ਵਿਚ ਜਿੱਤ ਵੀ ਜਾਂਦੇ ਹਾਂ, ਅਸੀਂ ਅਜਿਹੀਆਂ ਪਾਲਸੀਆਂ ਪਾਸ ਨਹੀਂ ਕਰਵਾ ਸਕੇ ਹਾਂ ਜੋ ਸਾਡੇ ਖ਼ਿਆਲ ਵਿਚ ਬੜੀਆਂ ਜ਼ਰੂਰੀ ਹਨ।” ਉਸ ਨੇ ਇਹ ਵੀ ਲਿਖਿਆ ਕਿ “ਸਾਡਾ ਸਭਿਆਚਾਰ ਇਕ ਗੰਦੇ ਨਾਲ਼ੇ ਵਰਗਾ ਹੈ ਜੋ ਵੱਡਾ ਹੁੰਦਾ ਜਾ ਰਿਹਾ ਹੈ। ਅਸੀਂ ਸਭਿਆਚਾਰ ਦੀ ਅਜਿਹੀ ਹਾਰ ਦਾ ਸਾਮ੍ਹਣਾ ਕਰ ਰਹੇ ਹਾਂ ਜੋ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਦੇਖੀ ਗਈ, ਅਜਿਹੀ ਵੱਡੀ ਹਾਰ ਕਿ ਇਸ ਨੇ ਸਿਆਸਤ ਨੂੰ ਉਲਟਾ ਕੇ ਰੱਖ ਦੇਣਾ ਹੈ।”

ਇਕ ਲੇਖਕ, ਕੈਲ ਟੌਮਸ ਨੇ ਇਸ ਤਰ੍ਹਾਂ ਲਿਖ ਕੇ ਸਮਝਾਇਆ ਕਿ ਸਿਆਸਤ ਦੇ ਜਤਨਾਂ ਦਾ ਸਮਾਜ ਉੱਤੇ ਕੋਈ ਚੰਗਾ ਅਸਰ ਕਿਉਂ ਨਹੀਂ ਪਿਆ: “ਅਸਲੀ ਫ਼ਰਕ ਇਕ ਬੰਦੇ ਤੋਂ ਬਾਅਦ ਦੂਜੇ ਤੇ ਹੁੰਦਾ ਹੈ, ਨਾ ਕਿ ਇਕ ਇਲੈਕਸ਼ਨ ਤੋਂ ਬਾਅਦ ਦੂਜੀ ਇਲੈਕਸ਼ਨ, ਕਿਉਂਕਿ ਸਾਡੇ ਬੁਨਿਆਦੀ ਮਸਲੇ ਆਰਥਿਕ ਅਤੇ ਸਿਆਸੀ ਨਹੀਂ ਹਨ ਪਰ ਨੈਤਿਕ ਅਤੇ ਧਾਰਮਿਕ ਹਨ।”

ਪਰ ਤੁਸੀਂ ਨੈਤਿਕ ਅਤੇ ਧਾਰਮਿਕ ਮਸਲਿਆਂ ਨੂੰ ਅਜਿਹੇ ਸੰਸਾਰ ਵਿਚ ਕਿਸ ਤਰ੍ਹਾਂ ਸੁਧਾਰ ਸਕਦੇ ਹੋ ਜਿੱਥੇ ਲੋਕ ਆਪ ਫ਼ੈਸਲਾ ਕਰਨਾ ਚਾਹੁੰਦੇ ਹਨ ਕਿ ਕੀ ਠੀਕ ਹੈ ਤੇ ਕੀ ਗ਼ਲਤ ਹੈ, ਜਿੱਥੇ ਕੋਈ ਅਸਲੀ ਮਿਆਰ ਹੈ ਹੀ ਨਹੀਂ? ਜੇਕਰ ਵੱਡੇ-ਵੱਡੇ ਲੋਕ, ਭਾਵੇਂ ਉਹ ਧਾਰਮਿਕ ਬੰਦੇ ਹੋਣ ਜਾਂ ਨਾ, ਦੁਨੀਆਂ ਨੂੰ ਬਦਲ ਨਹੀਂ ਸਕੇ ਹਨ, ਤਾਂ ਕੌਣ ਬਦਲ ਸਕਦਾ ਹੈ? ਅਸੀਂ ਅਗਲੇ ਲੇਖ ਵਿਚ ਦੇਖਾਂਗੇ ਕਿ ਅਜਿਹਾ ਕੋਈ ਹੈ। ਦਰਅਸਲ ਇਸੇ ਕਰਕੇ ਯਿਸੂ ਮਸੀਹ ਨੇ ਕਿਹਾ ਸੀ ਕਿ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ ਹੈ।

[ਸਫ਼ੇ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

COVER: Dirty water: WHO/​UNICEF photo; globe: Mountain High Maps® Copyright © 1997 Digital Wisdom, Inc.

[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Children: UN photo; globe: Mountain High Maps® Copyright © 1997 Digital Wisdom, Inc.