Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਨੇਮ ਦੇ ਸੰਦੂਕ ਨੂੰ ਚੁੱਕਣ ਵਾਲੀਆਂ ਚੋਬਾਂ, ਜਾਂ ਲੱਕੜੀਆਂ ਕਿਸ ਤਰ੍ਹਾਂ ਟਿਕਾਈਆਂ ਗਈਆਂ ਸਨ ਕਿਉਂਕਿ 1 ਰਾਜਿਆਂ 8:8 ਤੋਂ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਹੈਕਲ ਦੀ ਪਵਿੱਤਰ ਸਥਾਨ ਤੋਂ ਦੇਖਿਆ ਜਾ ਸਕਦਾ ਸੀ?

ਜਦੋਂ ਯਹੋਵਾਹ ਨੇ ਮੂਸਾ ਨੂੰ ਉਜਾੜ ਵਿਚ ਡੇਹਰਾ ਬਣਾਉਣ ਲਈ ਨਕਸ਼ਾ ਦਿੱਤਾ ਸੀ ਤਾਂ ਨੇਮ ਦਾ ਸੰਦੂਕ ਉਸ ਦਾ ਇਕ ਖ਼ਾਸ ਹਿੱਸਾ ਸੀ। ਸੋਨੇ ਨਾਲ ਮੜ੍ਹੀ ਹੋਈ ਇਸ ਪੇਟੀ ਵਿਚ ਬਿਵਸਥਾ ਦੀਆਂ ਫੱਟੀਆਂ ਅਤੇ ਕੁਝ ਹੋਰ ਚੀਜ਼ਾਂ ਰੱਖੀਆਂ ਗਈਆਂ ਸਨ। ਇਸ ਸੰਦੂਕ ਨੂੰ ਅੰਦਰਲੇ ਕਮਰੇ, ਯਾਨੀ ਅੱਤ ਪਵਿੱਤਰ ਸਥਾਨ, ਵਿਚ ਰੱਖਿਆ ਗਿਆ ਸੀ। ਸੰਦੂਕ ਦੇ ਢੱਕਣ ਉੱਪਰ ਕਰੂਬੀਆਂ ਦੇ ਰੂਪ ਵਿਚ ਸੋਨੇ ਦੇ ਦੋ ਬੁੱਤ ਸਨ ਜਿਨ੍ਹਾਂ ਦੇ ਖੰਭ ਪਸਾਰੇ ਹੋਏ ਸਨ। ਸੰਦੂਕ ਦੇ ਦੋਵੇਂ ਲੰਬੇ ਪਾਸਿਆਂ ਤੇ ਕੜੇ ਸਨ ਜਿਨ੍ਹਾਂ ਵਿਚ ਦੀ ਚੋਬਾਂ ਨੂੰ ਲੰਘਾ ਕੇ ਸੰਦੂਕ ਚੁੱਕਿਆ ਜਾ ਸਕਦਾ ਸੀ। ਚੋਬਾਂ ਕਿੱਕਰ ਦੀ ਲੱਕੜੀ ਨਾਲ ਬਣੀਆਂ ਸਨ ਅਤੇ ਇਨ੍ਹਾਂ ਤੇ ਸੋਨਾ ਮੜ੍ਹਿਆ ਹੋਇਆ ਸੀ। ਸੰਦੂਕ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿਚ ਸੀ, ਜਿਸ ਦਾ ਮੂੰਹ ਪੂਰਬ ਵੱਲ ਨੂੰ ਸੀ ਅਤੇ ਚੋਬਾਂ ਉੱਤਰ ਤੋਂ ਦੱਖਣ ਵੱਲ ਨੂੰ ਸਨ। ਜਦੋਂ ਸੁਲੇਮਾਨ ਨੇ ਬਾਅਦ ਵਿਚ ਹੈਕਲ ਬਣਾਈ ਤਾਂ ਸੰਦੂਕ ਨੂੰ ਇਸੇ ਤਰ੍ਹਾਂ ਟਿਕਾਇਆ ਗਿਆ ਸੀ।​—ਕੂਚ 25:10-22; 37:4-9; 40:17-21. *

ਅੱਤ ਪਵਿੱਤਰ ਸਥਾਨ ਅਤੇ ਪਵਿੱਤਰ ਸਥਾਨ (ਬਾਹਰਲਾ ਕਮਰਾ) ਵਿਚਕਾਰ ਇਕ ਪਰਦਾ ਸੀ। ਪਵਿੱਤਰ ਸਥਾਨ ਵਿਚ ਕੰਮ ਕਰ ਰਹੇ ਜਾਜਕ ਅੱਤ ਪਵਿੱਤਰ ਸਥਾਨ ਵਿਚ ਨਜ਼ਰ ਮਾਰ ਕੇ ਸੰਦੂਕ ਨੂੰ ਨਹੀਂ ਦੇਖ ਸਕਦੇ ਸਨ, ਜਿਸ ਦੇ ਉੱਪਰ ਪਰਮੇਸ਼ੁਰ ਆਪਣੀ ਮੌਜੂਦਗੀ ਦੀ ਨਿਸ਼ਾਨੀ ਦਿੰਦਾ ਸੀ। (ਇਬਰਾਨੀਆਂ 9:1-7) ਇਸ ਕਰਕੇ 1 ਰਾਜਿਆਂ 8:8 ਦੀ ਗੱਲ ਸ਼ਾਇਦ ਅਜੀਬ ਲੱਗਦੀ ਹੈ, ਜਿੱਥੇ ਲਿਖਿਆ ਹੈ: “ਉਨ੍ਹਾਂ ਨੇ ਚੋਬਾਂ ਨੂੰ ਐਨਾ ਲੰਮਾ ਕੀਤਾ ਕਿ ਚੋਬਾਂ ਦੇ ਸਿਰੇ ਵਿਚਲੀ ਕੋਠੜੀ ਅੱਗੇ ਪਵਿੱਤਰ ਅਸਥਾਨ ਤੋਂ ਦਿੱਸਦੇ ਸਨ ਪਰ ਬਾਹਰੋਂ ਨਹੀਂ ਦਿੱਸਦੇ।” ਇਹ ਗੱਲ 2 ਇਤਹਾਸ 5:9 ਵਿਚ ਵੀ ਦੱਸੀ ਗਈ ਹੈ। ਤਾਂ ਫਿਰ ਸਵਾਲ ਉੱਠਦਾ ਹੈ ਕਿ ਚੋਬਾਂ ਨੂੰ ਹੈਕਲ ਦੇ ਪਵਿੱਤਰ ਸਥਾਨ ਤੋਂ ਕਿੱਦਾਂ ਦੇਖਿਆ ਜਾ ਸਕਦਾ ਸੀ?

ਕਈਆਂ ਨੇ ਸੋਚਿਆ ਹੈ ਕਿ ਸ਼ਾਇਦ ਚੋਬਾਂ ਦੇ ਸਿਰੇ ਪਰਦੇ ਨੂੰ ਛੂੰਹਦੇ ਸਨ, ਅਤੇ ਪਰਦਾ ਬਾਹਰੋਂ ਉਭਰਿਆ ਹੋਇਆ ਦਿਖਾਈ ਦਿੰਦਾ ਸੀ। ਪਰ ਜੇ ਚੋਬਾਂ ਉੱਤਰ ਤੋਂ ਦੱਖਣ ਵੱਲ ਨੂੰ ਸਨ ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਸੀ ਕਿਉਂਕਿ ਚੋਬਾਂ ਦੇ ਸਿਰੇ ਪਰਦੇ ਵੱਲ ਨਹੀਂ ਪਰ ਦੂਸਰੇ ਪਾਸੇ ਨੂੰ ਹੋਣੀਆਂ ਸਨ। (ਗਿਣਤੀ 3:38) ਲੇਕਿਨ ਇਕ ਹੋਰ ਵਿਚਾਰ ਹੈ ਜੋ ਸ਼ਾਇਦ ਸਹੀ ਹੋਵੇ। ਜੇ ਪਰਦੇ ਅਤੇ ਹੈਕਲ ਦੀ ਕੰਧ ਵਿਚਕਾਰ ਛੋਟੀ ਜਿਹੀ ਜਗ੍ਹਾ ਸੀ ਤਾਂ ਸ਼ਾਇਦ ਚੋਬਾਂ ਇਸ ਵਿਚ ਦੀ ਦੇਖੀਆਂ ਜਾ ਸਕਦੀਆਂ ਸਨ, ਜਾਂ ਉਹ ਸ਼ਾਇਦ ਉਦੋਂ ਦੇਖੀਆਂ ਜਾ ਸਕਦੀਆਂ ਸਨ ਜਦੋਂ ਪ੍ਰਧਾਨ ਜਾਜਕ ਅੱਤ ਪਵਿੱਤਰ ਸਥਾਨ ਵਿਚ ਜਾਂਦਾ ਹੁੰਦਾ ਸੀ। ਪਰਦੇ ਦੇ ਕਾਰਨ ਸੰਦੂਕ ਤਾਂ ਨਹੀਂ ਦੇਖਿਆ ਜਾ ਸਕਦਾ ਸੀ, ਪਰ ਚੋਬਾਂ ਦੇ ਸਿਰੇ ਸ਼ਾਇਦ ਇਸ ਛੋਟੀ ਜਗ੍ਹਾ ਦੇ ਵਿਚ ਦੀ ਦਿਖਾਈ ਦੇ ਸਕਦੀਆਂ ਸਨ। ਭਾਵੇਂ ਕਿ ਇਹ ਵਿਚਾਰ ਸਹੀ ਲੱਗਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ਼ ਇਹੀ ਵਿਚਾਰ ਠੀਕ ਹੈ।

ਇਹ ਗੱਲ ਸਪੱਸ਼ਟ ਹੈ ਕਿ ਅਸੀਂ ਕਈ ਵੇਰਵਿਆਂ ਬਾਰੇ ਸ਼ਾਇਦ ਹਾਲੇ ਹੋਰ ਸਿੱਖਾਂਗੇ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਆਪਣੀ ਪੱਤਰੀ ਵਿਚ ਇਸ ਦੇ ਕੁਝ ਵੇਰਵਿਆਂ ਬਾਰੇ ਦੱਸਿਆ ਸੀ। ਫਿਰ ਉਸ ਨੇ ਕਿਹਾ ਕਿ “[ਇਨ੍ਹਾਂ] ਵਸਤਾਂ ਦੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਹੁਣ ਵੇਲਾ ਨਹੀਂ।” (ਇਬਰਾਨੀਆਂ 9:5) ਲੇਕਿਨ ਜਦੋਂ ਭਵਿੱਖ ਵਿਚ ਮੂਸਾ, ਹਾਰੂਨ, ਬਸਲਏਲ, ਅਤੇ ਹੋਰ ਵਫ਼ਾਦਾਰ ਇਨਸਾਨਾਂ ਨੂੰ ਜੀ ਉਠਾਇਆ ਜਾਵੇਗਾ ਤਾਂ ਅਸੀਂ ਉਨ੍ਹਾਂ ਤੋਂ ਸ਼ਾਇਦ ਸਿੱਖ ਸਕਾਂਗੇ ਕਿ ਡੇਹਰਾ ਕਿਹੋ ਜਿਹਾ ਸੀ ਅਤੇ ਉਸ ਵਿਚ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਸਨ ਕਿਉਂਕਿ ਉਹ ਇਸ ਬਾਰੇ ਜਾਣਦੇ ਸਨ।​—ਕੂਚ 36:1.

[ਫੁਟਨੋਟ]

^ ਪੈਰਾ 3 ਚੋਬਾਂ ਨੂੰ ਕੜਿਆਂ ਵਿੱਚੋਂ ਨਹੀਂ ਕੱਢਿਆ ਜਾਣਾ ਚਾਹੀਦਾ ਸੀ, ਉਦੋਂ ਵੀ ਨਹੀਂ ਜਦੋਂ ਸੰਦੂਕ ਨੂੰ ਡੇਹਰੇ ਵਿਚ ਟਿਕਾਇਆ ਗਿਆ ਸੀ। ਇਸ ਲਈ ਚੋਬਾਂ ਹੋਰ ਕਿਸੇ ਕੰਮ ਲਈ ਨਹੀਂ ਵਰਤੀਆਂ ਜਾ ਸਕਦੀਆਂ ਸਨ। ਇਸ ਤਰ੍ਹਾਂ ਸੰਦੂਕ ਨੂੰ ਛੇੜਨ ਦੀ ਲੋੜ ਨਹੀਂ ਪੈਂਦੀ ਸੀ; ਜੇ ਚੋਬਾਂ ਕੜਿਆਂ ਵਿੱਚੋਂ ਕੱਢੀਆਂ ਜਾਂਦੀਆਂ ਤਾਂ ਜਦੋਂ ਵੀ ਸੰਦੂਕ ਨੂੰ ਚੁੱਕਣ ਦੀ ਲੋੜ ਸੀ ਤਾਂ ਚੋਬਾਂ ਨੂੰ ਕੜਿਆਂ ਵਿਚ ਦੁਬਾਰਾ ਪਾਉਣ ਲਈ ਸੰਦੂਕ ਨੂੰ ਹੱਥ ਲਾਉਣਾ ਪੈਣਾ ਸੀ। ਤਾਂ ਫਿਰ ਜਦੋਂ ਗਿਣਤੀ 4:6 ਵਿਚ “ਚੋਬਾਂ ਪਾਉਣ” ਬਾਰੇ ਗੱਲ ਕੀਤੀ ਹੈ ਤਾਂ ਇੱਥੇ ਸ਼ਾਇਦ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੂਤ ਕਰਨ ਦੀ ਗੱਲ ਹੋ ਰਹੀ ਸੀ ਤਾਂਕਿ ਭਾਰੇ ਸੰਦੂਕ ਨੂੰ ਹੋਰ ਜਗ੍ਹਾ ਲਿਜਾਇਆ ਜਾ ਸਕੇ।