Skip to content

Skip to table of contents

ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰੋ

ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰੋ

ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰੋ

ਹੇ ਪਰਮੇਸ਼ੁਰ, ਮੇਰੇ ਲਈ ਇੱਕ ਸ਼ੁੱਧ ਦਿਲ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।’​—ਜ਼ਬੂਰ 51:10.

1, 2. ਸਾਨੂੰ ਆਪਣੇ ਦਿਲ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਯੱਸੀ ਦਾ ਜੇਠਾ ਪੁੱਤਰ ਦੇਖਣ ਨੂੰ ਲੰਬਾ-ਚੌੜਾ ਅਤੇ ਸੋਹਣਾ-ਸੁਣੱਖਾ ਸੀ। ਉਸ ਨੂੰ ਦੇਖ ਕੇ ਸਮੂਏਲ ਨਬੀ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਸੋਚਿਆ ਕੇ ਸ਼ਾਊਲ ਤੋਂ ਬਾਅਦ ਰਾਜਾ ਬਣਨ ਲਈ ਪਰਮੇਸ਼ੁਰ ਨੇ ਉਸ ਨੂੰ ਹੀ ਚੁਣਿਆ ਹੋਵੇਗਾ। ਪਰ ਯਹੋਵਾਹ ਨੇ ਕਿਹਾ: “[ਉਸ ਪੁੱਤਰ] ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ . . . ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” ਯਹੋਵਾਹ ਨੇ ਯੱਸੀ ਦੇ ਛੋਟੇ ਪੁੱਤਰ, ਦਾਊਦ, ਨੂੰ ਪਸੰਦ ਕੀਤਾ ਸੀ ਕਿਉਂਕਿ ਉਹ ਉਸ ਦੇ “ਮਨ ਦੇ ਅਨੁਸਾਰੀ ਮਨੁੱਖ” ਸੀ।​—1 ਸਮੂਏਲ 13:14; 16:7.

2 ਪਰਮੇਸ਼ੁਰ ਇਨਸਾਨਾਂ ਦੇ ਦਿਲਾਂ ਨੂੰ ਜਾਂਚ ਸਕਦਾ ਹੈ ਜਿਵੇਂ ਉਸ ਨੇ ਬਾਅਦ ਵਿਚ ਕਿਹਾ ਸੀ: “ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।” (ਯਿਰਮਿਯਾਹ 17:10) ਜੀ ਹਾਂ, ਯਹੋਵਾਹ “ਦਿਲਾਂ ਨੂੰ ਜਾਚਦਾ ਹੈ।” (ਕਹਾਉਤਾਂ 24:12) ਪਰ ਇਨਸਾਨ ਦੇ ਅੰਦਰ ਇਹ ਕਿਹੜਾ ਦਿਲ ਹੈ ਜਿਸ ਦੀ ਯਹੋਵਾਹ ਜਾਂਚ ਕਰਦਾ ਹੈ? ਅਤੇ ਅਸੀਂ ਅਜਿਹਾ ਦਿਲ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜੋ ਪਰਮੇਸ਼ੁਰ ਨੂੰ ਮਨਭਾਉਂਦਾ ਹੈ?

‘ਦਿਲ ਦੀ ਗੁਪਤ ਇਨਸਾਨੀਅਤ’

3, 4. ਬਾਈਬਲ ਵਿਚ ਸ਼ਬਦ “ਦਿਲ” ਆਮ ਤੌਰ ਤੇ ਕਿਸ ਤਰੀਕੇ ਵਿਚ ਵਰਤਿਆ ਜਾਂਦਾ ਹੈ? ਮਿਸਾਲ ਦਿਓ।

3 ਪਵਿੱਤਰ ਬਾਈਬਲ ਦੀ ਮੁਢਲੀ ਭਾਸ਼ਾ ਵਿਚ ਸ਼ਬਦ “ਦਿਲ” ਲਗਭਗ ਹਜ਼ਾਰ ਵਾਰ ਵਰਤਿਆ ਗਿਆ ਹੈ। ਪਰ ਆਮ ਤੌਰ ਤੇ ਇਸ ਦਾ ਸੰਬੰਧ ਸਾਡੇ ਅਸਲੀ ਦਿਲ ਨਾਲ ਨਹੀਂ ਜੋੜਿਆ ਜਾਂਦਾ ਜੋ ਸਾਡੇ ਸਰੀਰ ਵਿਚ ਧੜਕਦਾ ਹੈ। ਮਿਸਾਲ ਲਈ, ਯਹੋਵਾਹ ਨੇ ਮੂਸਾ ਨਬੀ ਨੂੰ ਦੱਸਿਆ ਕਿ ‘ਇਸਰਾਏਲੀਆਂ ਨੂੰ ਫ਼ਰਮਾ ਭਈ ਓਹ ਮੇਰੇ ਲਈ ਚੜ੍ਹਾਵਾ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਦਿਲ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ’ ਅਤੇ ‘ਜਿਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪਰੇਰਿਆ’ ਉਹ ਚੜ੍ਹਾਵੇ ਲੈ ਆਏ। (ਕੂਚ 25:2; 35:21) ਇਸ ਤਰ੍ਹਾਂ ਦੇ ਦਿਲ ਦੀ ਇਕ ਖੂਬੀ ਹੈ ਕਿ ਉਹ ਸਾਨੂੰ ਪ੍ਰੇਰਿਤ ਕਰਦਾ ਹੈ, ਯਾਨੀ ਉਹ ਇਕ ਅੰਦਰਲੀ ਸ਼ਕਤੀ ਹੈ। ਸਾਡਾ ਇਹ ਦਿਲ ਸਾਡੇ ਜਜ਼ਬਾਤ ਤੇ ਅਹਿਸਾਸ, ਅਤੇ ਸਾਡੀਆਂ ਇੱਛਾਵਾਂ ਤੇ ਭਾਵਨਾਵਾਂ ਵੀ ਪ੍ਰਗਟ ਕਰਦਾ ਹੈ। ਸਾਡਾ ਦਿਲ ਗੁੱਸੇ ਵਿਚ ਭੜਕ ਸਕਦਾ ਹੈ ਜਾਂ ਡਰ ਨਾਲ ਕੰਬ ਸਕਦਾ ਹੈ, ਦੁੱਖ ਕਾਰਨ ਪੀੜਿਤ ਹੋ ਸਕਦਾ ਹੈ ਜਾਂ ਖ਼ੁਸ਼ੀ ਵਿਚ ਝੂਮ ਉੱਠ ਸਕਦਾ ਹੈ। (ਜ਼ਬੂਰ 27:3; 39:3; ਯੂਹੰਨਾ 16:22; ਰੋਮੀਆਂ 9:2) ਇਹ ਹੰਕਾਰੀ ਜਾਂ ਨਿਮਰ, ਪਿਆਰ ਭਰਿਆ ਜਾਂ ਨਫ਼ਰਤ ਭਰਿਆ ਵੀ ਹੋ ਸਕਦਾ ਹੈ।​—ਕਹਾਉਤਾਂ 16:5; ਮੱਤੀ 11:29; 1 ਪਤਰਸ 1:22.

4 ਇਸ ਲਈ “ਦਿਲ” ਦਾ ਸੰਬੰਧ ਅਕਸਰ ਪ੍ਰੇਰਣਾ ਅਤੇ ਜਜ਼ਬਾਤਾਂ ਨਾਲ ਜੋੜਿਆ ਜਾਂਦਾ ਹੈ ਜਦ ਕਿ “ਮਨ” ਦਾ ਸੰਬੰਧ ਬੁੱਧ ਨਾਲ ਜੋੜਿਆ ਜਾਂਦਾ ਹੈ। ਜਦੋਂ ਬਾਈਬਲ ਵਿਚ ਇਹ ਦੋਵੇਂ ਸ਼ਬਦ ਇਕੱਠੇ ਵਰਤੇ ਜਾਂਦੇ ਹਨ ਤਾਂ ਦਿਲ ਦਾ ਮਤਲਬ ਪ੍ਰੇਰਣਾ ਅਤੇ ਮਨ ਦਾ ਮਤਲਬ ਬੁੱਧ ਹੁੰਦਾ ਹੈ। (ਮੱਤੀ 22:37; ਫ਼ਿਲਿੱਪੀਆਂ 4:7) ਪਰ ਦਿਲ ਅਤੇ ਮਨ ਦਾ ਇੱਕੋ ਮਤਲਬ ਵੀ ਹੋ ਸਕਦਾ ਹੈ ਅਤੇ ਇਹ ਦੋਵੇਂ ਸ਼ਬਦ ਅਦਲ-ਬਦਲ ਕੇ ਵੀ ਵਰਤੇ ਜਾ ਸਕਦੇ ਹਨ। ਮਿਸਾਲ ਲਈ, ਮੂਸਾ ਨੇ ਇਸਰਾਏਲੀਆਂ ਨੂੰ ਕਿਹਾ ਸੀ ਕਿ ਇਹ ਗੱਲ ‘ਆਪਣੇ ਹਿਰਦਿਆਂ ਵਿੱਚ ਰੱਖੋ [ਜਾਂ, ਯਾਦ ਰੱਖੋ] ਭਈ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।’ (ਬਿਵਸਥਾ ਸਾਰ 4:39) ਉਨ੍ਹਾਂ ਗ੍ਰੰਥੀਆਂ ਨੂੰ ਜੋ ਉਸ ਦੇ ਖ਼ਿਲਾਫ਼ ਬੁਰੇ ਸੋਚ-ਵਿਚਾਰ ਰੱਖਦੇ ਸਨ ਯਿਸੂ ਨੇ ਕਿਹਾ, “ਤੁਸੀਂ ਆਪਣੇ ਦਿਲਾਂ ਵਿਚ ਬੁਰੇ ਵਿਚਾਰ ਕਿਉਂ ਕਰਦੇ ਹੋ?” (ਮੱਤੀ 9:4, ਨਿ ਵ) “ਸਮਝ,” “ਗਿਆਨ,” ਅਤੇ “ਵਿਚਾਰ” ਵੀ ਦਿਲ ਨਾਲ ਸੰਬੰਧ ਰੱਖ ਸਕਦੇ ਹਨ। (1 ਰਾਜਿਆਂ 3:12; ਕਹਾਉਤਾਂ 15:14; ਮਰਕੁਸ 2:6) ਤਾਂ ਫਿਰ ਜਦੋਂ ਦਿਲ ਦਾ ਜ਼ਿਕਰ ਕੀਤਾ ਜਾਂਦਾ ਹੈ ਇਹ ਸਾਡੀ ਬੁੱਧ ਨੂੰ ਵੀ ਸੰਕੇਤ ਕਰ ਸਕਦਾ ਹੈ, ਯਾਨੀ ਸਾਡੇ ਸੋਚ-ਵਿਚਾਰ ਅਤੇ ਸਾਡੀ ਸਮਝ।

5. ਪਰਮੇਸ਼ੁਰ ਕਿਸ ਦਿਲ ਦੀ ਜਾਂਚ ਕਰਦਾ ਹੈ?

5 ਇਕ ਪੁਸਤਕ ਦੇ ਅਨੁਸਾਰ ਦਿਲ “ਇਨਸਾਨ ਦੇ ਅੰਦਰ ਉਹ ਚੀਜ਼ ਹੈ ਜੋ ਇਨਸਾਨ ਦੇ ਕੰਮਾਂ ਰਾਹੀਂ ਉਸ ਦੇ ਗੁਣ, ਇੱਛਾਵਾਂ, ਭਾਵਨਾਵਾਂ, ਜਜ਼ਬਾਤ, ਮਕਸਦ, ਸੋਚ-ਵਿਚਾਰ, ਹੁਨਰ, ਵਿਸ਼ਵਾਸ, ਉਸ ਦਾ ਗਿਆਨ, ਤਰਕ ਕਰਨ ਦਾ ਅੰਦਾਜ਼, ਉਸ ਦੀ ਕਲਪਨਾ, ਬੁੱਧ, ਯਾਦਾਸ਼ਤ, ਅਤੇ ਸਚੇਤਤਾ ਪ੍ਰਗਟ ਕਰਦੀ ਹੈ।” ਦਿਲ ਸਾਡੇ “ਅੰਦਰਲੇ ਗੁਣਾਂ” ਨੂੰ ਦਰਸਾਉਂਦਾ ਹੈ। (1 ਪਤਰਸ 3:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਇਸ ਦਿਲ ਨੂੰ ਹੀ ਦੇਖਦਾ ਅਤੇ ਜਾਚਦਾ ਹੈ। ਇਸੇ ਲਈ ਦਾਊਦ ਪ੍ਰਾਰਥਨਾ ਕਰ ਸਕਿਆ ਸੀ ਕਿ ‘ਹੇ ਪਰਮੇਸ਼ੁਰ, ਮੇਰੇ ਲਈ ਇੱਕ ਸ਼ੁੱਧ ਦਿਲ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।’ (ਜ਼ਬੂਰ 51:10) ਤਾਂ ਫਿਰ ਅਸੀਂ ਇਕ ਸ਼ੁੱਧ ਦਿਲ ਕਿਵੇਂ ਪ੍ਰਾਪਤ ਕਰ ਸਕਦੇ ਹਾਂ?

ਪਰਮੇਸ਼ੁਰ ਦੇ ਬਚਨ ਉੱਤੇ ‘ਆਪਣੇ ਮਨ ਲਾਓ’

6. ਮੂਸਾ ਨੇ ਮੋਆਬ ਦੇ ਮਦਾਨ ਵਿਚ ਇਕੱਠੇ ਹੋਏ ਇਸਰਾਏਲੀਆਂ ਨੂੰ ਕਿਹੜਾ ਉਪਦੇਸ਼ ਦਿੱਤਾ ਸੀ?

6 ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਪਹਿਲਾਂ ਮੂਸਾ ਨੇ ਮੋਆਬ ਦੇ ਮਦਾਨ ਵਿਚ ਇਕੱਠੇ ਹੋਏ ਇਸਰਾਏਲੀਆਂ ਨੂੰ ਉਪਦੇਸ਼ ਦਿੱਤਾ: “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤ੍ਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਦਾ ਹੁਕਮ ਦਿਓ।” (ਬਿਵਸਥਾ ਸਾਰ 32:46) ਇਸਰਾਏਲੀਆਂ ਨੂੰ ਇਨ੍ਹਾਂ ਗੱਲਾਂ ਨੂੰ “ਪੂਰੇ ਦਿਲ ਨਾਲ ਪੂਰਾ ਕਰਨਾ” ਚਾਹੀਦਾ ਸੀ। (ਨਵਾਂ ਅਨੁਵਾਦ) ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮਾਂ ਬਾਰੇ ਸਿਰਫ਼ ਉਦੋਂ ਹੀ ਸਿਖਾ ਸਕਦੇ ਸਨ ਜਦੋਂ ਉਹ ਖ਼ੁਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਮਝਦੇ ਸਨ।​—ਬਿਵਸਥਾ ਸਾਰ 6:6-8.

7. ਪਰਮੇਸ਼ੁਰ ਦੇ ਬਚਨ ਉੱਤੇ ਅਸੀਂ ਕਿਸ ਤਰ੍ਹਾਂ ਦਿਲ ਲਾ ਸਕਦੇ ਹਾਂ?

7 ਇਕ ਸ਼ੁੱਧ ਦਿਲ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਹਾਸਲ ਕਰੀਏ। ਇਸ ਗਿਆਨ ਦਾ ਇੱਕੋ ਇਕ ਸ੍ਰੋਤ ਬਾਈਬਲ ਹੈ। (2 ਤਿਮੋਥਿਉਸ 3:16, 17) ਪਰ ਅਸੀਂ ਸਿਰਫ਼ ਗਿਆਨ ਜਾਂ ਬੁੱਧ ਹਾਸਲ ਕਰਨ ਨਾਲ ਪਰਮੇਸ਼ੁਰ ਨੂੰ ਮਨਭਾਉਂਦਾ ਦਿਲ ਪ੍ਰਾਪਤ ਨਹੀਂ ਕਰ ਸਕਦੇ। ਜੇ ਗਿਆਨ ਨੇ ਸੱਚ-ਮੁੱਚ ਸਾਡੇ ਅੰਦਰ ਅਸਰ ਕਰਨਾ ਹੈ ਤਾਂ ਸਾਨੂੰ ਉਹ ਗੱਲਾਂ ਜੋ ਅਸੀਂ ਸਿੱਖਦੇ ਹਾਂ ਦਿਲ ਉੱਤੇ ਲਾਉਣੀਆਂ ਚਾਹੀਦੀਆਂ ਹਨ, ਜਾਂ ‘ਪੂਰੇ ਦਿਲ ਨਾਲ ਉਨ੍ਹਾਂ ਗੱਲਾਂ ਦੀ ਪਾਲਨਾ ਕਰਨੀ’ ਚਾਹੀਦੀ ਹੈ। (ਵਿਵਸਥਾਸਾਰ 32:46, ਨਵਾਂ ਅਨੁਵਾਦ) ਪਰ ਇਹ ਕਿਵੇਂ ਕੀਤਾ ਜਾ ਸਕਦਾ ਹੈ? ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।”​—ਜ਼ਬੂਰ 143:5.

8. ਅਧਿਐਨ ਕਰਦੇ ਸਮੇਂ ਅਸੀਂ ਕਿਨ੍ਹਾਂ ਸਵਾਲਾਂ ਉੱਤੇ ਵਿਚਾਰ ਕਰ ਸਕਦੇ ਹਾਂ?

8 ਯਹੋਵਾਹ ਦੇ ਕੰਮਾਂ ਦੀ ਕਦਰ ਕਰਨ ਦੇ ਨਾਲ-ਨਾਲ ਸਾਨੂੰ ਉਨ੍ਹਾਂ ਉੱਤੇ ਮਨਨ ਕਰਨ ਦੀ ਵੀ ਲੋੜ ਹੈ। ਜਦੋਂ ਅਸੀਂ ਬਾਈਬਲ ਜਾਂ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਅਜਿਹੇ ਸਵਾਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ: ‘ਇਸ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਦਾ ਹਾਂ? ਇਸ ਵਿਚ ਯਹੋਵਾਹ ਦੇ ਕਿਹੜੇ-ਕਿਹੜੇ ਗੁਣ ਪ੍ਰਗਟ ਕੀਤੇ ਗਏ ਹਨ? ਇਸ ਤੋਂ ਮੈਂ ਯਹੋਵਾਹ ਦੀ ਪਸੰਦ ਅਤੇ ਨਾਪਸੰਦ ਬਾਰੇ ਕੀ ਸਿੱਖਦਾ ਹਾਂ? ਯਹੋਵਾਹ ਦੇ ਰਾਹਾਂ ਵਿਚ ਚੱਲਣ ਦੇ ਕੀ ਨਤੀਜੇ ਹਨ? ਯਹੋਵਾਹ ਦੇ ਖ਼ਿਲਾਫ਼ ਚੱਲਣ ਦੇ ਕੀ ਨਤੀਜੇ ਹਨ? ਅਤੇ ਇਸ ਜਾਣਕਾਰੀ ਨੂੰ ਉਨ੍ਹਾਂ ਗੱਲਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਜਿਨ੍ਹਾਂ ਬਾਰੇ ਮੈਂ ਪਹਿਲਾਂ ਹੀ ਜਾਣਦਾ ਹਾਂ?’

9. ਨਿੱਜੀ ਅਧਿਐਨ ਅਤੇ ਮਨਨ ਕਰਨਾ ਕਿੰਨਾ ਕੁ ਜ਼ਰੂਰੀ ਹੈ?

9 ਬੱਤੀਆਂ ਸਾਲਾਂ ਦੀ ਲੀਸਾ * ਸਮਝਾਉਂਦੀ ਹੈ ਕਿ ਉਹ ਚੰਗੀ ਤਰ੍ਹਾਂ ਅਧਿਐਨ ਕਰਨ ਅਤੇ ਮਨਨ ਕਰਨ ਦੀ ਗਹਿਰੀ ਕਦਰ ਕਿਵੇਂ ਕਰਨ ਲੱਗੀ: “ਮੈਂ 1994 ਵਿਚ ਆਪਣੇ ਬਪਤਿਸਮੇ ਤੋਂ ਬਾਅਦ ਦੋ ਕੁ ਸਾਲਾਂ ਲਈ ਸੱਚਾਈ ਵਿਚ ਰੁੱਝੀ ਰਹੀ। ਮੈਂ ਸਾਰੀਆਂ ਮੀਟਿੰਗਾਂ ਤੇ ਜਾਂਦੀ ਹੁੰਦੀ ਸੀ ਅਤੇ ਹਰੇਕ ਮਹੀਨੇ 30 ਤੋਂ 40 ਘੰਟੇ ਪ੍ਰਚਾਰ ਸੇਵਾ ਵਿਚ ਗੁਜ਼ਾਰਦੀ ਹੁੰਦੀ ਸੀ ਅਤੇ ਇਸ ਦੇ ਨਾਲ-ਨਾਲ ਦੂਸਰਿਆਂ ਭੈਣਾਂ-ਭਰਾਵਾਂ ਨਾਲ ਸੰਗਤ ਵੀ ਰੱਖਦੀ ਹੁੰਦੀ ਸੀ। ਫਿਰ ਮੈਂ ਹੌਲੀ-ਹੌਲੀ ਪਰਮੇਸ਼ੁਰ ਤੋਂ ਦੂਰ ਹੋਣ ਲੱਗ ਪਈ। ਮੈਂ ਇੰਨੀ ਗਿਰ ਗਈ ਸੀ ਕਿ ਮੈਂ ਪਰਮੇਸ਼ੁਰ ਦੇ ਹੁਕਮਾਂ ਨੂੰ ਵੀ ਤੋੜ ਬੈਠੀ। ਪਰ ਫਿਰ ਮੈਨੂੰ ਸੁਰਤ ਆਈ ਅਤੇ ਮੈਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ। ਮੈਂ ਕਿੰਨੀ ਖ਼ੁਸ਼ ਹਾਂ ਕਿ ਯਹੋਵਾਹ ਨੇ ਮੈਨੂੰ ਮਾਫ਼ ਕਰ ਕੇ ਦੁਬਾਰਾ ਕਬੂਲ ਕੀਤਾ! ਮੈਂ ਅਕਸਰ ਸੋਚਦੀ ਹੁੰਦੀ ਸੀ ਕਿ ‘ਮੈਂ ਪਰਮੇਸ਼ੁਰ ਤੋਂ ਦੂਰ ਕਿੱਦਾਂ ਹੋ ਗਈ ਸੀ?’ ਅਤੇ ਮੇਰੇ ਮਨ ਵਿਚ ਸਿਰਫ਼ ਇੱਕੋ ਗੱਲ ਆਉਂਦੀ ਹੈ ਕਿ ਮੈਂ ਅਧਿਐਨ ਅਤੇ ਮਨਨ ਕਰਨਾ ਜ਼ਰੂਰੀ ਨਹੀਂ ਸਮਝਿਆ ਸੀ। ਬਾਈਬਲ ਦੀ ਸੱਚਾਈ ਮੇਰੇ ਦਿਲ ਤਕ ਨਹੀਂ ਪਹੁੰਚੀ ਸੀ। ਹੁਣ ਤੋਂ ਲੈ ਕੇ ਨਿੱਜੀ ਅਧਿਐਨ ਅਤੇ ਮਨਨ ਕਰਨਾ ਮੇਰੇ ਲਈ ਹਮੇਸ਼ਾ ਜ਼ਰੂਰੀ ਹੋਵੇਗਾ।” ਜਿਉਂ-ਜਿਉਂ ਅਸੀਂ ਯਹੋਵਾਹ, ਉਸ ਦੇ ਪੁੱਤਰ, ਅਤੇ ਉਸ ਦੇ ਬਚਨ ਬਾਰੇ ਸਹੀ ਗਿਆਨ ਵਿਚ ਵਧਦੇ ਜਾਂਦੇ ਹਾਂ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸੋਚ-ਵਿਚਾਰ ਜਾਂ ਮਨਨ ਕਰਨ ਲਈ ਸਮਾਂ ਕੱਢੀਏ!

10. ਸਾਡੇ ਲਈ ਨਿੱਜੀ ਅਧਿਐਨ ਅਤੇ ਮਨਨ ਕਰਨ ਵਾਸਤੇ ਸਮਾਂ ਕੱਢਣਾ ਇੰਨਾ ਜ਼ਰੂਰੀ ਕਿਉਂ ਹੈ?

10 ਇਸ ਵਿਅਸਤ ਦੁਨੀਆਂ ਵਿਚ ਅਧਿਐਨ ਅਤੇ ਮਨਨ ਕਰਨ ਲਈ ਸਮਾਂ ਕੱਢਣਾ ਬਹੁਤ ਹੀ ਔਖਾ ਹੈ। ਅੱਜ ਮਸੀਹੀ ਪਰਮੇਸ਼ੁਰ ਦੀ ਧਰਮੀ ਨਵੀਂ ਦੁਨੀਆਂ ਵਿਚ ਜਾਣ ਲਈ ਤਿਆਰ ਖੜ੍ਹੇ ਹਨ। (2 ਪਤਰਸ 3:13) ਅਸਚਰਜ ਘਟਨਾਵਾਂ ਨੇੜੇ ਹੀ ਹਨ ਜਿਵੇਂ ਕਿ ‘ਵੱਡੀ ਬਾਬੁਲ’ ਦਾ ਨਾਸ਼ ਅਤੇ ਯਹੋਵਾਹ ਦੇ ਲੋਕਾਂ ਉੱਤੇ ‘ਮਾਗੋਗ ਦੀ ਧਰਤੀ ਦੇ ਗੋਗ’ ਦਾ ਹਮਲਾ। (ਪਰਕਾਸ਼ ਦੀ ਪੋਥੀ 17:1, 2, 5, 15-17; ਹਿਜ਼ਕੀਏਲ 38:1-4, 14-16; 39:2) ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਸ਼ਾਇਦ ਪਰਖਣ। ਇਸ ਲਈ ਜ਼ਰੂਰੀ ਹੈ ਕਿ ਅਸੀਂ ਹੁਣ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਉੱਤੇ ਆਪਣਾ ਦਿਲ ਲਾਈਏ!​—ਅਫ਼ਸੀਆਂ 5:15, 16.

‘ਪਰਮੇਸ਼ੁਰ ਦੀ ਬਿਵਸਥਾ ਦੀ ਖੋਜ ਕਰਨ ਲਈ ਦਿਲ ਨੂੰ ਤਿਆਰ ਕਰੋ’

11. ਦਿਲ ਦੀ ਤੁਲਨਾ ਜ਼ਮੀਨ ਨਾਲ ਕਿਵੇਂ ਕੀਤੀ ਜਾ ਸਕਦੀ ਹੈ?

11 ਦਿਲ ਦੀ ਤੁਲਨਾ ਜ਼ਮੀਨ ਨਾਲ ਕੀਤੀ ਜਾ ਸਕਦੀ ਹੈ ਜਿਸ ਵਿਚ ਸੱਚਾਈ ਦੇ ਬੀ ਬੀਜੇ ਜਾ ਸਕਦੇ ਹਨ। (ਮੱਤੀ 13:18-23) ਬੀਜਣ ਤੋਂ ਪਹਿਲਾਂ ਜ਼ਮੀਨ ਅਕਸਰ ਵਾਹੀ ਜਾਂਦੀ ਹੈ ਤਾਂਕਿ ਫ਼ਸਲ ਚੰਗੀ ਤਰ੍ਹਾਂ ਉੱਗ ਸਕੇ। ਇਸੇ ਤਰ੍ਹਾਂ ਸਾਡੇ ਦਿਲ ਨੂੰ ਵੀ ਪਹਿਲਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨੂੰ ਸਵੀਕਾਰ ਕਰਨ ਲਈ ਜ਼ਿਆਦਾ ਤਿਆਰ ਹੋਵੇ। ਅਜ਼ਰਾ ਜਾਜਕ ਨੇ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਲਈ ਅਤੇ ਉਸ ਉੱਤੇ ਚੱਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ ਸੀ।’ (ਅਜ਼ਰਾ 7:10, ਨਿ ਵ) ਅਸੀਂ ਆਪਣੇ ਦਿਲ ਨੂੰ ਤਿਆਰ ਕਿਵੇਂ ਕਰ ਸਕਦੇ ਹਾਂ?

12. ਅਧਿਐਨ ਕਰਨ ਲਈ ਦਿਲ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ?

12 ਪਰਮੇਸ਼ੁਰ ਦੇ ਬਚਨ ਦੀ ਖੋਜ ਕਰਨ ਲਈ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਨ ਲਈ ਦਿੱਲੋਂ ਪ੍ਰਾਰਥਨਾ ਕਰਨੀ ਜ਼ਰੂਰੀ ਹੈ। ਸੱਚੇ ਮਸੀਹੀਆਂ ਦੀਆਂ ਮੀਟਿੰਗਾਂ ਪ੍ਰਾਰਥਨਾ ਨਾਲ ਸ਼ੁਰੂ ਅਤੇ ਖ਼ਤਮ ਹੁੰਦੀਆਂ ਹਨ। ਤਾਂ ਫਿਰ ਆਓ ਆਪਾਂ ਵੀ ਬਾਈਬਲ ਦਾ ਨਿੱਜੀ ਅਧਿਐਨ ਕਰਨ ਦੇ ਹਰ ਮੌਕੇ ਨੂੰ ਦਿੱਲੋਂ ਪ੍ਰਾਰਥਨਾ ਕਰ ਕੇ ਸ਼ੁਰੂ ਕਰੀਏ ਅਤੇ ਅਧਿਐਨ ਕਰਦੇ ਸਮੇਂ ਸ਼ਰਧਾ ਭਰਿਆ ਰਵੱਈਆ ਕਾਇਮ ਰੱਖੀਏ!

13. ਪਰਮੇਸ਼ੁਰ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

13 ਸਾਨੂੰ ਆਪਣੇ ਦਿਲ ਨੂੰ ਤਿਆਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਆਪਣੇ ਖ਼ਿਆਲਾਂ ਨੂੰ ਹੀ ਸਭ ਤੋਂ ਜ਼ਰੂਰੀ ਨਾ ਸਮਝੀਏ। ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂ ਆਪਣੇ ਹੀ ਖ਼ਿਆਲਾਂ ਤੇ ਅੜੇ ਰਹੇ ਸਨ। (ਮੱਤੀ 13:15) ਦੂਸਰੇ ਪਾਸੇ ਯਿਸੂ ਦੀ ਮਾਂ, ਮਰਿਯਮ, ਨੇ ਸੁਣੀਆਂ ਗਈਆਂ ਸੱਚਾਈਆਂ ਨੂੰ “ਆਪਣੇ ਹਿਰਦੇ ਵਿੱਚ” ਰੱਖ ਕੇ ਇਨ੍ਹਾਂ ਉੱਤੇ ਵਿਚਾਰ ਕੀਤਾ ਸੀ। (ਲੂਕਾ 2:19, 51) ਉਹ ਇਕ ਵਫ਼ਾਦਾਰ ਮਸੀਹੀ ਬਣੀ। ਥੁਆਤੀਰਾ ਨਗਰ ਤੋਂ ਲੁਦਿਯਾ ਨਾਂ ਦੀ ਇਕ ਤੀਵੀਂ ਨੇ ਪੌਲੁਸ ਦੀ ਗੱਲ ਸੁਣੀ ਅਤੇ ‘ਯਹੋਵਾਹ ਨੇ ਉਹ ਦਾ ਮਨ ਖੋਲ੍ਹ ਦਿੱਤਾ ਭਈ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।’ ਉਹ ਵੀ ਇਕ ਮਸੀਹੀ ਬਣੀ। (ਰਸੂਲਾਂ ਦੇ ਕਰਤੱਬ 16:14, 15) ਸਾਨੂੰ ਕਦੀ ਵੀ ਜ਼ਿੱਦ ਨਾਲ ਆਪਣੇ ਨਿੱਜੀ ਖ਼ਿਆਲਾਂ ਜਾਂ ਵਿਸ਼ਵਾਸਾਂ ਉੱਤੇ ਅੜੇ ਨਹੀਂ ਰਹਿਣਾ ਚਾਹੀਦਾ। ਇਸ ਦੀ ਬਜਾਇ “ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ।”​—ਰੋਮੀਆਂ 3:4.

14. ਮਸੀਹੀ ਮੀਟਿੰਗਾਂ ਤੇ ਸੁਣਨ ਲਈ ਅਸੀਂ ਆਪਣੇ ਦਿਲ ਨੂੰ ਕਿਵੇਂ ਤਿਆਰ ਕਰ ਸਕਦੇ ਹਾਂ?

14 ਮਸੀਹੀ ਮੀਟਿੰਗਾਂ ਤੇ ਆਪਣੇ ਦਿਲ ਨੂੰ ਸੁਣਨ ਲਈ ਤਿਆਰ ਕਰਨਾ ਖ਼ਾਸ ਕਰਕੇ ਬਹੁਤ ਹੀ ਮਹੱਤਵਪੂਰਣ ਹੈ। ਹੋ ਸਕਦਾ ਹੈ ਕਿ ਸਾਡਾ ਧਿਆਨ ਹੋਰ ਪਾਸੇ ਖਿੱਝਿਆ ਜਾਵੇ। ਜੇ ਅਸੀਂ ਦਿਨ ਵਿਚ ਹੋਈਆਂ ਗੱਲਾਂ ਦੀਆਂ ਸੋਚਾਂ ਵਿਚ ਡੁੱਬੇ ਹੋਈਏ ਜਾਂ ਅਗਲੇ ਦਿਨ ਹੋਣ ਵਾਲੀਆਂ ਗੱਲਾਂ ਦੀ ਚਿੰਤਾ ਕਰਦੇ ਹੋਈਏ, ਤਾਂ ਮੀਟਿੰਗ ਦਾ ਸਾਡੇ ਉੱਤੇ ਬਹੁਤ ਹੀ ਘੱਟ ਅਸਰ ਪਵੇਗਾ। ਜੇ ਅਸੀਂ ਮੀਟਿੰਗ ਤੋਂ ਪੂਰਾ ਲਾਭ ਉਠਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸੁਣਨ ਅਤੇ ਸਿੱਖਣ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ। ਅਸੀਂ ਬਹੁਤ ਸਾਰੇ ਲਾਭ ਹਾਸਲ ਕਰ ਸਕਦੇ ਹਾਂ ਜੇ ਅਸੀਂ ਬਾਈਬਲ ਵਿੱਚੋਂ ਪੜ੍ਹੇ ਗਏ ਹਵਾਲਿਆਂ ਨੂੰ ਅਤੇ ਉਨ੍ਹਾਂ ਦੇ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।​—ਨਹਮਯਾਹ 8:5-8, 12.

15. ਸਿੱਖਿਆ ਸਵੀਕਾਰ ਕਰਨ ਲਈ ਨਿਮਰਤਾ ਸਾਡੀ ਕਿਵੇਂ ਮਦਦ ਕਰਦੀ ਹੈ?

15 ਜਿਸ ਤਰ੍ਹਾਂ ਚੰਗੀ ਫ਼ਸਲ ਉਗਾਉਣ ਲਈ ਜ਼ਮੀਨ ਵਿਚ ਖਾਦ ਮਿਲਾਇਆ ਜਾਂਦਾ ਹੈ, ਉਸੇ ਤਰ੍ਹਾਂ ਆਪਣੇ ਦਿਲ ਨੂੰ ਤਿਆਰ ਕਰਨ ਲਈ ਨਿਮਰਤਾ, ਰੂਹਾਨੀ ਗੱਲਾਂ ਦੀ ਲੋਚ, ਪਰਮੇਸ਼ੁਰ ਦਾ ਭੈ, ਉਸ ਲਈ ਪ੍ਰੇਮ, ਅਤੇ ਉਸ ਉੱਤੇ ਭਰੋਸਾ ਰੱਖਣਾ ਜ਼ਰੂਰੀ ਹਨ। ਨਿਮਰਤਾ ਕਾਰਨ ਦਿਲ ਨਰਮ ਹੁੰਦਾ ਹੈ ਅਤੇ ਸਿੱਖਿਆ ਸਵੀਕਾਰ ਕਰਨ ਲਈ ਤਿਆਰ ਹੁੰਦਾ ਹੈ। ਯਹੋਵਾਹ ਨੇ ਯਹੂਦਿਯਾ ਦੇ ਰਾਜਾ ਯੋਸੀਯਾਹ ਨੂੰ ਕਿਹਾ: ‘ਏਸ ਲਈ ਕਿ ਤੇਰਾ ਮਨ ਮੁਲੈਮ ਹੋਇਆ ਅਰ ਤੂੰ ਉਹ ਸੁਣਿਆ ਜੋ ਮੈਂ ਆਖਿਆ ਤਾਂ ਤੂੰ ਯਹੋਵਾਹ ਦੇ ਅੱਗੇ ਨੀਵਾਂ ਹੋਇਆ ਅਰ ਮੇਰੇ ਅੱਗੇ ਰੋਇਆ ਸੋ ਮੈਂ ਭੀ ਤੇਰੀ ਸੁਣੀ ਹੈ।’ (2 ਰਾਜਿਆਂ 22:19) ਯੋਸੀਯਾਹ ਦਾ ਦਿਲ ਨਿਮਰ ਅਤੇ ਪਰਮੇਸ਼ੁਰ ਦੀਆਂ ਗੱਲਾਂ ਸੁਣਨ ਲਈ ਤਿਆਰ ਸੀ। ਨਿਮਰਤਾ ਕਾਰਨ ਯਿਸੂ ਦੇ ਚੇਲਿਆਂ ਨੂੰ ਰੂਹਾਨੀ ਸੱਚਾਈ ਦੀ ਸਮਝ ਮਿਲੀ ਸੀ ਜੋ “ਵਿਦਵਾਨ ਨਹੀਂ ਸਗੋਂ ਆਮ” ਬੰਦੇ ਸਨ, ਅਤੇ ਇਹ ਸਮਝ ਉਨ੍ਹਾਂ ਤੋਂ ਲੁਕੀ ਰਹੀ ਜੋ ‘ਗਿਆਨੀ ਅਤੇ ਬੁੱਧਵਾਨ’ ਸਨ। (ਰਸੂਲਾਂ ਦੇ ਕਰਤੱਬ 4:13; ਲੂਕਾ 10:21) ਆਓ ਆਪਾਂ ਵੀ ਯਹੋਵਾਹ “ਪਰਮੇਸ਼ੁਰ ਦੇ ਸਨਮੁਖ ਅਧੀਨ ਹੋ ਕੇ” ਉਸ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ।​—ਅਜ਼ਰਾ 8:21.

16. ਸਾਨੂੰ ਰੂਹਾਨੀ ਗੱਲਾਂ ਲਈ ਸ਼ੌਕ ਪੈਦਾ ਕਰਨ ਵਾਸਤੇ ਜਤਨ ਕਰਨ ਦੀ ਕਿਉਂ ਜ਼ਰੂਰਤ ਹੈ?

16 ਯਿਸੂ ਨੇ ਕਿਹਾ ਸੀ ਕਿ “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।” (ਮੱਤੀ 5:3, ਨਵਾਂ ਅਨੁਵਾਦ) ਸਾਨੂੰ ਰੂਹਾਨੀ ਗੱਲਾਂ ਨੂੰ ਸਮਝਣ ਦੀ ਯੋਗਤਾ ਨਾਲ ਬਣਾਇਆ ਗਿਆ ਹੈ, ਪਰ ਇਸ ਦੁਸ਼ਟ ਦੁਨੀਆਂ ਦੇ ਦਬਾਅ ਕਾਰਨ ਜਾਂ ਆਲਸੀ ਹੋਣ ਕਰਕੇ ਅਸੀਂ ਸ਼ਾਇਦ ਆਪਣੀ ਇਸ ਲੋੜ ਨੂੰ ਭੁੱਲ ਜਾਈਏ। (ਮੱਤੀ 4:4) ਸਾਨੂੰ ਰੂਹਾਨੀ ਗੱਲਾਂ ਲਈ ਸ਼ੌਕ ਪੈਦਾ ਕਰਨਾ ਚਾਹੀਦਾ ਹੈ। ਪਹਿਲਾਂ-ਪਹਿਲਾਂ ਬਾਈਬਲ ਨੂੰ ਪੜ੍ਹਨਾ ਅਤੇ ਨਿੱਜੀ ਅਧਿਐਨ ਕਰਨਾ ਸਾਨੂੰ ਸ਼ਾਇਦ ਔਖਾ ਲੱਗੇ ਪਰ ਜੇ ਅਸੀਂ ਕੋਸ਼ਿਸ਼ ਕਰਦੇ ਰਹੀਏ ਤਾਂ ‘ਗਿਆਨ ਸਾਡੇ ਮਨ ਨੂੰ ਪਿਆਰਾ ਲੱਗਣ ਲੱਗੇਗਾ,’ ਅਤੇ ਅਸੀਂ ਅਧਿਐਨ ਕਰਨ ਦੇ ਮੌਕਿਆਂ ਨੂੰ ਬਹੁਤ ਪਸੰਦ ਕਰਨ ਲੱਗਾਂਗੇ।​—ਕਹਾਉਤਾਂ 2:10, 11.

17. (ੳ) ਯਹੋਵਾਹ ਸਾਡੇ ਪੂਰੇ ਭਰੋਸੇ ਦਾ ਹੱਕਦਾਰ ਕਿਉਂ ਹੈ? (ਅ) ਅਸੀਂ ਪਰਮੇਸ਼ੁਰ ਉੱਤੇ ਭਰੋਸਾ ਕਿਵੇਂ ਰੱਖ ਸਕਦੇ ਹਾਂ?

17 ਰਾਜਾ ਸੁਲੇਮਾਨ ਨੇ ਸਲਾਹ ਦਿੱਤੀ ਸੀ ਕਿ “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” (ਕਹਾਉਤਾਂ 3:5) ਯਹੋਵਾਹ ਸੱਚ-ਮੁੱਚ ਸਾਡੇ ਪੂਰੇ ਭਰੋਸੇ ਦਾ ਹੱਕਦਾਰ ਹੈ। ਜਿਸ ਇਨਸਾਨ ਦੇ ਦਿਲ ਵਿਚ ਭਰੋਸਾ ਹੈ ਉਹ ਜਾਣਦਾ ਹੈ ਕਿ ਯਹੋਵਾਹ ਆਪਣੇ ਬਚਨ ਰਾਹੀਂ ਜੋ ਵੀ ਕਹਿੰਦਾ ਹੈ ਉਹ ਹਮੇਸ਼ਾ ਸਾਡੇ ਫ਼ਾਇਦੇ ਲਈ ਹੁੰਦਾ ਹੈ। (ਯਸਾਯਾਹ 48:17) ਉਸ ਕੋਲ ਆਪਣੇ ਸਾਰੇ ਮਕਸਦ ਪੂਰੇ ਕਰਨ ਦੀ ਸ਼ਕਤੀ ਹੈ। (ਯਸਾਯਾਹ 40:26, 29) ਉਸ ਦੇ ਨਾਂ ਦਾ ਮਤਲਬ ਹੀ ਇਹ ਹੈ ਕਿ ‘ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਕਰਨਾ ਚਾਹੇ ਉਹ ਕਰ ਸਕਦਾ ਹੈ,’ ਅਤੇ ਇਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਹ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ! ਹਾਂ, ਉਹ “ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।” (ਜ਼ਬੂਰ 145:17) ਲੇਕਿਨ ਉਸ ਉੱਤੇ ਭਰੋਸਾ ਰੱਖਣ ਲਈ ਸਾਨੂੰ ਬਾਈਬਲ ਵਿੱਚੋਂ ਸਿੱਖੀਆਂ ਗਈਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਅਤੇ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਸੋਚਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਚੱਖ ਕੇ ਇਹ ਦੇਖ ਸਕਾਂਗੇ “ਭਈ ਯਹੋਵਾਹ ਭਲਾ ਹੈ।”​—ਜ਼ਬੂਰ 34:8.

18. ਪਰਮੇਸ਼ੁਰ ਦੀ ਅਗਵਾਈ ਸਵੀਕਾਰ ਕਰਨ ਲਈ ਉਸ ਦਾ ਭੈ ਸਾਡੀ ਕਿਸ ਤਰ੍ਹਾਂ ਮਦਦ ਕਰਦਾ ਹੈ?

18 ਪਰਮੇਸ਼ੁਰ ਦੀ ਅਗਵਾਈ ਸਵੀਕਾਰ ਕਰਨ ਲਈ ਆਪਣੇ ਦਿਲ ਨੂੰ ਤਿਆਰ ਕਰਨ ਵਾਸਤੇ ਸੁਲੇਮਾਨ ਨੇ ਇਕ ਹੋਰ ਗੁਣ ਬਾਰੇ ਦੱਸਿਆ ਸੀ: “ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ।” (ਕਹਾਉਤਾਂ 3:7) ਯਹੋਵਾਹ ਨੇ ਇਸਰਾਏਲ ਬਾਰੇ ਕਿਹਾ ਕਿ “ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।” (ਬਿਵਸਥਾ ਸਾਰ 5:29) ਜੀ ਹਾਂ, ਜੋ ਲੋਕ ਪਰਮੇਸ਼ੁਰ ਦਾ ਭੈ ਰੱਖਦੇ ਹਨ ਉਹ ਉਸ ਦੇ ਹੁਕਮਾਂ ਨੂੰ ਮੰਨਦੇ ਹਨ। ਯਹੋਵਾਹ ‘ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇਗਾ’ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ ਜੋ ਉਸ ਦੇ ਹੁਕਮਾਂ ਨੂੰ ਤੋੜਦੇ ਹਨ। (2 ਇਤਹਾਸ 16:9) ਆਓ ਆਪਾਂ ਹਮੇਸ਼ਾ ਪਰਮੇਸ਼ੁਰ ਨੂੰ ਖ਼ੁਸ਼ ਕਰੀਏ ਅਤੇ ਦਿਖਾਈਏ ਕਿ ਪਰਮੇਸ਼ੁਰ ਦਾ ਭੈ ਸਾਡੇ ਕੰਮਾਂ, ਖ਼ਿਆਲਾਂ, ਅਤੇ ਜਜ਼ਬਾਤਾਂ ਨੂੰ ਪ੍ਰਭਾਵਿਤ ਕਰਦਾ ਹੈ।

‘ਯਹੋਵਾਹ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰੋ’

19. ਯਹੋਵਾਹ ਦੀ ਅਗਵਾਈ ਸਵੀਕਾਰ ਕਰਨ ਲਈ ਆਪਣੇ ਦਿਲ ਨੂੰ ਤਿਆਰ ਕਰਨ ਵਿਚ ਪ੍ਰੇਮ ਦਾ ਗੁਣ ਕਿਵੇਂ ਮਦਦ ਕਰਦਾ ਹੈ?

19 ਯਹੋਵਾਹ ਦੀ ਅਗਵਾਈ ਸਵੀਕਾਰ ਕਰਨ ਲਈ ਆਪਣੇ ਦਿਲ ਨੂੰ ਤਿਆਰ ਕਰਨ ਵਾਸਤੇ ਸਭ ਤੋਂ ਜ਼ਰੂਰੀ ਗੁਣ ਪ੍ਰੇਮ ਹੈ। ਜਿਹੜਾ ਦਿਲ ਪਰਮੇਸ਼ੁਰ ਲਈ ਪਿਆਰ ਨਾਲ ਭਰਿਆ ਹੁੰਦਾ ਹੈ ਉਹ ਇਹ ਸਿੱਖਣ ਲਈ ਉਤਾਵਲਾ ਹੁੰਦਾ ਹੈ ਕਿ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਪਸੰਦ ਹਨ ਅਤੇ ਕਿਹੜੀਆਂ ਨਹੀਂ। (1 ਯੂਹੰਨਾ 5:3) ਯਿਸੂ ਨੇ ਕਿਹਾ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਆਓ ਆਪਾਂ ਪਰਮੇਸ਼ੁਰ ਦੀ ਭਲਾਈ ਉੱਤੇ ਵਿਚਾਰ ਕਰਨ ਦੀ ਆਦਤ ਪਾ ਕੇ, ਹਰ ਮੌਕੇ ਤੇ ਉਸ ਨਾਲ ਇਕ ਜਿਗਰੀ ਦੋਸਤ ਵਾਂਗ ਗੱਲ ਕਰ ਕੇ, ਅਤੇ ਦੂਸਰਿਆਂ ਨੂੰ ਉਸ ਬਾਰੇ ਜੋਸ਼ ਨਾਲ ਦੱਸ ਕੇ, ਉਸ ਲਈ ਆਪਣੇ ਪ੍ਰੇਮ ਨੂੰ ਹੋਰ ਵੀ ਵਧਾਈਏ।

20. ਅਸੀਂ ਯਹੋਵਾਹ ਨੂੰ ਮਨਭਾਉਂਦਾ ਦਿਲ ਕਿਵੇਂ ਪ੍ਰਾਪਤ ਕਰ ਸਕਦੇ ਹਾਂ?

20 ਆਓ ਆਪਾਂ ਉਨ੍ਹਾਂ ਗੱਲਾਂ ਉੱਤੇ ਦੁਬਾਰਾ ਵਿਚਾਰ ਕਰੀਏ ਜੋ ਯਹੋਵਾਹ ਨੂੰ ਮਨਭਾਉਂਦਾ ਦਿਲ ਪ੍ਰਾਪਤ ਕਰਨ ਲਈ ਸਾਡੀ ਮਦਦ ਕਰ ਸਕਦੀਆਂ ਹਨ: ਪਰਮੇਸ਼ੁਰ ਦੇ ਬਚਨ ਨੂੰ ਸਾਡੇ ਦਿਲ, ਯਾਨੀ ਅੰਦਰਲੇ ਗੁਣਾਂ ਉੱਤੇ ਅਸਰ ਪਾਉਣਾ ਚਾਹੀਦਾ ਹੈ। ਬਾਈਬਲ ਦਾ ਨਿੱਜੀ ਅਧਿਐਨ ਅਤੇ ਉਸ ਉੱਤੇ ਕਦਰ ਨਾਲ ਮਨਨ ਕਰਨਾ ਬਹੁਤ ਜ਼ਰੂਰੀ ਹੈ। ਇਹ ਖ਼ਾਸ ਕਰਕੇ ਉਦੋਂ ਲਾਭਦਾਇਕ ਹੁੰਦਾ ਹੈ ਜਦੋਂ ਅਸੀਂ ਇਹ ਸਭ ਕੁਝ ਕਰਨ ਤੋਂ ਪਹਿਲਾਂ ਆਪਣਾ ਦਿਲ ਤਿਆਰ ਕਰਦੇ ਹਾਂ, ਯਾਨੀ ਆਪਣੇ ਦਿਲ ਨੂੰ ਆਪਣਿਆਂ ਖ਼ਿਆਲਾਂ ਨਾਲ ਹੀ ਨਹੀਂ ਪਰ ਉਨ੍ਹਾਂ ਗੁਣਾਂ ਨਾਲ ਭਰਦੇ ਹਾਂ ਜੋ ਸਾਨੂੰ ਸਿੱਖਿਆ ਸਵੀਕਾਰ ਕਰਨ ਲਈ ਤਿਆਰ ਕਰਦੇ ਹਨ! ਜੀ ਹਾਂ, ਯਹੋਵਾਹ ਦੀ ਮਦਦ ਨਾਲ ਇਕ ਮਨਭਾਉਂਦਾ ਦਿਲ ਪ੍ਰਾਪਤ ਕੀਤਾ ਜਾ ਸਕਦਾ ਹੈ। ਲੇਕਿਨ ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

[ਫੁਟਨੋਟ]

^ ਪੈਰਾ 9 ਨਾਂ ਬਦਲਿਆ ਗਿਆ ਹੈ।

ਤੁਸੀਂ ਕਿਵੇਂ ਜਵਾਬ ਦਿਓਗੇ?

• ਉਹ ਕਿਹੜਾ ਦਿਲ ਹੈ ਜਿਸ ਦੀ ਯਹੋਵਾਹ ਜਾਂਚ ਕਰਦਾ ਹੈ?

• ਅਸੀਂ ਪਰਮੇਸ਼ੁਰ ਦੇ ਬਚਨ ਉੱਤੇ ਆਪਣਾ ਦਿਲ ਕਿਵੇਂ ਲਾ ਸਕਦੇ ਹਾਂ?

• ਪਰਮੇਸ਼ੁਰ ਦੇ ਬਚਨ ਦੀ ਖੋਜ ਕਰਨ ਲਈ ਸਾਨੂੰ ਆਪਣੇ ਦਿਲ ਨੂੰ ਕਿਵੇਂ ਤਿਆਰ ਕਰਨਾ ਚਾਹੀਦਾ ਹੈ?

• ਇਨ੍ਹਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਨ ਤੋਂ ਬਾਅਦ ਤੁਹਾਡਾ ਕੀ ਕਰਨ ਨੂੰ ਦਿਲ ਕਰਦਾ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਦਾਊਦ ਨੇ ਰੂਹਾਨੀ ਗੱਲਾਂ ਦੀ ਕਦਰ ਕਰ ਕੇ ਉਨ੍ਹਾਂ ਉ ਤੇ ਮਨਨ ਕੀਤਾ ਸੀ। ਕੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ?

[ਸਫ਼ੇ 18 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਤੋਂ ਪਹਿਲਾਂ ਆਪਣੇ ਦਿਲ ਨੂੰ ਤਿਆਰ ਕਰੋ