Skip to content

Skip to table of contents

ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ?

ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ?

ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਕੌਣ ਅੱਡ ਕਰੇਗਾ?

“ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।”​—1 ਯੂਹੰਨਾ 4:19.

1, 2. (ੳ) ਇਹ ਜਾਣਨਾ ਮਹੱਤਵਪੂਰਣ ਕਿਉਂ ਹੈ ਕਿ ਸਾਡੇ ਨਾਲ ਪਿਆਰ ਕੀਤਾ ਜਾਂਦਾ ਹੈ? (ਅ) ਸਾਨੂੰ ਕਿਸ ਦੇ ਪਿਆਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ?

ਬਚਪਨ ਤੋਂ ਲੈ ਕੇ ਪਿਆਰ ਮਿਲਣ ਕਾਰਨ ਇਨਸਾਨ ਚੰਗੀ ਤਰ੍ਹਾਂ ਵਧਦਾ-ਫੁੱਲਦਾ ਹੈ। ਇਹ ਗੱਲ ਜਾਣਨੀ ਕਿੰਨੀ ਜ਼ਰੂਰੀ ਹੈ ਕਿ ਤੁਹਾਡੇ ਨਾਲ ਪਿਆਰ ਕੀਤਾ ਜਾਂਦਾ ਹੈ? ਕੀ ਤੁਸੀਂ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਗੋਦ ਵਿਚ ਦੇਖਿਆ ਹੈ? ਉਸ ਦੇ ਆਲੇ-ਦੁਆਲੇ ਚਾਹੇ ਜੋ ਮਰਜ਼ੀ ਹੋ ਰਿਹਾ ਹੋਵੇ ਬੱਚਾ ਆਪਣੀ ਮਾਂ ਦੀਆਂ ਪਿਆਰ-ਭਰੀਆਂ ਅੱਖਾਂ ਵਿਚ ਦੇਖ ਕੇ ਖ਼ੁਸ਼ ਹੁੰਦਾ ਹੈ ਅਤੇ ਉਸ ਦੀਆਂ ਬਾਹਾਂ ਵਿਚ ਸਕੂਨ ਮਹਿਸੂਸ ਕਰਦਾ ਹੈ ਕਿਉਂਕਿ ਉਹ ਆਪਣੀ ਮਾਂ ਦੀ ਮਮਤਾ ਪਛਾਣਦਾ ਹੈ। ਜਵਾਨੀ ਦੇ ਔਖਿਆਂ ਸਾਲਾਂ ਬਾਰੇ ਕੀ? ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਇਸ ਸਮੇਂ ਦੌਰਾਨ ਕਿਵੇਂ ਮਹਿਸੂਸ ਕਰਦੇ ਸੀ? (1 ਥੱਸਲੁਨੀਕੀਆਂ 2:7) ਇਨ੍ਹਾਂ ਸਮਿਆਂ ਦੌਰਾਨ ਤੁਹਾਨੂੰ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਤੁਸੀਂ ਜ਼ਿੰਦਗੀ ਵਿੱਚੋਂ ਕੀ ਚਾਹੁੰਦੇ ਸੀ, ਜਾਂ ਹੋ ਸਕਦਾ ਹੈ ਕਿ ਤੁਸੀਂ ਖ਼ੁਦ ਆਪਣੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ ਸੀ। ਲੇਕਿਨ, ਤੁਹਾਡੇ ਲਈ ਇਹ ਜਾਣਨਾ ਕਿੰਨਾ ਜ਼ਰੂਰੀ ਸੀ ਕਿ ਤੁਹਾਡੇ ਮਾਪੇ ਤੁਹਾਡੇ ਨਾਲ ਪਿਆਰ ਕਰਦੇ ਸਨ! ਕੀ ਇਹ ਜਾਣਨ ਤੋਂ ਤੁਹਾਨੂੰ ਤਸੱਲੀ ਨਹੀਂ ਮਿਲੀ ਕਿ ਤੁਸੀਂ ਕਿਸੇ ਵੀ ਮੁਸ਼ਕਲ ਬਾਰੇ ਜਾਂ ਕਿਸੇ ਵੀ ਸਵਾਲ ਬਾਰੇ ਉਨ੍ਹਾਂ ਦੀ ਰਾਇ ਪੁੱਛ ਸਕਦੇ ਸਨ? ਤਾਂ ਫਿਰ, ਜੀਵਨ ਦੇ ਹਰ ਮੋੜ ਤੇ ਸਾਡੀ ਸਭ ਤੋਂ ਮਹੱਤਵਪੂਰਣ ਜ਼ਰੂਰਤ ਇਹ ਹੈ ਕਿ ਸਾਡੇ ਨਾਲ ਪਿਆਰ ਕੀਤਾ ਜਾਵੇ। ਪਿਆਰ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਸਾਡੀ ਕਦਰ ਕੀਤੀ ਜਾਂਦੀ ਹੈ।

2 ਜਦੋਂ ਮਾਪੇ ਆਪਣੇ ਬੱਚਿਆਂ ਨਾਲ ਲਗਾਤਾਰ ਪਿਆਰ ਕਰਦੇ ਹਨ ਤਾਂ ਬੱਚਿਆਂ ਨੂੰ ਜ਼ਿੰਦਗੀ ਵਿਚ ਚੰਗੀ ਤਰੱਕੀ ਕਰਨ ਅਤੇ ਚੰਗਾ ਸੰਤੁਲਨ ਰੱਖਣ ਵਿਚ ਮਦਦ ਮਿਲਦੀ ਹੈ। ਲੇਕਿਨ, ਇਸ ਰਸਾਲੇ ਨੂੰ ਪੜ੍ਹਨ ਵਾਲਿਆਂ ਕੁਝ ਲੋਕਾਂ ਦੇ ਮਾਪਿਆਂ ਨੇ ਸ਼ਾਇਦ ਉਨ੍ਹਾਂ ਨੂੰ ਪਿਆਰ ਨਾ ਦਿਖਾਇਆ ਹੋਵੇ। ਜੇਕਰ ਇਹ ਗੱਲ ਸੱਚ ਹੈ ਤਾਂ ਹੌਸਲਾ ਰੱਖੋ। ਭਾਵੇਂ ਕਿ ਸਾਨੂੰ ਮਾਪਿਆਂ ਦਾ ਪਿਆਰ ਨਾ ਮਿਲਿਆ ਹੋਵੇ, ਪਰਮੇਸ਼ੁਰ ਦਾ ਲਗਾਤਾਰ ਪਿਆਰ ਸਾਨੂੰ ਜ਼ਰੂਰ ਸਹਾਰਾ ਦੇਵੇਗਾ। ਇਹ ਭਰੋਸਾ ਕਿ ਸਾਡਾ ਸਵਰਗੀ ਪਿਤਾ, ਯਹੋਵਾਹ, ਸਾਡੇ ਨਾਲ ਪਿਆਰ ਕਰਦਾ ਹੈ ਸਾਡੀ ਰੂਹਾਨੀ ਤੇ ਭਾਵਾਤਮਕ ਭਲਾਈ ਲਈ ਸਭ ਤੋਂ ਮਹੱਤਵਪੂਰਣ ਹੈ।

3. ਯਹੋਵਾਹ ਨੇ ਆਪਣੇ ਲੋਕਾਂ ਨੂੰ ਭਰੋਸਾ ਕਿਵੇਂ ਦਿਲਾਇਆ ਸੀ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ?

3 ਯਹੋਵਾਹ ਨੇ ਆਪਣੇ ਨਬੀ ਯਸਾਯਾਹ ਰਾਹੀਂ ਕਿਹਾ ਕਿ ਇਕ ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ “ਭੁਲਾ” ਸਕਦੀ ਹੈ, ਪਰ ਉਹ ਆਪਣੇ ਲੋਕਾਂ ਨੂੰ ਕਦੇ ਨਹੀਂ ਭੁੱਲੇਗਾ। (ਯਸਾਯਾਹ 49:15) ਇਸੇ ਤਰ੍ਹਾਂ ਦਾਊਦ ਨੇ ਭਰੋਸੇ ਨਾਲ ਕਿਹਾ ਕਿ ਜੇ “ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰ 27:10) ਇਹ ਕਿੰਨੇ ਦਿਲਾਸੇ ਵਾਲੀ ਗੱਲ ਹੈ! ਤੁਹਾਡੇ ਹਾਲਾਤ ਚਾਹੇ ਜੋ ਮਰਜ਼ੀ ਹੋਣ, ਜੇ ਤੁਸੀਂ ਸਮਰਪਣ ਦੁਆਰਾ ਯਹੋਵਾਹ ਪਰਮੇਸ਼ੁਰ ਨਾਲ ਇਕ ਰਿਸ਼ਤਾ ਜੋੜਿਆ ਹੈ ਤਾਂ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਲਈ ਉਸ ਦਾ ਪਿਆਰ ਕਿਸੇ ਇਨਸਾਨ ਵੱਲੋਂ ਮਿਲੇ ਪਿਆਰ ਨਾਲੋਂ ਵੱਧ ਹੈ!

ਪਰਮੇਸ਼ੁਰ ਦੇ ਪ੍ਰੇਮ ਵਿਚ ਆਪਣੇ ਆਪ ਨੂੰ ਕਾਇਮ ਰੱਖੋ

4. ਪਹਿਲੀ ਸਦੀ ਦੇ ਮਸੀਹੀਆਂ ਦਾ ਪਰਮੇਸ਼ੁਰ ਦੇ ਪ੍ਰੇਮ ਵਿਚ ਭਰੋਸਾ ਕਿਵੇਂ ਵਧਾਇਆ ਗਿਆ ਸੀ?

4 ਤੁਸੀਂ ਯਹੋਵਾਹ ਦੇ ਪ੍ਰੇਮ ਬਾਰੇ ਪਹਿਲਾਂ ਕਦੋਂ ਸਿੱਖਿਆ ਸੀ? ਸ਼ਾਇਦ ਤੁਹਾਡਾ ਅਨੁਭਵ ਪਹਿਲੀ ਸਦੀ ਦੇ ਮਸੀਹੀਆਂ ਦੇ ਨਾਲ ਮਿਲਦਾ-ਜੁਲਦਾ ਹੋਵੇ। ਰੋਮੀਆਂ ਨੂੰ ਲਿਖੇ ਗਏ ਪੌਲੁਸ ਦੇ ਪੱਤਰ ਦਾ ਪੰਜਵਾਂ ਅਧਿਆਇ ਬਹੁਤ ਹੀ ਸੋਹਣੇ ਤਰੀਕੇ ਵਿਚ ਦਿਖਾਉਂਦਾ ਹੈ ਕਿ ਯਹੋਵਾਹ ਤੋਂ ਦੂਰ ਹੋਏ ਪਾਪੀ ਉਸ ਦੇ ਪ੍ਰੇਮ ਬਾਰੇ ਕਿਵੇਂ ਜਾਣਨ ਲੱਗੇ। ਪੰਜਵੀਂ ਆਇਤ ਵਿਚ ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਹਿਰਦਿਆਂ ਵਿੱਚ ਪਾਇਆ ਹੋਇਆ ਹੈ।” ਅੱਠਵੀਂ ਆਇਤ ਵਿਚ ਪੌਲੁਸ ਅੱਗੇ ਕਹਿੰਦਾ ਹੈ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।”

5. ਤੁਸੀਂ ਕਿਵੇਂ ਸਮਝਣ ਲੱਗੇ ਕਿ ਪਰਮੇਸ਼ੁਰ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ?

5 ਇਸੇ ਤਰ੍ਹਾਂ, ਜਦੋਂ ਤੁਹਾਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਬਾਰੇ ਦੱਸਿਆ ਗਿਆ ਸੀ ਅਤੇ ਤੁਸੀਂ ਨਿਹਚਾ ਕਰਨ ਲੱਗੇ ਤਾਂ ਯਹੋਵਾਹ ਦੀ ਪਵਿੱਤਰ ਆਤਮਾ ਤੁਹਾਡੇ ਦਿਲਾਂ ਉੱਤੇ ਅਸਰ ਪਾਉਣ ਲੱਗ ਪਈ ਸੀ। ਤੁਸੀਂ ਇਹ ਸਮਝਣ ਲੱਗੇ ਕਿ ਯਹੋਵਾਹ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਘੱਲ ਕੇ ਕਿੰਨਾ ਮਹਾਨ ਕੰਮ ਕੀਤਾ ਸੀ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਣ ਲੱਗੇ। ਇਸ ਤਰ੍ਹਾਂ ਕਰ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਸਾਡੇ ਨਾਲ ਬਹੁਤ ਹੀ ਪਿਆਰ ਕਰਦਾ ਹੈ। ਪਾਪੀ ਹੋਣ ਅਤੇ ਪਰਮੇਸ਼ੁਰ ਤੋਂ ਦੂਰ ਹੋਣ ਦੇ ਬਾਵਜੂਦ ਯਹੋਵਾਹ ਨੇ ਸਾਡੇ ਲਈ ਅਜਿਹਾ ਰਾਹ ਤਿਆਰ ਕੀਤਾ ਜਿਸ ਰਾਹੀਂ ਅਸੀਂ ਧਰਮੀ ਠਹਿਰਾਏ ਜਾ ਸਕਦੇ ਹਾਂ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲ ਸਕਦੀ ਹੈ। ਜਦੋਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਪਤਾ ਲੱਗਾ ਤਾਂ ਕੀ ਤੁਸੀਂ ਖ਼ੁਸ਼ ਨਹੀਂ ਹੋਏ? ਕੀ ਤੁਸੀਂ ਯਹੋਵਾਹ ਲਈ ਪ੍ਰੇਮ ਨਹੀਂ ਮਹਿਸੂਸ ਕੀਤਾ?​—ਰੋਮੀਆਂ 5:10.

6. ਕਦੀ-ਕਦੀ ਸਾਨੂੰ ਇਸ ਤਰ੍ਹਾਂ ਕਿਉਂ ਲੱਗ ਸਕਦਾ ਹੈ ਕਿ ਅਸੀਂ ਯਹੋਵਾਹ ਤੋਂ ਥੋੜ੍ਹਾ ਜਿਹਾ ਦੂਰ ਹੋ ਗਏ ਹਾਂ?

6 ਆਪਣੇ ਸਵਰਗੀ ਪਿਤਾ ਦੇ ਪ੍ਰੇਮ ਦੁਆਰਾ ਪ੍ਰਭਾਵਿਤ ਹੋ ਕੇ ਤੁਸੀਂ ਉਸ ਨੂੰ ਖ਼ੁਸ਼ ਕਰਨ ਲਈ ਆਪਣੇ ਆਪ ਵਿਚ ਸੁਧਾਰ ਲਿਆਂਦੇ ਅਤੇ ਉਸ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ। ਹੁਣ ਤੁਹਾਡਾ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਹੈ। ਪਰ, ਕੀ ਕਦੀ-ਕਦੀ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਯਹੋਵਾਹ ਤੋਂ ਥੋੜ੍ਹਾ ਜਿਹਾ ਦੂਰ ਹੋ ਗਏ ਹੋ? ਇਸ ਤਰ੍ਹਾਂ ਕਿਸੇ ਨਾਲ ਵੀ ਹੋ ਸਕਦਾ ਹੈ। ਪਰ ਯਾਦ ਰੱਖੋ ਕਿ ਪਰਮੇਸ਼ੁਰ ਕਦੀ ਵੀ ਬਦਲਦਾ ਨਹੀਂ। ਉਸ ਦਾ ਪ੍ਰੇਮ ਸੂਰਜ ਵਾਂਗ ਅਡੋਲ ਹੈ, ਜਿਸ ਦੀਆਂ ਕਿਰਨਾਂ ਹਮੇਸ਼ਾ ਧਰਤੀ ਨੂੰ ਰੌਸ਼ਨ ਕਰਦੀਆਂ ਹਨ। (ਮਲਾਕੀ 3:6; ਯਾਕੂਬ 1:17) ਲੇਕਿਨ, ਅਸੀਂ ਇਸ ਤਰ੍ਹਾਂ ਨਹੀਂ ਹਾਂ, ਅਸੀਂ ਜ਼ਰੂਰ ਬਦਲ ਸਕਦੇ ਹਾਂ ਭਾਵੇਂ ਕਿ ਇਹ ਸਿਰਫ਼ ਥੋੜ੍ਹੇ ਹੀ ਸਮੇਂ ਲਈ ਹੋਵੇ। ਹਾਂ ਜਿਸ ਤਰ੍ਹਾਂ ਧਰਤੀ ਦੇ ਘੁੰਮਣ ਨਾਲ ਉਸ ਦੇ ਅੱਧੇ ਹਿੱਸੇ ਉੱਤੇ ਹਨੇਰਾ ਛਾ ਜਾਂਦਾ ਹੈ, ਉਸੇ ਤਰ੍ਹਾਂ ਜੇ ਅਸੀਂ ਪਰਮੇਸ਼ੁਰ ਤੋਂ ਜ਼ਰਾ ਵੀ ਮੂੰਹ ਮੋੜੀਏ ਤਾਂ ਅਸੀਂ ਵੀ ਮਹਿਸੂਸ ਕਰ ਸਕਦੇ ਹਾਂ ਕਿ ਉਸ ਨਾਲ ਸਾਡੇ ਰਿਸ਼ਤੇ ਉੱਤੇ ਥੋੜ੍ਹਾ ਜਿਹਾ ਹਨੇਰਾ ਛਾ ਗਿਆ ਹੈ। ਅਜਿਹੀ ਹਾਲਤ ਨੂੰ ਸੁਧਾਰਨ ਲਈ ਅਸੀਂ ਕੀ ਕਰ ਸਕਦੇ ਹਾਂ?

7. ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਲਈ ਸਾਨੂੰ ਆਪਣੇ ਆਪ ਤੋਂ ਸਵਾਲ ਪੁੱਛਣ ਦਾ ਕੀ ਫ਼ਾਇਦਾ ਹੋ ਸਕਦਾ ਹੈ?

7 ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਗਏ ਹਾਂ ਤਾਂ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣੇ ਚਾਹੀਦੇ ਹਨ: ‘ਕੀ ਮੈਂ ਪਰਮੇਸ਼ੁਰ ਦੇ ਪ੍ਰੇਮ ਦੀ ਸੱਚ-ਮੁੱਚ ਕਦਰ ਕਰਦਾ ਹਾਂ? ਕੀ ਮੇਰੀ ਜ਼ਿੰਦਗੀ ਤੋਂ ਇਵੇਂ ਲੱਗਦਾ ਹੈ ਕਿ ਮੇਰੀ ਨਿਹਚਾ ਘੱਟ ਗਈ ਹੈ ਅਤੇ ਕਿ ਮੈਂ ਕੁਝ ਹੱਦ ਤਕ ਜੀਉਂਦੇ ਅਤੇ ਪ੍ਰੇਮਪੂਰਣ ਪਰਮੇਸ਼ੁਰ ਤੋਂ ਹੌਲੀ-ਹੌਲੀ ਮੂੰਹ ਮੋੜ ਲਿਆ ਹੈ? ਕੀ ਮੈਂ “ਆਤਮਾ ਦੀਆਂ ਵਸਤਾਂ” ਦੀ ਬਜਾਇ “ਸਰੀਰ ਦੀਆਂ ਵਸਤਾਂ” ਉੱਤੇ ਮਨ ਲਾਇਆ ਹੈ? (ਰੋਮੀਆਂ 8:5-8; ਇਬਰਾਨੀਆਂ 3:12) ਜੇ ਅਸੀਂ ਯਹੋਵਾਹ ਤੋਂ ਦੂਰ ਹੋ ਗਏ ਹਾਂ ਤਾਂ ਹਾਲਤ ਨੂੰ ਸੁਧਾਰਨ ਲਈ ਅਤੇ ਉਸ ਨਾਲ ਫਿਰ ਤੋਂ ਚੰਗਾ ਰਿਸ਼ਤਾ ਕਾਇਮ ਕਰਨ ਲਈ ਅਸੀਂ ਕਦਮ ਚੁੱਕ ਸਕਦੇ ਹਾਂ। ਯਾਕੂਬ ਨੇ ਇਹ ਸਲਾਹ ਦਿੱਤੀ ਸੀ ਕਿ “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਯਹੂਦਾਹ ਦੇ ਇਨ੍ਹਾਂ ਸ਼ਬਦਾਂ ਨੂੰ ਵੀ ਦਿਲ ਵਿਚ ਬਿਠਾਓ ਕਿ “ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ।”​—ਯਹੂਦਾਹ 20, 21.

ਹਾਲਾਤ ਬਦਲ ਸਕਦੇ ਹਨ ਪਰ ਪਰਮੇਸ਼ੁਰ ਦਾ ਪ੍ਰੇਮ ਕਦੀ ਨਹੀਂ ਬਦਲਦਾ

8. ਸਾਡੀ ਜ਼ਿੰਦਗੀ ਵਿਚ ਅਚਾਨਕ ਹੀ ਹਾਲਾਤ ਕਿਵੇਂ ਬਦਲ ਸਕਦੇ ਹਨ?

8 ਇਸ ਦੁਨੀਆਂ ਵਿਚ ਸਾਡੀ ਜ਼ਿੰਦਗੀ ਦੇ ਹਾਲਾਤ ਬਦਲਦੇ ਰਹਿੰਦੇ ਹਨ। ਰਾਜਾ ਸੁਲੇਮਾਨ ਨੇ ਦੇਖਿਆ ਸੀ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸ਼ਾਇਦ ਸਾਡੀ ਜ਼ਿੰਦਗੀ ਰਾਤੋ-ਰਾਤ ਬਿਲਕੁਲ ਬਦਲ ਜਾਵੇ। ਹੋ ਸਕਦਾ ਹੈ ਕਿ ਅੱਜ ਅਸੀਂ ਠੀਕ-ਠਾਕ ਹੋਈਏ ਅਤੇ ਕੱਲ੍ਹ ਨੂੰ ਬਹੁਤ ਬੀਮਾਰ ਹੋ ਜਾਈਏ। ਅੱਜ ਸ਼ਾਇਦ ਸਾਡੀ ਨੌਕਰੀ ਚੰਗੀ-ਭਲੀ ਚੱਲ ਰਹੀ ਹੋਵੇ ਅਤੇ ਕੱਲ੍ਹ ਨੂੰ ਸਾਨੂੰ ਜਵਾਬ ਮਿਲ ਜਾਵੇ। ਅਚਾਨਕ ਹੀ ਸ਼ਾਇਦ ਸਾਡੇ ਕਿਸੇ ਪਿਆਰੇ ਦੀ ਮੌਤ ਹੋ ਜਾਵੇ। ਹੋ ਸਕਦਾ ਹੈ ਕਿ ਕਿਸੇ ਦੇਸ਼ ਵਿਚ ਕੁਝ ਸਮੇਂ ਲਈ ਮਸੀਹੀ ਸ਼ਾਂਤ ਹਾਲਾਤਾਂ ਵਿਚ ਰਹਿੰਦੇ ਹੋਣ ਅਤੇ ਫਿਰ ਅਚਾਨਕ ਹੀ ਉਨ੍ਹਾਂ ਉੱਤੇ ਸਖ਼ਤ ਅਤਿਆਚਾਰ ਕੀਤਾ ਜਾਵੇ। ਸ਼ਾਇਦ ਸਾਡੇ ਉੱਤੇ ਝੂਠਾ ਇਲਜ਼ਾਮ ਲਗਾਇਆ ਜਾਵੇ ਜਿਸ ਕਾਰਨ ਸਾਡੇ ਨਾਲ ਬੇਇਨਸਾਫ਼ੀ ਹੋਵੇ। ਜੀ ਹਾਂ, ਕੋਈ ਵੀ ਨਹੀਂ ਜਾਣਦਾ ਕਿ ਭਲਕੇ ਜ਼ਿੰਦਗੀ ਵਿਚ ਕੀ ਹੋਣਾ ਹੈ।​—ਯਾਕੂਬ 4:13-15.

9. ਰੋਮੀਆਂ ਦੇ 8ਵੇਂ ਅਧਿਆਇ ਦੇ ਕੁਝ ਹਿੱਸਿਆਂ ਵੱਲ ਧਿਆਨ ਦੇਣਾ ਕਿਉਂ ਚੰਗਾ ਹੋਵੇਗਾ?

9 ਜਦੋਂ ਸਾਡੇ ਉੱਤੇ ਦੁੱਖ ਆਉਂਦੇ ਹਨ ਤਾਂ ਹੋ ਸਕਦਾ ਹੈ ਕਿ ਅਸੀਂ ਬਿਲਕੁਲ ਇਕੱਲੇ ਮਹਿਸੂਸ ਕਰਨ ਲੱਗ ਪਈਏ, ਇੱਥੋਂ ਤਕ ਕਿ ਇਹ ਵੀ ਸੋਚਣ ਲੱਗ ਪਈਏ ਕਿ ਪਰਮੇਸ਼ੁਰ ਹੁਣ ਸਾਡੇ ਨਾਲ ਅੱਗੇ ਜਿੰਨਾ ਪਿਆਰ ਨਹੀਂ ਕਰਦਾ। ਕਿਉਂ ਜੋ ਸਾਰਿਆਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਸਾਡੇ ਲਈ ਰੋਮੀਆਂ ਦੇ 8ਵੇਂ ਅਧਿਆਇ ਵਿਚ ਪੌਲੁਸ ਰਸੂਲ ਦੇ ਦਿਲਾਸਾ-ਭਰੇ ਸ਼ਬਦਾਂ ਵੱਲ ਧਿਆਨ ਦੇਣਾ ਚੰਗਾ ਹੋਵੇਗਾ। ਇਹ ਸ਼ਬਦ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖੇ ਗਏ ਸਨ। ਲੇਕਿਨ, ਇਹ ਹੋਰ ਭੇਡਾਂ ਉੱਤੇ ਵੀ ਲਾਗੂ ਕੀਤੇ ਜਾ ਸਕਦੇ ਹਨ ਜੋ ਕਿ ਅਬਰਾਹਾਮ ਵਾਂਗ ਪਰਮੇਸ਼ੁਰ ਦੇ ਮਿੱਤਰਾਂ ਵਜੋਂ ਧਰਮੀ ਠਹਿਰਾਏ ਗਏ ਹਨ।​—ਰੋਮੀਆਂ 4:20-22; ਯਾਕੂਬ 2:21-23.

10, 11. (ੳ) ਦੁਸ਼ਮਣ ਪਰਮੇਸ਼ੁਰ ਦੇ ਲੋਕਾਂ ਉੱਤੇ ਕਦੇ-ਕਦੇ ਕਿਹੜੇ ਇਲਜ਼ਾਮ ਲਗਾਉਂਦੇ ਹਨ? (ਅ) ਮਸੀਹੀਆਂ ਉੱਤੇ ਅਜਿਹੇ ਇਲਜ਼ਾਮਾਂ ਦਾ ਕੋਈ ਅਸਰ ਕਿਉਂ ਨਹੀਂ ਪੈਂਦਾ?

10ਰੋਮੀਆਂ 8:31-34 ਪੜ੍ਹੋ। ਪੌਲੁਸ ਨੇ ਇਹ ਪੁੱਛਿਆ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?” ਇਹ ਸੱਚ ਹੈ ਕਿ ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਸਾਡਾ ਵਿਰੋਧ ਕਰਦੇ ਹਨ। ਦੁਸ਼ਮਣ ਸ਼ਾਇਦ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਉਣ ਅਤੇ ਸਾਡੇ ਉੱਤੇ ਮੁਕੱਦਮੇ ਵੀ ਚਲਾਉਣ। ਕੁਝ ਮਸੀਹੀ ਮਾਪਿਆਂ ਉੱਤੇ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਕਿਉਂਕਿ ਉਹ ਉਨ੍ਹਾਂ ਦਾ ਉਹ ਇਲਾਜ ਨਹੀਂ ਕਰਵਾਉਂਦੇ ਜੋ ਪਰਮੇਸ਼ੁਰ ਦੀ ਨਿਯਮਾਂ ਦੇ ਖ਼ਿਲਾਫ਼ ਹੈ, ਜਾਂ ਉਨ੍ਹਾਂ ਨੂੰ ਝੂਠੇ ਧਰਮ ਦੇ ਤਿਉਹਾਰਾਂ ਵਿਚ ਹਿੱਸਾ ਨਹੀਂ ਲੈਣ ਦਿੰਦੇ। (ਰਸੂਲਾਂ ਦੇ ਕਰਤੱਬ 15:28, 29; 2 ਕੁਰਿੰਥੀਆਂ 6:14-16) ਦੂਸਰਿਆਂ ਵਫ਼ਾਦਾਰ ਮਸੀਹੀਆਂ ਉੱਤੇ ਰਾਜਧਰੋਹੀ ਹੋਣ ਦਾ ਝੂਠਾ ਦੋਸ਼ ਲਾਇਆ ਗਿਆ ਹੈ ਕਿਉਂਕਿ ਉਹ ਯੁੱਧਾਂ ਵਿਚ ਦੂਸਰਿਆਂ ਨੂੰ ਮਾਰਨ ਤੋਂ, ਜਾਂ ਰਾਜਨੀਤੀ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਨ। (ਯੂਹੰਨਾ 17:16) ਕੁਝ ਵਿਰੋਧੀਆਂ ਨੇ ਲੋਕ-ਸੰਚਾਰ ਰਾਹੀਂ ਝੂਠ ਫੈਲਾਏ ਹਨ, ਇੱਥੋਂ ਤਕ ਕਿ ਇਹ ਵੀ ਕਿਹਾ ਹੈ ਕਿ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਇਕ ਖ਼ਤਰਨਾਕ ਪੰਥ ਹੈ।

11 ਇਹ ਗੱਲ ਨਾ ਭੁੱਲੋ ਕਿ ਰਸੂਲਾਂ ਦੇ ਦਿਨਾਂ ਵਿਚ ਕਿਹਾ ਗਿਆ ਸੀ ਕਿ “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:22) ਪਰ ਮਸੀਹੀਆਂ ਉੱਤੇ ਝੂਠੇ ਇਲਜ਼ਾਮਾਂ ਦਾ ਕੋਈ ਅਸਰ ਨਹੀਂ ਪੈਂਦਾ। ਉਹ ਜਾਣਦੇ ਹਨ ਕਿ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰਨ ਕਾਰਨ ਪਰਮੇਸ਼ੁਰ ਉਨ੍ਹਾਂ ਨੂੰ ਸੱਚੇ ਅਤੇ ਧਰਮੀ ਠਹਿਰਾਉਂਦਾ ਹੈ। ਆਪਣੇ ਸੇਵਕਾਂ ਨੂੰ ਸਭ ਤੋਂ ਕੀਮਤੀ ਤੋਹਫ਼ਾ ਦੇਣ ਤੋਂ ਬਾਅਦ, ਯਾਨੀ ਆਪਣਾ ਪਿਆਰਾ ਪੁੱਤਰ, ਯਹੋਵਾਹ ਉਨ੍ਹਾਂ ਨੂੰ ਪਿਆਰ ਕਰਨ ਤੋਂ ਕਿਵੇਂ ਹਟ ਸਕਦਾ ਹੈ? (1 ਯੂਹੰਨਾ 4:10) ਜੀ ਉਠਾਇਆ ਗਿਆ ਮਸੀਹ ਹੁਣ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਕੇ ਆਪਣੇ ਚੇਲਿਆਂ ਲਈ ਸਿਫਾਰਸ਼ ਕਰਦਾ ਹੈ। ਮਸੀਹ ਦੀ ਸਫ਼ਾਈ ਨੂੰ ਕੋਈ ਵੀ ਗ਼ਲਤ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਕੋਈ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਤੋਂ ਉਸ ਦੀ ਮਿਹਰ ਹਟਾ ਸਕਦਾ ਹੈ।​—ਯਸਾਯਾਹ 50:8, 9; ਇਬਰਾਨੀਆਂ 4:15, 16.

12, 13. (ੳ) ਕਿਹੋ ਜਿਹੇ ਹਾਲਾਤ ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੇ? (ਅ) ਸ਼ਤਾਨ ਸਾਡੇ ਉੱਤੇ ਔਖੇ ਹਾਲਾਤ ਕਿਉਂ ਲਿਆਉਂਦਾ ਹੈ? (ੲ) ਮਸੀਹੀ ਜਿੱਤ ਕਿਉਂ ਪ੍ਰਾਪਤ ਕਰਦੇ ਹਨ?

12ਰੋਮੀਆਂ 8:35-37 ਪੜ੍ਹੋ। ਕੋਈ ਵੀ ਇਨਸਾਨ ਜਾਂ ਚੀਜ਼ ਯਹੋਵਾਹ ਅਤੇ ਯਿਸੂ ਮਸੀਹ ਦੇ ਪ੍ਰੇਮ ਤੋਂ ਸਾਨੂੰ ਅੱਡ ਨਹੀਂ ਕਰ ਸਕਦੀ, ਇਹ ਸਿਰਫ਼ ਅਸੀਂ ਖ਼ੁਦ ਹੀ ਕਰ ਸਕਦੇ ਹਾਂ। ਪਰ ਸ਼ਤਾਨ ਧਰਤੀ ਉੱਤੇ ਆਪਣੇ ਚੇਲਿਆਂ ਰਾਹੀਂ ਮਸੀਹੀਆਂ ਉੱਤੇ ਮੁਸੀਬਤਾਂ ਲਿਆ ਸਕਦਾ ਹੈ। ਪਿਛਲੀ ਸਦੀ ਦੌਰਾਨ ਕਈ ਦੇਸ਼ਾਂ ਵਿਚ ਸਾਡੇ ਮਸੀਹੀ ਭੈਣਾਂ-ਭਰਾਵਾਂ ਨੇ ਸਖ਼ਤ ਅਤਿਆਚਾਰ ਦਾ ਸਾਮ੍ਹਣਾ ਕੀਤਾ। ਅੱਜ ਕੁਝ ਦੇਸ਼ਾਂ ਵਿਚ ਸਾਡੇ ਭੈਣਾਂ-ਭਰਾਵਾਂ ਨੂੰ ਹਰ ਰੋਜ਼ ਪੈਸਿਆਂ ਦੀ ਤੰਗੀ ਹੁੰਦੀ ਹੈ। ਕਈਆਂ ਨੂੰ ਰੋਟੀ ਜਾਂ ਕੱਪੜਿਆਂ ਦੀ ਕਮੀ ਹੋਣ ਕਾਰਨ ਦੁੱਖ ਸਹਾਰਨੇ ਪੈਂਦੇ ਹਨ। ਤਾਂ ਫਿਰ, ਸ਼ਤਾਨ ਅਜਿਹੇ ਔਖਿਆਂ ਹਾਲਾਤਾਂ ਨੂੰ ਕਿਉਂ ਲਿਆਉਂਦਾ ਹੈ? ਉਹ ਚਾਹੁੰਦਾ ਹੈ ਕਿ ਲੋਕ ਯਹੋਵਾਹ ਦੀ ਸੱਚੀ ਭਗਤੀ ਕਰਨ ਵਿਚ ਹਿੰਮਤ ਹਾਰ ਦੇਣ। ਅਤੇ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਸੋਚਣ ਲੱਗ ਪਈਏ ਕਿ ਪਰਮੇਸ਼ੁਰ ਸਾਡੇ ਨਾਲ ਪ੍ਰੇਮ ਨਹੀਂ ਕਰਦਾ। ਪਰ, ਕੀ ਇਹ ਸੱਚ ਹੈ?

13 ਪੌਲੁਸ ਵਾਂਗ, ਜਿਸ ਨੇ ਜ਼ਬੂਰ 44:22 ਦੇ ਹਵਾਲੇ ਦਾ ਜ਼ਿਕਰ ਕੀਤਾ ਸੀ, ਅਸੀਂ ਵੀ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਉੱਤੇ, ਯਾਨੀ ਪਰਮੇਸ਼ੁਰ ਦੀਆਂ “ਭੇਡਾਂ” ਉੱਤੇ, ਇਹ ਗੱਲਾਂ ਉਸ ਦੇ ਨਾਂ ਕਾਰਨ ਹੁੰਦੀਆਂ ਹਨ। ਇਸ ਵਿਚ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਅਤੇ ਉਸ ਦੀ ਸਰਬਸੱਤਾ ਨੂੰ ਸਹੀ ਸਿੱਧ ਕਰਨਾ ਸ਼ਾਮਲ ਹੈ। ਪਰਮੇਸ਼ੁਰ ਨੇ ਇਨ੍ਹਾਂ ਵੱਡਿਆਂ ਵਾਦ-ਵਿਸ਼ਿਆਂ ਕਾਰਨ ਹੀ ਮੁਸ਼ਕਲਾਂ ਦੀ ਇਜਾਜ਼ਤ ਦਿੱਤੀ ਹੈ, ਨਾ ਕਿ ਇਸ ਕਾਰਨ ਕਿ ਉਹ ਹੁਣ ਸਾਡੇ ਨਾਲ ਪਿਆਰ ਨਹੀਂ ਕਰਦਾ। ਜੋ ਮਰਜ਼ੀ ਦੁੱਖ ਸਾਡੇ ਉੱਤੇ ਆਉਣ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਨਾਲ, ਯਾਨੀ ਸਾਡੇ ਨਾਲ, ਪ੍ਰੇਮ ਕਰਦਾ ਰਹੇਗਾ। ਚਾਹੇ ਜੋ ਮਰਜ਼ੀ ਸਾਡੇ ਨਾਲ ਬੀਤੇ ਜੇ ਅਸੀਂ ਖਰਿਆਈ ਕਾਇਮ ਰੱਖਾਂਗੇ ਤਾਂ ਅਸੀਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ। ਪਰਮੇਸ਼ੁਰ ਦੇ ਗਹਿਰੇ ਪ੍ਰੇਮ ਕਾਰਨ ਅਸੀਂ ਮਜ਼ਬੂਤ ਕੀਤੇ ਜਾਂਦੇ ਹਾਂ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਕਾਇਮ ਰਹਿਣ ਲਈ ਸਾਨੂੰ ਸਹਾਰਾ ਮਿਲਦਾ ਹੈ।

14. ਮਸੀਹੀਆਂ ਉੱਤੇ ਆਉਣ ਵਾਲੀਆਂ ਤੰਗੀਆਂ ਦੇ ਬਾਵਜੂਦ ਪੌਲੁਸ ਨੂੰ ਪਰਮੇਸ਼ੁਰ ਦੇ ਪ੍ਰੇਮ ਉੱਤੇ ਪੱਕਾ ਯਕੀਨ ਕਿਉਂ ਸੀ?

14ਰੋਮੀਆਂ 8:38, 39 ਪੜ੍ਹੋ। ਕਿਸ ਗੱਲ ਨੇ ਪੌਲੁਸ ਨੂੰ ਇਹ ਯਕੀਨ ਦਿਲਾਇਆ ਸੀ ਕਿ ਕੋਈ ਵੀ ਚੀਜ਼ ਮਸੀਹੀਆਂ ਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੀ? ਪ੍ਰਚਾਰ ਸੇਵਾ ਵਿਚ ਪੌਲੁਸ ਦੇ ਅਨੁਭਵਾਂ ਨੇ ਜ਼ਰੂਰ ਉਸ ਦੇ ਇਸ ਯਕੀਨ ਨੂੰ ਪੱਕਾ ਕੀਤਾ ਹੋਣਾ ਕਿ ਸਾਡੇ ਉੱਤੇ ਆਉਣ ਵਾਲੀਆਂ ਤੰਗੀਆਂ ਪਰਮੇਸ਼ੁਰ ਦੇ ਪ੍ਰੇਮ ਨੂੰ ਘੱਟ ਨਹੀਂ ਕਰਦੀਆਂ। (2 ਕੁਰਿੰਥੀਆਂ 11:23-27; ਫ਼ਿਲਿੱਪੀਆਂ 4:13) ਇਸ ਤੋਂ ਇਲਾਵਾ ਪੌਲੁਸ ਕੋਲ ਪਰਮੇਸ਼ੁਰ ਦੇ ਸਦੀਵੀ ਮਕਸਦ ਦੀ ਜਾਣਕਾਰੀ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਪਰਮੇਸ਼ੁਰ ਨੇ ਪਿਛਲਿਆਂ ਸਮਿਆਂ ਵਿਚ ਆਪਣੇ ਲੋਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ। ਕੀ ਮੌਤ ਵਫ਼ਾਦਾਰ ਸੇਵਕਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਹੈ? ਬਿਲਕੁਲ ਨਹੀਂ! ਜਿਹੜੇ ਵਫ਼ਾਦਾਰ ਸੇਵਕ ਮਰ ਗਏ ਹਨ ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਜੀਉਂਦੇ ਰਹਿੰਦੇ ਹਨ, ਅਤੇ ਉਹ ਉਨ੍ਹਾਂ ਨੂੰ ਸਮਾਂ ਆਉਣ ਤੇ ਦੁਬਾਰਾ ਜੀਵਨ ਬਖ਼ਸ਼ੇਗਾ।​—ਲੂਕਾ 20:37, 38; 1 ਕੁਰਿੰਥੀਆਂ 15:22-26.

15, 16. ਕੁਝ ਗੱਲਾਂ ਬਾਰੇ ਦੱਸੋ ਜੋ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਲਈ ਉਸ ਦੇ ਪ੍ਰੇਮ ਨੂੰ ਰੋਕ ਨਹੀਂ ਸਕਦੀਆਂ।

15 ਜ਼ਿੰਦਗੀ ਵਿਚ ਸਾਡੇ ਉੱਤੇ ਜੋ ਵੀ ਬਿਪਤਾ ਆਵੇ, ਚਾਹੇ ਇਹ ਭਿਆਨਕ ਹਾਦਸਾ ਹੋਵੇ, ਜਾਨ-ਲੇਵਾ ਬੀਮਾਰੀ, ਜਾਂ ਪੈਸਿਆਂ ਦੀ ਤੰਗੀ, ਪਰਮੇਸ਼ੁਰ ਸਾਨੂੰ ਹਰ ਹਾਲਤ ਵਿਚ ਪਿਆਰ ਕਰਦਾ ਰਹੇਗਾ। ਤਾਕਤਵਰ ਦੂਤ, ਜਿਵੇਂ ਕਿ ਅਵੱਗਿਆਕਾਰ ਸ਼ਤਾਨ, ਯਹੋਵਾਹ ਨੂੰ ਆਪਣੇ ਵਫ਼ਾਦਾਰ ਸੇਵਕਾਂ ਨਾਲ ਪ੍ਰੇਮ ਕਰਨ ਤੋਂ ਨਹੀਂ ਰੋਕ ਸਕਦੇ। (ਅੱਯੂਬ 2:3) ਸਰਕਾਰਾਂ ਸ਼ਾਇਦ ਪਰਮੇਸ਼ੁਰ ਦੇ ਸੇਵਕਾਂ ਉੱਤੇ ਪਾਬੰਦੀਆਂ ਲਗਾਉਣ, ਉਨ੍ਹਾਂ ਨੂੰ ਕੈਦ ਕਰਨ, ਉਨ੍ਹਾਂ ਨਾਲ ਭੈੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਬਦਨਾਮ ਕਰਾਉਣ। (1 ਕੁਰਿੰਥੀਆਂ 4:13) ਅਤੇ ਕੌਮਾਂ ਵੱਲੋਂ ਅਜਿਹੀ ਨਫ਼ਰਤ ਕਰਕੇ ਕੁਝ ਲੋਕ ਸ਼ਾਇਦ ਸਾਡਾ ਵਿਰੋਧ ਕਰਨ ਲਈ ਮਜਬੂਰ ਹੋ ਜਾਣ, ਪਰ ਫਿਰ ਵੀ ਇਸ ਵਿਸ਼ਵ ਦਾ ਅੱਤ ਮਹਾਨ ਰਾਜਾ ਸਾਡੇ ਤੋਂ ਮੂੰਹ ਨਹੀਂ ਮੋੜੇਗਾ।

16 ਮਸੀਹੀਆਂ ਵਜੋਂ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ “ਵਰਤਮਾਨ ਵਸਤਾਂ” ਜਿਨ੍ਹਾਂ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ, ਯਾਨੀ ਉਹ ਘਟਨਾਵਾਂ, ਹਾਲਾਤ, ਅਤੇ ਸਥਿਤੀਆਂ ਜੋ ਹੁਣ ਇਸ ਦੁਨੀਆਂ ਵਿਚ ਹਨ ਜਾਂ ਭਵਿੱਖ ਵਿਚ “ਹੋਣ ਵਾਲੀਆਂ ਵਸਤਾਂ” ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੀਆਂ। ਭਾਵੇਂ ਕਿ ਧਰਤੀ ਅਤੇ ਸਵਰਗ ਵਿਚ ਸ਼ਕਤੀਆਂ ਸਾਡੇ ਵਿਰੁੱਧ ਲੜਦੀਆਂ ਹਨ ਪਰਮੇਸ਼ੁਰ ਦਾ ਪ੍ਰੇਮ ਸਾਨੂੰ ਬਚਾਵੇਗਾ। ਪੌਲੁਸ ਨੇ ਕਿਹਾ ਸੀ ਕਿ ਪਰਮੇਸ਼ੁਰ ਦੇ ਪ੍ਰੇਮ ਨੂੰ “ਨਾ ਉਚਿਆਈ, ਨਾ ਡੁੰਘਿਆਈ” ਰੋਕ ਸਕਦੀ ਹੈ। ਜੀ ਹਾਂ, ਕੋਈ ਵੀ ਚੀਜ਼ ਜੋ ਸਾਨੂੰ ਨਿਰਾਸ਼ ਕਰਦੀ ਹੈ ਜਾਂ ਸਾਡੇ ਉੱਤੇ ਦਬਾਅ ਪਾਉਂਦੀ ਹੈ, ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦੀ; ਕੋਈ ਵੀ ਰਚਨਾ ਸ੍ਰਿਸ਼ਟੀਕਰਤਾ ਨਾਲ ਸਾਡੇ ਰਿਸ਼ਤੇ ਨੂੰ ਨਹੀਂ ਵਿਗਾੜ ਸਕਦੀ। ਪਰਮੇਸ਼ੁਰ ਦਾ ਪ੍ਰੇਮ ਕਦੇ ਟਲਦਾ ਨਹੀਂ; ਇਹ ਹਮੇਸ਼ਾ ਕਾਇਮ ਰਹਿੰਦਾ ਹੈ।​—1 ਕੁਰਿੰਥੀਆਂ 13:8.

ਪਰਮੇਸ਼ੁਰ ਦੇ ਪ੍ਰੇਮ ਅਤੇ ਉਸ ਦੀ ਮਿੱਤਰਤਾ ਦੀ ਹਮੇਸ਼ਾ ਕਦਰ ਕਰਦੇ ਰਹੋ

17. (ੳ) ਪਰਮੇਸ਼ੁਰ ਦਾ ਪ੍ਰੇਮ ‘ਜੀਵਨ ਨਾਲੋਂ ਚੰਗਾ’ ਕਿਉਂ ਹੈ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਪ੍ਰੇਮ ਅਤੇ ਉਸ ਦੀ ਮਿੱਤਰਤਾ ਦੀ ਕਦਰ ਕਰਦੇ ਹਾਂ?

17 ਤੁਹਾਡੇ ਲਈ ਪਰਮੇਸ਼ੁਰ ਦਾ ਪ੍ਰੇਮ ਕਿੰਨਾ ਕੁ ਮਹੱਤਵਪੂਰਣ ਹੈ? ਦਾਊਦ ਨੇ ਲਿਖਿਆ: “ਏਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ। ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ।” (ਜ਼ਬੂਰ 63:3, 4) ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਇਸ ਦੁਨੀਆਂ ਵਿਚ ਅਜਿਹੀ ਕੋਈ ਵੀ ਚੀਜ਼ ਹੈ ਜੋ ਪਰਮੇਸ਼ੁਰ ਦੇ ਪ੍ਰੇਮ ਅਤੇ ਮਿੱਤਰਤਾ ਨਾਲੋਂ ਬਿਹਤਰ ਹੈ? ਮਿਸਾਲ ਲਈ, ਕੀ ਕਿਸੇ ਵੀ ਚੰਗੀ ਨੌਕਰੀ ਤੋਂ ਉਹ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲ ਸਕਦੀ ਹੈ ਜੋ ਪਰਮੇਸ਼ੁਰ ਨਾਲ ਇਕ ਚੰਗੇ ਰਿਸ਼ਤੇ ਤੋਂ ਮਿਲਦੀ ਹੈ? (ਲੂਕਾ 12:15) ਕੁਝ ਮਸੀਹੀਆਂ ਨੂੰ ਇਹ ਫ਼ੈਸਲਾ ਕਰਨਾ ਪਿਆ ਹੈ ਕਿ ਉਹ ਜਾਂ ਤਾਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ ਜਾਂ ਉਹ ਸ਼ਹੀਦ ਹੋ ਜਾਣ। ਦੂਸਰੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਨਜ਼ਰਬੰਦੀ-ਕੈਂਪਾਂ ਵਿਚ ਯਹੋਵਾਹ ਦੇ ਕਈ ਗਵਾਹਾਂ ਨਾਲ ਇਸੇ ਤਰ੍ਹਾਂ ਹੋਇਆ ਸੀ। ਉਸ ਸਮੇਂ ਲਗਭਗ ਸਾਰਿਆਂ ਮਸੀਹੀ ਭਰਾਵਾਂ ਨੇ ਮੌਤ ਦਾ ਸਾਮ੍ਹਣਾ ਕਰ ਕੇ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹਿਣ ਦਾ ਫ਼ੈਸਲਾ ਕੀਤਾ। ਜੋ ਪਰਮੇਸ਼ੁਰ ਦੇ ਪ੍ਰੇਮ ਵਿਚ ਵਫ਼ਾਦਾਰੀ ਨਾਲ ਕਾਇਮ ਰਹਿੰਦੇ ਹਨ ਉਹ ਪਰਮੇਸ਼ੁਰ ਤੋਂ ਸਦਾ ਦਾ ਜੀਵਨ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਨ। ਉਨ੍ਹਾਂ ਨੂੰ ਦੁਨੀਆਂ ਤੋਂ ਅਜਿਹੀ ਉਮੀਦ ਨਹੀਂ ਮਿਲ ਸਕਦੀ। (ਮਰਕੁਸ 8:34-36) ਪਰ ਇਸ ਵਿਚ ਸਦਾ ਦੇ ਜੀਵਨ ਨਾਲੋਂ ਹੋਰ ਵੀ ਕੁਝ ਸ਼ਾਮਲ ਹੈ।

18. ਸਦਾ ਦਾ ਜੀਵਨ ਕਿਉਂ ਮਨਭਾਉਂਦਾ ਹੈ?

18 ਯਹੋਵਾਹ ਤੋਂ ਬਗੈਰ ਇਕ ਬਹੁਤ ਹੀ ਲੰਬੀ ਜ਼ਿੰਦਗੀ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ। ਅਜਿਹੀ ਜ਼ਿੰਦਗੀ ਮਕਸਦ ਤੋਂ ਬਿਨਾਂ ਅਤੇ ਬਿਲਕੁਲ ਵਿਅਰਥ ਹੋਵੇਗੀ। ਹਾਂ, ਯਹੋਵਾਹ ਤੋਂ ਬਗੈਰ ਸਦਾ ਲਈ ਜੀਉਣਾ ਨਾਮੁਮਕਿਨ ਹੈ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਹੁਤ ਸਾਰਾ ਚੰਗਾ ਕੰਮ ਦਿੱਤਾ ਹੈ। ਇਸ ਲਈ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਆਪਣਾ ਮਕਸਦ ਪੂਰਾ ਕਰ ਕੇ ਸਾਨੂੰ ਸਦਾ ਦਾ ਜੀਵਨ ਬਖ਼ਸ਼ੇਗਾ ਤਾਂ ਅਸੀਂ ਵਧੀਆ ਅਤੇ ਫ਼ਾਇਦੇਮੰਦ ਕੰਮ ਸਿੱਖ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11) ਸਦਾ ਦੇ ਜੀਵਨ ਦੌਰਾਨ ਅਸੀਂ ਚਾਹੇ ਜਿੰਨਾ ਮਰਜ਼ੀ ਸਿੱਖ ਲਈਏ, ਅਸੀਂ ਕਦੀ ਵੀ ‘ਪਰਮੇਸ਼ੁਰ ਦੇ ਧਨ ਅਤੇ ਬੁੱਧ ਅਤੇ ਗਿਆਨ ਦੀ ਡੂੰਘਾਈ’ ਨੂੰ ਪੂਰੀ ਤਰ੍ਹਾਂ ਨਹੀਂ ਸਮਝਾਂਗੇ।​—ਰੋਮੀਆਂ 11:33.

ਪਿਤਾ ਤੁਹਾਡੇ ਨਾਲ ਪਿਆਰ ਕਰਦਾ ਹੈ

19. ਸਵਰਗ ਨੂੰ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਭਰੋਸਾ ਦਿਲਾਇਆ ਸੀ?

19 ਨੀਸਾਨ 14, 33 ਸਾ.ਯੁ. ਤੇ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨਾਲ ਆਪਣੀ ਆਖ਼ਰੀ ਸ਼ਾਮ ਗੁਜ਼ਾਰੀ ਸੀ। ਉਸ ਨੇ ਉਨ੍ਹਾਂ ਨੂੰ ਹੋਣ ਵਾਲੀਆਂ ਘਟਨਾਵਾਂ ਲਈ ਮਜ਼ਬੂਤ ਕਰਨ ਲਈ ਕਈ ਗੱਲਾਂ ਦੱਸੀਆਂ ਸਨ। ਉਨ੍ਹਾਂ ਸਾਰਿਆਂ ਨੇ ਪਰੀਖਿਆਵਾਂ ਦੌਰਾਨ ਯਿਸੂ ਦਾ ਸਾਥ ਦਿੱਤਾ ਸੀ ਅਤੇ ਉਸ ਦਾ ਪਿਆਰ ਪਾਇਆ। (ਲੂਕਾ 22:28, 30; ਯੂਹੰਨਾ 1:16; 13:1) ਯਿਸੂ ਨੇ ਉਨ੍ਹਾਂ ਨੂੰ ਭਰੋਸਾ ਦਿਲਾਇਆ: “ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ।” (ਯੂਹੰਨਾ 16:27) ਇਨ੍ਹਾਂ ਸ਼ਬਦਾਂ ਰਾਹੀਂ ਚੇਲਿਆਂ ਨੂੰ ਜ਼ਰੂਰ ਇਹਸਾਸ ਹੋਇਆ ਹੋਵੇਗਾ ਕਿ ਉਨ੍ਹਾਂ ਦਾ ਸਵਰਗੀ ਪਿਤਾ ਉਨ੍ਹਾਂ ਨਾਲ ਬਹੁਤ ਹੀ ਪਿਆਰ ਕਰਦਾ ਸੀ!

20. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ, ਅਤੇ ਤੁਸੀਂ ਕਿਸ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ?

20 ਕਈ ਮਸੀਹੀ ਪਰਮੇਸ਼ੁਰ ਦੀ ਸੇਵਾ ਕਈ ਦਹਾਕਿਆਂ ਤੋਂ ਕਰਦੇ ਆਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਤੋਂ ਪਹਿਲਾਂ ਅਸੀਂ ਹੋਰ ਕਈ ਪਰੀਖਿਆਵਾਂ ਦਾ ਸਾਮ੍ਹਣਾ ਕਰਾਂਗੇ। ਅਜਿਹੀਆਂ ਪਰੀਖਿਆਵਾਂ ਜਾਂ ਚਿੰਤਾਵਾਂ ਕਾਰਨ ਆਓ ਆਪਾਂ ਪਰਮੇਸ਼ੁਰ ਦੇ ਪ੍ਰੇਮ ਉੱਤੇ ਕਦੀ ਵੀ ਸ਼ੱਕ ਨਾ ਕਰੀਏ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ: ਯਹੋਵਾਹ ਤੁਹਾਡੇ ਨਾਲ ਬਹੁਤ ਹੀ ਪਿਆਰ ਕਰਦਾ ਹੈ। (ਯਾਕੂਬ 5:11) ਆਓ ਆਪਾਂ ਸਾਰੇ ਜਣੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਰਹੀਏ। (ਯੂਹੰਨਾ 15:8-10) ਅਤੇ ਆਓ ਆਪਾਂ ਹਰ ਮੌਕੇ ਤੇ ਯਹੋਵਾਹ ਦੇ ਨਾਂ ਦੀ ਉਸਤਤ ਕਰਦੇ ਰਹੀਏ। ਸਾਨੂੰ ਪ੍ਰਾਰਥਨਾ ਅਤੇ ਬਾਈਬਲ ਅਧਿਐਨ ਰਾਹੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੇ ਆਪਣੇ ਇਰਾਦੇ ਨੂੰ ਪੱਕਾ ਕਰਨਾ ਚਾਹੀਦਾ ਹੈ। ਭਲਕੇ ਜੋ ਮਰਜ਼ੀ ਹੋਵੇ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਹਮੇਸ਼ਾ ਪਿਆਰ ਕਰਦਾ ਰਹੇਗਾ।​—2 ਪਤਰਸ 3:14.

ਤੁਸੀਂ ਕਿਵੇਂ ਜਵਾਬ ਦਿਓਗੇ?

• ਰੂਹਾਨੀ ਅਤੇ ਭਾਵਾਤਮਕ ਸੰਤੁਲਨ ਲਈ ਸਾਨੂੰ ਕਿਸ ਦੇ ਪ੍ਰੇਮ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ?

• ਕਿਹੜੀਆਂ ਗੱਲਾਂ ਯਹੋਵਾਹ ਨੂੰ ਆਪਣੇ ਸੇਵਕਾਂ ਨਾਲ ਪ੍ਰੇਮ ਕਰਨ ਤੋਂ ਕਦੀ ਨਹੀਂ ਰੋਕ ਸਕਦੀਆਂ?

• ਯਹੋਵਾਹ ਦਾ ਪ੍ਰੇਮ ‘ਜੀਵਨ ਨਾਲੋਂ ਚੰਗਾ’ ਕਿਉਂ ਹੈ?

[ਸਵਾਲ]

[ਸਫ਼ੇ 13 ਉੱਤੇ ਤਸਵੀਰਾਂ]

ਜੇਕਰ ਸਾਨੂੰ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਦੂਰ ਹੋ ਗਏ ਹਾਂ ਤਾਂ ਅਸੀਂ ਸੁਧਾਰ ਕਰਨ ਲਈ ਕਦਮ ਚੁੱਕ ਸਕਦੇ ਹਾਂ

[ਸਫ਼ੇ 15 ਉੱਤੇ ਤਸਵੀਰ]

ਪੌਲੁਸ ਜਾਣਦਾ ਸੀ ਕਿ ਉਸ ਉ ਤੇ ਅਤਿਆਚਾਰ ਕਿਉਂ ਕੀਤਾ ਜਾ ਰਿਹਾ ਸੀ