Skip to content

Skip to table of contents

ਸੰਸਾਰ ਨੂੰ ਕੌਣ ਸੁਖੀ ਬਣਾਵੇਗਾ?

ਸੰਸਾਰ ਨੂੰ ਕੌਣ ਸੁਖੀ ਬਣਾਵੇਗਾ?

ਸੰਸਾਰ ਨੂੰ ਕੌਣ ਸੁਖੀ ਬਣਾਵੇਗਾ?

ਟਾਈਮ ਰਸਾਲੇ ਵਿਚ ਕਿਹਾ ਗਿਆ ਸੀ ਕਿ “ਯਿਸੂ ਮਸੀਹ ਸਿਰਫ਼ ਪਿਛਲਿਆਂ ਦੋ ਹਜ਼ਾਰ ਸਾਲਾਂ ਵਿਚ ਹੀ ਨਹੀਂ ਪਰ ਇਨਸਾਨਾਂ ਦੇ ਪੂਰੇ ਇਤਿਹਾਸ ਵਿਚ ਸਭ ਤੋਂ ਮਸ਼ਹੂਰ ਬੰਦਾ ਰਿਹਾ ਹੈ।” ਜਦੋਂ ਯਿਸੂ ਧਰਤੀ ਤੇ ਸੀ ਤਾਂ ਹਜ਼ਾਰਾਂ ਨੇਕਦਿਲ ਲੋਕਾਂ ਨੇ ਪਛਾਣਿਆ ਕਿ ਉਹ ਮਹਾਨ ਹੀ ਨਹੀਂ ਸੀ ਪਰ ਦੂਸਰਿਆਂ ਦੀ ਪਰਵਾਹ ਵੀ ਕਰਦਾ ਸੀ। ਇਸ ਕਰਕੇ ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿ ਲੋਕ ਉਸ ਨੂੰ ਪਾਤਸ਼ਾਹ ਬਣਾਉਣਾ ਚਾਹੁੰਦੇ ਸਨ। (ਯੂਹੰਨਾ 6:10, 14, 15) ਪਰ ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਯਿਸੂ ਨੇ ਸਿਆਸਤ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਯਿਸੂ ਦਾ ਜਵਾਬ ਘੱਟੋ-ਘੱਟ ਤਿੰਨ ਗੱਲਾਂ ਉੱਤੇ ਆਧਾਰਿਤ ਸੀ। ਪਹਿਲੀ: ਉਹ ਜਾਣਦਾ ਸੀ ਕਿ ਜਦੋਂ ਲੋਕ ਮਨੁੱਖੀ ਹਾਕਮਾਂ ਵਰਗਿਆਂ ਪ੍ਰਬੰਧਾਂ ਰਾਹੀਂ ਆਪ ਫ਼ੈਸਲਾ ਕਰਨਾ ਚਾਹੁੰਦੇ ਹਨ ਕਿ ਕੀ ਸਹੀ ਹੈ ਅਤੇ ਕੀ ਗ਼ਲਤ, ਤਾਂ ਉਸ ਦੇ ਪਿਤਾ ਦਾ ਇਸ ਬਾਰੇ ਕੀ ਖ਼ਿਆਲ ਹੈ। ਦੂਜੀ: ਯਿਸੂ ਜਾਣਦਾ ਸੀ ਕਿ ਮਨੁੱਖਾਂ ਦੀਆਂ ਵਧੀਆ ਤੋਂ ਵਧੀਆ ਪਾਤਸ਼ਾਹੀਆਂ ਦੇ ਪਿੱਛੇ ਪ੍ਰਭਾਵਸ਼ਾਲੀ ਗੁਪਤ ਤਾਕਤਾਂ ਸਨ ਜੋ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੀਆਂ। ਤੀਜੀ: ਪਰਮੇਸ਼ੁਰ ਦਾ ਮਕਸਦ ਹੈ ਕਿ ਉਹ ਸਾਰੀ ਧਰਤੀ ਉੱਤੇ ਰਾਜ ਕਰਨ ਲਈ ਸਵਰਗ ਤੋਂ ਇਕ ਸਰਕਾਰ ਸਥਾਪਿਤ ਕਰੇਗਾ। ਅਸੀਂ ਇਨ੍ਹਾਂ ਤਿੰਨਾਂ ਗੱਲਾਂ ਦੀ ਜਾਂਚ ਕਰ ਕੇ ਦੇਖਾਂਗੇ ਕਿ ਸੰਸਾਰ ਨੂੰ ਬਿਹਤਰ ਬਣਾਉਣ ਦੇ ਮਨੁੱਖੀ ਜਤਨ ਸਫ਼ਲ ਕਿਉਂ ਨਹੀਂ ਹੋਏ ਹਨ। ਅਸੀਂ ਇਹ ਵੀ ਦੇਖਾਂਗੇ ਕਿ ਸੰਸਾਰ ਕਿਸ ਤਰ੍ਹਾਂ ਸੁਖੀ ਬਣਾਇਆ ਜਾਵੇਗਾ।

ਕੀ ਇਨਸਾਨ ਆਪਣੇ ਆਪ ਉੱਤੇ ਰਾਜ ਕਰਨ ਦੇ ਕਾਬਲ ਹਨ?

ਰੱਬ ਨੇ ਇਨਸਾਨ ਨੂੰ ਬਣਾ ਕੇ ਉਸ ਨੂੰ ਸਾਰੇ ਜਾਨਵਰਾਂ ਅਤੇ ਹੋਰ ਜੀਵ-ਜੰਤੂਆਂ ਉੱਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਸੀ। (ਉਤਪਤ 1:26) ਪਰ ਇਨਸਾਨਜਾਤੀ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਸੀ। ਇਨਸਾਨਾਂ ਦਾ ਪਹਿਲਾ ਜੋੜਾ ਪਰਮੇਸ਼ੁਰ ਦੇ ਆਗਿਆਕਾਰ ਹੋ ਕੇ ਆਪਣੀ ਅਧੀਨਗੀ ਦਿਖਾ ਸਕਦੇ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਉਹ “ਭਲੇ ਬੁਰੇ ਦੀ ਸਿਆਣ ਦੇ ਬਿਰਛ” ਦਾ ਫਲ ਨਾ ਖਾਣ। (ਉਤਪਤ 2:17) ਅਫ਼ਸੋਸ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਆਪਣੀ ਇੱਛਾ ਕਰਨ ਦੀ ਆਜ਼ਾਦੀ ਨੂੰ ਠੀਕ ਤਰ੍ਹਾਂ ਨਹੀਂ ਵਰਤਿਆ ਅਤੇ ਪਰਮੇਸ਼ੁਰ ਦਾ ਹੁਕਮ ਤੋੜਿਆ। ਮਨ੍ਹਾ ਕੀਤਾ ਹੋਇਆ ਫਲ ਖਾ ਕੇ ਉਨ੍ਹਾਂ ਨੇ ਸਿਰਫ਼ ਚੋਰੀ ਹੀ ਨਹੀਂ ਕੀਤੀ, ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਖ਼ਿਲਾਫ ਬਗਾਵਤ ਵੀ ਕੀਤੀ। ਦ ਨਿਊ ਯਰੂਸ਼ਲਮ ਬਾਈਬਲ ਵਿਚ ਉਤਪਤ 2:17 ਦੇ ਫੁਟਨੋਟ ਵਿਚ ਲਿਖਿਆ ਹੈ ਕਿ ਆਦਮ ਅਤੇ ਹੱਵਾਹ ਨੇ ਦਾਅਵਾ ਕੀਤਾ ਕਿ ਉਹ “ਬਿਲਕੁਲ ਆਜ਼ਾਦ ਸਨ ਅਤੇ ਆਪਣੇ ਫ਼ੈਸਲੇ ਖ਼ੁਦ ਕਰ ਸਕਦੇ ਸਨ ਅਤੇ ਕਿ ਉਹ ਕੋਈ ਸ੍ਰਿਸ਼ਟ ਕੀਤੀ ਹੋਈ ਚੀਜ਼ ਨਹੀਂ ਸਨ। . . . ਪਹਿਲਾ ਪਾਪ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਉੱਤੇ ਇਕ ਹਮਲਾ ਸੀ।”

ਇਸ ਪਾਪ ਨੇ ਬੜੇ ਵੱਡੇ ਸਵਾਲ ਖੜ੍ਹੇ ਕੀਤੇ। ਇਸ ਲਈ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਤੇ ਉਨ੍ਹਾਂ ਦੀ ਔਲਾਦ ਨੂੰ ਆਪਣੀ ਮਰਜ਼ੀ ਕਰਨ ਦਿੱਤੀ ਜਿਸ ਵਿਚ ਉਨ੍ਹਾਂ ਨੇ ਖ਼ੁਦ ਫ਼ੈਸਲਾ ਕੀਤਾ ਕਿ ਕੀ ਸਹੀ ਹੈ ਅਤੇ ਕੀ ਗ਼ਲਤ। (ਜ਼ਬੂਰ 147:19, 20; ਰੋਮੀਆਂ 2:14) ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਤੋਂ ਇਨਸਾਨਾਂ ਨੇ ਖ਼ੁਦ ਰਾਜ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ। ਕੀ ਉਹ ਕਾਮਯਾਬ ਹੋਏ ਹਨ? ਇੰਨੇ ਹਜ਼ਾਰ ਸਾਲਾਂ ਦੇ ਬੀਤਣ ਤੋਂ ਬਾਅਦ ਅਸੀਂ ਇਤਿਹਾਸ ਵੱਲ ਦੇਖ ਕੇ ਕਹਿ ਸਕਦੇ ਹਾਂ ਕਿ ਉਹ ਕਾਮਯਾਬ ਨਹੀਂ ਹੋਏ ਹਨ। ਉਪਦੇਸ਼ਕ ਦੀ ਪੋਥੀ 8:9 ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” ਇਨਸਾਨਾਂ ਦੇ ਇਤਿਹਾਸ ਦੇ ਭੈੜੇ ਰਿਕਾਰਡ ਦੀ ਸੱਚਾਈ ਯਿਰਮਿਯਾਹ 10:23 ਵਿਚ ਪੜ੍ਹੀ ਜਾ ਸਕਦੀ ਹੈ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਇਤਿਹਾਸ ਨੇ ਸਬੂਤ ਪੇਸ਼ ਕੀਤਾ ਹੈ ਕਿ ਇਨਸਾਨ ਆਪਣੇ ਸਿਰਜਣਹਾਰ ਤੋਂ ਬਿਨਾਂ ਕਾਮਯਾਬੀ ਨਾਲ ਰਾਜ ਨਹੀਂ ਕਰ ਸਕਦੇ।

ਯਿਸੂ ਵੀ ਇਹ ਗੱਲ ਜਾਣਦਾ ਸੀ। ਇਸ ਲਈ ਉਹ ਪਰਮੇਸ਼ੁਰ ਤੋਂ ਅਜ਼ਾਦ ਹੋਣ ਦੇ ਖ਼ਿਆਲ ਨਾਲ ਨਫ਼ਰਤ ਕਰਦਾ ਸੀ। “ਮੈਂ ਆਪਣੀ ਵੱਲੋਂ ਕੁਝ ਨਹੀਂ ਕਰਦਾ,” ਉਸ ਨੇ ਕਿਹਾ। “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ [ਪਰਮੇਸ਼ੁਰ] ਨੂੰ ਭਾਉਂਦੇ ਹਨ।” (ਯੂਹੰਨਾ 4:34; 8:28, 29) ਇਸ ਲਈ ਪਰਮੇਸ਼ੁਰ ਦੀ ਮਨਜ਼ੂਰੀ ਤੋਂ ਬਿਨਾਂ ਉਹ ਇਨਸਾਨਾਂ ਦੀ ਮਰਜ਼ੀ ਮੁਤਾਬਕ ਪਾਤਸ਼ਾਹ ਬਣਨ ਲਈ ਤਿਆਰ ਨਹੀਂ ਸੀ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੂਸਰਿਆਂ ਦੀ ਮਦਦ ਕਰਨ ਤੋਂ ਪਿੱਛੇ ਹਟਦਾ ਸੀ। ਇਸ ਤਰ੍ਹਾਂ ਕਰਨ ਦੀ ਬਜਾਇ ਉਹ ਆਪਣੀ ਪੂਰੀ ਵਾਹ ਲਾ ਕੇ ਲੋਕਾਂ ਦੀ ਮਦਦ ਕਰਦਾ ਸੀ ਤਾਂਕਿ ਉਹ ਉਸ ਵੇਲੇ ਅਤੇ ਭਵਿੱਖ ਵਿਚ ਪੂਰੀ ਖ਼ੁਸ਼ੀ ਦਾ ਲਾਭ ਉਠਾ ਸਕਣ। ਉਸ ਨੇ ਇਨਸਾਨਜਾਤੀ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ ਸੀ। (ਮੱਤੀ 5:3-11; 7:24-27; ਯੂਹੰਨਾ 3:16) ਯਿਸੂ ਜਾਣਦਾ ਸੀ ਕਿ “ਹਰੇਕ ਕੰਮ ਦਾ ਇੱਕ ਸਮਾ ਹੈ,” ਅਤੇ ਅਜਿਹਾ ਸਮਾਂ ਵੀ ਆਵੇਗਾ ਜਦ ਪਰਮੇਸ਼ੁਰ ਆਪਣੇ ਰਾਜ ਕਰਨ ਦੇ ਹੱਕ ਨੂੰ ਜਤਾਏਗਾ। (ਉਪਦੇਸ਼ਕ ਦੀ ਪੋਥੀ 3:1; ਮੱਤੀ 24:14, 21, 22, 36-39) ਪਰ ਯਾਦ ਕਰੋ ਕਿ ਅਦਨ ਦੇ ਬਾਗ਼ ਵਿਚ ਇਕ ਦੁਸ਼ਟ ਦੂਤ ਨੇ ਇਕ ਸੱਪ ਦੇ ਰਾਹੀਂ ਸਾਡੇ ਪਹਿਲੇ ਮਾਂ-ਬਾਪ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਉਸ ਦੀ ਗੱਲ ਉੱਤੇ ਇਤਬਾਰ ਕੀਤਾ ਸੀ। ਇਹ ਗੱਲ ਚੇਤੇ ਰੱਖਦੇ ਹੋਏ ਅਸੀਂ ਦੂਜੀ ਗੱਲ ਤਕ ਪਹੁੰਚਦੇ ਹਾਂ ਜਿਸ ਕਰਕੇ ਯਿਸੂ ਨੇ ਸਿਆਸਤ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ।

ਸੰਸਾਰ ਦਾ ਅਸਲੀ ਹਾਕਮ

ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਤਾਨ ਨੇ ਯਿਸੂ ਨੂੰ ਕਿਹਾ ਕਿ ਜੇ ਤੂੰ ਮੈਨੂੰ ਮੱਥਾ ਟੇਕੇਗਾ, ਤਾਂ ਮੈਂ ਤੈਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਦਿਆਂਗਾ। (ਮੱਤੀ 4:8-10) ਕਿਹਾ ਜਾ ਸਕਦਾ ਹੈ ਕਿ ਯਿਸੂ ਨੂੰ ਸ਼ਤਾਨ ਦੀਆਂ ਸ਼ਰਤਾਂ ਤੇ ਸੰਸਾਰ ਦੀ ਹਕੂਮਤ ਪੇਸ਼ ਕੀਤੀ ਗਈ ਸੀ। ਯਿਸੂ ਇਸ ਪਰਤਾਵੇ ਦਾ ਸ਼ਿਕਾਰ ਨਹੀਂ ਬਣਿਆ ਸੀ। ਪਰ ਕੀ ਇਹ ਅਸਲੀ ਪਰਤਾਵਾ ਸੀ? ਕੀ ਸ਼ਤਾਨ ਉਸ ਨੂੰ ਸੱਚ-ਮੱਚ ਸਾਰੀ ਹਕੂਮਤ ਪੇਸ਼ ਕਰ ਸਕਦਾ ਸੀ? ਜੀ ਹਾਂ ਕਿਉਂਕਿ ਯਿਸੂ ਨੇ ਸ਼ਤਾਨ ਨੂੰ “ਜਗਤ ਦਾ ਸਰਦਾਰ” ਸੱਦਿਆ ਸੀ ਅਤੇ ਪੌਲੁਸ ਰਸੂਲ ਨੇ ਉਸ ਨੂੰ ‘ਜੁੱਗ ਦਾ ਈਸ਼ੁਰ’ ਕਿਹਾ ਸੀ।—ਯੂਹੰਨਾ 14:30; 2 ਕੁਰਿੰਥੀਆਂ 4:4; ਅਫ਼ਸੀਆਂ 6:12.

ਯਿਸੂ ਜਾਣਦਾ ਸੀ ਕਿ ਸ਼ਤਾਨ ਇਨਸਾਨਜਾਤੀ ਦੀ ਭਲਾਈ ਨਹੀਂ ਸੀ ਚਾਹੁੰਦਾ। ਯਿਸੂ ਨੇ ਸ਼ਤਾਨ ਨੂੰ “ਮਨੁੱਖ ਘਾਤਕ” ਅਤੇ “ਝੂਠ ਦਾ ਪਤੰਦਰ” ਸੱਦਿਆ ਸੀ। (ਯੂਹੰਨਾ 8:44) ਯਕੀਨਨ ਸੰਸਾਰ ਜੋ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ,” ਕਦੇ ਸੁਖੀ ਨਹੀਂ ਹੋ ਸਕਦਾ। (1 ਯੂਹੰਨਾ 5:19) ਪਰ ਸ਼ਤਾਨ ਕੋਲ ਹਮੇਸ਼ਾ ਲਈ ਇਹ ਇਖ਼ਤਿਆਰ ਨਹੀਂ ਹੋਵੇਗਾ। ਯਿਸੂ ਹੁਣ ਇਕ ਸ਼ਕਤੀਸ਼ਾਲੀ ਦੂਤ ਹੈ ਅਤੇ ਉਹ ਬੜੀ ਜਲਦੀ ਸ਼ਤਾਨ ਤੋਂ ਇਖ਼ਤਿਆਰ ਲੈ ਲਵੇਗਾ ਅਤੇ ਉਸ ਦੀ ਤਾਕਤ ਨੂੰ ਖ਼ਤਮ ਕਰ ਦੇਵੇਗਾ।—ਇਬਰਾਨੀਆਂ 2:14; ਪਰਕਾਸ਼ ਦੀ ਪੋਥੀ 20:1-3.

ਸ਼ਤਾਨ ਖ਼ੁਦ ਵੀ ਜਾਣਦਾ ਹੈ ਕਿ ਸੰਸਾਰ ਦੇ ਹਾਕਮ ਵਜੋਂ ਉਸ ਦਾ ਸਮਾਂ ਘੱਟਦਾ ਜਾ ਰਿਹਾ ਹੈ। ਇਸ ਕਰਕੇ ਉਹ ਲੋਕਾਂ ਨੂੰ ਹੱਦੋਂ ਵੱਧ ਵਿਗਾੜਨ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ, ਠੀਕ ਜਿਵੇਂ ਉਸ ਨੇ ਨੂਹ ਦੇ ਜ਼ਮਾਨੇ ਦੀ ਜਲ ਪਰਲੋ ਤੋਂ ਪਹਿਲਾਂ ਕੀਤਾ ਸੀ। (ਉਤਪਤ 6:1-5; ਯਹੂਦਾਹ 6) ਪਰਕਾਸ਼ ਦੀ ਪੋਥੀ 12:12 ਵਿਚ ਲਿਖਿਆ ਗਿਆ ਹੈ ਕਿ “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਸੰਸਾਰ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਇਸ ਥੋੜੇ ਸਮੇਂ ਦੇ ਅੰਤ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਸੁਖ-ਸ਼ਾਂਤੀ ਇੰਨੀ ਦੂਰ ਨਹੀਂ ਹੈ।

ਉਹ ਸਰਕਾਰ ਜੋ ਸੰਸਾਰ ਨੂੰ ਸੁਖੀ ਬਣਾਵੇਗੀ

ਤੀਜਾ ਕਾਰਨ ਜਿਸ ਕਰਕੇ ਯਿਸੂ ਨੇ ਸਿਆਸਤ ਵਿਚ ਹਿੱਸਾ ਨਹੀਂ ਲਿਆ ਸੀ ਇਹ ਹੈ ਕਿ ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਸਵਰਗ ਤੋਂ ਸਾਰੀ ਧਰਤੀ ਉੱਤੇ ਰਾਜ ਕਰਨ ਲਈ ਇਕ ਸਰਕਾਰ ਸਥਾਪਿਤ ਕਰਨੀ ਸੀ। ਬਾਈਬਲ ਵਿਚ ਇਸ ਸਰਕਾਰ ਨੂੰ ਪਰਮੇਸ਼ੁਰ ਦਾ ਰਾਜ ਸੱਦਿਆ ਗਿਆ ਹੈ, ਅਤੇ ਇਹ ਯਿਸੂ ਦੇ ਪ੍ਰਚਾਰ ਦਾ ਵਿਸ਼ਾ ਸੀ। (ਲੂਕਾ 4:43; ਪਰਕਾਸ਼ ਦੀ ਪੋਥੀ 11:15) ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਰਾਜ ਦੇ ਆਉਣ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ ਕਿਉਂਕਿ ਉਸ ਦੇ ਅਧੀਨ ਹੀ ‘ਪਰਮੇਸ਼ੁਰ ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇਗੀ।’ (ਮੱਤੀ 6:9, 10) ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ‘ਜੇਕਰ ਇਸ ਸਰਕਾਰ ਨੇ ਸਾਰੀ ਧਰਤੀ ਉੱਤੇ ਰਾਜ ਕਰਨਾ ਹੈ, ਤਾਂ ਵਰਤਮਾਨ ਮਨੁੱਖੀ ਸਰਕਾਰਾਂ ਦਾ ਕੀ ਬਣੇਗਾ?’

ਦਾਨੀਏਲ 2:44 ਵਿਚ ਸਾਨੂੰ ਇਸ ਦਾ ਜਵਾਬ ਮਿਲਦਾ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ [ਜੋ ਅੱਜ ਰਾਜ ਕਰ ਰਹੇ ਹਨ] ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ [ਮਨੁੱਖੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਟੇਢੇ ਟਾਈਪ ਸਾਡੇ।) ਪਰਮੇਸ਼ੁਰ ਦੇ ਰਾਜ ਨੂੰ ਧਰਤੀ ਦੀਆਂ ਪਾਤਸ਼ਾਹੀਆਂ ਨੂੰ “ਚੂਰ ਚੂਰ” ਕਿਉਂ ਕਰਨਾ ਪਵੇਗਾ? ਕਿਉਂਕਿ ਉਹ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦੀਆਂ ਹਨ ਅਤੇ ਖ਼ੁਦ ਰਾਜ ਕਰਨ ਉੱਤੇ ਅੜੀਆਂ ਹੋਈਆਂ ਹਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਗੱਲ ਸ਼ੁਰੂ ਕੀਤੀ ਸੀ। ਜੋ ਸ਼ਤਾਨ ਦਾ ਲੜ ਫੜਨਾ ਚਾਹੁੰਦੇ ਹਨ ਉਹ ਨਾ ਸਿਰਫ਼ ਇਨਸਾਨਾਂ ਦੀ ਭਲਾਈ ਦੇ ਖ਼ਿਲਾਫ਼ ਹਨ, ਪਰ ਉਹ ਆਪਣੇ ਸਿਰਜਣਹਾਰ ਨਾਲ ਟਕਰਾਉਣ ਉੱਤੇ ਤੁਲੇ ਹੋਏ ਹਨ। (ਜ਼ਬੂਰ 2:6-12; ਪਰਕਾਸ਼ ਦੀ ਪੋਥੀ 16:14, 16) ਇਸ ਕਰਕੇ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ‘ਮੈਂ ਪਰਮੇਸ਼ੁਰ ਦਾ ਰਾਜ ਚਾਹੁੰਦਾ ਹਾਂ ਕਿ ਨਹੀਂ?’

ਤੁਸੀਂ ਕਿਸ ਦਾ ਰਾਜ ਸਵੀਕਾਰ ਕਰੋਗੇ?

ਯਿਸੂ ਚਾਹੁੰਦਾ ਸੀ ਕਿ ਲੋਕ ਉਸ ਦੀ ਹਕੂਮਤ ਬਾਰੇ ਮਨ ਲਾ ਕੇ ਫ਼ੈਸਲਾ ਕਰ ਸਕਣ, ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ” ਵਿਚ ਕਰਨ ਲਈ ਘੱਲਿਆ ਸੀ ਤਾਂਕਿ ਇਸ ਸੰਸਾਰ ਦਾ ਅੰਤ ਆਉਣ ਤੋਂ ਪਹਿਲਾਂ “ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:14) ਅੱਜਕਲ੍ਹ ਦੁਨੀਆਂ ਭਰ ਵਿਚ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਕੌਣ ਮਸ਼ਹੂਰ ਹਨ? ਯਹੋਵਾਹ ਦੇ ਗਵਾਹ ਮਸ਼ਹੂਰ ਹਨ। ਦਰਅਸਲ ਇਸ ਰਸਾਲੇ ਦੀ ਉਪਰਲੀ ਜਿਲਦ ਉੱਤੇ ਕਈਆਂ ਸਾਲਾਂ ਤੋਂ ਲਿਖਿਆ ਹੋਇਆ ਹੈ ਕਿ ਇਹ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ।” ਅੱਜ 230 ਦੇਸ਼ਾਂ ਵਿਚ ਤਕਰੀਬਨ 60 ਲੱਖ ਗਵਾਹ ਲੋਕਾਂ ਦੀ ਮਦਦ ਕਰ ਰਹੇ ਹਨ ਕਿ ਉਹ ਪਰਮੇਸ਼ੁਰ ਦੇ ਰਾਜ ਬਾਰੇ ਸਹੀ ਗਿਆਨ ਹਾਸਲ ਕਰ ਸਕਣ। *

ਰਾਜ ਦੀ ਪਰਜਾ ਵਾਸਤੇ ਬਰਕਤਾਂ

ਯਿਸੂ ਨੇ ਸਭ ਕੁਝ ਹਮੇਸ਼ਾ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕੀਤਾ ਸੀ। ਤਾਹੀਓਂ ਉਸ ਨੇ ਨਾ ਆਜ਼ਾਦੀ ਭਾਲੀ ਅਤੇ ਨਾ ਹੀ ਸਿਆਸਤ ਵਿਚ ਹਿੱਸਾ ਲੈ ਕੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੀ ਬਜਾਇ ਉਸ ਨੇ ਪਰਮੇਸ਼ੁਰ ਦੇ ਰਾਜ ਲਈ ਸਭ ਕੁਝ ਕੀਤਾ ਸੀ ਜੋ ਇਸ ਸੰਸਾਰ ਦੇ ਮਸਲੇ ਹੱਲ ਕਰੇਗਾ। ਉਸ ਦੀ ਵਫ਼ਾਦਾਰੀ ਕਰਕੇ ਉਸ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦਾ ਸਨਮਾਨ ਮਿਲਿਆ ਹੈ। ਪਰਮੇਸ਼ੁਰ ਅਧੀਨ ਚਲਣ ਕਰਕੇ ਇਹ ਕਿੰਨਾ ਵਧੀਆ ਇਨਾਮ ਹੈ!—ਦਾਨੀਏਲ 7:13, 14.

ਲੱਖਾਂ ਹੀ ਲੋਕ ਅੱਜ ਪਰਮੇਸ਼ੁਰ ਦੇ ਰਾਜ ਦੀ ਪਰਜਾ ਹੋਣ ਦੇ ਸਨਮਾਨ ਦਾ ਆਨੰਦ ਮਾਣਦੇ ਹਨ ਕਿਉਂਕਿ ਉਹ ਯਿਸੂ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਨ ਅਤੇ ਪਰਮੇਸ਼ੁਰ ਦੀ ਮਰਜ਼ੀ ਕਰਨ ਲਈ ਤਿਆਰ ਰਹਿੰਦੇ ਹਨ। (ਮੱਤੀ 6:33) ਉਸ ਰਾਜ ਦੇ ਅਧੀਨ ਉਹ ਮਨੁੱਖੀ ਸੰਪੂਰਣਤਾ ਤਕ ਪਹੁੰਚਣਗੇ ਅਤੇ ਉਨ੍ਹਾਂ ਕੋਲ ਹਮੇਸ਼ਾ ਲਈ ਜ਼ਿੰਦਾ ਰਹਿਣ ਦੀ ਆਸ ਹੋਵੇਗੀ। (ਪਰਕਾਸ਼ ਦੀ ਪੋਥੀ 21:3, 4) ਯੂਹੰਨਾ ਦੀ ਪਹਿਲੀ ਪੱਤਰੀ 2:17 ਵਿਚ ਕਿਹਾ ਗਿਆ ਹੈ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” ਉਸ ਸਮੇਂ ਨਾ ਸ਼ਤਾਨ ਹੋਵੇਗਾ ਅਤੇ ਨਾ ਉਸ ਦੇ ਹਿਮਾਇਤੀ ਹੋਣਗੇ। ਸਾਰੀ ਧਰਤੀ ਫਿਰਦੌਸ ਵਿਚ ਬਦਲ ਦਿੱਤੀ ਜਾਵੇਗੀ ਅਤੇ ਫਿਰ ਲੋਕ ਵੱਖਰੇ-ਵੱਖਰੇ ਦੇਸ਼ਾਂ ਜਾਂ ਧਰਮਾਂ ਵਿਚ ਵੰਡੇ ਹੋਏ ਨਹੀਂ ਹੋਣਗੇ। ਉਸ ਸਮੇਂ ਵਿਚ ਹਮੇਸ਼ਾ ਲਈ ਜੀਉਣਾ ਕਿੰਨਾ ਚੰਗਾ ਹੋਵੇਗਾ!—ਜ਼ਬੂਰ 37:29; 72:16.

ਜੀ ਹਾਂ ਪਰਮੇਸ਼ੁਰ ਦਾ ਰਾਜ ਸੰਸਾਰ ਨੂੰ ਸੁਖੀ ਬਣਾਵੇਗਾ ਅਤੇ ਉਸ ਦੇ ਐਲਾਨ ਨੂੰ ਸੱਚ-ਮੁੱਚ ਖ਼ੁਸ਼ ਖ਼ਬਰੀ ਸੱਦਿਆ ਜਾ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਨਹੀਂ ਕੀਤਾ ਤਾਂ ਕਿਉਂ ਨਾ ਅਗਲੀ ਵਾਰ ਜਦ ਯਹੋਵਾਹ ਦੇ ਗਵਾਹ ਤੁਹਾਡੇ ਘਰ ਆਉਣ ਉਨ੍ਹਾਂ ਤੋਂ ਇਹ ਖ਼ੁਸ਼ ਖ਼ਬਰੀ ਸੁਣੋ?

[ਫੁਟਨੋਟ]

^ ਪੈਰਾ 16 ਪਰਮੇਸ਼ੁਰ ਦੇ ਰਾਜ ਦੇ ਹਿਮਾਇਤੀਆਂ ਵਜੋਂ ਯਹੋਵਾਹ ਦੇ ਗਵਾਹ ਨਾ ਸਿਆਸਤ ਵਿਚ ਕੋਈ ਹਿੱਸਾ ਲੈਂਦੇ ਹਨ ਅਤੇ ਨਾ ਹੀ ਸਰਕਾਰਾਂ ਖ਼ਿਲਾਫ਼ ਬਗਾਵਤਾਂ ਸ਼ੁਰੂ ਕਰਦੇ ਹਨ, ਭਾਵੇਂ ਉਹ ਅਜਿਹੇ ਦੇਸ਼ ਵਿਚ ਰਹਿੰਦੇ ਹੋਣ ਜਿੱਥੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਵੇ ਜਾਂ ਜਿੱਥੇ ਉਹ ਸਤਾਏ ਜਾਂਦੇ ਹੋਣ। (ਤੀਤੁਸ 3:1) ਇਸ ਦੀ ਬਜਾਇ ਉਹ ਯਿਸੂ ਅਤੇ ਉਸ ਦੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸਿਆਸੀ ਮਾਮਲਿਆਂ ਵਿਚ ਨਹੀਂ ਫਸਦੇ। ਉਹ ਲੋਕਾਂ ਨੂੰ ਬਾਈਬਲ ਤੋਂ ਪਿਆਰ-ਮੁਹੱਬਤ ਨਾਲ ਪਰਿਵਾਰਾਂ ਵਿਚ ਜੀਉਣਾ, ਈਮਾਨਦਾਰੀ, ਨੇਕ-ਚਲਣ, ਅਤੇ ਮਿਹਨਤ ਨਾਲ ਕੰਮ ਕਰਨ ਵਰਗੇ ਗੁਣ ਸਿਖਾਉਂਦੇ ਹਨ। ਮੁੱਖ ਤੌਰ ਤੇ ਉਹ ਲੋਕਾਂ ਨੂੰ ਬਾਈਬਲ ਦੇ ਸਿਧਾਂਤਾਂ ਉੱਤੇ ਅਮਲ ਕਰਨਾ ਅਤੇ ਪਰਮੇਸ਼ੁਰ ਦੇ ਰਾਜ ਉੱਤੇ ਆਸ ਲਾਉਣੀ ਸਿਖਾਉਂਦੇ ਹਨ।

[ਸਫ਼ੇ 5 ਉੱਤੇ ਤਸਵੀਰ]

ਇਤਿਹਾਸ ਸਬੂਤ ਪੇਸ਼ ਕਰਦਾ ਹੈ ਕਿ ਇਨਸਾਨ ਪਰਮੇਸ਼ੁਰ ਤੋਂ ਬਿਨਾਂ ਕਾਮਯਾਬੀ ਨਾਲ ਰਾਜ ਨਹੀਂ ਕਰ ਸਕਦੇ

[ਸਫ਼ੇ 5 ਉੱਤੇ ਤਸਵੀਰ]

ਸ਼ਤਾਨ ਜਗਤ ਦਾ ਸਰਦਾਰ ਹੋਣ ਕਰਕੇ ਯਿਸੂ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ” ਪੇਸ਼ ਕਰ ਸਕਦਾ ਸੀ

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਸਿਖਾਇਆ ਸੀ ਕਿ ਪਰਮੇਸ਼ੁਰ ਦੇ ਰਾਜ ਅਧੀਨ ਦੁਨੀਆਂ ਇਕ ਸ਼ਾਨਦਾਰ ਜਗ੍ਹਾ ਹੋਵੇਗੀ