Skip to content

Skip to table of contents

ਤੁਹਾਨੂੰ ਆਪਣੀ ਜ਼ਮੀਰ ਨੂੰ ਸਾਧਣ ਦੀ ਲੋੜ ਹੈ

ਤੁਹਾਨੂੰ ਆਪਣੀ ਜ਼ਮੀਰ ਨੂੰ ਸਾਧਣ ਦੀ ਲੋੜ ਹੈ

ਤੁਹਾਨੂੰ ਆਪਣੀ ਜ਼ਮੀਰ ਨੂੰ ਸਾਧਣ ਦੀ ਲੋੜ ਹੈ

ਐਂਟਾਰਕਟਿਕਾ ਲਈ ਉਡਾਣ ਭਰਨ ਵਾਲੇ ਏਅਰ ਨਿਊਜ਼ੀਲੈਂਡ ਫਲਾਈਟ 901 ਦੇ ਮੁਸਾਫ਼ਰ ਤੇ ਅਮਲਾ ਇਕ ਬਹੁਤ ਹੀ ਸੋਹਣੇ ਦਿਨ ਦੀ ਆਸ ਕਰ ਰਹੇ ਸਨ। ਆਪਣੇ ਮੁਸਾਫ਼ਰਾਂ ਨੂੰ ਐਂਟਾਰਕਟਿਕਾ ਦਾ ਨੇੜਿਓਂ ਨਜ਼ਾਰਾ ਦਿਖਾਉਣ ਲਈ ਡੀ. ਸੀ.-10 ਜਹਾਜ਼ ਘੱਟ ਉਚਾਈ ਉੱਤੇ ਉੱਡਦੇ ਹੋਏ ਉਸ ਬਰਫ਼ ਨਾਲ ਢਕੇ ਮਹਾਂਦੀਪ ਦੇ ਨੇੜੇ ਪਹੁੰਚਿਆ। ਜਹਾਜ਼ ਵਿਚ ਪਾਰਟੀ ਵਰਗਾ ਮਾਹੌਲ ਬਣਿਆ ਹੋਇਆ ਸੀ ਅਤੇ ਲੋਕਾਂ ਨੇ ਫੋਟੋਆਂ ਖਿੱਚਣ ਲਈ ਆਪਣੇ ਕੈਮਰੇ ਤਿਆਰ ਰੱਖੇ ਹੋਏ ਸਨ।

ਪੰਦਰਾਂ ਸਾਲਾਂ ਤੋਂ ਪਾਇਲਟ ਰਹਿ ਚੁੱਕੇ ਕਪਤਾਨ ਨੂੰ ਜਹਾਜ਼ ਉਡਾਉਣ ਵਿਚ 11,000 ਘੰਟਿਆਂ ਦਾ ਤਜਰਬਾ ਸੀ। ਉਡਾਣ ਭਰਨ ਤੋਂ ਪਹਿਲਾਂ ਉਸ ਨੇ ਧਿਆਨ ਨਾਲ ਜਹਾਜ਼ ਦੇ ਕੰਪਿਊਟਰ ਵਿਚ ਉਡਾਣ ਦੀ ਦਿਸ਼ਾ ਨਿਰਧਾਰਿਤ ਕੀਤੀ ਸੀ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੂੰ ਦਿਸ਼ਾ ਸੰਬੰਧੀ ਗ਼ਲਤ ਜਾਣਕਾਰੀ ਦਿੱਤੀ ਗਈ ਸੀ। ਕੁਝ 600 ਮੀਟਰ ਦੀ ਉਚਾਈ ਤੇ ਬੱਦਲਾਂ ਵਿਚ ਉੱਡਦਾ ਹੋਇਆ ਡੀ. ਸੀ.-10 ਜਹਾਜ਼ ਐਰੇਬਸ ਪਹਾੜ ਦੀਆਂ ਨੀਵੀਆਂ ਢਲਾਣਾਂ ਨਾਲ ਜਾ ਟਕਰਾਇਆ ਅਤੇ ਉਸ ਵਿਚ ਸਵਾਰ ਸਾਰੇ 257 ਲੋਕ ਮੌਤ ਦੀ ਨੀਂਦ ਸੌਂ ਗਏ।

ਅੱਜ ਜਿਵੇਂ ਦਿਸ਼ਾ ਲੈਣ ਲਈ ਜਹਾਜ਼ ਕੰਪਿਊਟਰਾਂ ਉੱਤੇ ਨਿਰਭਰ ਕਰਦੇ ਹਨ, ਉਸੇ ਤਰ੍ਹਾਂ ਜ਼ਿੰਦਗੀ ਦੇ ਰਾਹ ਉੱਤੇ ਸਹੀ ਸੇਧ ਦੇਣ ਲਈ ਮਨੁੱਖ ਨੂੰ ਜ਼ਮੀਰ ਦਿੱਤੀ ਗਈ ਹੈ। ਫਲਾਈਟ 901 ਦਾ ਭਿਆਨਕ ਦੁਖਾਂਤ ਸਾਨੂੰ ਆਪਣੀ ਜ਼ਮੀਰ ਬਾਰੇ ਕੁਝ ਜ਼ਬਰਦਸਤ ਸਬਕ ਸਿਖਾ ਸਕਦਾ ਹੈ। ਮਿਸਾਲ ਵਜੋਂ, ਜਹਾਜ਼ ਦੀ ਸੁਰੱਖਿਆ ਜਿਵੇਂ ਠੀਕ ਤਰ੍ਹਾਂ ਨਾਲ ਕੰਮ ਕਰਦੀ ਜਹਾਜ਼-ਚਾਲਕ ਪ੍ਰਣਾਲੀ ਉੱਤੇ ਅਤੇ ਸਹੀ ਮਾਰਗ-ਦਰਸ਼ਣ ਉੱਤੇ ਨਿਰਭਰ ਕਰਦੀ ਹੈ, ਉਸੇ ਤਰ੍ਹਾਂ ਸਾਡੀ ਅਧਿਆਤਮਿਕ, ਨੈਤਿਕ ਅਤੇ ਸਰੀਰਕ ਭਲਾਈ ਚੰਗੀ ਜ਼ਮੀਰ ਉੱਤੇ ਨਿਰਭਰ ਕਰਦੀ ਹੈ ਜਿਸ ਨੂੰ ਸਹੀ ਨੈਤਿਕ ਮਾਰਗ-ਦਰਸ਼ਣ ਦਿੱਤਾ ਗਿਆ ਹੋਵੇ।

ਪਰ ਦੁੱਖ ਦੀ ਗੱਲ ਹੈ ਕਿ ਅੱਜ ਦੀ ਦੁਨੀਆਂ ਵਿਚ ਅਜਿਹਾ ਮਾਰਗ-ਦਰਸ਼ਣ ਤੇਜ਼ੀ ਨਾਲ ਲੁਪਤ ਹੁੰਦਾ ਜਾ ਰਿਹਾ ਹੈ ਜਾਂ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਕ ਅਮਰੀਕੀ ਸਿੱਖਿਅਕ ਕਹਿੰਦੀ ਹੈ: “ਅੱਜ ਆਮ ਸੁਣਨ ਵਿਚ ਆਉਂਦਾ ਹੈ ਕਿ ਵਿਦਿਆਰਥੀ ਨਾ ਪੜ੍ਹਨਾ ਜਾਣਦਾ ਹੈ ਤੇ ਨਾ ਹੀ ਲਿਖਣਾ। ਉਸ ਨੂੰ ਇਹ ਵੀ ਨਹੀਂ ਪਤਾ ਕਿ ਨਕਸ਼ੇ ਉੱਤੇ ਫ਼ਰਾਂਸ ਕਿੱਥੇ ਹੈ। ਪਰ ਇਹ ਗੱਲ ਵੀ ਸੱਚ ਹੈ ਕਿ ਇਕ ਆਮ ਵਿਦਿਆਰਥੀ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਸਕਦਾ। ਪੜ੍ਹਨਾ-ਲਿਖਣਾ ਨਾ ਆਉਣ ਅਤੇ ਗਣਿਤ ਆਦਿ ਵਿਚ ਕਮਜ਼ੋਰ ਹੋਣ ਦੇ ਨਾਲ-ਨਾਲ ਨੈਤਿਕ ਉਲਝਣ ਨੂੰ ਵੀ ਵਿੱਦਿਅਕ ਸਮੱਸਿਆਵਾਂ ਦੀ ਸੂਚੀ ਵਿਚ ਜੋੜਿਆ ਜਾਣਾ ਚਾਹੀਦਾ ਹੈ।” ਉਹ ਇਹ ਵੀ ਕਹਿੰਦੀ ਹੈ ਕਿ “ਅੱਜ ਦੇ ਨੌਜਵਾਨ ਨੈਤਿਕ ਧੁੰਦਲੇਪਣ ਵਿਚ ਜੀ ਰਹੇ ਹਨ। ਜੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਕੀ ਸਹੀ ਹੈ ਤੇ ਕੀ ਗ਼ਲਤ, ਤਾਂ ਉਨ੍ਹਾਂ ਨੂੰ ਸੱਪ ਸੁੰਘ ਜਾਂਦਾ ਹੈ। ਉਹ ਬਹੁਤ ਘਬਰਾਏ ਹੋਏ ਅਤੇ ਅਸੁਰੱਖਿਅਤ ਤੇ ਉਲਝੇ ਹੋਏ ਦਿਖਾਈ ਦਿੰਦੇ ਹਨ। . . . ਕਾਲਜ ਜਾ ਕੇ ਉਨ੍ਹਾਂ ਦੀ ਇਹ ਉਲਝਣ ਘੱਟਣ ਦੀ ਬਜਾਇ ਹੋਰ ਜ਼ਿਆਦਾ ਵਧ ਜਾਂਦੀ ਹੈ।”

ਇਸ ਉਲਝਣ ਦਾ ਇਕ ਕਾਰਨ ਹੈ ਨੈਤਿਕ ਸਾਪੇਖਵਾਦ, ਯਾਨੀ ਲੋਕਾਂ ਦਾ ਇਹ ਆਮ ਵਿਚਾਰ ਕਿ ਨੈਤਿਕ ਮਿਆਰ ਇਕ ਵਿਅਕਤੀ ਦੀ ਨਿੱਜੀ ਪਸੰਦ-ਨਾਪਸੰਦ ਜਾਂ ਸਭਿਆਚਾਰ ਦੇ ਮੁਤਾਬਕ ਬਦਲਦੇ ਰਹਿੰਦੇ ਹਨ। ਪਰ ਜ਼ਰਾ ਕਲਪਨਾ ਕਰੋ ਕਿ ਜੇ ਪਾਇਲਟ ਕੋਲ ਸਹੀ ਮਾਰਗ-ਦਰਸ਼ਣ ਨਾ ਹੋਵੇ ਤੇ ਉਹ ਅਜਿਹੇ ਚਾਨਣ-ਸੰਕੇਤਾਂ ਦੇ ਸਹਾਰੇ ਜਹਾਜ਼ ਚਲਾਵੇ ਜੋ ਆਪਣੀ ਜਗ੍ਹਾ ਬਦਲਦੇ ਰਹਿੰਦੇ ਹਨ ਤੇ ਕਦੀ-ਕਦੀ ਤਾਂ ਇਕਦਮ ਬੁੱਝ ਜਾਂਦੇ ਹਨ, ਤਾਂ ਉਦੋਂ ਕੀ ਹੋਵੇਗਾ! ਇਸ ਵਿਚ ਕੋਈ ਸ਼ੱਕ ਨਹੀਂ ਕਿ ਐਰੇਬਸ ਪਹਾੜ ਉੱਤੇ ਹੋਏ ਹਾਦਸੇ ਵਰਗੀਆਂ ਦੁਰਘਟਨਾਵਾਂ ਆਮ ਦੇਖਣ ਨੂੰ ਮਿਲਣਗੀਆਂ। ਉਸੇ ਤਰ੍ਹਾਂ ਪੱਕੇ ਨੈਤਿਕ ਮਿਆਰਾਂ ਨੂੰ ਛੱਡਣ ਦਾ ਇਹ ਨਤੀਜਾ ਨਿਕਲਿਆ ਹੈ ਕਿ ਲੋਕਾਂ ਦੇ ਦੁੱਖਾਂ ਅਤੇ ਮੌਤਾਂ ਵਿਚ ਵਾਧਾ ਹੋ ਰਿਹਾ ਹੈ। ਬੇਵਫ਼ਾਈ ਕਰਕੇ ਪਰਿਵਾਰ ਟੁੱਟ ਰਹੇ ਹਨ ਅਤੇ ਏਡਜ਼ ਜਾਂ ਦੂਜੀਆਂ ਲਿੰਗੀ ਬੀਮਾਰੀਆਂ ਕਰਕੇ ਲੱਖਾਂ ਲੋਕ ਦੁੱਖ ਭੋਗ ਰਹੇ ਹਨ।

ਨੈਤਿਕ ਸਾਪੇਖਤਾ ਦੁਨਿਆਵੀ ਪੱਖੋਂ ਤਾਂ ਸਹੀ ਲੱਗ ਸਕਦੀ ਹੈ, ਪਰ ਅਸਲ ਵਿਚ ਇਸ ਉੱਤੇ ਚੱਲਣ ਵਾਲੇ ਲੋਕ ਪੁਰਾਣੇ ਨੀਨਵਾਹ ਸ਼ਹਿਰ ਦੇ ਲੋਕਾਂ ਵਰਗੇ ਹਨ “ਜਿਹੜੇ ਆਪਣੇ ਸੱਜੇ ਖੱਬੇ ਹੱਥ” ਨੂੰ ਵੀ ਨਹੀਂ ਸਿਆਣ ਸਕਦੇ ਸਨ। ਆਪਣੇ ਬਣਾਏ ਨੈਤਿਕ ਮਿਆਰਾਂ ਨੂੰ ਮੰਨਣ ਵਾਲੇ ਲੋਕ ਉਨ੍ਹਾਂ ਧਰਮ-ਤਿਆਗੀ ਇਸਰਾਏਲੀਆਂ ਨਾਲ ਮਿਲਦੇ-ਜੁਲਦੇ ਹਨ ਜਿਹੜੇ “ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ” ਕਹਿੰਦੇ ਸਨ।​—ਯੂਨਾਹ 4:11; ਯਸਾਯਾਹ 5:20.

ਤਾਂ ਫਿਰ ਆਪਣੀ ਜ਼ਮੀਰ ਨੂੰ ਸਾਧਣ ਅਤੇ ਇਸ ਨੂੰ ਸਹੀ ਮਾਰਗ-ਦਰਸ਼ਕ ਬਣਾਉਣ ਲਈ ਸਾਨੂੰ ਸਪੱਸ਼ਟ ਤੇ ਖਰੇ ਨਿਯਮ ਅਤੇ ਸਿਧਾਂਤ ਕਿੱਥੋਂ ਮਿਲ ਸਕਦੇ ਹਨ? ਲੱਖਾਂ ਲੋਕਾਂ ਨੇ ਪਾਇਆ ਹੈ ਕਿ ਇਹ ਸਾਨੂੰ ਬਾਈਬਲ ਵਿੱਚੋਂ ਮਿਲ ਸਕਦੇ ਹਨ। ਬਾਈਬਲ ਨੈਤਿਕ ਕਦਰਾਂ-ਕੀਮਤਾਂ, ਕੰਮ-ਕਾਰ ਦੇ ਅਸੂਲਾਂ, ਬੱਚਿਆਂ ਦੀ ਸਿੱਖਿਆ ਅਤੇ ਪਰਮੇਸ਼ੁਰ ਦੀ ਭਗਤੀ ਬਾਰੇ ਸਾਨੂੰ ਹਰ ਜ਼ਰੂਰੀ ਜਾਣਕਾਰੀ ਦਿੰਦੀ ਹੈ। (2 ਤਿਮੋਥਿਉਸ 3:16) ਸਦੀਆਂ ਤੋਂ ਇਹ ਪੂਰੀ ਤਰ੍ਹਾਂ ਭਰੋਸੇਮੰਦ ਸਾਬਤ ਹੁੰਦੀ ਆਈ ਹੈ। ਕਿਉਂਕਿ ਬਾਈਬਲ ਦੇ ਨੈਤਿਕ ਮਿਆਰ ਸਾਡੇ ਸਰਬ ਮਹਾਨ ਸ੍ਰਿਸ਼ਟੀਕਰਤਾ ਦੁਆਰਾ ਬਣਾਏ ਗਏ ਸਨ, ਇਹ ਸਾਰੇ ਇਨਸਾਨਾਂ ਉੱਤੇ ਲਾਗੂ ਹੁੰਦੇ ਹਨ। ਇਸ ਲਈ ਸਾਨੂੰ ਨੈਤਿਕ ਉਲਝਣ ਵਿਚ ਜੀਉਣ ਦੀ ਲੋੜ ਨਹੀਂ ਹੈ।

ਪਰ ਅੱਜ ਤੁਹਾਡੀ ਜ਼ਮੀਰ ਉੱਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਮਲਾ ਹੁੰਦਾ ਹੈ। ਇਹ ਕਿੱਦਾਂ ਹੋ ਸਕਦਾ ਹੈ? ਅਤੇ ਤੁਸੀਂ ਆਪਣੀ ਜ਼ਮੀਰ ਦੀ ਰਾਖੀ ਕਿੱਦਾਂ ਕਰ ਸਕਦੇ ਹੋ? ਚੰਗਾ ਹੋਵੇਗਾ ਕਿ ਤੁਸੀਂ ਇਹ ਜਾਣੋ ਕਿ ਤੁਹਾਡੀ ਜ਼ਮੀਰ ਉੱਤੇ ਕੌਣ ਹਮਲਾ ਕਰਦਾ ਹੈ ਅਤੇ ਉਹ ਕਿਹੜੇ ਤਰੀਕੇ ਅਪਣਾਉਂਦਾ ਹੈ। ਇਹ ਗੱਲਾਂ ਅਗਲੇ ਲੇਖ ਵਿਚ ਵਿਚਾਰੀਆਂ ਜਾਣਗੀਆਂ।