Skip to content

Skip to table of contents

ਦਰਖ਼ਤਾਂ ਨੂੰ ਨਾਸ਼ ਕਰਨ ਵਾਲੇ

ਦਰਖ਼ਤਾਂ ਨੂੰ ਨਾਸ਼ ਕਰਨ ਵਾਲੇ

ਦਰਖ਼ਤਾਂ ਨੂੰ ਨਾਸ਼ ਕਰਨ ਵਾਲੇ

ਬਾਈਬਲ ਸਮਿਆਂ ਵਿਚ ਦਰਖ਼ਤਾਂ ਨੂੰ ਬਹੁਮੁੱਲੀ ਚੀਜ਼ ਸਮਝਿਆ ਜਾਂਦਾ ਸੀ। ਮਿਸਾਲ ਵਜੋਂ, ਜਦੋਂ ਅਬਰਾਹਾਮ ਨੇ ਆਪਣੀ ਪਿਆਰੀ ਪਤਨੀ ਸਾਰਾਹ ਦੀ ਕਬਰ ਲਈ ਜਗ੍ਹਾ ਖ਼ਰੀਦੀ ਸੀ, ਤਾਂ ਉਸ ਜਗ੍ਹਾ ਨੂੰ ਅਬਰਾਹਾਮ ਦੇ ਨਾਂ ਕਰਨ ਦੇ ਇਕਰਾਰਨਾਮੇ ਵਿਚ ਦਰਖ਼ਤਾਂ ਦਾ ਵੀ ਜ਼ਿਕਰ ਸੀ।​—ਉਤਪਤ 23:15-18.

ਇਸੇ ਤਰ੍ਹਾਂ ਅੱਜ ਵੀ ਦਰਖ਼ਤਾਂ ਨੂੰ ਬਹੁਤ ਬਹੁਮੁੱਲੇ ਸਮਝਿਆ ਜਾਂਦਾ ਹੈ ਅਤੇ ਕਈ ਦੇਸ਼ ਜੰਗਲਾਂ ਦੀ ਰੱਖਿਆ ਵੱਲ ਕਾਫ਼ੀ ਧਿਆਨ ਦੇ ਰਹੇ ਹਨ। ਸੰਸਾਰ ਦੀ ਹਾਲਤ 1998 (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ: “ਹਾਲਾਂਕਿ ਉੱਤਰੀ ਦੇਸ਼ਾਂ ਦੇ ਬਹੁਤ ਸਾਰੇ ਲੋਕ ਤਪਤ-ਖੰਡੀ ਜੰਗਲਾਂ ਦੀ ਸਾਂਭ-ਸੰਭਾਲ ਬਾਰੇ ਕਾਫ਼ੀ ਚਿੰਤਾ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਆਪਣੇ ਹੀ ਦੇਸ਼ਾਂ ਵਿਚ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹਨ।” ਯੂਰਪ ਦੇ ਉੱਤਰੀ ਦੇਸ਼ਾਂ ਦੇ ਅਤੇ ਉੱਤਰੀ ਅਮਰੀਕਾ ਦੇ ਜੰਗਲਾਂ ਨੂੰ ਕਿਹੜੀ ਚੀਜ਼ ਤੋਂ ਖ਼ਤਰਾ ਹੈ? ਕਈ ਲੋਕ ਇਸ ਦਾ ਕਾਰਨ ਜੰਗਲਾਂ ਦੀ ਕਟਾਈ ਦੱਸਦੇ ਹਨ, ਪਰ ਇਸ ਤੋਂ ਇਲਾਵਾ ਕੁਝ ਹੋਰ ਤਾਕਤਾਂ ਵੀ ਹਨ ਜੋ ਮਾਨੋ ਇਕ-ਇਕ ਪੱਤਾ ਕਰ ਕੇ ਪੂਰੇ ਦਰਖ਼ਤ ਨੂੰ ਨਿਗਲਦੀਆਂ ਜਾ ਰਹੀਆਂ ਹਨ। ਉਹ ਕਿਹੜੀਆਂ ਤਾਕਤਾਂ ਹਨ? ਹਵਾ ਦਾ ਪ੍ਰਦੂਸ਼ਣ ਅਤੇ ਤੇਜ਼ਾਬੀ ਵਰਖਾ। ਇਹ ਪ੍ਰਦੂਸ਼ਕ ਤਾਕਤਾਂ ਦਰਖ਼ਤਾਂ ਨੂੰ ਹੌਲੀ-ਹੌਲੀ ਕਮਜ਼ੋਰ ਕਰ ਕੇ ਉਨ੍ਹਾਂ ਨੂੰ ਹਾਨੀਕਾਰਕ ਕੀੜਿਆਂ ਅਤੇ ਬੀਮਾਰੀਆਂ ਦਾ ਸ਼ਿਕਾਰ ਬਣਾ ਸਕਦੀਆਂ ਹਨ।

ਕਈ ਦਹਾਕਿਆਂ ਤੋਂ ਵਾਤਾਵਰਣ ਮਾਹਰਾਂ ਅਤੇ ਦੂਜੇ ਫ਼ਿਕਰਮੰਦ ਲੋਕਾਂ ਨੇ ਧਰਤੀ ਦੇ ਵਾਤਾਵਰਣ ਨੂੰ ਬਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਜਰਮਨ ਵਿਗਿਆਨੀਆਂ ਨੇ 1980 ਦੇ ਦਹਾਕੇ ਵਿਚ, ਵਾਤਾਵਰਣ ਉੱਤੇ ਹਵਾ ਦੇ ਪ੍ਰਦੂਸ਼ਣ ਅਤੇ ਤੇਜ਼ਾਬੀ ਵਰਖਾ ਦੇ ਪਏ ਪ੍ਰਭਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਸਿੱਟਾ ਕੱਢਿਆ ਸੀ ਕਿ ‘ਜੇ ਕੁਝ ਨਾ ਕੀਤਾ ਗਿਆ, ਤਾਂ ਸਾਲ 2000 ਤਕ ਲੋਕ ਸਿਰਫ਼ ਪੁਰਾਣੀਆਂ ਫੋਟੋਆਂ ਅਤੇ ਫਿਲਮਾਂ ਵਿਚ ਹੀ ਜੰਗਲਾਂ ਨੂੰ ਦੇਖ ਸਕਣਗੇ।’ ਖ਼ੁਸ਼ੀ ਦੀ ਗੱਲ ਹੈ ਕਿ ਧਰਤੀ ਦੀ ਉਪਜਾਊ ਤਾਕਤ ਇੰਨੀ ਜ਼ਿਆਦਾ ਹੈ ਕਿ ਵਿਗਿਆਨੀਆਂ ਦੇ ਅਨੁਮਾਨ ਤੋਂ ਉਲਟ ਹੁਣ ਤਾਈਂ ਜੰਗਲ ਕਾਫ਼ੀ ਹੱਦ ਤਕ ਬਰਕਰਾਰ ਹਨ।

ਪਰ ਅਖ਼ੀਰ ਪਰਮੇਸ਼ੁਰ ਹੀ ਹੈ ਜੋ ਸਾਡੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਬਚਾਵੇਗਾ। ਉਹ “ਆਪਣਿਆਂ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈ,” ਅਤੇ “ਡੰਗਰਾਂ ਲਈ ਘਾਹ ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈ।” ਉਸ ਨੇ ‘ਧਰਤੀ ਦਾ ਨਾਸ ਕਰਨ ਵਾਲਿਆਂ’ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ। (ਜ਼ਬੂਰ 104:13, 14; ਪਰਕਾਸ਼ ਦੀ ਪੋਥੀ 11:18) ਉਹ ਕਿੰਨਾ ਚੰਗਾ ਸਮਾਂ ਹੋਵੇਗਾ ਜਦੋਂ ਧਰਤੀ ਦੇ ਸਾਰੇ ਵਾਸੀ ਪ੍ਰਦੂਸ਼ਣ-ਰਹਿਤ ਦੁਨੀਆਂ ਵਿਚ ਹਮੇਸ਼ਾ ਆਨੰਦ ਮਾਣਨਗੇ!​—ਜ਼ਬੂਰ 37:9-11.