Skip to content

Skip to table of contents

“ਧਾਰਮਿਕ ਸਹਿਣਸ਼ੀਲਤਾ ਦਿਵਸ”

“ਧਾਰਮਿਕ ਸਹਿਣਸ਼ੀਲਤਾ ਦਿਵਸ”

“ਧਾਰਮਿਕ ਸਹਿਣਸ਼ੀਲਤਾ ਦਿਵਸ”

ਯਹੋਵਾਹ ਦੇ ਗਵਾਹਾਂ ਨਾਲ ਹੋਈ ਇਕ ਚਰਚਾ ਤੋਂ ਪ੍ਰਭਾਵਿਤ ਹੋ ਕੇ ਪੋਲੈਂਡ ਦੇ ਇਕ ਸਕੂਲ ਦੀ ਮੁੱਖ ਅਧਿਆਪਕਾ ਨੇ ਆਪਣੇ ਸਕੂਲ ਵਿਚ “ਧਾਰਮਿਕ ਸਹਿਣਸ਼ੀਲਤਾ ਦਿਵਸ” ਮਨਾਉਣ ਦਾ ਇਰਾਦਾ ਕੀਤਾ। ਉਸ ਦੇ ਸਕੂਲ ਦੇ ਵਿਦਿਆਰਥੀਆਂ ਵਿਚ ਕੈਥੋਲਿਕ, ਬੋਧੀ ਅਤੇ ਯਹੋਵਾਹ ਦੇ ਗਵਾਹ ਸਨ। ਉਸ ਨੇ ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਪੇਸ਼ਕਾਰੀਆਂ ਤਿਆਰ ਕਰਨ ਦਾ ਸੁਝਾਅ ਦਿੱਤਾ, ਤਾਂਕਿ ਉਹ ਦੂਸਰੇ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਤੇ ਦਸਤੂਰਾਂ ਤੋਂ ਜਾਣੂ ਕਰਾ ਸਕਣ। ਤਿੰਨ ਕਿਸ਼ੋਰ ਉਮਰ ਦੇ ਯਹੋਵਾਹ ਦੇ ਗਵਾਹਾਂ ਨੇ ਤੁਰੰਤ ਆਪਣੇ ਨਾਂ ਦੇ ਦਿੱਤੇ।

ਜਦੋਂ ਉਹ ਦਿਨ ਆਇਆ, ਤਾਂ 15 ਸਾਲ ਦੀ ਮਾਲਵੀਨਾ ਨੇ ਸਭ ਤੋਂ ਪਹਿਲਾਂ ਆਪਣੀ ਪੇਸ਼ਕਾਰੀ ਦਿੱਤੀ। ਪੇਸ਼ਕਾਰੀ ਦੌਰਾਨ ਉਸ ਨੇ ਕਿਹਾ: “ਤੁਹਾਡੇ ਵਿੱਚੋਂ ਕਈ ਵਿਦਿਆਰਥੀ ਸਾਨੂੰ ਇਸ ਸਕੂਲ ਵਿਚ ਆਉਣ ਤੋਂ ਪਹਿਲਾਂ ਹੀ ਜਾਣਦੇ ਸਨ ਕਿਉਂਕਿ ਅਸੀਂ ਤੁਹਾਡੇ ਘਰ ਜਾ ਕੇ ਤੁਹਾਨੂੰ ਮਿਲੇ ਸਾਂ। ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਅਸੀਂ ਵਾਰ-ਵਾਰ ਤੁਹਾਡੇ ਘਰ ਕਿਉਂ ਆਉਂਦੇ ਹਾਂ। ਅਸੀਂ ਇਸ ਲਈ ਤੁਹਾਨੂੰ ਵਾਰ-ਵਾਰ ਮਿਲਣ ਆਉਂਦੇ ਹਾਂ ਕਿਉਂਕਿ ਅਸੀਂ ਮਸੀਹੀਅਤ ਦੇ ਮੋਢੀ ਯਿਸੂ ਮਸੀਹ ਦੇ ਨਕਸ਼ੇ-ਕਦਮਾਂ ਤੇ ਚੱਲਦੇ ਹਾਂ। ਉਸ ਨੂੰ ਜਿੱਥੇ ਕਿਤੇ ਵੀ ਲੋਕ ਮਿਲਦੇ ਸਨ, ਉੱਥੇ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਸੀ। ਰਸੂਲਾਂ ਨੇ ਅਤੇ ਦੂਸਰੇ ਮਸੀਹੀਆਂ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਦੁਨੀਆਂ ਦੀਆਂ ਕਈ ਥਾਵਾਂ ਤੇ ਯਹੋਵਾਹ ਦੇ ਗਵਾਹਾਂ ਨੂੰ ਆਪਣੀ ਨਿਹਚਾ ਕਰਕੇ ਮੁਸ਼ਕਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਸਾਨੂੰ ਖ਼ੁਸ਼ੀ ਹੈ ਕਿ ਤੁਹਾਡੇ ਸਾਰਿਆਂ ਸਦਕਾ, ਇਸ ਸਕੂਲ ਵਿਚ ਸਾਨੂੰ ਕਿਸੇ ਮੁਸ਼ਕਲ ਦਾ ਸਾਮ੍ਹਣਾ ਨਹੀਂ ਕਰਨਾ ਪੈਂਦਾ। ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!”

ਆਪਣੀ ਪੇਸ਼ਕਾਰੀ ਦੇ ਆਖ਼ਰ ਵਿਚ ਮਾਲਵੀਨਾ ਨੇ ਕਿਹਾ: “ਪਰ ਇਕ ਹੋਰ ਕਾਰਨ ਕਰਕੇ ਅਸੀਂ ਤੁਹਾਡੇ ਘਰ ਆਉਂਦੇ ਹਾਂ। ਅਸੀਂ ਤੁਹਾਡੀ ਪਰਵਾਹ ਕਰਦੇ ਹਾਂ। ਬਾਈਬਲ ਦੱਸਦੀ ਹੈ ਕਿ ਮਨੁੱਖਜਾਤੀ ਜਲਦੀ ਹੀ ਅਜਿਹੀਆਂ ਘਟਨਾਵਾਂ ਦੇਖਣ ਵਾਲੀ ਹੈ ਜੋ ਦੁਨੀਆਂ ਨੂੰ ਹਿਲਾ ਕੇ ਰੱਖ ਦੇਣਗੀਆਂ। ਇਸ ਲਈ, ਜਦੋਂ ਅਸੀਂ ਅਗਲੀ ਵਾਰ ਤੁਹਾਡੇ ਘਰ ਆਵਾਂਗੇ, ਤਾਂ ਕਿਰਪਾ ਕਰ ਕੇ ਸਾਡੀ ਗੱਲ ਜ਼ਰੂਰ ਸੁਣੀਓ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਧਰਤੀ ਉੱਤੇ ਵਧੀਆ ਤੇ ਸੋਹਣੇ ਮਾਹੌਲ ਵਿਚ ਹਮੇਸ਼ਾ ਲਈ ਕਿੱਦਾਂ ਇਕੱਠੇ ਜੀ ਸਕਦੇ ਹਾਂ।”

ਅਗਲਾ ਸਪੀਕਰ 15-ਸਾਲਾ ਮਾਟੇਯੂਸ਼ ਸੀ। ਉਸ ਨੇ ਹਾਜ਼ਰੀਨ ਨੂੰ ਦੱਸਿਆ ਕਿ ਸਮੇਂ ਦੇ ਬੀਤਣ ਨਾਲ ਯਹੋਵਾਹ ਦੇ ਗਵਾਹਾਂ ਨੇ ਖ਼ੁਸ਼ ਖ਼ਬਰੀ ਫੈਲਾਉਣ ਲਈ ਕਈ ਵੱਖੋ-ਵੱਖਰੇ ਤਰੀਕੇ ਅਪਣਾਏ ਹਨ। ਮਿਸਾਲ ਲਈ, ਮੂਕ ਫ਼ਿਲਮਾਂ ਦੇ ਦੌਰ ਵਿਚ ਯਹੋਵਾਹ ਦੇ ਗਵਾਹ 1914 ਵਿਚ ਲੋਕਾਂ ਨੂੰ “ਸ੍ਰਿਸ਼ਟੀ ਦਾ ਫੋਟੋ ਡਰਾਮਾ” ਦਿਖਾ ਰਹੇ ਸਨ। ਇਸ ਫ਼ਿਲਮ ਅਤੇ ਸਲਾਈਡ ਸ਼ੋ ਵਿਚ ਫੋਨੋਗ੍ਰਾਫ ਰਿਕਾਰਡਾਂ ਦੀ ਮਦਦ ਨਾਲ ਆਵਾਜ਼ ਵੀ ਮਿਲਾਈ ਗਈ ਸੀ।

ਮਾਟੇਯੂਸ਼ ਨੇ ਰਾਜ ਦੇ ਸੰਦੇਸ਼ ਨੂੰ ਫੈਲਾਉਣ ਵਿਚ ਰੇਡੀਓ ਦੀ ਭੂਮਿਕਾ ਬਾਰੇ ਦੱਸਿਆ ਅਤੇ ਫਿਰ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੀ ਗਈ ਅਨੋਖੀ ਕੰਪਿਊਟਰਕ੍ਰਿਤ ਬਹੁਭਾਸ਼ੀ ਇਲੈਕਟ੍ਰਾਨਿਕ ਫ਼ੋਟੋਟਾਈਪਸੈਟਿੰਗ ਪ੍ਰਣਾਲੀ (ਮੈੱਪਸ) ਬਾਰੇ ਸਮਝਾਇਆ। ਉਸ ਨੇ ਇਹ ਵੀ ਦੱਸਿਆ ਕਿ ਕਿੱਦਾਂ ਯਹੋਵਾਹ ਦੇ ਗਵਾਹਾਂ ਨੇ ਬਿਨਾਂ ਖ਼ੂਨ ਚੜ੍ਹਾਏ ਮਰੀਜ਼ਾਂ ਦਾ ਇਲਾਜ ਕਰਨ ਦੇ ਤਰੀਕਿਆਂ ਬਾਰੇ ਡਾਕਟਰਾਂ ਨੂੰ ਕਾਫ਼ੀ ਸਾਰੀ ਜਾਣਕਾਰੀ ਦਿੱਤੀ ਹੈ। ਉਸ ਨੇ ਕਿਹਾ: “ਹੁਣ, ਕਈ ਪ੍ਰਸਿੱਧ ਪੋਲਿਸ਼ ਡਾਕਟਰ ਵੀ ਸਾਡੇ ਵਿਸ਼ਵਾਸਾਂ ਦੀ ਸ਼ਲਾਘਾ ਕਰਦੇ ਹਨ ਅਤੇ ਦੱਸਦੇ ਹਨ ਕਿ ਉਨ੍ਹਾਂ ਲੋਕਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ ਜਿਹੜੇ ਯਹੋਵਾਹ ਦੇ ਗਵਾਹ ਨਹੀਂ ਹਨ ਪਰ ਜਿਨ੍ਹਾਂ ਦਾ ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਕੀਤਾ ਜਾਂਦਾ ਹੈ।”

ਅੰਤ ਵਿਚ ਮਾਟੇਯੂਸ਼ ਨੇ ਕਿੰਗਡਮ ਹਾਲਾਂ ਦੀ ਉਸਾਰੀ ਬਾਰੇ ਦੱਸਦੇ ਹੋਏ ਕਿਹਾ: “ਕੀ ਤੁਸੀਂ ਸਾਡੇ ਕਿੰਗਡਮ ਹਾਲ ਵਿਚ ਆਉਣਾ ਚਾਹੋਗੇ? ਦਾਖ਼ਲਾ ਮੁਫ਼ਤ ਹੈ ਅਤੇ ਉੱਥੇ ਚੰਦਾ ਨਹੀਂ ਮੰਗਿਆ ਜਾਂਦਾ।” ਸੌਸਨੋਵਯੈਤਸ ਸ਼ਹਿਰ ਵਿਖੇ ਕਨਵੈਨਸ਼ਨ ਸੈਂਟਰ ਬਾਰੇ ਦੱਸਦੇ ਹੋਏ ਮਾਟੇਯੂਸ਼ ਨੇ ਕਿਹਾ: “ਇਹ ਵੱਡੀ ਸਾਰੀ ਇਮਾਰਤ ਦੇਖਣ ਯੋਗ ਹੈ। ਇਹ ਸਾਡੇ ਸੰਮੇਲਨਾਂ ਲਈ ਬੜੀ ਹੀ ਢੁਕਵੀਂ ਹੈ। ਕਿਉਂ ਨਾ ਆਪਾਂ ਸਾਰੇ ਇਕੱਠੇ ਮਿਲ ਕੇ ਉੱਥੇ ਜਾਈਏ? ਸਾਡੇ ਕੋਲ ਇਕ ਆਇਡੀਆ ਹੈ ਅਤੇ ਸਾਡੀ ਮਿੱਤਰ ਕਾਟਾਰਜ਼ੇਨਾ ਤੁਹਾਨੂੰ ਇਸ ਬਾਰੇ ਦੱਸੇਗੀ।”

ਫਿਰ 15-ਸਾਲਾ ਕਾਟਾਰਜ਼ੇਨਾ ਨੇ ਬੜੇ ਜੋਸ਼ ਨਾਲ ਕਿਹਾ: “ਅਸੀਂ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਲਈ ਸੌਸਨੋਵਯੈਤਸ ਆਉਣ ਦਾ ਸੱਦਾ ਦਿੰਦੇ ਹਾਂ। ਉੱਥੇ ਨੌਜਵਾਨਾਂ ਨਾਲ ਸੰਬੰਧਿਤ ਕਈ ਵਿਸ਼ਿਆਂ ਤੇ ਚਰਚਾ ਕੀਤੀ ਜਾਵੇਗੀ।” ਕਾਟਾਰਜ਼ੇਨਾ ਨੇ ਮਸੀਹੀਆਂ ਦੇ ਮੁੱਖ ਸਮਾਰੋਹ, ਯਿਸੂ ਮਸੀਹ ਦੀ ਮੌਤ ਦੇ ਸਮਾਰਕ ਬਾਰੇ ਵੀ ਦੱਸਿਆ। ਉਸ ਨੇ ਆਪਣੇ ਸਰੋਤਿਆਂ ਨੂੰ ਪ੍ਰੇਰਣਾ ਦਿੱਤੀ: “ਪਿਛਲੇ ਸਾਲ ਦੁਨੀਆਂ ਭਰ ਵਿਚ 1 ਕਰੋੜ 40 ਲੱਖ ਲੋਕ ਇਸ ਸਮਾਰੋਹ ਵਿਚ ਹਾਜ਼ਰ ਹੋਏ ਸਨ। ਕਿਉਂ ਨਾ ਅਗਲੀ ਵਾਰ ਤੁਸੀਂ ਵੀ ਸਾਡੇ ਇਸ ਸਮਾਰੋਹ ਵਿਚ ਆਓ?”

ਆਪਣੀਆਂ ਪੇਸ਼ਕਾਰੀਆਂ ਦੇਣ ਮਗਰੋਂ ਮਾਲਵੀਨਾ, ਮਾਟੇਯੂਸ਼, ਅਤੇ ਕਾਟਾਰਜ਼ੇਨਾ ਨੇ ਅਧਿਆਪਕਾਂ ਨੂੰ ਪੋਲਿਸ਼ ਭਾਸ਼ਾ ਵਿਚ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ ਨਾਮਕ ਕਿਤਾਬ ਅਤੇ ਦੋ ਵਿਡਿਓ-ਕੈਸਟਾਂ ਵੀ ਦਿੱਤੀਆਂ ਜਿਨ੍ਹਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਤੇ ਕੰਮਾਂ ਬਾਰੇ ਦੱਸਿਆ ਗਿਆ ਹੈ। * ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਇਹ ਕਿਤਾਬ ਤੇ ਵਿਡਿਓ-ਕੈਸਟਾਂ ਸਵੀਕਾਰ ਕੀਤੀਆਂ ਅਤੇ ਕਿਹਾ ਕਿ ਉਹ ਇਨ੍ਹਾਂ ਨੂੰ ਆਪਣੀਆਂ ਇਤਿਹਾਸ ਦੀਆਂ ਕਲਾਸਾਂ ਵਿਚ ਜ਼ਰੂਰ ਵਰਤਣਗੇ।

ਪ੍ਰੋਗ੍ਰਾਮ ਦੇ ਅੰਤ ਵਿਚ 12-ਸਾਲਾ ਮਾਰਟੀਨਾ ਨੇ ਸਾਰਿਆਂ ਲਈ “ਧੰਨਵਾਦ ਅਸੀਂ ਤੇਰਾ ਕਰਦੇ, ਯਹੋਵਾਹ” ਗੀਤ ਦੀਆਂ ਧੁੰਨਾਂ ਵਜਾਈਆਂ। ਇਨ੍ਹਾਂ ਨੌਜਵਾਨ ਗਵਾਹਾਂ ਨੇ ‘ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋ ਕੇ’ ਬਹੁਤ ਵਧੀਆ ਗਵਾਹੀ ਦਿੱਤੀ। (1 ਥੱਸਲੁਨੀਕੀਆਂ 2:2) ਉਹ ਦੁਨੀਆਂ ਭਰ ਦੇ ਜਵਾਨ ਗਵਾਹਾਂ ਲਈ ਇਕ ਬਿਹਤਰੀਨ ਮਿਸਾਲ ਹਨ!

[ਫੁਟਨੋਟ]

^ ਪੈਰਾ 9 ਇਹ ਕਿਤਾਬ ਤੇ ਵਿਡਿਓ-ਕੈਸਟਾਂ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ।

[ਸਫ਼ੇ 26 ਉੱਤੇ ਤਸਵੀਰ]

ਸਕੂਲ ਵਿਚ ਆਪਣੀ ਪੇਸ਼ਕਾਰੀ ਦੇਣ ਤੋਂ ਕੁਝ ਦਿਨ ਪਹਿਲਾਂ ਮਾਲਵੀਨਾ ਇਸ ਦੀ ਤਿਆਰੀ ਕਰਦੀ ਹੋਈ

[ਸਫ਼ੇ 26 ਉੱਤੇ ਤਸਵੀਰ]

ਕਾਟਾਰਜ਼ੇਨਾ ਆਪਣੀ ਪੇਸ਼ਕਾਰੀ ਲਈ ਬਾਈਬਲ ਦੀਆਂ ਆਇਤਾਂ ਲੱਭਦੀ ਹੋਈ