Skip to content

Skip to table of contents

“ਧੀਰਜ ਨੂੰ ਪਹਿਨ ਲਓ”

“ਧੀਰਜ ਨੂੰ ਪਹਿਨ ਲਓ”

“ਧੀਰਜ ਨੂੰ ਪਹਿਨ ਲਓ”

“ਰਹਿਮ ਦਿਲੀ . . . ਅਤੇ ਧੀਰਜ ਨੂੰ ਪਹਿਨ ਲਓ।”​—ਕੁਲੁੱਸੀਆਂ 3:12.

1. ਸਹਿਣਸ਼ੀਲਤਾ ਦੀ ਇਕ ਬਿਹਤਰੀਨ ਮਿਸਾਲ ਦੱਸੋ।

ਦੱਖਣ-ਪੱਛਮੀ ਫ਼ਰਾਂਸ ਵਿਚ ਰਹਿੰਦਾ ਰੇਜ਼ੀਸ 1952 ਵਿਚ ਬਪਤਿਸਮਾ ਲੈ ਕੇ ਯਹੋਵਾਹ ਦਾ ਗਵਾਹ ਬਣਿਆ ਸੀ। ਕਈ ਸਾਲਾਂ ਤਕ ਉਸ ਦੀ ਪਤਨੀ ਨੇ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ। ਉਸ ਨੇ ਉਸ ਨੂੰ ਸਭਾਵਾਂ ਵਿਚ ਜਾਣ ਤੋਂ ਰੋਕਣ ਲਈ ਉਸ ਦੀ ਗੱਡੀ ਦੇ ਟਾਇਰ ਪੈਂਚਰ ਕਰਨ ਦੀ ਕੋਸ਼ਿਸ਼ ਕੀਤੀ। ਇਕ ਵਾਰ ਜਦੋਂ ਉਹ ਘਰ-ਘਰ ਬਾਈਬਲ ਦਾ ਸੰਦੇਸ਼ ਸੁਣਾ ਰਿਹਾ ਸੀ, ਤਾਂ ਉਹ ਵੀ ਉਸ ਦੇ ਮਗਰ-ਮਗਰ ਗਈ ਤੇ ਜਦੋਂ ਉਹ ਘਰ-ਸੁਆਮੀ ਨੂੰ ਰਾਜ ਦੀ ਖ਼ੁਸ਼ੀ ਖ਼ਬਰੀ ਸੁਣਾਉਂਦਾ ਸੀ, ਉਹ ਪਿੱਛਿਓਂ ਦੀ ਉਸ ਦਾ ਮਜ਼ਾਕ ਉਡਾਉਂਦੀ ਰਹੀ। ਉਸ ਦੇ ਲਗਾਤਾਰ ਵਿਰੋਧ ਕਰਨ ਦੇ ਬਾਵਜੂਦ ਵੀ ਰੇਜ਼ੀਸ ਨੇ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਿਆ। ਇਸ ਲਈ ਰੇਜ਼ੀਸ ਸਾਰੇ ਮਸੀਹੀਆਂ ਲਈ ਇਕ ਬਿਹਤਰੀਨ ਮਿਸਾਲ ਹੈ ਕਿਉਂਕਿ ਯਹੋਵਾਹ ਆਪਣੇ ਸਾਰੇ ਉਪਾਸਕਾਂ ਤੋਂ ਮੰਗ ਕਰਦਾ ਹੈ ਕਿ ਉਹ ਦੂਸਰਿਆਂ ਨਾਲ ਸਹਿਣਸ਼ੀਲਤਾ ਨਾਲ ਪੇਸ਼ ਆਉਣ।

2. “ਧੀਰਜ” ਜਾਂ ਸਹਿਣਸ਼ੀਲਤਾ ਲਈ ਯੂਨਾਨੀ ਸ਼ਬਦ ਦਾ ਸ਼ਾਬਦਿਕ ਮਤਲਬ ਕੀ ਹੈ ਅਤੇ ਇਹ ਸ਼ਬਦ ਕੀ ਦਰਸਾਉਂਦਾ ਹੈ?

2 “ਸਹਿਣਸ਼ੀਲਤਾ” ਲਈ ਯੂਨਾਨੀ ਸ਼ਬਦ ਦਾ ਸ਼ਾਬਦਿਕ ਮਤਲਬ ਹੈ “ਆਤਮਾ ਦੀ ਲੰਬਾਈ।” ਪੰਜਾਬੀ ਬਾਈਬਲ ਵਿਚ ਇਸ ਸ਼ਬਦ ਨੂੰ 14 ਵਾਰ “ਧੀਰਜ” ਅਨੁਵਾਦ ਕੀਤਾ ਗਿਆ ਹੈ। “ਧੀਰਜ” ਅਨੁਵਾਦ ਕੀਤੇ ਗਏ ਦੋਵੇਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਵਿਚ ਸਬਰ ਕਰਨ, ਹੌਸਲਾ ਰੱਖਣ, ਅਤੇ ਗੁੱਸਾ ਕਰਨ ਵਿਚ ਢਿੱਲ ਕਰਨ ਦਾ ਵਿਚਾਰ ਸ਼ਾਮਲ ਹੈ।

3. ਸਹਿਣਸ਼ੀਲਤਾ ਬਾਰੇ ਮਸੀਹੀਆਂ ਦਾ ਨਜ਼ਰੀਆ ਪਹਿਲੀ ਸਦੀ ਦੇ ਯੂਨਾਨੀਆਂ ਨਾਲੋਂ ਕਿਵੇਂ ਅਲੱਗ ਸੀ?

3 ਪਹਿਲੀ ਸਦੀ ਦੇ ਯੂਨਾਨੀ ਸਹਿਣਸ਼ੀਲਤਾ ਨੂੰ ਕੋਈ ਖੂਬੀ ਨਹੀਂ ਸਮਝਦੇ ਸਨ। ਸਤੋਇਕੀ ਫ਼ਿਲਾਸਫ਼ਰਾਂ ਨੇ ਕਦੀ ਵੀ ਇਸ ਸ਼ਬਦ ਨੂੰ ਨਹੀਂ ਵਰਤਿਆ। ਬਾਈਬਲ ਦੇ ਵਿਦਵਾਨ ਵਿਲਿਅਮ ਬਾਰਕਲੇ ਅਨੁਸਾਰ, ਸਹਿਣਸ਼ੀਲਤਾ “ਯੂਨਾਨੀਆਂ ਦੇ ਸੁਭਾਅ ਤੋਂ ਬਿਲਕੁਲ ਉਲਟ ਸੀ” ਜਿਹੜੇ “ਕਿਸੇ ਵੀ ਤਰ੍ਹਾਂ ਦੀ ਬੇਇੱਜ਼ਤੀ ਜਾਂ ਨੁਕਸਾਨ ਨੂੰ ਨਾ ਸਹਿਣ ਕਰਨ” ਦੀ ਸ਼ੇਖ਼ੀ ਮਾਰਦੇ ਸਨ। ਉਹ ਕਹਿੰਦਾ ਹੈ: “ਯੂਨਾਨੀਆਂ ਦੀ ਨਜ਼ਰ ਵਿਚ ਉਹ ਆਦਮੀ ਮਹਾਨ ਹੁੰਦਾ ਸੀ ਜਿਹੜਾ ਬਦਲਾ ਲੈਣ ਲਈ ਕੁਝ ਵੀ ਕਰਦਾ ਸੀ। ਪਰ ਮਸੀਹੀਆਂ ਦੀ ਨਜ਼ਰ ਵਿਚ ਉਹ ਆਦਮੀ ਮਹਾਨ ਹੁੰਦਾ ਸੀ ਜਿਹੜਾ ਬਦਲਾ ਨਹੀਂ ਲੈਂਦਾ ਸੀ ਜਦ ਕਿ ਉਹ ਬਦਲਾ ਲੈ ਸਕਦਾ ਸੀ।” ਯੂਨਾਨੀ ਸ਼ਾਇਦ ਸਹਿਣਸ਼ੀਲਤਾ ਨੂੰ ਕਮਜ਼ੋਰੀ ਸਮਝਦੇ ਸਨ, ਪਰ ਇਸ ਮਾਮਲੇ ਵਿਚ ਵੀ “ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।”​—1 ਕੁਰਿੰਥੀਆਂ 1:25.

ਸਹਿਣਸ਼ੀਲਤਾ ਦਿਖਾਉਣ ਵਿਚ ਮਸੀਹ ਦੀ ਮਿਸਾਲ

4, 5. ਯਿਸੂ ਨੇ ਸਹਿਣਸ਼ੀਲਤਾ ਦੀ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?

4 ਯਹੋਵਾਹ ਤੋਂ ਬਾਅਦ, ਮਸੀਹ ਯਿਸੂ ਨੇ ਸਹਿਣਸ਼ੀਲਤਾ ਦਿਖਾਉਣ ਵਿਚ ਵਧੀਆ ਮਿਸਾਲ ਕਾਇਮ ਕੀਤੀ। ਜਦੋਂ ਯਿਸੂ ਬਹੁਤ ਦਬਾਅ ਥੱਲੇ ਸੀ, ਤਾਂ ਉਸ ਨੇ ਅਸਾਧਾਰਣ ਢੰਗ ਨਾਲ ਆਪਣੇ ਆਪ ਨੂੰ ਕਾਬੂ ਵਿਚ ਰੱਖਿਆ। ਉਸ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ: “ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।”​—ਯਸਾਯਾਹ 53:7.

5 ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਕਿੰਨੀ ਸਹਿਣਸ਼ੀਲਤਾ ਦਿਖਾਈ! ਉਸ ਨੇ ਆਪਣੇ ਵੈਰੀਆਂ ਦੇ ਛਲ ਭਰੇ ਸਵਾਲਾਂ ਨੂੰ ਅਤੇ ਵਿਰੋਧੀਆਂ ਦੇ ਅਪਮਾਨ ਨੂੰ ਬਰਦਾਸ਼ਤ ਕੀਤਾ। (ਮੱਤੀ 22:15-46; 1 ਪਤਰਸ 2:23) ਉਹ ਆਪਣੇ ਚੇਲਿਆਂ ਨਾਲ ਧੀਰਜ ਨਾਲ ਪੇਸ਼ ਆਇਆ, ਉਦੋਂ ਵੀ ਜਦੋਂ ਉਹ ਲਗਾਤਾਰ ਇਸ ਗੱਲ ਤੇ ਲੜਦੇ ਰਹੇ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। (ਮਰਕੁਸ 9:33-37; 10:35-45; ਲੂਕਾ 22:24-27) ਅਤੇ ਯਿਸੂ ਨੇ ਆਪਣੇ ਨਾਲ ਧੋਖਾ ਕੀਤੇ ਜਾਣ ਦੀ ਰਾਤ ਨੂੰ ਵੀ ਆਪਣੇ ਉੱਤੇ ਕਿੰਨਾ ਕਾਬੂ ਰੱਖਿਆ ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ‘ਜਾਗਦੇ ਰਹਿਣ’ ਲਈ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸੌਂਦੇ ਦੇਖਿਆ!​—ਮੱਤੀ 26:36-41.

6. ਪੌਲੁਸ ਨੂੰ ਯਿਸੂ ਦੀ ਸਹਿਣਸ਼ੀਲਤਾ ਤੋਂ ਕੀ ਲਾਭ ਹੋਇਆ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

6 ਆਪਣੀ ਮੌਤ ਅਤੇ ਪੁਨਰ-ਉਥਾਨ ਤੋਂ ਬਾਅਦ ਯਿਸੂ ਸਹਿਣਸ਼ੀਲਤਾ ਦਿਖਾਉਂਦਾ ਰਿਹਾ। ਪੌਲੁਸ ਰਸੂਲ ਨੂੰ ਖ਼ਾਸ ਕਰਕੇ ਇਸ ਦਾ ਅਹਿਸਾਸ ਸੀ, ਕਿਉਂਕਿ ਉਹ ਪਹਿਲਾਂ ਮਸੀਹੀਆਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ। ਉਸ ਨੇ ਲਿਖਿਆ: “ਇਹ ਬਚਨ ਪੱਕਾ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਂ ਪਾਪੀ ਮੈਂ ਹਾਂ। ਪਰ ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ।” (1 ਤਿਮੋਥਿਉਸ 1:15, 16) ਸਾਡੀ ਬੀਤੀ ਜ਼ਿੰਦਗੀ ਚਾਹੇ ਜਿੱਦਾਂ ਦੀ ਮਰਜ਼ੀ ਹੋਵੇ, ਪਰ ਜੇ ਅਸੀਂ ਯਿਸੂ ਵਿਚ ਨਿਹਚਾ ਕਰਦੇ ਹਾਂ, ਤਾਂ ਉਹ ਸਾਡੇ ਨਾਲ ਸਹਿਣਸ਼ੀਲਤਾ ਨਾਲ ਪੇਸ਼ ਆਵੇਗਾ, ਬਸ਼ਰਤੇ ਕਿ ਅਸੀਂ “ਤੋਬਾ ਦੇ ਲਾਇਕ ਕੰਮ” ਕਰੀਏ। (ਰਸੂਲਾਂ ਦੇ ਕਰਤੱਬ 26:20; ਰੋਮੀਆਂ 2:4) ਮਸੀਹ ਵੱਲੋਂ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਘੱਲੇ ਸੰਦੇਸ਼ ਦਿਖਾਉਂਦੇ ਹਨ ਕਿ ਚਾਹੇ ਯਿਸੂ ਸਹਿਣਸ਼ੀਲ ਹੈ, ਉਹ ਮਸੀਹੀਆਂ ਤੋਂ ਤਰੱਕੀ ਦੀ ਵੀ ਆਸ ਰੱਖਦਾ ਹੈ।​—ਪਰਕਾਸ਼ ਦੀ ਪੋਥੀ, ਅਧਿਆਇ 2 ਅਤੇ 3.

ਆਤਮਾ ਦਾ ਫਲ

7. ਸਹਿਣਸ਼ੀਲਤਾ ਅਤੇ ਪਵਿੱਤਰ ਆਤਮਾ ਵਿਚ ਕੀ ਸੰਬੰਧ ਹੈ?

7 ਗਲਾਤੀਆਂ ਨੂੰ ਲਿਖੀ ਆਪਣੀ ਚਿੱਠੀ ਦੇ 5ਵੇਂ ਅਧਿਆਇ ਵਿਚ ਪੌਲੁਸ ਨੇ ਸਰੀਰ ਦੇ ਕੰਮਾਂ ਅਤੇ ਆਤਮਾ ਦੇ ਫਲ ਵਿਚ ਅੰਤਰ ਦੱਸਿਆ। (ਗਲਾਤੀਆਂ 5:19-23) ਕਿਉਂਕਿ ਧੀਰਜ ਜਾਂ ਸਹਿਣਸ਼ੀਲਤਾ ਯਹੋਵਾਹ ਦਾ ਇਕ ਗੁਣ ਹੈ, ਇਸ ਲਈ ਉਹੋ ਇਸ ਗੁਣ ਦਾ ਸੋਮਾ ਹੈ ਅਤੇ ਇਹ ਗੁਣ ਉਸ ਦੀ ਆਤਮਾ ਦਾ ਇਕ ਫਲ ਹੈ। (ਕੂਚ 34:6, 7) ਅਸਲ ਵਿਚ ਪੌਲੁਸ ਦੁਆਰਾ ਦੱਸੇ ਆਤਮਾ ਦੇ ਫਲਾਂ ਵਿਚ ਧੀਰਜ ਚੌਥੇ ਨੰਬਰ ਤੇ ਹੈ ਅਤੇ ਦੂਸਰੇ ਗੁਣ ਹਨ “ਪ੍ਰੇਮ, ਅਨੰਦ, ਸ਼ਾਂਤੀ, . . . ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾਤੀਆਂ 5:22, 23) ਇਸ ਲਈ ਜਦੋਂ ਪਰਮੇਸ਼ੁਰ ਦੇ ਸੇਵਕ ਪਰਮੇਸ਼ੁਰੀ ਧੀਰਜ ਜਾਂ ਸਹਿਣਸ਼ੀਲਤਾ ਦਿਖਾਉਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਪਵਿੱਤਰ ਆਤਮਾ ਉਨ੍ਹਾਂ ਉੱਤੇ ਕੰਮ ਕਰ ਰਹੀ ਹੈ।

8. ਆਤਮਾ ਦੇ ਫਲ, ਜਿਸ ਵਿਚ ਧੀਰਜ ਵੀ ਸ਼ਾਮਲ ਹੈ, ਨੂੰ ਪੈਦਾ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

8 ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਇਕ ਵਿਅਕਤੀ ਉੱਤੇ ਆਪਣੀ ਪਵਿੱਤਰ ਆਤਮਾ ਜ਼ਬਰਦਸਤੀ ਥੋਪਦਾ ਹੈ। ਸਾਨੂੰ ਆਪਣੀ ਇੱਛਾ ਨਾਲ ਇਸ ਦੇ ਪ੍ਰਭਾਵ ਅਧੀਨ ਆਉਣਾ ਚਾਹੀਦਾ ਹੈ। (2 ਕੁਰਿੰਥੀਆਂ 3:17; ਅਫ਼ਸੀਆਂ 4:30) ਅਸੀਂ ਆਪਣੇ ਸਾਰੇ ਕੰਮਾਂ-ਕਾਰਾਂ ਵਿਚ ਇਸ ਦੇ ਫਲ ਪੈਦਾ ਕਰ ਕੇ ਪਵਿੱਤਰ ਆਤਮਾ ਨੂੰ ਆਪਣੀ ਜ਼ਿੰਦਗੀ ਤੇ ਪ੍ਰਭਾਵ ਪਾਉਣ ਦਿੰਦੇ ਹਾਂ। ਸਰੀਰ ਦੇ ਕੰਮਾਂ ਅਤੇ ਆਤਮਾ ਦੇ ਫਲ ਬਾਰੇ ਦੱਸਣ ਤੋਂ ਬਾਅਦ, ਪੌਲੁਸ ਨੇ ਅੱਗੇ ਕਿਹਾ: “ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਦੁਆਰਾ ਚੱਲੀਏ ਵੀ। ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢੇਗਾ ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।” (ਗਲਾਤੀਆਂ 5:25; 6:7, 8) ਜੇ ਅਸੀਂ ਆਪਣੇ ਵਿਚ ਸਹਿਣਸ਼ੀਲਤਾ ਪੈਦਾ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਪਵਿੱਤਰ ਆਤਮਾ ਦੇ ਬਾਕੀ ਫਲਾਂ ਨੂੰ ਵੀ ਆਪਣੇ ਵਿਚ ਪੈਦਾ ਕਰਨ ਦੀ ਲੋੜ ਹੈ।

‘ਪ੍ਰੇਮ ਧੀਰਜਵਾਨ ਹੈ’

9. ਪੌਲੁਸ ਨੇ ਕੁਰਿੰਥੀਆਂ ਨੂੰ ਸ਼ਾਇਦ ਕਿਉਂ ਕਿਹਾ ਸੀ ਕਿ ‘ਪਿਆਰ ਧੀਰਜਵਾਨ ਹੈ’?

9 ਪੌਲੁਸ ਨੇ ਦਿਖਾਇਆ ਕਿ ਪਿਆਰ ਅਤੇ ਸਹਿਣਸ਼ੀਲਤਾ ਜਾਂ ਧੀਰਜ ਵਿਚ ਖ਼ਾਸ ਸੰਬੰਧ ਹੈ: ‘ਪ੍ਰੇਮ ਧੀਰਜਵਾਨ ਹੈ।’ (1 ਕੁਰਿੰਥੀਆਂ 13:4) ਬਾਈਬਲ ਦਾ ਇਕ ਵਿਦਵਾਨ ਐਲਬਰਟ ਬਾਰਨਜ਼ ਕਹਿੰਦਾ ਹੈ ਕਿ ਪੌਲੁਸ ਨੇ ਕੁਰਿੰਥੁਸ ਦੀ ਮਸੀਹੀ ਕਲੀਸਿਯਾ ਵਿਚ ਹੋ ਰਹੇ ਝਗੜਿਆਂ ਨੂੰ ਧਿਆਨ ਵਿਚ ਰੱਖ ਕੇ ਇਸ ਗੁਣ ਤੇ ਜ਼ੋਰ ਦਿੱਤਾ ਸੀ। (1 ਕੁਰਿੰਥੀਆਂ 1:11, 12) ਬਾਰਨਜ਼ ਕਹਿੰਦਾ ਹੈ: “[ਸਹਿਣਸ਼ੀਲਤਾ ਲਈ] ਇੱਥੇ ਵਰਤਿਆ ਗਿਆ ਸ਼ਬਦ ਜਲਦਬਾਜ਼ੀ ਦਾ ਉਲਟ ਹੈ: ਗੁੱਸੇ ਭਰੇ ਸ਼ਬਦਾਂ ਤੇ ਵਿਚਾਰਾਂ ਅਤੇ ਚਿੜਚਿੜੇਪਣ ਤੋਂ ਉਲਟ ਹੈ। ਇਹ ਮਨ ਦੀ ਹਾਲਤ ਨੂੰ ਦਰਸਾਉਂਦਾ ਹੈ ਜੋ ਸਤਾਏ ਜਾਣ ਅਤੇ ਭੜਕਾਏ ਜਾਣ ਦੇ ਬਾਵਜੂਦ ਲੰਬੇ ਸਮੇਂ ਤਕ ਸਬਰ ਰੱਖ ਸਕਦਾ ਹੈ।” ਪਿਆਰ ਤੇ ਸਹਿਣਸ਼ੀਲਤਾ ਅੱਜ ਵੀ ਮਸੀਹੀ ਕਲੀਸਿਯਾ ਵਿਚ ਸ਼ਾਂਤੀ ਨੂੰ ਵਧਾਉਂਦੇ ਹਨ।

10. (ੳ) ਪਿਆਰ ਕਿਵੇਂ ਸਹਿਣਸ਼ੀਲ ਬਣਨ ਵਿਚ ਸਾਡੀ ਮਦਦ ਕਰਦਾ ਹੈ ਅਤੇ ਪੌਲੁਸ ਰਸੂਲ ਇਸ ਸੰਬੰਧ ਵਿਚ ਕੀ ਸਲਾਹ ਦਿੰਦਾ ਹੈ? (ਅ) ਬਾਈਬਲ ਦੇ ਇਕ ਵਿਦਵਾਨ ਨੇ ਪਰਮੇਸ਼ੁਰ ਦੀ ਸਹਿਣਸ਼ੀਲਤਾ ਅਤੇ ਕਿਰਪਾ ਬਾਰੇ ਕੀ ਕਿਹਾ ਸੀ? (ਫੁਟਨੋਟ ਦੇਖੋ।)

10 “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ . . . ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ।” ਇਸ ਲਈ ਬਹੁਤ ਸਾਰੇ ਤਰੀਕਿਆਂ ਨਾਲ ਪਿਆਰ ਸਾਡੀ ਸਹਿਣਸ਼ੀਲਤਾ ਰੱਖਣ ਵਿਚ ਮਦਦ ਕਰਦਾ ਹੈ। * (1 ਕੁਰਿੰਥੀਆਂ 13:4, 5) ਪਿਆਰ ਸਾਨੂੰ ਧੀਰਜ ਨਾਲ ਇਕ ਦੂਸਰੇ ਦੀ ਸਹਿ ਲੈਣ ਦੇ ਕਾਬਲ ਬਣਾਉਂਦਾ ਹੈ ਅਤੇ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਸਾਡੇ ਸਾਰਿਆਂ ਵਿਚ ਖ਼ਾਮੀਆਂ ਤੇ ਕਮਜ਼ੋਰੀਆਂ ਹਨ। ਇਹ ਦੂਸਰਿਆਂ ਦਾ ਲਿਹਾਜ਼ ਕਰਨ ਵਿਚ ਅਤੇ ਮਾਫ਼ ਕਰਨ ਵਾਲੇ ਬਣਨ ਵਿਚ ਸਾਡੀ ਮਦਦ ਕਰਦਾ ਹੈ। ਪੌਲੁਸ ਰਸੂਲ ਸਾਨੂੰ ਉਤਸ਼ਾਹ ਦਿੰਦਾ ਹੈ ਕਿ ਅਸੀਂ “ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ” ਨਾਲ ਚੱਲੀਏ ਅਤੇ ‘ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਈਏ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰੀਏ।’​—ਅਫ਼ਸੀਆਂ 4:1-3.

11. ਮਸੀਹੀ ਸਮੂਹਾਂ ਵਿਚ ਖ਼ਾਸ ਤੌਰ ਤੇ ਸਹਿਣਸ਼ੀਲਤਾ ਰੱਖਣੀ ਕਿਉਂ ਜ਼ਰੂਰੀ ਹੈ?

11 ਮਸੀਹੀ ਸਮੂਹਾਂ, ਚਾਹੇ ਇਹ ਕਲੀਸਿਯਾਵਾਂ ਹੋਣ ਜਾਂ ਬੈਥਲ ਘਰ, ਮਿਸ਼ਨਰੀ ਘਰ, ਉਸਾਰੀ ਟੀਮਾਂ ਜਾਂ ਵੱਖ-ਵੱਖ ਮਸੀਹੀ ਸਕੂਲ ਹੋਣ, ਦੇ ਮੈਂਬਰਾਂ ਦੀ ਸਹਿਣਸ਼ੀਲਤਾ ਨਾਲ ਸ਼ਾਂਤੀ ਅਤੇ ਖ਼ੁਸ਼ਹਾਲੀ ਵਿਚ ਵਾਧਾ ਹੁੰਦਾ ਹੈ। ਹਰ ਇਨਸਾਨ ਦੀ ਸ਼ਖ਼ਸੀਅਤ, ਰੁਚੀਆਂ, ਪਰਵਰਿਸ਼, ਸਲੀਕੇ ਜਾਂ ਇੱਥੋਂ ਤਕ ਕਿ ਸਾਫ਼-ਸਫ਼ਾਈ ਦੇ ਮਿਆਰ ਵੀ ਵੱਖਰੇ-ਵੱਖਰੇ ਹੁੰਦੇ ਹਨ ਜਿਸ ਕਰਕੇ ਸਾਡੇ ਸਬਰ ਦੀ ਪਰਖ ਹੋ ਸਕਦੀ ਹੈ। ਪਰਿਵਾਰਾਂ ਵਿਚ ਵੀ ਇਸ ਤਰ੍ਹਾਂ ਹੋ ਸਕਦਾ ਹੈ। ਅਜਿਹੇ ਹਾਲਾਤਾਂ ਵਿਚ ਸਾਡਾ ਗੁੱਸੇ ਵਿਚ ਧੀਮੇ ਹੋਣਾ ਬਹੁਤ ਜ਼ਰੂਰੀ ਹੈ। (ਕਹਾਉਤਾਂ 14:29; 15:18; 19:11) ਸਾਰਿਆਂ ਲਈ ਸਹਿਣਸ਼ੀਲ ਹੋਣਾ, ਯਾਨੀ ਇਕ ਦੂਸਰੇ ਨੂੰ ਧੀਰਜ ਨਾਲ ਬਰਦਾਸ਼ਤ ਕਰਨਾ ਅਤੇ ਸੁਧਾਰ ਦੀ ਆਸ ਨਾ ਛੱਡਣੀ ਬਹੁਤ ਜ਼ਰੂਰੀ ਹੈ।​—ਰੋਮੀਆਂ 15:1-6.

ਸਹਿਣਸ਼ੀਲਤਾ ਸਾਨੂੰ ਬਰਦਾਸ਼ਤ ਕਰਨ ਦੀ ਤਾਕਤ ਦਿੰਦੀ ਹੈ

12. ਮੁਸ਼ਕਲ ਹਾਲਾਤਾਂ ਵਿਚ ਸਹਿਣਸ਼ੀਲਤਾ ਰੱਖਣੀ ਕਿਉਂ ਜ਼ਰੂਰੀ ਹੈ?

12 ਸਹਿਣਸ਼ੀਲਤਾ ਅਜਿਹੇ ਮੁਸ਼ਕਲ ਹਾਲਾਤਾਂ ਨੂੰ ਬਰਦਾਸ਼ਤ ਕਰਨ ਵਿਚ ਸਾਡੀ ਮਦਦ ਕਰਦੀ ਹੈ ਜਿਨ੍ਹਾਂ ਬਾਰੇ ਸਾਨੂੰ ਸ਼ਾਇਦ ਲੱਗੇ ਕਿ ਉਹ ਕਦੀ ਖ਼ਤਮ ਹੀ ਨਹੀਂ ਹੋਣਗੇ ਜਾਂ ਉਨ੍ਹਾਂ ਦਾ ਨੇੜੇ-ਤੇੜੇ ਕੋਈ ਹੱਲ ਨਜ਼ਰ ਨਹੀਂ ਆਉਂਦਾ। ਰੇਜ਼ੀਸ ਨਾਲ ਇਸੇ ਤਰ੍ਹਾਂ ਹੋਇਆ ਸੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ। ਉਸ ਦੀ ਪਤਨੀ ਕਈ ਸਾਲਾਂ ਤਕ ਉਸ ਦਾ ਯਹੋਵਾਹ ਦੀ ਸੇਵਾ ਕਰਨ ਕਰਕੇ ਵਿਰੋਧ ਕਰਦੀ ਰਹੀ। ਪਰ ਇਕ ਦਿਨ ਉਹ ਰੋਂਦੀ ਹੋਈ ਉਸ ਕੋਲ ਆਈ ਤੇ ਕਿਹਾ: “ਮੈਂ ਜਾਣਦੀ ਹਾਂ ਕਿ ਇਹ ਸੱਚਾਈ ਹੈ। ਮੇਰੀ ਮਦਦ ਕਰੋ। ਮੈਂ ਬਾਈਬਲ ਦਾ ਅਧਿਐਨ ਕਰਨਾ ਚਾਹੁੰਦੀ ਹਾਂ।” ਅਖ਼ੀਰ ਵਿਚ ਉਹ ਬਪਤਿਸਮਾ ਲੈ ਕੇ ਇਕ ਗਵਾਹ ਬਣ ਗਈ। ਰੇਜ਼ੀਸ ਕਹਿੰਦਾ ਹੈ: “ਇਸ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਕਠਿਨ ਸਾਲਾਂ ਦੌਰਾਨ ਮੇਰੇ ਧੀਰਜ ਅਤੇ ਸਬਰ ਲਈ ਮੈਨੂੰ ਬਰਕਤ ਦਿੱਤੀ ਹੈ।” ਉਸ ਨੂੰ ਆਪਣੀ ਸਹਿਣਸ਼ੀਲਤਾ ਦਾ ਇਨਾਮ ਮਿਲਿਆ।

13. ਕਿਹੜੀ ਚੀਜ਼ ਨੇ ਮੁਸ਼ਕਲ ਹਾਲਾਤਾਂ ਨੂੰ ਸਹਿਣ ਵਿਚ ਪੌਲੁਸ ਦੀ ਮਦਦ ਕੀਤੀ ਅਤੇ ਉਸ ਦੀ ਮਿਸਾਲ ਸਾਡੀ ਸਹਿਣ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ?

13 ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਸਹਿਣਸ਼ੀਲਤਾ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। (2 ਕੁਰਿੰਥੀਆਂ 6:3-10; 1 ਤਿਮੋਥਿਉਸ 1:16) ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਜਦੋਂ ਉਹ ਆਪਣੇ ਨੌਜਵਾਨ ਸਾਥੀ ਤਿਮੋਥਿਉਸ ਨੂੰ ਸਲਾਹ ਦੇ ਰਿਹਾ ਸੀ, ਤਾਂ ਉਸ ਨੇ ਉਸ ਨੂੰ ਸਚੇਤ ਕੀਤਾ ਸੀ ਕਿ ਸਾਰੇ ਮਸੀਹੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਗੇ। ਪੌਲੁਸ ਨੇ ਆਪਣੀ ਉਦਾਹਰਣ ਦਿੱਤੀ ਅਤੇ ਸਬਰ ਦੇ ਲਈ ਜ਼ਰੂਰੀ ਦੂਸਰੇ ਮਸੀਹੀ ਗੁਣਾਂ ਨੂੰ ਆਪਣੇ ਵਿਚ ਪੈਦਾ ਕਰਨ ਲਈ ਕਿਹਾ। ਉਸ ਨੇ ਲਿਖਿਆ: “ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਧੀਰਜ, ਪ੍ਰੇਮ, ਸਬਰ, ਸਤਾਏ ਜਾਣ ਅਤੇ ਦੁਖ ਸਹਿਣ ਨੂੰ ਚੰਗੀ ਤਰਾਂ ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤਰਾ ਵਿੱਚ ਮੇਰੇ ਉੱਤੇ ਪਿਆ ਸੀ ਅਤੇ ਮੈਂ ਕਿਸ ਕਿਸ ਤਰਾਂ ਸਤਾਇਆ ਗਿਆ ਅਤੇ ਪ੍ਰਭੁ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ। ਹਾਂ, ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:10-12; ਰਸੂਲਾਂ ਦੇ ਕਰਤੱਬ 13:49-51; 14:19-22) ਮੁਸ਼ਕਲ ਹਾਲਾਤਾਂ ਨੂੰ ਬਰਦਾਸ਼ਤ ਕਰਨ ਲਈ ਸਾਨੂੰ ਸਾਰਿਆਂ ਨੂੰ ਨਿਹਚਾ, ਪਿਆਰ ਅਤੇ ਸਹਿਣਸ਼ੀਲਤਾ ਦੀ ਲੋੜ ਹੈ।

ਧੀਰਜ ਨੂੰ ਪਹਿਨ ਲਓ

14. ਪੌਲੁਸ ਨੇ ਧੀਰਜ ਅਤੇ ਦੂਸਰੇ ਪਰਮੇਸ਼ੁਰੀ ਗੁਣਾਂ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਅਤੇ ਉਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਕੀ ਸਲਾਹ ਦਿੱਤੀ ਸੀ?

14 ਪੌਲੁਸ ਰਸੂਲ ਨੇ ਧੀਰਜ ਅਤੇ ਦੂਸਰੇ ਪਰਮੇਸ਼ੁਰੀ ਗੁਣਾਂ ਦੀ ਤੁਲਨਾ ਕੱਪੜਿਆਂ ਨਾਲ ਕੀਤੀ ਜੋ ਇਕ ਮਸੀਹੀ ਨੂੰ “ਪੁਰਾਣੀ ਇਨਸਾਨੀਅਤ” ਦੇ ਕੰਮਾਂ ਨੂੰ ਛੱਡ ਕੇ ਪਹਿਨਣੇ ਚਾਹੀਦੇ ਹਨ। (ਕੁਲੁੱਸੀਆਂ 3:5-10) ਉਸ ਨੇ ਲਿਖਿਆ: “ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”​—ਕੁਲੁੱਸੀਆਂ 3:12-14.

15. ਜਦੋਂ ਮਸੀਹੀ ਧੀਰਜ ਅਤੇ ਦੂਸਰੇ ਪਰਮੇਸ਼ੁਰੀ ਗੁਣਾਂ ਨੂੰ ‘ਪਹਿਨਦੇ’ ਹਨ, ਤਾਂ ਇਸ ਦੇ ਕੀ ਨਤੀਜੇ ਨਿਕਲਦੇ ਹਨ?

15 ਜਦੋਂ ਕਲੀਸਿਯਾ ਦੇ ਮੈਂਬਰ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ, ਧੀਰਜ ਅਤੇ ਪਿਆਰ ਨੂੰ ‘ਪਹਿਨਦੇ’ ਹਨ, ਤਾਂ ਉਹ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਨ ਅਤੇ ਇਕ ਮਨ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਨ। ਮਸੀਹੀ ਨਿਗਾਹਬਾਨਾਂ ਨੂੰ ਖ਼ਾਸ ਕਰਕੇ ਸਹਿਣਸ਼ੀਲਤਾ ਦਿਖਾਉਣ ਦੀ ਲੋੜ ਹੈ। ਕਈ ਵਾਰ ਉਨ੍ਹਾਂ ਨੂੰ ਕਿਸੇ ਮਸੀਹੀ ਨੂੰ ਝਿੜਕਣ ਦੀ ਲੋੜ ਪੈਂਦੀ ਹੈ, ਪਰ ਇਸ ਤਰ੍ਹਾਂ ਕਰਨ ਦੇ ਕਈ ਵੱਖਰੇ-ਵੱਖਰੇ ਤਰੀਕੇ ਹਨ। ਪੌਲੁਸ ਨੇ ਇਸ ਤਰ੍ਹਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਜਦੋਂ ਉਸ ਨੇ ਤਿਮੋਥਿਉਸ ਨੂੰ ਚਿੱਠੀ ਲਿਖੀ: “ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕ ਦਿਹ, ਤਾੜਨਾ ਅਤੇ ਤਗੀਦ ਕਰ।” (2 ਤਿਮੋਥਿਉਸ 4:2) ਜੀ ਹਾਂ, ਯਹੋਵਾਹ ਦੀਆਂ ਭੇਡਾਂ ਨਾਲ ਹਮੇਸ਼ਾ ਧੀਰਜ, ਇੱਜ਼ਤ ਅਤੇ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ।​—ਮੱਤੀ 7:12; 11:28; ਰਸੂਲਾਂ ਦੇ ਕਰਤੱਬ 20:28, 29; ਰੋਮੀਆਂ 12:10.

“ਸਭਨਾਂ ਨਾਲ ਧੀਰਜ”

16. ਜਦੋਂ ਅਸੀਂ ‘ਸਭਨਾਂ ਨਾਲ ਧੀਰਜ ਕਰਦੇ ਹਾਂ,’ ਤਾਂ ਇਸ ਦੇ ਕੀ ਨਤੀਜੇ ਨਿਕਲਦੇ ਹਨ?

16 ਯਹੋਵਾਹ ਇਨਸਾਨਾਂ ਨਾਲ ਧੀਰਜ ਨਾਲ ਪੇਸ਼ ਆਉਂਦਾ ਹੈ, ਇਸ ਲਈ ਸਾਡੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ‘ਸਭਨਾਂ ਨਾਲ ਧੀਰਜ ਕਰੀਏ।’ (1 ਥੱਸਲੁਨੀਕੀਆਂ 5:14) ਇਸ ਦਾ ਮਤਲਬ ਹੈ ਕਿ ਅਸੀਂ ਪਰਿਵਾਰ ਦੇ ਅਵਿਸ਼ਵਾਸੀ ਮੈਂਬਰਾਂ, ਗੁਆਂਢੀਆਂ, ਸਹਿਕਰਮੀਆਂ ਅਤੇ ਸਹਿਪਾਠੀਆਂ ਨਾਲ ਧੀਰਜ ਨਾਲ ਪੇਸ਼ ਆਈਏ। ਬਹੁਤ ਸਾਰੇ ਗਵਾਹਾਂ ਨੇ ਪੱਖਪਾਤ ਉੱਤੇ ਜਿੱਤ ਪ੍ਰਾਪਤ ਕੀਤੀ ਜਿਨ੍ਹਾਂ ਨੇ ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਅਕਸਰ ਕਈ ਸਾਲਾਂ ਤਕ ਲੋਕਾਂ ਦੇ ਤਾਅਨੇ-ਮਿਹਣਿਆਂ ਅਤੇ ਵਿਰੋਧ ਨੂੰ ਬਰਦਾਸ਼ਤ ਕੀਤਾ। (ਕੁਲੁੱਸੀਆਂ 4:5, 6) ਪਤਰਸ ਰਸੂਲ ਨੇ ਲਿਖਿਆ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।”​—1 ਪਤਰਸ 2:12.

17. ਅਸੀਂ ਯਹੋਵਾਹ ਵਾਂਗ ਪਿਆਰ ਅਤੇ ਸਹਿਣਸ਼ੀਲਤਾ ਕਿਵੇਂ ਦਿਖਾ ਸਕਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?

17 ਯਹੋਵਾਹ ਦੀ ਸਹਿਣਸ਼ੀਲਤਾ ਕਰਕੇ ਕਰੋੜਾਂ ਲੋਕਾਂ ਨੂੰ ਮੁਕਤੀ ਮਿਲੇਗੀ। (2 ਪਤਰਸ 3:9, 15) ਜੇ ਅਸੀਂ ਯਹੋਵਾਹ ਵਾਂਗ ਪਿਆਰ ਤੇ ਸਹਿਣਸ਼ੀਲਤਾ ਦਿਖਾਵਾਂਗੇ, ਤਾਂ ਅਸੀਂ ਧੀਰਜ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹਾਂਗੇ ਅਤੇ ਦੂਸਰਿਆਂ ਨੂੰ ਮਸੀਹ ਦੇ ਸ਼ਾਸਨ ਦੇ ਅਧੀਨ ਹੋਣ ਦੀ ਸਿੱਖਿਆ ਦਿੰਦੇ ਰਹਾਂਗੇ। (ਮੱਤੀ 28:18-20; ਮਰਕੁਸ 13:10) ਜੇ ਅਸੀਂ ਪ੍ਰਚਾਰ ਕਰਨਾ ਛੱਡ ਦੇਵਾਂਗੇ, ਤਾਂ ਇਸ ਦਾ ਇਹ ਮਤਲਬ ਹੋਵੇਗਾ ਕਿ ਅਸੀਂ ਯਹੋਵਾਹ ਦੀ ਸਹਿਣਸ਼ੀਲਤਾ ਨੂੰ ਸੀਮਿਤ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਉਸ ਦੀ ਸਹਿਣਸ਼ੀਲਤਾ ਦੇ ਮਕਸਦ ਨੂੰ ਨਹੀਂ ਸਮਝਿਆ, ਜੋ ਕਿ ਲੋਕਾਂ ਨੂੰ ਤੋਬਾ ਕਰਨ ਦਾ ਮੌਕਾ ਦਿੰਦਾ ਹੈ।​—ਰੋਮੀਆਂ 2:4.

18. ਕੁਲੁੱਸੈ ਦੇ ਮਸੀਹੀਆਂ ਲਈ ਪੌਲੁਸ ਨੇ ਕੀ ਪ੍ਰਾਰਥਨਾ ਕੀਤੀ?

18 ਏਸ਼ੀਆ ਮਾਈਨਰ ਵਿਚ ਕੁਲੁੱਸੈ ਦੇ ਮਸੀਹੀਆਂ ਨੂੰ ਚਿੱਠੀ ਵਿਚ ਪੌਲੁਸ ਨੇ ਲਿਖਿਆ: “ਇਸ ਕਰਕੇ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ। ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹੋ। ਅਤੇ ਉਸ ਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ ਸਾਰੀ ਸਮਰੱਥਾ ਨਾਲ ਸਮਰਥ ਹੋ ਜਾਵੋ ਤਾਂ ਜੋ ਤੁਸੀਂ ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰੋ।”​—ਕੁਲੁੱਸੀਆਂ 1:9-11.

19, 20. (ੳ) ਅਸੀਂ ਯਹੋਵਾਹ ਵੱਲੋਂ ਇੰਨੇ ਲੰਬੇ ਸਮੇਂ ਤੋਂ ਦਿਖਾਈ ਗਈ ਸਹਿਣਸ਼ੀਲਤਾ ਨੂੰ ਅਜ਼ਮਾਇਸ਼ ਵਜੋਂ ਵਿਚਾਰਨ ਤੋਂ ਕਿਵੇਂ ਬਚ ਸਕਦੇ ਹਾਂ? (ਅ) ਸਾਡੇ ਵੱਲੋਂ ਸਹਿਣਸ਼ੀਲਤਾ ਦਿਖਾਉਣ ਦੇ ਕੀ ਫ਼ਾਇਦੇ ਹੋਣਗੇ?

19 ਯਹੋਵਾਹ ਦੀ ਸਹਿਣਸ਼ੀਲਤਾ ਜਾਂ ਧੀਰਜ ਸਾਡੇ ਲਈ ਅਜ਼ਮਾਇਸ਼ ਨਹੀਂ ਬਣੇਗੀ ਜੇ ਅਸੀਂ ‘ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਈਏ’ ਤੇ ਉਸ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਅਸੀਂ ‘ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਾਂਗੇ,’ ਖ਼ਾਸ ਕਰਕੇ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਵਿਚ। (ਮੱਤੀ 24:14) ਜੇ ਅਸੀਂ ਵਫ਼ਾਦਾਰੀ ਨਾਲ ਇਹ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ‘ਅਨੰਦ ਨਾਲ ਪੂਰਾ ਸਹਾਰਾ ਅਤੇ ਧੀਰਜ ਕਰਨ’ ਲਈ ਸਾਨੂੰ “ਸਾਰੀ ਸਮਰੱਥਾ ਨਾਲ ਸਮਰਥ” ਕਰੇਗਾ। ਇਸ ਤਰ੍ਹਾਂ ਕਰਨ ਨਾਲ ਅਸੀਂ ‘ਪ੍ਰਭੁ ਦੇ ਜੋਗ ਚਾਲ ਚੱਲਾਂਗੇ’ ਅਤੇ ਸਾਨੂੰ ਇਹ ਤਸੱਲੀ ਹੋਵੇਗੀ ਕਿ ਅਸੀਂ ਉਸ ਨੂੰ ‘ਹਰ ਤਰਾਂ ਨਾਲ ਭਾਉਂਦੇ’ ਹਾਂ।

20 ਆਓ ਅਸੀਂ ਪੂਰਾ ਵਿਸ਼ਵਾਸ ਰੱਖੀਏ ਕਿ ਯਹੋਵਾਹ ਨੇ ਸਹਿਣਸ਼ੀਲਤਾ ਦਿਖਾ ਕੇ ਬਿਲਕੁਲ ਸਹੀ ਕੀਤਾ ਹੈ। ਇਸ ਨਾਲ ਸਾਨੂੰ ਅਤੇ ਉਨ੍ਹਾਂ ਲੋਕਾਂ ਨੂੰ ਵੀ ਮੁਕਤੀ ਮਿਲੇਗੀ ਜਿਹੜੇ ਸਾਡੇ ਪ੍ਰਚਾਰ ਅਤੇ ਸਿੱਖਿਆਵਾਂ ਨੂੰ ਸੁਣਦੇ ਹਨ। (1 ਤਿਮੋਥਿਉਸ 4:16) ਆਤਮਾ ਦਾ ਫਲ​—ਪਿਆਰ, ਦਿਆਲਗੀ, ਭਲਿਆਈ, ਨਰਮਾਈ ਅਤੇ ਸੰਜਮ​—ਪੈਦਾ ਕਰਨ ਨਾਲ ਅਸੀਂ ਖ਼ੁਸ਼ੀ–ਖ਼ੁਸ਼ੀ ਸਹਿਣਸ਼ੀਲਤਾ ਦਿਖਾ ਸਕਾਂਗੇ। ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਨਾਲ ਰਹਿਣ ਦੇ ਯੋਗ ਹੋਵਾਂਗੇ। ਸਹਿਣਸ਼ੀਲਤਾ ਆਪਣੇ ਸਹਿਕਰਮੀਆਂ ਜਾਂ ਸਹਿਪਾਠੀਆਂ ਨਾਲ ਧੀਰਜ ਨਾਲ ਪੇਸ਼ ਆਉਣ ਵਿਚ ਵੀ ਸਾਡੀ ਮਦਦ ਕਰੇਗੀ। ਅਤੇ ਸਾਡੀ ਸਹਿਣਸ਼ੀਲਤਾ ਦਾ ਇਕ ਮਕਸਦ ਹੋਵੇਗਾ ਅਤੇ ਇਹ ਮਕਸਦ ਹੈ ਕੁਰਾਹੇ ਪਏ ਲੋਕਾਂ ਨੂੰ ਬਚਾਉਣਾ ਤੇ ਸਹਿਣਸ਼ੀਲਤਾ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨੀ।

[ਫੁਟਨੋਟ]

^ ਪੈਰਾ 10 ਪੌਲੁਸ ਦੀ ਇਸ ਗੱਲ ਤੇ ਕਿ “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ,” ਟਿੱਪਣੀ ਕਰਦੇ ਹੋਏ ਬਾਈਬਲ ਦਾ ਵਿਦਵਾਨ ਗੌਰਡਨ ਡੀ. ਫੀ ਲਿਖਦਾ ਹੈ: “ਪੌਲੁਸ ਦੀਆਂ ਧਾਰਮਿਕ ਸਿੱਖਿਆਵਾਂ ਵਿਚ ਇਹ [ਧੀਰਜ ਅਤੇ ਕਿਰਪਾਲਤਾ] ਮਨੁੱਖਜਾਤੀ ਪ੍ਰਤੀ ਪਰਮੇਸ਼ੁਰ ਦੇ ਰਵੱਈਏ ਦੇ ਦੋ ਪੱਖਾਂ ਨੂੰ ਦਰਸਾਉਂਦੇ ਹਨ (ਰੋਮੀਆਂ 2:4 ਦੀ ਤੁਲਨਾ ਕਰੋ)। ਇਕ ਪਾਸੇ, ਪਰਮੇਸ਼ੁਰ ਦਾ ਸਬਰ ਇਸ ਗੱਲ ਤੋਂ ਦਿਖਾਈ ਦਿੰਦਾ ਹੈ ਕਿ ਉਸ ਨੇ ਮਨੁੱਖਜਾਤੀ ਦੀ ਬਗਾਵਤ ਦੇ ਵਿਰੁੱਧ ਆਪਣੇ ਕ੍ਰੋਧ ਤੇ ਕਾਬੂ ਪਾਇਆ ਹੋਇਆ ਹੈ; ਦੂਸਰੇ ਪਾਸੇ, ਉਸ ਦੀ ਕਿਰਪਾ ਉਸ ਦੀ ਦਇਆ ਦੇ ਲੱਖਾਂ ਪ੍ਰਗਟਾਵਿਆਂ ਵਿਚ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਪੌਲੁਸ ਦੁਆਰਾ ਦਿੱਤਾ ਗਿਆ ਪਿਆਰ ਦਾ ਵਰਣਨ ਪਰਮੇਸ਼ੁਰ ਦੇ ਇਨ੍ਹਾਂ ਦੋ ਗੁਣਾਂ ਨਾਲ ਸ਼ੁਰੂ ਹੁੰਦਾ ਹੈ ਜਿਸ ਨੇ ਮਸੀਹ ਦੇ ਰਾਹੀਂ ਸਜ਼ਾ ਦੇ ਯੋਗ ਲੋਕਾਂ ਪ੍ਰਤੀ ਸਬਰ ਅਤੇ ਕਿਰਪਾ ਨੂੰ ਦਿਖਾਇਆ ਹੈ।”

ਕੀ ਤੁਸੀਂ ਸਮਝਾ ਸਕਦੇ ਹੋ?

• ਕਿਨ੍ਹਾਂ ਤਰੀਕਿਆਂ ਨਾਲ ਮਸੀਹ ਨੇ ਸਹਿਣਸ਼ੀਲਤਾ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ?

• ਸਹਿਣਸ਼ੀਲਤਾ ਪੈਦਾ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

• ਸਹਿਣਸ਼ੀਲਤਾ ਪਰਿਵਾਰਾਂ, ਮਸੀਹੀ ਸਮੂਹਾਂ ਅਤੇ ਬਜ਼ੁਰਗਾਂ ਦੀ ਕਿਵੇਂ ਮਦਦ ਕਰਦੀ ਹੈ?

• ਸਹਿਣਸ਼ੀਲਤਾ ਦਿਖਾਉਣ ਨਾਲ ਸਾਨੂੰ ਤੇ ਦੂਸਰਿਆਂ ਨੂੰ ਕੀ ਫ਼ਾਇਦੇ ਹੋਣਗੇ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਬਹੁਤ ਜ਼ਿਆਦਾ ਦਬਾਅ ਥੱਲੇ ਹੋਣ ਦੇ ਬਾਵਜੂਦ ਵੀ ਯਿਸੂ ਆਪਣੇ ਚੇਲਿਆਂ ਨਾਲ ਧੀਰਜ ਨਾਲ ਪੇਸ਼ ਆਇਆ

[ਸਫ਼ੇ 16 ਉੱਤੇ ਤਸਵੀਰ]

ਮਸੀਹੀ ਨਿਗਾਹਬਾਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਭਰਾਵਾਂ ਨਾਲ ਸਹਿਣਸ਼ੀਲਤਾ ਨਾਲ ਪੇਸ਼ ਆਉਣ ਵਿਚ ਵਧੀਆ ਮਿਸਾਲ ਕਾਇਮ ਕਰਨ

[ਸਫ਼ੇ 17 ਉੱਤੇ ਤਸਵੀਰ]

ਜੇ ਅਸੀਂ ਯਹੋਵਾਹ ਵਾਂਗ ਪਿਆਰ ਅਤੇ ਸਹਿਣਸ਼ੀਲਤਾ ਦਿਖਾਵਾਂਗੇ, ਤਾਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ

[ਸਫ਼ੇ 18 ਉੱਤੇ ਤਸਵੀਰ]

ਪੌਲੁਸ ਨੇ ਪ੍ਰਾਰਥਨਾ ਕੀਤੀ ਸੀ ਕਿ ਮਸੀਹੀ ‘ਅਨੰਦ ਨਾਲ ਧੀਰਜ ਕਰਨ’