Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਨਾਲ ਮਾਲਾ-ਮਾਲ ਜ਼ਿੰਦਗੀ

ਯਹੋਵਾਹ ਦੀ ਸੇਵਾ ਕਰਨ ਨਾਲ ਮਾਲਾ-ਮਾਲ ਜ਼ਿੰਦਗੀ

ਜੀਵਨੀ

ਯਹੋਵਾਹ ਦੀ ਸੇਵਾ ਕਰਨ ਨਾਲ ਮਾਲਾ-ਮਾਲ ਜ਼ਿੰਦਗੀ

ਰਸਲ ਕਰਜ਼ਨ ਦੀ ਜ਼ਬਾਨੀ

ਮੈਂ 22 ਸਤੰਬਰ 1907 ਨੂੰ ਇਸ ਦੁਨੀਆਂ ਵਿਚ ਅੱਖ ਪੁੱਟੀ ਸੀ, ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਸੱਤ ਸਾਲ ਪਹਿਲਾਂ। ਸਾਡੇ ਪਰਿਵਾਰ ਕੋਲ ਦੁਨੀਆਂ ਦੀ ਸਭ ਤੋਂ ਕੀਮਤੀ ਦੌਲਤ ਸੀ। ਮੇਰੇ ਪਰਿਵਾਰ ਦੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਜ਼ਰੂਰ ਮੇਰੇ ਨਾਲ ਸਹਿਮਤ ਹੋਵੋਗੇ।

ਛੋਟੀ ਉਮਰੇ ਹੀ ਮੇਰੇ ਦਾਦੀ ਜੀ, ਕਰਜ਼ਨ, ਪਰਮੇਸ਼ੁਰ ਬਾਰੇ ਸੱਚਾਈ ਦੀ ਭਾਲ ਕਰਨ ਲੱਗ ਪਏ ਸਨ। ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਹੀ ਉਹ ਆਪਣੇ ਸੋਹਣੇ ਸ਼ਹਿਰ ਸਪੀਟਜ਼, ਸਵਿਟਜ਼ਰਲੈਂਡ ਦੇ ਕਈ ਗਿਰਜਿਆਂ ਵਿਚ ਗਏ। ਸਾਲ 1887 ਵਿਚ, ਉਨ੍ਹਾਂ ਦੇ ਵਿਆਹ ਤੋਂ ਕੁਝ ਸਾਲਾਂ ਬਾਅਦ ਕਰਜ਼ਨ ਪਰਿਵਾਰ ਦੂਸਰੇ ਪਰਦੇਸੀਆਂ ਨਾਲ ਜਹਾਜ਼ੇ ਚੜ੍ਹ ਕੇ ਅਮਰੀਕਾ ਦੀ ਧਰਤੀ ਉੱਤੇ ਆ ਪਹੁੰਚਿਆ।

ਪਰਿਵਾਰ ਦੇ ਓਹੀਓ ਵਿਚ ਵੱਸ ਜਾਣ ਤੋਂ ਬਾਅਦ, ਤਕਰੀਬਨ 1900 ਵਿਚ ਦਾਦੀ ਜੀ ਨੂੰ ਉਹ ਖ਼ਜ਼ਾਨਾ ਮਿਲ ਗਿਆ ਜਿਸ ਨੂੰ ਉਹ ਲੱਭ ਰਹੇ ਸਨ। ਇਹ ਖ਼ਜ਼ਾਨਾ ਉਨ੍ਹਾਂ ਨੂੰ ਚਾਰਲਜ਼ ਟੇਜ਼ ਰਸਲ ਦੀ ਕਿਤਾਬ ਸਮਾਂ ਨੇੜੇ ਹੈ ਵਿਚ ਮਿਲਿਆ ਜੋ ਜਰਮਨ ਭਾਸ਼ਾ ਵਿਚ ਸੀ। ਇਹ ਕਿਤਾਬ ਪੜ੍ਹ ਕੇ ਉਨ੍ਹਾਂ ਨੂੰ ਤੁਰੰਤ ਇਸ ਵਿਚ ਬਾਈਬਲ ਸੱਚਾਈ ਦੀ ਰੌਸ਼ਨੀ ਨਜ਼ਰ ਆਈ। ਭਾਵੇਂ ਕਿ ਦਾਦੀ ਜੀ ਨੂੰ ਅੰਗ੍ਰੇਜ਼ੀ ਜ਼ਿਆਦਾ ਨਹੀਂ ਆਉਂਦੀ ਸੀ, ਫਿਰ ਵੀ ਉਨ੍ਹਾਂ ਨੇ ਅੰਗ੍ਰੇਜ਼ੀ ਵਿਚ ਪਹਿਰਾਬੁਰਜ ਰਸਾਲਾ ਲਗਵਾ ਲਿਆ। ਇਸ ਤੋਂ ਉਨ੍ਹਾਂ ਨੇ ਹੋਰ ਬਾਈਬਲ ਸੱਚਾਈਆਂ ਸਿੱਖੀਆਂ ਅਤੇ ਇਸ ਦੇ ਨਾਲ-ਨਾਲ ਅੰਗ੍ਰੇਜ਼ੀ ਵੀ। ਦਾਦਾ ਜੀ ਨੇ ਕਦੀ ਦਾਦੀ ਜੀ ਵਾਂਗ ਅਧਿਆਤਮਿਕ ਗੱਲਾਂ ਵਿਚ ਦਿਲਚਸਪੀ ਨਹੀਂ ਲਈ।

ਦਾਦੀ ਜੀ ਦੇ 11 ਬੱਚਿਆਂ ਵਿੱਚੋਂ ਉਨ੍ਹਾਂ ਦੇ ਦੋ ਪੁੱਤਰਾਂ, ਜਾਨ ਅਤੇ ਅਡੌਲਫ਼ ਨੇ ਉਸ ਅਧਿਆਤਮਿਕ ਖ਼ਜ਼ਾਨੇ ਦੀ ਕਦਰ ਕੀਤੀ ਜੋ ਦਾਦੀ ਜੀ ਨੂੰ ਲੱਭਿਆ ਸੀ। ਜਾਨ ਮੇਰੇ ਪਿਤਾ ਜੀ ਸਨ ਅਤੇ ਉਨ੍ਹਾਂ ਨੇ 1904 ਵਿਚ ਸੇਂਟ ਲੂਅਸ, ਮਿਸੂਰੀ ਵਿਚ ਬਾਈਬਲ ਸਟੂਡੈਂਟਸ, ਜੋ ਹੁਣ ਯਹੋਵਾਹ ਦੇ ਗਵਾਹ ਕਹਾਉਂਦੇ ਹਨ, ਦੇ ਸੰਮੇਲਨ ਵਿਚ ਬਪਤਿਸਮਾ ਲਿਆ ਸੀ। ਜ਼ਿਆਦਾਤਰ ਬਾਈਬਲ ਸਟੂਡੈਂਟਸ ਅਮੀਰ ਨਹੀਂ ਹੁੰਦੇ ਸਨ, ਇਸ ਲਈ ਇਹ ਸੰਮੇਲਨ ਉਸ ਵੇਲੇ ਰੱਖਿਆ ਗਿਆ ਸੀ ਜਦੋਂ ਸੇਂਟ ਲੂਅਸ ਵਿਚ ਵਿਸ਼ਵ ਮੇਲਾ ਹੋਇਆ ਸੀ। ਇਸ ਮੇਲੇ ਕਰਕੇ ਗੱਡੀਆਂ ਦਾ ਕਿਰਾਇਆ ਘਟਾਇਆ ਗਿਆ ਸੀ ਜਿਸ ਤੋਂ ਭਰਾਵਾਂ ਨੇ ਲਾਭ ਉਠਾਇਆ। ਬਾਅਦ ਵਿਚ 1907 ਵਿਚ ਮੇਰੇ ਚਾਚਾ ਜੀ ਅਡੌਲਫ਼ ਨੇ ਨਿਆਗਰਾ ਫਾਲਜ਼, ਨਿਊਯਾਰਕ ਵਿਚ ਹੋਏ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਮੇਰੇ ਪਿਤਾ ਜੀ ਤੇ ਚਾਚਾ ਜੀ ਨੇ ਜੋ ਵੀ ਬਾਈਬਲ ਵਿੱਚੋਂ ਸਿੱਖਿਆ ਸੀ, ਉਨ੍ਹਾਂ ਨੇ ਉਸ ਦਾ ਜੋਸ਼ ਨਾਲ ਪ੍ਰਚਾਰ ਕੀਤਾ ਅਤੇ ਦੋਵੇਂ ਬਾਅਦ ਵਿਚ ਪੂਰੇ ਸਮੇਂ ਦੇ ਸੇਵਕ (ਜਿਨ੍ਹਾਂ ਨੂੰ ਹੁਣ ਪਾਇਨੀਅਰ ਕਿਹਾ ਜਾਂਦਾ ਹੈ) ਬਣ ਗਏ।

ਇਸ ਲਈ, ਜਦੋਂ 1907 ਵਿਚ ਮੈਂ ਪੈਦਾ ਹੋਇਆ, ਉਦੋਂ ਸਾਡਾ ਪਰਿਵਾਰ ਅਧਿਆਤਮਿਕ ਤੌਰ ਤੇ ਮਾਲਾ-ਮਾਲ ਹੋ ਚੁੱਕਾ ਸੀ। (ਕਹਾਉਤਾਂ 10:22) ਸਾਲ 1908 ਵਿਚ ਜਦੋਂ ਮੈਂ ਅਜੇ ਨਿਆਣਾ ਹੀ ਸੀ, ਤਾਂ ਮੇਰੇ ਮਾਤਾ-ਪਿਤਾ, ਜਾਨ ਅਤੇ ਈਡਾ ਮੈਨੂੰ ਪੁੱਟ-ਇਨ-ਬੇ, ਓਹੀਓ ਵਿਚ ਹੋਏ “ਜਿੱਤ ਵੱਲ ਵਧੋ” ਨਾਮਕ ਸੰਮੇਲਨ ਵਿਚ ਲੈ ਕੇ ਗਏ। ਉਸ ਸੰਮੇਲਨ ਦੇ ਸਭਾਪਤੀ ਜੋਸਫ਼ ਐੱਫ਼. ਰਦਰਫ਼ਰਡ ਸਨ, ਜਿਹੜੇ ਉਸ ਵੇਲੇ ਸਫ਼ਰੀ ਸੇਵਕ ਵਜੋਂ ਸੇਵਾ ਕਰ ਰਹੇ ਸਨ। ਇਸ ਤੋਂ ਕੁਝ ਹਫ਼ਤੇ ਪਹਿਲਾਂ ਉਹ ਡਾਲਟਨ, ਓਹੀਓ ਵਿਚ ਸਾਡੇ ਘਰ ਆਏ ਸਨ ਤੇ ਉਨ੍ਹਾਂ ਨੇ ਉੱਥੋਂ ਦੇ ਬਾਈਬਲ ਸਟੂਡੈਂਟਸ ਨੂੰ ਭਾਸ਼ਣ ਦਿੱਤੇ ਸਨ।

ਬੇਸ਼ੱਕ ਮੈਨੂੰ ਇਹ ਘਟਨਾਵਾਂ ਯਾਦ ਨਹੀਂ ਹਨ, ਪਰ ਮੈਨੂੰ 1911 ਵਿਚ ਮਾਊਂਟਨ ਲੇਕ ਪਾਰਕ, ਮੈਰੀਲੈਂਡ ਵਿਚ ਹੋਏ ਸੰਮੇਲਨ ਬਾਰੇ ਯਾਦ ਹੈ। ਉੱਥੇ ਮੇਰੀ ਛੋਟੀ ਭੈਣ, ਐਸਤਰ ਤੇ ਮੈਂ ਚਾਰਲਜ਼ ਟੇਜ਼ ਰਸਲ ਨੂੰ ਮਿਲੇ ਸੀ ਜਿਹੜੇ ਉਸ ਵੇਲੇ ਪੂਰੀ ਦੁਨੀਆਂ ਵਿਚ ਬਾਈਬਲ ਸਟੂਡੈਂਟਸ ਦੇ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਸਨ।

ਸਾਲ 1914 ਦੀ 28 ਜੂਨ, ਜਿਸ ਦਿਨ ਸਾਰਾਯੇਵੋ ਵਿਚ ਆਸਟ੍ਰੀਆ ਦੇ ਰਾਜਕੁਮਾਰ ਫਰਡੀਨਾਂਟ ਅਤੇ ਉਸ ਦੀ ਪਤਨੀ ਦੇ ਕਤਲ ਨਾਲ ਸਾਰੀ ਦੁਨੀਆਂ ਲੜਾਈ ਦੇ ਮੈਦਾਨ ਵਿਚ ਕੁੱਦ ਪਈ ਸੀ, ਉਸ ਦਿਨ ਮੈਂ ਆਪਣੇ ਪਰਿਵਾਰ ਨਾਲ ਕੋਲੰਬਸ, ਓਹੀਓ ਵਿਚ ਹੋਏ ਸ਼ਾਂਤਮਈ ਸੰਮੇਲਨ ਵਿਚ ਹਾਜ਼ਰ ਹੋਇਆ ਸੀ। ਉਨ੍ਹਾਂ ਸ਼ੁਰੂਆਤੀ ਸਾਲਾਂ ਤੋਂ ਲੈ ਕੇ ਅੱਜ ਤਕ ਮੈਨੂੰ ਯਹੋਵਾਹ ਦੇ ਲੋਕਾਂ ਦੇ ਬਹੁਤ ਸਾਰੇ ਸੰਮੇਲਨਾਂ ਵਿਚ ਹਾਜ਼ਰ ਹੋਣ ਦਾ ਮੌਕਾ ਮਿਲਿਆ ਹੈ। ਕੁਝ ਸੰਮੇਲਨਾਂ ਵਿਚ ਹਾਜ਼ਰੀ ਸਿਰਫ਼ ਸੌ ਦੋ ਸੌ ਹੁੰਦੀ ਸੀ। ਪਰ ਕਈ ਸੰਮੇਲਨ ਦੁਨੀਆਂ ਦੇ ਕੁਝ ਸਭ ਤੋਂ ਵੱਡੇ ਸਟੇਡੀਅਮਾਂ ਵਿਚ ਹੋਏ ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਲੋਕ ਆਏ ਸਨ।

ਅਹਿਮ ਠਿਕਾਣੇ ਤੇ ਸਾਡਾ ਘਰ

ਸਾਲ 1908 ਤੋਂ 1918 ਤਕ ਡਾਲਟਨ ਵਿਚ ਸਾਡੇ ਘਰ ਬਾਈਬਲ ਸਟੂਡੈਂਟਸ ਦੀ ਛੋਟੀ ਜਿਹੀ ਕਲੀਸਿਯਾ ਦੀਆਂ ਸਭਾਵਾਂ ਹੋਇਆ ਕਰਦੀਆਂ ਸਨ। ਇਹ ਸ਼ਹਿਰ ਪਿਟਸਬਰਗ, ਪੈਨਸਿਲਵੇਨੀਆ ਅਤੇ ਕਲੀਵਲੈਂਡ, ਓਹੀਓ ਦੇ ਵਿਚਕਾਰ ਸੀ। ਸਾਡੇ ਘਰ ਦੇ ਦਰਵਾਜ਼ੇ ਸਫ਼ਰੀ ਭਾਸ਼ਣਕਾਰਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ। ਉਹ ਸਾਡੇ ਵਿਹੜੇ ਵਿਚ ਆਪਣੇ ਘੋੜੇ ਤੇ ਬੱਘੀਆਂ ਖੜ੍ਹੀਆਂ ਕਰਦੇ ਹੁੰਦੇ ਸਨ। ਉਹ ਲੋਕਾਂ ਨੂੰ ਕਈ ਵਧੀਆ-ਵਧੀਆ ਤਜਰਬੇ ਤੇ ਦੂਸਰੀਆਂ ਅਧਿਆਤਮਿਕ ਸੱਚਾਈਆਂ ਦੱਸਦੇ ਹੁੰਦੇ ਸਨ। ਉਹ ਕਿੰਨੇ ਸੋਹਣੇ ਦਿਨ ਸਨ!

ਪਿਤਾ ਜੀ ਸਕੂਲ ਵਿਚ ਅਧਿਆਪਕ ਸਨ, ਪਰ ਉਨ੍ਹਾਂ ਦਾ ਦਿਲ ਸਭ ਤੋਂ ਉੱਤਮ ਸਿੱਖਿਆ ਦੇਣ ਦੇ ਕੰਮ, ਮਸੀਹੀ ਸੇਵਕਾਈ ਵਿਚ ਹੀ ਸੀ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਯਹੋਵਾਹ ਬਾਰੇ ਸਿਖਾਇਆ ਅਤੇ ਅਸੀਂ ਪੂਰਾ ਪਰਿਵਾਰ ਮਿਲ ਕੇ ਹਰ ਸ਼ਾਮ ਨੂੰ ਪ੍ਰਾਰਥਨਾ ਕਰਦੇ ਸੀ। ਸਾਲ 1919 ਦੀ ਬਸੰਤ ਵਿਚ ਪਿਤਾ ਜੀ ਨੇ ਆਪਣਾ ਘੋੜਾ ਤੇ ਬੱਘੀ ਵੇਚ ਦਿੱਤੇ ਤੇ 175 ਡਾਲਰ ਵਿਚ 1914 ਮਾਡਲ ਦੀ ਫੋਰਡ ਕਾਰ ਖ਼ਰੀਦ ਲਈ ਤਾਂਕਿ ਉਹ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰ ਸਕਣ। ਸਾਲ 1919 ਤੋਂ 1922 ਤਕ ਸਾਡਾ ਪਰਿਵਾਰ ਇਸ ਕਾਰ ਵਿਚ ਬੈਠ ਕੇ ਸੀਡਰ ਪਾਇੰਟ, ਓਹੀਓ ਵਿਚ ਹੋਏ ਬਾਈਬਲ ਸਟੂਡੈਂਟਸ ਦੇ ਕਈ ਮਹੱਤਵਪੂਰਣ ਸੰਮੇਲਨਾਂ ਵਿਚ ਗਿਆ।

ਸਾਡਾ ਪੂਰਾ ਪਰਿਵਾਰ—ਮਾਤਾ ਜੀ; ਪਿਤਾ ਜੀ; ਐਸਤਰ; ਮੇਰਾ ਛੋਟਾ ਭਰਾ ਜਾਨ; ਅਤੇ ਮੈਂ—ਲੋਕਾਂ ਨੂੰ ਪ੍ਰਚਾਰ ਕਰਨ ਦੇ ਕੰਮ ਵਿਚ ਹਿੱਸਾ ਲੈਂਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਇਕ ਆਦਮੀ ਨੇ ਮੈਨੂੰ ਪਹਿਲੀ ਵਾਰ ਬਾਈਬਲ ਸੰਬੰਧੀ ਇਕ ਸਵਾਲ ਪੁੱਛਿਆ ਸੀ। ਉਸ ਵੇਲੇ ਮੈਂ ਸੱਤਾਂ ਸਾਲਾਂ ਦਾ ਸੀ। “ਬੇਟਾ, ਇਹ ਆਰਮਾਗੇਡਨ ਕੀ ਹੈ?” ਉਸ ਆਦਮੀ ਨੇ ਪੁੱਛਿਆ। ਪਿਤਾ ਜੀ ਦੀ ਮਦਦ ਨਾਲ ਮੈਂ ਉਸ ਆਦਮੀ ਨੂੰ ਬਾਈਬਲ ਵਿੱਚੋਂ ਉਸ ਦੇ ਸਵਾਲ ਦਾ ਜਵਾਬ ਦੇ ਸਕਿਆ।

ਪੂਰੇ ਸਮੇਂ ਦੀ ਸੇਵਕਾਈ ਦੀ ਸ਼ੁਰੂਆਤ

ਸਾਲ 1931 ਵਿਚ ਸਾਡਾ ਪਰਿਵਾਰ ਕੋਲੰਬਸ, ਓਹੀਓ ਵਿਚ ਹੋਏ ਸੰਮੇਲਨ ਵਿਚ ਗਿਆ ਜਿਸ ਵਿਚ ਨਵਾਂ ਨਾਂ, ਯਹੋਵਾਹ ਦੇ ਗਵਾਹ, ਅਪਣਾਉਣ ਤੇ ਸਾਨੂੰ ਬਹੁਤ ਖ਼ੁਸ਼ੀ ਹੋਈ। ਜਾਨ ਇੰਨਾ ਖ਼ੁਸ਼ ਸੀ ਕਿ ਉਸ ਨੇ ਫ਼ੈਸਲਾ ਕਰ ਲਿਆ ਕਿ ਸਾਨੂੰ ਦੋਵਾਂ ਨੂੰ ਪਾਇਨੀਅਰ ਕੰਮ ਕਰਨਾ ਚਾਹੀਦਾ ਹੈ। * ਅਸੀਂ ਪਾਇਨੀਅਰੀ ਕੀਤੀ, ਤੇ ਨਾਲ ਹੀ ਮੇਰੇ ਮਾਤਾ-ਪਿਤਾ ਜੀ ਤੇ ਐਸਤਰ ਨੇ ਵੀ। ਅਸੀਂ ਕਿੰਨੇ ਮਾਲਾ-ਮਾਲ ਸੀ—ਸਾਡਾ ਪੂਰਾ ਪਰਿਵਾਰ ਮਿਲ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਆਨੰਦਦਾਇਕ ਪ੍ਰਚਾਰ ਕੰਮ ਕਰ ਰਿਹਾ ਸੀ! ਮੈਂ ਇਸ ਬਰਕਤ ਲਈ ਯਹੋਵਾਹ ਦਾ ਧੰਨਵਾਦ ਕਰਨ ਤੋਂ ਕਦੀ ਵੀ ਨਹੀਂ ਅੱਕਦਾ। ਭਾਵੇਂ ਅਸੀਂ ਉਸ ਵੇਲੇ ਬਹੁਤ ਖ਼ੁਸ਼ ਸੀ, ਪਰ ਹੋਰ ਜ਼ਿਆਦਾ ਖ਼ੁਸ਼ੀਆਂ ਸਾਡੀ ਉਡੀਕ ਕਰ ਰਹੀਆਂ ਸਨ।

ਸਾਲ 1934 ਦੀ ਫਰਵਰੀ ਵਿਚ ਮੈਂ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ (ਜਿਸ ਨੂੰ ਬੈਥਲ ਕਿਹਾ ਜਾਂਦਾ ਹੈ) ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹਫ਼ਤਿਆਂ ਬਾਅਦ ਜਾਨ ਵੀ ਉੱਥੇ ਆ ਕੇ ਸੇਵਾ ਕਰਨ ਲੱਗ ਪਿਆ। ਅਸੀਂ ਦੋਵੇਂ ਇੱਕੋ ਕਮਰੇ ਵਿਚ ਰਹੇ ਤੇ 1953 ਵਿਚ ਜਾਨ ਨੇ ਜੈਸੀ ਨਾਲ ਵਿਆਹ ਕਰਾ ਲਿਆ।

ਮੇਰੇ ਅਤੇ ਜਾਨ ਦੇ ਬੈਥਲ ਚਲੇ ਜਾਣ ਤੋਂ ਬਾਅਦ, ਸਾਡੇ ਮਾਤਾ-ਪਿਤਾ ਜੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਾਇਨੀਅਰ ਸੇਵਾ ਕੀਤੀ ਅਤੇ ਐਸਤਰ ਤੇ ਉਸ ਦਾ ਪਤੀ, ਜਾਰਜ ਰੀਡ ਵੀ ਉਨ੍ਹਾਂ ਦੇ ਨਾਲ ਗਏ। ਸਾਡੇ ਮਾਤਾ-ਪਿਤਾ ਜੀ 1963 ਵਿਚ ਆਪਣੀ ਜ਼ਮੀਨੀ ਜ਼ਿੰਦਗੀ ਖ਼ਤਮ ਹੋਣ ਤਕ ਪਾਇਨੀਅਰੀ ਕਰਦੇ ਰਹੇ। ਐਸਤਰ ਤੇ ਉਸ ਦੇ ਪਤੀ ਦਾ ਸੋਹਣਾ ਪਰਿਵਾਰ ਹੈ ਤੇ ਮੇਰੇ ਕਈ ਭਾਣਜੇ-ਭਾਣਜੀਆਂ ਹਨ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ।

ਬੈਥਲ ਵਿਚ ਕੰਮ ਅਤੇ ਸੰਗਤੀ

ਜਾਨ ਨੇ ਬੈਥਲ ਵਿਚ ਆਪਣੇ ਤਕਨੀਕੀ ਹੁਨਰ ਨੂੰ ਇਸਤੇਮਾਲ ਕੀਤਾ ਅਤੇ ਬੈਥਲ ਦੇ ਦੂਸਰੇ ਮੈਂਬਰਾਂ ਨਾਲ ਮਿਲ ਕੇ ਪੌਰਟੇਬਲ ਫੋਨੋਗ੍ਰਾਫ ਬਣਾਏ। ਯਹੋਵਾਹ ਦੇ ਹਜ਼ਾਰਾਂ ਹੀ ਗਵਾਹਾਂ ਨੇ ਉਨ੍ਹਾਂ ਨੂੰ ਆਪਣੀ ਘਰ-ਘਰ ਦੀ ਸੇਵਕਾਈ ਵਿਚ ਵਰਤਿਆ। ਜਾਨ ਨੇ ਸਬਸਕ੍ਰਾਈਬਰਾਂ ਨੂੰ ਭੇਜੇ ਜਾਣ ਵਾਲੇ ਰਸਾਲਿਆਂ ਨੂੰ ਰੈਪ ਕਰਨ ਅਤੇ ਉਨ੍ਹਾਂ ਉੱਤੇ ਲੇਬਲ ਲਗਾਉਣ ਵਾਲੀਆਂ ਮਸ਼ੀਨਾਂ ਡਿਜ਼ਾਇਨ ਕਰਨ ਅਤੇ ਬਣਾਉਣ ਵਿਚ ਵੀ ਮਦਦ ਕੀਤੀ।

ਮੈਂ ਬੁੱਕ ਬਾਇੰਡਰੀ ਡਿਪਾਰਟਮੈਂਟ ਵਿਚ ਆਪਣੀ ਬੈਥਲ ਸੇਵਾ ਸ਼ੁਰੂ ਕੀਤੀ। ਉਸ ਸਮੇਂ ਫੈਕਟਰੀ ਵਿਚ ਹੋਰ ਵੀ ਕਈ ਨੌਜਵਾਨ ਸਨ ਜਿਹੜੇ ਅਜੇ ਵੀ ਬੈਥਲ ਵਿਚ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਇਨ੍ਹਾਂ ਵਿੱਚੋਂ ਦੋ ਭਰਾ ਹਨ ਕੈਰੀ ਬਾਰਬਰ ਅਤੇ ਰਾਬਰਟ ਹਾਟਸਫੈਲਟ। ਕਈ ਦੂਸਰਿਆਂ ਦੀ ਹੁਣ ਮੌਤ ਹੋ ਚੁੱਕੀ ਹੈ। ਇਹ ਸਨ ਨੇਥਨ ਨੌਰ, ਕਾਰਲ ਕਲਾਈਨ, ਲਾਇਮਨ ਸਵਿੰਗਲ, ਕਲਾਉਸ ਜੈਨਸਨ, ਗ੍ਰਾਂਟ ਸੂਟਰ, ਜਾਰਜ ਗੈਂਗਸ, ਔਰਨ ਹਿਬਰਡ, ਜਾਨ ਸੀਓਰਸ, ਰਾਬਰਟ ਪੇਨ, ਚਾਲਰਜ਼ ਫ਼ੈਕਲ, ਬੈਨੋ ਬੁਰਚਿਕ ਅਤੇ ਜਾਨ ਪੈਰੀ। ਇਹ ਭਰਾ ਮੈਨੂੰ ਬਹੁਤ ਪਿਆਰੇ ਸਨ। ਉਹ ਸਾਲ ਦਰ ਸਾਲ ਵਫ਼ਾਦਾਰੀ ਨਾਲ ਆਪਣਾ ਕੰਮ ਕਰਦੇ ਰਹੇ, ਕਦੀ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ ਜਾਂ “ਤਰੱਕੀ” ਦੀ ਆਸ ਨਹੀਂ ਰੱਖੀ। ਪਰ ਫਿਰ ਵੀ, ਜਿਉਂ-ਜਿਉਂ ਸੰਗਠਨ ਵਿਚ ਵਾਧਾ ਹੁੰਦਾ ਗਿਆ, ਮਸਹ ਕੀਤੇ ਹੋਏ ਇਨ੍ਹਾਂ ਵਫ਼ਾਦਾਰ ਭਰਾਵਾਂ ਵਿੱਚੋਂ ਕਈਆਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕੁਝ ਨੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਵੀ ਸੇਵਾ ਕੀਤੀ।

ਇਨ੍ਹਾਂ ਆਤਮ-ਤਿਆਗੀ ਭਰਾਵਾਂ ਨਾਲ ਕੰਮ ਕਰ ਕੇ ਮੈਂ ਇਕ ਅਹਿਮ ਸਬਕ ਸਿੱਖਿਆ। ਦੁਨੀਆਂ ਵਿਚ ਨੌਕਰੀਆਂ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਦੇ ਬਦਲੇ ਤਨਖ਼ਾਹ ਦਿੱਤੀ ਜਾਂਦੀ ਹੈ। ਇਹ ਉਨ੍ਹਾਂ ਦਾ ਇਨਾਮ ਹੈ। ਪਰ ਬੈਥਲ ਵਿਚ ਸੇਵਾ ਕਰਨ ਵਾਲਿਆਂ ਨੂੰ ਭਰਪੂਰ ਅਧਿਆਤਮਿਕ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਦੀ ਸਿਰਫ਼ ਅਧਿਆਤਮਿਕ ਮਨ ਵਾਲੇ ਆਦਮੀ ਤੇ ਤੀਵੀਆਂ ਹੀ ਕਦਰ ਕਰਦੇ ਹਨ।​—1 ਕੁਰਿੰਥੀਆਂ 2:6-16.

ਨੇਥਨ ਨੌਰ, ਜੋ 1923 ਵਿਚ ਕਿਸ਼ੋਰ ਉਮਰ ਵਿਚ ਬੈਥਲ ਆ ਗਏ ਸਨ, 1930 ਦੇ ਦਹਾਕੇ ਵਿਚ ਫੈਕਟਰੀ ਓਵਰਸੀਅਰ ਸਨ। ਉਹ ਹਰ ਰੋਜ਼ ਫੈਕਟਰੀ ਆਇਆ ਕਰਦੇ ਸਨ ਤੇ ਸਾਰਿਆਂ ਨਾਲ ਗੱਲ-ਬਾਤ ਕਰਦੇ ਸਨ। ਸਾਡੇ ਵਰਗੇ ਜਿਹੜੇ ਨਵੇਂ-ਨਵੇਂ ਬੈਥਲ ਆਏ ਸਨ, ਉਨ੍ਹਾਂ ਦੀ ਇਸ ਨਿੱਜੀ ਦਿਲਚਸਪੀ ਦੀ ਬਹੁਤ ਕਦਰ ਕਰਦੇ ਸਨ। ਸਾਲ 1936 ਵਿਚ ਸਾਨੂੰ ਜਰਮਨੀ ਤੋਂ ਇਕ ਨਵੀਂ ਪ੍ਰਿੰਟਿੰਗ ਪ੍ਰੈੱਸ ਮਿਲੀ ਅਤੇ ਕੁਝ ਨੌਜਵਾਨ ਭਰਾਵਾਂ ਲਈ ਇਸ ਮਸ਼ੀਨ ਦੇ ਸਾਰੇ ਹਿੱਸਿਆਂ ਨੂੰ ਮੁੜ ਜੋੜਨਾ ਮੁਸ਼ਕਲ ਲੱਗ ਰਿਹਾ ਸੀ। ਇਸ ਲਈ ਭਰਾ ਨੌਰ ਨੇ ਕੱਪੜੇ ਬਦਲੇ ਤੇ ਉਨ੍ਹਾਂ ਨਾਲ ਤਕਰੀਬਨ ਇਕ ਮਹੀਨਾ ਕੰਮ ਕਰਦੇ ਰਹੇ ਜਦ ਤਕ ਉਨ੍ਹਾਂ ਨੇ ਇਸ ਨੂੰ ਫਿੱਟ ਕਰ ਕੇ ਚਲਾਉਣਾ ਸ਼ੁਰੂ ਨਹੀਂ ਕਰ ਦਿੱਤਾ।

ਭਰਾ ਨੌਰ ਇੰਨੇ ਅਣਥੱਕ ਕਾਮੇ ਸਨ ਕਿ ਸਾਡੇ ਵਿੱਚੋਂ ਜ਼ਿਆਦਾਤਰ ਭਰਾਵਾਂ ਲਈ ਉਨ੍ਹਾਂ ਦੇ ਕਦਮ ਨਾਲ ਕਦਮ ਮਿਲਾ ਕੇ ਕੰਮ ਕਰਨਾ ਮੁਸ਼ਕਲ ਹੁੰਦਾ ਸੀ। ਪਰ ਉਹ ਮਨ-ਪਰਚਾਵਾ ਵੀ ਕਰਨਾ ਜਾਣਦੇ ਸਨ। ਭਾਵੇਂ ਉਨ੍ਹਾਂ ਨੂੰ ਜਨਵਰੀ 1942 ਵਿਚ ਯਹੋਵਾਹ ਦੇ ਗਵਾਹਾਂ ਦੇ ਪੂਰੀ ਦੁਨੀਆਂ ਵਿਚ ਹੁੰਦੇ ਪ੍ਰਚਾਰ ਕੰਮ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਫਿਰ ਵੀ ਉਹ ਕਈ ਵਾਰ ਬੈਥਲ ਪਰਿਵਾਰ ਦੇ ਮੈਂਬਰਾਂ ਨਾਲ ਅਤੇ ਗਿਲਿਅਡ ਮਿਸ਼ਨਰੀ ਸਕੂਲ ਦੇ ਵਿਦਿਆਰਥੀਆਂ ਨਾਲ ਸਾਊਥ ਲੈਂਸਿੰਗ, ਨਿਊਯਾਰਕ ਦੇ ਨੇੜੇ ਕੈਂਪਸ ਵਿਚ ਬੇਸਬਾਲ ਖੇਡਿਆ ਕਰਦੇ ਸਨ।

ਅਪ੍ਰੈਲ 1950 ਵਿਚ ਬੈਥਲ ਪਰਿਵਾਰ 124 ਕੋਲੰਬੀਆ ਹਾਈਟਸ, ਬਰੁਕਲਿਨ, ਨਿਊਯਾਰਕ ਵਿਚ ਨਵੇਂ ਬਣੇ ਦਸ-ਮੰਜਲਾ ਨਿਵਾਸ ਸਥਾਨ ਵਿਚ ਚਲਾ ਗਿਆ। ਇਸ ਦੇ ਨਵੇਂ ਡਾਇਨਿੰਗ ਰੂਮ ਵਿਚ ਅਸੀਂ ਸਾਰੇ ਜਣੇ ਇਕੱਠੇ ਬੈਠ ਕੇ ਖਾਣਾ ਖਾ ਸਕਦੇ ਸੀ। ਇਸ ਇਮਾਰਤ ਦੀ ਉਸਾਰੀ ਦੌਰਾਨ ਤਕਰੀਬਨ ਤਿੰਨ ਸਾਲਾਂ ਤਕ ਅਸੀਂ ਆਪਣਾ ਮੌਰਨਿੰਗ ਵਰਸ਼ਿਪ ਪ੍ਰੋਗ੍ਰਾਮ ਨਹੀਂ ਕਰ ਪਾਏ ਸੀ। ਸਾਰਿਆਂ ਨੂੰ ਕਿੰਨੀ ਖ਼ੁਸ਼ੀ ਹੋਈ ਸੀ ਜਦੋਂ ਇਹ ਪ੍ਰੋਗ੍ਰਾਮ ਦੁਬਾਰਾ ਸ਼ੁਰੂ ਕੀਤਾ ਗਿਆ ਸੀ! ਭਰਾ ਨੌਰ ਨੇ ਮੈਨੂੰ ਆਪਣੇ ਨਾਲ ਸਭਾਪਤੀ ਦੇ ਮੇਜ਼ ਉੱਤੇ ਬਿਠਾਇਆ ਤਾਂਕਿ ਮੈਂ ਬੈਥਲ ਪਰਿਵਾਰ ਦੇ ਨਵੇਂ ਮੈਂਬਰਾਂ ਦੇ ਨਾਂ ਯਾਦ ਕਰਨ ਵਿਚ ਉਸ ਦੀ ਮਦਦ ਕਰ ਸਕਾਂ। ਮੈਂ ਪੰਜਾਹ ਸਾਲਾਂ ਤਕ ਮੌਰਨਿੰਗ ਵਰਸ਼ਿਪ ਅਤੇ ਸਵੇਰ ਦੇ ਖਾਣੇ ਦੌਰਾਨ ਇਸ ਸੀਟ ਤੇ ਹੀ ਬੈਠਾ। ਫਿਰ 4 ਅਗਸਤ 2000 ਨੂੰ ਉਹ ਡਾਇਨਿੰਗ ਰੂਮ ਬੰਦ ਹੋ ਗਿਆ ਤੇ ਮੈਨੂੰ ਪੁਰਾਣੇ ਟਾਵਰਜ਼ ਹੋਟਲ ਦੇ ਮੁਰੰਮਤ ਕੀਤੇ ਗਏ ਡਾਇਨਿੰਗ ਹਾਲ ਵਿਚ ਸੀਟ ਦਿੱਤੀ ਗਈ।

ਮੈਂ 1950 ਦੇ ਦਹਾਕੇ ਦੌਰਾਨ ਕੁਝ ਸਮੇਂ ਲਈ ਫੈਕਟਰੀ ਵਿਚ ਲਾਈਨੋਟਾਈਪ ਮਸ਼ੀਨ ਉੱਤੇ ਕੰਮ ਕੀਤਾ। ਮੈਂ ਟਾਈਪ ਦੀਆਂ ਸਤਰਾਂ ਤਿਆਰ ਕਰਨ ਦਾ ਕੰਮ ਕਰਦਾ ਸੀ ਜਿਸ ਨੂੰ ਬਾਅਦ ਵਿਚ ਪ੍ਰਿੰਟਿੰਗ ਪਲੇਟਾਂ ਬਣਾਉਣ ਲਈ ਸਫ਼ਿਆਂ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਸੀ। ਇਹ ਕੰਮ ਮੈਨੂੰ ਪਸੰਦ ਨਹੀਂ ਸੀ, ਪਰ ਵਿਲਿਅਮ ਪੀਟਰਸਨ, ਜੋ ਇਨ੍ਹਾਂ ਮਸ਼ੀਨਾਂ ਦਾ ਇੰਚਾਰਜ ਸੀ, ਮੇਰੇ ਨਾਲ ਬਹੁਤ ਚੰਗੀ ਤਰ੍ਹਾਂ ਪੇਸ਼ ਆਉਂਦਾ ਸੀ ਜਿਸ ਕਰਕੇ ਮੈਨੂੰ ਉੱਥੇ ਕੰਮ ਕਰਨ ਵਿਚ ਮਜ਼ਾ ਆਉਂਦਾ ਸੀ। ਫਿਰ 1960 ਵਿਚ 107 ਕੋਲੰਬੀਆ ਹਾਈਟਸ ਵਿਚ ਬਣੇ ਨਵੇਂ ਨਿਵਾਸ ਸਥਾਨ ਦੀ ਇਮਾਰਤ ਨੂੰ ਰੰਗ ਕਰਨ ਲਈ ਸਵੈ-ਸੇਵਕਾਂ ਦੀ ਲੋੜ ਪਈ। ਮੈਂ ਆਪਣੇ ਵਧ ਰਹੇ ਬੈਥਲ ਪਰਿਵਾਰ ਲਈ ਇਨ੍ਹਾਂ ਇਮਾਰਤਾਂ ਨੂੰ ਤਿਆਰ ਕਰਨ ਵਾਸਤੇ ਖ਼ੁਸ਼ੀ-ਖ਼ੁਸ਼ੀ ਆਪਣੀ ਮਦਦ ਪੇਸ਼ ਕੀਤੀ।

ਇਸ ਇਮਾਰਤ ਨੂੰ ਰੰਗ ਕਰਨ ਦਾ ਕੰਮ ਪੂਰਾ ਹੋਣ ਤੋਂ ਕੁਝ ਸਮੇਂ ਬਾਅਦ ਮੈਨੂੰ ਇਕ ਬਹੁਤ ਮਜ਼ੇਦਾਰ ਕੰਮ ਸੌਂਪਿਆ ਗਿਆ। ਮੈਨੂੰ ਬੈਥਲ ਆਉਣ ਵਾਲੇ ਮਹਿਮਾਨਾਂ ਦਾ ਸੁਆਗਤ ਕਰਨ ਦਾ ਕੰਮ ਦਿੱਤਾ ਗਿਆ। ਪਿਛਲੇ 40 ਸਾਲਾਂ ਤੋਂ ਮੈਂ ਰਿਸੈਪਸ਼ਨਿਸਟ ਵਜੋਂ ਸੇਵਾ ਕੀਤੀ ਹੈ ਤੇ ਬੈਥਲ ਵਿਚ ਇਹ ਮੇਰੇ ਬਹੁਤ ਹੀ ਆਨੰਦਦਾਇਕ ਸਾਲ ਰਹੇ ਹਨ। ਭਾਵੇਂ ਬੈਥਲ ਆਉਣ ਵਾਲੇ ਲੋਕ ਮਹਿਮਾਨ ਸਨ ਜਾਂ ਬੈਥਲ ਪਰਿਵਾਰ ਦੇ ਨਵੇਂ ਮੈਂਬਰ, ਮੈਨੂੰ ਇਹ ਸੋਚ ਕੇ ਬਹੁਤ ਹੀ ਖ਼ੁਸ਼ੀ ਹੁੰਦੀ ਸੀ ਕਿ ਅਸੀਂ ਸਾਰਿਆਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਵਿਚ ਇੰਨੀ ਮਿਹਨਤ ਕੀਤੀ।

ਬਾਈਬਲ ਦੇ ਚੰਗੇ ਵਿਦਿਆਰਥੀ

ਸਾਡਾ ਬੈਥਲ ਪਰਿਵਾਰ ਅਧਿਆਤਮਿਕ ਤੌਰ ਤੇ ਬਹੁਤ ਮਜ਼ਬੂਤ ਹੈ ਕਿਉਂਕਿ ਸਾਰੇ ਮੈਂਬਰ ਬਾਈਬਲ ਪੜ੍ਹਨਾ ਪਸੰਦ ਕਰਦੇ ਹਨ। ਜਦੋਂ ਮੈਂ ਬੈਥਲ ਆਇਆ ਸੀ, ਤਾਂ ਮੈਂ ਉੱਥੇ ਪਰੂਫ-ਰੀਡਰ ਦਾ ਕੰਮ ਕਰ ਰਹੀ ਐਮਾ ਹੈਮਲਟਨ ਨੂੰ ਪੁੱਛਿਆ ਕਿ ਉਸ ਨੇ ਕਿੰਨੀ ਵਾਰ ਬਾਈਬਲ ਪੜ੍ਹੀ ਸੀ। ਉਸ ਨੇ ਦੱਸਿਆ: “ਪੈਂਤੀ ਵਾਰ, ਫਿਰ ਉਸ ਤੋਂ ਬਾਅਦ ਮੈਂ ਗਿਣਤੀ ਭੁੱਲ ਗਈ।” ਇਕ ਹੋਰ ਪੱਕਾ ਮਸੀਹੀ ਐਨਟਨ ਕੋਅਰਬਰ, ਜੋ ਲਗਭਗ ਉਸੇ ਸਮੇਂ ਬੈਥਲ ਵਿਚ ਸੇਵਾ ਕਰ ਰਹੇ ਸਨ, ਕਿਹਾ ਕਰਦੇ ਸਨ: “ਬਾਈਬਲ ਨੂੰ ਕਦੀ ਵੀ ਆਪਣੇ ਤੋਂ ਦੂਰ ਨਾ ਰੱਖੋ।”

ਸਾਲ 1916 ਵਿਚ ਭਰਾ ਰਸਲ ਦੀ ਮੌਤ ਤੋਂ ਬਾਅਦ ਜੋਸਫ਼ ਐੱਫ਼. ਰਦਰਫ਼ਰਡ ਨੇ ਸੰਗਠਨ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਜੋ ਪਹਿਲਾਂ ਭਰਾ ਰਸਲ ਸੰਭਾਲਦੇ ਹੁੰਦੇ ਸਨ। ਭਰਾ ਰਦਰਫ਼ਰਡ ਬਹੁਤ ਹੀ ਵਧੀਆ ਭਾਸ਼ਣਕਾਰ ਸਨ ਜਿਨ੍ਹਾਂ ਨੇ ਇਕ ਵਕੀਲ ਦੇ ਤੌਰ ਤੇ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਯਹੋਵਾਹ ਦੇ ਗਵਾਹਾਂ ਦੇ ਪੱਖ ਵਿਚ ਬਹੁਤ ਸਾਰੇ ਮੁਕੱਦਮੇ ਲੜੇ ਸਨ। ਸਾਲ 1942 ਵਿਚ ਭਰਾ ਰਦਰਫ਼ਰਡ ਦੀ ਮੌਤ ਤੋਂ ਬਾਅਦ ਭਰਾ ਨੌਰ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ। ਉਨ੍ਹਾਂ ਨੇ ਜਨਤਕ ਭਾਸ਼ਣ ਦੇਣ ਦੇ ਆਪਣੇ ਹੁਨਰ ਨੂੰ ਸੁਧਾਰਨ ਲਈ ਬਹੁਤ ਸਖ਼ਤ ਮਿਹਨਤ ਕੀਤੀ। ਮੈਂ ਉਨ੍ਹਾਂ ਦੇ ਕਮਰੇ ਦੇ ਨੇੜੇ ਰਹਿੰਦਾ ਸੀ, ਇਸ ਲਈ ਮੈਂ ਅਕਸਰ ਉਨ੍ਹਾਂ ਨੂੰ ਆਪਣੇ ਭਾਸ਼ਣਾਂ ਦੀ ਵਾਰ-ਵਾਰ ਰੀਹਰਸਲ ਕਰਦੇ ਹੋਏ ਸੁਣਦਾ ਸੀ। ਬਾਅਦ ਵਿਚ ਆਪਣੀ ਸਖ਼ਤ ਮਿਹਨਤ ਸਦਕਾ ਉਹ ਇਕ ਵਧੀਆ ਜਨਤਕ ਭਾਸ਼ਣਕਾਰ ਬਣੇ।

ਫਰਵਰੀ 1942 ਵਿਚ ਭਰਾ ਨੌਰ ਨੇ ਸਿੱਖਿਆ ਅਤੇ ਭਾਸ਼ਣ ਦੇਣ ਦੀ ਯੋਗਤਾ ਵਿਚ ਸੁਧਾਰ ਕਰਨ ਲਈ ਬੈਥਲ ਦੇ ਭਰਾਵਾਂ ਦੀ ਮਦਦ ਕਰਨ ਲਈ ਇਕ ਪ੍ਰੋਗ੍ਰਾਮ ਸ਼ੁਰੂ ਕੀਤਾ। ਇਸ ਸਕੂਲ ਵਿਚ ਬਾਈਬਲ ਵਿੱਚੋਂ ਰਿਸਰਚ ਕਰਨੀ ਅਤੇ ਜਨਤਕ ਭਾਸ਼ਣ ਦੇਣਾ ਸਿਖਾਇਆ ਜਾਂਦਾ ਸੀ। ਸ਼ੁਰੂ-ਸ਼ੁਰੂ ਵਿਚ ਹਰ ਭਰਾ ਨੂੰ ਬਾਈਬਲ ਵਿੱਚੋਂ ਆਦਮੀਆਂ ਤੇ ਤੀਵੀਆਂ ਬਾਰੇ ਛੋਟੇ-ਛੋਟੇ ਭਾਸ਼ਣ ਦੇਣ ਲਈ ਨਿਯੁਕਤ ਕੀਤਾ ਗਿਆ। ਮੇਰਾ ਪਹਿਲਾ ਭਾਸ਼ਣ ਮੂਸਾ ਬਾਰੇ ਸੀ। ਸਾਲ 1943 ਵਿਚ ਅਜਿਹਾ ਇਕ ਸਕੂਲ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਵੀ ਸ਼ੁਰੂ ਕੀਤਾ ਗਿਆ ਜੋ ਅੱਜ ਤਕ ਚੱਲ ਰਿਹਾ ਹੈ। ਅਜੇ ਵੀ ਬੈਥਲ ਵਿਚ ਬਾਈਬਲ ਗਿਆਨ ਪ੍ਰਾਪਤ ਕਰਨ ਅਤੇ ਸਿੱਖਿਆ ਦੇਣ ਦੇ ਤਰੀਕਿਆਂ ਨੂੰ ਅਸਰਦਾਰ ਬਣਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ।

ਫਰਵਰੀ 1943 ਵਿਚ ਗਿਲਿਅਡ ਮਿਸ਼ਨਰੀ ਸਕੂਲ ਦੀ ਪਹਿਲੀ ਕਲਾਸ ਸ਼ੁਰੂ ਹੋਈ। ਹਾਲ ਹੀ ਵਿਚ ਗਿਲਿਅਡ ਸਕੂਲ ਦੀ 111ਵੀਂ ਕਲਾਸ ਗ੍ਰੈਜੂਏਟ ਹੋਈ ਹੈ। ਬੀਤੇ 58 ਸਾਲਾਂ ਦੌਰਾਨ ਇਸ ਸਕੂਲ ਨੇ ਪੂਰੀ ਦੁਨੀਆਂ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਨ ਲਈ 7,000 ਤੋਂ ਜ਼ਿਆਦਾ ਭੈਣ-ਭਰਾਵਾਂ ਨੂੰ ਸਿਖਲਾਈ ਦਿੱਤੀ ਹੈ। ਇਹ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ 1943 ਵਿਚ ਇਸ ਸਕੂਲ ਦੇ ਸ਼ੁਰੂ ਹੋਣ ਵੇਲੇ ਪੂਰੀ ਦੁਨੀਆਂ ਵਿਚ ਲਗਭਗ 1,00,000 ਯਹੋਵਾਹ ਦੇ ਗਵਾਹ ਸਨ। ਹੁਣ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਗਵਾਹਾਂ ਦੀ ਗਿਣਤੀ 60 ਲੱਖ ਤੋਂ ਉੱਪਰ ਹੈ!

ਆਪਣੇ ਅਧਿਆਤਮਿਕ ਵਿਰਸੇ ਲਈ ਧੰਨਵਾਦੀ

ਗਿਲਿਅਡ ਸਕੂਲ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਬੈਥਲ ਵਿੱਚੋਂ ਸਾਨੂੰ ਤਿੰਨ ਜਣਿਆਂ ਨੂੰ ਪੂਰੇ ਅਮਰੀਕਾ ਦੀਆਂ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਦਾ ਦੌਰਾ ਕਰਨ ਦਾ ਕੰਮ ਦਿੱਤਾ ਗਿਆ ਸੀ। ਅਸੀਂ ਇਨ੍ਹਾਂ ਕਲੀਸਿਯਾਵਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਲਈ ਉਨ੍ਹਾਂ ਕੋਲ ਇਕ ਦਿਨ, ਕੁਝ ਦਿਨ, ਜਾਂ ਇਕ ਹਫ਼ਤਾ ਠਹਿਰਦੇ ਸੀ। ਸਾਨੂੰ “ਭਰਾਵਾਂ ਦੇ ਸੇਵਕ” ਕਿਹਾ ਜਾਂਦਾ ਸੀ, ਪਰ ਬਾਅਦ ਵਿਚ ਇਸ ਨਾਂ ਨੂੰ ਬਦਲ ਕੇ ਸਰਕਟ ਸੇਵਕ ਜਾਂ ਸਰਕਟ ਨਿਗਾਹਬਾਨ ਰੱਖਿਆ ਗਿਆ। ਪਰ ਗਿਲਿਅਡ ਸਕੂਲ ਦੇ ਸ਼ੁਰੂ ਹੋਣ ਤੋਂ ਜਲਦੀ ਬਾਅਦ ਮੈਨੂੰ ਕੁਝ ਕੋਰਸ ਸਿਖਾਉਣ ਲਈ ਵਾਪਸ ਬੁਲਾ ਲਿਆ ਗਿਆ। ਮੈਂ ਗਿਲਿਅਡ ਦੀ ਦੂਸਰੀ ਤੋਂ ਪੰਜਵੀਂ ਕਲਾਸ ਤਕ ਅਧਿਆਪਕ ਵਜੋਂ ਕੰਮ ਕੀਤਾ ਅਤੇ ਮੈਂ 14ਵੀਂ ਕਲਾਸ ਵਿਚ ਵੀ ਦੂਸਰੇ ਇਕ ਅਧਿਆਪਕ ਦੀ ਜਗ੍ਹਾ ਸਿਖਾਇਆ ਸੀ। ਯਹੋਵਾਹ ਦੇ ਸੰਗਠਨ ਦੇ ਆਧੁਨਿਕ ਇਤਿਹਾਸ ਦੇ ਆਰੰਭਕ ਸਾਲਾਂ ਦੌਰਾਨ ਹੋਈਆਂ ਦਿਲਚਸਪ ਘਟਨਾਵਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੈਂ ਆਪਣੀ ਅੱਖੀਂ ਦੇਖੀਆਂ ਸਨ, ਬਾਰੇ ਵਿਦਿਆਰਥੀਆਂ ਨੂੰ ਦੱਸਣ ਨਾਲ ਆਪਣੇ ਅਮੀਰ ਅਧਿਆਤਮਿਕ ਵਿਰਸੇ ਲਈ ਮੇਰੀ ਕਦਰ ਹੋਰ ਜ਼ਿਆਦਾ ਵਧ ਗਈ।

ਇਕ ਹੋਰ ਵਿਸ਼ੇਸ਼-ਸਨਮਾਨ ਜੋ ਮੈਨੂੰ ਮਿਲਿਆ ਹੈ, ਉਹ ਹੈ ਯਹੋਵਾਹ ਦੇ ਲੋਕਾਂ ਦੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਜਾਣਾ। ਸਾਲ 1963 ਵਿਚ ਮੈਂ “ਸਦੀਪਕ ਖ਼ੁਸ਼ ਖ਼ਬਰੀ” ਨਾਮਕ ਸੰਮੇਲਨਾਂ ਵਿਚ ਜਾਣ ਵਾਲੇ 500 ਤੋਂ ਜ਼ਿਆਦਾ ਭੈਣ-ਭਰਾਵਾਂ ਨਾਲ ਪੂਰੀ ਦੁਨੀਆਂ ਘੁੰਮਿਆ। ਮੈਂ 1989 ਨੂੰ ਵਾਰਸਾ, ਪੋਲੈਂਡ ਵਿਚ, 1990 ਨੂੰ ਬਰਲਿਨ, ਜਰਮਨੀ ਵਿਚ, ਅਤੇ 1993 ਨੂੰ ਮਾਸਕੋ, ਰੂਸ ਵਿਚ ਹੋਏ ਇਤਿਹਾਸਕ ਸੰਮੇਲਨਾਂ ਵਿਚ ਵੀ ਗਿਆ ਸੀ। ਹਰ ਸੰਮੇਲਨ ਵਿਚ ਮੈਨੂੰ ਆਪਣੇ ਕੁਝ ਪਿਆਰੇ ਭੈਣ-ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਨਾਜ਼ੀ ਰਾਜ ਵਿਚ, ਕਮਿਊਨਿਸਟ ਰਾਜ ਵਿਚ ਜਾਂ ਦੋਵਾਂ ਵਿਚ ਹੀ ਕਈ ਦਹਾਕਿਆਂ ਤਕ ਅਤਿਆਚਾਰ ਸਹਿਆ। ਉਨ੍ਹਾਂ ਸੰਮੇਲਨਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ!

ਯਹੋਵਾਹ ਦੀ ਸੇਵਾ ਕਰਨ ਨਾਲ ਮੇਰੀ ਜ਼ਿੰਦਗੀ ਸੱਚ-ਮੁੱਚ ਮਾਲਾ-ਮਾਲ ਹੋਈ ਹੈ! ਮੈਨੂੰ ਲਗਾਤਾਰ ਅਧਿਆਤਮਿਕ ਬਰਕਤਾਂ ਮਿਲਦੀਆਂ ਰਹੀਆਂ ਹਨ। ਅਤੇ ਭੌਤਿਕ ਧਨ ਤੋਂ ਉਲਟ, ਅਸੀਂ ਦੂਜਿਆਂ ਨਾਲ ਜਿੰਨਾ ਜ਼ਿਆਦਾ ਇਹ ਅਧਿਆਤਮਿਕ ਕੀਮਤੀ ਚੀਜ਼ਾਂ ਸਾਂਝੀਆਂ ਕਰਦੇ ਹਾਂ, ਸਾਡਾ ਇਹ ਧਨ ਉੱਨਾ ਹੀ ਵਧਦਾ ਹੈ। ਮੈਂ ਕਈ ਵਾਰ ਕੁਝ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਕਿ ਚੰਗਾ ਹੁੰਦਾ ਜੇ ਬਚਪਨ ਤੋਂ ਯਹੋਵਾਹ ਦੇ ਗਵਾਹਾਂ ਵਜੋਂ ਉਨ੍ਹਾਂ ਦੀ ਪਰਵਰਿਸ਼ ਨਾ ਕੀਤੀ ਗਈ ਹੁੰਦੀ। ਉਹ ਮਹਿਸੂਸ ਕਰਦੇ ਹਨ ਕਿ ਉਹ ਬਾਈਬਲ ਸੱਚਾਈਆਂ ਦੀ ਜ਼ਿਆਦਾ ਕਦਰ ਕਰਦੇ ਜੇ ਉਨ੍ਹਾਂ ਨੂੰ ਪਹਿਲਾਂ ਪਰਮੇਸ਼ੁਰ ਦੇ ਸੰਗਠਨ ਤੋਂ ਬਾਹਰ ਦੀ ਜ਼ਿੰਦਗੀ ਦਾ ਕੁਝ ਤਜਰਬਾ ਹੋਇਆ ਹੁੰਦਾ।

ਮੈਨੂੰ ਇਹ ਗੱਲ ਹਮੇਸ਼ਾ ਪਰੇਸ਼ਾਨ ਕਰਦੀ ਹੈ ਜਦੋਂ ਨੌਜਵਾਨ ਅਜਿਹੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਅਸਲ ਵਿਚ ਉਹ ਕਹਿ ਰਹੇ ਹੁੰਦੇ ਹਨ ਕਿ ਬਚਪਨ ਤੋਂ ਯਹੋਵਾਹ ਦੇ ਰਾਹਾਂ ਦਾ ਗਿਆਨ ਸਿਖਾਇਆ ਜਾਣਾ ਚੰਗੀ ਗੱਲ ਨਹੀਂ ਹੈ। ਪਰ ਜ਼ਰਾ ਉਨ੍ਹਾਂ ਸਾਰੀਆਂ ਭੈੜੀਆਂ ਆਦਤਾਂ ਬਾਰੇ ਅਤੇ ਭ੍ਰਿਸ਼ਟ ਵਿਚਾਰਾਂ ਬਾਰੇ ਸੋਚੋ ਜੋ ਲੋਕਾਂ ਨੂੰ ਬਾਈਬਲ ਸੱਚਾਈ ਸਿੱਖਣ ਤੋਂ ਬਾਅਦ ਛੱਡਣੇ ਪੈਂਦੇ ਹਨ। ਮੈਂ ਇਸ ਗੱਲ ਲਈ ਹਮੇਸ਼ਾ ਬਹੁਤ ਧੰਨਵਾਦੀ ਰਿਹਾ ਹਾਂ ਕਿ ਮੇਰੇ ਮਾਤਾ-ਪਿਤਾ ਜੀ ਨੇ ਆਪਣੇ ਤਿੰਨ ਬੱਚਿਆਂ ਨੂੰ ਧਾਰਮਿਕਤਾ ਦੇ ਰਾਹ ਦੀ ਸਿੱਖਿਆ ਦਿੱਤੀ। ਜੁਲਾਈ 1980 ਵਿਚ ਜਾਨ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ ਤੇ ਐਸਤਰ ਅੱਜ ਵੀ ਇਕ ਵਫ਼ਾਦਾਰ ਗਵਾਹ ਹੈ।

ਜਦੋਂ ਮੈਂ ਆਪਣੀ ਬੀਤੀ ਜ਼ਿੰਦਗੀ ਤੇ ਨਜ਼ਰ ਮਾਰਦਾ ਹਾਂ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਬਹੁਤ ਸਾਰੇ ਵਫ਼ਾਦਾਰ ਮਸੀਹੀ ਭੈਣ-ਭਰਾਵਾਂ ਨਾਲ ਦੋਸਤੀ ਦਾ ਆਨੰਦ ਮਾਣਿਆ ਹੈ। ਮੈਨੂੰ ਬੈਥਲ ਆਇਆਂ 67 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਭਾਵੇਂ ਮੈਂ ਵਿਆਹ ਨਹੀਂ ਕਰਾਇਆ, ਫਿਰ ਵੀ ਮੇਰੇ ਬਹੁਤ ਸਾਰੇ ਅਧਿਆਤਮਿਕ ਪੁੱਤ-ਧੀਆਂ ਹਨ ਤੇ ਬਹੁਤ ਸਾਰੇ ਅਧਿਆਤਮਿਕ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵੀ। ਮੈਂ ਆਪਣੇ ਵਿਸ਼ਵ-ਵਿਆਪੀ ਅਧਿਆਤਮਿਕ ਪਰਿਵਾਰ ਦੇ ਸਾਰੇ ਨਵੇਂ ਮੈਂਬਰਾਂ ਨੂੰ ਮਿਲਣ ਬਾਰੇ ਸੋਚ ਕੇ ਵੀ ਬਹੁਤ ਖ਼ੁਸ਼ ਹੁੰਦਾ ਹਾਂ। ਇਸ ਦਾ ਹਰ ਇਕ ਮੈਂਬਰ ਅਜ਼ੀਜ਼ ਹੈ। ਇਹ ਸ਼ਬਦ ਕਿੰਨੇ ਸੱਚੇ ਹਨ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”!​—ਕਹਾਉਤਾਂ 10:22.

[ਫੁਟਨੋਟ]

^ ਪੈਰਾ 16 ਮੈਂ 8 ਮਾਰਚ 1932 ਵਿਚ ਬਪਤਿਸਮਾ ਲਿਆ ਸੀ। ਇਸ ਲਈ, ਜਦੋਂ ਇਹ ਫ਼ੈਸਲਾ ਹੋਇਆ ਸੀ ਕਿ ਮੈਨੂੰ ਪਾਇਨੀਅਰੀ ਕਰਨੀ ਚਾਹੀਦੀ ਸੀ, ਉਸ ਵੇਲੇ ਮੇਰਾ ਬਪਤਿਸਮਾ ਨਹੀਂ ਹੋਇਆ ਸੀ।

[ਸਫ਼ੇ 20 ਉੱਤੇ ਤਸਵੀਰ]

ਖੱਬਿਓਂ ਸੱਜੇ: ਮੇਰੇ ਛੋਟੇ ਭਰਾ ਜਾਨ ਨੂੰ ਗੋਦ ਵਿਚ ਲਈ ਮੇਰੇ ਪਿਤਾ ਜੀ, ਐਸਤਰ, ਮੈਂ ਅਤੇ ਮੇਰੇ ਮਾਤਾ ਜੀ

[ਸਫ਼ੇ 23 ਉੱਤੇ ਤਸਵੀਰਾਂ]

1945 ਵਿਚ ਗਿਲਿਅਡ ਸਕੂਲ ਵਿਚ ਸਿਖਾਉਂਦੇ ਸਮੇਂ

 ਪਰ ਸੱਜੇ: ਗਿਲਿਅਡ ਸਕੂਲ ਦੇ ਅਧਿਆਪਕ ਐਡਵਾਰਡੋ ਕੈਲਰ, ਫ਼ਰੈ ਡ ਫ਼ਰਾਂਜ਼, ਮੈਂ ਅਤੇ ਐਲਬਰਟ ਸ਼੍ਰੌਡਰ

[ਸਫ਼ੇ 24 ਉੱਤੇ ਤਸਵੀਰ]

ਯਹੋਵਾਹ ਦੀ ਸੇਵਾ ਕਰਨ ਨਾਲ ਮਾਲਾ-ਮਾਲ ਹੋਈ ਆਪਣੀ ਜ਼ਿੰਦਗੀ ਬਾਰੇ ਸੋਚਦਾ ਹੋਇਆ