Skip to content

Skip to table of contents

ਯਹੋਵਾਹ ਸਹਿਣਸ਼ੀਲਤਾ ਦਾ ਪਰਮੇਸ਼ੁਰ ਹੈ

ਯਹੋਵਾਹ ਸਹਿਣਸ਼ੀਲਤਾ ਦਾ ਪਰਮੇਸ਼ੁਰ ਹੈ

ਯਹੋਵਾਹ ਸਹਿਣਸ਼ੀਲਤਾ ਦਾ ਪਰਮੇਸ਼ੁਰ ਹੈ

“ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।”​—ਕੂਚ 34:6.

1, 2. (ੳ) ਬੀਤੇ ਸਮੇਂ ਵਿਚ ਕਿਨ੍ਹਾਂ ਲੋਕਾਂ ਨੂੰ ਯਹੋਵਾਹ ਦੀ ਸਹਿਣਸ਼ੀਲਤਾ ਤੋਂ ਫ਼ਾਇਦਾ ਹੋਇਆ ਸੀ? (ਅ) “ਸਹਿਣਸ਼ੀਲਤਾ” ਦਿਖਾਉਣ ਦਾ ਕੀ ਮਤਲਬ ਹੈ?

ਨੂਹ ਦੇ ਦਿਨਾਂ ਦੇ ਲੋਕ, ਮੂਸਾ ਨਾਲ ਉਜਾੜ ਵਿਚ ਸਫ਼ਰ ਕਰ ਰਹੇ ਇਸਰਾਏਲੀ, ਧਰਤੀ ਉੱਤੇ ਯਿਸੂ ਦੇ ਸਮੇਂ ਦੇ ਯਹੂਦੀ—ਸਾਰੇ ਵੱਖਰੇ-ਵੱਖਰੇ ਹਾਲਾਤਾਂ ਵਿਚ ਰਹਿੰਦੇ ਸਨ। ਪਰ ਸਾਰਿਆਂ ਨੇ ਯਹੋਵਾਹ ਦੇ ਇਕ ਗੁਣ ਤੋਂ ਲਾਭ ਪ੍ਰਾਪਤ ਕੀਤਾ। ਉਹ ਗੁਣ ਸੀ ਸਹਿਣਸ਼ੀਲਤਾ। ਇਸ ਗੁਣ ਕਰਕੇ ਕੁਝ ਲੋਕਾਂ ਦੀ ਜ਼ਿੰਦਗੀ ਬਚੀ ਸੀ। ਅਤੇ ਯਹੋਵਾਹ ਦੀ ਸਹਿਣਸ਼ੀਲਤਾ ਕਰਕੇ ਸਾਡੀਆਂ ਵੀ ਜ਼ਿੰਦਗੀਆਂ ਬਚ ਸਕਦੀਆਂ ਹਨ।

2 ਸਹਿਣਸ਼ੀਲਤਾ ਕੀ ਹੈ? ਯਹੋਵਾਹ ਕਦੋਂ ਸਹਿਣਸ਼ੀਲਤਾ ਦਿਖਾਉਂਦਾ ਹੈ ਅਤੇ ਕਿਉਂ? “ਸਹਿਣਸ਼ੀਲਤਾ” ਦਿਖਾਉਣ ਦਾ ਮਤਲਬ ਹੈ ਕਿਸੇ ਬੇਇਨਸਾਫ਼ੀ ਨੂੰ ਜਾਂ ਗੁੱਸਾ ਚੜ੍ਹਾਉਣ ਵਾਲੇ ਵਿਅਕਤੀ ਨੂੰ ਧੀਰਜ ਨਾਲ ਬਰਦਾਸ਼ਤ ਕਰਨਾ ਤੇ ਵਿਗੜੇ ਹੋਏ ਰਿਸ਼ਤੇ ਵਿਚ ਸੁਧਾਰ ਹੋਣ ਦੀ ਆਸ ਨਾ ਛੱਡਣੀ। ਇਸ ਲਈ ਇਸ ਗੁਣ ਦਾ ਇਕ ਮਕਸਦ ਹੁੰਦਾ ਹੈ। ਸਹਿਣਸ਼ੀਲਤਾ ਖ਼ਾਸ ਕਰਕੇ ਉਸ ਵਿਅਕਤੀ ਦੇ ਭਲੇ ਲਈ ਦਿਖਾਈ ਜਾਂਦੀ ਹੈ ਜੋ ਅਣਬਣ ਪੈਦਾ ਕਰਦਾ ਹੈ। ਪਰ ਸਹਿਣਸ਼ੀਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਗ਼ਲਤ ਕੰਮਾਂ ਤੋਂ ਅੱਖਾਂ ਮੀਟ ਲਈਏ। ਜਦੋਂ ਸਹਿਣਸ਼ੀਲਤਾ ਦਿਖਾਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ ਜਾਂ ਮਾੜੇ ਹਾਲਾਤ ਨੂੰ ਸਹਿੰਦੇ ਰਹਿਣ ਦਾ ਕੋਈ ਕਾਰਨ ਹੀ ਨਹੀਂ ਰਹਿੰਦਾ, ਤਾਂ ਸਹਿਣਸ਼ੀਲਤਾ ਖ਼ਤਮ ਹੋ ਜਾਂਦੀ ਹੈ।

3. ਯਹੋਵਾਹ ਦੀ ਸਹਿਣਸ਼ੀਲਤਾ ਦਾ ਮਕਸਦ ਕੀ ਰਿਹਾ ਹੈ ਅਤੇ ਉਹ ਕਿਸ ਹੱਦ ਤਕ ਸਹਿਣਸ਼ੀਲਤਾ ਦਿਖਾਉਂਦਾ ਹੈ?

3 ਭਾਵੇਂ ਇਨਸਾਨ ਸਹਿਣਸ਼ੀਲਤਾ ਦਿਖਾ ਸਕਦੇ ਹਨ, ਪਰ ਯਹੋਵਾਹ ਨੇ ਇਹ ਗੁਣ ਦਿਖਾਉਣ ਵਿਚ ਬਿਹਤਰੀਨ ਮਿਸਾਲ ਕਾਇਮ ਕੀਤੀ ਹੈ। ਜਦੋਂ ਤੋਂ ਆਦਮ ਦੇ ਪਾਪ ਕਰਕੇ ਯਹੋਵਾਹ ਅਤੇ ਉਸ ਦੀ ਇਨਸਾਨੀ ਸ੍ਰਿਸ਼ਟੀ ਵਿਚਕਾਰ ਰਿਸ਼ਤੇ ਵਿਚ ਵਿਗਾੜ ਆਇਆ, ਉਦੋਂ ਤੋਂ ਲੈ ਕੇ ਅੱਜ ਤਕ ਸਾਡਾ ਸਿਰਜਣਹਾਰ ਸਹਿਣਸ਼ੀਲਤਾ ਦਿਖਾਉਂਦਾ ਆਇਆ ਹੈ। ਉਸ ਨੇ ਇਕ ਪ੍ਰਬੰਧ ਵੀ ਕੀਤਾ ਜਿਸ ਰਾਹੀਂ ਪਸ਼ਚਾਤਾਪੀ ਲੋਕ ਉਸ ਨਾਲ ਆਪਣੇ ਰਿਸ਼ਤੇ ਵਿਚ ਸੁਧਾਰ ਲਿਆ ਸਕਦੇ ਹਨ। (2 ਪਤਰਸ 3:9; 1 ਯੂਹੰਨਾ 4:10) ਪਰ ਜਦੋਂ ਉਸ ਦੀ ਸਹਿਣਸ਼ੀਲਤਾ ਦਾ ਮਕਸਦ ਪੂਰਾ ਹੋ ਜਾਵੇਗਾ, ਤਾਂ ਯਹੋਵਾਹ ਜਾਣ-ਬੁੱਝ ਕੇ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇਗਾ ਅਤੇ ਇਸ ਦੁਸ਼ਟ ਸੰਸਾਰ ਨੂੰ ਖ਼ਤਮ ਕਰ ਦੇਵੇਗਾ।​—2 ਪਤਰਸ 3:7.

ਪਰਮੇਸ਼ੁਰ ਦੇ ਮੁੱਖ ਗੁਣਾਂ ਅਤੇ ਸਹਿਣਸ਼ੀਲਤਾ ਵਿਚਕਾਰ ਤਾਲਮੇਲ

4. (ੳ) ਇਬਰਾਨੀ ਸ਼ਾਸਤਰ ਵਿਚ ਸਹਿਣਸ਼ੀਲਤਾ ਦੇ ਭਾਵ ਨੂੰ ਕਿਵੇਂ ਦਰਸਾਇਆ ਗਿਆ ਹੈ? (ਫੁਟਨੋਟ ਵੀ ਦੇਖੋ।) (ਅ) ਨਹੂਮ ਨਬੀ ਯਹੋਵਾਹ ਬਾਰੇ ਕੀ ਕਹਿੰਦਾ ਹੈ ਅਤੇ ਇਸ ਤੋਂ ਯਹੋਵਾਹ ਦੀ ਸਹਿਣਸ਼ੀਲਤਾ ਬਾਰੇ ਕੀ ਪਤਾ ਚੱਲਦਾ ਹੈ?

4 ਬਾਈਬਲ ਦੇ ਇਬਰਾਨੀ ਸ਼ਾਸਤਰ ਵਿਚ ਸਹਿਣਸ਼ੀਲਤਾ ਦਾ ਭਾਵ ਦੋ ਇਬਰਾਨੀ ਸ਼ਬਦਾਂ ਦੁਆਰਾ ਦਰਸਾਇਆ ਗਿਆ ਹੈ ਜਿਨ੍ਹਾਂ ਦਾ ਸ਼ਾਬਦਿਕ ਮਤਲਬ ਹੈ “ਨਾਸਾਂ ਦੀ ਲੰਬਾਈ” ਅਤੇ ਇਸ ਨੂੰ ਪੰਜਾਬੀ ਬਾਈਬਲ ਵਿਚ “ਕ੍ਰੋਧ ਵਿੱਚ ਧੀਰਜੀ” ਅਨੁਵਾਦ ਕੀਤਾ ਗਿਆ ਹੈ।” * ਪਰਮੇਸ਼ੁਰ ਦੀ ਸਹਿਣਸ਼ੀਲਤਾ ਬਾਰੇ ਗੱਲ ਕਰਦੇ ਹੋਏ ਨਹੂਮ ਨਬੀ ਨੇ ਕਿਹਾ: “ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ, ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ।” (ਨਹੂਮ 1:3) ਇਸ ਲਈ ਯਹੋਵਾਹ ਦੀ ਸਹਿਣਸ਼ੀਲਤਾ ਉਸ ਦੀ ਕਮਜ਼ੋਰੀ ਨਹੀਂ ਹੈ ਅਤੇ ਇਸ ਦੀ ਇਕ ਹੱਦ ਹੁੰਦੀ ਹੈ। ਸਰਬਸ਼ਕਤੀਮਾਨ ਪਰਮੇਸ਼ੁਰ ਕੋਲ ਅਸੀਮ ਸ਼ਕਤੀ ਹੈ, ਪਰ ਇਸ ਦੇ ਬਾਵਜੂਦ ਵੀ ਉਹ ਗੁੱਸੇ ਵਿਚ ਧੀਰਜ ਰੱਖਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਿਸੇ ਮਕਸਦ ਨਾਲ ਆਪਣੇ ਉੱਤੇ ਕਾਬੂ ਰੱਖ ਕੇ ਸਹਿਣਸ਼ੀਲਤਾ ਦਿਖਾਉਂਦਾ ਹੈ। ਉਸ ਕੋਲ ਸਜ਼ਾ ਦੇਣ ਦਾ ਇਖ਼ਤਿਆਰ ਹੈ, ਪਰ ਉਹ ਤੁਰੰਤ ਸਜ਼ਾ ਦੇਣ ਤੋਂ ਆਪਣੇ ਆਪ ਨੂੰ ਜਾਣ-ਬੁੱਝ ਕੇ ਰੋਕੀ ਰੱਖਦਾ ਹੈ ਤਾਂਕਿ ਗ਼ਲਤੀ ਕਰਨ ਵਾਲੇ ਨੂੰ ਬਦਲਣ ਦਾ ਮੌਕਾ ਮਿਲ ਸਕੇ। (ਹਿਜ਼ਕੀਏਲ 18:31, 32) ਇਸ ਲਈ ਯਹੋਵਾਹ ਦੀ ਸਹਿਣਸ਼ੀਲਤਾ ਉਸ ਦੇ ਪਿਆਰ ਦਾ ਇਜ਼ਹਾਰ ਹੈ ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਆਪਣੀ ਤਾਕਤ ਨੂੰ ਬਹੁਤ ਸੋਚ-ਸਮਝ ਕੇ ਵਰਤਦਾ ਹੈ।

5. ਯਹੋਵਾਹ ਦੀ ਸਹਿਣਸ਼ੀਲਤਾ ਕਿਵੇਂ ਉਸ ਦੇ ਨਿਆਂ ਨਾਲ ਮਿਲ ਕੇ ਕੰਮ ਕਰਦੀ ਹੈ?

5 ਯਹੋਵਾਹ ਦੀ ਸਹਿਣਸ਼ੀਲਤਾ ਅਤੇ ਉਸ ਦੇ ਨਿਆਂ ਤੇ ਧਾਰਮਿਕਤਾ ਵਿਚ ਵੀ ਤਾਲਮੇਲ ਹੈ। ਉਸ ਨੇ ਆਪਣੇ ਆਪ ਨੂੰ ਮੂਸਾ ਸਾਮ੍ਹਣੇ ਇਕ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ” ਵਜੋਂ ਪ੍ਰਗਟ ਕੀਤਾ ਜਿਹੜਾ “ਕਰੋਧ ਵਿੱਚ ਧੀਰਜੀ [“ਸਹਿਣਸ਼ੀਲ,” ਕਿੰਗ ਜੇਮਜ਼ ਵਰਯਨ] ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6) ਕਈ ਸਾਲਾਂ ਬਾਅਦ ਮੂਸਾ ਨੇ ਯਹੋਵਾਹ ਦੀ ਮਹਿਮਾ ਦੇ ਗੁਣ ਗਾਉਂਦੇ ਹੋਏ ਕਿਹਾ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਜੀ ਹਾਂ, ਯਹੋਵਾਹ ਦੀ ਦਇਆ, ਸਹਿਣਸ਼ੀਲਤਾ, ਨਿਆਂ, ਅਤੇ ਧਾਰਮਿਕਤਾ, ਇਹ ਸਾਰੇ ਗੁਣ ਇਕ ਦੂਸਰੇ ਨਾਲ ਮਿਲ ਕੇ ਕੰਮ ਕਰਦੇ ਹਨ।

ਜਲ ਪਰਲੋ ਤੋਂ ਪਹਿਲਾਂ ਯਹੋਵਾਹ ਦੀ ਸਹਿਣਸ਼ੀਲਤਾ

6. ਯਹੋਵਾਹ ਦੁਆਰਾ ਆਦਮ ਅਤੇ ਹੱਵਾਹ ਦੀ ਸੰਤਾਨ ਪ੍ਰਤੀ ਸਹਿਣਸ਼ੀਲਤਾ ਦਿਖਾਉਣ ਦਾ ਕਿਹੜਾ ਵਧੀਆ ਸਬੂਤ ਹੈ?

6 ਅਦਨ ਦੇ ਬਾਗ਼ ਵਿਚ ਆਦਮ ਅਤੇ ਹੱਵਾਹ ਨੇ ਬਗਾਵਤ ਕਰ ਕੇ ਆਪਣੇ ਪਿਆਰ ਭਰੇ ਸਿਰਜਣਹਾਰ ਯਹੋਵਾਹ ਨਾਲ ਰਿਸ਼ਤਾ ਹਮੇਸ਼ਾ ਲਈ ਤੋੜ ਲਿਆ। (ਉਤਪਤ 3:8-13, 23, 24) ਇਸ ਰਿਸ਼ਤੇ ਦੇ ਟੁੱਟ ਜਾਣ ਦਾ ਉਨ੍ਹਾਂ ਦੀ ਅੰਸ ਤੇ ਅਸਰ ਪਿਆ ਜਿਨ੍ਹਾਂ ਨੂੰ ਵਿਰਸੇ ਵਿਚ ਪਾਪ, ਨਾਮੁਕੰਮਲਤਾ ਅਤੇ ਮੌਤ ਮਿਲੀ। (ਰੋਮੀਆਂ 5:17-19) ਭਾਵੇਂ ਪਹਿਲੇ ਮਨੁੱਖੀ ਜੋੜੇ ਨੇ ਜਾਣ-ਬੁੱਝ ਕੇ ਪਾਪ ਕੀਤਾ ਸੀ, ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਦਾ ਮੌਕਾ ਦਿੱਤਾ। ਬਾਅਦ ਵਿਚ ਉਸ ਨੇ ਪਿਆਰ ਦਿਖਾਉਂਦੇ ਹੋਏ ਇਕ ਪ੍ਰਬੰਧ ਕੀਤਾ ਜਿਸ ਦੁਆਰਾ ਆਦਮ ਅਤੇ ਹੱਵਾਹ ਦੀ ਸੰਤਾਨ ਉਸ ਨਾਲ ਮੁੜ ਰਿਸ਼ਤਾ ਜੋੜ ਸਕਦੀ ਸੀ। (ਯੂਹੰਨਾ 3:16, 36) ਪੌਲੁਸ ਰਸੂਲ ਨੇ ਸਮਝਾਇਆ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਨਾਲ ਧਰਮੀ ਠਹਿਰਾਏ ਗਏ ਤਾਂ ਇਸ ਨਾਲੋਂ ਬਹੁਤ ਵਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚ ਜਾਵਾਂਗੇ। ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਵਾਂਗੇ।”​—ਰੋਮੀਆਂ 5:8-10.

7. ਯਹੋਵਾਹ ਨੇ ਜਲ ਪਰਲੋ ਤੋਂ ਪਹਿਲਾਂ ਕਿਵੇਂ ਸਹਿਣਸ਼ੀਲਤਾ ਦਿਖਾਈ ਸੀ ਅਤੇ ਜਲ ਪਰਲੋ ਤੋਂ ਪਹਿਲਾਂ ਦੀ ਪੀੜ੍ਹੀ ਦਾ ਨਾਸ਼ ਕੀਤਾ ਜਾਣਾ ਜਾਇਜ਼ ਕਿਉਂ ਸੀ?

7 ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਸਹਿਣਸ਼ੀਲਤਾ ਦਿਖਾਈ। ਜਲ ਪਰਲੋ ਤੋਂ ਤਕਰੀਬਨ ਇਕ ਸਦੀ ਪਹਿਲਾਂ, “ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” (ਉਤਪਤ 6:12) ਫਿਰ ਵੀ ਯਹੋਵਾਹ ਨੇ ਇਕ ਸੀਮਿਤ ਸਮੇਂ ਤਕ ਇਨਸਾਨਾਂ ਪ੍ਰਤੀ ਸਹਿਣਸ਼ੀਲਤਾ ਦਿਖਾਈ। ਉਸ ਨੇ ਕਿਹਾ: “ਮੇਰਾ ਆਤਮਾ ਆਦਮੀ ਦੇ ਵਿਰੁੱਧ ਸਦਾ ਤੀਕਰ ਜੋਰ ਨਹੀਂ ਮਾਰੇਗਾ ਕਿਉਂਕਿ ਉਹ ਸਰੀਰ ਹੀ ਹੈ ਸੋ ਉਹ ਦੇ ਦਿਨ ਇੱਕ ਸੌ ਵੀਹ ਵਰਿਹਾਂ ਦੇ ਹੋਣਗੇ।” (ਉਤਪਤ 6:3) ਉਨ੍ਹਾਂ 120 ਸਾਲਾਂ ਦੌਰਾਨ ਵਫ਼ਾਦਾਰ ਨੂਹ ਦੇ ਬੱਚੇ ਹੋਏ ਅਤੇ ਉਸ ਨੂੰ ਪਰਮੇਸ਼ੁਰ ਦੇ ਹੁਕਮ ਮੁਤਾਬਕ ਕਿਸ਼ਤੀ ਬਣਾਉਣ ਅਤੇ ਲੋਕਾਂ ਨੂੰ ਆ ਰਹੀ ਜਲ ਪਰਲੋ ਦੀ ਚੇਤਾਵਨੀ ਦੇਣ ਦਾ ਸਮਾਂ ਮਿਲਿਆ। ਪਤਰਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਨੂਹ ਦੇ ਦਿਨੀਂ ਧੀਰਜ [ਜਿਸ ਦਾ ਸਹਿਣਸ਼ੀਲਤਾ ਨਾਲ ਡੂੰਘਾ ਸੰਬੰਧ ਹੈ] ਨਾਲ ਉਡੀਕ ਕਰਦਾ ਸੀ ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ ਜਿਹ ਦੇ ਵਿੱਚ ਥੋੜੇ ਅਰਥਾਤ ਅੱਠ ਜਣੇ ਪਾਣੀ ਤੋਂ ਬਚ ਗਏ।” (1 ਪਤਰਸ 3:20) ਇਹ ਸੱਚ ਹੈ ਕਿ ਜਿਹੜੇ ਲੋਕ ਨੂਹ ਦੇ ਪਰਿਵਾਰ ਦੇ ਨਹੀਂ ਸਨ, ਉਨ੍ਹਾਂ ਨੇ ਉਸ ਦੇ ਪ੍ਰਚਾਰ ਵੱਲ ਕੋਈ ਧਿਆਨ ਨਹੀਂ ਦਿੱਤਾ। (ਮੱਤੀ 24:38, 39) ਪਰ ਨੂਹ ਦੁਆਰਾ ਕਿਸ਼ਤੀ ਬਣਾਏ ਜਾਣ ਅਤੇ ਕਈ ਦਹਾਕਿਆਂ ਤਕ ‘ਧਰਮ ਦੇ ਪਰਚਾਰਕ’ ਵਜੋਂ ਸੇਵਾ ਕਰਨ ਦੌਰਾਨ ਯਹੋਵਾਹ ਨੇ ਉਸ ਸਮੇਂ ਦੇ ਲੋਕਾਂ ਨੂੰ ਆਪਣੇ ਹਿੰਸਕ ਕੰਮਾਂ ਤੋਂ ਤੋਬਾ ਕਰ ਕੇ ਉਸ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ। (2 ਪਤਰਸ 2:5; ਇਬਰਾਨੀਆਂ 11:7) ਇਸ ਲਈ ਉਨ੍ਹਾਂ ਬੁਰੇ ਲੋਕਾਂ ਦਾ ਅਖ਼ੀਰ ਵਿਚ ਨਾਸ਼ ਕੀਤਾ ਜਾਣਾ ਬਿਲਕੁਲ ਜਾਇਜ਼ ਸੀ।

ਇਸਰਾਏਲ ਪ੍ਰਤੀ ਬੇਅੰਤ ਸਹਿਣਸ਼ੀਲਤਾ

8. ਯਹੋਵਾਹ ਨੇ ਕਿਵੇਂ ਇਸਰਾਏਲ ਕੌਮ ਪ੍ਰਤੀ ਸਹਿਣਸ਼ੀਲਤਾ ਦਿਖਾਈ?

8 ਯਹੋਵਾਹ ਨੇ ਇਸਰਾਏਲ ਕੌਮ ਨਾਲ ਸਿਰਫ਼ 120 ਸਾਲ ਤਕ ਹੀ ਸਹਿਣਸ਼ੀਲਤਾ ਨਹੀਂ ਦਿਖਾਈ ਸੀ। ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਜੋਂ ਇਸਰਾਏਲੀਆਂ ਨੇ 1,500 ਸਾਲਾਂ ਤੋਂ ਜ਼ਿਆਦਾ ਸਮੇਂ ਦੌਰਾਨ ਯਹੋਵਾਹ ਦੀ ਸਹਿਣਸ਼ੀਲਤਾ ਦੀ ਹੱਦ ਨੂੰ ਵਾਰ-ਵਾਰ ਪਰਖਿਆ। ਮਿਸਰ ਤੋਂ ਚਮਤਕਾਰੀ ਢੰਗ ਨਾਲ ਛੁਡਾਏ ਜਾਣ ਤੋਂ ਕੁਝ ਹੀ ਹਫ਼ਤਿਆਂ ਬਾਅਦ ਉਹ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਆਪਣੇ ਮੁਕਤੀਦਾਤੇ ਦਾ ਘੋਰ ਅਪਮਾਨ ਕੀਤਾ। (ਕੂਚ 32:4; ਜ਼ਬੂਰ 106:21) ਉਸ ਤੋਂ ਬਾਅਦ ਦੇ ਸਾਲਾਂ ਦੌਰਾਨ, ਇਸਰਾਏਲੀਆਂ ਨੂੰ ਉਜਾੜ ਵਿਚ ਜੋ ਚਮਤਕਾਰੀ ਤਰੀਕੇ ਨਾਲ ਭੋਜਨ ਦਿੱਤਾ ਗਿਆ ਸੀ, ਉਸ ਬਾਰੇ ਉਹ ਚਿੜ-ਚਿੜ ਕਰਦੇ ਰਹੇ, ਉਨ੍ਹਾਂ ਨੇ ਮੂਸਾ ਤੇ ਹਾਰੂਨ ਦੇ ਵਿਰੁੱਧ ਬੁੜ-ਬੁੜ ਕੀਤੀ, ਉਹ ਯਹੋਵਾਹ ਦੇ ਵਿਰੁੱਧ ਬੋਲੇ ਅਤੇ ਆਦਮੀਆਂ ਨੇ ਦੂਸਰੀਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਭਚਾਰ ਕੀਤਾ ਤੇ ਉਨ੍ਹਾਂ ਨਾਲ ਮਿਲ ਕੇ ਬਆਲ ਦੀ ਉਪਾਸਨਾ ਵੀ ਕੀਤੀ। (ਗਿਣਤੀ 11:4-6; 14:2-4; 21:5; 25:1-3; 1 ਕੁਰਿੰਥੀਆਂ 10:6-11) ਯਹੋਵਾਹ ਆਪਣੇ ਲੋਕਾਂ ਨੂੰ ਖ਼ਤਮ ਕਰ ਕੇ ਬਿਲਕੁਲ ਠੀਕ ਕਰਦਾ, ਪਰ ਉਸ ਨੇ ਸਹਿਣਸ਼ੀਲਤਾ ਦਿਖਾਈ।​—ਗਿਣਤੀ 14:11-21.

9. ਨਿਆਈਆਂ ਦੇ ਸਮੇਂ ਵਿਚ ਅਤੇ ਰਾਜਿਆਂ ਦੀ ਹਕੂਮਤ ਦੌਰਾਨ ਯਹੋਵਾਹ ਕਿਵੇਂ ਸਹਿਣਸ਼ੀਲਤਾ ਦਿਖਾਉਣ ਵਾਲਾ ਪਰਮੇਸ਼ੁਰ ਸਾਬਤ ਹੋਇਆ?

9 ਨਿਆਈਆਂ ਦੇ ਸਮੇਂ ਦੌਰਾਨ, ਇਸਰਾਏਲੀ ਵਾਰ-ਵਾਰ ਬੁੱਤਾਂ ਦੀ ਪੂਜਾ ਕਰਦੇ ਰਹੇ। ਜਦੋਂ ਵੀ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥਾਂ ਵਿਚ ਦੇ ਦਿੱਤਾ। ਪਰ ਜਦੋਂ ਉਨ੍ਹਾਂ ਨੇ ਤੋਬਾ ਕੀਤੀ ਤੇ ਮਦਦ ਲਈ ਉਸ ਨੂੰ ਪ੍ਰਾਰਥਨਾ ਕੀਤੀ, ਤਾਂ ਯਹੋਵਾਹ ਨੇ ਸਹਿਣਸ਼ੀਲਤਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਬਚਾਉਣ ਲਈ ਨਿਆਈਆਂ ਨੂੰ ਨਿਯੁਕਤ ਕੀਤਾ। (ਨਿਆਈਆਂ 2:17, 18) ਰਾਜਿਆਂ ਦੀ ਹਕੂਮਤ ਦੇ ਲੰਬੇ ਸਮੇਂ ਦੌਰਾਨ ਕੁਝ ਕੁ ਰਾਜਿਆਂ ਨੇ ਹੀ ਸਿਰਫ਼ ਯਹੋਵਾਹ ਦੀ ਉਪਾਸਨਾ ਕੀਤੀ। ਅਤੇ ਵਫ਼ਾਦਾਰ ਰਾਜਿਆਂ ਦੇ ਰਾਜ ਦੌਰਾਨ ਵੀ ਲੋਕ ਅਕਸਰ ਸੱਚੀ ਉਪਾਸਨਾ ਦੇ ਨਾਲ-ਨਾਲ ਝੂਠੀ ਉਪਾਸਨਾ ਕਰਦੇ ਸਨ। ਜਦੋਂ ਯਹੋਵਾਹ ਨੇ ਉਨ੍ਹਾਂ ਦੀ ਬੇਵਫ਼ਾਈ ਕਰ ਕੇ ਉਨ੍ਹਾਂ ਨੂੰ ਤਾੜਨਾ ਦੇਣ ਲਈ ਨਬੀਆਂ ਨੂੰ ਘੱਲਿਆ, ਤਾਂ ਲੋਕਾਂ ਨੇ ਜ਼ਿਆਦਾ ਕਰਕੇ ਭ੍ਰਿਸ਼ਟ ਜਾਜਕਾਂ ਅਤੇ ਝੂਠੇ ਨਬੀਆਂ ਦੀ ਗੱਲ ਸੁਣਨੀ ਪਸੰਦ ਕੀਤੀ। (ਯਿਰਮਿਯਾਹ 5:31; 25:4-7) ਅਸਲ ਵਿਚ ਇਸਰਾਏਲੀਆਂ ਨੇ ਯਹੋਵਾਹ ਦੇ ਵਫ਼ਾਦਾਰ ਨਬੀਆਂ ਨੂੰ ਸਤਾਇਆ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਜਾਨੋਂ ਵੀ ਮਾਰ ਦਿੱਤਾ। (2 ਇਤਹਾਸ 24:20, 21; ਰਸੂਲਾਂ ਦੇ ਕਰਤੱਬ 7:51, 52) ਪਰ ਫਿਰ ਵੀ ਯਹੋਵਾਹ ਸਹਿਣਸ਼ੀਲਤਾ ਦਿਖਾਉਂਦਾ ਰਿਹਾ।​—2 ਇਤਹਾਸ 36:15.

ਯਹੋਵਾਹ ਦੀ ਸਹਿਣਸ਼ੀਲਤਾ ਖ਼ਤਮ ਨਹੀਂ ਹੋਈ

10. ਯਹੋਵਾਹ ਦੀ ਸਹਿਣਸ਼ੀਲਤਾ ਕਦੋਂ ਖ਼ਤਮ ਹੋ ਗਈ?

10 ਪਰ ਇਤਿਹਾਸ ਦਿਖਾਉਂਦਾ ਹੈ ਕਿ ਪਰਮੇਸ਼ੁਰ ਦੀ ਸਹਿਣਸ਼ੀਲਤਾ ਦੀ ਵੀ ਇਕ ਹੱਦ ਹੈ। ਸਾਲ 740 ਸਾ.ਯੁ.ਪੂ. ਵਿਚ ਉਸ ਨੇ ਅੱਸ਼ੂਰੀਆਂ ਦੇ ਹੱਥੋਂ ਇਸਰਾਏਲ ਦੇ ਦਸ-ਗੋਤ ਰਾਜ ਨੂੰ ਹਰਾ ਦਿੱਤਾ ਤੇ ਅੱਸ਼ੂਰੀ ਫ਼ੌਜਾਂ ਇਸਰਾਏਲੀਆਂ ਨੂੰ ਗ਼ੁਲਾਮ ਬਣਾ ਕੇ ਅੱਸ਼ੂਰ ਲੈ ਗਈਆਂ। (2 ਰਾਜਿਆਂ 17:5, 6) ਅਤੇ 607 ਸਾ.ਯੁ.ਪੂ ਵਿਚ ਉਸ ਨੇ ਬਾਬਲੀਆਂ ਦੇ ਹੱਥੋਂ ਯਹੂਦਾਹ ਦੇ ਦੋ-ਗੋਤ ਰਾਜ ਨੂੰ ਅਤੇ ਯਰੂਸ਼ਲਮ ਤੇ ਉਸ ਦੀ ਹੈਕਲ ਨੂੰ ਤਬਾਹ ਹੋਣ ਦਿੱਤਾ।​—2 ਇਤਹਾਸ 36:16-19.

11. ਸਜ਼ਾ ਦਿੰਦੇ ਸਮੇਂ ਵੀ ਯਹੋਵਾਹ ਨੇ ਕਿਵੇਂ ਸਹਿਣਸ਼ੀਲਤਾ ਦਿਖਾਈ?

11 ਪਰ ਇਸਰਾਏਲ ਅਤੇ ਯਹੂਦਾਹ ਨੂੰ ਸਜ਼ਾ ਦੇਣ ਵੇਲੇ ਵੀ ਯਹੋਵਾਹ ਸਹਿਣਸ਼ੀਲਤਾ ਦਿਖਾਉਣੀ ਨਹੀਂ ਭੁੱਲਿਆ। ਆਪਣੇ ਨਬੀ ਯਿਰਮਿਯਾਹ ਰਾਹੀਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਕਿ ਉਸ ਦੇ ਚੁਣੇ ਹੋਏ ਲੋਕਾਂ ਨੂੰ ਮੁੜ ਵਸਾਇਆ ਜਾਵੇਗਾ। ਉਸ ਨੇ ਕਿਹਾ: “ਜਦ ਬਾਬਲ ਲਈ ਸੱਤਰ ਵਰ੍ਹੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਏਸ ਅਸਥਾਨ ਉੱਤੇ ਫੇਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ। ਮੈਂ ਤੁਹਾਨੂੰ ਲੱਭਾਂਗਾ, . . . ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ।”​—ਯਿਰਮਿਯਾਹ 29:10, 14.

12. ਕੁਝ ਯਹੂਦੀਆਂ ਦਾ ਵਾਪਸ ਯਹੂਦਾਹ ਪਰਤਣਾ ਕਿਵੇਂ ਮਸੀਹਾ ਦੇ ਆਉਣ ਦੇ ਸੰਬੰਧ ਵਿਚ ਪਰਮੇਸ਼ੁਰੀ ਅਗਵਾਈ ਦਾ ਸਬੂਤ ਸੀ?

12 ਗ਼ੁਲਾਮ ਯਹੂਦੀਆਂ ਵਿੱਚੋਂ ਕੁਝ ਯਹੂਦੀ ਸੱਚ-ਮੁੱਚ ਯਹੂਦਾਹ ਵਾਪਸ ਪਰਤੇ ਸਨ ਅਤੇ ਉਨ੍ਹਾਂ ਨੇ ਯਰੂਸ਼ਲਮ ਵਿਚ ਦੁਬਾਰਾ ਹੈਕਲ ਬਣਾ ਕੇ ਯਹੋਵਾਹ ਦੀ ਉਪਾਸਨਾ ਮੁੜ ਸ਼ੁਰੂ ਕੀਤੀ ਸੀ। ਯਹੋਵਾਹ ਦੇ ਮਕਸਦਾਂ ਨੂੰ ਪੂਰਾ ਕਰਨ ਵਿਚ ਇਹ ਕੁਝ ਯਹੂਦੀ ‘ਯਹੋਵਾਹ ਵੱਲੋਂ ਤ੍ਰੇਲ’ ਵਰਗੇ ਸਨ ਜਿਨ੍ਹਾਂ ਨੇ ਤਾਜ਼ਗੀ ਅਤੇ ਖ਼ੁਸ਼ਹਾਲੀ ਲਿਆਉਣੀ ਸੀ। ਉਨ੍ਹਾਂ ਨੇ “ਬਣ ਦੇ ਦਰਿੰਦਿਆਂ ਵਿੱਚ ਬਬਰ ਸ਼ੇਰ” ਵਾਂਗ ਦਲੇਰ ਅਤੇ ਤਾਕਤਵਰ ਸਾਬਤ ਹੋਣਾ ਸੀ। (ਮੀਕਾਹ 5:7, 8) ਇਹ ਗੱਲ ਸ਼ਾਇਦ ਮੈਕਾਬੀਆਂ ਦੇ ਸਮੇਂ ਪੂਰੀ ਹੋਈ ਸੀ ਜਦੋਂ ਮੈਕਾਬੀ ਪਰਿਵਾਰ ਦੀ ਅਗਵਾਈ ਅਧੀਨ ਯਹੂਦੀਆਂ ਨੇ ਆਪਣੇ ਵੈਰੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿੱਚੋਂ ਕੱਢਿਆ ਸੀ। ਉਨ੍ਹਾਂ ਨੇ ਹੈਕਲ ਨੂੰ ਦੁਬਾਰਾ ਸਮਰਪਿਤ ਕੀਤਾ ਜਿਸ ਨੂੰ ਭ੍ਰਿਸ਼ਟ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇਸ਼ ਅਤੇ ਹੈਕਲ ਨੂੰ ਮੁੜ ਬਹਾਲ ਕੀਤਾ ਗਿਆ ਤਾਂਕਿ ਭਵਿੱਖ ਵਿਚ ਹੋਰ ਵਫ਼ਾਦਾਰ ਯਹੂਦੀ ਪਰਮੇਸ਼ੁਰ ਦੇ ਪੁੱਤਰ ਦਾ ਮਸੀਹਾ ਵਜੋਂ ਪ੍ਰਗਟ ਹੋਣ ਵੇਲੇ ਉਸ ਦਾ ਸੁਆਗਤ ਕਰ ਸਕਣ।​—ਦਾਨੀਏਲ 9:25; ਲੂਕਾ 1:13-17, 67-79; 3:15, 21, 22.

13. ਯਹੂਦੀਆਂ ਦੁਆਰਾ ਉਸ ਦੇ ਪੁੱਤਰ ਦਾ ਕਤਲ ਕੀਤੇ ਜਾਣ ਤੋਂ ਬਾਅਦ ਵੀ ਯਹੋਵਾਹ ਉਨ੍ਹਾਂ ਪ੍ਰਤੀ ਸਹਿਣਸ਼ੀਲਤਾ ਕਿਵੇਂ ਦਿਖਾਉਂਦਾ ਰਿਹਾ?

13 ਯਹੂਦੀਆਂ ਦੁਆਰਾ ਉਸ ਦੇ ਪੁੱਤਰ ਦਾ ਕਤਲ ਕੀਤੇ ਜਾਣ ਤੋਂ ਬਾਅਦ ਵੀ ਯਹੋਵਾਹ ਸਾਢੇ ਤਿੰਨ ਸਾਲਾਂ ਤਕ ਉਨ੍ਹਾਂ ਪ੍ਰਤੀ ਸਹਿਣਸ਼ੀਲਤਾ ਦਿਖਾਉਂਦਾ ਰਿਹਾ ਅਤੇ ਸਿਰਫ਼ ਉਨ੍ਹਾਂ ਨੂੰ ਹੀ ਅਬਰਾਹਾਮ ਦੀ ਅਧਿਆਤਮਿਕ ਅੰਸ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। (ਦਾਨੀਏਲ 9:27) * ਸਾਲ 36 ਸਾ.ਯੁ. ਤੋਂ ਪਹਿਲਾਂ ਅਤੇ ਬਾਅਦ ਵਿਚ ਕੁਝ ਯਹੂਦੀਆਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ ਜਿਸ ਦੁਆਰਾ ਉਹ, ਜਿਵੇਂ ਪੌਲੁਸ ਨੇ ਬਾਅਦ ਵਿਚ ਕਿਹਾ “ਕਿਰਪਾ ਦੀ ਚੋਣ ਅਨੁਸਾਰ ਇੱਕ ਬਕੀਆ” ਬਣੇ।​—ਰੋਮੀਆਂ 11:5.

14. (ੳ) ਸਾਲ 36 ਸਾ.ਯੁ. ਵਿਚ ਕਿਨ੍ਹਾਂ ਨੂੰ ਅਬਰਾਹਾਮ ਦੀ ਅਧਿਆਤਮਿਕ ਅੰਸ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ? (ਅ) ਯਹੋਵਾਹ ਨੇ ਜਿਸ ਤਰੀਕੇ ਨਾਲ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਨੂੰ ਚੁਣਿਆ, ਉਸ ਬਾਰੇ ਪੌਲੁਸ ਨੇ ਆਪਣੀਆਂ ਭਾਵਨਾਵਾਂ ਕਿਵੇਂ ਪ੍ਰਗਟ ਕੀਤੀਆਂ?

14 ਸਾਲ 36 ਸਾ.ਯੁ. ਵਿਚ ਅਬਰਾਹਾਮ ਦੀ ਅਧਿਆਤਮਿਕ ਅੰਸ ਦਾ ਹਿੱਸਾ ਬਣਨ ਦਾ ਮੌਕਾ ਪਹਿਲੀ ਵਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਜਿਹੜੇ ਨਾ ਤਾਂ ਯਹੂਦੀ ਸਨ ਤੇ ਨਾ ਹੀ ਜਿਨ੍ਹਾਂ ਨੇ ਯਹੂਦੀ ਧਰਮ ਅਪਣਾਇਆ ਸੀ। ਅਤੇ ਜਿਨ੍ਹਾਂ ਨੇ ਵੀ ਇਸ ਸੱਦੇ ਨੂੰ ਸਵੀਕਾਰ ਕੀਤਾ, ਉਹ ਯਹੋਵਾਹ ਦੀ ਦਇਆ ਅਤੇ ਸਹਿਣਸ਼ੀਲਤਾ ਦੇ ਪਾਤਰ ਬਣੇ। (ਗਲਾਤੀਆਂ 3:26-29; ਅਫ਼ਸੀਆਂ 2:4-7) ਯਹੋਵਾਹ ਦੀ ਦਇਆ-ਭਰੀ ਸਹਿਣਸ਼ੀਲਤਾ ਕਰਕੇ ਹੀ ਅਧਿਆਤਮਿਕ ਇਸਰਾਏਲ ਦੀ ਗਿਣਤੀ ਪੂਰੀ ਹੋ ਸਕੀ। ਅਜਿਹੀ ਦਇਆ-ਭਰੀ ਸਹਿਣਸ਼ੀਲਤਾ ਦਿਖਾਉਣ ਵਿਚ ਯਹੋਵਾਹ ਦੀ ਬੁੱਧੀ ਅਤੇ ਮਕਸਦ ਲਈ ਡੂੰਘੀ ਕਦਰ ਪ੍ਰਗਟ ਕਰਦੇ ਹੋਏ ਪੌਲੁਸ ਨੇ ਕਿਹਾ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ।”​—ਰੋਮੀਆਂ 11:25, 26, 33; ਗਲਾਤੀਆਂ 6:15, 16.

ਆਪਣੇ ਨਾਂ ਦੀ ਖ਼ਾਤਰ ਸਹਿਣਸ਼ੀਲਤਾ

15. ਪਰਮੇਸ਼ੁਰ ਦੀ ਸਹਿਣਸ਼ੀਲਤਾ ਦਾ ਮੁੱਖ ਮਕਸਦ ਕੀ ਹੈ ਅਤੇ ਕਿਹੜੇ ਵਾਦ-ਵਿਸ਼ੇ ਨੂੰ ਸੁਲਝਾਉਣ ਲਈ ਸਮੇਂ ਦੀ ਲੋੜ ਸੀ?

15 ਯਹੋਵਾਹ ਸਹਿਣਸ਼ੀਲਤਾ ਕਿਉਂ ਦਿਖਾਉਂਦਾ ਹੈ? ਮੁੱਖ ਤੌਰ ਤੇ ਆਪਣੇ ਪਵਿੱਤਰ ਨਾਂ ਨੂੰ ਵਡਿਆਉਣ ਅਤੇ ਆਪਣੀ ਪ੍ਰਭੂਸੱਤਾ ਨੂੰ ਸਹੀ ਸਾਬਤ ਕਰਨ ਲਈ। (1 ਸਮੂਏਲ 12:20-22) ਯਹੋਵਾਹ ਜਿਸ ਤਰੀਕੇ ਨਾਲ ਆਪਣੀ ਪ੍ਰਭੂਸੱਤਾ ਨੂੰ ਇਸਤੇਮਾਲ ਕਰਦਾ ਹੈ, ਉਸ ਉੱਤੇ ਸ਼ਤਾਨ ਨੇ ਸਵਾਲ ਖੜ੍ਹਾ ਕੀਤਾ ਸੀ। ਇਸ ਵਾਦ-ਵਿਸ਼ੇ ਨੂੰ ਪੂਰੀ ਸ੍ਰਿਸ਼ਟੀ ਸਾਮ੍ਹਣੇ ਤਸੱਲੀਬਖ਼ਸ਼ ਢੰਗ ਨਾਲ ਸੁਲਝਾਉਣ ਲਈ ਸਮੇਂ ਦੀ ਲੋੜ ਸੀ। (ਅੱਯੂਬ 1:9-11; 42:2, 5, 6) ਇਸ ਲਈ ਜਦੋਂ ਉਸ ਦੇ ਲੋਕਾਂ ਨੂੰ ਮਿਸਰ ਵਿਚ ਸਤਾਇਆ ਜਾ ਰਿਹਾ ਸੀ, ਤਾਂ ਯਹੋਵਾਹ ਨੇ ਫ਼ਿਰਊਨ ਨੂੰ ਕਿਹਾ: “ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।”—ਕੂਚ 9:16.

16. (ੳ) ਆਪਣੀ ਸਹਿਣਸ਼ੀਲਤਾ ਕਰਕੇ ਯਹੋਵਾਹ ਆਪਣੇ ਨਾਂ ਲਈ ਲੋਕਾਂ ਨੂੰ ਕਿਵੇਂ ਚੁਣ ਸਕਿਆ? (ਅ) ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕੀਤਾ ਜਾਵੇਗਾ ਅਤੇ ਉਸ ਦੀ ਪ੍ਰਭੂਸੱਤਾ ਕਿਵੇਂ ਸਹੀ ਸਾਬਤ ਕੀਤੀ ਜਾਵੇਗੀ?

16 ਫ਼ਿਰਊਨ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ, ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਪਵਿੱਤਰ ਨਾਂ ਨੂੰ ਵਡਿਆਉਣ ਵਿਚ ਉਸ ਦੀ ਸਹਿਣਸ਼ੀਲਤਾ ਦੀ ਭੂਮਿਕਾ ਬਾਰੇ ਸਮਝਾਇਆ। ਅਤੇ ਫਿਰ ਪੌਲੁਸ ਨੇ ਲਿਖਿਆ: “ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕਰ ਕੇ ਭਈ ਆਪਣਾ ਕ੍ਰੋਧ ਵਿਖਾਲੇ ਅਤੇ ਆਪਣੀ ਸਮਰੱਥਾ ਪਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ? ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ। ਅਰਥਾਤ ਸਾਡੇ ਉੱਤੇ ਜਿਹੜੇ ਉਹ ਨੇ ਨਿਰੇ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਏ। ਜਿਵੇਂ ਹੋਸ਼ੇਆ ਦੇ ਪੁਸਤਕ ਵਿੱਚ ਵੀ ਉਹ ਆਖਦਾ ਹੈ,—ਜਿਹੜੀ ਮੇਰੀ ਕੌਮ ਨਾ ਸੀ, ਉਹ ਨੂੰ ਮੈਂ ਆਪਣੀ ਪਰਜਾ ਕਰਕੇ ਸੱਦਾਂਗਾ।” (ਰੋਮੀਆਂ 9:17, 22-25) ਕਿਉਂਕਿ ਯਹੋਵਾਹ ਨੇ ਸਹਿਣਸ਼ੀਲਤਾ ਦਿਖਾਈ, ਇਸ ਲਈ ਉਹ ਕੌਮਾਂ ਵਿੱਚੋਂ “ਇੱਕ ਪਰਜਾ ਆਪਣੇ ਨਾਂ ਦੇ ਲਈ” ਚੁਣ ਸਕਿਆ। (ਰਸੂਲਾਂ ਦੇ ਕਰਤੱਬ 15:14) ਆਪਣੇ ਮੁਖੀ ਯਿਸੂ ਮਸੀਹ ਦੇ ਅਧੀਨ ਇਹ ‘ਸੰਤ’ ਉਸ ਰਾਜ ਦੇ ਵਾਰਸ ਹਨ ਜਿਸ ਨੂੰ ਯਹੋਵਾਹ ਆਪਣੇ ਮਹਾਨ ਨਾਂ ਨੂੰ ਪਵਿੱਤਰ ਕਰਨ ਅਤੇ ਆਪਣੀ ਪ੍ਰਭੂਸੱਤਾ ਨੂੰ ਸਹੀ ਸਿੱਧ ਕਰਨ ਲਈ ਵਰਤੇਗਾ।​—ਦਾਨੀਏਲ 2:44; 7:13, 14, 27; ਪਰਕਾਸ਼ ਦੀ ਪੋਥੀ 4:9-11; 5:9, 10.

ਮੁਕਤੀ ਲਈ ਯਹੋਵਾਹ ਦੀ ਸਹਿਣਸ਼ੀਲਤਾ ਜ਼ਰੂਰੀ

17, 18. (ੳ) ਅਸੀਂ ਸਹਿਣਸ਼ੀਲਤਾ ਦਿਖਾਉਣ ਲਈ ਯਹੋਵਾਹ ਦੀ ਅਣਜਾਣੇ ਵਿਚ ਕਿੱਦਾਂ ਆਲੋਚਨਾ ਕਰ ਸਕਦੇ ਹਾਂ? (ਅ) ਸਾਨੂੰ ਯਹੋਵਾਹ ਦੀ ਸਹਿਣਸ਼ੀਲਤਾ ਬਾਰੇ ਕੀ ਨਜ਼ਰੀਆ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ ਹੈ?

17 ਮਨੁੱਖਜਾਤੀ ਦੇ ਪਾਪ ਵਿਚ ਪੈਣ ਦੇ ਸਮੇਂ ਤੋਂ ਲੈ ਕੇ ਹੁਣ ਤਕ ਯਹੋਵਾਹ ਨੇ ਆਪਣੇ ਆਪ ਨੂੰ ਸਹਿਣਸ਼ੀਲ ਪਰਮੇਸ਼ੁਰ ਸਾਬਤ ਕੀਤਾ ਹੈ। ਉਸ ਨੇ ਜਲ ਪਰਲੋ ਤੋਂ ਪਹਿਲਾਂ ਸਹਿਣਸ਼ੀਲਤਾ ਦਿਖਾਈ ਤਾਂਕਿ ਸਾਰਿਆਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਅਤੇ ਮੁਕਤੀ ਦਾ ਜ਼ਰੀਆ ਉਸਾਰਿਆ ਜਾ ਸਕੇ। ਪਰ ਉਸ ਦੇ ਧੀਰਜ ਦਾ ਅੰਤ ਹੋਇਆ ਅਤੇ ਜਲ ਪਰਲੋ ਆਈ। ਇਸੇ ਤਰ੍ਹਾਂ ਅੱਜ ਵੀ ਯਹੋਵਾਹ ਬਹੁਤ ਸਹਿਣਸ਼ੀਲਤਾ ਦਿਖਾ ਰਿਹਾ ਹੈ ਅਤੇ ਉਹ ਕੁਝ ਲੋਕਾਂ ਦੀ ਆਸ ਨਾਲੋਂ ਜ਼ਿਆਦਾ ਸਮੇਂ ਤਕ ਸਹਿਣਸ਼ੀਲਤਾ ਦਿਖਾ ਰਿਹਾ ਹੈ। ਪਰ ਇਸ ਕਾਰਨ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਹ ਪਰਮੇਸ਼ੁਰ ਦੀ ਸਹਿਣਸ਼ੀਲਤਾ ਦੀ ਆਲੋਚਨਾ ਕਰਨ ਦੇ ਬਰਾਬਰ ਹੋਵੇਗਾ। ਪੌਲੁਸ ਨੇ ਇਹ ਸਵਾਲ ਕੀਤਾ: “ਤੂੰ ਉਹ ਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ?”​—ਰੋਮੀਆਂ 2:4.

18 ਸਾਡੇ ਵਿੱਚੋਂ ਕੋਈ ਵੀ ਵਿਅਕਤੀ ਇਹ ਨਹੀਂ ਜਾਣ ਸਕਦਾ ਕਿ ਸਾਨੂੰ ਪਰਮੇਸ਼ੁਰ ਦੀ ਸਹਿਣਸ਼ੀਲਤਾ ਦੀ ਕਿਸ ਹੱਦ ਤਕ ਲੋੜ ਹੈ ਤਾਂਕਿ ਸਾਨੂੰ ਮੁਕਤੀ ਵਾਸਤੇ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਹੋ ਸਕੇ। ਪੌਲੁਸ ਸਾਨੂੰ ਸਲਾਹ ਦਿੰਦਾ ਹੈ ਕਿ ਅਸੀਂ ‘ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹੀਏ।’ (ਫ਼ਿਲਿੱਪੀਆਂ 2:12) ਪਤਰਸ ਰਸੂਲ ਨੇ ਸਾਥੀ ਮਸੀਹੀਆਂ ਨੂੰ ਲਿਖਿਆ ਸੀ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (ਟੇਢੇ ਟਾਈਪ ਸਾਡੇ।)​—2 ਪਤਰਸ 3:9.

19. ਕਿਸ ਤਰੀਕੇ ਨਾਲ ਅਸੀਂ ਯਹੋਵਾਹ ਦੀ ਸਹਿਣਸ਼ੀਲਤਾ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ?

19 ਇਸ ਲਈ ਆਓ ਆਪਾਂ ਇਸ ਗੱਲ ਵਿਚ ਕਦੇ ਵੀ ਬੇਸਬਰੇ ਨਾ ਹੋਈਏ ਕਿ ਯਹੋਵਾਹ ਹਰ ਮਸਲੇ ਨੂੰ ਕਿਵੇਂ ਨਿਪਟਾਉਂਦਾ ਹੈ। ਇਸ ਦੀ ਬਜਾਇ, ਆਓ ਆਪਾਂ ਸਾਰੇ ਜਣੇ ਪਤਰਸ ਦੁਆਰਾ ਅੱਗੇ ਦਿੱਤੀ ਗਈ ਸਲਾਹ ਉੱਤੇ ਚੱਲੀਏ ਅਤੇ ‘ਆਪਣੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੀਏ।’ ਕਿਸ ਦੀ ਮੁਕਤੀ? ਸਾਡੀ ਆਪਣੀ ਅਤੇ ਉਨ੍ਹਾਂ ਅਣਗਿਣਤ ਲੋਕਾਂ ਦੀ ਮੁਕਤੀ ਜਿਨ੍ਹਾਂ ਨੂੰ ਅਜੇ ‘ਰਾਜ ਦੀ ਖ਼ੁਸ਼ ਖ਼ਬਰੀ’ ਨਹੀਂ ਸੁਣਾਈ ਗਈ ਹੈ। (2 ਪਤਰਸ 3:15; ਮੱਤੀ 24:14) ਇਹ ਯਹੋਵਾਹ ਦੁਆਰਾ ਖੁੱਲ੍ਹੇ ਦਿਲ ਨਾਲ ਦਿਖਾਈ ਸਹਿਣਸ਼ੀਲਤਾ ਦੀ ਕਦਰ ਕਰਨ ਵਿਚ ਸਾਡੀ ਮਦਦ ਕਰੇਗੀ ਅਤੇ ਸਾਨੂੰ ਦੂਸਰਿਆਂ ਨਾਲ ਸਹਿਣਸ਼ੀਲਤਾ ਨਾਲ ਪੇਸ਼ ਆਉਣ ਲਈ ਪ੍ਰੇਰਿਤ ਕਰੇਗੀ।

[ਫੁਟਨੋਟ]

^ ਪੈਰਾ 4 ਇਬਰਾਨੀ ਵਿਚ “ਨੱਕ” ਜਾਂ “ਨਾਸਾਂ” ਲਈ ਸ਼ਬਦ (ਆਫ਼) ਅਕਸਰ ਲਾਖਣਿਕ ਤੌਰ ਤੇ ਗੁੱਸੇ ਲਈ ਵਰਤਿਆ ਜਾਂਦਾ ਹੈ, ਕਿਉਂਕਿ ਗੁੱਸੇ ਵਿਚ ਆਇਆ ਵਿਅਕਤੀ ਤੇਜ਼-ਤੇਜ਼ ਸਾਹ ਲੈਂਦਾ ਹੈ ਜਾਂ ਫੁੰਕਾਰੇ ਮਾਰਦਾ ਹੈ।

^ ਪੈਰਾ 13 ਇਸ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦੇ ਸਫ਼ੇ 191-194 ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਬਾਈਬਲ ਵਿਚ ਸ਼ਬਦ “ਧੀਰਜ” ਜਾਂ ਸਹਿਣਸ਼ੀਲਤਾ ਦਾ ਕੀ ਮਤਲਬ ਹੈ?

• ਯਹੋਵਾਹ ਨੇ ਜਲ ਪਰਲੋ ਤੋਂ ਪਹਿਲਾਂ, ਬਾਬਲ ਦੀ ਗ਼ੁਲਾਮੀ ਤੋਂ ਬਾਅਦ ਅਤੇ ਪਹਿਲੀ ਸਦੀ ਵਿਚ ਕਿਵੇਂ ਸਹਿਣਸ਼ੀਲਤਾ ਦਿਖਾਈ ਸੀ?

• ਯਹੋਵਾਹ ਨੇ ਕਿਹੜੇ ਅਹਿਮ ਕਾਰਨਾਂ ਕਰਕੇ ਸਹਿਣਸ਼ੀਲਤਾ ਦਿਖਾਈ ਹੈ?

• ਸਾਨੂੰ ਯਹੋਵਾਹ ਦੀ ਸਹਿਣਸ਼ੀਲਤਾ ਬਾਰੇ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਜਲ ਪਰਲੋ ਤੋਂ ਪਹਿਲਾਂ ਯਹੋਵਾਹ ਦੀ ਸਹਿਣਸ਼ੀਲਤਾ ਕਰਕੇ ਲੋਕਾਂ ਨੂੰ ਤੋਬਾ ਕਰਨ ਦਾ ਕਾਫ਼ੀ ਸਮਾਂ ਮਿਲਿਆ

[ਸਫ਼ੇ 10 ਉੱਤੇ ਤਸਵੀਰ]

ਬਾਬਲ ਦੇ ਪਤਨ ਤੋਂ ਬਾਅਦ ਯਹੂਦੀਆਂ ਨੂੰ ਯਹੋਵਾਹ ਦੀ ਸਹਿਣਸ਼ੀਲਤਾ ਤੋਂ ਫ਼ਾਇਦਾ ਹੋਇਆ

[ਸਫ਼ੇ 11 ਉੱਤੇ ਤਸਵੀਰ]

ਪਹਿਲੀ ਸਦੀ ਵਿਚ ਯਹੂਦੀਆਂ ਤੇ ਗ਼ੈਰ-ਯਹੂਦੀਆਂ ਨੇ ਯਹੋਵਾਹ ਦੀ ਸਹਿਣਸ਼ੀਲਤਾ ਤੋਂ ਲਾਭ ਪ੍ਰਾਪਤ ਕੀਤਾ

[ਸਫ਼ੇ 12 ਉੱਤੇ ਤਸਵੀਰਾਂ]

ਅੱਜ ਮਸੀਹੀ ਯਹੋਵਾਹ ਦੀ ਸਹਿਣਸ਼ੀਲਤਾ ਤੋਂ ਲਾਭ ਪ੍ਰਾਪਤ ਕਰਦੇ ਹਨ