Skip to content

Skip to table of contents

ਜਦੋਂ ਕੋਈ ਪਖੰਡ ਕਰਦਾ ਹੈ

ਜਦੋਂ ਕੋਈ ਪਖੰਡ ਕਰਦਾ ਹੈ

ਜਦੋਂ ਕੋਈ ਪਖੰਡ ਕਰਦਾ ਹੈ

ਗਥਸਮਨੀ ਦੇ ਬਾਗ਼ ਵਿਚ ਯਹੂਦਾ ਇਸਕਰਿਯੋਤੀ ਨੇ ਯਿਸੂ ਕੋਲ ਜਾ ਕੇ “ਉਸ ਨੂੰ ਚੁੰਮਿਆ।” ਉਨ੍ਹੀਂ ਦਿਨੀਂ ਇਕ ਦੂਜੇ ਨੂੰ ਪਿਆਰ ਨਾਲ ਮਿਲਣ ਦਾ ਇਹ ਇਕ ਰਿਵਾਜ ਹੁੰਦਾ ਸੀ। ਪਰ ਯਹੂਦਾ ਪਖੰਡ ਕਰ ਰਿਹਾ ਸੀ। ਉਸ ਨੇ ਯਿਸੂ ਨੂੰ ਸਿਰਫ਼ ਉਸ ਦੀ ਪਛਾਣ ਕਰਵਾਉਣ ਲਈ ਹੀ ਚੁੰਮਿਆਂ ਸੀ, ਤਾਂਕਿ ਰਾਤ ਦੇ ਵੇਲੇ ਉਸ ਨੂੰ ਗਿਰਫ਼ਤਾਰ ਕਰਨ ਲਈ ਆਏ ਆਦਮੀ ਜਾਣ ਸਕਣ ਕਿ ਉਹ ਕੌਣ ਹੈ। (ਮੱਤੀ 26:48, 49) ਯਹੂਦਾ ਪਖੰਡੀ ਸੀ, ਯਾਨੀ ਅਜਿਹਾ ਇਨਸਾਨ ਜਿਸ ਨੇ ਈਮਾਨਦਾਰੀ ਦਾ ਢੌਂਗ ਕਰ ਕੇ ਆਪਣੇ ਅਸਲੀ ਰੂਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਯੂਨਾਨੀ ਸ਼ਬਦ “ਪਖੰਡੀ” ਦਾ ਮਤਲਬ ਹੈ “ਉਹ ਜੋ ਜਵਾਬ ਦਿੰਦਾ ਹੈ” ਅਤੇ ਇਸ ਦਾ ਮਤਲਬ ਨਾਟਕ ਵਿਚ ਐਕਟਰ ਵੀ ਹੋ ਸਕਦਾ ਹੈ। ਸਮੇਂ ਦੇ ਬੀਤਣ ਨਾਲ ਇਹ ਸ਼ਬਦ ਉਨ੍ਹਾਂ ਲੋਕਾਂ ਦੇ ਸੰਬੰਧ ਵਿਚ ਵਰਤਿਆ ਜਾਣ ਲਗਾ ਜੋ ਦੂਸਰੀਆਂ ਨੂੰ ਧੋਖਾ ਦੇਣ ਲਈ ਦਿਖਾਵਾ ਕਰਦੇ ਹਨ।

ਤੁਸੀਂ ਪਖੰਡ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਮਿਸਾਲ ਲਈ, ਕੀ ਤੁਸੀਂ ਇਹ ਦੇਖ ਕੇ ਗੁੱਸੇ ਨਹੀਂ ਹੁੰਦੇ ਹੋ ਕਿ ਸਿਗਰਟ ਦੀਆਂ ਕੰਪਨੀਆਂ ਕਿਸ ਤਰ੍ਹਾਂ ਲੋਕਾਂ ਨੂੰ ਸਿਗਰਟ ਪੀਣ ਲਈ ਉਤਸ਼ਾਹਿਤ ਕਰਦੀਆਂ ਹਨ ਜਦ ਕਿ ਡਾਕਟਰੀ ਸਬੂਤ ਦਿਖਾਉਂਦੇ ਹਨ ਕਿ ਇਹ ਸਿਹਤ ਲਈ ਨੁਕਸਾਨਦਾਰ ਹੈ? ਕੀ ਤੁਸੀਂ ਉਨ੍ਹਾਂ ਲੋਕਾਂ ਦਾ ਪਖੰਡ ਦੇਖ ਕੇ ਗੁੱਸੇ ਨਹੀਂ ਹੁੰਦੇ ਹੋ ਜਿਨ੍ਹਾਂ ਕੋਲ ਦੂਸਰਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਹੈ ਪਰ ਉਹ ਉਨ੍ਹਾਂ ਨਾਲ ਭੈੜਾ ਸਲੂਕ ਕਰਦੇ ਹਨ? ਕੀ ਤੁਹਾਨੂੰ ਦੁੱਖ ਹੁੰਦਾ ਹੈ ਜਦੋਂ ਤੁਹਾਡਾ ਕੋਈ ਸੱਚਾ ਦੋਸਤ ਧੋਖੇਬਾਜ਼ ਨਿਕਲਦਾ ਹੈ? ਧਰਮਾਂ ਵਿਚ ਪਖੰਡ ਬਾਰੇ ਕੀ? ਤੁਸੀਂ ਉਸ ਨੂੰ ਕਿਵੇਂ ਵਿਚਾਰਦੇ ਹੋ?

‘ਹੇ ਕਪਟੀਓ ਤੁਹਾਡੇ ਉੱਤੇ ਹਾਇ ਹਾਇ!’

ਯਿਸੂ ਦੇ ਜ਼ਮਾਨੇ ਦੇ ਧਾਰਮਿਕ ਮਾਹੌਲ ਬਾਰੇ ਜ਼ਰਾ ਸੋਚੋ। ਗ੍ਰੰਥੀ ਅਤੇ ਫ਼ਰੀਸੀ ਪਰਮੇਸ਼ੁਰ ਦੀ ਬਿਵਸਥਾ ਦੇ ਵਫ਼ਾਦਾਰ ਉਪਦੇਸ਼ਕ ਹੋਣ ਦਾ ਢੌਂਗ ਕਰਦੇ ਸਨ, ਜਦ ਕਿ ਉਹ ਅਸਲ ਵਿਚ ਲੋਕਾਂ ਦੇ ਦਿਮਾਗ਼ਾਂ ਨੂੰ ਇਨਸਾਨੀ ਸਿੱਖਿਆਵਾਂ ਨਾਲ ਭਰ ਰਹੇ ਸਨ। ਇਹ ਸਿੱਖਿਆਵਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਰਹੀਆਂ ਸਨ। ਗ੍ਰੰਥੀ ਅਤੇ ਫ਼ਰੀਸੀ ਬਿਵਸਥਾ ਦੇ ਹਰੇਕ ਸ਼ਬਦ ਨੂੰ ਪੂਰਾ ਕਰਨ ਉੱਤੇ ਜ਼ੋਰ ਪਾਉਂਦੇ ਸਨ, ਪਰ ਪ੍ਰੇਮ ਅਤੇ ਦਇਆ ਕਰਨ ਦੇ ਮੁੱਖ ਸਿਧਾਂਤਾਂ ਨੂੰ ਉਹ ਰੱਦ ਕਰਦੇ ਸਨ। ਲੋਕਾਂ ਦੇ ਸਾਮ੍ਹਣੇ ਉਹ ਪਰਮੇਸ਼ੁਰ ਦੇ ਭਗਤ ਹੋਣ ਦਾ ਪਖੰਡ ਕਰਦੇ ਸਨ ਜਦ ਕਿ ਅਸਲ ਵਿਚ ਉਹ ਦੁਸ਼ਟ ਸਨ। ਉਹ ਕਹਿੰਦੇ ਕੁਝ ਸਨ ਅਤੇ ਕਰਦੇ ਕੁਝ ਹੋਰ। ਉਹ ਸਭ ਕੁਝ “ਲੋਕਾਂ ਦੇ ਵਿਖਲਾਵੇ” ਲਈ ਹੀ ਕਰਦੇ ਸਨ। ਉਹ ‘ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਸਨ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਸਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹੁੰਦੀਆਂ ਸਨ।’ ਯਿਸੂ ਨੇ ਦਲੇਰੀ ਨਾਲ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਦੇ ਹੋਏ ਵਾਰ-ਵਾਰ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!”​—ਮੱਤੀ 23:5, 13-31.

ਜੇਕਰ ਤੁਸੀਂ ਉਨ੍ਹੀਂ ਦਿਨੀਂ ਰਹਿੰਦੇ ਤਾਂ ਸ਼ਾਇਦ ਤੁਸੀਂ ਵੀ ਦੂਸਰੇ ਨੇਕਦਿਲ ਲੋਕਾਂ ਵਾਂਗ ਧਾਰਮਿਕ ਪਖੰਡ ਤੋਂ ਬਿਲਕੁਲ ਨਫ਼ਰਤ ਕਰਦੇ। (ਰੋਮੀਆਂ 2:21-24; 2 ਪਤਰਸ 2:1-3) ਪਰ ਕੀ ਤੁਸੀਂ ਗ੍ਰੰਥੀ ਅਤੇ ਫ਼ਰੀਸੀਆਂ ਦੇ ਪਖੰਡ ਕਾਰਨ ਇਸ ਹੱਦ ਤਕ ਗੁੱਸੇ ਹੋ ਜਾਂਦੇ ਕਿ ਤੁਸੀਂ ਸਾਰੇ ਧਰਮਾਂ ਨੂੰ ਰੱਦ ਕਰ ਦਿੰਦੇ? ਕੀ ਤੁਸੀਂ ਉਸ ਧਰਮ ਨੂੰ ਵੀ ਰੱਦ ਕਰਦੇ ਜਿਸ ਉੱਤੇ ਯਿਸੂ ਮਸੀਹ ਅਤੇ ਉਸ ਦੇ ਚੇਲੇ ਚੱਲਦੇ ਸਨ ਅਤੇ ਜਿਸ ਬਾਰੇ ਉਹ ਲੋਕਾਂ ਨੂੰ ਸਿਖਾਉਂਦੇ ਸਨ? ਕੀ ਇਸ ਤੋਂ ਤੁਹਾਡਾ ਨੁਕਸਾਨ ਨਹੀਂ ਹੁੰਦਾ?

ਧਾਰਮਿਕ ਲੋਕਾਂ ਦਾ ਪਖੰਡ ਦੇਖ ਕੇ ਅਸੀਂ ਸ਼ਾਇਦ ਧਰਮ ਤੋਂ ਨਫ਼ਰਤ ਕਰਨ ਲੱਗ ਪਈਏ ਅਤੇ ਉਸ ਤੋਂ ਮੂੰਹ ਮੋੜ ਲਈਏ। ਲੇਕਿਨ ਇਸ ਤਰ੍ਹਾਂ ਕਰ ਕੇ ਅਸੀਂ ਸੱਚੇ ਦਿਲੋਂ ਭਗਤੀ ਕਰਨ ਵਾਲਿਆਂ ਨੂੰ ਨਹੀਂ ਪਛਾਣ ਸਕਾਂਗੇ। ਆਪਣੇ ਆਪ ਨੂੰ ਪਖੰਡੀ ਲੋਕਾਂ ਤੋਂ ਬਚਾਉਣ ਲਈ ਜਿਹੜੀਆਂ ਦੀਵਾਰਾਂ ਅਸੀਂ ਖੜ੍ਹੀਆਂ ਕਰਦੇ ਹਾਂ, ਅਸਲ ਵਿਚ ਉਹੀ ਸਾਨੂੰ ਸੱਚੇ ਦੋਸਤਾਂ ਤੋਂ ਦੂਰ ਕਰ ਸਕਦੀਆਂ ਹਨ। ਤਾਂ ਫਿਰ ਪਖੰਡ ਬਾਰੇ ਸਾਡਾ ਰਵੱਈਆ ਸਹੀ ਅਤੇ ਸੰਤੁਲਿਤ ਹੋਣਾ ਚਾਹੀਦਾ ਹੈ।

‘ਖ਼ਬਰਦਾਰ ਰਹੋ’

ਪਹਿਲਾਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਅਸੀਂ ਪਖੰਡੀ ਲੋਕਾਂ ਨੂੰ ਕਿਵੇਂ ਪਛਾਣ ਸਕਦੇ ਹਾਂ। ਇਹ ਬਹੁਤ ਔਖਾ ਹੋ ਸਕਦਾ ਹੈ। ਇਹ ਸਬਕ ਸਿੱਖਦਿਆਂ ਇਕ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ। ਪਰਿਵਾਰ ਵਿਚ ਮਾਂ ਬਹੁਤ ਬੀਮਾਰ ਹੋ ਗਈ ਅਤੇ ਬੇਸੁਰਤੀ ਦੀ ਹਾਲਤ ਵਿਚ ਪਈ ਸੀ। ਪਰਿਵਾਰ ਨੇ ਹਸਪਤਾਲ ਦੀ ਲਾਪਰਵਾਹੀ ਕਾਰਨ ਉਸ ਵਿਰੁੱਧ ਕਾਨੂੰਨੀ ਮੁਕੱਦਮਾ ਚਲਾਉਣ ਲਈ ਇਕ ਵਕੀਲ ਰੱਖਿਆ। ਇਹ ਵਕੀਲ ਉਸ ਇਲਾਕੇ ਵਿਚ ਚਰਚ ਦਾ ਪ੍ਰਚਾਰਕ ਵੀ ਸੀ। ਹਸਪਤਾਲ ਨੂੰ 34 ਲੱਖ ਡਾਲਰ ਦੀ ਰਕਮ ਭਰਨੀ ਪਈ ਸੀ, ਪਰ ਪਰਿਵਾਰ ਦੀ ਸਮੱਸਿਆ ਹੋਰ ਵੀ ਵੱਧ ਗਈ। ਜਦੋਂ ਮਾਂ ਦੀ ਮੌਤ ਹੋ ਗਈ ਤਾਂ ਪਰਿਵਾਰ ਕੋਲ ਉਸ ਦੇ ਦਾਗ਼ਾਂ ਲਈ ਕੋਈ ਪੈਸਾ ਨਹੀਂ ਸੀ। ਪਰ ਕਿਉਂ? ਕਿਉਂਕਿ ਵਕੀਲ ਨੇ ਤਕਰੀਬਨ ਸਾਰੇ ਪੈਸੇ ਹੜੱਪ ਲਏ ਸਨ। ਇਸ ਵਕੀਲ ਬਾਰੇ ਇਕ ਕਾਨੂੰਨੀ ਰਸਾਲੇ ਨੇ ਕਿਹਾ: ‘ਜੇ ਉਹ ਉਸ ਤਰ੍ਹਾਂ ਦੀ ਸਿੱਖਿਆ ਦਿੰਦਾ ਜਿਸ ਤਰ੍ਹਾਂ ਦੇ ਉਹ ਕੰਮ ਕਰਦਾ ਸੀ, ਤਾਂ ਉਸ ਦਾ ਉਪਦੇਸ਼ ਇਹ ਹੋਣਾ ਸੀ ਕਿ ਆਓ ਆਪਾਂ ਸ਼ਿਕਾਰ ਕਰੀਏ ਨਾਂ ਕਿ ਪ੍ਰਾਰਥਨਾ ਕਰੀਏ।’ ਅਸੀਂ ਅਜਿਹੇ ਲੋਕਾਂ ਤੋਂ ਕਿਵੇਂ ਬਚ ਸਕਦੇ ਹਾਂ?

ਯਿਸੂ ਨੇ ਆਪਣੇ ਜ਼ਮਾਨੇ ਵਿਚ ਧਾਰਮਿਕ ਪਖੰਡ ਬਾਰੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ‘ਖ਼ਬਰਦਾਰ ਰਹੋ।’ (ਮੱਤੀ 16:6; ਲੂਕਾ 12:1) ਜੀ ਹਾਂ, ਸਾਨੂੰ ਵੀ ਹੁਸ਼ਿਆਰ ਰਹਿਣ ਦੀ ਜ਼ਰੂਰਤ ਹੈ। ਲੋਕ ਸ਼ਾਇਦ ਸੱਚੇ ਅਤੇ ਬੜੇ ਨੇਕਦਿਲ ਹੋਣ ਦਾ ਦਾਅਵਾ ਕਰਨ ਪਰ ਸਾਨੂੰ ਹੁਸ਼ਿਆਰ ਹੋਣ ਦੀ ਲੋੜ ਹੈ ਅਤੇ ਇਕਦਮ ਸਾਰਿਆਂ ਦਾ ਸੱਚ ਨਹੀਂ ਮੰਨਣਾ ਚਾਹੀਦਾ, ਯਾਨੀ ਜ਼ਿਆਦਾ ਭੋਲੇ ਨਹੀਂ ਬਣਨਾ ਚਾਹੀਦਾ। ਜੇ ਸਾਨੂੰ ਪਤਾ ਹੁੰਦਾ ਕਿ ਨਕਲੀ ਨੋਟ ਫੈਲਾਏ ਜਾ ਰਹੇ ਹਨ ਤਾਂ ਕੀ ਅਸੀਂ ਆਪਣੇ ਸਾਰਿਆਂ ਨੋਟਾਂ ਨੂੰ ਚੰਗੀ ਤਰ੍ਹਾਂ ਨਹੀਂ ਦੇਖਾਂਗੇ?

ਪਖੰਡੀ ਲੋਕ ਤਾਂ ਸੱਚੀ ਮਸੀਹੀ ਕਲੀਸਿਯਾ ਵਿਚ ਵੀ ਪ੍ਰਗਟ ਹੋਏ ਹਨ। ਯਿਸੂ ਦੇ ਚੇਲੇ ਯਹੂਦਾਹ ਨੇ ਇਨ੍ਹਾਂ ਬਾਰੇ ਇਹ ਕਹਿੰਦੇ ਹੋਏ ਚੇਤਾਵਨੀ ਦਿੱਤੀ ਸੀ ਕਿ “ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ। ਏਹ ਆਪਣੇ ਹੀ ਢਿੱਡ ਭਰਦੇ ਹਨ। ਏਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ” ਹਨ।—ਯਹੂਦਾਹ 12.

‘ਖ਼ਬਰਦਾਰ ਰਹਿਣ’ ਦਾ ਮਤਲਬ ਇਹ ਹੈ ਕਿ ਅਸੀਂ ਅਜਿਹੇ ਕਿਸੇ ਵੀ ਵਿਅਕਤੀ ਤੋਂ ਦੂਰ ਰਹੀਏ ਜੋ ਪ੍ਰੇਮਪੂਰਣ ਹੋਣ ਦਾ ਢੌਂਗ ਤਾਂ ਕਰਦਾ ਹੈ ਪਰ ਅਸਲ ਵਿਚ ਖ਼ੁਦਗਰਜ਼ ਹੈ ਅਤੇ ਪਰਮੇਸ਼ੁਰ ਦੇ ਬਚਨ ਤੋਂ ਉਲਟ ਆਪਣਿਆਂ ਖ਼ਿਆਲਾਂ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਸ਼ਾਂਤ ਪਾਣੀਆਂ ਹੇਠ ਇਕ ਨੋਕਦਾਰ ਪੱਥਰ ਵਾਂਗ, ਅਜਿਹਾ ਵਿਅਕਤੀ ਅਣਜਾਣ ਇਨਸਾਨ ਨੂੰ ਰੂਹਾਨੀ ਤੌਰ ਤੇ ਡੁਬੋ ਸਕਦਾ ਹੈ। (1 ਤਿਮੋਥਿਉਸ 1:19) ਹੋ ਸਕਦਾ ਹੈ ਕਿ ਪਖੰਡੀ ਵਿਅਕਤੀ ਸਾਨੂੰ ਰੂਹਾਨੀ ਤੌਰ ਤੇ ਤਾਜ਼ਗੀ ਦੇਣ ਦਾ ਵਾਅਦਾ ਕਰੇ ਪਰ ਅਸਲ ਵਿਚ ਉਹ ‘ਸੁੱਕਾ ਬੱਦਲ’ ਸਾਬਤ ਹੋਵੇ। ਧੋਖੇਬਾਜ਼ ਵਿਅਕਤੀ ਇਕ ਅਫਲ ਬਿਰਛ ਵਾਂਗ ਹੁੰਦਾ ਹੈ ਅਤੇ ਉਹ ਸੱਚੇ ਮਸੀਹੀਆਂ ਦੀ ਤਰ੍ਹਾਂ ਚੰਗੇ ਫਲ ਪੈਦਾ ਨਹੀਂ ਕਰ ਸਕਦਾ। (ਮੱਤੀ 7:15-20; ਗਲਾਤੀਆਂ 5:19-21) ਜੀ ਹਾਂ, ਸਾਨੂੰ ਅਜਿਹੇ ਧੋਖੇਬਾਜ਼ ਇਨਸਾਨਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਸਾਰਿਆਂ ਉੱਤੇ ਸ਼ੱਕ ਕਰਨਾ ਚਾਹੀਦਾ ਹੈ।

“ਦੋਸ਼ ਨਾ ਲਾਓ”

ਅਪੂਰਣ ਇਨਸਾਨਾਂ ਵਜੋਂ ਅਸੀਂ ਆਪਣੀਆਂ ਗ਼ਲਤੀਆਂ ਨੂੰ ਅਣਡਿੱਠ ਕਰ ਕੇ ਦੂਸਰਿਆਂ ਦੀਆਂ ਗ਼ਲਤੀਆਂ ਉੱਤੇ ਛੇਤੀ-ਛੇਤੀ ਉਂਗਲੀ ਉਠਾ ਲੈਂਦੇ ਹਾਂ! ਪਰ ਇਸ ਤਰ੍ਹਾਂ ਕਰ ਕੇ ਅਸੀਂ ਆਸਾਨੀ ਨਾਲ ਆਪ ਪਖੰਡੀ ਬਣ ਸਕਦੇ ਹਾਂ। ਯਿਸੂ ਨੇ ਕਿਹਾ ਸੀ: “ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।” ਸਾਨੂੰ ਇਹ ਸਲਾਹ ਮੰਨਣ ਤੋਂ ਫ਼ਾਇਦਾ ਹੋਵੇਗਾ ਕਿ “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ . . . ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ?”​—ਮੱਤੀ 7:1-5.

ਜਦੋਂ ਦੂਸਰੇ ਅਜਿਹੇ ਕੰਮ ਕਰਨ ਜੋ ਸ਼ਾਇਦ ਸਾਨੂੰ ਪਖੰਡੀ ਲੱਗਦੇ ਹਨ ਤਾਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਜਲਦਬਾਜ਼ੀ ਵਿਚ ਉਨ੍ਹਾਂ ਉੱਤੇ ਪਖੰਡੀ ਹੋਣ ਦਾ ਇਲਜ਼ਾਮ ਨਾ ਲਾਈਏ। ਮਿਸਾਲ ਲਈ, ਪਤਰਸ ਰਸੂਲ ਨੇ ਯਰੂਸ਼ਲਮ ਤੋਂ ਆਏ ਯਹੂਦੀ ਭਰਾਵਾਂ ਦੇ ਡਰ ਦੇ ਮਾਰੇ ਗ਼ੈਰ-ਯਹੂਦੀ ਸੰਗੀ ਮਸੀਹੀਆਂ ਤੋਂ ‘ਪਿਛਾਹਾਂ ਹਟ ਕੇ ਉਨ੍ਹਾਂ ਤੋਂ ਆਪਣੇ ਆਪ ਨੂੰ ਅੱਡ ਕੀਤਾ।’ ਬਰਨਬਾਸ ‘ਵੀ ਪਤਰਸ ਅਤੇ ਬਾਕੀ ਯਹੂਦੀਆਂ ਦੀ ਇਸ ਪਾਖੰਡੀ ਚਾਲ ਵਿਚ ਫਸ ਕੇ ਭਟਕ ਗਿਆ ਸੀ।’ ਪਤਰਸ ਨੇ ਇਸ ਤਰ੍ਹਾਂ ਕੀਤਾ ਭਾਵੇਂ ਕਿ ਉਸ ਨੂੰ ਗ਼ੈਰ-ਯਹੂਦੀਆਂ ਨੂੰ ਮਸੀਹੀ ਕਲੀਸਿਯਾ ਵਿਚ ਆਉਣ ਦਾ ਰਾਹ ਖੋਲ੍ਹਣ ਦਾ ਸਨਮਾਨ ਦਿੱਤਾ ਗਿਆ ਸੀ। (ਗਲਾਤੀਆਂ 2:11-14, ਪਵਿੱਤਰ ਬਾਈਬਲ ਨਵਾਂ ਅਨੁਵਾਦ; ਰਸੂਲਾਂ ਦੇ ਕਰਤੱਬ 10:24-28, 34, 35) ਪਰ ਬਰਨਬਾਸ ਅਤੇ ਪਤਰਸ ਦੀ ਇਸ ਗ਼ਲਤੀ ਨੇ ਉਨ੍ਹਾਂ ਨੂੰ ਗ੍ਰੰਥੀਆਂ ਅਤੇ ਫ਼ਰੀਸੀਆਂ ਜਾਂ ਯਹੂਦਾ ਇਸਕਰਿਯੋਤੀ ਵਾਂਗ ਨਹੀਂ ਬਣਾਇਆ ਸੀ।

“ਪ੍ਰੇਮ ਨਿਸ਼ਕਪਟ ਹੋਵੇ”

ਯਿਸੂ ਨੇ ਸਲਾਹ ਦਿੱਤੀ ਸੀ ਕਿ “ਜਦ ਤੂੰ ਦਾਨ ਕਰੇਂ ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ [ਜਾਂ, ਨਾਟਕ ਕਰਨ ਵਾਲੇ] ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਨ੍ਹਾਂ ਦੀ ਵਡਿਆਈ ਕਰਨ।” (ਮੱਤੀ 6:2) ਪੌਲੁਸ ਰਸੂਲ ਨੇ ਲਿਖਿਆ ਕਿ ਤੁਹਾਡਾ “ਪ੍ਰੇਮ ਨਿਸ਼ਕਪਟ ਹੋਵੇ।” (ਰੋਮੀਆਂ 12:9) ਉਸ ਨੇ ਨੌਜਵਾਨ ਤਿਮੋਥਿਉਸ ਨੂੰ ਉਤਸ਼ਾਹਿਤ ਕੀਤਾ ਸੀ ਕਿ ਉਹ ‘ਸ਼ੁੱਧ ਮਨ ਵਾਲਾ ਪ੍ਰੇਮ ਅਤੇ ਨਿਸ਼ਕਪਟ ਨਿਹਚਾ’ ਰੱਖੇ। (1 ਤਿਮੋਥਿਉਸ 1:5) ਜੇਕਰ ਸਾਡਾ ਪ੍ਰੇਮ ਅਤੇ ਸਾਡੀ ਨਿਹਚਾ ਸੱਚੀ ਹੈ ਅਤੇ ਅਸੀਂ ਖ਼ੁਦਗਰਜ਼ ਅਤੇ ਧੋਖੇਬਾਜ਼ ਨਹੀਂ ਹਾਂ, ਤਾਂ ਦੂਸਰੇ ਸਾਡੇ ਉੱਤੇ ਭਰੋਸਾ ਰੱਖਣਗੇ। ਅਸੀਂ ਦੂਸਰਿਆਂ ਲਈ ਤਾਕਤ ਅਤੇ ਹੌਸਲੇ ਦਾ ਅਸਲੀ ਸ੍ਰੋਤ ਹੋਵਾਂਗੇ। (ਫ਼ਿਲਿੱਪੀਆਂ 2:4; 1 ਯੂਹੰਨਾ 3:17, 18; 4:20, 21) ਅਤੇ ਇਸ ਤੋਂ ਵੱਧ ਸਾਨੂੰ ਯਹੋਵਾਹ ਦੀ ਮਨਜ਼ੂਰੀ ਮਿਲੇਗੀ।

ਦੂਸਰੇ ਪਾਸੇ, ਅਖ਼ੀਰ ਵਿਚ ਪਖੰਡੀ ਲੋਕਾਂ ਦਾ ਅੰਤ ਹੋਵੇਗਾ। ਪਖੰਡ ਦਾ ਭੇਤ ਖੁੱਲ੍ਹ ਜਾਵੇਗਾ। ਯਿਸੂ ਮਸੀਹ ਨੇ ਕਿਹਾ ਸੀ ਕਿ “ਕੋਈ ਚੀਜ ਲੁਕੀ ਨਹੀਂ ਹੈ ਜਿਹੜੀ ਪਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।” (ਮੱਤੀ 10:26; ਲੂਕਾ 12:2) ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ ਸੀ: “ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।”​—ਉਪਦੇਸ਼ਕ ਦੀ ਪੋਥੀ 12:14.

ਤਾਂ ਫਿਰ ਆਓ ਆਪਾਂ ਪਖੰਡ ਨੂੰ ਆਪਣੇ ਉੱਤੇ ਇਸ ਹੱਦ ਤਕ ਅਸਰ ਨਾ ਕਰਨ ਦੇਈਏ ਕਿ ਅਸੀਂ ਆਪਣਿਆਂ ਅਸਲੀ ਦੋਸਤਾਂ ਦੇ ਸੱਚੇ ਪਿਆਰ ਤੋਂ ਦੂਰ ਹੋ ਜਾਈਏ। ਭਾਵੇਂ ਕਿ ਅਸੀਂ ਖ਼ਬਰਦਾਰ ਰਹਾਂਗੇ ਅਸੀਂ ਸਾਰਿਆਂ ਉੱਤੇ ਹੱਦੋਂ ਵੱਧ ਸ਼ੱਕ ਨਹੀਂ ਕਰਾਂਗੇ। ਆਓ ਆਪਾਂ ਆਪਣੇ ਪ੍ਰੇਮ ਅਤੇ ਨਿਹਚਾ ਵਿਚ ਪਖੰਡੀ ਕਦੀ ਨਾ ਬਣੀਏ।​—ਯਾਕੂਬ 3:17; 1 ਪਤਰਸ 1:22.

[ਸਫ਼ੇ 22, 23 ਉੱਤੇ ਤਸਵੀਰਾਂ]

ਕੀ ਤੁਸੀਂ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਪਖੰਡ ਨੂੰ ਤੁਹਾਨੂੰ ਯਿਸੂ ਮਸੀਹ ਅਤੇ ਉਸ ਦੇ ਚੇਲਿਆਂ ਤੋਂ ਦੂਰ ਕਰ ਲੈਣ ਦਿੰਦੇ?