Skip to content

Skip to table of contents

ਨੂਹ ਦੀ ਨਿਹਚਾ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ

ਨੂਹ ਦੀ ਨਿਹਚਾ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ

ਨੂਹ ਦੀ ਨਿਹਚਾ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ

ਕੀ ਤੁਸੀਂ ਨੂਹ ਨਾਂ ਦੇ ਬੰਦੇ ਬਾਰੇ ਸੁਣਿਆ ਹੈ? ਉਹ ਪਰਮੇਸ਼ੁਰ ਦਾ ਭੈ ਕਰਦਾ ਸੀ ਅਤੇ ਉਸ ਨੇ ਜਲ-ਪਰਲੋ ਦੌਰਾਨ ਜਾਨਾਂ ਬਚਾਉਣ ਲਈ ਇਕ ਵੱਡੀ ਕਿਸ਼ਤੀ ਬਣਾਈ ਸੀ। ਭਾਵੇਂ ਕਿ ਇਹ ਕਹਾਣੀ ਬਹੁਤ ਹੀ ਪੁਰਾਣੀ ਹੈ ਲੱਖਾਂ ਹੀ ਲੋਕ ਇਸ ਬਾਰੇ ਜਾਣਦੇ ਹਨ। ਪਰ ਕਈ ਲੋਕ ਇਹ ਨਹੀਂ ਸਮਝਦੇ ਕਿ ਨੂਹ ਦੀ ਜ਼ਿੰਦਗੀ ਅੱਜ ਸਾਡੇ ਲਈ ਅਰਥ ਰੱਖਦੀ ਹੈ।

ਸਾਨੂੰ ਉਨ੍ਹਾਂ ਗੱਲਾਂ ਵਿਚ ਦਿਲਚਸਪੀ ਕਿਉਂ ਰੱਖਣੀ ਚਾਹੀਦੀ ਹੈ ਜੋ ਹਜ਼ਾਰਾਂ ਸਾਲ ਪਹਿਲਾਂ ਵਾਪਰੀਆਂ ਸਨ? ਕੀ ਨੂਹ ਦੇ ਹਾਲਾਤਾਂ ਅਤੇ ਸਾਡਿਆਂ ਹਾਲਾਤਾਂ ਵਿਚ ਕੋਈ ਸੰਬੰਧ ਹੈ? ਜੇਕਰ ਹੈ ਤਾਂ ਅਸੀਂ ਉਸ ਦੀ ਮਿਸਾਲ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ?

ਨੂਹ ਦੇ ਜ਼ਮਾਨੇ ਦਾ ਸੰਸਾਰ

ਬਾਈਬਲ ਵਿਚ ਦੱਸੀਆਂ ਤਾਰੀਖ਼ਾਂ ਅਨੁਸਾਰ ਨੂਹ ਦਾ ਜਨਮ 2970 ਸਾ.ਯੁ.ਪੂ. ਵਿਚ ਹੋਇਆ ਸੀ, ਯਾਨੀ ਆਦਮ ਦੀ ਮੌਤ ਤੋਂ 126 ਸਾਲ ਬਾਅਦ। ਨੂਹ ਦੇ ਜ਼ਮਾਨੇ ਤਕ ਧਰਤੀ ਹਿੰਸਾ ਨਾਲ ਭਰ ਚੁੱਕੀ ਸੀ ਅਤੇ ਆਦਮ ਦੀ ਸੰਤਾਨ ਵਿੱਚੋਂ ਬਹੁਤ ਸਾਰੇ ਉਸ ਦੀ ਗ਼ਲਤ ਮਿਸਾਲ ਉੱਤੇ ਚੱਲ ਰਹੇ ਸਨ। ਇਸ ਲਈ ‘ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਸੀ’।​—ਉਤਪਤ 6:5, 11, 12.

ਪਰ ਯਹੋਵਾਹ ਨੂੰ ਸਿਰਫ਼ ਇਨਸਾਨਾਂ ਦੀ ਬਗਾਵਤ ਕਾਰਨ ਹੀ ਅਫ਼ਸੋਸ ਨਹੀਂ ਸੀ। ਉਤਪਤ ਦਾ ਬਿਰਤਾਂਤ ਸਮਝਾਉਂਦਾ ਹੈ ਕਿ “[ਸੱਚੇ] ਪਰਮੇਸ਼ੁਰ ਦੇ ਪੁੱਤ੍ਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਭਈ ਓਹ ਸੋਹਣੀਆਂ ਹਨ ਤਦ ਉਨ੍ਹਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਂਆਂ ਕੀਤੀਆਂ। . . . ਉਨ੍ਹੀਂ ਦਿਨੀਂ ਧਰਤੀ ਉੱਤੇ ਦੈਂਤ [ਜਾਂ, ਨੈਫ਼ਲਿਮ] ਸਨ ਅਤੇ ਉਹ ਦੇ ਮਗਰੋਂ ਵੀ ਜਦ ਪਰਮੇਸ਼ੁਰ ਦੇ ਪੁੱਤ੍ਰ ਆਦਮੀ ਦੀਆਂ ਧੀਆਂ ਕੋਲ ਆਏ ਅਰ ਉਨ੍ਹਾਂ ਨੇ ਉਨ੍ਹਾਂ ਲਈ ਪੁੱਤ੍ਰ ਜਣੇ ਤਾਂ ਏਹ ਸੂਰਬੀਰ ਹੋਏ ਜਿਹੜੇ ਮੁੱਢੋਂ ਨਾਮੀ ਸਨ।” (ਉਤਪਤ 6:2-4) ਰਸੂਲ ਪਤਰਸ ਦੇ ਸ਼ਬਦਾਂ ਨਾਲ ਇਨ੍ਹਾਂ ਆਇਤਾਂ ਦੀ ਤੁਲਨਾ ਕਰਨ ਤੋਂ ਪਤਾ ਲੱਗਦਾ ਹੈ ਕਿ ‘ਸੱਚੇ ਪਰਮੇਸ਼ੁਰ ਦੇ ਇਹ ਪੁੱਤ੍ਰ’ ਅਣਆਗਿਆਕਾਰ ਦੂਤ ਸਨ। ਨੈਫ਼ਲਿਮ, ਸਰੀਰਕ ਰੂਪ ਧਾਰਣ ਵਾਲੇ ਦੁਸ਼ਟ ਦੂਤਾਂ ਅਤੇ ਤੀਵੀਆਂ ਦੇ ਨਾਜਾਇਜ਼ ਸੰਬੰਧਾਂ ਤੋਂ ਪੈਦਾ ਹੋਈ ਦੁਜਾਤੀ ਸੰਤਾਨ ਸੀ।​—1 ਪਤਰਸ 3:19, 20.

“ਨੈਫ਼ਲਿਮ,” ਦਾ ਮਤਲਬ “ਢਾਹੁਣ ਵਾਲੇ” ਹੈ, ਮਤਲਬ ਕਿ ਇਹ ਅਜਿਹੇ ਇਨਸਾਨ ਸਨ ਜੋ ਦੂਸਰਿਆਂ ਨੂੰ ਢਾਹੁੰਦੇ ਸਨ। ਉਹ ਦੂਸਰਿਆਂ ਉੱਤੇ ਜ਼ੁਲਮ ਕਰਦੇ ਸਨ, ਅਤੇ ਉਨ੍ਹਾਂ ਦੇ ਪਿਤਾਵਾਂ ਦੇ ਇਸ ਜਿਨਸੀ ਪਾਪ ਦੀ ਤੁਲਨਾ ਸਦੂਮ ਅਤੇ ਅਮੂਰਾਹ ਦੇ ਪਾਪਾਂ ਨਾਲ ਕੀਤੀ ਗਈ ਸੀ। (ਯਹੂਦਾਹ 6, 7) ਇਕੱਠੇ ਮਿਲ ਕੇ ਇਨ੍ਹਾਂ ਨੇ ਧਰਤੀ ਨੂੰ ਕੰਢਿਆਂ ਤਕ ਜ਼ੁਲਮ ਨਾਲ ਭਰ ਦਿੱਤਾ।

“ਆਪਣੀ ਪੀੜ੍ਹੀ ਵਿੱਚ ਸੰਪੂਰਨ”

ਦੁਸ਼ਟਤਾ ਇੰਨੀ ਵੱਧ ਗਈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਪਰ, ਬਾਈਬਲ ਦਾ ਬਿਰਤਾਂਤ ਦੱਸਦਾ ਹੈ ਕਿ “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ ਹੋਈ। . . . ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” (ਉਤਪਤ 6:8, 9) ਪਰ ਅਜਿਹੇ ਅਧਰਮੀ ਸੰਸਾਰ ਵਿਚ ਜੋ ਕਿ ਤਬਾਹ ਕੀਤੇ ਜਾਣ ਦੇ ਲਾਇਕ ਸੀ, ‘ਪਰਮੇਸ਼ੁਰ ਦੇ ਨਾਲ ਨਾਲ ਚਲਣਾ’ ਕਿਵੇਂ ਮੁਮਕਿਨ ਸੀ?

ਨੂਹ ਦਾ ਪਿਤਾ ਲਾਮਕ ਨਿਹਚਾਵਾਨ ਆਦਮੀ ਸੀ ਅਤੇ ਆਦਮ ਦਾ ਇਕ ਹਾਣੀ ਸੀ। ਨੂਹ ਨੇ ਉਸ ਤੋਂ ਜ਼ਰੂਰ ਬਹੁਤ ਕੁਝ ਸਿੱਖਿਆ ਹੋਣਾ ਸੀ। ਜਦੋਂ ਲਾਮਕ ਨੇ ਆਪਣੇ ਪੁੱਤਰ ਦਾ ਨਾਂ ਨੂਹ (ਜਿਸ ਦਾ ਅਰਥ “ਆਰਾਮ” ਜਾਂ “ਤਸੱਲੀ” ਸਮਝਿਆ ਜਾਂਦਾ ਹੈ) ਰੱਖਿਆ ਸੀ ਤਾਂ ਉਸ ਨੇ ਭਵਿੱਖਬਾਣੀ ਕੀਤੀ ਕਿ “ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਂਤ ਦੇਵੇਗਾ।” ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਪਰਮੇਸ਼ੁਰ ਨੇ ਜ਼ਮੀਨ ਤੋਂ ਆਪਣਾ ਸਰਾਪ ਹਟਾਇਆ ਸੀ।​—ਉਤਪਤ 5:29; 8:21.

ਜੇ ਮਾਪੇ ਪਰਮੇਸ਼ੁਰ ਦਾ ਭੈ ਰੱਖਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਵੀ ਰੂਹਾਨੀ ਗੱਲਾਂ ਦੀ ਕਦਰ ਕਰਨਗੇ। ਹਰੇਕ ਇਨਸਾਨ ਨੂੰ ਯਹੋਵਾਹ ਨਾਲ ਖ਼ੁਦ ਇਕ ਰਿਸ਼ਤਾ ਜੋੜਨਾ ਚਾਹੀਦਾ ਹੈ। ਨੂਹ ਪਰਮੇਸ਼ੁਰ ਬਾਰੇ ਸਿੱਖੀਆਂ ਗਈਆਂ ਗੱਲਾਂ ਕਾਰਨ ਉਸ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਇਆ। ਹਾਂ, ਨੂਹ ਨੇ ਆਪਣੀ ਜ਼ਿੰਦਗੀ ਦੌਰਾਨ ‘ਪਰਮੇਸ਼ੁਰ ਦੇ ਨਾਲ ਨਾਲ ਚੱਲਣ’ ਰਾਹੀਂ ਉਸ ਦੀ ਪ੍ਰਵਾਨਗੀ ਹਾਸਲ ਕੀਤੀ। ਜਦੋਂ ਪਰਮੇਸ਼ੁਰ ਨੇ ‘ਸਾਰੇ ਸਰੀਰਾਂ ਨੂੰ ਨਾਸ ਕਰਨ’ ਦੇ ਆਪਣੇ ਮਕਸਦ ਬਾਰੇ ਨੂਹ ਨੂੰ ਦੱਸਿਆ ਤਾਂ ਉਹ ਦੀ ਨਿਹਚਾ ਡਗਮਗਾਈ ਨਹੀਂ।​—ਉਤਪਤ 6:13, 17.

ਭਾਵੇਂ ਅਜਿਹੀ ਬਿਪਤਾ ਪਹਿਲਾਂ ਕਦੇ ਨਹੀਂ ਆਈ ਸੀ ਨੂਹ ਪੂਰਾ ਭਰੋਸਾ ਰੱਖਦਾ ਸੀ ਕਿ ਇਹ ਜ਼ਰੂਰ ਆਵੇਗੀ, ਇਸ ਲਈ ਉਸ ਨੇ ਯਹੋਵਾਹ ਦੇ ਹੁਕਮ ਨੂੰ ਮੰਨਿਆ ਕਿ “ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈਂ ਅਰ ਤੂੰ ਉਹ ਨੂੰ ਅੰਦਰੋਂ ਬਾਹਰੋਂ ਰਾਲ ਨਾਲ ਲਿੱਪੀਂ।” (ਉਤਪਤ 6:14) ਪਰਮੇਸ਼ੁਰ ਦੇ ਨਕਸ਼ੇ ਅਨੁਸਾਰ ਕਿਸ਼ਤੀ ਨੂੰ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਫਿਰ ਵੀ, ‘ਨੂਹ ਨੇ ਇਹ ਕੀਤਾ। ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਉਸ ਨੇ ਕੀਤਾ।’ ਹਾਂ, ‘ਉਸ ਨੇ ਤਿਵੇਂ ਹੀ ਕੀਤਾ।’ (ਉਤਪਤ 6:22) ਨੂਹ ਨੇ ਇਹ ਸਭ ਕੁਝ ਆਪਣੀ ਪਤਨੀ, ਆਪਣੇ ਤਿੰਨ ਪੁੱਤਰਾਂ, ਸ਼ੇਮ, ਹਾਮ ਤੇ ਯਾਫਥ, ਅਤੇ ਆਪਣੀਆਂ ਤਿੰਨ ਨੂੰਹਾਂ ਦੀ ਮਦਦ ਨਾਲ ਕੀਤਾ। ਯਹੋਵਾਹ ਨੇ ਉਨ੍ਹਾਂ ਦੀ ਨਿਹਚਾ ਕਾਰਨ ਉਨ੍ਹਾਂ ਨੂੰ ਬਰਕਤ ਦਿੱਤੀ। ਅੱਜ ਦੇ ਪਰਿਵਾਰਾਂ ਲਈ ਇਹ ਕਿੰਨੀ ਵਧੀਆ ਮਿਸਾਲ ਹੈ!

ਕਿਸ਼ਤੀ ਬਣਾਉਣ ਵਿਚ ਕੀ-ਕੀ ਸ਼ਾਮਲ ਸੀ? ਯਹੋਵਾਹ ਨੇ ਨੂਹ ਨੂੰ ਲੱਕੜ ਦਾ ਇਕ ਵੱਡਾ, ਤਿੰਨ-ਮੰਜ਼ਲਾ ਸੰਦੂਕ ਬਣਾਉਣ ਦੀਆਂ ਹਿਦਾਇਤਾਂ ਦਿੱਤੀਆਂ ਜਿਸ ਵਿਚ ਪਾਣੀ ਨਾ ਚੋ ਸਕੇ। ਇਹ ਸੰਦੂਕ, ਜਾਂ ਕਿਸ਼ਤੀ, 133 ਮੀਟਰ ਲੰਬਾ, 22 ਮੀਟਰ ਚੌੜਾ ਅਤੇ 13 ਮੀਟਰ ਉੱਚਾ ਸੀ। (ਉਤਪਤ 6:15, 16) ਇੰਨੀ ਵੱਡੀ ਕਿਸ਼ਤੀ ਅੱਜ-ਕਲ੍ਹ ਦੇ ਮਾਲ-ਬੇੜੀਆਂ ਦੇ ਬਰਾਬਰ ਸੀ।

ਇਹ ਕਿੱਡਾ ਵੱਡਾ ਕੰਮ ਸੀ! ਸੰਭਵ ਹੈ ਕਿ ਉਨ੍ਹਾਂ ਨੂੰ ਹਜ਼ਾਰਾਂ ਹੀ ਦਰਖ਼ਤ ਵੱਢ ਕੇ ਉਨ੍ਹਾਂ ਨੂੰ ਖਿੱਚ-ਧੂਹ ਕੇ ਉਸਾਰੀ ਦੀ ਜਗ੍ਹਾ ਤਕ ਲਿਜਾਣਾ ਪਿਆ ਸੀ, ਅਤੇ ਫਿਰ ਉਨ੍ਹਾਂ ਵਿੱਚੋਂ ਫੱਟੇ ਅਤੇ ਬੀਮਾਂ ਕੱਟਣੀਆਂ ਪਈਆਂ ਸਨ। ਉਨ੍ਹਾਂ ਨੂੰ ਉਸਾਰੀ ਲਈ ਮਚਾਨ ਅਤੇ ਕਿੱਲਾਂ ਜਾਂ ਮੇਖਾਂ ਬਣਾਉਣੀਆਂ ਪਈਆਂ ਸਨ। ਉਨ੍ਹਾਂ ਨੂੰ ਲੱਕੜੀ ਉੱਤੇ ਫੇਰਨ ਲਈ ਲੁੱਕ ਦਾ ਇੰਤਜ਼ਾਮ ਕਰਨਾ ਪਿਆ ਸੀ ਤਾਂਕਿ ਪਾਣੀ ਅੰਦਰ ਨਾ ਚੋ ਸਕੇ, ਅਤੇ ਉਨ੍ਹਾਂ ਨੂੰ ਡੱਬਿਆਂ ਤੇ ਸੰਦਾਂ ਦਾ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇੰਤਜ਼ਾਮ ਕਰਨਾ ਪਿਆ ਸੀ। ਇਸ ਕੰਮ ਲਈ ਸ਼ਾਇਦ ਉਨ੍ਹਾਂ ਨੂੰ ਵਪਾਰੀਆਂ ਦੇ ਸਮਾਨ ਅਤੇ ਸੇਵਾ ਲਈ ਉਨ੍ਹਾਂ ਨਾਲ ਸੌਦਾ ਕਰਨਾ ਪਿਆ ਸੀ। ਇਸ ਵਿਚ ਤਰਖਾਣ ਵਜੋਂ ਕਾਰੀਗਰੀ ਦੀ ਲੋੜ ਸੀ ਤਾਂਕਿ ਕੱਟੇ ਗਏ ਫੱਟੇ ਸਹੀ-ਸਹੀ ਜੋੜੇ ਜਾ ਸਕਣ ਅਤੇ ਇਕ ਮਜ਼ਬੂਤ ਕਿਸ਼ਤੀ ਬਣਾਈ ਜਾ ਸਕੇ। ਅਤੇ ਜ਼ਰਾ ਸੋਚੋ, ਇਹ ਉਸਾਰੀ ਦਾ ਕੰਮ ਲਗਭਗ 50 ਜਾਂ 60 ਸਾਲਾਂ ਲਈ ਜਾਰੀ ਰਿਹਾ ਸੀ!

ਉਸਾਰੀ ਤੋਂ ਬਾਅਦ ਨੂਹ ਨੇ ਚੋਖਾ ਖਾਣਾ ਅਤੇ ਚਾਰਾ ਇਕੱਠਾ ਕਰਨ ਵੱਲ ਧਿਆਨ ਦਿੱਤਾ। (ਉਤਪਤ 6:21) ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਕਿਸ਼ਤੀ ਵਿਚ ਲਿਜਾਣਾ ਪੈਣਾ ਸੀ। ਨੂਹ ਨੇ ਪਰਮੇਸ਼ੁਰ ਦੀ ਆਗਿਆ ਅਨੁਸਾਰ ਸਭ ਕੰਮ ਖ਼ਤਮ ਕੀਤਾ। (ਉਤਪਤ 6:22) ਅਤੇ ਯਹੋਵਾਹ ਦੀ ਬਰਕਤ ਕਾਰਨ ਸਭ ਕੁਝ ਸਫ਼ਲਤਾ ਨਾਲ ਪੂਰਾ ਹੋਇਆ।

“ਧਰਮ ਦਾ ਪਰਚਾਰਕ”

ਕਿਸ਼ਤੀ ਨੂੰ ਬਣਾਉਣ ਤੋਂ ਇਲਾਵਾ, ਨੂਹ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਅਤੇ ‘ਧਰਮ ਦੇ ਪਰਚਾਰਕ’ ਵਜੋਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਪਰ ਲੋਕਾਂ ਨੇ “ਕੋਈ ਧਿਆਨ ਨਹੀਂ ਦਿੱਤਾ ਜਦ ਤਕ ਪਰਲੋ ਆ ਕੇ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ।”​—2 ਪਤਰਸ 2:5. ਮੱਤੀ 24:38, 39, ਨਿ ਵ.

ਉਨ੍ਹਾਂ ਦਿਨਾਂ ਵਿਚ ਲੋਕਾਂ ਦੀ ਖ਼ਰਾਬ ਰੂਹਾਨੀ ਹਾਲਤ ਅਤੇ ਅਨੈਤਿਕਤਾ ਦੇਖ ਕੇ ਅਸੀਂ ਸਮਝ ਸਕਦੇ ਹਾਂ ਕਿ ਅਵਿਸ਼ਵਾਸੀ ਗੁਆਂਢੀਆਂ ਨੇ ਕਿਵੇਂ ਨੂਹ ਦੇ ਪਰਿਵਾਰ ਨੂੰ ਸਤਾਇਆ ਅਤੇ ਉਨ੍ਹਾਂ ਦਾ ਮਖੌਲ ਉਡਾਇਆ ਹੋਣਾ। ਲੋਕਾਂ ਨੇ ਤਾਂ ਉਨ੍ਹਾਂ ਨੂੰ ਪਾਗਲ ਸਮਝਿਆ ਹੋਣਾ ਸੀ। ਫਿਰ ਵੀ, ਨੂਹ ਰੂਹਾਨੀ ਤੌਰ ਤੇ ਆਪਣੇ ਘਰਾਣੇ ਨੂੰ ਹੌਸਲਾ ਅਤੇ ਸਹਾਰਾ ਦੇਣ ਵਿਚ ਸਫ਼ਲ ਹੋਇਆ ਸੀ, ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਨੇ ਕਦੀ ਵੀ ਅਧਰਮੀ ਸੰਸਾਰ ਦੇ ਮਗਰ ਲੱਗ ਕੇ ਹਿੰਸਕ, ਅਨੈਤਿਕ, ਅਤੇ ਅਵੱਗਿਆਕਾਰ ਕੰਮ ਨਹੀਂ ਕੀਤੇ। ਆਪਣੇ ਸ਼ਬਦਾਂ ਅਤੇ ਕੰਮਾਂ ਰਾਹੀਂ, ਜੋ ਕਿ ਉਸ ਦੀ ਨਿਹਚਾ ਦਾ ਸਬੂਤ ਸਨ, ਨੂਹ ਨੇ ਉਸ ਸਮੇਂ ਦੇ ਸੰਸਾਰ ਨੂੰ ਦੋਸ਼ੀ ਠਹਿਰਾਇਆ।​—ਇਬਰਾਨੀਆਂ 11:7.

ਜਲ-ਪਰਲੋ ਦੌਰਾਨ ਬਚਾਏ ਗਏ

ਮੀਂਹ ਆਉਣ ਤੋਂ ਥੋੜ੍ਹਾ ਚਿਰ ਪਹਿਲਾਂ ਪਰਮੇਸ਼ੁਰ ਨੇ ਨੂਹ ਨੂੰ ਪੂਰੀ ਹੋਈ ਕਿਸ਼ਤੀ ਅੰਦਰ ਜਾਣ ਦਾ ਹੁਕਮ ਦਿੱਤਾ। ਜਦੋਂ ਨੂਹ ਦਾ ਪਰਿਵਾਰ ਅਤੇ ਜਾਨਵਰ ਸਾਰੇ ਅੰਦਰ ਵੜ ਗਏ ਸਨ ਤਾਂ ‘ਯਹੋਵਾਹ ਨੇ ਉਨ੍ਹਾਂ ਨੂੰ ਅੰਦਰ ਬੰਦ ਕਰ ਦਿੱਤਾ,’ ਅਤੇ ਮਖੌਲ ਉਡਾਉਣ ਵਾਲੇ ਸਾਰੇ ਬਾਹਰ ਰਹਿ ਗਏ। ਜਦੋਂ ਜਲ-ਪਰਲੋ ਆਈ ਤਾਂ ਕਿਸ਼ਤੀ ਤੋਂ ਬਾਹਰ ਜ਼ਮੀਨ ਉੱਤੇ ਸਾਰੇ ਜੀਵ-ਜੰਤੂ ਅਤੇ ਇਨਸਾਨ, ਜਿਨ੍ਹਾਂ ਵਿਚ ਨੈਫ਼ਲਿਮ ਵੀ ਸਨ, ਤਬਾਹ ਹੋ ਗਏ। ਪਰ ਅਣਆਗਿਆਕਾਰ ਦੂਤ ਆਤਮਿਕ ਰੂਪ ਧਾਰ ਕੇ ਤਬਾਹੀ ਤੋਂ ਬਚ ਨਿਕਲੇ। ਸਿਰਫ਼ ਨੂਹ ਅਤੇ ਉਸ ਦਾ ਪਰਿਵਾਰ ਹੀ ਬਚਿਆ।​—ਉਤਪਤ 7:1-23.

ਨੂਹ ਅਤੇ ਉਸ ਦੇ ਘਰਾਣੇ ਨੇ ਇਕ ਚੰਦ ਸਾਲ ਤੇ ਦਸ ਦਿਨ ਕਿਸ਼ਤੀ ਵਿਚ ਗੁਜ਼ਾਰੇ। ਇਸ ਸਮੇਂ ਦੌਰਾਨ ਉਹ ਜਾਨਵਰਾਂ ਨੂੰ ਚਾਰਾ ਤੇ ਪਾਣੀ ਦੇਣ, ਅਤੇ ਕੂੜਾ-ਕਰਕਟ ਸਾਫ਼ ਕਰਨ ਵਿਚ ਰੁੱਝੇ ਹੋਏ ਸਨ, ਅਤੇ ਇਸ ਦੇ ਨਾਲ-ਨਾਲ ਉਹ ਸਮੇਂ ਦਾ ਹਿਸਾਬ ਵੀ ਰੱਖਦੇ ਸਨ। ਉਤਪਤ ਦੀ ਕਿਤਾਬ ਵਿਚ ਜਲ-ਪਰਲੋ ਦੇ ਹਰੇਕ ਪਹਿਲੂ ਦਾ ਸਹੀ-ਸਹੀ ਹਿਸਾਬ ਹੈ, ਠੀਕ ਜਿਵੇਂ ਇਕ ਸਮੁੰਦਰੀ ਜਹਾਜ਼ ਦੇ ਰਿਕਾਰਡ ਵਿਚ ਸਫ਼ਰ ਦੀ ਸਹੀ-ਸਹੀ ਜਾਣਕਾਰੀ ਰੱਖੀ ਜਾਂਦੀ ਹੈ।​—ਉਤਪਤ 7:11, 17, 24; 8:3-14.

ਜਦੋਂ ਨੂਹ ਆਪਣੇ ਪਰਿਵਾਰ ਨਾਲ ਕਿਸ਼ਤੀ ਵਿਚ ਸੀ, ਤਾਂ ਉਸ ਨੇ ਜ਼ਰੂਰ ਉਨ੍ਹਾਂ ਨਾਲ ਰੂਹਾਨੀ ਗੱਲਾਂ ਬਾਰੇ ਚਰਚਾ ਕਰਨ ਅਤੇ ਪਰਮੇਸ਼ੁਰ ਦਾ ਸ਼ੁਕਰ ਕਰਨ ਵਿਚ ਅਗਵਾਈ ਕੀਤੀ ਸੀ। ਜਲ-ਪਰਲੋ ਦੌਰਾਨ ਉਨ੍ਹਾਂ ਕੋਲ ਭਰੋਸੇਯੋਗ ਇਤਿਹਾਸਕ ਲਿਖਤਾਂ ਜਾਂ ਕਹਾਣੀਆਂ ਸਨ ਜਿਨ੍ਹਾਂ ਬਾਰੇ ਲਾਭਦਾਇਕ ਗੱਲਾਂ ਕਰਨ ਦੇ ਉਨ੍ਹਾਂ ਕੋਲ ਬਹੁਤ ਸਾਰੇ ਮੌਕੇ ਹੋਣੇ ਸਨ। ਇਸ ਤਰ੍ਹਾਂ ਨੂਹ ਅਤੇ ਉਸ ਦੇ ਪਰਿਵਾਰ ਨੇ ਹੀ ਜਲ-ਪਰਲੋ ਤੋਂ ਪਹਿਲਾਂ ਦਾ ਇਤਿਹਾਸ ਕਾਇਮ ਰੱਖਿਆ।

ਨੂਹ ਅਤੇ ਉਸ ਦਾ ਪਰਿਵਾਰ ਸੁੱਕੀ ਜ਼ਮੀਨ ਉੱਤੇ ਫਿਰ ਤੋਂ ਕਦਮ ਰੱਖ ਕੇ ਕਿੰਨੇ ਖ਼ੁਸ਼ ਹੋਏ ਹੋਣੇ! ਸਭ ਤੋਂ ਪਹਿਲਾਂ ਨੂਹ ਨੇ ਜਗਵੇਦੀ ਬਣਾ ਕੇ ਆਪਣੇ ਪਰਿਵਾਰ ਲਈ ਜਾਜਕ ਦਾ ਕੰਮ ਕਰਦੇ ਹੋਏ, ਉਸ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਜਿਸ ਨੇ ਉਨ੍ਹਾਂ ਨੂੰ ਬਚਾਇਆ ਸੀ।—ਉਤਪਤ 8:18-20.

“ਜਿਸ ਤਰਾਂ ਨੂਹ ਦੇ ਦਿਨ ਸਨ”

ਯਿਸੂ ਮਸੀਹ ਨੇ ਕਿਹਾ: “ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ।” (ਮੱਤੀ 24:37) ਅੱਜ ਵੀ ਮਸੀਹੀ ਧਰਮ ਦੇ ਪ੍ਰਚਾਰਕ ਹਨ ਅਤੇ ਉਹ ਲੋਕਾਂ ਨੂੰ ਤੋਬਾ ਕਰਨ ਲਈ ਉਤੇਜਿਤ ਕਰਦੇ ਹਨ। (2 ਪਤਰਸ 3:5-9) ਕਿਉਂ ਜੋ ਨੂਹ ਦੇ ਦਿਨਾਂ ਅਤੇ ਸਾਡੇ ਦਿਨਾਂ ਵਿਚ ਮੇਲ ਹੈ ਅਸੀਂ ਸ਼ਾਇਦ ਇਸ ਬਾਰੇ ਸੋਚੀਏ ਕਿ ਜਲ-ਪਰਲੋ ਤੋਂ ਪਹਿਲਾਂ ਨੂਹ ਦੇ ਮਨ ਵਿਚ ਕਿਹੜੇ-ਕਿਹੜੇ ਖ਼ਿਆਲ ਆਏ ਹੋਣੇ। ਕੀ ਉਸ ਨੇ ਕਦੀ ਇਹ ਮਹਿਸੂਸ ਕੀਤਾ ਸੀ ਕਿ ਪ੍ਰਚਾਰ ਕਰਨਾ ਬੇਕਾਰ ਸੀ? ਕੀ ਉਹ ਕਦੀ-ਕਦੀ ਬਹੁਤ ਥੱਕ ਜਾਂਦਾ ਸੀ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੀ। ਸਾਨੂੰ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਨੂਹ ਨੇ ਪਰਮੇਸ਼ੁਰ ਦੀ ਆਗਿਆ ਮੰਨੀ।

ਕੀ ਤੁਸੀਂ ਨੂਹ ਦੇ ਹਾਲਾਤਾਂ ਅਤੇ ਸਾਡੇ ਹਾਲਾਤਾਂ ਵਿਚ ਮੇਲ ਦੇਖ ਸਕਦੇ ਹੋ? ਉਸ ਨੇ ਵਿਰੋਧਤਾ ਅਤੇ ਤੰਗੀਆਂ ਦੇ ਬਾਵਜੂਦ ਯਹੋਵਾਹ ਦੀ ਆਗਿਆ ਮੰਨੀ। ਇਸੇ ਲਈ ਯਹੋਵਾਹ ਨੇ ਉਸ ਨੂੰ ਧਰਮੀ ਠਹਿਰਾਇਆ। ਨੂਹ ਦੇ ਪਰਿਵਾਰ ਨੂੰ ਇਹ ਨਹੀਂ ਸੀ ਪਤਾ ਕਿ ਪਰਮੇਸ਼ੁਰ ਜਲ-ਪਰਲੋ ਕਿਸ ਵੇਲੇ ਲਿਆਵੇਗਾ, ਪਰ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਸੀ ਕਿ ਉਹ ਆਵੇਗੀ। ਪਰਮੇਸ਼ੁਰ ਦੇ ਬਚਨ ਵਿਚ ਨਿਹਚਾ ਰੱਖਣ ਦੁਆਰਾ ਨੂਹ ਕਈਆਂ ਸਾਲਾਂ ਲਈ ਸਖ਼ਤ ਮਿਹਨਤ ਕਰ ਸਕਿਆ ਅਤੇ ਪ੍ਰਚਾਰ ਕਰਨ ਵਿਚ ਕਾਇਮ ਰਹਿ ਸਕਿਆ ਭਾਵੇਂ ਕਿ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਜੀ ਹਾਂ, ਸਾਨੂੰ ਇਹ ਦੱਸਿਆ ਜਾਂਦਾ ਹੈ ਕਿ “ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ।”​—ਇਬਰਾਨੀਆਂ 11:7.

ਨੂਹ ਨੇ ਅਜਿਹੀ ਨਿਹਚਾ ਕਿਵੇਂ ਪ੍ਰਾਪਤ ਕੀਤੀ ਸੀ? ਜ਼ਾਹਰ ਹੈ ਕਿ ਉਸ ਨੇ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਮਨਨ ਕੀਤਾ ਸੀ ਜੋ ਉਹ ਯਹੋਵਾਹ ਬਾਰੇ ਜਾਣਦਾ ਸੀ ਅਤੇ ਉਸ ਨੇ ਇਨ੍ਹਾਂ ਗੱਲਾਂ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰੀ। ਨੂਹ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨਾਲ ਗੱਲ ਜ਼ਰੂਰ ਕੀਤੀ ਹੋਣੀ ਸੀ। ਦਰਅਸਲ, ਉਹ ਯਹੋਵਾਹ ਨੂੰ ਇੰਨੀ ਡੂੰਘੀ ਤਰ੍ਹਾਂ ਜਾਣਨ ਲੱਗਾ ਕਿ ਉਹ ‘ਪਰਮੇਸ਼ੁਰ ਦੇ ਨਾਲ ਨਾਲ ਚਲਣ’ ਲੱਗਾ। ਪਰਿਵਾਰਕ ਸਿਰ ਵਜੋਂ ਨੂਹ ਨੇ ਆਪਣੇ ਘਰਾਣੇ ਲਈ ਸਮਾਂ ਕੱਢ ਕੇ ਪ੍ਰੇਮਪੂਰਣ ਤਰੀਕੇ ਵਿਚ ਉਨ੍ਹਾਂ ਦੀ ਦੇਖ-ਭਾਲ ਕੀਤੀ। ਇਸ ਵਿਚ ਉਸ ਦੀ ਪਤਨੀ, ਤਿੰਨ ਪੁੱਤਰਾਂ ਅਤੇ ਨੂੰਹਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨੀਆਂ ਵੀ ਸ਼ਾਮਲ ਸੀ।

ਨੂਹ ਵਾਂਗ, ਅੱਜ ਸੱਚੇ ਮਸੀਹੀ ਜਾਣਦੇ ਹਨ ਕਿ ਯਹੋਵਾਹ ਜਲਦੀ ਹੀ ਇਸ ਅਧਰਮੀ ਦੁਨੀਆਂ ਦਾ ਅੰਤ ਲਿਆਵੇਗਾ। ਅਸੀਂ ਇਹ ਨਹੀਂ ਜਾਣਦੇ ਕਿ ਇਹ ਕਿਸ ਦਿਨ ਜਾਂ ਵੇਲੇ ਆਵੇਗਾ ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਇਸ ‘ਧਰਮ ਦੇ ਪਰਚਾਰਕ’ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਰਨ ਦੁਆਰਾ ਸਾਡੀ ‘ਜਾਨ ਬਚ’ ਜਾਵੇਗੀ।​—ਇਬਰਾਨੀਆਂ 10:36-39.

[ਸਫ਼ੇ 29 ਉੱਤੇ ਡੱਬੀ]

ਕੀ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ?

ਮਾਨਵ-ਵਿਗਿਆਨੀਆਂ ਨੇ ਕਈ ਕਬੀਲਿਆਂ ਅਤੇ ਦੇਸ਼ਾਂ ਤੋਂ ਜਲ-ਪਰਲੋ ਬਾਰੇ ਕੁਝ 270 ਕਹਾਣੀਆਂ ਇਕੱਠੀਆਂ ਕੀਤੀਆਂ ਹਨ। ਕਲਾਉਸ ਵੈਸਟੇਮਨ ਕਹਿੰਦਾ ਹੈ ਕਿ “ਜਲ-ਪਰਲੋ ਦੀ ਕਹਾਣੀ ਸੰਸਾਰ-ਭਰ ਪਾਈ ਜਾ ਸਕਦੀ ਹੈ। ਸ੍ਰਿਸ਼ਟੀ ਦੀ ਕਹਾਣੀ ਵਾਂਗ ਇਹ ਇਕ ਮੂਲ ਸਭਿਆਚਾਰਕ ਵਿਰਾਸਤ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੇ ਹਰੇਕ ਥਾਂ ਵਿਚ ਪ੍ਰਾਚੀਨ ਜਲ-ਪਰਲੋ ਦੀਆਂ ਕਹਾਣੀਆਂ ਪਾਈਆਂ ਜਾਂਦੀਆਂ ਹਨ।” ਇਸ ਦਾ ਕੀ ਮਤਲਬ ਹੈ? ਟੀਕਾਕਾਰ ਏਨਰੀਕੋ ਗੌਲਬੀਓਟੀ ਕਹਿੰਦਾ ਹੈ: “ਕਿਉਂ ਜੋ ਵੱਖਰੇ-ਵੱਖਰੇ ਅਤੇ ਦੂਰ-ਦੂਰ ਤਕ ਖਿਲਰੇ ਹੋਏ ਲੋਕਾਂ ਵਿਚਕਾਰ ਜਲ-ਪਰਲੋ ਦੀ ਕਹਾਣੀ ਪਾਈ ਜਾਂਦੀ ਹੈ, ਇਹ ਸੰਕੇਤ ਕਰਦਾ ਹੈ ਕਿ ਇਸ ਦੀ ਬੁਨਿਆਦ ਇਕ ਇਤਿਹਾਸਕ ਅਸਲੀਅਤ ਹੈ।” ਪਰ, ਵਿਗਿਆਨੀਆਂ ਦੀ ਜਾਣਕਾਰੀ ਨਾਲੋਂ ਮਸੀਹੀਆਂ ਲਈ ਇਹ ਗੱਲ ਜ਼ਿਆਦਾ ਮਹੱਤਤਾ ਰੱਖਦੀ ਹੈ ਕਿ ਯਿਸੂ ਨੇ ਖ਼ੁਦ ਮਨੁੱਖਜਾਤੀ ਦੇ ਇਤਿਹਾਸ ਦੀ ਅਸਲੀ ਘਟਨਾ ਵਜੋਂ ਜਲ-ਪਰਲੋ ਬਾਰੇ ਗੱਲ ਕੀਤੀ ਸੀ।​—ਲੂਕਾ 17:26, 27.

[ਸਫ਼ੇ 30 ਉੱਤੇ ਡੱਬੀ]

ਮਿਥਿਹਾਸ ਦੇ ਨੈਫ਼ਲਿਮ

ਦੇਵਤਿਆਂ ਅਤੇ ਇਨਸਾਨਾਂ ਵਿਚਕਾਰ ਨਾਜਾਇਜ਼ ਸੰਬੰਧਾਂ ਦੀਆਂ ਕਹਾਣੀਆਂ, ਅਤੇ ਇਨ੍ਹਾਂ ਸੰਬੰਧਾਂ ਤੋਂ ਪੈਦਾ ਹੋਏ “ਹੀਰੋ,” ਜਾਂ “ਦੇਵਤਾ-ਸਰੂਪ ਆਦਮੀਆਂ” ਦੀਆਂ ਕਹਾਣੀਆਂ ਯੂਨਾਨੀ, ਮਿਸਰੀ, ਊਗਰਿਟਿਕ, ਹੁਰੀਅਨ, ਮਸੋਪੋਟੇਮੀ ਧਰਮ-ਸ਼ਾਸਤਰਾਂ ਵਿਚ ਆਮ ਸਨ। ਯੂਨਾਨੀ ਮਿਥਿਹਾਸ ਦੇ ਦੇਵਤਿਆਂ ਕੋਲ ਇਨਸਾਨੀ ਰੂਪ ਸਨ ਅਤੇ ਉਹ ਬਹੁਤ ਹੀ ਸੁੰਦਰ ਸਨ। ਉਹ ਖਾਂਦੇ-ਪੀਂਦੇ, ਸੌਂਦੇ, ਤੀਵੀਆਂ ਨਾਲ ਲਿੰਗੀ ਸੰਬੰਧ ਰੱਖਦੇ, ਲੜਦੇ-ਝਗੜਦੇ, ਲੋਕਾਂ ਨੂੰ ਭਰਮਾਉਂਦੇ ਅਤੇ ਬਲਾਤਕਾਰ ਕਰਦੇ ਸਨ। ਭਾਵੇਂ ਕਿ ਉਨ੍ਹਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਉਹ ਧੋਖਾ ਦਿੰਦੇ ਅਤੇ ਅਪਰਾਧ ਵੀ ਕਰਦੇ ਸਨ। ਅਕਿੱਲੀਜ਼ ਵਰਗੇ ਹੀਰੋ, ਦੇਵਤੇ ਅਤੇ ਇਨਸਾਨੀ ਰੂਪ ਵਾਲੇ ਹੁੰਦੇ ਸਨ ਜਿਨ੍ਹਾਂ ਦੀਆਂ ਵਿਸ਼ੇਸ਼ ਯੋਗਤਾਵਾਂ ਜਾਂ ਸ਼ਕਤੀਆਂ ਹੁੰਦੀਆਂ ਸਨ ਪਰ ਉਹ ਅਮਰ ਨਹੀਂ ਸਨ। ਤਾਂ ਫਿਰ, ਉਤਪਤ ਦੀ ਕਿਤਾਬ ਨੇ ਨੈਫ਼ਲਿਮ ਬਾਰੇ ਜੋ ਕਿਹਾ ਸੀ ਉਹ ਇਸ ਗੱਲ ਉੱਤੇ ਚਾਨਣ ਪਾਉਂਦੀ ਹੈ ਕਿ ਅਜਿਹੀਆਂ ਮਿਥਾਂ ਸ਼ਾਇਦ ਕਿੱਥੋਂ ਸ਼ੁਰੂ ਹੋਈਆਂ ਸਨ।