ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਸੱਪ ਨੇ ਹੱਵਾਹ ਦੇ ਮਨ ਵਿਚ ਭਲੇ ਬੁਰੇ ਦੀ ਸਿਆਣ ਦੇ ਬਿਰਛ ਸੰਬੰਧੀ ਪਰਮੇਸ਼ੁਰ ਦਾ ਹੁਕਮ ਤੋੜਨ ਦਾ ਖ਼ਿਆਲ ਕਿਵੇਂ ਪਾਇਆ ਸੀ?
ਉਤਪਤ 3:1 ਵਿਚ ਲਿਖਿਆ ਹੈ: “ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਇਸ ਬਾਰੇ ਬਹੁਤ ਸਾਰੇ ਵੱਖਰੇ-ਵੱਖਰੇ ਵਿਚਾਰ ਹਨ ਕਿ ਸੱਪ ਨੇ ਹੱਵਾਹ ਨਾਲ ਗੱਲ ਕਿਵੇਂ ਕੀਤੀ ਸੀ। ਇਕ ਵਿਚਾਰ ਇਹ ਹੈ ਕਿ ਉਸ ਨੇ ਇਸ਼ਾਰਿਆਂ ਨਾਲ ਉਸ ਨੂੰ ਸਮਝਾਇਆ ਸੀ। ਮਿਸਾਲ ਲਈ, ਅੰਗ੍ਰੇਜ਼ੀ ਪਾਦਰੀ ਜੋਸਫ਼ ਬੈਨਸਨ ਨੇ ਇਹ ਕਿਹਾ: “ਇਵੇਂ ਲੱਗਦਾ ਹੈ ਕਿ ਗੱਲ-ਬਾਤ ਇਸ਼ਾਰਿਆਂ ਦੁਆਰਾ ਹੀ ਹੋਈ ਸੀ। ਕਈਆਂ ਨੇ ਇਹ ਵੀ ਕਿਹਾ ਹੈ ਕਿ ਉਸ ਸਮੇਂ ਸੱਪਾਂ ਕੋਲ ਸੋਚਣ ਅਤੇ ਬੋਲਣ ਦੀ ਸ਼ਕਤੀ ਸੀ, . . . ਪਰ ਇਸ ਦਾ ਕੋਈ ਸਬੂਤ ਨਹੀਂ ਹੈ।”
ਪਰ ਸੱਪ ਸਿਰਫ਼ ਇਸ਼ਾਰਿਆਂ ਨਾਲ ਹੱਵਾਹ ਨੂੰ ਇਹ ਕਿਵੇਂ ਸਮਝਾ ਸਕਦਾ ਸੀ ਕਿ ਮਨ੍ਹਾ ਕੀਤਾ ਗਿਆ ਫਲ ਖਾਣ ਨਾਲ ਉਹ ਪਰਮੇਸ਼ੁਰ ਵਾਂਗ ਭਲੇ ਬੁਰੇ ਦੀ ਸਿਆਣ ਕਰ ਸਕੇਗੀ? ਇਸ ਤੋਂ ਇਲਾਵਾ, ਹੱਵਾਹ ਨੇ ਵੀ ਗੱਲ-ਬਾਤ ਵਿਚ ਹਿੱਸਾ ਲਿਆ ਸੀ ਅਤੇ ਸੱਪ ਦੇ ਸਵਾਲ ਦਾ ਜਵਾਬ ਦਿੱਤਾ ਸੀ। (ਉਤਪਤ 3:2-5) ਜੇ ਸੱਪ ਨੇ ਸਿਰਫ਼ ਇਸ਼ਾਰਿਆਂ ਨਾਲ ਹੀ ਹੱਵਾਹ ਨੂੰ ਸਮਝਾਇਆ ਸੀ ਤਾਂ ਅਸੀਂ ਸ਼ਾਇਦ ਇਸ ਸਿੱਟੇ ਤੇ ਪਹੁੰਚੀਏ ਕਿ ਹੱਵਾਹ ਨੇ ਵੀ ਉਸ ਨੂੰ ਇਸ਼ਾਰਿਆਂ ਨਾਲ ਹੀ ਜਵਾਬ ਦਿੱਤਾ ਹੋਵੇਗਾ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਹੱਵਾਹ ਨੇ ਬੋਲ ਕੇ ਜਵਾਬ ਦਿੱਤਾ ਸੀ।
ਇਸ ਘਟਨਾ ਬਾਰੇ ਗੱਲ ਕਰਦੇ ਹੋਏ, ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਇਹ ਚੇਤਾਵਨੀ ਦਿੱਤੀ: “ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ . . . ਵਿਗੜ ਜਾਣ।” ਪੌਲੁਸ ਉਸ ਖ਼ਤਰੇ ਬਾਰੇ ਗੱਲ ਕਰ ਰਿਹਾ ਸੀ ਜੋ “ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ” ਪੇਸ਼ ਕਰ ਰਹੇ ਸਨ। ਉਨ੍ਹਾਂ “ਮਹਾਨ ਰਸੂਲਾਂ” ਨੇ ਸਿਰਫ਼ ਇਸ਼ਾਰਿਆਂ ਨਾਲ ਹੀ ਨਹੀਂ ਖ਼ਤਰਾ ਪੇਸ਼ ਕੀਤਾ ਸੀ, ਸਗੋਂ ਚਲਾਕ ਗੱਲਾਂ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ।—2 ਕੁਰਿੰਥੀਆਂ 11:3-5, 13.
ਭਾਵੇਂ ਕਿ ਅਦਨ ਦੇ ਬਾਗ਼ ਵਿਚ ਕਿਸੇ ਨੇ ਬੋਲ ਕੇ ਹੱਵਾਹ ਨੂੰ ਕੁਰਾਹੇ ਪਾਇਆ ਸੀ, ਇਸ ਦਾ ਕੋਈ ਸਬੂਤ ਨਹੀਂ ਕਿ ਸੱਪ ਕੋਲ ਸੱਚ-ਮੁੱਚ ਬੋਲਣ ਦੀ ਸ਼ਕਤੀ ਸੀ। ਸੱਪ ਨੂੰ ਬੋਲਣ ਦੀ ਸ਼ਕਤੀ ਦੀ ਜ਼ਰੂਰਤ ਨਹੀਂ ਸੀ। ਜਦੋਂ ਪਰਮੇਸ਼ੁਰ ਦੇ ਦੂਤ ਨੇ ਗਧੀ ਰਾਹੀਂ ਬਿਲਆਮ ਨਾਲ ਗੱਲ ਕੀਤੀ ਸੀ, ਉਸ ਜਾਨਵਰ ਨੂੰ ਆਵਾਜ਼ ਕੱਢਣ ਲਈ ਇਨਸਾਨ ਵਰਗੀ ਘੰਡੀ (voice box) ਦੀ ਜ਼ਰੂਰਤ ਨਹੀਂ ਸੀ। (ਗਿਣਤੀ 22:26-31) ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦੋਂ ਇਹ ‘ਬੇਜ਼ੁਬਾਨ ਖੋਤੀ ਮਨੁੱਖ ਦੀ ਬੋਲੀ ਵਿੱਚ ਬੋਲੀ’ ਸੀ, ਤਾਂ ਉਸ ਨੂੰ ਪਰਮੇਸ਼ੁਰ ਤੋਂ ਸ਼ਕਤੀ ਮਿਲੀ ਸੀ।—2 ਪਤਰਸ 2:16.
ਜਿਸ ਦੂਤ ਨੇ ਸੱਪ ਰਾਹੀਂ ਹੱਵਾਹ ਨਾਲ ਗੱਲ ਕੀਤੀ ਸੀ ਬਾਈਬਲ ਉਸ ਨੂੰ “ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ” ਸੱਦਦੀ ਹੈ। (ਪਰਕਾਸ਼ ਦੀ ਪੋਥੀ 12:9) ਤਾਂ ਫਿਰ, ਜੋ ਆਵਾਜ਼ ਹੱਵਾਹ ਨੇ ਸੁਣੀ ਸੀ ਉਹ ਸ਼ਤਾਨ ਦੀ ਸੀ, ਜੋ “ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ” ਰਹਿੰਦਾ ਹੈ।—2 ਕੁਰਿੰਥੀਆਂ 11:14.
[ਸਫ਼ੇ 27 ਉੱਤੇ ਤਸਵੀਰ]
“ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ”