Skip to content

Skip to table of contents

ਪ੍ਰਾਚੀਨ ਸਿਥੀਅਨ ਲੋਕ ਕੌਣ ਸਨ?

ਪ੍ਰਾਚੀਨ ਸਿਥੀਅਨ ਲੋਕ ਕੌਣ ਸਨ?

ਪ੍ਰਾਚੀਨ ਸਿਥੀਅਨ ਲੋਕ ਕੌਣ ਸਨ?

ਇਕ ਟੱਪਰੀਵਾਸੀ ਕੌਮ ਦੀ ਘੋੜਸਵਾਰ ਫ਼ੌਜ ਧੂੜ ਉਡਾਉਂਦੀ ਹੋਈ ਲੁੱਟ ਦੇ ਮਾਲ ਨਾਲ ਲੱਦੇ ਹੋਏ ਘੋੜਿਆਂ ਉੱਤੇ ਤੇਜ਼ੀ ਨਾਲ ਚੱਲਦੀ ਆਈ। ਯੂਰਪ ਅਤੇ ਏਸ਼ੀਆਂ ਦੇ ਪੱਧਰੇ ਮੈਦਾਨਾਂ ਉੱਤੇ ਇਨ੍ਹਾਂ ਲੋਕਾਂ ਨੇ 700 ਤੋਂ 300 ਸਾ.ਯੁ.ਪੂ. ਤਕ ਰਾਜ ਕੀਤਾ। ਪਰ ਇਸ ਤੋਂ ਬਾਅਦ ਉਹ ਇਤਿਹਾਸ ਦੇ ਪੰਨਿਆਂ ਤੋਂ ਗਾਇਬ ਹੋ ਗਏ। ਫਿਰ ਵੀ ਉਹ ਉਨ੍ਹਾਂ ਉੱਤੇ ਆਪਣੀ ਮੋਹਰ ਲਾ ਕੇ ਹੀ ਗਏ। ਬਾਈਬਲ ਵਿਚ ਵੀ ਉਨ੍ਹਾਂ ਬਾਰੇ ਮਾੜਾ ਜਿਹਾ ਜ਼ਿਕਰ ਹੈ। ਇਹ ਲੋਕ ਸਿਥੀਅਨ ਕਹਾਉਂਦੇ ਸਨ।

ਸਦੀਆਂ ਤੋਂ ਟੱਪਰੀਵਾਸੀ ਲੋਕ ਅਤੇ ਜੰਗਲੀ ਘੋੜਿਆਂ ਦੇ ਝੁੰਡ, ਪੂਰਬੀ ਯੂਰਪ ਦੇ ਕਾਰਪੇਥੀਅਨ ਪਹਾੜਾਂ ਤੋਂ ਲੈ ਕੇ ਰੂਸ ਦੇ ਦੱਖਣ-ਪੂਰਬ ਪਾਸੇ ਦੇ ਪੱਧਰੇ ਮੈਦਾਨਾਂ ਤਕ ਘੁੰਮਦੇ-ਫਿਰਦੇ ਹੁੰਦੇ ਸਨ। ਫਿਰ ਅੱਠਵੀਂ ਸਦੀ ਸਾ.ਯੁ.ਪੂ. ਤਕ ਉਹ ਪੱਛਮ ਵੱਲ ਪਰਵਾਸ ਕਰਨ ਲੱਗ ਪਏ ਕਿਉਂਕਿ ਚੀਨ ਦੇ ਬਾਦਸ਼ਾਹ ਸ਼ੁਆਨ ਨੇ ਉਨ੍ਹਾਂ ਉੱਤੇ ਫ਼ੌਜੀ ਹਮਲੇ ਕੀਤੇ ਸਨ। ਪੱਛਮ ਵੱਲ ਜਾਂਦੇ ਹੋਏ ਸਿਥੀਅਨਾਂ ਨੇ ਸਮੇਰੀਆਨਾਂ ਨਾਲ ਲੜ ਕੇ ਉਨ੍ਹਾਂ ਨੂੰ ਦੇਸ਼ੋਂ ਕੱਢ ਦਿੱਤਾ। ਸਮੇਰੀਆਨ ਲੋਕ ਕਾਕੇਸ਼ਸ ਅਤੇ ਕਾਲੇ ਸਾਗਰ ਦੇ ਉੱਤਰੀ ਇਲਾਕੇ ਵਿਚ ਰਹਿੰਦੇ ਹੁੰਦੇ ਸਨ।

ਧਨ-ਦੌਲਤ ਦੀ ਤਲਾਸ਼ ਵਿਚ ਸਿਥੀਅਨਾਂ ਨੇ ਅੱਸ਼ੂਰ ਦੇਸ਼ ਦੀ ਰਾਜਧਾਨੀ ਨੀਨਵਾਹ ਦੀ ਖੂਬ ਲੁੱਟਮਾਰ ਕੀਤੀ। ਬਾਅਦ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਅੱਸ਼ੂਰ ਦੇਸ਼ ਦੇ ਦੋਸਤ ਬਣਾ ਲਿਆ ਤਾਂਕਿ ਉਹ ਮਾਦੀਆਂ, ਬਾਬਲੀਆਂ, ਅਤੇ ਹੋਰਨਾਂ ਦੇਸ਼ਾਂ ਨਾਲ ਲੜ ਸਕਣ। ਉਨ੍ਹਾਂ ਦੇ ਹਮਲੇ ਉੱਤਰੀ ਮਿਸਰ ਤਕ ਵੀ ਪਹੁੰਚੇ ਸਨ। ਸਿਥੀਅਨ ਲੋਕ ਸ਼ਾਇਦ ਇਸਰਾਈਲ ਦੇ ਉੱਤਰ-ਪੂਰਬੀ ਇਲਾਕੇ ਤਕ ਵੀ ਪਹੁੰਚੇ ਹੋਣ। ਇਸ ਦਾ ਜ਼ਿਕਰ ਸਾਨੂੰ ਇਸ ਅਸਲੀਅਤ ਤੋਂ ਮਿਲਦਾ ਹੈ ਕਿ ਉਸ ਇਲਾਕੇ ਵਿਚ ਬੈਤ-ਸ਼ਾਨ ਸ਼ਹਿਰ ਦਾ ਨਾਂ ਬਾਅਦ ਵਿਚ ਸਿਥੀਓਪਲਿਸ ਰੱਖਿਆ ਗਿਆ ਸੀ।—1 ਸਮੂਏਲ 31:11, 12.

ਸਮੇਂ ਦੇ ਬੀਤਣ ਨਾਲ ਸਿਥੀਅਨ ਲੋਕ ਉਨ੍ਹਾਂ ਪੱਧਰੇ ਮੈਦਾਨਾਂ ਵਿਚ ਵਸਣ ਲੱਗ ਪਏ ਜਿਨ੍ਹਾਂ ਨੂੰ ਅੱਜਕਲ੍ਹ ਰੋਮਾਨੀਆ, ਮੌਲਡੋਵਾ, ਯੂਕਰੇਨ, ਅਤੇ ਦੱਖਣੀ ਰੂਸ ਸੱਦਿਆ ਜਾਂਦਾ ਹੈ। ਉੱਥੇ ਉਹ ਦਲਾਲਾਂ ਵਜੋਂ ਅਮੀਰ ਬਣਨ ਲੱਗ ਪਏ। ਜਿਸ ਇਲਾਕੇ ਨੂੰ ਅੱਜਕਲ੍ਹ ਯੂਕਰੇਨ ਅਤੇ ਦੱਖਣੀ ਰੂਸ ਸੱਦਿਆ ਜਾਂਦਾ ਹੈ, ਉਸ ਇਲਾਕੇ ਦੇ ਕਿਸਾਨਾਂ ਅਤੇ ਯੂਨਾਨੀਆਂ ਵਿਚਕਾਰ ਉਹ ਸੌਦੇਬਾਜ਼ੀ ਕਰਨ ਲੱਗ ਪਏ। ਸਿਥੀਅਨ ਲੋਕ ਅਨਾਜ, ਸ਼ਹਿਦ, ਖੱਲ, ਅਤੇ ਪਸ਼ੂਆਂ ਦੇ ਵੱਟੇ ਯੂਨਾਨੀ ਸ਼ਰਾਬ, ਕੱਪੜੇ, ਹਥਿਆਰ, ਅਤੇ ਕਲਾ-ਕਿਰਤਾਂ ਲੈਣ ਲੱਗ ਪਏ। ਇਸ ਤਰ੍ਹਾਂ ਉਹ ਬਹੁਤ ਹੀ ਅਮੀਰ ਬਣਦੇ ਗਏ।

ਰੋਹਬਦਾਰ ਘੋੜਸਵਾਰ

ਰੇਗਿਸਤਾਨ ਵਿਚ ਰਹਿਣ ਵਾਲੇ ਲੋਕਾਂ ਲਈ ਜਿਵੇਂ ਊਠ ਹੈ ਉਸੇ ਤਰ੍ਹਾਂ ਇਨ੍ਹਾਂ ਟੱਪਰਵਾਸੀ ਸੂਰਬੀਰਾਂ ਲਈ ਘੋੜੇ ਹੁੰਦੇ ਸਨ। ਸਿਥੀਅਨ ਲੋਕ ਬੜੇ ਸ਼ਾਨਦਾਰ ਘੋੜਸਵਾਰ ਹੁੰਦੇ ਸਨ ਅਤੇ ਘੋੜੇ ਉੱਤੇ ਕਾਠੀ ਅਤੇ ਰਕਾਬ ਪਾਉਣ ਵਿਚ ਇਹ ਪਹਿਲਿਆਂ ਲੋਕਾਂ ਵਿਚ ਗਿਣੇ ਜਾਂਦੇ ਹਨ। ਉਹ ਘੋੜੇ ਦਾ ਮਾਸ ਖਾਂਦੇ ਸਨ ਅਤੇ ਘੋੜੀਆਂ ਦਾ ਦੁੱਧ ਪੀਂਦੇ ਸਨ। ਦਰਅਸਲ ਉਹ ਘੋੜਿਆਂ ਦੀਆਂ ਬਲੀਆਂ ਚੜ੍ਹਾਇਆ ਕਰਦੇ ਹੁੰਦੇ ਸਨ। ਜਦ ਕਿਸੇ ਸਿਥੀਅਨ ਸੂਰਬੀਰ ਦੀ ਮੌਤ ਹੁੰਦੀ ਸੀ ਤਾਂ ਉਸ ਦੇ ਘੋੜੇ ਨੂੰ ਮਾਰ ਕੇ ਆਪਣੇ ਸਾਜ਼-ਸਾਮਾਨ ਸਣੇ ਦਫ਼ਨਾਇਆ ਜਾਂਦਾ ਸੀ।

ਇਤਿਹਾਸਕਾਰ ਹੈਰੋਡੋਟਸ ਨੇ ਦੱਸਿਆ ਹੈ ਕਿ ਸਿਥੀਅਨ ਲੋਕ ਦੂਜਿਆਂ ਦੇ ਕਸ਼ਟ ਵਿੱਚੋਂ ਸੁਆਦ ਲੈਂਦੇ ਸਨ। ਉਨ੍ਹਾਂ ਦਾ ਰਿਵਾਜ ਸੀ ਕਿ ਪਿਆਲਿਆਂ ਦੀ ਜਗ੍ਹਾ ਉਹ ਆਪਣੇ ਦੁਸ਼ਮਣਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਖੋਪਰੀਆਂ ਵਿੱਚੋਂ ਪੀਂਦੇ ਸਨ। ਉਹ ਆਪਣੇ ਦੁਸ਼ਮਣਾਂ ਉੱਤੇ ਲੋਹੇ ਦੀਆਂ ਤਲਵਾਰਾਂ, ਕੁਹਾੜਿਆਂ, ਅਤੇ ਬਰਛਿਆਂ ਨਾਲ ਹਮਲਾ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੀ ਚਮੜੀ ਨੂੰ ਚੀਰਨ ਵਾਸਤੇ ਕੰਡੇਦਾਰ ਤੀਰ ਵਰਤਦੇ ਸਨ।

ਕਬਰਾਂ ਵਿਚ ਸਦੀਵਤਾ ਲਈ ਸਾਜ਼-ਸਾਮਾਨ

ਸਿਥੀਅਨ ਲੋਕ ਦਵਾ-ਦਾਰੂ ਵਰਤਦੇ ਅਤੇ ਜਾਦੂ-ਟੂਣਾ ਕਰਦੇ ਹੁੰਦੇ ਸਨ ਅਤੇ ਅਗਨੀ ਤੇ ਦੇਵੀ ਮਾਤਾ ਦੀ ਪੂਜਾ ਕਰਦੇ ਹੁੰਦੇ ਸਨ। (ਬਿਵਸਥਾ ਸਾਰ 18:10-12) ਉਨ੍ਹਾਂ ਦੇ ਭਾਣੇ ਕਬਰ ਮੁਰਦਿਆਂ ਦੇ ਰਹਿਣ ਦੀ ਜਗ੍ਹਾ ਸੀ। ਗ਼ੁਲਾਮਾਂ ਅਤੇ ਪਸ਼ੂਆਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ ਤਾਂਕਿ ਉਹ ਆਪਣੇ ਮੋਏ ਹੋਏ ਮਾਲਕ ਦੇ ਕੰਮ ਆਉਣ। ਖ਼ਜ਼ਾਨੇ ਅਤੇ ਘਰ ਦੇ ਨੌਕਰ-ਚਾਕਰ ਕਬੀਲੇ ਦੇ ਚੌਧਰੀ ਨਾਲ ਮਾਨੋ “ਅਗਲੀ ਦੁਨੀਆਂ” ਨੂੰ ਜਾਂਦੇ ਸਨ। ਇਕ ਸ਼ਾਹੀ ਕਬਰ ਵਿਚ ਪੰਜ ਨੌਕਰ ਲੱਭੇ ਗਏ ਜਿਨ੍ਹਾਂ ਦੇ ਪੈਰ ਆਪਣੇ ਮਾਲਕ ਵੱਲ ਸਨ ਤਾਂਕਿ ਉਹ ਉੱਠ ਕੇ ਆਪਣੇ ਮਾਲਕ ਦੀ ਸੇਵਾ ਫਿਰ ਤੋਂ ਕਰਨ ਲੱਗ ਪੈਣ।

ਹਾਕਮਾਂ ਨੂੰ ਵੱਡੇ-ਵੱਡੇ ਚੜ੍ਹਾਵਿਆਂ ਨਾਲ ਦਫ਼ਨਾਇਆ ਜਾਂਦਾ ਸੀ, ਅਤੇ ਸੋਗ ਦੇ ਸਮੇਂ ਦੌਰਾਨ ਸਿਥੀਅਨ ਲੋਕ ਆਪਣੇ ਆਪ ਨੂੰ ਚੀਰ ਕੇ ਲਹੂ ਵਹਾਉਂਦੇ ਸਨ ਅਤੇ ਆਪਣੇ ਵਾਲ ਕੱਟਦੇ ਸਨ। ਹੈਰੋਡੋਟਸ ਨੇ ਲਿਖਿਆ: “ਉਹ ਆਪਣੇ ਕੰਨ ਦਾ ਹਿੱਸਾ ਕੱਟਦੇ ਹਨ, ਆਪਣੇ ਸਿਰਾਂ ਦੀ ਹਜਾਮਤ ਕਰਦੇ ਹਨ, ਆਪਣੀਆਂ ਬਾਹਾਂ ਚੀਰਦੇ ਹਨ, ਆਪਣੇ ਮੱਥੇ ਅਤੇ ਨੱਕ ਪਾੜਦੇ ਸਨ, ਅਤੇ ਤੀਰਾਂ ਨਾਲ ਆਪਣੇ ਖੱਬੇ ਹੱਥ ਵਿੰਨ੍ਹਦੇ ਸਨ।” ਇਸ ਤੋਂ ਉਲਟ ਉਸੇ ਜ਼ਮਾਨੇ ਵਿਚ ਇਸਰਾਏਲੀਆਂ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਵਿਚ ਕਿਹਾ ਗਿਆ ਸੀ: “ਤੁਸਾਂ ਕਿਸੇ ਦੇ ਮਰਨ ਉੱਤੇ ਆਪਣਿਆਂ ਸਰੀਰਾਂ ਨੂੰ ਨਾ ਚੀਰਨਾ।”—ਲੇਵੀਆਂ 19:28.

ਸਿਥੀਅਨ ਲੋਕਾਂ ਦੇ ਦਿਨਾਂ ਤੋਂ ਬੇਸ਼ੁਮਾਰ ਟਿੱਲਿਆਂ ਵਰਗੀਆਂ ਕਬਰਾਂ ਅੱਜ ਮੌਜੂਦ ਹਨ, ਜਿਨ੍ਹਾਂ ਨੂੰ ਕਰਗਨ ਸੱਦਿਆ ਜਾਂਦਾ ਹੈ। ਇਨ੍ਹਾਂ ਕਬਰਾਂ ਵਿੱਚੋਂ ਲੱਭੀਆਂ ਗਈਆਂ ਚੀਜ਼ਾਂ ਤੋਂ ਸਿਥੀਅਨਾਂ ਦੀ ਰੋਜ਼ਾਨਾ ਜ਼ਿੰਦਗੀ ਬਾਰੇ ਪਤਾ ਲੱਗਦਾ ਹੈ। ਰੂਸੀ ਬਾਦਸ਼ਾਹ ਪੀਟਰ ਮਹਾਨ ਨੇ 1715 ਵਿਚ ਅਜਿਹੀਆਂ ਚੀਜ਼ਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ, ਅਤੇ ਇਹ ਲਿਸ਼ਕਦੀਆਂ ਚੀਜ਼ਾਂ ਤੁਸੀਂ ਅੱਜ ਰੂਸ ਅਤੇ ਯੂਕਰੇਨ ਦੇ ਮਿਊਜ਼ੀਅਮਾਂ ਵਿਚ ਦੇਖ ਸਕਦੇ ਹੋ। ਇਨ੍ਹਾਂ ਕਲਾ-ਕਿਰਤ ਬੁੱਤਾਂ ਵਿਚ ਹਨ ਘੋੜੇ, ਉਕਾਬ, ਬਾਜ਼, ਬਿੱਲੀਆਂ, ਚੀਤੇ, ਬਾਰਾਂਸਿੰਗੇ, ਹਿਰਨ, ਪੰਛੀ ਅਤੇ ਸ਼ੇਰ ਗ੍ਰਿਫਨ (ਉਕਾਬ ਵਰਗੇ ਸਿਰ ਤੇ ਖੰਭਾਂ ਅਤੇ ਸ਼ੇਰ ਵਰਗੇ ਧੜ ਵਾਲਾ ਕਲਪਿਤ ਜਾਨਵਰ)।

ਸਿਥੀਅਨ ਲੋਕ ਅਤੇ ਬਾਈਬਲ

ਬਾਈਬਲ ਵਿਚ ਸਿਥੀਅਨਾਂ ਬਾਰੇ ਸਿਰਫ਼ ਇੱਕੋ ਵਾਰ ਗੱਲ ਕੀਤੀ ਗਈ ਹੈ। ਕੁਲੁੱਸੀਆਂ 3:11 ਵਿਚ ਅਸੀਂ ਪੜ੍ਹਦੇ ਹਾਂ: “ਉੱਥੇ ਯੂਨਾਨੀ ਅਤੇ ਯਹੂਦੀ, ਸੁੰਨਤੀ ਅਤੇ ਅਸੁੰਨਤੀ, ਵਹਿਸ਼ੀ ਅਤੇ ਸਕੂਥੀ [ਸਿਥੀਅਨ], ਗੁਲਾਮ ਅਤੇ ਅਜ਼ਾਦ, ਕੋਈ ਵੀ ਨਹੀਂ ਹੋ ਸੱਕਦਾ ਪਰ ਮਸੀਹ ਸੱਭੋ ਕੁਝ ਅਤੇ ਸਭਨਾਂ ਵਿੱਚ ਹੈ।” ਪੌਲੁਸ ਰਸੂਲ ਨੇ ਜਦੋਂ ਇਹ ਲਿਖਿਆ ਸੀ ਤਾਂ ਯੂਨਾਨੀ ਭਾਸ਼ਾ ਵਿਚ ‘ਸਿਥੀਅਨ’ ਦਾ ਮਤਲਬ ਕੋਈ ਖ਼ਾਸ ਕੌਮ ਨਹੀਂ, ਪਰ ਕੋਈ ਜੰਗਲੀ ਕੌਮ ਸੀ। ਇੱਥੇ ਪੌਲੁਸ ਕਹਿ ਰਿਹਾ ਸੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਅਜਿਹੇ ਜੰਗਲੀ ਲੋਕ ਵੀ ਨਵੀਂ ਇਨਸਾਨੀਅਤ ਨੂੰ ਪਹਿਨ ਸਕਦੇ ਸਨ।​—ਕੁਲੁੱਸੀਆਂ 3:9, 10.

ਪੁਰਾਣੀਆਂ ਲੱਭਤਾਂ ਦੇ ਕੁਝ ਵਿਗਿਆਨੀ ਮੰਨਦੇ ਹਨ ਕਿ ਯਿਰਮਿਯਾਹ 51:27 ਵਿਚ ਅਸ਼ਕਨਜ਼ ਦਾ ਨਾਂ ਅੱਸ਼ੂਰੀ ਆਸ਼ਗੂਜ਼ੇ ਦੇ ਸਮਾਨ ਹੈ, ਜੋ ਨਾਂ ਸਿਥੀਅਨ ਲੋਕਾਂ ਲਈ ਵਰਤਿਆ ਜਾਂਦਾ ਸੀ। ਫਾਨਾ-ਨੁਮਾ ਲਿਖਾਈ ਦੇ ਸ਼ਿਲਾ-ਲੇਖ ਸਿਥੀਅਨਾਂ ਅਤੇ ਅਰਮੀਨੀ ਲੋਕਾਂ ਦਰਮਿਆਨ ਮਿੱਤਰਤਾ ਬਾਰੇ ਦੱਸਦੇ ਹਨ ਜਦ ਉਨ੍ਹਾਂ ਨੇ ਮਿਲ ਕੇ ਸੱਤਵੀਂ ਸਦੀ ਸਾ.ਯੁ.ਪੂ. ਵਿਚ ਅੱਸ਼ੂਰ ਖ਼ਿਲਾਫ਼ ਬਗਾਵਤ ਕੀਤੀ ਸੀ। ਯਿਰਮਿਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਉੱਤਰ ਤੋਂ ਯਹੂਦਾਹ ਉੱਤੇ ਹਮਲਾ ਹੋਵੇਗਾ। ਯਿਰਮਿਯਾਹ ਦੇ ਭਵਿੱਖਬਾਣੀ ਕਰਨ ਤੋਂ ਥੋੜੀ ਦੇਰ ਪਹਿਲਾਂ ਸਿਥੀਅਨ ਲੋਕ ਮਿਸਰ ਨੂੰ ਆਉਂਦੇ-ਜਾਂਦੇ ਹੋਏ ਯਹੂਦਾਹ ਦੇ ਦੇਸ਼ ਲਾਗਿਓਂ ਬਿਨਾਂ ਕੁਝ ਕੀਤੇ ਲੰਘਦੇ ਰਹਿੰਦੇ ਸਨ। ਇਸ ਕਰਕੇ ਕਈ ਜਿਨ੍ਹਾਂ ਨੇ ਯਿਰਮਿਯਾਹ ਦੀ ਭਵਿੱਖਬਾਣੀ ਸੁਣੀ ਸੀ, ਉਸ ਦੀ ਗੱਲ ਉੱਤੇ ਸ਼ੱਕ ਕਰਨ ਲੱਗ ਪਏ ਸਨ।​—ਯਿਰਮਿਯਾਹ 1:13-15.

ਕੁਝ ਵਿਦਵਾਨਾਂ ਅਨੁਸਾਰ ਯਿਰਮਿਯਾਹ 50:42 ਵਿਚ ਸਿਥੀਅਨਾਂ ਦਾ ਜ਼ਿਕਰ ਹੈ ਜਿੱਥੇ ਲਿਖਿਆ ਹੈ: “ਓਹਨਾਂ ਧਣੁਖ ਅਤੇ ਭਾਲਾ ਫੜਿਆ ਹੈ, ਓਹ ਬੇਤਰਸ ਹਨ, ਓਹਨਾਂ ਵਿੱਚ ਰਹਮ ਨਹੀਂ, ਓਹਨਾਂ ਦੀ ਅਵਾਜ਼ ਸਮੁੰਦਰ ਵਾਂਙੁ ਗੱਜਦੀ ਹੈ, ਓਹ ਘੋੜਿਆਂ ਉੱਤੇ ਅਸਵਾਰ ਹਨ, ਓਹ ਲੜਾਈ ਲਈ ਇੱਕ ਮਨੁੱਖ ਵਾਂਙੁ ਪਾਲਾਂ ਬੰਨ੍ਹਦੇ ਹਨ, ਹੇ ਬਾਬਲ ਦੀਏ ਧੀਏ, ਤੇਰੇ ਵਿਰੁੱਧ!” ਪਰ ਇਹ ਆਇਤ ਮੂਲ ਰੂਪ ਵਿਚ ਮਾਦੀਆਂ ਅਤੇ ਫ਼ਾਰਸੀਆਂ ਉੱਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ 539 ਸਾ.ਯੁ.ਪੂ. ਵਿਚ ਬਾਬਲ ਨੂੰ ਜਿੱਤਿਆ ਸੀ।

ਇਸ ਤਰ੍ਹਾਂ ਵੀ ਕਿਹਾ ਗਿਆ ਹੈ ਕਿ ਹਿਜ਼ਕੀਏਲ ਦੇ 38ਵੇਂ ਅਤੇ 39ਵੇਂ ਅਧਿਆਵਾਂ ਵਿਚ “ਮਾਗੋਗ ਦੀ ਧਰਤੀ” ਦਾ ਮਤਲਬ ਸਿਥੀਆ ਦੇ ਕਬੀਲੇ ਹਨ। ਪਰ ਅਸੀਂ ਜਾਣਦੇ ਹਾਂ ਕਿ “ਮਾਗੋਗ ਦੀ ਧਰਤੀ” ਦਾ ਇਕ ਪ੍ਰਤੀਕਾਤਮਕ ਮਤਲਬ ਹੈ, ਯਾਨੀ ਧਰਤੀ ਦਾ ਉਹ ਇਲਾਕਾ ਜਿੱਥੇ ਸ਼ਤਾਨ ਅਤੇ ਉਸ ਦੇ ਦੂਤ ਸਵਰਗ ਵਿਚ ਜੰਗ ਕਰਨ ਤੋਂ ਬਾਅਦ ਸੁੱਟੇ ਗਏ ਸਨ।​—ਪਰਕਾਸ਼ ਦੀ ਪੋਥੀ 12:7-17.

ਸਿਥੀਅਨ ਲੋਕਾਂ ਨੇ ਨਹੂਮ ਦੀ ਭਵਿੱਖਬਾਣੀ ਪੂਰੀ ਕਰਨ ਵਿਚ ਹਿੱਸਾ ਲਿਆ ਸੀ ਜਦ ਉਸ ਨੇ ਨੀਨਵਾਹ ਦੀ ਹਾਰ ਬਾਰੇ ਦੱਸਿਆ ਸੀ। (ਨਹੂਮ 1:1, 14) ਕਸਦੀ, ਸਿਥੀਅਨ, ਅਤੇ ਮਾਦੀ ਲੋਕਾਂ ਨੇ 632 ਸਾ.ਯੁ.ਪੂ. ਵਿਚ ਨੀਨਵਾਹ ਨੂੰ ਲੁੱਟ ਕੇ ਉਜਾੜ ਕਰ ਦਿੱਤਾ ਸੀ ਜਿਸ ਕਰਕੇ ਅੱਸ਼ੂਰ ਦਾ ਸਾਮਰਾਜ ਬਰਬਾਦ ਹੋਇਆ।

ਸਿਥੀਅਨ ਲੋਕਾਂ ਦਾ ਕੀ ਬਣਿਆ

ਅੱਜ ਸਿਥੀਅਨ ਲੋਕ ਨਹੀਂ ਰਹੇ, ਪਰ ਕਿਉਂ? ਇਕ ਮੰਨਿਆ-ਪ੍ਰਮੰਨਿਆ ਯੂਕਰੇਨੀ ਵਿਗਿਆਨੀ ਕਹਿੰਦਾ ਹੈ ਕਿ “ਸੱਚ ਤਾਂ ਇਹ ਹੈ ਕਿ ਅਸੀਂ ਨਹੀਂ ਜਾਣਦੇ ਉਨ੍ਹਾਂ ਦਾ ਕੀ ਬਣਿਆ।” ਕੁਝ ਵਿਦਵਾਨਾਂ ਅਨੁਸਾਰ ਅਮੀਰੀ ਨੇ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੱਤਾ ਜਿਸ ਕਰਕੇ ਉਹ ਪਹਿਲੀ ਅਤੇ ਦੂਜੀ ਸਦੀ ਸਾ.ਯੁ.ਪੂ. ਵਿਚ ਏਸ਼ੀਆ ਤੋਂ ਆਏ ਸਾਰਮੇਸ਼ੀ ਨਾਮਕ ਨਵੇਂ ਟੱਪਰੀਵਾਸੀਆਂ ਦੇ ਸ਼ਿਕਾਰ ਬਣ ਗਏ ਸਨ।

ਦੂਸਰੇ ਵਿਦਵਾਨ ਮੰਨਦੇ ਹਨ ਕਿ ਸਿਥੀਅਨਾਂ ਦੇ ਕਬੀਲਿਆਂ ਵਿਚ ਆਪਸੀ ਲੜਾਈ-ਝਗੜਿਆਂ ਕਰਕੇ ਉਹ ਖ਼ਤਮ ਹੋ ਗਏ ਸਨ। ਅਤੇ ਕੁਝ ਹੋਰ ਵਿਦਵਾਨ ਕਹਿੰਦੇ ਹਨ ਕਿ ਸਿਥੀਅਨਾਂ ਦਾ ਬਕੀਆ ਅੱਜ ਕਾਕੇਸ਼ਸ ਦੇ ਇਲਾਕੇ ਦੇ ਓਸੀਸ਼ੀ ਲੋਕਾਂ ਵਿਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨਾਲ ਭਾਵੇਂ ਜੋ ਮਰਜ਼ੀ ਹੋਇਆ, ਅਸੀਂ ਇਕ ਗੱਲ ਅੱਜ ਜਾਣਦੇ ਹਾਂ ਕਿ ਉਨ੍ਹਾਂ ਨੇ ਇਤਹਾਸ ਦੇ ਪੰਨਿਆਂ ਤੇ ਅਜਿਹੀ ਮੋਹਰ ਲਾਈ ਹੈ ਜਿਸ ਨੇ ਉਨ੍ਹਾਂ ਦੇ ਨਾਂ ਦਾ ਮਤਲਬ ਬੇਰਹਿਮੀ ਅਤੇ ਕਠੋਰਤਾ ਦੇ ਸਮਾਨ ਬਣਾ ਦਿੱਤਾ ਹੈ।

[ਸਫ਼ੇ 24 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

◻ ਪੁਰਾਣਾ ਸ਼ਹਿਰ

• ਨਵਾਂ ਸ਼ਹਿਰ

ਡੈਨਿਊਬ

ਸਿਥੀਆ ← ਪਰਵਾਸ ਦਾ ਰਾਹ

• ਕੀਐਵ

ਨੀਪਰ

ਨੀਸਤਰ

ਕਾਲਾ ਸਾਗਰ

ਔਸੇਸ਼ਿਆ

ਕਾਕੇਸ਼ਨ ਪਹਾੜ

ਕੈਸਪੀਅਨ ਸਾਗਰ

ਅੱਸ਼ੂਰ ← ਹਮਲਿਆਂ ਦਾ ਰਾਹ

◻ ਨੀਨਵਾਹ

ਟਾਈਗ੍ਰਿਸ

ਮਾਦੀ ← ਹਮਲਿਆਂ ਦਾ ਰਾਹ

ਮੇਸੋਪੋਟੇਮੀਆ

ਬੈਬੀਲੋਨੀਆ ← ਹਮਲਿਆਂ ਦਾ ਰਾਹ

◻ ਬਾਬਲ

ਫਰਾਤ

ਫ਼ਾਰਸੀ ਸਾਮਰਾਜ

◻ ਸੂਸਾ

ਫ਼ਾਰਸੀ ਖਾੜੀ

ਫਲਸਤੀਨ

• ਬੈਤ-ਸ਼ਾਨ (ਸਿਥੀਓਪਲਿਸ)

ਮਿਸਰ ← ਹਮਲਿਆਂ ਦਾ ਰਾਹ

ਨੀਲ

ਭੂਮੱਧ ਸਾਗਰ

ਯੂਨਾਨ

[ਸਫ਼ੇ 25 ਉੱਤੇ ਤਸਵੀਰਾਂ]

ਸਿਥੀਅਨ ਯੋਧੇ ਲੋਕ ਸਨ

[ਕ੍ਰੈਡਿਟ ਲਾਈਨ]

The State Hermitage Museum, St. Petersburg

[ਸਫ਼ੇ 26 ਉੱਤੇ ਤਸਵੀਰਾਂ]

ਸਿਥੀਅਨ ਲੋਕ ਯੂਨਾਨੀ ਕਲਾ-ਕਿਰਤ ਦੇ ਵੱਟੇ ਆਪਣੀਆਂ ਚੀਜ਼ਾਂ ਦੇ ਕੇ ਬਹੁਤ ਅਮੀਰ ਬਣ ਗਏ ਸਨ

[ਕ੍ਰੈਡਿਟ ਲਾਈਨ]

Courtesy of the Ukraine Historic Treasures Museum, Kiev