Skip to content

Skip to table of contents

ਯਹੋਵਾਹ ਸਾਡੀ ਪਨਾਹ ਹੈ

ਯਹੋਵਾਹ ਸਾਡੀ ਪਨਾਹ ਹੈ

ਯਹੋਵਾਹ ਸਾਡੀ ਪਨਾਹ ਹੈ

‘ਕਿਉਂ ਜੋ ਤੈਂ ਆਖਿਆ ਹੈ ਕਿ ਯਹੋਵਾਹ ਮੇਰੀ ਪਨਾਹਗਾਹ ਹੈਂ, ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ।’​—ਜ਼ਬੂਰ 91:9, 10.

1. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸਾਡੀ ਪਨਾਹ ਹੈ?

ਯਹੋਵਾਹ ਆਪਣੇ ਲੋਕਾਂ ਲਈ ਇਕ ਸੱਚੀ ਪਨਾਹ ਹੈ। ਜੇ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰਦੇ ਹਾਂ, ਤਾਂ ਸ਼ਾਇਦ “ਅਸੀਂ ਸਭ ਪਾਸਿਓਂ ਕਸ਼ਟ ਵਿੱਚ ਹਾਂ ਪਰ ਮਿੱਧੇ ਨਹੀਂ ਗਏ, ਦੁਬਧਾ ਵਿੱਚ ਹਾਂ ਪਰ ਹੱਦੋਂ ਵਧ ਨਹੀਂ। ਸਤਾਏ ਜਾਂਦੇ ਹਾਂ ਪਰ ਇਕੱਲੇ ਨਹੀਂ ਛੱਡੇ ਜਾਂਦੇ, ਡੇਗੇ ਜਾਂਦੇ ਹਾਂ ਪਰ ਨਾਸ ਨਹੀਂ ਹੁੰਦੇ।” ਇਹ ਸਿਰਫ਼ ਇਸ ਲਈ ਹੋ ਸਕਦਾ ਹੈ ਕਿਉਂਕਿ ਯਹੋਵਾਹ ਸਾਨੂੰ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਦਿੰਦਾ ਹੈ। (2 ਕੁਰਿੰਥੀਆਂ 4:7-9) ਜੀ ਹਾਂ, ਸਾਡਾ ਸਵਰਗੀ ਪਿਤਾ ਈਸ਼ਵਰੀ ਜੀਵਨ ਬਤੀਤ ਕਰਨ ਵਿਚ ਸਾਡੀ ਮਦਦ ਕਰਦਾ ਹੈ, ਅਤੇ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਆਪਣੇ ਦਿਲ ਵਿਚ ਬਿਠਾ ਸਕਦੇ ਹਾਂ: ‘ਕਿਉਂ ਜੋ ਤੈਂ ਆਖਿਆ ਹੈ ਕਿ ਯਹੋਵਾਹ ਮੇਰੀ ਪਨਾਹਗਾਹ ਹੈਂ,—ਤੈਂ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ।’​—ਜ਼ਬੂਰ 91:9, 10.

2. ਜ਼ਬੂਰ 91 ਅਤੇ ਉਸ ਦੇ ਵਾਅਦਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ?

2ਜ਼ਬੂਰ 90 ਦੇ ਆਰੰਭਕ ਸ਼ਬਦ ਦਿਖਾਉਂਦੇ ਹਨ ਕਿ ਮੂਸਾ ਨੇ ਇਹ ਜ਼ਬੂਰ ਲਿਖਿਆ ਸੀ। ਅਤੇ ਜ਼ਬੂਰ 91 ਦੇ ਆਰੰਭ ਵਿਚ ਕਿਸੇ ਹੋਰ ਲੇਖਕ ਦਾ ਜ਼ਿਕਰ ਨਹੀਂ ਕੀਤਾ ਗਿਆ, ਇਸ ਲਈ ਇਵੇਂ ਲੱਗਦਾ ਹੈ ਕਿ ਜ਼ਬੂਰ 91 ਦੇ ਸ਼ਬਦ ਵੀ ਮੂਸਾ ਨੇ ਲਿਖੇ ਸਨ। ਜ਼ਬੂਰ 91 ਸ਼ਾਇਦ ਇਕ ਅਜਿਹਾ ਭਜਨ ਸੀ ਜਿਸ ਵਿਚ ਪਹਿਲਾਂ ਇਕ ਜਣੇ ਨੇ ਗਾਇਆ ਹੋਵੇ ( 91:1, 2), ਅਤੇ ਉਸ ਤੋਂ ਬਾਅਦ ਭਜਨ-ਮੰਡਲੀ ਨੇ ਜਵਾਬ ਵਿਚ ਕੁਝ ਗਾਇਆ ਹੋਵੇ (91:3-8)। ਫਿਰ ਸ਼ਾਇਦ ਪਹਿਲੇ ਜਣੇ ਦੀ ਆਵਾਜ਼ ਸੁਣੀ ਹੋਵੇ (91:9ੳ) ਅਤੇ ਇਸ ਦਾ ਜਵਾਬ ਮੰਡਲੀ ਨੇ ਦਿੱਤਾ ਹੋਵੇ (91:9ਅ-13)। ਅਤੇ ਆਖ਼ਰੀ ਲਫ਼ਜ਼ ਸ਼ਾਇਦ ਇਕ ਜਣੇ ਨੇ ਗਾਏ ਸਨ (91:14-16)। ਜਿੱਦਾਂ ਵੀ 91ਵਾਂ ਜ਼ਬੂਰ ਗਾਇਆ ਹੋਵੇ, ਇਹ ਮਸਹ ਕੀਤੇ ਗਏ ਮਸੀਹੀਆਂ ਨੂੰ ਇਕ ਵਰਗ ਵਜੋਂ ਰੂਹਾਨੀ ਸੁਰੱਖਿਆ ਦਾ ਵਾਅਦਾ ਕਰਦਾ ਹੈ ਅਤੇ ਉਨ੍ਹਾਂ ਦੇ ਸਮਰਪਿਤ ਸਾਥੀਆਂ ਨੂੰ ਵੀ ਇਸ ਸੁਰੱਖਿਆ ਦਾ ਭਰੋਸਾ ਦਿੰਦਾ ਹੈ। * ਆਓ ਆਪਾਂ ਇਸ ਜ਼ਬੂਰ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਇਹ ਯਹੋਵਾਹ ਦੇ ਸਾਰਿਆਂ ਸੇਵਕਾਂ ਲਈ ਕੀ ਅਰਥ ਰੱਖਦਾ ਹੈ।

‘ਪਰਮੇਸ਼ੁਰ ਦੀ ਓਟ’ ਵਿਚ ਸੁਰੱਖਿਅਤ

3. (ੳ) “ਅੱਤ ਮਹਾਨ ਦੀ ਓਟ” ਕੀ ਹੈ? (ਅ) ਅਸੀਂ ‘ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕ ਕੇ’ ਕੀ ਅਨੁਭਵ ਕਰਦੇ ਹਾਂ?

3 ਜ਼ਬੂਰਾਂ ਦਾ ਲਿਖਾਰੀ ਗਾਉਂਦਾ ਹੈ: “ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।” (ਜ਼ਬੂਰ 91:1, 2) “ਅੱਤ ਮਹਾਨ ਦੀ ਓਟ” ਸੁਰੱਖਿਆ ਦੀ ਇਕ ਲਾਖਣਿਕ ਜਗ੍ਹਾ ਹੈ। ਇਸ ਵਿਚ ਸਾਡੀ, ਅਤੇ ਖ਼ਾਸ ਕਰਕੇ ਮਸਹ ਕੀਤੇ ਹੋਇਆਂ ਦੀ ਰਾਖੀ ਕੀਤੀ ਜਾਂਦੀ ਹੈ, ਜੋ ਸ਼ਤਾਨ ਦਾ ਖ਼ਾਸ ਨਿਸ਼ਾਨਾ ਬਣੇ ਹਨ। (ਪਰਕਾਸ਼ ਦੀ ਪੋਥੀ 12:15-17) ਜੇਕਰ ਸ਼ਤਾਨ ਦਾ ਵੱਸ ਚੱਲੇ ਤਾਂ ਉਹ ਸਾਨੂੰ ਸਾਰਿਆਂ ਨੂੰ ਖ਼ਤਮ ਕਰ ਦਿੰਦਾ, ਪਰ ਅਸੀਂ ਰੂਹਾਨੀ ਤੌਰ ਤੇ ਪਰਮੇਸ਼ੁਰ ਦੇ ਮਹਿਮਾਨਾਂ ਵਜੋਂ ਉਸ ਦੀ ਰੱਖਿਆ ਦਾ ਆਨੰਦ ਮਾਣਦੇ ਹਾਂ। ਜਦੋਂ ਅਸੀਂ ‘ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕਦੇ ਹਾਂ,’ ਤਾਂ ਅਸੀਂ ਪਰਮੇਸ਼ੁਰ ਦੀ ਰੱਖਿਆ ਅਨੁਭਵ ਕਰਦੇ ਹਾਂ। (ਜ਼ਬੂਰ 15:1, 2; 121:5) ਸਰਬਸ਼ਕਤੀਮਾਨ ਪ੍ਰਭੂ ਯਹੋਵਾਹ ਦੀ ਪਨਾਹ ਨਾਲੋਂ ਜਾਂ ਉਸ ਦੇ ਪੱਕੇ ਬੁਰਜ ਨਾਲੋਂ ਹੋਰ ਕੋਈ ਵੀ ਜਗ੍ਹਾ ਜ਼ਿਆਦਾ ਮਜ਼ਬੂਤ ਜਾਂ ਸੁਰੱਖਿਅਤ ਨਹੀਂ ਹੈ।​—ਕਹਾਉਤਾਂ 18:10.

4. “ਫਾਂਧੀ” ਅਥਵਾ ਸ਼ਤਾਨ ਕਿਹੜੇ ਤਰੀਕੇ ਵਰਤਦਾ ਹੈ, ਅਤੇ ਅਸੀਂ ਕਿਵੇਂ ਬਚ ਸਕਦੇ ਹਾਂ?

4 ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: [ਯਹੋਵਾਹ] ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ।” (ਜ਼ਬੂਰ 91:3) ਪ੍ਰਾਚੀਨ ਇਸਰਾਏਲ ਵਿਚ ਫਾਂਧੀ ਜਾਂ ਚਿੜੀਮਾਰ, ਜਾਲ ਜਾਂ ਫਾਹੀ ਵਰਤ ਕੇ ਚਿੜੀਆਂ ਨੂੰ ਫੜਦਾ ਹੁੰਦਾ ਸੀ। ਸ਼ਤਾਨ ਵੀ “ਫਾਂਧੀ” ਵਾਂਗ ਤਰ੍ਹਾਂ-ਤਰ੍ਹਾਂ ਦੇ ਫੰਦੇ ਵਰਤਦਾ ਹੈ, ਜਿਵੇਂ ਕਿ ਉਸ ਦੀ ਦੁਸ਼ਟ ਸੰਸਥਾ ਅਤੇ ਉਸ ਦੀਆਂ “ਖ਼ਤਰਨਾਕ ਚਾਲਾਂ।” (ਅਫਸੀਆਂ 6:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੁਸ਼ਟਤਾ ਵੱਲ ਭਰਮਾਉਣ ਲਈ ਅਤੇ ਰੂਹਾਨੀ ਤੌਰ ਤੇ ਸਾਨੂੰ ਬਰਬਾਦ ਕਰਨ ਲਈ ਸਾਡੇ ਰਾਹ ਵਿਚ ਗੁਪਤ ਫੰਦੇ ਰੱਖੇ ਗਏ ਹਨ। (ਜ਼ਬੂਰ 142:3) ਪਰ, ਇਸ ਲਈ ਕਿ ਅਸੀਂ ਦੁਸ਼ਟਤਾ ਨੂੰ ਤਿਆਗ ਦਿੱਤਾ ਹੈ, ‘ਸਾਡੀ ਜਾਨ ਉਸ ਚਿੜੀ ਵਾਂਙੁ ਹੈ ਜੋ ਚਿੜੀਮਾਰ ਦੀ ਫਾਹੀ ਤੋਂ ਛੁਡਾਈ ਗਈ’ ਹੈ। (ਜ਼ਬੂਰ 124:7, 8) ਅਸੀਂ ਕਿੰਨਾ ਸ਼ੁਕਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਦੁਸ਼ਟ “ਫਾਂਧੀ” ਤੋਂ ਬਚਾਉਂਦਾ ਹੈ!​—ਮੱਤੀ 6:13.

5, 6. ਕਿਹੜੀ ‘ਮਰੀ ਘਾਤਕ’ ਸਾਬਤ ਹੋਈ ਹੈ, ਪਰ ਯਹੋਵਾਹ ਦੇ ਲੋਕ ਇਸ ਤੋਂ ਕਿਵੇਂ ਬਚੇ ਹਨ?

5 ਜ਼ਬੂਰਾਂ ਦਾ ਲਿਖਾਰੀ “ਘਾਤਕ ਮਰੀ” ਬਾਰੇ ਗੱਲ ਕਰਦਾ ਹੈ। ਕਿਸੇ ਫੈਲਣ ਵਾਲੀ ਬੀਮਾਰੀ ਵਾਂਗ, ਇਹ ਇਕ ਅਜਿਹੀ ਚੀਜ਼ ਹੈ ਜੋ ਮਨੁੱਖੀ ਪਰਿਵਾਰ ਅਤੇ ਯਹੋਵਾਹ ਦੇ ਰਾਜ ਦਾ ਪੱਖ ਲੈਣ ਵਾਲਿਆਂ ਲਈ “ਘਾਤਕ” ਸਾਬਤ ਹੋ ਸਕਦੀ ਹੈ ਜਾਂ ਉਨ੍ਹਾਂ ਉੱਤੇ ਬਿਪਤਾ ਲਿਆ ਸਕਦੀ ਹੈ। ਇਸ ਬਾਰੇ ਗੱਲ ਕਰਦੇ ਹੋਏ, ਇਕ ਇਤਿਹਾਸਕਾਰ ਨੇ ਲਿਖਿਆ: “ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰਾਸ਼ਟਰਵਾਦ ਕਾਰਨ ਦੁਗਣੇ ਆਜ਼ਾਦ ਰਾਜ ਪੈਦਾ ਹੋ ਗਏ ਹਨ . . . ਇਨਸਾਨਾਂ ਦੇ ਰਵੱਈਏ ਕਾਰਨ ਜ਼ਿਆਦਾ ਤੋਂ ਜ਼ਿਆਦਾ ਫੁੱਟ ਪੈ ਰਹੇ ਹਨ।”

6 ਸਦੀਆਂ ਦੌਰਾਨ ਰਾਜਿਆਂ ਨੇ ਅੰਤਰਰਾਸ਼ਟਰੀ ਲੜਾਈ-ਝਗੜਿਆਂ ਨੂੰ ਵਧਾਇਆ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੀ, ਜਾਂ ਮੂਰਤੀਆਂ ਅਤੇ ਹੋਰਨਾਂ ਚੀਜ਼ਾਂ ਦੀ ਭਗਤੀ ਕੀਤੀ ਜਾਵੇ। ਪਰ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਜਿਹੀ “ਮਰੀ” ਦੇ ਸਾਮ੍ਹਣੇ ਹਾਰ ਮੰਨਣ ਤੋਂ ਬਚਾਇਆ ਹੈ। (ਦਾਨੀਏਲ 3:1, 2, 20-27; 6:7-10, 16-22) ਇਕ ਪਿਆਰੇ ਅੰਤਰਰਾਸ਼ਟਰੀ ਭਾਈਚਾਰੇ ਵਜੋਂ, ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਾਂ। ਬਾਈਬਲ ਦੀ ਸਲਾਹ ਅਨੁਸਾਰ ਨਾ ਹੀ ਅਸੀਂ ਕਿਸੇ ਨਾਲ ਲੜਦੇ ਹਾਂ ਅਤੇ ਨਾ ਅਸੀਂ ਕਿਸੇ ਦਾ ਪੱਖਪਾਤ ਕਰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ “ਹਰੇਕ ਕੌਮ ਵਿੱਚੋਂ ਜੋ ਕੋਈ [ਪਰਮੇਸ਼ੁਰ] ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35; ਕੂਚ 20:4-6; ਯੂਹੰਨਾ 13:34, 35; 17:16; 1 ਪਤਰਸ 5:8, 9) ਭਾਵੇਂ ਕਿ ਮਸੀਹੀਆਂ ਵਜੋਂ ਅਸੀਂ ਬਿਪਤਾਵਾਂ ਦੇ ਕਾਰਨ ਤੰਗੀਆਂ ਦਾ ਸਾਮ੍ਹਣਾ ਕਰਦੇ ਹਾਂ, “ਅੱਤ ਮਹਾਨ ਦੀ ਓਟ” ਵਿਚ ਅਸੀਂ ਖ਼ੁਸ਼ੀ ਦੇ ਨਾਲ-ਨਾਲ ਰੂਹਾਨੀ ਤੌਰ ਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ।

7. ਯਹੋਵਾਹ “ਆਪਣੇ ਖੰਭਾਂ ਨਾਲ” ਸਾਡੀ ਰੱਖਿਆ ਕਿਵੇਂ ਕਰਦਾ ਹੈ?

7 ਯਹੋਵਾਹ ਸਾਡੀ ਪਨਾਹ ਹੈ, ਇਸ ਲਈ ਸਾਨੂੰ ਅਗਲਿਆਂ ਸ਼ਬਦਾਂ ਤੋਂ ਦਿਲਾਸਾ ਮਿਲਦਾ ਹੈ: “ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, ਉਹ ਦੀ ਸਚਿਆਈ ਇੱਕ ਢਾਲ ਅਤੇ ਫਰੀ ਹੈ।” (ਜ਼ਬੂਰ 91:4) ਜਿਵੇਂ ਪੰਛੀ ਆਪਣੇ ਬੱਚਿਆਂ ਦੀ ਰੱਖਿਆ ਕਰਦਾ ਹੈ ਉਵੇਂ ਹੀ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ। (ਯਸਾਯਾਹ 31:5) ‘ਉਹ ਆਪਣੇ ਖੰਭਾਂ ਨਾਲ ਸਾਨੂੰ ਢੱਕ ਲੈਂਦਾ ਹੈ।’ ਪੰਛੀ ਆਪਣੇ ਖੰਭਾਂ ਹੇਠ ਆਪਣੇ ਬੱਚਿਆਂ ਨੂੰ ਢੱਕ ਕੇ ਉਨ੍ਹਾਂ ਨੂੰ ਸ਼ਿਕਾਰੀਆਂ ਤੋਂ ਬਚਾਉਂਦਾ ਹੈ। ਚਿੜੀ ਦੇ ਬੱਚਿਆਂ ਵਾਂਗ, ਅਸੀਂ ਯਹੋਵਾਹ ਦੇ ਖੰਭਾਂ ਹੇਠ ਸੁਰੱਖਿਅਤ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਸੱਚੇ ਮਸੀਹੀ ਸੰਗਠਨ ਵਿਚ ਪਨਾਹ ਲੈਂਦੇ ਹਾਂ।​—ਰੂਥ 2:12; ਜ਼ਬੂਰ 5:1, 11.

8. ਯਹੋਵਾਹ ਦੀ “ਸਚਿਆਈ” ਇਕ ਵੱਡੀ ਢਾਲ ਅਤੇ ਫਰੀ ਵਰਗੀ ਕਿਵੇਂ ਹੈ?

8 ਅਸੀਂ “ਸਚਿਆਈ” ਵਿਚ ਪੂਰਾ ਭਰੋਸਾ ਰੱਖਦੇ ਹਾਂ। ਸੱਚਾਈ ਪੁਰਾਣੇ ਜ਼ਮਾਨੇ ਦੀ ਇਕ ਵੱਡੀ ਢਾਲ ਵਰਗੀ ਹੈ, ਜੋ ਅਕਸਰ ਦਰਵਾਜ਼ੇ ਜਿੰਨੀ ਲੰਬੀ-ਚੌੜੀ ਹੁੰਦੀ ਸੀ ਅਤੇ ਬੰਦੇ ਦਾ ਸਾਰਾ ਸਰੀਰ ਢੱਕ ਲੈਂਦੀ ਸੀ। (ਜ਼ਬੂਰ 5:12) ਅਜਿਹੀ ਰੱਖਿਆ ਵਿਚ ਭਰੋਸਾ ਰੱਖਣ ਨਾਲ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ। (ਉਤਪਤ 15:1; ਜ਼ਬੂਰ 84:11) ਸਾਡੀ ਨਿਹਚਾ ਵਾਂਗ, ਪਰਮੇਸ਼ੁਰ ਦੀ ਸੱਚਾਈ ਵੀ ਇਕ ਵੱਡੀ ਢਾਲ ਹੈ ਜੋ ਸ਼ਤਾਨ ਦੇ ਅਗਨਮਈ ਬਾਣਾਂ ਅਤੇ ਦੁਸ਼ਮਣਾਂ ਦੇ ਹਮਲਿਆਂ ਤੋਂ ਸਾਡੀ ਰੱਖਿਆ ਕਰਦੀ ਹੈ। (ਅਫ਼ਸੀਆਂ 6:16) ਇਹ ਇਕ ਫਰੀ ਵੀ ਹੈ ਜਿਸ ਦੇ ਪਿੱਛੇ ਅਸੀਂ ਰੱਖਿਆ ਪਾ ਕੇ ਦ੍ਰਿੜ੍ਹ ਰਹਿ ਸਕਦੇ ਹਾਂ।

‘ਅਸੀਂ ਡਰਾਂਗੇ ਨਹੀਂ’

9. ਰਾਤ ਦਾ ਸਮਾਂ ਡਰਾਉਣਾ ਕਿਉਂ ਹੋ ਸਕਦਾ ਹੈ, ਪਰ ਸਾਨੂੰ ਕਿਉਂ ਨਹੀਂ ਡਰ ਲੱਗਦਾ?

9 ਪਰਮੇਸ਼ੁਰ ਦੀ ਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: “ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, ਨਾ ਦਿਨ ਦੇ ਉੱਡਦੇ ਬਾਣ ਤੋਂ, ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ।” (ਜ਼ਬੂਰ 91:5, 6) ਇਸ ਲਈ ਕਿ ਬਹੁਤ ਸਾਰੇ ਬੁਰੇ ਕੰਮ ਰਾਤ ਦੇ ਹਨੇਰੇ ਵਿਚ ਕੀਤੇ ਜਾਂਦੇ ਹਨ, ਰਾਤ ਦਾ ਸਮਾਂ ਬਹੁਤ ਹੀ ਡਰਾਉਣਾ ਹੋ ਸਕਦਾ ਹੈ। ਇਸ ਦੁਨੀਆਂ ਦੇ ਰੂਹਾਨੀ ਹਨੇਰੇ ਵਿਚ, ਸਾਡੇ ਦੁਸ਼ਮਣ ਧੋਖੇਬਾਜ਼ ਕੰਮਾਂ ਰਾਹੀਂ ਰੂਹਾਨੀ ਚੀਜ਼ਾਂ ਲਈ ਸਾਡੀ ਕਦਰ ਘਟਾਉਣ ਅਤੇ ਪ੍ਰਚਾਰ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ‘ਅਸੀਂ ਰਾਤ ਦੇ ਭੈਜਲ ਤੋਂ’ ਨਹੀਂ ਡਰਦੇ ਕਿਉਂਕਿ ਯਹੋਵਾਹ ਸਾਡੀ ਰਾਖੀ ਕਰਦਾ ਹੈ।​—ਜ਼ਬੂਰ 64:1, 2; 121:4; ਯਸਾਯਾਹ 60:2.

10. (ੳ) ‘ਦਿਨ ਦਾ ਉੱਡਦਾ ਬਾਣ’ ਸ਼ਾਇਦ ਕੀ ਹੈ, ਅਤੇ ਅਸੀਂ ਇਸ ਗੱਲ ਦਾ ਸਾਮ੍ਹਣਾ ਕਿਵੇਂ ਕਰਦੇ ਹਾਂ? (ਅ) ਉਹ ‘ਮਰੀ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ’ ਕਿਹੋ ਜਿਹੀ ਹੈ, ਅਤੇ ਸਾਨੂੰ ਇਸ ਤੋਂ ਕਿਉਂ ਨਹੀਂ ਡਰਨਾ ਚਾਹੀਦਾ?

10 ਇਵੇਂ ਲੱਗਦਾ ਹੈ ਕਿ ‘ਦਿਨ ਦਾ ਉੱਡਦਾ ਬਾਣ’ ਕੌੜਿਆਂ ਸ਼ਬਦਾਂ ਨਾਲ ਕੀਤੇ ਗਏ ਹਮਲੇ ਨੂੰ ਸੰਕੇਤ ਕਰਦਾ ਹੈ। (ਜ਼ਬੂਰ 64:3-5; 94:20) ਪਰ ਜੇ ਅਸੀਂ ਸੱਚਾਈ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹੀਏ, ਅਜਿਹੇ ਹਮਲਿਆਂ ਦਾ ਸਾਡੀ ਪਵਿੱਤਰ ਸੇਵਾ ਉੱਤੇ ਕੋਈ ਅਸਰ ਨਹੀਂ ਹੋਵੇਗਾ। ਇਸ ਦੇ ਨਾਲ-ਨਾਲ ਅਸੀਂ ‘ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ’ ਨਹੀਂ ਡਰਦੇ। ਇਹ ਅਸਲੀ ਮਰੀ ਨਹੀਂ, ਪਰ ਉਹ ਬਿਪਤਾ ਹੈ ਜੋ ਨੈਤਿਕ ਅਤੇ ਧਾਰਮਿਕ ਤੌਰ ਤੇ ਇਸ ਰੋਗੀ ਦੁਨੀਆਂ ਤੋਂ ਪੈਦਾ ਹੁੰਦੀ ਹੈ, ਜੋ ਕਿ ਸ਼ਤਾਨ ਦੇ ਵੱਸ ਵਿਚ ਹੈ। (1 ਯੂਹੰਨਾ 5:19) ਇਸ ਮਰੀ ਕਾਰਨ ਲੋਕਾਂ ਦੇ ਮਨਾਂ ਅਤੇ ਦਿਲਾਂ ਦੀ ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਉਹ ਯਹੋਵਾਹ ਨੂੰ, ਉਸ ਦੇ ਮਕਸਦਾਂ ਨੂੰ, ਅਤੇ ਪਿਆਰ ਨਾਲ ਕੀਤੇ ਗਏ ਉਸ ਦੇ ਪ੍ਰਬੰਧਾਂ ਨੂੰ ਨਹੀਂ ਪਛਾਣ ਸਕਦੇ। (1 ਤਿਮੋਥਿਉਸ 6:4) ਇਸ ਹਨੇਰੇ ਵਿਚ ਅਸੀਂ ਡਰਦੇ ਨਹੀਂ ਕਿਉਂਕਿ ਅਸੀਂ ਰੂਹਾਨੀ ਚਾਨਣ ਦਾ ਆਨੰਦ ਮਾਣਦੇ ਹਾਂ।​—ਜ਼ਬੂਰ 43:3.

11. ਉਨ੍ਹਾਂ ਨੂੰ ਕੀ ਹੁੰਦਾ ਹੈ ਜਿਨ੍ਹਾਂ ਤੇ ‘ਦੁਪਹਿਰ ਨੂੰ ਤਬਾਹੀ’ ਆਉਂਦੀ ਹੈ?

11 ਅਸੀਂ ਉਸ “ਤਬਾਹੀ ਤੋਂ” ਵੀ ਨਹੀਂ ਡਰਦੇ “ਜਿਹੜੀ ਦੁਪਹਿਰ ਨੂੰ ਉਜਾੜਦੀ ਹੈ।” “ਦੁਪਹਿਰ” ਦੀ ਰੌਸ਼ਨੀ ਸ਼ਾਇਦ ਉਹ ਰੌਸ਼ਨੀ ਹੈ ਜੋ ਦੁਨੀਆਂ ਦੇ ਭਾਣੇ ਉਨ੍ਹਾਂ ਦੇ ਗਿਆਨ ਤੋਂ ਮਿਲਦੀ ਹੈ। ਜਿਹੜੇ ਦੁਨੀਆਂ ਦੇ ਭੌਤਿਕ ਵਿਚਾਰਾਂ ਦੁਆਰਾ ਭਰਮਾਏ ਜਾਂਦੇ ਹਨ ਉਹ ਰੂਹਾਨੀ ਤੌਰ ਤੇ ਬਰਬਾਦ ਹੋ ਜਾਂਦੇ ਹਨ। (1 ਤਿਮੋਥਿਉਸ 6:20, 21) ਜਿਉਂ-ਜਿਉਂ ਅਸੀਂ ਦਲੇਰੀ ਨਾਲ ਰਾਜ ਦਾ ਪ੍ਰਚਾਰ ਕਰਦੇ ਹਾਂ, ਅਸੀਂ ਆਪਣੇ ਕਿਸੇ ਵੀ ਦੁਸ਼ਮਣ ਤੋਂ ਡਰਦੇ ਨਹੀਂ ਕਿਉਂਕਿ ਯਹੋਵਾਹ ਸਾਡੀ ਰੱਖਿਆ ਕਰਦਾ ਹੈ।​—ਜ਼ਬੂਰ 64:1; ਕਹਾਉਤਾਂ 3:25, 26.

12. ਕਿਨ੍ਹਾਂ ਦੇ ਮੁੱਢ ਹਜ਼ਾਰ ਹੀ ‘ਡਿੱਗਦੇ’ ਹਨ, ਅਤੇ ਇਹ ਕਿਸ ਤਰ੍ਹਾਂ ਹੁੰਦਾ ਹੈ?

12 ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: “ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ।” (ਜ਼ਬੂਰ 91:7, 8) ਇਸ ਲਈ ਕਿ ਲੋਕ ਯਹੋਵਾਹ ਨੂੰ ਆਪਣੀ ਪਨਾਹ ਨਹੀਂ ਬਣਾਉਂਦੇ, ‘ਸਾਡੇ ਮੁੱਢ’ ਬਹੁਤ ਸਾਰੇ ਰੂਹਾਨੀ ਤੌਰ ਤੇ ਮੌਤ ਵਿਚ ‘ਡਿੱਗਦੇ’ ਹਨ। ਅਸਲ ਵਿਚ, ਰੂਹਾਨੀ ਇਸਰਾਏਲੀਆਂ ਦੇ “ਸੱਜੇ ਹੱਥ ਦਸ ਹਜ਼ਾਰ” ਡਿੱਗ ਚੁੱਕੇ ਹਨ। (ਗਲਾਤੀਆਂ 6:16) ਪਰ, ਚਾਹੇ ਅਸੀਂ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਉਨ੍ਹਾਂ ਦੇ ਸਾਥੀ, ਅਸੀਂ ਪਰਮੇਸ਼ੁਰ ਦੀ “ਓਟ” ਵਿਚ ਸੁਰੱਖਿਅਤ ਮਹਿਸੂਸ ਕਰਦੇ ਹਾਂ। ਅਸੀਂ ‘ਨਿਗਾਹ ਕਰ ਕੇ ਦੁਸ਼ਟਾਂ ਦਾ ਬਦਲਾ ਦੇਖਦੇ ਹਾਂ,’ ਜੋ ਵਪਾਰਕ, ਧਾਰਮਿਕ, ਅਤੇ ਹੋਰਨਾਂ ਕੰਮਾਂ ਵਿਚ ਆਪਣੀ ਕਰਨੀ ਦਾ ਬੁਰਾ ਫਲ ਭੋਗਦੇ ਹਨ।​—ਗਲਾਤੀਆਂ 6:7.

‘ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ’

13. ਸਾਡੇ ਉੱਤੇ ਕਿਹੜੀਆਂ ਬੁਰਿਆਈਆਂ ਨਹੀਂ ਆਉਂਦੀਆਂ, ਅਤੇ ਕਿਉਂ?

13 ਭਾਵੇਂ ਕਿ ਇਸ ਦੁਨੀਆਂ ਵਿਚ ਸੁਰੱਖਿਆ ਘੱਟਦੀ ਜਾ ਰਹੀ ਹੈ, ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਹੋਏ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਪਾਉਂਦੇ ਹਾਂ: “ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਹ ਹੈਂ,—ਤੈਂ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਨਾ ਕੋਈ ਬਵਾ ਤੇਰੇ ਡੇਰੇ ਕੋਲ ਅੱਪੜੇਗੀ।” (ਜ਼ਬੂਰ 91:9, 10) ਜੀ ਹਾਂ, ਯਹੋਵਾਹ ਸਾਡੀ ਪਨਾਹ ਹੈ। ਅਤੇ ਸਾਡਾ ਅੱਤ ਮਹਾਨ ਪਰਮੇਸ਼ੁਰ ਸਾਡੇ “ਆਸਰੇ ਦੀ ਥਾਂ” ਵੀ ਹੈ, ਜਿੱਥੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਨਵਾਂ ਅਨੁਵਾਦ) ਯਹੋਵਾਹ ਵਿਸ਼ਵ ਦਾ ਸਰਬਸ਼ਕਤੀਮਾਨ ਰਾਜਾ ਹੈ। ਇਸ ਲਈ ਅਸੀਂ ਉਸ ਦੀ ਮਹਿਮਾ ਕਰਦੇ ਹਾਂ ਅਤੇ ਉਸ ਨੂੰ ਆਪਣਾ ‘ਆਸਰਾ’ ਸਮਝ ਕੇ ਉਸ ਦੇ ਰਾਜ ਦੀ ਖ਼ੁਸ਼-ਖ਼ਬਰੀ ਬਾਰੇ ਪ੍ਰਚਾਰ ਕਰਦੇ ਹਾਂ। (ਮੱਤੀ 24:14) ਨਤੀਜੇ ਵਜੋਂ, ਇਸ ਜ਼ਬੂਰ ਵਿਚ ਜ਼ਿਕਰ ਕੀਤੀਆਂ ਬੁਰਿਆਈਆਂ ਵਿੱਚੋਂ ‘ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ।’ ਜਦੋਂ ਅਸੀਂ ਭੁਚਾਲ, ਤੂਫ਼ਾਨ, ਹੜ੍ਹ, ਕਾਲ, ਅਤੇ ਲੜਾਈਆਂ ਵਰਗੀਆਂ ਬਿਪਤਾਵਾਂ ਦਾ ਸਾਮ੍ਹਣਾ ਕਰਦੇ ਹਾਂ, ਉਦੋਂ ਵੀ ਸਾਡੀ ਨਿਹਚਾ ਕਮਜ਼ੋਰ ਨਹੀਂ ਹੁੰਦੀ ਅਤੇ ਨਾ ਹੀ ਅਸੀਂ ਆਪਣੀ ਰੂਹਾਨੀ ਸੁਰੱਖਿਆ ਖੋਂਹਦੇ ਹਾਂ।

14. ਯਹੋਵਾਹ ਦੇ ਸੇਵਕਾਂ ਵਜੋਂ, ਅਸੀਂ ਕਿਨ੍ਹਾਂ ਖ਼ਤਰਨਾਕ ਗੱਲਾਂ ਤੋਂ ਦੂਰ ਰਹਿੰਦੇ ਹਾਂ?

14 ਮਸਹ ਕੀਤੇ ਹੋਏ ਮਸੀਹੀ ਇਸ ਦੁਨੀਆਂ ਵਿਚ ਤੰਬੂਆਂ ਵਿਚ ਰਹਿਣ ਵਾਲੇ ਪਰਦੇਸੀਆਂ ਵਾਂਗ ਜੀਉਂਦੇ ਹਨ। (1 ਪਤਰਸ 2:11) ‘ਕੋਈ ਬਵਾ ਵੀ ਉਨ੍ਹਾਂ ਦੇ ਡੇਰੇ ਕੋਲ ਨਹੀਂ ਅੱਪੜੇਗੀ।’ ਚਾਹੇ ਸਾਡੀ ਉਮੀਦ ਸਵਰਗ ਨੂੰ ਜਾਣ ਦੀ ਹੋਵੇ, ਜਾਂ ਧਰਤੀ ਉੱਤੇ ਰਹਿਣ ਦੀ ਹੋਵੇ, ਅਸੀਂ ਇਸ ਜਗਤ ਦੇ ਨਹੀਂ ਹਾਂ। ਅਸੀਂ ਅਨੈਤਿਕਤਾ, ਭੌਤਿਕਵਾਦ, ਅਤੇ ਝੂਠਿਆਂ ਧਰਮਾਂ ਵਿਚ ਹਿੱਸਾ ਨਹੀਂ ਲੈਂਦੇ, ਜੋ ਰੂਹਾਨੀ ਤੌਰ ਤੇ ਸਾਨੂੰ ਬਰਬਾਦ ਕਰ ਸਕਦੇ ਹਨ। ਅਤੇ ਨਾ ਹੀ ਅਸੀਂ “ਦਰਿੰਦੇ,” ਜਾਂ ਉਸ ਦੀ “ਮੂਰਤ” ਦੀ ਭਗਤੀ ਕਰਦੇ ਹਾਂ।​—ਪਰਕਾਸ਼ ਦੀ ਪੋਥੀ 9:20, 21; 13:1-18; ਯੂਹੰਨਾ 17:16.

15. ਦੂਤ ਸਾਡੀ ਕਿਨ੍ਹਾਂ ਗੱਲਾਂ ਵਿਚ ਰੱਖਿਆ ਕਰਦੇ ਹਨ?

15 ਉਸ ਰੱਖਿਆ ਬਾਰੇ ਜਿਸ ਦਾ ਅਸੀਂ ਆਨੰਦ ਮਾਣਦੇ ਹਾਂ, ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: [ਯਹੋਵਾਹ] ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, ਭਈ ਓਹ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਛਿਆ ਕਰਨ। ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।” (ਜ਼ਬੂਰ 91:11, 12) ਦੂਤਾਂ ਨੂੰ ਸਾਡੀ ਰੱਖਿਆ ਕਰਨ ਲਈ ਸ਼ਕਤੀ ਦਿੱਤੀ ਗਈ ਹੈ। (2 ਰਾਜਿਆਂ 6:17; ਜ਼ਬੂਰ 34:7-9; 104:4; ਮੱਤੀ 26:53; ਲੂਕਾ 1:19) ਉਹ ‘ਸਾਡਿਆਂ ਸਾਰਿਆਂ ਰਾਹਾਂ ਵਿੱਚ’ ਸਾਡੀ ਰੱਖਿਆ ਕਰਦੇ ਹਨ। (ਮੱਤੀ 18:10) ਦੂਤ ਰਾਜ ਦੇ ਪ੍ਰਚਾਰ ਵਿਚ ਵੀ ਸਾਡੀ ਅਗਵਾਈ ਅਤੇ ਰੱਖਿਆ ਕਰਦੇ ਹਨ ਅਤੇ ਰੂਹਾਨੀ ਤੌਰ ਤੇ ਅਸੀਂ ਠੋਕਰ ਨਹੀਂ ਖਾਂਦੇ। (ਪਰਕਾਸ਼ ਦੀ ਪੋਥੀ 14:6, 7) ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਵਰਗੇ ‘ਪੱਥਰਾਂ’ ਕਾਰਨ ਅਸੀਂ ਠੋਕਰ ਨਹੀਂ ਖਾਧੀ ਹੈ ਅਤੇ ਨਾ ਹੀ ਅਸੀਂ ਪਰਮੇਸ਼ੁਰ ਦੀ ਕਿਰਪਾ ਗੁਆਈ ਹੈ।

16. ਇਕ “ਜੁਆਨ ਸ਼ੀਂਹ” ਅਤੇ ਇਕ “ਨਾਗ” ਦੇ ਹਮਲੇ ਵਿਚ ਕੀ ਫ਼ਰਕ ਹੈ, ਅਤੇ ਅਸੀਂ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਾਂ?

16 ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ: “ਤੂੰ ਸ਼ੀਂਹ ਅਤੇ ਸੱਪ ਨੂੰ ਮਿਧੇਂਗਾ, ਤੂੰ ਜੁਆਨ ਸ਼ੀਂਹ ਅਤੇ ਨਾਗ ਨੂੰ ਲਤਾੜੇਂਗਾ।” (ਜ਼ਬੂਰ 91:13) ਜਿਵੇਂ ਇਕ ਸ਼ੀਂਹ, ਜਾਂ ਸ਼ੇਰ ਖੁੱਲ੍ਹੇ-ਆਮ ਸ਼ਿਕਾਰ ਕਰਦਾ ਹੈ, ਸਾਡੇ ਕਈ ਦੁਸ਼ਮਣ ਖੁੱਲ੍ਹੇ-ਆਮ ਸਾਡਾ ਵਿਰੋਧ ਕਰਦੇ ਹੋਏ, ਕਾਨੂੰਨ ਪਾਸ ਕਰਵਾ ਕੇ ਸਾਡੇ ਪ੍ਰਚਾਰ ਦੇ ਕੰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਸਾਡੇ ਉੱਤੇ ਕਈ ਵਾਰ ਅਚਾਨਕ ਹਮਲੇ ਵੀ ਕੀਤੇ ਜਾਂਦੇ ਹਨ, ਜਿਸ ਤਰ੍ਹਾਂ ਸੱਪ ਗੁਪਤ ਜਗ੍ਹਾ ਵਿੱਚੋਂ ਨਿਕਲ ਕੇ ਵਾਰ ਕਰਦਾ ਹੈ। ਕਈ ਵਾਰ ਪਾਦਰੀ, ਕਾਨੂੰਨ ਬਣਾਉਣ ਵਾਲਿਆਂ, ਜੱਜਾਂ, ਅਤੇ ਹੋਰਨਾਂ ਦਾ ਸਹਾਰਾ ਲੈ ਕੇ ਸਾਡੇ ਉੱਤੇ ਹਮਲਾ ਕਰਦੇ ਹਨ। ਪਰ ਯਹੋਵਾਹ ਦੀ ਮਦਦ ਨਾਲ, ਅਸੀਂ ਸ਼ਾਂਤੀ ਨਾਲ ਅਦਾਲਤਾਂ ਵਿਚ ਤੰਗੀਆਂ ਤੋਂ ਛੁਟਕਾਰਾ ਮੰਗਦੇ ਹਾਂ, ਇਸ ਤਰ੍ਹਾਂ ਅਸੀਂ ‘ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦਿੰਦੇ ਹਾਂ।’​—ਫ਼ਿਲਿੱਪੀਆਂ 1:7; ਜ਼ਬੂਰ 94:14, 20-22.

17. ਅਸੀਂ “ਜੁਆਨ ਸ਼ੀਂਹ” ਨੂੰ ਕਿਸ ਤਰ੍ਹਾਂ ਮਿੱਧਦੇ ਹਾਂ?

17 ਜ਼ਬੂਰਾਂ ਦਾ ਲਿਖਾਰੀ “ਜੁਆਨ ਸ਼ੀਂਹ ਅਤੇ ਨਾਗ” ਨੂੰ ਲਤਾੜਨ, ਜਾਂ ਮਿੱਧਣ ਬਾਰੇ ਗੱਲ ਕਰਦਾ ਹੈ। ਇਕ ਜੁਆਨ ਸ਼ੇਰ ਬਹੁਤ ਹੀ ਵਹਿਸ਼ੀ ਹੋ ਸਕਦਾ ਹੈ ਅਤੇ ਸੱਪ ਕਾਫ਼ੀ ਵੱਡਾ ਹੋ ਸਕਦਾ ਹੈ। (ਯਸਾਯਾਹ 31:4) ਪਰ ਸ਼ੇਰ ਖੁੱਲ੍ਹੇ-ਆਮ ਵਾਰ ਕਰ ਕੇ ਜਿੰਨਾ ਮਰਜ਼ੀ ਵਹਿਸ਼ੀ ਸਾਬਤ ਹੋਵੇ ਅਸੀਂ ਉਸ ਦੇ ਹਮਲੇ ਸਹਿ ਸਕਦੇ ਹਾਂ। ਹਾਂ, ਕਿਹਾ ਜਾ ਸਕਦਾ ਹੈ ਕਿ ਸ਼ੇਰ ਵਰਗੇ ਬੰਦਿਆਂ ਅਤੇ ਸੰਸਥਾਵਾਂ ਦੀ ਗੱਲ ਮੰਨਣ ਦੀ ਬਜਾਇ ਅਸੀਂ ਪਰਮੇਸ਼ੁਰ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਮਿੱਧਦੇ ਹਾਂ। (ਰਸੂਲਾਂ ਦੇ ਕਰਤੱਬ 5:29) ਇਸ ਲਈ ਖ਼ਤਰਨਾਕ “ਸ਼ੀਂਹ” ਦਾ ਸਾਨੂੰ ਰੂਹਾਨੀ ਤੌਰ ਤੇ ਕੋਈ ਖ਼ਤਰਾ ਨਹੀਂ ਹੈ।

18. “ਨਾਗ” ਸਾਨੂੰ ਸ਼ਾਇਦ ਕਿਸ ਦੀ ਯਾਦ ਕਰਵਾਏ, ਅਤੇ ਜੇ ਸਾਡੇ ਉੱਤੇ ਹਮਲਾ ਕੀਤਾ ਜਾਵੇ ਸਾਨੂੰ ਕੀ ਕਰਨ ਦੀ ਲੋੜ ਹੈ?

18 ਯੂਨਾਨੀ ਸੈਪਟੁਜਿੰਟ ਤਰਜਮੇ ਵਿਚ “ਨਾਗ” ਨੂੰ “ਇਕ ਅਜਗਰ” ਸੱਦਿਆ ਜਾਂਦਾ ਹੈ। ਇਹ ਸਾਨੂੰ ਸ਼ਾਇਦ ‘ਵੱਡੇ ਅਜਗਰ’ ਦੀ ਯਾਦ ਕਰਵਾਏ, ਯਾਨੀ “ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ।” (ਪਰਕਾਸ਼ ਦੀ ਪੋਥੀ 12:7-9; ਉਤਪਤ 3:15) ਸ਼ਤਾਨ ਇਕ ਭਿਆਨਕ ਸੱਪ ਵਰਗਾ ਹੈ ਜੋ ਆਪਣੇ ਸ਼ਿਕਾਰ ਨੂੰ ਕੁਚਲ ਕੇ ਹੜੱਪ ਲੈਂਦਾ ਹੈ। (ਯਿਰਮਿਯਾਹ 51:34) ਇਸ ਲਈ ਜਦੋਂ ਸ਼ਤਾਨ ਸਾਨੂੰ ਆਪਣੇ ਜਾਲ ਵਿਚ ਫਸਾਉਣ, ਦੁਨੀਆਂ ਦੇ ਦਬਾਵਾਂ ਨਾਲ ਸਾਨੂੰ ਕੁਚਲਣ, ਅਤੇ ਸਾਨੂੰ ਹੜੱਪਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਆਓ ਆਪਾਂ ਆਪਣੇ ਆਪ ਨੂੰ ਉਸ ਦੇ ਪੰਜੇ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕਰੀਏ ਅਤੇ ਉਸ “ਨਾਗ” ਨੂੰ ਮਿੱਧ ਸੁੱਟੀਏ। (1 ਪਤਰਸ 5:8) ਮਸਹ ਕੀਤੇ ਹੋਇਆਂ ਨੂੰ ਇਸ ਤਰ੍ਹਾਂ ਕਰਨ ਦੀ ਲੋੜ ਹੈ ਜੇ ਉਹ ਰੋਮੀਆਂ 16:20 ਦੀ ਪੂਰਤੀ ਵਿਚ ਹਿੱਸਾ ਲੈਣਾ ਚਾਹੁੰਦਾ ਹਨ।

ਸਾਡੀ ਮੁਕਤੀ ਯਹੋਵਾਹ ਵੱਲੋਂ ਹੈ

19. ਅਸੀਂ ਯਹੋਵਾਹ ਵਿਚ ਪਨਾਹ ਕਿਉਂ ਲੈਂਦੇ ਹਾਂ?

19 ਸੱਚੇ ਉਪਾਸਕਾਂ ਬਾਰੇ ਗੱਲ ਕਰਦੇ ਹੋਏ ਜ਼ਬੂਰਾਂ ਦੇ ਲਿਖਾਰੀ ਦੁਆਰਾ ਪਰਮੇਸ਼ੁਰ ਕਹਿੰਦਾ ਹੈ: “ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਤਾ ਹੈ।” (ਜ਼ਬੂਰ 91:14) “ਮੈਂ ਉਹ ਨੂੰ ਉੱਚਾ ਕਰਾਂਗਾ” ਦਾ ਮਤਲਬ ਹੈ ਕਿ ਯਹੋਵਾਹ ਉਸ ਨੂੰ ਹੋਰਨਾਂ ਦੀ ਪਹੁੰਚ ਤੋਂ ਪਰੇ ਰੱਖੇਗਾ। ਅਸੀਂ ਯਹੋਵਾਹ ਦੇ ਉਪਾਸਕਾਂ ਵਜੋਂ ਉਸ ਵਿਚ ਪਨਾਹ ਲੈਂਦੇ ਹਾਂ, ਖ਼ਾਸ ਕਰਕੇ ਕਿਉਂਕਿ ਅਸੀਂ ‘ਉਸ ਨਾਲ ਪ੍ਰੀਤ ਲਾਈ ਹੈ।’ (ਮਰਕੁਸ 12:29, 30; 1 ਯੂਹੰਨਾ 4:19) ਇਸ ਦੇ ਬਦਲੇ ਪਰਮੇਸ਼ੁਰ ਸਾਡਿਆਂ ਦੁਸ਼ਮਣਾਂ ਤੋਂ ‘ਸਾਨੂੰ ਛੁਡਾਉਂਦਾ ਹੈ।’ ਸਾਨੂੰ ਇਸ ਧਰਤੀ ਤੋਂ ਕਦੇ ਨਹੀਂ ਖ਼ਤਮ ਕੀਤਾ ਜਾਵੇਗਾ। ਇਸ ਦੀ ਬਜਾਇ ਸਾਨੂੰ ਬਚਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਦਾ ਨਾਂ ਜਾਣਦੇ ਹਾਂ ਅਤੇ ਨਿਹਚਾ ਵਿਚ ਉਸ ਨਾਂ ਨੂੰ ਲੈਂਦੇ ਹਾਂ। (ਰੋਮੀਆਂ 10:11-13) ਸਾਡਾ ਇਹ ਪੱਕਾ ਇਰਾਦਾ ਹੈ ਕਿ ਅਸੀਂ “ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”​—ਮੀਕਾਹ 4:5; ਯਸਾਯਾਹ 43:10-12.

20. ਜ਼ਬੂਰ 91 ਦੇ ਅਖ਼ੀਰ ਵਿਚ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਕਿਹੜਾ ਵਾਅਦਾ ਕਰਦਾ ਹੈ?

20ਜ਼ਬੂਰ 91 ਦੇ ਅਖ਼ੀਰ ਵਿਚ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਬਾਰੇ ਕਹਿੰਦਾ ਹੈ: “ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, ਦੁਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ, ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ, ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ [“ਮੈਂ ਉਸ ਨੂੰ ਲੰਮੀ ਉਮਰ ਦਾ ਦਾਨ ਦੇਵਾਂਗਾ,” “ਨਵਾਂ ਅਨੁਵਾਦ”], ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ।” (ਜ਼ਬੂਰ 91:15, 16) ਜਦੋਂ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਉਸ ਦੇ ਅੱਗੇ ਬੇਨਤੀ ਕਰਦੇ ਹਾਂ, ਤਾਂ ਉਹ ਸਾਡੀ ਸੁਣਦਾ ਹੈ। (1 ਯੂਹੰਨਾ 5:13-15) ਅਸੀਂ ਸ਼ਤਾਨ ਦੀ ਦੁਸ਼ਮਣੀ ਕਾਰਨ ਬਹੁਤ ਦੁੱਖ-ਤਕਲੀਫ਼ ਸਹਾਰ ਚੁੱਕੇ ਹਾਂ। ਪਰ ਇਹ ਸ਼ਬਦ ਕਿ “ਦੁਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ” ਸਾਨੂੰ ਭਵਿੱਖ ਵਿਚ ਆਉਣ ਵਾਲੇ ਪਰਤਾਵਿਆਂ ਲਈ ਤਿਆਰ ਕਰਦੇ ਹਨ ਅਤੇ ਸਾਨੂੰ ਪੂਰਾ ਵਿਸ਼ਵਾਸ ਦਿਲਾਉਂਦੇ ਹਨ ਕਿ ਯਹੋਵਾਹ ਸਾਨੂੰ ਸਹਾਰਾ ਦੇਵੇਗਾ ਜਦੋਂ ਇਸ ਦੁਸ਼ਟ ਦੁਨੀਆਂ ਦਾ ਅੰਤ ਆਵੇਗਾ।

21. ਮਸਹ ਕੀਤੇ ਹੋਇਆਂ ਦੀ ਵਡਿਆਈ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ?

21 ਧਰਤੀ ਉੱਤੇ ਇਕ “ਲੰਮੀ ਉਮਰ” ਤੋਂ ਬਾਅਦ ਸ਼ਤਾਨ ਦੇ ਸਖ਼ਤ ਵਿਰੋਧ ਦੇ ਬਾਵਜੂਦ, ਯਹੋਵਾਹ ਦੇ ਸਹੀ ਸਮੇਂ ਤੇ ਸਾਰੇ ਮਸਹ ਕੀਤੇ ਹੋਇਆਂ ਦੀ ਸਵਰਗ ਵਿਚ ਵਡਿਆਈ ਕੀਤੀ ਜਾਵੇਗੀ। ਪਰ ਪਰਮੇਸ਼ੁਰ ਦੇ ਮਹਾਨ ਕੰਮਾਂ ਦੁਆਰਾ ਮਸਹ ਕੀਤੇ ਹੋਇਆਂ ਦੀ ਰੂਹਾਨੀ ਤੌਰ ਤੇ ਹੁਣ ਵੀ ਵਡਿਆਈ ਕੀਤੀ ਜਾ ਰਹੀ ਹੈ। ਉਨ੍ਹਾਂ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਉਹ ਯਹੋਵਾਹ ਦੇ ਗਵਾਹਾਂ ਵਜੋਂ ਧਰਤੀ ਉੱਤੇ ਅਗਵਾਈ ਕਰ ਰਹੇ ਹਨ! (ਯਸਾਯਾਹ 43:10-12) ਯਹੋਵਾਹ ਦੇ ਲੋਕਾਂ ਦਾ ਸਭ ਤੋਂ ਵੱਡਾ ਬਚਾਅ ਉਦੋਂ ਹੋਵੇਗਾ ਜਦੋਂ ਯਹੋਵਾਹ ਆਰਮਾਗੇਡਨ ਦੀ ਮਹਾਨ ਲੜਾਈ ਵਿੱਚੋਂ ਉਨ੍ਹਾਂ ਨੂੰ ਬਚਾਵੇਗਾ, ਜਿਸ ਵੇਲੇ ਉਹ ਆਪਣਾ ਨਾਂ ਪਵਿੱਤਰ ਕਰੇਗਾ ਅਤੇ ਇਹ ਸਾਬਤ ਕਰੇਗਾ ਕਿ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ।​—ਜ਼ਬੂਰ 83:18; ਹਿਜ਼ਕੀਏਲ 38:23; ਪਰਕਾਸ਼ ਦੀ ਪੋਥੀ 16:14, 16.

22. ਕੌਣ ‘ਯਹੋਵਾਹ ਵੱਲੋਂ ਮੁਕਤੀ ਦੇਖਣਗੇ’?

22 ਚਾਹੇ ਅਸੀਂ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਉਨ੍ਹਾਂ ਦੇ ਸਾਥੀ, ਅਸੀਂ ਪਰਮੇਸ਼ੁਰ ਵੱਲੋਂ ਮੁਕਤੀ ਦੀ ਉਮੀਦ ਰੱਖਦੇ ਹਾਂ। “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਦੌਰਾਨ ਜਿਹੜੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਗੇ ਉਹ ਬਚਾਏ ਜਾਣਗੇ। (ਯੋਏਲ 2:30-32) “ਵੱਡੀ ਭੀੜ” ਦੇ ਲੋਕ ਜੋ ਬਚ ਕੇ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜਾਣਗੇ ਅਤੇ ਜਿਹੜੇ ਵਫ਼ਾਦਾਰੀ ਨਾਲ ਆਖ਼ਰੀ ਪਰੀਖਿਆ ਵਿਚ ਦੀ ਲੰਘਣਗੇ ਉਨ੍ਹਾਂ ਨੂੰ “ਲੰਮੀ ਉਮਰ ਦਾ ਦਾਨ,” ਬਖ਼ਸ਼ਿਆ ਜਾਵੇਗਾ। ਜੀ ਹਾਂ, ਉਹ ਸਦਾ ਦਾ ਜੀਵਨ ਪਾਉਣਗੇ। ਇਸ ਦੇ ਨਾਲ-ਨਾਲ ਪਰਮੇਸ਼ੁਰ ਹਜ਼ਾਰਾਂ ਹੀ ਮਰੇ ਹੋਏ ਲੋਕਾਂ ਨੂੰ ਜੀ ਉਠਾਵੇਗਾ। (ਪਰਕਾਸ਼ ਦੀ ਪੋਥੀ 7:9; 20:7-15) ਯਿਸੂ ਮਸੀਹ ਰਾਹੀਂ ਯਹੋਵਾਹ ਆਪਣੀ ‘ਮੁਕਤੀ ਵਿਖਾਉਣ’ ਵਿਚ ਬਹੁਤ ਹੀ ਖ਼ੁਸ਼ ਹੋਵੇਗਾ। (ਜ਼ਬੂਰ 3:8) ਸਾਡੇ ਸਾਮ੍ਹਣੇ ਕਿੰਨੀ ਸ਼ਾਨਦਾਰ ਉਮੀਦ ਹੈ। ਇਸ ਲਈ ਆਓ ਆਪਾਂ ਆਪਣੇ ਦਿਨ ਗਿਣਨ ਵਿਚ ਹਮੇਸ਼ਾ ਪਰਮੇਸ਼ੁਰ ਦੀ ਮਦਦ ਲਈ ਬੇਨਤੀ ਕਰਦੇ ਰਹੀਏ ਅਤੇ ਉਸ ਦੀ ਮਹਿਮਾ ਕਰਦੇ ਰਹੀਏ। ਆਓ ਆਪਾਂ ਆਪਣੇ ਬੋਲ-ਚਾਲ ਵਿਚ ਇਹ ਦਿਖਾਉਂਦੇ ਰਹੀਏ ਕਿ ਯਹੋਵਾਹ ਸਾਡੀ ਪਨਾਹ ਹੈ।

[ਫੁਟਨੋਟ]

^ ਪੈਰਾ 2 ਮਸੀਹਾਈ ਭਵਿੱਖਬਾਣੀ ਦੇ ਸੰਬੰਧ ਵਿਚ ਯੂਨਾਨੀ ਸ਼ਾਸਤਰ ਦੇ ਲੇਖਕਾਂ ਨੇ ਜ਼ਬੂਰ 91 ਬਾਰੇ ਕੁਝ ਨਹੀਂ ਕਿਹਾ। ਲੇਕਿਨ ਇਹ ਸੱਚ ਹੈ ਕਿ ਯਿਸੂ ਮਸੀਹ ਲਈ ਯਹੋਵਾਹ ਇਕ ਗੜ੍ਹ ਅਤੇ ਪਨਾਹ ਸੀ। ਇਹ ਗੱਲ ਯਿਸੂ ਦੇ ਮਸਹ ਕੀਤੇ ਹੋਏ ਚੇਲਿਆਂ ਅਤੇ “ਓੜਕ ਦੇ ਸਮੇਂ” ਦੌਰਾਨ ਉਨ੍ਹਾਂ ਦੇ ਸਮਰਪਿਤ ਸਾਥੀਆਂ ਬਾਰੇ ਵੀ ਸੱਚ ਹੈ।—ਦਾਨੀਏਲ 12:4.

ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?

• “ਅੱਤ ਮਹਾਨ ਦੀ ਓਟ” ਕੀ ਹੈ?

• ਅਸੀਂ ਕਿਉਂ ਨਹੀਂ ਡਰਦੇ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ‘ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ’?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੀ ਮੁਕਤੀ ਯਹੋਵਾਹ ਵੱਲੋਂ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੀ ਸੱਚਾਈ ਸਾਡੇ ਲਈ ਇਕ ਵੱਡੀ ਢਾਲ ਵਰਗੀ ਕਿਵੇਂ ਹੈ?

[ਸਫ਼ੇ 18 ਉੱਤੇ ਤਸਵੀਰਾਂ]

ਖੁੱਲ੍ਹੇ-ਆਮ ਕੀਤੀ ਗਈ ਵਿਰੋਧਤਾ ਅਤੇ ਅਚਾਨਕ ਕੀਤੇ ਗਏ ਹਮਲਿਆਂ ਦੇ ਬਾਵਜੂਦ, ਪ੍ਰਚਾਰ ਦਾ ਕੰਮ ਕਰਨ ਵਿਚ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ

[ਕ੍ਰੈਡਿਟ ਲਾਈਨ]

Cobra: A. N. Jagannatha Rao, Trustee, Madras Snake Park Trust