Skip to content

Skip to table of contents

ਯਿਸੂ ਤੁਹਾਨੂੰ ਬਚਾ ਸਕਦਾ ਹੈ!

ਯਿਸੂ ਤੁਹਾਨੂੰ ਬਚਾ ਸਕਦਾ ਹੈ!

ਯਿਸੂ ਤੁਹਾਨੂੰ ਬਚਾ ਸਕਦਾ ਹੈ!

“ਯਿਸੂ ਬਚਾਉਂਦਾ ਹੈ!” “ਯਿਸੂ ਸਾਡਾ ਮੁਕਤੀਦਾਤਾ ਹੈ!” ਦੁਨੀਆਂ ਦੇ ਕਈ ਦੇਸ਼ਾਂ ਵਿਚ ਅਜਿਹੇ ਸ਼ਬਦ ਇਮਾਰਤਾਂ ਦੀਆਂ ਕੰਧਾਂ ਅਤੇ ਹੋਰ ਥਾਵਾਂ ਤੇ ਦਿਖਾਈ ਦਿੰਦੇ ਹਨ। ਲੱਖਾਂ ਹੀ ਲੋਕ ਸੱਚੇ ਦਿਲੋਂ ਵਿਸ਼ਵਾਸ ਕਰਦੇ ਹਨ ਕਿ ਯਿਸੂ ਉਨ੍ਹਾਂ ਦਾ ਮੁਕਤੀਦਾਤਾ ਹੈ। ਜੇਕਰ ਤੁਸੀਂ ਉਨ੍ਹਾਂ ਤੋਂ ਇਹ ਸਵਾਲ ਪੁੱਛੋ ਕਿ “ਯਿਸੂ ਸਾਨੂੰ ਕਿੱਦਾਂ ਬਚਾਉਂਦਾ ਹੈ?” ਤਾਂ ਉਹ ਸ਼ਾਇਦ ਇਹ ਜਵਾਬ ਦੇਣ ਕਿ “ਯਿਸੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ ਸੀ” ਜਾਂ, “ਯਿਸੂ ਸਾਡੇ ਪਾਪਾਂ ਲਈ ਮਰਿਆ ਸੀ।” ਜੀ ਹਾਂ, ਯਿਸੂ ਦੀ ਮੌਤ ਬਚਾ ਸਕਦੀ ਹੈ। ਪਰ ਇਕ ਆਦਮੀ ਦੀ ਮੌਤ ਰਾਹੀਂ ਸਾਰਿਆਂ ਇਨਸਾਨਾਂ ਦਿਆਂ ਪਾਪਾਂ ਦੀ ਕੀਮਤ ਕਿਵੇਂ ਚੁਕਾਈ ਜਾ ਸਕਦੀ ਹੈ? ਜੇਕਰ ਤੁਹਾਡੇ ਤੋਂ ਇਹ ਸਵਾਲ ਕੀਤਾ ਜਾਵੇ ਕਿ “ਯਿਸੂ ਦੀ ਮੌਤ ਸਾਨੂੰ ਕਿੱਦਾਂ ਬਚਾਉਂਦੀ ਹੈ?” ਤਾਂ ਤੁਸੀਂ ਕਿਵੇਂ ਜਵਾਬ ਦਿਓਗੇ?

ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਬਹੁਤ ਹੀ ਸਾਦਾ ਅਤੇ ਸਪੱਸ਼ਟ ਹੈ ਪਰ ਬਹੁਤ ਹੀ ਮਹੱਤਵਪੂਰਣ ਵੀ ਹੈ। ਪਰ, ਇਸ ਸਵਾਲ ਦੀ ਮਹੱਤਤਾ ਸਮਝਣ ਵਾਸਤੇ ਸਾਨੂੰ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਯਿਸੂ ਦੀ ਜ਼ਿੰਦਗੀ ਅਤੇ ਮੌਤ ਨੇ ਇਕ ਬਹੁਤ ਹੀ ਵੱਡੀ ਸਮੱਸਿਆ ਦਾ ਹੱਲ ਕੀਤਾ। ਇਹ ਗੱਲ ਸਮਝਣ ਤੋਂ ਬਾਅਦ ਹੀ ਅਸੀਂ ਯਿਸੂ ਦੀ ਮੌਤ ਦੀ ਮਹੱਤਤਾ ਦੀ ਸੱਚ-ਮੁੱਚ ਕਦਰ ਕਰ ਸਕਾਂਗੇ।

ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਆਪਣੀ ਜਾਨ ਦੇਣ ਲਈ ਪੇਸ਼ ਕੀਤਾ, ਤਾਂ ਉਹ ਉਸ ਸਮੱਸਿਆ ਦਾ ਹੱਲ ਕਰ ਰਿਹਾ ਸੀ ਜੋ ਆਦਮ ਦੇ ਪਾਪ ਕਾਰਨ ਖੜ੍ਹੀ ਹੋਈ ਸੀ। ਉਸ ਪਾਪ ਨੇ ਕਿੰਨਾ ਦੁੱਖ ਲਿਆਂਦਾ! ਪਹਿਲਾ ਆਦਮੀ ਅਤੇ ਉਸ ਦੀ ਪਤਨੀ ਸੰਪੂਰਣ ਸਨ। ਅਦਨ ਦਾ ਖੂਬਸੂਰਤ ਬਾਗ਼ ਆਦਮ ਅਤੇ ਉਸ ਦੀ ਪਤਨੀ ਹੱਵਾਹ ਦਾ ਘਰ ਸੀ। ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਸੁੰਦਰ ਘਰ ਦੀ ਦੇਖ-ਭਾਲ ਕਰਨ ਦਾ ਵਧੀਆ ਕੰਮ ਦਿੱਤਾ ਸੀ। ਉਨ੍ਹਾਂ ਨੇ ਧਰਤੀ ਦੇ ਜਾਨਵਰਾਂ ਦੀ ਪਿਆਰ-ਭਰੀ ਦੇਖ-ਭਾਲ ਕਰਨੀ ਸੀ। ਅਤੇ ਜਿਉਂ-ਜਿਉਂ ਇਨਸਾਨਾਂ ਨੇ ਵਧ-ਫੁੱਲ ਕੇ ਧਰਤੀ ਨੂੰ ਭਰਨਾ ਸੀ ਉਨ੍ਹਾਂ ਨੇ ਸਾਰੀ ਧਰਤੀ ਨੂੰ ਫਿਰਦੌਸ ਵਿਚ ਬਦਲ ਦੇਣਾ ਸੀ। (ਉਤਪਤ 1:28) ਉਨ੍ਹਾਂ ਨੂੰ ਕਿੰਨਾ ਖ਼ੁਸ਼ੀ-ਭਰਿਆ ਅਤੇ ਦਿਲਚਸਪ ਕੰਮ ਦਿੱਤਾ ਗਿਆ ਸੀ! ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਦੂਸਰੇ ਦਾ ਵਧੀਆ ਸਾਥ ਸੀ। (ਉਤਪਤ 2:18) ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਉਨ੍ਹਾਂ ਕੋਲ ਸਦਾ ਲਈ ਖ਼ੁਸ਼ੀ-ਭਰੀ ਜ਼ਿੰਦਗੀ ਜੀਉਣ ਦਾ ਮੌਕਾ ਸੀ।

ਇਸ ਦੀ ਕਲਪਨਾ ਕਰਨੀ ਔਖੀ ਹੈ ਕਿ ਆਦਮ ਅਤੇ ਹੱਵਾਹ ਨੇ ਪਾਪ ਕਰ ਕੇ ਇਸ ਮੌਕੇ ਨੂੰ ਕਿਵੇਂ ਗੁਆ ਲਿਆ ਸੀ। ਪਰ ਪਹਿਲੇ ਇਨਸਾਨੀ ਜੋੜੇ ਨੇ ਆਪਣੇ ਕਰਤਾਰ, ਯਾਨੀ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। ਇਕ ਸੱਪ ਦੇ ਜ਼ਰੀਏ ਸ਼ਤਾਨ ਅਰਥਾਤ ਇਬਲੀਸ ਨੇ ਹੱਵਾਹ ਨੂੰ ਯਹੋਵਾਹ ਦਾ ਹੁਕਮ ਤੋੜਨ ਲਈ ਬਹਿਕਾਇਆ ਅਤੇ ਆਦਮ ਨੇ ਉਸ ਦਾ ਸਾਥ ਦਿੱਤਾ।​—ਉਤਪਤ 3:1-6.

ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਕਰਨ ਦੀ ਸਜ਼ਾ ਬਾਰੇ ਆਦਮ ਅਤੇ ਹੱਵਾਹ ਨੂੰ ਪਹਿਲਾਂ ਤੋਂ ਪਤਾ ਸੀ। ਪਰਮੇਸ਼ੁਰ ਆਦਮ ਨੂੰ ਸਾਫ਼-ਸਾਫ਼ ਦੱਸ ਚੁੱਕਾ ਸੀ ਕਿ “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਪਰ ਹੁਣ ਇਕ ਬਹੁਤ ਹੀ ਮਹੱਤਵਪੂਰਣ ਸਵਾਲ ਦਾ ਜਵਾਬ ਹਾਸਲ ਕਰਨਾ ਜ਼ਰੂਰੀ ਸੀ।

ਮਨੁੱਖਜਾਤੀ ਸਾਮ੍ਹਣੇ ਇਕ ਵੱਡੀ ਸਮੱਸਿਆ

ਇਸ ਮੁਢਲੇ ਪਾਪ ਨੇ ਮਨੁੱਖਜਾਤੀ ਲਈ ਇਕ ਬਹੁਤ ਹੀ ਵੱਡੀ ਸਮੱਸਿਆ ਖੜ੍ਹੀ ਕੀਤੀ। ਆਦਮ ਨੇ ਆਪਣੀ ਜ਼ਿੰਦਗੀ ਇਕ ਸੰਪੂਰਣ ਇਨਸਾਨ ਵਜੋਂ ਸ਼ੁਰੂ ਕੀਤੀ ਸੀ। ਇਸ ਲਈ, ਉਸ ਦੇ ਬੱਚਿਆਂ ਅੱਗੇ ਹਮੇਸ਼ਾ-ਹਮੇਸ਼ਾ ਲਈ ਸੰਪੂਰਣ ਜੀਵਨ ਦਾ ਆਨੰਦ ਮਾਣਨ ਦੀ ਉਮੀਦ ਸੀ। ਪਰ ਆਦਮ ਬੇਔਲਾਦ ਸੀ ਜਦ ਉਸ ਨੂੰ ਇਹ ਸਜ਼ਾ ਸੁਣਾਈ ਗਈ ਸੀ ਕਿ “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਇਸ ਲਈ ਜਦੋਂ ਆਦਮ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਚੇਤਾਵਨੀ ਅਨੁਸਾਰ ਮਰਨ ਲੱਗਾ ਤਾਂ ਸਾਰੀ ਮਨੁੱਖਜਾਤੀ ਨੂੰ ਵੀ ਉਸ ਦੇ ਨਾਲ ਮੌਤ ਦੀ ਸਜ਼ਾ ਮਿਲੀ।

ਤਾਂ ਫਿਰ, ਬਾਅਦ ਵਿਚ ਲਿਖੀ ਪੌਲੁਸ ਰਸੂਲ ਦੀ ਗੱਲ ਉਚਿਤ ਹੈ ਕਿ “ਇੱਕ ਮਨੁੱਖ [ਆਦਮ] ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਜੀ ਹਾਂ, ਮੁਢਲੇ ਪਾਪ ਕਰਕੇ ਜਿਨ੍ਹਾਂ ਬੱਚਿਆਂ ਨੂੰ ਸਦਾ ਦੇ ਜੀਵਨ ਦੀ ਉਮੀਦ ਨਾਲ ਸੰਪੂਰਣਤਾ ਵਿਚ ਜਨਮ ਲੈਣਾ ਚਾਹੀਦਾ ਸੀ ਉਹ ਬੀਮਾਰੀ, ਬੁਢਾਪੇ ਅਤੇ ਮੌਤ ਦੀ ਸੰਭਾਵਨਾ ਨਾਲ ਪੈਦਾ ਹੋਏ।

ਸ਼ਾਇਦ ਕੋਈ ਇਸ ਤਰ੍ਹਾਂ ਕਹੇ ਕਿ “ਇਹ ਤਾਂ ਬੇਇਨਸਾਫ਼ੀ ਹੈ। ਆਦਮ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ ਅਸੀਂ ਨਹੀਂ। ਤਾਂ ਫਿਰ ਸਾਡੇ ਤੋਂ ਹਮੇਸ਼ਾ ਦੀ ਜ਼ਿੰਦਗੀ ਅਤੇ ਖ਼ੁਸ਼ ਹੋਣ ਦੀ ਸੰਭਾਵਨਾ ਕਿਉਂ ਖੋਹੀ ਗਈ ਹੈ?” ਜੇ ਕਾਰ ਚੁਰਾਉਣ ਦੇ ਜੁਰਮ ਵਿਚ ਇਕ ਪਿਤਾ ਦੀ ਬਜਾਇ, ਉਸ ਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾਵੇ ਤਾਂ ਪੁੱਤਰ ਜ਼ਰੂਰ ਸ਼ਿਕਾਇਤ ਕਰੇਗਾ ਕਿ “ਇਹ ਤਾਂ ਬੇਇਨਸਾਫ਼ੀ ਹੈ! ਮੈਂ ਤਾਂ ਕੋਈ ਗ਼ਲਤੀ ਨਹੀਂ ਕੀਤੀ।”—ਬਿਵਸਥਾ ਸਾਰ 24:16.

ਪਹਿਲੇ ਆਦਮੀ ਅਤੇ ਔਰਤ ਨੂੰ ਪਾਪ ਕਰਨ ਲਈ ਭਰਮਾਉਣ ਦੁਆਰਾ ਸ਼ਤਾਨ ਨੇ ਸ਼ਾਇਦ ਇਹ ਸੋਚਿਆ ਹੋਵੇ ਕਿ ਹੁਣ ਪਰਮੇਸ਼ੁਰ ਹਾਲਤ ਨੂੰ ਕਦੀ ਵੀ ਸੁਧਾਰ ਨਹੀਂ ਸਕੇਗਾ। ਸ਼ਤਾਨ ਨੇ ਮਨੁੱਖਜਾਤੀ ਦੇ ਇਤਿਹਾਸ ਦੇ ਮੁੱਢ ਵਿਚ ਹੀ ਉਨ੍ਹਾਂ ਤੇ ਵਾਰ ਕੀਤਾ, ਜਦੋਂ ਆਦਮ ਅਤੇ ਹੱਵਾਹ ਨੂੰ ਹਾਲੇ ਕੋਈ ਬੱਚਾ ਨਹੀਂ ਪੈਦਾ ਹੋਇਆ ਸੀ। ਜਿਸ ਵੇਲੇ ਆਦਮ ਨੇ ਪਾਪ ਕੀਤਾ ਇਕ ਬਹੁਤ ਹੀ ਜ਼ਰੂਰੀ ਸਵਾਲ ਉੱਠਿਆ ਕਿ ‘ਕੀ ਪਰਮੇਸ਼ੁਰ ਆਦਮ ਅਤੇ ਹੱਵਾਹ ਦੀ ਸੰਤਾਨ ਲਈ ਕੁਝ ਕਰੇਗਾ ਕਿ ਨਹੀਂ?’

ਯਹੋਵਾਹ ਪਰਮੇਸ਼ੁਰ ਨੇ ਇਕ ਨਿਆਂ ਵਾਲਾ ਫ਼ੈਸਲਾ ਕੀਤਾ। ਧਰਮੀ ਆਦਮੀ ਅਲੀਹੂ ਨੇ ਕਿਹਾ ਕਿ “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!” (ਅੱਯੂਬ 34:10) ਯਹੋਵਾਹ ਬਾਰੇ ਮੂਸਾ ਨਬੀ ਨੇ ਲਿਖਿਆ ਸੀ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਪਰਮੇਸ਼ੁਰ ਨੇ ਆਦਮ ਦੇ ਪਾਪ ਕਾਰਨ ਖੜ੍ਹੀ ਹੋਈ ਸਮੱਸਿਆ ਲਈ ਜੋ ਹੱਲ ਕੱਢਿਆ ਸੀ, ਇਸ ਨੇ ਸਾਡੇ ਲਈ ਫਿਰਦੌਸ ਵਿਚ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਰਾਹ ਖੋਲ੍ਹ ਰੱਖਿਆ।

ਪਰਮੇਸ਼ੁਰ ਇਕ ਸੰਪੂਰਣ ਪ੍ਰਬੰਧ ਕਰਦਾ ਹੈ

ਜ਼ਰਾ ਉਸ ਹੱਲ ਵੱਲ ਧਿਆਨ ਦਿਓ ਜਿਸ ਦਾ ਪਰਮੇਸ਼ੁਰ ਨੇ ਸ਼ਤਾਨ ਨੂੰ ਸਜ਼ਾ ਸੁਣਾਉਂਦੇ ਸਮੇਂ ਜ਼ਿਕਰ ਕੀਤਾ ਸੀ। ਯਹੋਵਾਹ ਨੇ ਸ਼ਤਾਨ ਨੂੰ ਕਿਹਾ: “ਤੇਰੇ ਤੇ ਤੀਵੀਂ [ਪਰਮੇਸ਼ੁਰ ਦੇ ਸਵਰਗੀ ਸੰਗਠਨ] ਵਿੱਚ ਅਤੇ ਤੇਰੀ ਸੰਤਾਨ [ਸ਼ਤਾਨ ਦੇ ਵੱਸ ਵਿਚ ਦੁਨੀਆਂ] ਤੇ ਤੀਵੀਂ ਦੀ ਸੰਤਾਨ [ਯਿਸੂ ਮਸੀਹ] ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ [ਸ਼ਤਾਨ ਦੇ] ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ [ਯਿਸੂ ਨੂੰ ਜਾਨੋਂ ਮਾਰੇਗਾ]।” (ਉਤਪਤ 3:15) ਬਾਈਬਲ ਦੀ ਇਸ ਪਹਿਲੀ ਭਵਿੱਖਬਾਣੀ ਵਿਚ ਯਹੋਵਾਹ ਨੇ ਸੰਕੇਤ ਕੀਤਾ ਕਿ ਉਹ ਆਪਣੇ ਸਵਰਗੀ ਪੁੱਤਰ ਨੂੰ ਧਰਤੀ ਉੱਤੇ ਸੰਪੂਰਣ ਆਦਮੀ ਵਜੋਂ ਮਰਨ ਲਈ ਘੱਲੇਗਾ। ਇਸ ਤਰ੍ਹਾਂ ਇਸ ਸੰਪੂਰਣ ਹਾਲਤ ਵਿਚ ਯਿਸੂ ਦੀ ਅੱਡੀ ਵਿਚ ਡੰਗ ਮਾਰਿਆ ਜਾਵੇਗਾ।

ਪਰ ਇਕ ਸੰਪੂਰਣ ਆਦਮੀ ਨੂੰ ਕਿਉਂ ਮਰਨਾ ਪਿਆ? ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਕਿਹੜੀ ਸਜ਼ਾ ਦੇਣੀ ਸੀ ਜੇ ਉਹ ਪਾਪ ਕਰਦਾ? ਕੀ ਉਸ ਨੂੰ ਮੌਤ ਨਹੀਂ ਮਿਲਣੀ ਸੀ? (ਉਤਪਤ 2:16, 17) ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ।” (ਰੋਮੀਆਂ 6:23) ਜਦੋਂ ਆਦਮ ਮਰਿਆ ਸੀ ਤਾਂ ਉਸ ਨੇ ਆਪਣੇ ਪਾਪ ਦੀ ਕੀਮਤ ਚੁਕਾ ਲਈ। ਉਸ ਨੂੰ ਜ਼ਿੰਦਗੀ ਦਿੱਤੀ ਗਈ ਸੀ, ਪਰ ਉਸ ਨੇ ਪਾਪ ਕਰ ਕੇ ਮੌਤ ਦੀ ਸਜ਼ਾ ਪਾਈ ਸੀ। (ਉਤਪਤ 3:19) ਪਰ ਉਸ ਪਾਪ ਦੇ ਕਾਰਨ ਬਾਕੀ ਮਨੁੱਖਜਾਤੀ ਨੂੰ ਮਿਲੀ ਸਜ਼ਾ ਬਾਰੇ ਕੀ? ਉਨ੍ਹਾਂ ਦੇ ਪਾਪਾਂ ਦੀ ਕੀਮਤ ਚੁਕਾਉਣ ਵਾਸਤੇ ਕਿਸੇ ਹੋਰ ਨੂੰ ਆਪਣੀ ਜਾਨ ਦੇਣ ਦੀ ਲੋੜ ਸੀ। ਪਰ ਕਿਸ ਦੀ ਮੌਤ ਸਾਰੀ ਮਨੁੱਖਜਾਤੀ ਦੇ ਪਾਪਾਂ ਦੀ ਕੀਮਤ ਪੂਰੀ ਤਰ੍ਹਾਂ ਚੁਕਾ ਸਕਦੀ ਸੀ?

ਇਸਰਾਏਲ ਦੀ ਕੌਮ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ “ਜੀਵਨ ਦੇ ਵੱਟੇ ਜੀਵਨ” ਦਿੱਤਾ ਜਾਣਾ ਚਾਹੀਦਾ ਸੀ। (ਕੂਚ 21:23) ਕਾਨੂੰਨੀ ਸਿਧਾਂਤਾਂ ਦੇ ਅਨੁਸਾਰ ਮਨੁੱਖਜਾਤੀ ਦੇ ਅਪਰਾਧਾਂ ਨੂੰ ਢਕਣ ਲਈ ਅਜਿਹੀ ਕੀਮਤ ਦੀ ਲੋੜ ਸੀ ਜੋ ਆਦਮ ਦੀ ਗੁਆਈ ਹੋਈ ਜ਼ਿੰਦਗੀ ਦੇ ਬਰਾਬਰ ਸੀ। ਸਿਰਫ਼ ਇਕ ਸੰਪੂਰਣ ਆਦਮੀ ਦੀ ਮੌਤ ਹੀ ਪਾਪ ਦੀ ਮਜੂਰੀ ਦੇ ਸਕਦੀ ਸੀ। ਯਿਸੂ ਉਹ ਸੰਪੂਰਣ ਆਦਮੀ ਸੀ। ਜੀ ਹਾਂ, ਯਿਸੂ ਹੀ ਉਹ “ਬਰਾਬਰ ਦਾ ਬਲੀਦਾਨ” ਸੀ ਜੋ ਆਦਮ ਦੀ ਸੰਤਾਨ ਨੂੰ ਛੁਡਾ ਸਕਦਾ ਸੀ।​—1 ਤਿਮੋਥਿਉਸ 2:6; ਰੋਮੀਆਂ 5:16, 17.

ਯਿਸੂ ਦੀ ਮੌਤ ਬਹੁਤ ਹੀ ਕੀਮਤੀ ਹੈ

ਆਦਮ ਦੀ ਮੌਤ ਤੋਂ ਕੋਈ ਫ਼ਾਇਦਾ ਨਹੀਂ ਹੋਇਆ; ਉਸ ਨੂੰ ਮੌਤ ਦੀ ਸਜ਼ਾ ਮਿਲੀ ਕਿਉਂਕਿ ਉਸ ਨੇ ਪਾਪ ਕੀਤਾ ਸੀ। ਪਰ, ਯਿਸੂ ਦੀ ਮੌਤ ਬਹੁਤ ਹੀ ਕੀਮਤੀ ਸੀ ਕਿਉਂਕਿ ਮਰਨ ਵੇਲੇ ਉਹ ਸੰਪੂਰਣ ਸੀ। ਪਾਪੀ ਆਦਮ ਦੀ ਆਗਿਆਕਾਰ ਸੰਤਾਨ ਨੂੰ ਰਿਹਾ ਕਰਨ ਲਈ ਯਹੋਵਾਹ ਪਰਮੇਸ਼ੁਰ ਯਿਸੂ ਦੇ ਸੰਪੂਰਣ ਬਲੀਦਾਨ ਨੂੰ ਕਬੂਲ ਕਰ ਸਕਦਾ ਸੀ। ਅਤੇ ਯਿਸੂ ਦਾ ਬਲੀਦਾਨ ਸਿਰਫ਼ ਸਾਡੇ ਪਿਛਲੇ ਪਾਪਾਂ ਤੋਂ ਸਾਨੂੰ ਰਿਹਾਈ ਕਰਨ ਲਈ ਨਹੀਂ ਦਿੱਤਾ ਗਿਆ ਸੀ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਸਾਡੇ ਲਈ ਭਵਿੱਖ ਦੀ ਕੋਈ ਉਮੀਦ ਨਾ ਹੁੰਦੀ। ਅਸੀਂ ਜਨਮ ਤੋਂ ਹੀ ਪਾਪੀ ਹਾਂ ਅਤੇ ਇਸ ਲਈ ਅਸੀਂ ਵਾਰ-ਵਾਰ ਜ਼ਰੂਰ ਪਾਪ ਕਰਾਂਗੇ। (ਜ਼ਬੂਰ 51:5) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਿਸੂ ਦੀ ਮੌਤ ਨੇ ਸਾਡੇ ਲਈ ਸੰਪੂਰਣਤਾ ਹਾਸਲ ਕਰਨ ਦਾ ਮੌਕਾ ਪੇਸ਼ ਕੀਤਾ ਹੈ ਜੋ ਕਿ ਆਦਮ ਅਤੇ ਹੱਵਾਹ ਦੀ ਸੰਤਾਨ ਲਈ ਯਹੋਵਾਹ ਦਾ ਮੁਢਲਾ ਮਕਸਦ ਸੀ!

ਆਦਮ ਦੀ ਤੁਲਨਾ ਅਜਿਹੇ ਪਿਤਾ ਦੇ ਨਾਲ ਕੀਤੀ ਜਾ ਸਕਦੀ ਹੈ ਜੋ ਮਰ ਕੇ ਸਾਡੇ ਸਿਰ ਇੰਨਾ ਵੱਡਾ ਕਰਜ਼ (ਯਾਨੀ ਪਾਪ) ਛੱਡ ਗਿਆ ਹੈ ਕਿ ਉਸ ਨੂੰ ਚੁਕਾਉਣਾ ਨਾਮੁਮਕਿਨ ਹੈ। ਦੂਸਰੇ ਪਾਸੇ, ਯਿਸੂ ਇਕ ਚੰਗੇ ਪਿਤਾ ਵਰਗਾ ਹੈ ਜੋ ਮਰਨ ਵੇਲੇ ਸਾਡੇ ਵਾਸਤੇ ਵੱਡੀ ਵਿਰਾਸਤ ਛੱਡ ਗਿਆ ਜਿਸ ਰਾਹੀਂ ਅਸੀਂ ਨਾ ਸਿਰਫ਼ ਆਦਮ ਦੇ ਕਰਜ਼ ਦਾ ਬੋਝ ਚੁਕਾ ਸਕਦੇ ਹਾਂ ਪਰ ਸਦਾ ਲਈ ਜੀ ਵੀ ਸਕਦੇ ਹਾਂ। ਯਿਸੂ ਦੀ ਮੌਤ ਨੇ ਸਿਰਫ਼ ਸਾਡੇ ਪਾਪਾਂ ਨੂੰ ਹੀ ਨਹੀਂ ਮਿਟਾਇਆ; ਇਸ ਨੇ ਸਾਡੇ ਭਵਿੱਖ ਲਈ ਵਧੀਆ ਉਮੀਦ ਵੀ ਦਿੱਤੀ।

ਯਿਸੂ ਬਚਾਉਂਦਾ ਹੈ ਕਿਉਂਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ। ਉਸ ਦੀ ਮੌਤ ਸਾਡੇ ਲਈ ਕਿੰਨੀ ਕੀਮਤੀ ਹੈ! ਜਦੋਂ ਅਸੀਂ ਸਮਝਦੇ ਹਾਂ ਕਿ ਇਹ ਪਰਮੇਸ਼ੁਰ ਵੱਲੋਂ ਆਦਮ ਦੇ ਪਾਪ ਵਜੋਂ ਖੜ੍ਹੀ ਹੋਈ ਵੱਡੀ ਸਮੱਸਿਆ ਦਾ ਹੱਲ ਹੈ, ਤਾਂ ਯਹੋਵਾਹ ਅਤੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਵਿਚ ਸਾਡੀ ਨਿਹਚਾ ਵਧਾਈ ਜਾਂਦੀ ਹੈ। ਜੀ ਹਾਂ, ਯਿਸੂ ਦੀ ਮੌਤ ਕਾਰਨ ‘ਨਿਹਚਾ ਕਰਨ’ ਵਾਲੇ ਲੋਕ ਪਾਪ, ਬੀਮਾਰੀ, ਬੁਢਾਪੇ, ਅਤੇ ਮੌਤ ਤੋਂ ਮੁਕਤੀ ਪਾ ਸਕਦੇ ਹਨ। (ਯੂਹੰਨਾ 3:16) ਮੁਕਤੀ ਦੇ ਇਸ ਪ੍ਰਬੰਧ ਲਈ ਕੀ ਤੁਸੀਂ ਪਰਮੇਸ਼ੁਰ ਦਾ ਸ਼ੁਕਰ ਕਰਦੇ ਹੋ?

[ਸਫ਼ੇ 5 ਉੱਤੇ ਤਸਵੀਰ]

ਆਦਮ ਨੇ ਮਨੁੱਖਜਾਤੀ ਉ ਤੇ ਪਾਪ ਅਤੇ ਮੌਤ ਲਿਆਂਦੀ

[ਸਫ਼ੇ 6 ਉੱਤੇ ਤਸਵੀਰ]

ਯਹੋਵਾਹ ਨੇ ਇਕ ਸੰਪੂਰਣ ਪ੍ਰਬੰਧ ਕੀਤਾ