Skip to content

Skip to table of contents

ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ

ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ

ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ

ਦੁਨੀਆਂ ਦਾ ਇਕ ਚੋਟੀ ਦਾ ਖਿਡਾਰੀ, ਆਪਣੀ ਖੇਡ ਵਿਚ ਪੂਰੀ ਤਰ੍ਹਾਂ ਮਾਹਰ ਅਤੇ ਬਾਹਰੋਂ ਦੇਖਣ ਨੂੰ ਬਹੁਤ ਸਿਹਤਮੰਦ ਲੱਗਦਾ ਸੀ। ਪਰ ਇਕ ਦਿਨ ਅਚਾਨਕ ਉਹ ਅਭਿਆਸ ਕਰਦੇ-ਕਰਦੇ ਬੇਹੋਸ਼ ਹੋ ਕੇ ਡਿੱਗਿਆ ਤੇ ਮਰ ਗਿਆ। ਉਸ ਖਿਡਾਰੀ ਦਾ ਨਾਂ ਸਯਿਰਗਯੇ ਗਰੀਨਕੌਫ ਸੀ ਜਿਸ ਨੇ ਓਲੰਪਕ ਖੇਡਾਂ ਵਿਚ ਆਈਸ ਸਕੇਟਿੰਗ ਵਿਚ ਦੋ ਵਾਰ ਗੋਲਡ ਮੈਡਲ ਜਿੱਤਿਆ ਸੀ। ਉਸ ਨੇ ਅਜੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਮੌਤ ਉਸ ਦੇ ਰਾਹ ਵਿਚ ਆ ਖੜ੍ਹੀ ਹੋਈ। ਉਸ ਵੇਲੇ ਉਹ ਸਿਰਫ਼ 28 ਸਾਲਾਂ ਦਾ ਹੀ ਸੀ। ਕਿੰਨੀ ਵੱਡੀ ਤ੍ਰਾਸ਼ਦੀ! ਉਸ ਦੀ ਮੌਤ ਦਾ ਕਾਰਨ ਕੀ ਸੀ? ਦਿਲ ਦਾ ਦੌਰਾ। ਇਹ ਕਿਹਾ ਗਿਆ ਸੀ ਕਿ ਉਸ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਉਸ ਵਿਚ ਇਸ ਤਰ੍ਹਾਂ ਦਾ ਕੋਈ ਲੱਛਣ ਨਜ਼ਰ ਨਹੀਂ ਆਇਆ ਕਿ ਉਹ ਦਿਲ ਦੇ ਰੋਗ ਨਾਲ ਪੀੜਿਤ ਸੀ। ਪਰ ਜਾਂਚ ਕਰਨ ਤੇ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਸ ਦਾ ਦਿਲ ਸੁੱਜਿਆ ਹੋਇਆ ਸੀ ਤੇ ਖ਼ੂਨ ਦੀਆਂ ਨਾੜੀਆਂ ਕਾਫ਼ੀ ਹੱਦ ਤਕ ਬੰਦ ਸਨ।

ਭਾਵੇਂ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਵਿਅਕਤੀ ਵਿਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਡਾਕਟਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਹੀ ਘੱਟ ਦੇਖਣ ਵਿਚ ਆਉਂਦੇ ਹਨ। ਹਕੀਕਤ ਤਾਂ ਇਹ ਹੈ ਕਿ ਸਾਹ ਲੈਣ ਵਿਚ ਤਕਲੀਫ਼, ਸਰੀਰ ਦਾ ਲੋੜੋਂ ਵੱਧ ਭਾਰ, ਅਤੇ ਛਾਤੀ ਵਿਚ ਦਰਦ ਇਸ ਬੀਮਾਰੀ ਦੇ ਆਮ ਲੱਛਣ ਅਤੇ ਕਾਰਨ ਹਨ ਜਿਨ੍ਹਾਂ ਨੂੰ ਅਕਸਰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਦੌਰਾ ਪੈਣ ਤੇ ਭਾਵੇਂ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਨਾ ਵੀ ਹੋਵੇ, ਮਰੀਜ਼ ਉਮਰ ਭਰ ਲਈ ਅਪੰਗ ਹੋ ਜਾਂਦੇ ਹਨ।

ਅੱਜ ਡਾਕਟਰੀ ਮਾਹਰ ਇਸ ਗੱਲ ਤੇ ਸਹਿਮਤ ਹਨ ਕਿ ਦਿਲ ਦੇ ਦੌਰੇ ਤੋਂ ਬਚਣ ਲਈ ਲਗਾਤਾਰ ਆਪਣੀ ਖ਼ੁਰਾਕ ਤੇ ਜ਼ਿੰਦਗੀ ਦੇ ਤੌਰ-ਤਰੀਕੇ ਉੱਤੇ ਨਜ਼ਰ ਰੱਖਣੀ ਅਤੇ ਆਪਣੀ ਸਿਹਤ ਦੀ ਬਾਕਾਇਦਾ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ। * ਅਜਿਹੀਆਂ ਸਾਵਧਾਨੀਆਂ ਵਰਤਣ ਅਤੇ ਲੋੜ ਪੈਣ ਤੇ ਜ਼ਰੂਰੀ ਤਬਦੀਲੀਆਂ ਕਰਨ ਲਈ ਤਿਆਰ ਰਹਿਣ ਨਾਲ ਇਕ ਵਿਅਕਤੀ ਦਿਲ ਦੇ ਦੌਰੇ ਦੇ ਦੁਖਦਾਈ ਪ੍ਰਭਾਵਾਂ ਤੋਂ ਬਚਿਆ ਰਹਿ ਸਕਦਾ ਹੈ।

ਪਰ ਸਾਡੇ ਦਿਲ ਦਾ ਇਕ ਹੋਰ ਪਹਿਲੂ ਹੈ ਜਿਸ ਵੱਲ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!” (ਕਹਾਉਤਾਂ 4:23) ਇਸ ਆਇਤ ਵਿਚ ਮੁੱਖ ਤੌਰ ਤੇ ਲਾਖਣਿਕ ਦਿਲ ਦਾ ਜ਼ਿਕਰ ਕੀਤਾ ਗਿਆ ਹੈ। ਆਪਣੇ ਸਰੀਰਕ ਦਿਲ ਨੂੰ ਬਚਾਈ ਰੱਖਣ ਲਈ ਇਸ ਦਾ ਲਗਾਤਾਰ ਧਿਆਨ ਰੱਖਣ ਦੀ ਲੋੜ ਹੈ, ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਲਾਖਣਿਕ ਦਿਲ ਦੀ ਰੱਖਿਆ ਕਰਨ ਵਿਚ ਹਮੇਸ਼ਾ ਚੌਕਸ ਰਹੀਏ ਤਾਂਕਿ ਇਸ ਨੂੰ ਜਾਨ-ਲੇਵਾ ਬੀਮਾਰੀਆਂ ਨਾ ਲੱਗਣ।

ਲਾਖਣਿਕ ਦਿਲ ਦੇ ਦੌਰੇ ਦੇ ਮੁੱਖ ਕਾਰਨ

ਜਿਵੇਂ ਕਿ ਸਰੀਰਕ ਦਿਲ ਦੇ ਦੌਰੇ ਤੋਂ ਬਚਣ ਦਾ ਇਕ ਪੱਕਾ ਉਪਾਅ ਇਸ ਦੇ ਕਾਰਨਾਂ ਬਾਰੇ ਜਾਣਨਾ ਅਤੇ ਉਨ੍ਹਾਂ ਤੋਂ ਬਚਣਾ ਹੈ, ਉਸੇ ਤਰ੍ਹਾਂ ਲਾਖਣਿਕ ਦਿਲ ਦੇ ਦੌਰੇ ਦੇ ਕਾਰਨਾਂ ਬਾਰੇ ਜਾਣਨਾ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਕਦਮ ਚੁੱਕਣੇ ਬਹੁਤ ਜ਼ਰੂਰੀ ਹੁੰਦੇ ਹਨ। ਇਸ ਲਈ ਆਓ ਆਪਾਂ ਉਨ੍ਹਾਂ ਕੁਝ ਆਮ ਕਾਰਨਾਂ ਉੱਤੇ ਗੌਰ ਕਰੀਏ ਜਿਨ੍ਹਾਂ ਕਰਕੇ ਸਰੀਰਕ ਤੇ ਲਾਖਣਿਕ ਦਿਲ ਦੀਆਂ ਬੀਮਾਰੀਆਂ ਲੱਗਦੀਆਂ ਹਨ।

ਖ਼ੁਰਾਕ। ਲੋਕ ਅਕਸਰ ਮੰਨਦੇ ਹਨ ਕਿ ਬਾਜ਼ਾਰ ਵਿਚ ਵਿਕਣ ਵਾਲਾ ਚਟਪਟਾ ਘਟੀਆ ਖਾਣਾ ਚਾਹੇ ਸਾਡੀ ਜੀਭ ਨੂੰ ਬੜਾ ਸੁਆਦੀ ਲੱਗਦਾ ਹੈ, ਪਰ ਇਸ ਨਾਲ ਸਾਡੀ ਸਿਹਤ ਨੂੰ ਬਹੁਤ ਘੱਟ ਜਾਂ ਕੋਈ ਫ਼ਾਇਦਾ ਨਹੀਂ ਹੁੰਦਾ। ਇਸੇ ਤਰ੍ਹਾਂ, ਘਟੀਆ ਮਾਨਸਿਕ ਭੋਜਨ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇਹ ਸਾਡੀਆਂ ਗਿਆਨ-ਇੰਦਰੀਆਂ ਨੂੰ ਬਹੁਤ ਚੰਗਾ ਲੱਗਦਾ ਹੈ, ਪਰ ਇਹ ਇਕ ਵਿਅਕਤੀ ਦੀ ਅਧਿਆਤਮਿਕ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ। ਇਸ ਤਰ੍ਹਾਂ ਦਾ ਘਟੀਆ ਖਾਣਾ ਸੰਚਾਰ ਮਾਧਿਅਮ ਦੁਆਰਾ ਬਹੁਤ ਚਲਾਕੀ ਨਾਲ ਲੋਕਾਂ ਸਾਮ੍ਹਣੇ ਪਰੋਸਿਆ ਜਾਂਦਾ ਹੈ ਜਿਸ ਵਿਚ ਨਾਜਾਇਜ਼ ਸਰੀਰਕ ਸੰਬੰਧਾਂ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਹਿੰਸਾ ਅਤੇ ਜਾਦੂ-ਮੰਤਰ ਦਿਖਾਇਆ ਜਾਂਦਾ ਹੈ। ਆਪਣੇ ਦਿਮਾਗ਼ ਨੂੰ ਅਜਿਹੀ ਖ਼ੁਰਾਕ ਦੇਣ ਨਾਲ ਸਾਡੇ ਲਾਖਣਿਕ ਦਿਲ ਉੱਤੇ ਮਾਰੂ ਅਸਰ ਪੈਂਦਾ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਚੇਤਾਵਨੀ ਦਿੰਦਾ ਹੈ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ। ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”​—1 ਯੂਹੰਨਾ 2:16, 17.

ਚਟਪਟਾ ਘਟੀਆ ਭੋਜਨ ਖਾਣ ਵਾਲੇ ਨੂੰ ਫਲ ਤੇ ਹਰੀਆਂ ਸਬਜ਼ੀਆਂ ਵਰਗਾ ਪੌਸ਼ਟਿਕ ਭੋਜਨ ਬਿਲਕੁਲ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ, ਉਸ ਵਿਅਕਤੀ ਨੂੰ ਪੌਸ਼ਟਿਕ ਤੇ ਠੋਸ ਅਧਿਆਤਮਿਕ ਭੋਜਨ ਬਿਲਕੁਲ ਚੰਗਾ ਨਹੀਂ ਲੱਗਦਾ ਜਿਸ ਨੂੰ ਆਪਣੇ ਦਿਲ-ਦਿਮਾਗ਼ ਨੂੰ ਦੁਨੀਆਂ ਦੀ ਘਟੀਆ ਖ਼ੁਰਾਕ ਦੇਣ ਦੀ ਆਦਤ ਲੱਗੀ ਹੁੰਦੀ ਹੈ। ਕੁਝ ਸਮੇਂ ਲਈ, ਉਹ ਸ਼ਾਇਦ ਪਰਮੇਸ਼ੁਰ ਦੇ ਬਚਨ ਦੇ “ਦੁੱਧ” ਨਾਲ ਹੀ ਕੰਮ ਚਲਾ ਲੈਂਦਾ ਹੈ। (ਇਬਰਾਨੀਆਂ 5:13) ਪਰ ਉਹ ਅਧਿਆਤਮਿਕ ਤੌਰ ਤੇ ਪਰਿਪੱਕ ਨਹੀਂ ਬਣਦਾ ਅਤੇ ਇਸ ਲਈ ਉਹ ਮਸੀਹੀ ਕਲੀਸਿਯਾ ਅਤੇ ਸੇਵਕਾਈ ਵਿਚ ਆਪਣੀਆਂ ਬੁਨਿਆਦੀ ਅਧਿਆਤਮਿਕ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਸਕਦਾ। (ਮੱਤੀ 24:14; 28:19; ਇਬਰਾਨੀਆਂ 10:24, 25) ਅਜਿਹੀ ਸਥਿਤੀ ਵਿਚ ਕੁਝ ਲੋਕਾਂ ਨੇ ਆਪਣੀ ਅਧਿਆਤਮਿਕ ਤਾਕਤ ਨੂੰ ਇਸ ਹੱਦ ਤਕ ਕਮਜ਼ੋਰ ਕਰ ਲਿਆ ਕਿ ਉਹ ਸਿਰਫ਼ ਨਾਂ ਦੇ ਹੀ ਗਵਾਹ ਬਣ ਕੇ ਰਹਿ ਗਏ ਹਨ!

ਇਕ ਹੋਰ ਖ਼ਤਰਾ ਹੈ ਬਾਹਰੀ ਦਿੱਖ ਜੋ ਸਾਨੂੰ ਧੋਖਾ ਦੇ ਸਕਦੀ ਹੈ। ਮਸੀਹੀ ਜ਼ਿੰਮੇਵਾਰੀਆਂ ਨੂੰ ਬਾਹਰੋਂ-ਬਾਹਰੋਂ ਪੂਰਾ ਕਰਨ ਨਾਲ ਸ਼ਾਇਦ ਇਕ ਮਸੀਹੀ ਦੇ ਲਾਖਣਿਕ ਦਿਲ ਵਿਚ ਵੱਧ ਰਹੀ ਬੀਮਾਰੀ ਲੁਕ ਜਾਵੇ। ਗੁਪਤ ਤੌਰ ਤੇ ਭੌਤਿਕਵਾਦੀ ਫ਼ਲਸਫ਼ੇ ਅਪਣਾਉਣ ਜਾਂ ਅਨੈਤਿਕਤਾ, ਹਿੰਸਾ ਜਾਂ ਜਾਦੂ-ਮੰਤਰ ਨਾਲ ਭਰੇ ਮਨੋਰੰਜਨ ਦਾ ਆਨੰਦ ਮਾਣਨ ਨਾਲ ਉਸ ਦਾ ਦਿਲ ਕਮਜ਼ੋਰ ਹੋ ਜਾਵੇਗਾ। ਸ਼ਾਇਦ ਉਸ ਨੂੰ ਲੱਗੇ ਕਿ ਅਜਿਹੀ ਘਟੀਆ ਅਧਿਆਤਮਿਕ ਖ਼ੁਰਾਕ ਦਾ ਉਸ ਦੀ ਅਧਿਆਤਮਿਕਤਾ ਉੱਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਪਰ ਜਿਵੇਂ ਘਟੀਆ ਖ਼ੁਰਾਕ ਲੈਣ ਨਾਲ ਖ਼ੂਨ ਦੀਆਂ ਨਾੜੀਆਂ ਸਖ਼ਤ ਹੋ ਸਕਦੀਆਂ ਹਨ ਤੇ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ, ਉਸੇ ਤਰ੍ਹਾਂ ਘਟੀਆ ਅਧਿਆਤਮਿਕ ਖ਼ੁਰਾਕ ਨਾਲ ਲਾਖਣਿਕ ਦਿਲ ਨਿਕੰਮਾ ਹੋ ਸਕਦਾ ਹੈ। ਯਿਸੂ ਨੇ ਦਿਲ ਵਿਚ ਗ਼ਲਤ ਇੱਛਾਵਾਂ ਨੂੰ ਪੈਦਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ। ਉਸ ਨੇ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਜੀ ਹਾਂ, ਘਟੀਆ ਅਧਿਆਤਮਿਕ ਖ਼ੁਰਾਕ ਨਾਲ ਅਧਿਆਤਮਿਕ ਦਿਲ ਦਾ ਦੌਰਾ ਪੈ ਸਕਦਾ ਹੈ। ਪਰ ਸਾਨੂੰ ਹੋਰ ਕਈ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਕਸਰਤ। ਸਭ ਨੂੰ ਪਤਾ ਹੈ ਕਿ ਜਿਹੜੇ ਲੋਕ ਹਮੇਸ਼ਾ ਬੈਠੇ ਰਹਿੰਦੇ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸੇ ਤਰ੍ਹਾਂ, ਅਧਿਆਤਮਿਕ ਤੌਰ ਤੇ ਸੁਸਤ ਜ਼ਿੰਦਗੀ ਦੇ ਵੀ ਭਿਆਨਕ ਸਿੱਟੇ ਨਿਕਲ ਸਕਦੇ ਹਨ। ਉਦਾਹਰਣ ਲਈ, ਇਕ ਵਿਅਕਤੀ ਸ਼ਾਇਦ ਮਸੀਹੀ ਸੇਵਕਾਈ ਵਿਚ ਥੋੜ੍ਹਾ ਜਿਹਾ ਹਿੱਸਾ ਲੈ ਕੇ ਹੀ ਸੰਤੁਸ਼ਟ ਰਹੇ। ਉਹ ਸ਼ਾਇਦ ‘ਅਜਿਹਾ ਕਾਰੀਗਰ ਠਹਿਰਨ’ ਦਾ ਬਹੁਤ ਘੱਟ ਜਾਂ ਬਿਲਕੁਲ ਵੀ ਜਤਨ ਨਾ ਕਰੇ “ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਜਾਂ ਉਹ ਕੁਝ ਮਸੀਹੀ ਸਭਾਵਾਂ ਵਿਚ ਤਾਂ ਆਉਂਦਾ ਹੋਵੇ, ਪਰ ਇਨ੍ਹਾਂ ਦੀ ਤਿਆਰੀ ਕਰਨ ਤੇ ਇਨ੍ਹਾਂ ਵਿਚ ਹਿੱਸਾ ਲੈਣ ਦਾ ਜਤਨ ਨਾ ਕਰੇ। ਉਹ ਸ਼ਾਇਦ ਕੋਈ ਅਧਿਆਤਮਿਕ ਟੀਚਾ ਨਾ ਰੱਖੇ ਜਾਂ ਉਸ ਨੂੰ ਅਧਿਆਤਮਿਕ ਚੀਜ਼ਾਂ ਲਈ ਭੁੱਖ ਜਾਂ ਜੋਸ਼ ਨਾ ਹੋਵੇ। ਅਧਿਆਤਮਿਕ ਕਸਰਤ ਦੀ ਘਾਟ ਕਰਕੇ ਅਖ਼ੀਰ ਉਸ ਵਿਚ ਜੋ ਥੋੜ੍ਹੀ-ਬਹੁਤੀ ਨਿਹਚਾ ਹੁੰਦੀ ਹੈ, ਉਹ ਕਮਜ਼ੋਰ ਹੋ ਜਾਂਦੀ ਹੈ ਜਾਂ ਮਰ ਜਾਂਦੀ ਹੈ। (ਯਾਕੂਬ 2:26) ਇਬਰਾਨੀ ਮਸੀਹੀਆਂ ਨੂੰ ਚਿੱਠੀ ਵਿਚ ਪੌਲੁਸ ਰਸੂਲ ਨੇ ਇਸ ਖ਼ਤਰੇ ਬਾਰੇ ਲਿਖਿਆ ਕਿਉਂਕਿ ਉਨ੍ਹਾਂ ਵਿੱਚੋਂ ਕੁਝ ਮਸੀਹੀ ਅਧਿਆਤਮਿਕ ਤੌਰ ਤੇ ਸੁਸਤ ਹੋ ਗਏ ਸਨ। ਧਿਆਨ ਦਿਓ ਕਿ ਉਸ ਨੇ ਉਨ੍ਹਾਂ ਦੀਆਂ ਅਧਿਆਤਮਿਕ ਖ਼ੂਨ ਦੀਆਂ ਨਾੜੀਆਂ ਦੇ ਸਖ਼ਤ ਹੋਣ ਬਾਰੇ ਕਿਵੇਂ ਚੇਤਾਵਨੀ ਦਿੱਤੀ ਸੀ। “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।”​—ਇਬਰਾਨੀਆਂ 3:12, 13.

ਤਣਾਅ। ਦਿਲ ਦੇ ਦੌਰੇ ਦਾ ਇਕ ਹੋਰ ਵੱਡਾ ਕਾਰਨ ਹੈ ਬਹੁਤ ਜ਼ਿਆਦਾ ਤਣਾਅ। ਇਸੇ ਤਰ੍ਹਾਂ, ਤਣਾਅ ਜਾਂ “ਸੰਸਾਰ ਦੀਆਂ ਚਿੰਤਾਂ” ਆਸਾਨੀ ਨਾਲ ਸਾਡੇ ਲਾਖਣਿਕ ਦਿਲ ਉੱਤੇ ਘਾਤਕ ਪ੍ਰਭਾਵ ਪਾ ਸਕਦੀਆਂ ਹਨ। ਇਸ ਕਰਕੇ ਇਕ ਵਿਅਕਤੀ ਪਰਮੇਸ਼ੁਰ ਦੀ ਸੇਵਾ ਕਰਨੀ ਵੀ ਪੂਰੀ ਤਰ੍ਹਾਂ ਛੱਡ ਸਕਦਾ ਹੈ। ਇਸ ਮਾਮਲੇ ਵਿਚ ਯਿਸੂ ਦੀ ਸਲਾਹ ਬਹੁਤ ਫ਼ਾਇਦੇਮੰਦ ਹੈ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ।” (ਲੂਕਾ 21:34, 35) ਜੇ ਅਸੀਂ ਆਪਣੇ ਕਿਸੇ ਗੁੱਝੇ ਪਾਪ ਕਰਕੇ ਬਹੁਤ ਲੰਬੇ ਸਮੇਂ ਤਕ ਦੁਖੀ ਹੁੰਦੇ ਹਾਂ, ਤਾਂ ਇਸ ਕਰਕੇ ਪੈਦਾ ਹੋਇਆ ਤਣਾਅ ਵੀ ਸਾਡੇ ਲਾਖਣਿਕ ਦਿਲ ਉੱਤੇ ਬਹੁਤ ਬੁਰਾ ਅਸਰ ਪਾ ਸਕਦਾ ਹੈ। ਰਾਜਾ ਦਾਊਦ ਨੇ ਇਸ ਹਾਨੀਕਾਰਕ ਤਣਾਅ ਤੋਂ ਹੋਣ ਵਾਲੇ ਦਰਦ ਨੂੰ ਖ਼ੁਦ ਝੱਲਿਆ ਸੀ ਜਿਸ ਬਾਰੇ ਉਸ ਨੇ ਕਿਹਾ: ‘ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁਖ ਨਹੀਂ ਹੈ, ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ।’​—ਜ਼ਬੂਰ 38:3, 4.

ਹੱਦੋਂ ਵੱਧ ਭਰੋਸਾ। ਦਿਲ ਦੇ ਦੌਰੇ ਦੇ ਬਹੁਤ ਸਾਰੇ ਮਰੀਜ਼ ਦੌਰਾ ਪੈਣ ਤੋਂ ਪਹਿਲਾਂ ਆਪਣੀ ਸਿਹਤ ਉੱਤੇ ਲੋੜੋਂ ਵੱਧ ਭਰੋਸਾ ਕਰਦੇ ਸਨ। ਉਨ੍ਹਾਂ ਨੇ ਅਕਸਰ ਆਪਣੀ ਸਿਹਤ ਦੀ ਡਾਕਟਰੀ ਜਾਂਚ ਨਹੀਂ ਕਰਵਾਈ ਜਾਂ ਹੱਸ ਕੇ ਟਾਲ ਦਿੱਤਾ ਕਿ ਇਸ ਦੀ ਕੋਈ ਲੋੜ ਨਹੀਂ। ਇਸੇ ਤਰ੍ਹਾਂ ਕੁਝ ਲੋਕ ਸ਼ਾਇਦ ਮਹਿਸੂਸ ਕਰਨ ਕਿ ਉਹ ਕਾਫ਼ੀ ਸਮੇਂ ਤੋਂ ਮਸੀਹੀ ਹਨ, ਇਸ ਲਈ ਉਨ੍ਹਾਂ ਨਾਲ ਕੋਈ ਮਾੜੀ ਗੱਲ ਹੋ ਹੀ ਨਹੀਂ ਸਕਦੀ। ਉਹ ਕੋਈ ਆਫ਼ਤ ਆਉਣ ਤੋਂ ਪਹਿਲਾਂ ਸ਼ਾਇਦ ਅਧਿਆਤਮਿਕ ਤੌਰ ਤੇ ਆਪਣੀ ਜਾਂਚ ਨਾ ਕਰਨ ਦੀ ਅਣਗਹਿਲੀ ਕਰਨ। ਪੌਲੁਸ ਰਸੂਲ ਦੁਆਰਾ ਆਪਣੇ ਉੱਤੇ ਹੱਦੋਂ ਵੱਧ ਭਰੋਸਾ ਨਾ ਰੱਖਣ ਸੰਬੰਧੀ ਦਿੱਤੀ ਚੰਗੀ ਸਲਾਹ ਵੱਲ ਧਿਆਨ ਦੇਣਾ ਜ਼ਰੂਰੀ ਹੈ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” ਇਹ ਬੜੀ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਆਪਣੇ ਨਾਮੁਕੰਮਲ ਸੁਭਾਅ ਨੂੰ ਪਛਾਣੀਏ ਅਤੇ ਸਮੇਂ-ਸਮੇਂ ਤੇ ਅਧਿਆਤਮਿਕ ਤੌਰ ਤੇ ਆਪਣੀ ਜਾਂਚ ਕਰਦੇ ਰਹੀਏ।​—1 ਕੁਰਿੰਥੀਆਂ 10:12; ਕਹਾਉਤਾਂ 28:14.

ਬੀਮਾਰੀ ਦੇ ਲੱਛਣਾਂ ਨੂੰ ਅਣਗੌਲਿਆਂ ਨਾ ਕਰੋ

ਬਾਈਬਲ ਚੰਗੇ ਕਾਰਨ ਕਰਕੇ ਹੀ ਸਾਨੂੰ ਕਹਿੰਦੀ ਹੈ ਕਿ ਲਾਖਣਿਕ ਦਿਲ ਦੀ ਹਾਲਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਯਿਰਮਿਯਾਹ 17:9, 10 ਵਿਚ ਅਸੀਂ ਪੜ੍ਹਦੇ ਹਾਂ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ? ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿਆਂ।” ਪਰ ਸਾਡੇ ਦਿਲ ਦੀ ਜਾਂਚ ਕਰਨ ਤੋਂ ਇਲਾਵਾ, ਯਹੋਵਾਹ ਨੇ ਬੜੇ ਪਿਆਰ ਨਾਲ ਅਜਿਹੇ ਪ੍ਰਬੰਧ ਵੀ ਕੀਤੇ ਹਨ ਜਿਨ੍ਹਾਂ ਦੁਆਰਾ ਅਸੀਂ ਆਪ ਆਪਣੀ ਲੋੜੀਂਦੀ ਜਾਂਚ ਕਰ ਸਕਦੇ ਹਾਂ।

“ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਰਾਹੀਂ, ਸਾਨੂੰ ਸਹੀ ਸਮੇਂ ਤੇ ਜ਼ਰੂਰੀ ਹਿਦਾਇਤਾਂ ਦਿੱਤੀਆਂ ਜਾਂਦੀਆਂ ਹਨ। (ਮੱਤੀ 24:45) ਉਦਾਹਰਣ ਲਈ, ਸਾਡਾ ਲਾਖਣਿਕ ਦਿਲ ਸਾਨੂੰ ਸੁਪਨਿਆਂ ਦੀ ਦੁਨੀਆਂ ਵਿਚ ਗੁਆਚੇ ਰਹਿਣ ਲਈ ਭਰਮਾ ਸਕਦਾ ਹੈ। ਇਨ੍ਹਾਂ ਵਿਚ ਪੂਰੀਆਂ ਨਾ ਹੋਣ ਵਾਲੀਆਂ ਇੱਛਾਵਾਂ, ਹਵਾਈ ਮਹਿਲ ਬਣਾਉਣੇ, ਅਤੇ ਬੇਕਾਰ ਦੀਆਂ ਗੱਲਾਂ ਸੋਚਣੀਆਂ ਸ਼ਾਮਲ ਹਨ। ਇਹ ਬਹੁਤ ਨੁਕਸਾਨਦੇਹ ਸਿੱਧ ਹੋ ਸਕਦੀਆਂ ਹਨ, ਖ਼ਾਸ ਕਰਕੇ ਜੇ ਇਹ ਮਨ ਵਿਚ ਅਨੈਤਿਕ ਵਿਚਾਰ ਪੈਦਾ ਕਰਦੀਆਂ ਹਨ। ਇਸ ਲਈ ਸਾਨੂੰ ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਜੇ ਅਸੀਂ ਯਿਸੂ ਵਾਂਗ ਕੁਧਰਮ ਨਾਲ ਵੈਰ ਰੱਖਾਂਗੇ, ਤਾਂ ਅਸੀਂ ਸੁਪਨਿਆਂ ਦੀ ਦੁਨੀਆਂ ਵਿਚ ਗੁਆਚੇ ਰਹਿਣ ਤੋਂ ਆਪਣੇ ਦਿਲ ਨੂੰ ਬਚਾਵਾਂਗੇ।​—ਇਬਰਾਨੀਆਂ 1:8, 9.

ਇਸ ਤੋਂ ਇਲਾਵਾ, ਮਸੀਹੀ ਕਲੀਸਿਯਾ ਵਿਚ ਪ੍ਰੇਮਮਈ ਬਜ਼ੁਰਗ ਵੀ ਸਾਡੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਜਦ ਕਿ ਦੂਸਰਿਆਂ ਦੀ ਮਦਦ ਦੀ ਅਸੀਂ ਜ਼ਰੂਰ ਕਦਰ ਕਰਦੇ ਹਾਂ, ਪਰ ਅਖ਼ੀਰ ਆਪਣੇ ਲਾਖਣਿਕ ਦਿਲ ਦੀ ਰਾਖੀ ਕਰਨੀ ਹਰ ਵਿਅਕਤੀ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ‘ਸਭਨਾਂ ਗੱਲਾਂ ਨੂੰ ਪਰਖੀਏ’ ਅਤੇ ‘ਆਪਣਾ ਪਰਤਾਵਾ ਕਰੀਏ ਕਿ ਅਸੀਂ ਨਿਹਚਾ ਵਿੱਚ ਹਾਂ ਯਾ ਨਹੀਂ।’​—1 ਥੱਸਲੁਨੀਕੀਆਂ 5:21; 2 ਕੁਰਿੰਥੀਆਂ 13:5.

ਆਪਣੇ ਦਿਲ ਦੀ ਰਾਖੀ ਕਰੋ

ਬਾਈਬਲ ਦਾ ਇਹ ਸਿਧਾਂਤ ਕਿ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ” ਸਾਡੇ ਲਾਖਣਿਕ ਦਿਲ ਉੱਤੇ ਵੀ ਲਾਗੂ ਹੁੰਦਾ ਹੈ। (ਗਲਾਤੀਆਂ 6:7) ਅਕਸਰ ਜੋ ਅਚਾਨਕ ਅਧਿਆਤਮਿਕ ਤਬਾਹੀ ਲੱਗਦੀ ਹੈ, ਉਹ ਅਕਸਰ ਗੁੱਝੇ ਤੌਰ ਤੇ ਲੰਬੇ ਸਮੇਂ ਤਕ ਅਧਿਆਤਮਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਹਿੱਸਾ ਲੈਣ ਦਾ ਨਤੀਜਾ ਹੁੰਦੀ ਹੈ। ਇਨ੍ਹਾਂ ਕੰਮਾਂ ਵਿਚ ਅਸ਼ਲੀਲ ਕਿਤਾਬਾਂ ਜਾਂ ਫ਼ੋਟੋਆਂ ਦੇਖਣੀਆਂ, ਭੌਤਿਕ ਚੀਜ਼ਾਂ ਦੀ ਹੱਦੋਂ ਵੱਧ ਲਾਲਸਾ ਰੱਖਣੀ, ਜਾਂ ਪ੍ਰਸਿੱਧੀ ਜਾਂ ਤਾਕਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਸ਼ਾਮਲ ਹੈ।

ਇਸ ਲਈ ਆਪਣੇ ਦਿਲ ਦੀ ਰਾਖੀ ਕਰਨ ਲਈ ਆਪਣੀ ਅਧਿਆਤਮਿਕ ਖ਼ੁਰਾਕ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਦੇ ਬਚਨ ਨਾਲ ਆਪਣੇ ਦਿਲ-ਦਿਮਾਗ਼ ਨੂੰ ਪੋਸ਼ਿਤ ਕਰੋ। ਭਰਪੂਰ ਮਾਤਰਾ ਵਿਚ ਉਪਲਬਧ ਘਟੀਆ ਮਾਨਸਿਕ ਭੋਜਨ ਤੋਂ ਦੂਰ ਰਹੋ ਜੋ ਸਰੀਰ ਨੂੰ ਤਾਂ ਚੰਗਾ ਲੱਗਦਾ ਹੈ ਪਰ ਜਿਸ ਨਾਲ ਲਾਖਣਿਕ ਦਿਲ ਸਖ਼ਤ ਹੋ ਜਾਂਦਾ ਹੈ। ਜ਼ਬੂਰਾਂ ਦਾ ਲਿਖਾਰੀ ਇਸ ਬਾਰੇ ਇਕ ਢੁਕਵੀਂ ਤੇ ਡਾਕਟਰੀ ਤੌਰ ਤੇ ਸਹੀ ਉਦਾਹਰਣ ਦਿੰਦਾ ਹੈ: “ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ।”​—ਜ਼ਬੂਰ 119:70.

ਜੇ ਲੰਬੇ ਸਮੇਂ ਤੋਂ ਤੁਹਾਡੇ ਵਿਚ ਗੁੱਝੇ ਔਗੁਣ ਹਨ, ਤਾਂ ਉਨ੍ਹਾਂ ਨੂੰ ਜੜ੍ਹੋਂ ਪੁੱਟਣ ਲਈ ਸਖ਼ਤ ਮਿਹਨਤ ਕਰੋ, ਇਸ ਤੋਂ ਪਹਿਲਾਂ ਕਿ ਉਹ ਤੁਹਾਡੀਆਂ ਲਾਖਣਿਕ ਖ਼ੂਨ ਦੀਆਂ ਨਾੜੀਆਂ ਨੂੰ ਬੰਦ ਕਰ ਦੇਣ। ਜੇ ਸਾਨੂੰ ਦੁਨੀਆਂ ਚੰਗੀ ਲੱਗਣ ਲੱਗ ਪੈਂਦੀ ਹੈ ਤੇ ਲੱਗਦਾ ਹੈ ਕਿ ਦੁਨੀਆਂ ਵਿਚ ਜਾ ਕੇ ਅਸੀਂ ਜ਼ਿੰਦਗੀ ਦਾ ਜ਼ਿਆਦਾ ਆਨੰਦ ਮਾਣ ਸਕਦੇ ਹਾਂ, ਤਾਂ ਪੌਲੁਸ ਰਸੂਲ ਦੁਆਰਾ ਦਿੱਤੀ ਚੰਗੀ ਸਲਾਹ ਉੱਤੇ ਵਿਚਾਰ ਕਰੋ। ਉਸ ਨੇ ਲਿਖਿਆ: ‘ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਸਮਾ ਘਟਾਇਆ ਗਿਆ ਹੈ ਭਈ ਏਦੋਂ ਅੱਗੇ ਸੰਸਾਰ ਨੂੰ ਵਰਤਣ ਵਾਲੇ ਕਿ ਜਾਣੀਦਾ ਹੱਦੋਂ ਵਧਕੇ ਨਾ ਵਰਤਣ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।’ (1 ਕੁਰਿੰਥੀਆਂ 7:29-31) ਅਤੇ ਜੇ ਦੁਨੀਆਂ ਦੀ ਧਨ-ਦੌਲਤ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ, ਤਾਂ ਅੱਯੂਬ ਦੀ ਸਲਾਹ ਵੱਲ ਧਿਆਨ ਦਿਓ: “ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਯਾ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, ਤਾਂ ਇਹ ਕੋਤਵਾਲਾਂ ਦੇ ਸਜ਼ਾ ਦੇਣ ਜੋਗ ਬਦੀ ਹੁੰਦੀ, ਇਸ ਲਈ ਕਿ ਮੈਂ ਸੁਰਗੀ ਪਰਮੇਸ਼ੁਰ ਦਾ ਇਨਕਾਰ ਕਰ ਦਿੱਤਾ ਹੁੰਦਾ!”​—ਅੱਯੂਬ 31:24, 28; ਜ਼ਬੂਰ 62:10; 1 ਤਿਮੋਥਿਉਸ 6:9, 10.

ਬਾਈਬਲ ਦੀ ਸਲਾਹ ਨੂੰ ਵਾਰ-ਵਾਰ ਅਣਗੌਲਿਆਂ ਕਰਨ ਦੀ ਗੰਭੀਰਤਾ ਬਾਰੇ ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਉ ਨਾ ਹੋਵੇਗਾ।” (ਕਹਾਉਤਾਂ 29:1) ਇਸ ਤੋਂ ਉਲਟ, ਆਪਣੇ ਲਾਖਣਿਕ ਦਿਲ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਕੇ ਸਾਨੂੰ ਉਹ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲ ਸਕਦੀ ਹੈ ਜੋ ਕਿ ਇਕ ਸਾਦੀ ਤੇ ਵਿਵਸਥਿਤ ਜ਼ਿੰਦਗੀ ਜੀਉਣ ਨਾਲ ਮਿਲਦੀ ਹੈ। ਸੱਚੀ ਮਸੀਹੀਅਤ ਹਮੇਸ਼ਾ ਇਹੋ ਜਿਹੀ ਜ਼ਿੰਦਗੀ ਜੀਉਣ ਦੀ ਸਲਾਹ ਦਿੰਦੀ ਹੈ। ਪੌਲੁਸ ਰਸੂਲ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”​—1 ਤਿਮੋਥਿਉਸ 6:6-8.

ਜੀ ਹਾਂ, ਪਰਮੇਸ਼ੁਰੀ ਭਗਤੀ ਅਨੁਸਾਰ ਜੀਉਣ ਦੀ ਸਿਖਲਾਈ ਲੈਣ ਅਤੇ ਉਸ ਉੱਤੇ ਚੱਲਣ ਨਾਲ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡਾ ਲਾਖਣਿਕ ਦਿਲ ਸਿਹਤਮੰਦ ਅਤੇ ਮਜ਼ਬੂਤ ਰਹੇ। ਆਪਣੀ ਅਧਿਆਤਮਿਕ ਖ਼ੁਰਾਕ ਉੱਤੇ ਹਮੇਸ਼ਾ ਨਜ਼ਰ ਰੱਖਣ ਨਾਲ ਅਸੀਂ ਇਸ ਦੁਨੀਆਂ ਦੇ ਤਬਾਹਕੁਨ ਰਾਹਾਂ ਜਾਂ ਸੋਚਾਂ-ਵਿਚਾਰਾਂ ਦੇ ਭੈੜੇ ਅਸਰਾਂ ਤੋਂ ਆਪਣੀ ਅਧਿਆਤਮਿਕਤਾ ਨੂੰ ਬਚਾ ਕੇ ਰੱਖਾਂਗੇ। ਇਸ ਤੋਂ ਇਲਾਵਾ, ਯਹੋਵਾਹ ਦੇ ਸੰਗਠਨ ਰਾਹੀਂ ਕੀਤੇ ਉਸ ਦੇ ਪ੍ਰਬੰਧਾਂ ਨੂੰ ਸਵੀਕਾਰ ਕਰਨ ਦੁਆਰਾ ਆਓ ਆਪਾਂ ਆਪਣੇ ਲਾਖਣਿਕ ਦਿਲ ਦੀ ਬਾਕਾਇਦਾ ਜਾਂਚ ਕਰਦੇ ਰਹੀਏ। ਪੂਰੀ ਮਿਹਨਤ ਨਾਲ ਇਸ ਤਰ੍ਹਾਂ ਕਰਨ ਨਾਲ ਅਸੀਂ ਅਧਿਆਤਮਿਕ ਦਿਲ ਦੇ ਦੌਰੇ ਦੇ ਬੁਰੇ ਅਸਰਾਂ ਤੋਂ ਬਚੇ ਰਹਾਂਗੇ।

[ਫੁਟਨੋਟ]

^ ਪੈਰਾ 4 ਹੋਰ ਜਾਣਕਾਰੀ ਲਈ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਜਾਗਰੂਕ ਬਣੋ! ਦੇ 8 ਦਸੰਬਰ 1996 (ਅੰਗ੍ਰੇਜ਼ੀ) ਵਿਚ “ਦਿਲ ਦਾ ਦੌਰਾ​—ਇਸ ਹਾਲਤ ਵਿਚ ਕੀ ਕੀਤਾ ਜਾ ਸਕਦਾ ਹੈ?” ਲੇਖ-ਮਾਲਾ ਦੇਖੋ।

[ਸਫ਼ੇ 10 ਉੱਤੇ ਸੁਰਖੀ]

ਘਟੀਆ ਅਧਿਆਤਮਿਕ ਭੋਜਨ ਲਾਖਣਿਕ ਦਿਲ ਨੂੰ ਉਸੇ ਤਰ੍ਹਾਂ ਨਿਕੰਮਾ ਕਰ ਸਕਦਾ ਹੈ, ਜਿਵੇਂ ਘਟੀਆ ਭੋਜਨ ਖਾਣ ਨਾਲ ਖ਼ੂਨ ਦੀਆਂ ਨਾੜੀਆਂ ਸਖ਼ਤ ਹੋ ਸਕਦੀਆਂ ਹਨ ਤੇ ਸਰੀਰਕ ਦਿਲ ਨੂੰ ਨੁਕਸਾਨ ਪਹੁੰਚ ਸਕਦਾ ਹੈ

[ਸਫ਼ੇ 10 ਉੱਤੇ ਸੁਰਖੀ]

ਅਧਿਆਤਮਿਕ ਤੌਰ ਤੇ ਸੁਸਤ ਜ਼ਿੰਦਗੀ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ

[ਸਫ਼ੇ 11 ਉੱਤੇ ਸੁਰਖੀ]

“ਸੰਸਾਰ ਦੀਆਂ ਚਿੰਤਾਂ” ਲਾਖਣਿਕ ਦਿਲ ਲਈ ਘਾਤਕ ਸਿੱਧ ਹੋ ਸਕਦੀਆਂ ਹਨ

[ਸਫ਼ੇ 11 ਉੱਤੇ ਤਸਵੀਰ]

ਆਪਣੀ ਅਧਿਆਤਮਿਕ ਸਿਹਤ ਨੂੰ ਅਣਗੌਲਿਆਂ ਕਰਨ ਨਾਲ ਬਹੁਤ ਸਾਰੇ ਦੁੱਖਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ

[ਸਫ਼ੇ 13 ਉੱਤੇ ਤਸਵੀਰਾਂ]

ਚੰਗੀਆਂ ਅਧਿਆਤਮਿਕ ਆਦਤਾਂ ਪੈਦਾ ਕਰਨ ਨਾਲ ਅਸੀਂ ਆਪਣੇ ਲਾਖਣਿਕ ਦਿਲ ਦੀ ਰਾਖੀ ਕਰ ਸਕਦੇ ਹਾਂ

[ਸਫ਼ੇ 9 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

AP Photo/​David Longstreath