Skip to content

Skip to table of contents

“ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ”

“ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ”

“ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ”

ਚਾਨਣ ਇਕ ਅਜਿਹੀ ਚੀਜ਼ ਹੈ ਜਿਸ ਦੀ ਅਕਸਰ ਅਸੀਂ ਉਦੋਂ ਹੀ ਕਦਰ ਕਰਦੇ ਹਾਂ ਜਦੋਂ ਬਿਜਲੀ ਚਲੀ ਜਾਂਦੀ ਹੈ ਤੇ ਸਾਡੇ ਆਂਢ-ਗੁਆਂਢ ਵਿਚ ਪੂਰੀ ਤਰ੍ਹਾਂ ਹਨੇਰਾ ਛਾ ਜਾਂਦਾ ਹੈ। ਪਰ ਖ਼ੁਸ਼ੀ ਦੀ ਗੱਲ ਹੈ ਕਿ ਸਾਡਾ ਆਕਾਸ਼ੀ “ਬਿਜਲੀ ਘਰ” ਯਾਨੀ ਸੂਰਜ ਪੂਰੀ ਤਰ੍ਹਾਂ ਭਰੋਸੇਯੋਗ ਹੈ। ਸੂਰਜ ਦੇ ਚਾਨਣ ਦੀ ਮਦਦ ਨਾਲ ਸਾਨੂੰ ਭੋਜਨ ਮਿਲਦਾ ਹੈ, ਅਸੀਂ ਦੇਖ ਸਕਦੇ ਹਾਂ, ਸਾਹ ਲੈ ਸਕਦੇ ਹਾਂ ਤੇ ਜੀਉਂਦੇ ਰਹਿ ਸਕਦੇ ਹਾਂ।

ਕਿਉਂਕਿ ਜ਼ਿੰਦਗੀ ਲਈ ਚਾਨਣ ਬਹੁਤ ਜ਼ਰੂਰੀ ਹੈ, ਇਸ ਲਈ ਸਾਨੂੰ ਉਤਪਤ ਦੀ ਕਿਤਾਬ ਵਿਚ ਇਹ ਪੜ੍ਹ ਕੇ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਸ੍ਰਿਸ਼ਟੀ ਦੇ ਪਹਿਲੇ ਦਿਨ ਤੇ ਚਾਨਣ ਪ੍ਰਗਟ ਹੋਇਆ ਸੀ। “ਪਰਮੇਸ਼ੁਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ।” (ਉਤਪਤ 1:3) ਰਾਜਾ ਦਾਊਦ ਵਰਗੇ ਭਗਤਾਂ ਨੇ ਹਮੇਸ਼ਾ ਹੀ ਯਹੋਵਾਹ ਨੂੰ ਜੀਵਨ ਤੇ ਚਾਨਣ ਦਾ ਸੋਮਾ ਮੰਨਿਆ ਹੈ। “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ,” ਦਾਊਦ ਨੇ ਲਿਖਿਆ। “ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ।”​—ਜ਼ਬੂਰ 36:9.

ਦਾਊਦ ਦੇ ਸ਼ਬਦ ਸ਼ਾਬਦਿਕ ਤੇ ਲਾਖਣਿਕ ਦੋਵੇਂ ਅਰਥਾਂ ਵਿਚ ਸੱਚ ਹਨ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਕਿਸੇ ਵੀ ਚੀਜ਼ ਨੂੰ ਦੇਖਣ ਲਈ ਚਾਨਣ ਦੀ ਲੋੜ ਹੁੰਦੀ ਹੈ।” ਫਿਰ ਇਹ ਕਹਿੰਦਾ ਹੈ: “ਹੋਰ ਕਿਸੇ ਵੀ ਗਿਆਨ-ਇੰਦਰੀ ਨਾਲੋਂ ਅੱਖਾਂ ਰਾਹੀਂ ਦਿਮਾਗ਼ ਵਿਚ ਜ਼ਿਆਦਾ ਜਾਣਕਾਰੀ ਪਹੁੰਚਦੀ ਹੈ।” ਅਸੀਂ ਜਿੰਨਾ ਕੁਝ ਸਿੱਖਦੇ ਹਾਂ, ਉਹ ਜ਼ਿਆਦਾਤਰ ਸਾਡੀ ਨਜ਼ਰ ਉੱਤੇ ਨਿਰਭਰ ਕਰਦਾ ਹੈ ਜਿਸ ਨੂੰ ਸਹੀ ਤਰ੍ਹਾਂ ਕੰਮ ਕਰਨ ਲਈ ਚਾਨਣ ਦੀ ਲੋੜ ਹੈ। ਚਾਨਣ ਨੂੰ ਬਾਈਬਲ ਵਿਚ ਲਾਖਣਿਕ ਰੂਪ ਵਿਚ ਵੀ ਵਰਤਿਆ ਗਿਆ ਹੈ।

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।” (ਯੂਹੰਨਾ 8:12) ਯਿਸੂ ਨੇ ਇੱਥੇ ਜਿਸ ਲਾਖਣਿਕ ਚਾਨਣ ਦੀ ਗੱਲ ਕੀਤੀ ਹੈ, ਉਹ ਉਸ ਦੁਆਰਾ ਪ੍ਰਚਾਰ ਕੀਤਾ ਗਿਆ ਸੱਚਾਈ ਦਾ ਸੰਦੇਸ਼ ਸੀ ਜੋ ਉਸ ਦੇ ਸੁਣਨ ਵਾਲਿਆਂ ਦੇ ਦਿਲਾਂ-ਦਿਮਾਗ਼ਾਂ ਨੂੰ ਰੌਸ਼ਨ ਕਰ ਸਕਦਾ ਸੀ। ਅਖ਼ੀਰ ਕਈ ਸਾਲਾਂ ਤਕ ਅਧਿਆਤਮਿਕ ਹਨੇਰੇ ਵਿਚ ਰਹਿਣ ਤੋਂ ਬਾਅਦ, ਯਿਸੂ ਦੇ ਚੇਲੇ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਅਤੇ ਰਾਜ ਦੀ ਉਮੀਦ ਨੂੰ ਸਮਝ ਸਕੇ। ਇਹ ਸੱਚ-ਮੁੱਚ “ਜੀਉਣ ਦਾ ਚਾਨਣ” ਸੀ ਕਿਉਂਕਿ ਇਸ ਗਿਆਨ ਨਾਲ ਸਦਾ ਦਾ ਜੀਵਨ ਮਿਲ ਸਕਦਾ ਸੀ। ਯਿਸੂ ਨੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਆਓ ਆਪਾਂ ਕਦੇ ਵੀ ਇਸ ਅਧਿਆਤਮਿਕ ਚਾਨਣ ਨੂੰ ਅਣਗੌਲਿਆਂ ਨਾ ਕਰੀਏ!