Skip to content

Skip to table of contents

ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਨੂੰ ਮੰਨੋ

ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਨੂੰ ਮੰਨੋ

ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਆਗਿਆਵਾਂ ਨੂੰ ਮੰਨੋ

“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”​—ਉਪਦੇਸ਼ਕ ਦੀ ਪੋਥੀ 12:13.

1, 2. (ੳ) ਡਰ ਸਰੀਰਕ ਤੌਰ ਤੇ ਕਿਵੇਂ ਸਾਡੀ ਰੱਖਿਆ ਕਰ ਸਕਦਾ ਹੈ? (ਅ) ਸਮਝਦਾਰ ਮਾਪੇ ਆਪਣੇ ਬੱਚਿਆਂ ਵਿਚ ਡਰ ਪੈਦਾ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹਨ?

“ਠੀਕ ਜਿਵੇਂ ਬਹਾਦਰੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਦਿੰਦੀ ਹੈ, ਉਸੇ ਤਰ੍ਹਾਂ ਡਰ ਇਸ ਨੂੰ ਬਚਾਉਂਦਾ ਹੈ,” ਲੀਓਨਾਰਡੋ ਡ ਵਿਨਚੀ ਦਾ ਇਹ ਕਹਿਣਾ ਸੀ। ਹੂੜ੍ਹਮੱਤੀ ਬਹਾਦਰੀ ਆਦਮੀ ਨੂੰ ਖ਼ਤਰੇ ਤੋਂ ਅੰਨ੍ਹਾ ਕਰ ਦਿੰਦੀ ਹੈ, ਪਰ ਡਰ ਉਸ ਨੂੰ ਖ਼ਬਰਦਾਰ ਕਰਦਾ ਹੈ। ਉਦਾਹਰਣ ਲਈ, ਜੇ ਅਸੀਂ ਇਕ ਪਹਾੜ ਦੇ ਬੰਨੇ ਦੇ ਲਾਗੇ ਜਾਂਦੇ ਹਾਂ ਅਤੇ ਖਾਈ ਦੀ ਡੂੰਘਾਈ ਦੇਖਦੇ ਹਾਂ, ਤਾਂ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੁਭਾਵਕ ਹੀ ਪਿੱਛੇ ਹੱਟ ਜਾਂਦੇ ਹਨ। ਇਸੇ ਤਰ੍ਹਾਂ, ਪਰਮੇਸ਼ੁਰ ਦਾ ਡਰ ਨਾ ਸਿਰਫ਼ ਉਸ ਨਾਲ ਸਾਡੇ ਰਿਸ਼ਤੇ ਨੂੰ ਚੰਗਾ ਬਣਾਉਂਦਾ ਹੈ, ਪਰ ਜਿਵੇਂ ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ, ਇਹ ਸਾਡੀ ਖ਼ਤਰੇ ਤੋਂ ਵੀ ਰੱਖਿਆ ਕਰਦਾ ਹੈ।

2 ਪਰ ਆਧੁਨਿਕ ਜ਼ਿੰਦਗੀ ਦੇ ਬਹੁਤ ਸਾਰੇ ਖ਼ਤਰਿਆਂ ਤੋਂ ਡਰਨਾ ਸਿੱਖਣਾ ਪੈਂਦਾ ਹੈ। ਛੋਟੇ ਬੱਚੇ ਬਿਜਲੀ ਜਾਂ ਸ਼ਹਿਰ ਦੇ ਟ੍ਰੈਫਿਕ ਦੇ ਖ਼ਤਰਿਆਂ ਤੋਂ ਅਣਜਾਣ ਹੁੰਦੇ ਹਨ, ਇਸ ਲਈ ਉਨ੍ਹਾਂ ਨਾਲ ਗੰਭੀਰ ਦੁਰਘਟਨਾ ਆਸਾਨੀ ਨਾਲ ਘਟ ਸਕਦੀ ਹੈ। * ਸਮਝਦਾਰ ਮਾਪੇ ਆਪਣੇ ਬੱਚਿਆਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਖ਼ਤਰਿਆਂ ਤੋਂ ਖ਼ਬਰਦਾਰ ਕਰਦੇ ਹਨ। ਮਾਪੇ ਜਾਣਦੇ ਹਨ ਕਿ ਇਹ ਡਰ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਬਚਾ ਸਕਦਾ ਹੈ।

3. ਯਹੋਵਾਹ ਸਾਨੂੰ ਅਧਿਆਤਮਿਕ ਖ਼ਤਰਿਆਂ ਤੋਂ ਕਿਉਂ ਅਤੇ ਕਿਵੇਂ ਖ਼ਬਰਦਾਰ ਕਰਦਾ ਹੈ?

3 ਯਹੋਵਾਹ ਵੀ ਸਾਡਾ ਭਲਾ ਚਾਹੁੰਦਾ ਹੈ। ਪ੍ਰੇਮਮਈ ਪਿਤਾ ਹੋਣ ਕਰਕੇ ਉਹ ਸਾਡੇ ਲਾਭ ਲਈ ਸਾਨੂੰ ਆਪਣੇ ਬਚਨ ਅਤੇ ਸੰਗਠਨ ਰਾਹੀਂ ਸਿਖਾਉਂਦਾ ਹੈ। (ਯਸਾਯਾਹ 48:17) ਇਸ ਸਿੱਖਿਆ ਪ੍ਰੋਗ੍ਰਾਮ ਵਿਚ ਸਾਨੂੰ ਅਧਿਆਤਮਿਕ ਖ਼ਤਰਿਆਂ ਤੋਂ “ਵਾਰ-ਵਾਰ” ਖ਼ਬਰਦਾਰ ਕਰਨਾ ਵੀ ਸ਼ਾਮਲ ਹੈ ਤਾਂਕਿ ਸਾਡੇ ਅੰਦਰ ਅਜਿਹੇ ਖ਼ਤਰਿਆਂ ਦਾ ਡਰ ਪੈਦਾ ਹੋ ਸਕੇ। (2 ਇਤਹਾਸ 36:15, ਨਿ ਵ; 2 ਪਤਰਸ 3:1) ਇਤਿਹਾਸ ਵਿਚ ਇਨਸਾਨਾਂ ਉੱਤੇ ਆਈਆਂ ਬਹੁਤ ਸਾਰੀਆਂ ਅਧਿਆਤਮਿਕ ਆਫ਼ਤਾਂ ਨੂੰ ਟਾਲਿਆ ਜਾ ਸਕਦਾ ਸੀ ਤੇ ਬਹੁਤ ਸਾਰੇ ਦੁੱਖਾਂ ਤੋਂ ਬਚਾਇਆ ਜਾ ਸਕਦਾ ਸੀ ‘ਜੇ ਲੋਕਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਪਰਮੇਸ਼ੁਰ ਤੋਂ ਡਰਦੇ ਅਤੇ ਸਦਾ ਉਸ ਦੇ ਹੁਕਮਾਂ ਨੂੰ ਮੰਨਦੇ।’ (ਬਿਵਸਥਾ ਸਾਰ 5:29) ਇਨ੍ਹਾਂ ‘ਭੈੜੇ ਸਮਿਆਂ’ ਵਿਚ ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਦਾ ਡਰ ਕਿਵੇਂ ਪੈਦਾ ਕਰ ਸਕਦੇ ਹਾਂ ਅਤੇ ਅਧਿਆਤਮਿਕ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹਾਂ?​—2 ਤਿਮੋਥਿਉਸ 3:1.

ਬੁਰਾਈ ਤੋਂ ਮੁੜੋ

4. (ੳ) ਮਸੀਹੀਆਂ ਨੂੰ ਆਪਣੇ ਦਿਲ ਵਿਚ ਕਿਸ ਤਰ੍ਹਾਂ ਦੀ ਨਫ਼ਰਤ ਪਾਲਣੀ ਚਾਹੀਦੀ ਹੈ? (ਅ) ਯਹੋਵਾਹ ਪਾਪੀ ਆਚਰਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ? (ਫੁਟਨੋਟ ਦੇਖੋ।)

4 ਬਾਈਬਲ ਸਮਝਾਉਂਦੀ ਹੈ ਕਿ “ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ।” (ਕਹਾਉਤਾਂ 8:13) ਇਕ ਬਾਈਬਲ ਸ਼ਬਦ-ਕੋਸ਼ ਦੱਸਦਾ ਹੈ ਕਿ ਅਜਿਹੀ ਸੂਗ ਜਾਂ ਨਫ਼ਰਤ “ਇਕ ਵਿਅਕਤੀ ਉਨ੍ਹਾਂ ਲੋਕਾਂ ਅਤੇ ਚੀਜ਼ਾਂ ਪ੍ਰਤੀ ਰੱਖਦਾ ਹੈ ਜਿਹੜੇ ਵਿਰੋਧੀ ਵਿਚਾਰਾਂ ਵਾਲੇ, ਘਿਣਾਉਣੇ ਅਤੇ ਤੁੱਛ ਹਨ ਅਤੇ ਜਿਨ੍ਹਾਂ ਨਾਲ ਉਹ ਕੋਈ ਵੀ ਸੰਪਰਕ ਜਾਂ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ।” ਇਸ ਲਈ ਪਰਮੇਸ਼ੁਰੀ ਡਰ ਵਿਚ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਦਿਲੋਂ ਘਿਰਣਾ ਜਾਂ ਨਫ਼ਰਤ ਕਰਨੀ ਸ਼ਾਮਲ ਹੈ ਜਿਹੜੀਆਂ ਯਹੋਵਾਹ ਦੀ ਨਜ਼ਰ ਵਿਚ ਬੁਰੀਆਂ ਹਨ। * (ਜ਼ਬੂਰ 97:10) ਇਹ ਸਾਨੂੰ ਬੁਰਾਈ ਤੋਂ ਦੂਰ ਹੋਣ ਲਈ ਪ੍ਰੇਰਿਤ ਕਰਦਾ ਹੈ ਠੀਕ ਜਿਵੇਂ ਅਸੀਂ ਪਹਾੜ ਦੇ ਬੰਨੇ ਤੋਂ ਪਿੱਛੇ ਹੱਟ ਜਾਂਦੇ ਹਾਂ ਜਦੋਂ ਸਾਡਾ ਸੁਭਾਵਕ ਡਰ ਸਾਨੂੰ ਚੇਤਾਵਨੀ ਦਿੰਦਾ ਹੈ। ਬਾਈਬਲ ਕਹਿੰਦੀ ਹੈ: “ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।”​—ਕਹਾਉਤਾਂ 16:6.

5. (ੳ) ਅਸੀਂ ਬੁਰਾਈ ਲਈ ਪਰਮੇਸ਼ੁਰੀ ਡਰ ਅਤੇ ਨਫ਼ਰਤ ਹੋਰ ਡੂੰਘੀ ਕਿਵੇਂ ਕਰ ਸਕਦੇ ਹਾਂ? (ਅ) ਇਸਰਾਏਲ ਕੌਮ ਦਾ ਇਤਿਹਾਸ ਸਾਨੂੰ ਇਸ ਮਾਮਲੇ ਵਿਚ ਕੀ ਸਿਖਾਉਂਦਾ ਹੈ?

5 ਪਾਪ ਦੇ ਦੁਖਦਾਈ ਸਿੱਟਿਆਂ ਉੱਤੇ ਵਿਚਾਰ ਕਰਨ ਨਾਲ ਬੁਰਾਈ ਪ੍ਰਤੀ ਸਾਡਾ ਡਰ ਅਤੇ ਨਫ਼ਰਤ ਵਧੇਗੀ। ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਅਸੀਂ ਜੋ ਬੀਜਾਂਗੇ, ਸੋਈ ਵੱਢਾਂਗੇ—ਚਾਹੇ ਅਸੀਂ ਸਰੀਰ ਲਈ ਬੀਜੀਏ ਜਾਂ ਆਤਮਾ ਅਨੁਸਾਰ। (ਗਲਾਤੀਆਂ 6:7, 8) ਇਸੇ ਕਰਕੇ ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਕਿ ਉਸ ਦੇ ਹੁਕਮਾਂ ਦੀ ਉਲੰਘਣਾ ਕਰਨ ਨਾਲ ਅਤੇ ਸੱਚੀ ਉਪਾਸਨਾ ਕਰਨੀ ਛੱਡਣ ਨਾਲ ਉਨ੍ਹਾਂ ਨੂੰ ਕਿਹੜੇ ਸਿੱਟੇ ਭੁਗਤਣੇ ਪੈਣਗੇ। ਪਰਮੇਸ਼ੁਰੀ ਸੁਰੱਖਿਆ ਤੋਂ ਬਿਨਾਂ, ਛੋਟੀ ਤੇ ਕਮਜ਼ੋਰ ਇਸਰਾਏਲ ਕੌਮ ਜ਼ਾਲਮ ਅਤੇ ਸ਼ਕਤੀਸ਼ਾਲੀ ਗੁਆਂਢੀ ਕੌਮਾਂ ਦੇ ਰਹਿਮ ਤੇ ਹੀ ਹੁੰਦੀ। (ਬਿਵਸਥਾ ਸਾਰ 28:15, 45-48) ਇਸਰਾਏਲ ਕੌਮ ਦੀ ਅਣਆਗਿਆਕਾਰੀ ਦੇ ਨਿਕਲੇ ਦੁਖਦਾਈ ਸਿੱਟਿਆਂ ਬਾਰੇ ਬਾਈਬਲ ਵਿਚ “ਮੱਤ ਦੇਣ ਲਈ” ਬਹੁਤ ਕੁਝ ਲਿਖਿਆ ਗਿਆ ਹੈ ਤਾਂਕਿ ਅਸੀਂ ਇਸ ਤੋਂ ਸਬਕ ਸਿੱਖੀਏ ਅਤੇ ਆਪਣੇ ਅੰਦਰ ਪਰਮੇਸ਼ੁਰੀ ਡਰ ਪੈਦਾ ਕਰੀਏ।​—1 ਕੁਰਿੰਥੀਆਂ 10:11.

6. ਬਾਈਬਲ ਵਿਚ ਕਿਹੜੇ ਕੁਝ ਵਿਅਕਤੀਆਂ ਦੀਆਂ ਉਦਾਹਰਣਾਂ ਉੱਤੇ ਵਿਚਾਰ ਕਰ ਕੇ ਅਸੀਂ ਪਰਮੇਸ਼ੁਰੀ ਡਰ ਰੱਖਣਾ ਸਿੱਖ ਸਕਦੇ ਹਾਂ? (ਫੁਟਨੋਟ ਦੇਖੋ।)

6 ਪੂਰੀ ਇਸਰਾਏਲ ਕੌਮ ਨਾਲ ਜੋ ਹੋਇਆ, ਉਸ ਬਾਰੇ ਦੱਸਣ ਤੋਂ ਇਲਾਵਾ ਬਾਈਬਲ ਵਿਚ ਅਜਿਹੇ ਵਿਅਕਤੀਆਂ ਦੇ ਅਸਲੀ ਤਜਰਬੇ ਵੀ ਦੱਸੇ ਗਏ ਹਨ ਜਿਹੜੇ ਈਰਖਾ, ਅਨੈਤਿਕਤਾ, ਲਾਲਚ ਜਾਂ ਘਮੰਡ ਦੇ ਸ਼ਿਕਾਰ ਹੋ ਗਏ ਸਨ। * ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਕਈ ਸਾਲਾਂ ਤਕ ਯਹੋਵਾਹ ਦੀ ਸੇਵਾ ਕੀਤੀ ਸੀ, ਪਰ ਜ਼ਿੰਦਗੀ ਦੇ ਕਿਸੇ ਇਕ ਮੁਕਾਮ ਤੇ ਉਨ੍ਹਾਂ ਦੇ ਦਿਲ ਵਿਚ ਪਰਮੇਸ਼ੁਰ ਦਾ ਡਰ ਘੱਟ ਗਿਆ ਸੀ ਜਿਸ ਕਾਰਨ ਉਨ੍ਹਾਂ ਨੇ ਇਸ ਦੇ ਦੁਖਦਾਈ ਸਿੱਟਿਆਂ ਨੂੰ ਭੁਗਤਿਆ। ਬਾਈਬਲ ਵਿਚ ਦੱਸੀਆਂ ਅਜਿਹੀਆਂ ਮਿਸਾਲਾਂ ਉੱਤੇ ਮਨਨ ਕਰਨ ਨਾਲ ਅਸੀਂ ਅਜਿਹੀਆਂ ਗ਼ਲਤੀਆਂ ਨਾ ਕਰਨ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਕਰ ਸਕਦੇ ਹਾਂ। ਇਹ ਕਿੰਨੀ ਦੁੱਖ ਦੀ ਗੱਲ ਹੋਵੇਗੀ ਜੇ ਪਰਮੇਸ਼ੁਰ ਦੀ ਸਲਾਹ ਉੱਤੇ ਨਾ ਚੱਲਣ ਕਰਕੇ ਸਾਡੇ ਨਾਲ ਕੋਈ ਦੁਖਦਾਈ ਗੱਲ ਵਾਪਰ ਜਾਵੇ! ਲੋਕਾਂ ਦੀ ਆਮ ਰਾਇ ਹੈ ਕਿ ਸਾਨੂੰ ਆਪਣੇ ਨਿੱਜੀ ਤਜਰਬੇ ਤੋਂ ਸਿੱਖਣਾ ਚਾਹੀਦਾ ਹੈ। ਪਰ ਇਹ ਗੱਲ ਸੱਚ ਨਹੀਂ ਹੈ, ਖ਼ਾਸ ਕਰਕੇ ਜਦੋਂ ਅਸੀਂ ਐਸ਼ਪਰਸਤੀ ਦੀ ਜ਼ਿੰਦਗੀ ਜੀਉਂਦੇ ਹਾਂ।​—ਜ਼ਬੂਰ 19:7.

7. ਯਹੋਵਾਹ ਕਿਸ ਨੂੰ ਆਪਣੇ ਲਾਖਣਿਕ ਡੇਹਰੇ ਵਿਚ ਸੱਦਦਾ ਹੈ?

7 ਪਰਮੇਸ਼ੁਰੀ ਡਰ ਪੈਦਾ ਕਰਨ ਦਾ ਇਕ ਹੋਰ ਚੰਗਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ ਕਿਉਂਕਿ ਅਸੀਂ ਉਸ ਦੀ ਦੋਸਤੀ ਦੀ ਬਹੁਤ ਕਦਰ ਕਰਦੇ ਹਾਂ। ਯਹੋਵਾਹ ਕਿਸ ਨੂੰ ਆਪਣਾ ਦੋਸਤ ਮੰਨਦਾ ਹੈ ਤੇ ਕਿਸ ਨੂੰ ਉਹ ਆਪਣੇ ਲਾਖਣਿਕ ਡੇਹਰੇ ਵਿਚ ਸੱਦਦਾ ਹੈ? ਸਿਰਫ਼ ਉਸ ਨੂੰ ‘ਜਿਹੜਾ ਸਿੱਧੀ ਚਾਲ ਚੱਲਦਾ ਅਤੇ ਨੇਕੀ ਕਰਦਾ ਹੈ।’ (ਜ਼ਬੂਰ 15:1, 2) ਜੇ ਅਸੀਂ ਆਪਣੇ ਸਿਰਜਣਹਾਰ ਨਾਲ ਇਸ ਖ਼ਾਸ ਰਿਸ਼ਤੇ ਦੀ ਕਦਰ ਕਰਦੇ ਹਾਂ, ਤਾਂ ਅਸੀਂ ਹਮੇਸ਼ਾ ਉਸ ਦੀਆਂ ਨਜ਼ਰਾਂ ਵਿਚ ਬੇਦੋਸ਼ ਰਹਿਣ ਦੀ ਕੋਸ਼ਿਸ਼ ਕਰਾਂਗੇ।

8. ਮਲਾਕੀ ਦੇ ਦਿਨਾਂ ਵਿਚ ਕੁਝ ਇਸਰਾਏਲੀਆਂ ਨੇ ਕਿਵੇਂ ਪਰਮੇਸ਼ੁਰ ਨਾਲ ਆਪਣੀ ਦੋਸਤੀ ਦੀ ਕਦਰ ਨਹੀਂ ਕੀਤੀ?

8 ਦੁੱਖ ਦੀ ਗੱਲ ਹੈ ਕਿ ਮਲਾਕੀ ਦੇ ਦਿਨਾਂ ਵਿਚ ਕੁਝ ਇਸਰਾਏਲੀਆਂ ਨੇ ਪਰਮੇਸ਼ੁਰ ਨਾਲ ਆਪਣੀ ਦੋਸਤੀ ਦੀ ਕਦਰ ਨਹੀਂ ਕੀਤੀ। ਯਹੋਵਾਹ ਤੋਂ ਡਰਨ ਅਤੇ ਉਸ ਦਾ ਆਦਰ ਕਰਨ ਦੀ ਬਜਾਇ ਉਨ੍ਹਾਂ ਨੇ ਉਸ ਦੀ ਜਗਵੇਦੀ ਉੱਤੇ ਬੀਮਾਰ ਤੇ ਲੰਗੜੇ ਜਾਨਵਰਾਂ ਦੀ ਬਲੀ ਦਿੱਤੀ। ਪਰਮੇਸ਼ੁਰੀ ਡਰ ਦੀ ਘਾਟ ਵਿਆਹ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਵਿਚ ਵੀ ਦਿਖਾਈ ਦਿੱਤੀ। ਨੌਜਵਾਨ ਕੁੜੀਆਂ ਨਾਲ ਵਿਆਹ ਕਰਾਉਣ ਲਈ ਉਨ੍ਹਾਂ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਆਪਣੀਆਂ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਦਿੱਤਾ। ਮਲਾਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੂੰ “ਤਿਆਗ ਪੱਤ੍ਰ” ਤੋਂ ਨਫ਼ਰਤ ਸੀ ਅਤੇ ਉਨ੍ਹਾਂ ਦੀ ਬੇਵਫ਼ਾਈ ਨੇ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਸੀ। ਪਰਮੇਸ਼ੁਰ ਕਿੱਦਾਂ ਉਨ੍ਹਾਂ ਦੀਆਂ ਬਲੀਆਂ ਨੂੰ ਸਵੀਕਾਰ ਕਰ ਸਕਦਾ ਸੀ ਜਦ ਕਿ ਜਗਵੇਦੀ ਦੁਖੀ ਛੁੱਟੜ ਤੀਵੀਆਂ ਦੇ ਹੰਝੂਆਂ ਨਾਲ ਲਾਖਣਿਕ ਤੌਰ ਤੇ ਭਰੀ ਹੋਈ ਸੀ? ਯਹੋਵਾਹ ਦੇ ਮਿਆਰਾਂ ਦੀ ਖੁੱਲ੍ਹੇ-ਆਮ ਨਿਰਾਦਰੀ ਨੇ ਯਹੋਵਾਹ ਨੂੰ ਇਹ ਪੁੱਛਣ ਲਈ ਮਜਬੂਰ ਕੀਤਾ: “ਮੇਰਾ ਭੈ ਕਿੱਥੇ?”​—ਮਲਾਕੀ 1:6-8; 2:13-16.

9, 10. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਦੋਸਤੀ ਦੀ ਕਦਰ ਕਰਦੇ ਹਾਂ?

9 ਅੱਜ ਵੀ ਯਹੋਵਾਹ ਉਨ੍ਹਾਂ ਬਹੁਤ ਸਾਰੇ ਨਿਰਦੋਸ਼ ਜੀਵਨ-ਸਾਥੀਆਂ ਅਤੇ ਬੱਚਿਆਂ ਦੇ ਗਮ ਨੂੰ ਦੇਖਦਾ ਹੈ ਜਿਨ੍ਹਾਂ ਨੂੰ ਸੁਆਰਥੀ ਅਤੇ ਵਿਭਚਾਰੀ ਪਤੀਆਂ ਅਤੇ ਪਿਤਾਵਾਂ ਜਾਂ ਪਤਨੀਆਂ ਅਤੇ ਮਾਵਾਂ ਨੇ ਬਹੁਤ ਦੁੱਖ ਦਿੱਤਾ ਹੈ। ਉਨ੍ਹਾਂ ਦੀ ਇਹ ਹਾਲਤ ਦੇਖ ਕੇ ਪਰਮੇਸ਼ੁਰ ਦਾ ਦਿਲ ਰੋਂਦਾ ਹੈ। ਪਰਮੇਸ਼ੁਰ ਦਾ ਦੋਸਤ ਇਸ ਮਾਮਲੇ ਨੂੰ ਉਸੇ ਤਰ੍ਹਾਂ ਵਿਚਾਰੇਗਾ ਜਿਸ ਤਰ੍ਹਾਂ ਪਰਮੇਸ਼ੁਰ ਵਿਚਾਰਦਾ ਹੈ ਅਤੇ ਉਹ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਸੁਧਾਰਨ ਲਈ ਮਿਹਨਤ ਕਰੇਗਾ। ਉਹ ਵਿਆਹੁਤਾ ਬੰਧਨ ਨੂੰ ਤੁੱਛ ਸਮਝਣ ਵਾਲੀ ਦੁਨਿਆਵੀ ਸੋਚ ਤੋਂ ਦੂਰ ਰਹੇਗਾ ਅਤੇ ‘ਹਰਾਮਕਾਰੀ ਤੋਂ ਭੱਜੇਗਾ।’​—1 ਕੁਰਿੰਥੀਆਂ 6:18.

10 ਜੇ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਅਤੇ ਜ਼ਿੰਦਗੀ ਦੇ ਦੂਸਰੇ ਪਹਿਲੂਆਂ ਵਿਚ ਵੀ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰਾਂਗੇ ਜਿਹੜੀਆਂ ਯਹੋਵਾਹ ਦੀ ਨਜ਼ਰ ਵਿਚ ਬੁਰੀਆਂ ਹਨ ਅਤੇ ਯਹੋਵਾਹ ਦੀ ਦੋਸਤੀ ਦੀ ਡੂੰਘੀ ਕਦਰ ਕਰਾਂਗੇ, ਤਾਂ ਸਾਨੂੰ ਯਹੋਵਾਹ ਦੀ ਮਿਹਰ ਅਤੇ ਮਨਜ਼ੂਰੀ ਪ੍ਰਾਪਤ ਹੋਵੇਗੀ। ਪਤਰਸ ਰਸੂਲ ਨੇ ਦ੍ਰਿੜ੍ਹਤਾ ਨਾਲ ਕਿਹਾ ਸੀ: “ਮੈਂ ਸੱਚ ਮੁੱਚ ਜਾਣ ਲਿਆ ਜੋ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।” (ਰਸੂਲਾਂ ਦੇ ਕਰਤੱਬ 10:34, 35) ਬਾਈਬਲ ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜੋ ਦਿਖਾਉਂਦੀਆਂ ਹਨ ਕਿ ਪਰਮੇਸ਼ੁਰੀ ਡਰ ਨੇ ਕਈ ਵਿਅਕਤੀਆਂ ਨੂੰ ਔਖੇ ਹਾਲਾਤਾਂ ਵਿਚ ਸਹੀ ਕੰਮ ਕਰਨ ਦੀ ਪ੍ਰੇਰਣਾ ਕਿਵੇਂ ਦਿੱਤੀ ਸੀ।

ਪਰਮੇਸ਼ੁਰ ਤੋਂ ਡਰਨ ਵਾਲੇ ਤਿੰਨ ਇਨਸਾਨ

11. ਕਿਨ੍ਹਾਂ ਹਾਲਾਤਾਂ ਅਧੀਨ ਅਬਰਾਹਾਮ ਬਾਰੇ ਕਿਹਾ ਗਿਆ ਸੀ ਕਿ ਉਹ “ਪਰਮੇਸ਼ੁਰ ਤੋਂ ਭੈ ਖਾਂਦਾ” ਸੀ?

11 ਬਾਈਬਲ ਵਿਚ ਇਕ ਇਨਸਾਨ ਬਾਰੇ ਦੱਸਿਆ ਹੈ ਜਿਸ ਨੂੰ ਯਹੋਵਾਹ ਨੇ ਆਪ ਆਪਣਾ ਦੋਸਤ ਕਿਹਾ ਸੀ। ਉਹ ਇਨਸਾਨ ਸੀ ਕੁਲ-ਪਿਤਾ ਅਬਰਾਹਾਮ। (ਯਸਾਯਾਹ 41:8) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਅਬਰਾਹਾਮ ਦੇ ਇਕਲੌਤੇ ਪੁੱਤਰ ਇਸਹਾਕ ਦੇ ਰਾਹੀਂ ਉਸ ਦੀ ਸੰਤਾਨ ਨੂੰ ਇਕ ਵੱਡੀ ਕੌਮ ਬਣਾਵੇਗਾ। ਪਰ ਪਰਮੇਸ਼ੁਰ ਨੇ ਉਸ ਦੇ ਇਸ ਇਕਲੌਤੇ ਪੁੱਤਰ ਦੀ ਬਲੀ ਮੰਗ ਕੇ ਅਬਰਾਹਾਮ ਦਾ ਇਮਤਿਹਾਨ ਲਿਆ ਕਿ ਉਹ ਉਸ ਤੋਂ ਕਿੰਨਾ ਕੁ ਡਰਦਾ ਸੀ। (ਉਤਪਤ 12:2, 3; 17:19) ਕੀ “ਪਰਮੇਸ਼ੁਰ ਦਾ ਮਿੱਤਰ” ਉਸ ਇਮਤਿਹਾਨ ਵਿਚ ਸਫ਼ਲ ਹੋਵੇਗਾ? (ਯਾਕੂਬ 2:23) ਜਿਸ ਵੇਲੇ ਅਬਰਾਹਾਮ ਨੇ ਇਸਹਾਕ ਨੂੰ ਮਾਰਨ ਲਈ ਛੁਰੀ ਚੁੱਕੀ, ਤਾਂ ਯਹੋਵਾਹ ਦੇ ਦੂਤ ਨੇ ਕਿਹਾ: “ਤੂੰ ਏਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ।”​—ਉਤਪਤ 22:10-12.

12. ਪਰਮੇਸ਼ੁਰੀ ਡਰ ਦਿਖਾਉਣ ਲਈ ਅਬਰਾਹਾਮ ਨੂੰ ਕਿਹੜੀ ਗੱਲ ਨੇ ਪ੍ਰੇਰਣਾ ਦਿੱਤੀ ਸੀ ਅਤੇ ਅਸੀਂ ਕਿਵੇਂ ਇਸੇ ਤਰ੍ਹਾਂ ਦਾ ਡਰ ਦਿਖਾ ਸਕਦੇ ਹਾਂ?

12 ਭਾਵੇਂ ਕਿ ਅਬਰਾਹਾਮ ਪਹਿਲਾਂ ਵੀ ਇਹ ਸਾਬਤ ਕਰ ਚੁੱਕਾ ਸੀ ਕਿ ਉਹ ਯਹੋਵਾਹ ਤੋਂ ਡਰਦਾ ਸੀ, ਪਰ ਇਸ ਮੌਕੇ ਤੇ ਉਸ ਨੇ ਬਹੁਤ ਸ਼ਾਨਦਾਰ ਢੰਗ ਨਾਲ ਪਰਮੇਸ਼ੁਰੀ ਡਰ ਦਾ ਪ੍ਰਗਟਾਵਾ ਕੀਤਾ। ਇਸਹਾਕ ਦੀ ਬਲੀ ਚੜ੍ਹਾਉਣ ਲਈ ਤਿਆਰ ਹੋਣਾ ਸਿਰਫ਼ ਆਦਰਪੂਰਣ ਆਗਿਆਕਾਰੀ ਦਾ ਪ੍ਰਗਟਾਵਾ ਹੀ ਨਹੀਂ ਸੀ। ਪਰ ਅਬਰਾਹਾਮ ਨੂੰ ਪੂਰਾ ਭਰੋਸਾ ਸੀ ਕਿ ਉਸ ਦਾ ਸਵਰਗੀ ਪਿਤਾ ਲੋੜ ਪੈਣ ਤੇ ਇਸਹਾਕ ਨੂੰ ਦੁਬਾਰਾ ਜੀਉਂਦਾ ਕਰ ਕੇ ਵੀ ਆਪਣੇ ਵਾਅਦੇ ਨੂੰ ਪੂਰਾ ਕਰ ਸਕਦਾ ਸੀ। ਜਿਵੇਂ ਪੌਲੁਸ ਨੇ ਲਿਖਿਆ, ਅਬਰਾਹਾਮ ਨੂੰ “ਪੱਕੀ ਨਿਹਚਾ ਸੀ ਭਈ ਜਿਹ ਦਾ [ਪਰਮੇਸ਼ੁਰ] ਨੇ ਬਚਨ ਦਿੱਤਾ ਉਸ ਦੇ ਪੂਰਿਆਂ ਕਰਨ ਨੂੰ ਵੀ ਸਮਰਥ ਹੈ।” (ਰੋਮੀਆਂ 4:16-21) ਕੀ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਤਿਆਰ ਹਾਂ, ਭਾਵੇਂ ਕਿ ਇਸ ਦੇ ਲਈ ਸਾਨੂੰ ਵੱਡੀਆਂ-ਵੱਡੀਆਂ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ? ਕੀ ਸਾਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਦੀ ਆਗਿਆ ਮੰਨਣ ਨਾਲ ਆਖ਼ਰ ਸਾਨੂੰ ਹੀ ਲਾਭ ਹੋਵੇਗਾ, ਇਹ ਜਾਣਦੇ ਹੋਏ ਕਿ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ”? (ਇਬਰਾਨੀਆਂ 11:6) ਇਹ ਪਰਮੇਸ਼ੁਰ ਦਾ ਸੱਚਾ ਡਰ ਹੈ।​—ਜ਼ਬੂਰ 115:11.

13. ਯੂਸੁਫ਼ ਆਪਣੇ ਬਾਰੇ ਇਹ ਕਿਉਂ ਕਹਿ ਸਕਿਆ ਕਿ ਉਹ ‘ਪਰਮੇਸ਼ੁਰ ਤੋਂ ਡਰਦਾ ਸੀ’?

13 ਆਓ ਆਪਾਂ ਪਰਮੇਸ਼ੁਰੀ ਡਰ ਰੱਖਣ ਦੀ ਇਕ ਹੋਰ ਮਿਸਾਲ ਉੱਤੇ ਗੌਰ ਕਰੀਏ। ਇਹ ਮਿਸਾਲ ਹੈ ਯੂਸੁਫ਼ ਦੀ। ਪੋਟੀਫ਼ਰ ਦੇ ਘਰ ਵਿਚ ਗ਼ੁਲਾਮ ਹੋਣ ਕਰਕੇ ਯੂਸੁਫ਼ ਨੂੰ ਵਿਭਚਾਰ ਕਰਨ ਦੇ ਦਬਾਅ ਦਾ ਰੋਜ਼-ਰੋਜ਼ ਸਾਮ੍ਹਣਾ ਕਰਨਾ ਪੈਂਦਾ ਸੀ। ਉਸ ਕੋਲ ਆਪਣੇ ਮਾਲਕ ਦੀ ਪਤਨੀ ਤੋਂ ਪਿੱਛਾ ਛੁਡਾਉਣ ਦਾ ਕੋਈ ਰਾਹ ਨਹੀਂ ਸੀ ਜੋ ਵਾਰ-ਵਾਰ ਉਸ ਨੂੰ ਆਪਣਾ ਹਮਬਿਸਤਰ ਹੋਣ ਲਈ ਲਲਚਾਉਂਦੀ ਸੀ। ਅਖ਼ੀਰ ਇਕ ਦਿਨ ਜਦੋਂ ਉਸ ਨੇ ‘ਯੂਸੁਫ਼ ਦਾ ਕੱਪੜਾ ਫੜ ਲਿਆ,’ ਤਾਂ ਉਹ “ਨੱਠਾ ਅਰ ਬਾਹਰ ਨਿੱਕਲਿਆ।” ਉਸ ਨੂੰ ਕਿਹੜੀ ਗੱਲ ਨੇ ਤੁਰੰਤ ਬੁਰਾਈ ਤੋਂ ਭੱਜਣ ਲਈ ਪ੍ਰੇਰਿਤ ਕੀਤਾ ਸੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦਾ ਮੁੱਖ ਕਾਰਨ ਪਰਮੇਸ਼ੁਰ ਦਾ ਡਰ ਸੀ ਕਿਉਂਕਿ ਯੂਸੁਫ਼ ‘ਐੱਡੀ ਵੱਡੀ ਬੁਰਿਆਈ ਅਤੇ ਪਰਮੇਸ਼ੁਰ ਦੇ ਵਿਰੁੱਧ ਪਾਪ’ ਨਹੀਂ ਕਰਨਾ ਚਾਹੁੰਦਾ ਸੀ। (ਉਤਪਤ 39:7-12) ਇਸੇ ਕਰਕੇ ਯੂਸੁਫ਼ ਆਪਣੇ ਬਾਰੇ ਕਹਿ ਸਕਿਆ ਕਿ ਉਹ ‘ਪਰਮੇਸ਼ੁਰ ਤੋਂ ਡਰਦਾ ਸੀ।’​—ਉਤਪਤ 42:18.

14. ਯੂਸੁਫ਼ ਨੇ ਦਇਆ ਕਰ ਕੇ ਪਰਮੇਸ਼ੁਰ ਦਾ ਸੱਚਾ ਡਰ ਕਿਵੇਂ ਦਿਖਾਇਆ?

14 ਕਈ ਸਾਲਾਂ ਬਾਅਦ ਯੂਸੁਫ਼ ਆਪਣੇ ਭਰਾਵਾਂ ਦੇ ਰੂ-ਬਰੂ ਹੋਇਆ ਜਿਨ੍ਹਾਂ ਨੇ ਬੜੀ ਬੇਦਰਦੀ ਨਾਲ ਉਸ ਨੂੰ ਗ਼ੁਲਾਮ ਬਣਨ ਲਈ ਵੇਚ ਦਿੱਤਾ ਸੀ। ਉਨ੍ਹਾਂ ਨੇ ਉਸ ਨਾਲ ਜੋ ਵਧੀਕੀਆਂ ਕੀਤੀਆਂ ਸਨ, ਉਨ੍ਹਾਂ ਦਾ ਬਦਲਾ ਲੈਣ ਲਈ ਯੂਸੁਫ਼ ਉਸ ਮੌਕੇ ਦਾ ਫ਼ਾਇਦਾ ਉਠਾ ਸਕਦਾ ਸੀ ਕਿਉਂਕਿ ਉਸ ਦੇ ਭਰਾਵਾਂ ਨੂੰ ਅੰਨ ਦੀ ਬਹੁਤ ਲੋੜ ਸੀ। ਪਰ ਪਰਮੇਸ਼ੁਰ ਤੋਂ ਡਰਨ ਵਾਲੇ ਇਨਸਾਨ ਦੂਜਿਆਂ ਨਾਲ ਅਨ੍ਹੇਰ ਨਹੀਂ ਕਰਦੇ। (ਲੇਵੀਆਂ 25:43) ਇਸ ਲਈ, ਜਦੋਂ ਯੂਸੁਫ਼ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਉਸ ਦੇ ਭਰਾ ਹੁਣ ਬਦਲ ਚੁੱਕੇ ਸਨ, ਤਾਂ ਉਸ ਨੇ ਦਇਆ ਕਰ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਯੂਸੁਫ਼ ਵਾਂਗ, ਪਰਮੇਸ਼ੁਰੀ ਡਰ ਸਾਨੂੰ ਵੀ ਬੁਰਾਈ ਨੂੰ ਭਲਾਈ ਨਾਲ ਜਿੱਤਣ ਲਈ ਪ੍ਰੇਰਿਤ ਕਰੇਗਾ ਤੇ ਨਾਲ ਹੀ ਗ਼ਲਤ ਕੰਮ ਕਰਨ ਦੀ ਇੱਛਾ ਨੂੰ ਕੁਚਲਣ ਵਿਚ ਵੀ ਮਦਦ ਕਰੇਗਾ।​—ਉਤਪਤ 45:1-11; ਜ਼ਬੂਰ 130:3, 4; ਰੋਮੀਆਂ 12:17-21.

15. ਅੱਯੂਬ ਦੇ ਆਚਰਣ ਤੋਂ ਯਹੋਵਾਹ ਦਾ ਦਿਲ ਕਿਉਂ ਖ਼ੁਸ਼ ਹੋਇਆ ਸੀ?

15 ਅੱਯੂਬ ਨੇ ਵੀ ਬੇਮਿਸਾਲ ਤਰੀਕੇ ਨਾਲ ਪਰਮੇਸ਼ੁਰ ਦਾ ਡਰ ਦਿਖਾਇਆ ਸੀ। ਯਹੋਵਾਹ ਨੇ ਸ਼ਤਾਨ ਨੂੰ ਕਿਹਾ ਸੀ: “ਕੀ ਤੈਂ ਮੇਰੇ ਦਾਸ ਅੱਯੂਬ ਵੱਲ ਆਪਣੇ ਮਨ ਵਿੱਚ ਗੌਹ ਕੀਤਾ ਕਿਉਂਕਿ ਪਿਰਥਵੀ ਵਿੱਚ ਉਹ ਦੇ ਜਿਹਾ ਕੋਈ ਨਹੀਂ? ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।” (ਅੱਯੂਬ 1:8) ਬਹੁਤ ਸਾਲਾਂ ਤਕ ਅੱਯੂਬ ਦੇ ਬੇਦਾਗ਼ ਆਚਰਣ ਨੂੰ ਦੇਖ ਕੇ ਉਸ ਦੇ ਸਵਰਗੀ ਪਿਤਾ ਦਾ ਦਿਲ ਖ਼ੁਸ਼ ਹੁੰਦਾ ਰਿਹਾ। ਅੱਯੂਬ ਪਰਮੇਸ਼ੁਰ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਕਰਨਾ ਸਹੀ ਸੀ ਤੇ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸੀ। ਅੱਯੂਬ ਨੇ ਪੂਰੇ ਵਿਸ਼ਵਾਸ ਨਾਲ ਕਿਹਾ: “ਵੇਖ, ਪ੍ਰਭੁ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ, ਸਮਝ ਹੈ!” (ਅੱਯੂਬ 28:28) ਵਿਆਹਿਆ ਹੋਣ ਕਰਕੇ ਅੱਯੂਬ ਨੇ ਕਦੇ ਕਿਸੇ ਜਵਾਨ ਕੁੜੀ ਵੱਲ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਤੇ ਨਾ ਹੀ ਆਪਣੇ ਦਿਲ ਵਿਚ ਕੁਕਰਮ ਕਰਨ ਦੀਆਂ ਸਕੀਮਾਂ ਬਣਾਈਆਂ। ਭਾਵੇਂ ਉਹ ਅਮੀਰ ਸੀ, ਪਰ ਉਸ ਨੇ ਆਪਣੀ ਧਨ-ਦੌਲਤ ਉੱਤੇ ਭਰੋਸਾ ਨਹੀਂ ਰੱਖਿਆ ਅਤੇ ਉਹ ਹਰ ਕਿਸਮ ਦੀ ਮੂਰਤੀ-ਪੂਜਾ ਤੋਂ ਦੂਰ ਰਿਹਾ।​—ਅੱਯੂਬ 31:1, 9-11, 24-28.

16. (ੳ) ਅੱਯੂਬ ਨੇ ਕਿਨ੍ਹਾਂ ਤਰੀਕਿਆਂ ਨਾਲ ਦਇਆ ਕੀਤੀ ਸੀ? (ਅ) ਅੱਯੂਬ ਨੇ ਕਿਵੇਂ ਦਿਖਾਇਆ ਕਿ ਉਹ ਮਾਫ਼ ਕਰਨ ਤੋਂ ਪਿੱਛੇ ਨਹੀਂ ਹਟਿਆ ਸੀ?

16 ਪਰ ਪਰਮੇਸ਼ੁਰ ਤੋਂ ਡਰਨ ਵਿਚ ਬੁਰਾਈ ਤੋਂ ਦੂਰ ਰਹਿਣ ਦੇ ਨਾਲ-ਨਾਲ ਸਹੀ ਕੰਮ ਕਰਨੇ ਵੀ ਸ਼ਾਮਲ ਹਨ। ਇਸ ਲਈ ਅੱਯੂਬ ਨੇ ਅੰਨ੍ਹਿਆਂ, ਲੰਗੜਿਆਂ ਅਤੇ ਗ਼ਰੀਬਾਂ ਉੱਤੇ ਦਇਆ ਕਰਦੇ ਹੋਏ ਉਨ੍ਹਾਂ ਦਾ ਭਲਾ ਕੀਤਾ। (ਲੇਵੀਆਂ 19:14; ਅੱਯੂਬ 29:15, 16) ਅੱਯੂਬ ਨੇ ਇਹ ਜਾਣਿਆ ਕਿ “ਜਿਹੜਾ ਆਪਣੇ ਸਾਥੀ ਉੱਤੇ ਦਇਆ ਨਹੀਂ ਕਰਦਾ, ਉਹ ਸਰਬਸ਼ਕਤੀਮਾਨ ਤੋਂ ਡਰਨਾ ਵੀ ਛੱਡ ਦੇਵੇਗਾ।” (ਅੱਯੂਬ 6:14, ਨਿ ਵ) ਦਇਆ ਨਾ ਕਰਨ ਦਾ ਮਤਲਬ ਮਾਫ਼ੀ ਨਾ ਦੇਣੀ ਜਾਂ ਆਪਣੇ ਦਿਲ ਵਿਚ ਕਿੜ ਰੱਖਣੀ ਵੀ ਹੋ ਸਕਦਾ ਹੈ। ਪਰਮੇਸ਼ੁਰ ਦੇ ਕਹਿਣ ਤੇ ਅੱਯੂਬ ਨੇ ਆਪਣੇ ਤਿੰਨ ਸਾਥੀਆਂ ਲਈ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਉਸ ਨੂੰ ਬਹੁਤ ਦੁਖੀ ਕੀਤਾ ਸੀ। (ਅੱਯੂਬ 42:7-10) ਕੀ ਅਸੀਂ ਵੀ ਆਪਣੇ ਸਾਥੀ ਵਿਸ਼ਵਾਸੀ ਨੂੰ ਇਸੇ ਤਰ੍ਹਾਂ ਮਾਫ਼ ਕਰ ਸਕਦੇ ਹਾਂ ਜਿਸ ਨੇ ਸਾਨੂੰ ਕਿਸੇ ਤਰੀਕੇ ਨਾਲ ਦੁੱਖ ਦਿੱਤਾ ਹੋਵੇ? ਜਿਸ ਨੇ ਸਾਨੂੰ ਦੁੱਖ ਪਹੁੰਚਾਇਆ ਹੈ, ਉਸ ਲਈ ਦਿਲੋਂ ਪ੍ਰਾਰਥਨਾ ਕਰਨ ਨਾਲ ਸਾਨੂੰ ਆਪਣਾ ਗੁੱਸਾ ਠੰਢਾ ਕਰਨ ਵਿਚ ਮਦਦ ਮਿਲ ਸਕਦੀ ਹੈ। ਪਰਮੇਸ਼ੁਰ ਤੋਂ ਡਰਨ ਕਰਕੇ ਅੱਯੂਬ ਨੇ ਜਿਨ੍ਹਾਂ ਬਰਕਤਾਂ ਦਾ ਆਨੰਦ ਮਾਣਿਆ ਸੀ, ਉਹ ਸਾਨੂੰ ਉਸ ‘ਵੱਡੀ ਭਲਿਆਈ’ ਦੀ ਝਲਕ ਦਿੰਦੀਆਂ ਹਨ ਜੋ ਯਹੋਵਾਹ ਨੇ “ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ।”​—ਜ਼ਬੂਰ 31:19; ਯਾਕੂਬ 5:11.

ਪਰਮੇਸ਼ੁਰ ਦਾ ਡਰ ਜਾਂ ਇਨਸਾਨ ਦਾ ਡਰ?

17. ਇਨਸਾਨਾਂ ਦਾ ਡਰ ਸਾਨੂੰ ਕੀ ਨੁਕਸਾਨ ਪਹੁੰਚਾ ਸਕਦਾ ਹੈ, ਪਰ ਸਾਨੂੰ ਇਨਸਾਨਾਂ ਤੋਂ ਕਿਉਂ ਨਹੀਂ ਡਰਨਾ ਚਾਹੀਦਾ?

17 ਪਰਮੇਸ਼ੁਰ ਦਾ ਡਰ ਸਾਨੂੰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਪਰ ਇਨਸਾਨਾਂ ਦਾ ਡਰ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦਾ ਹੈ। ਇਸੇ ਕਰਕੇ ਆਪਣੇ ਰਸੂਲਾਂ ਨੂੰ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਬਣਨ ਲਈ ਪ੍ਰੇਰਿਤ ਕਰਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸੱਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸੱਕਦਾ ਹੈ।” (ਮੱਤੀ 10:28) ਯਿਸੂ ਨੇ ਸਮਝਾਇਆ ਕਿ ਸਾਨੂੰ ਇਨਸਾਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਨਸਾਨ ਸਾਨੂੰ ਭਵਿੱਖ ਵਿਚ ਮਿਲਣ ਵਾਲੀ ਸਦੀਪਕ ਜ਼ਿੰਦਗੀ ਦੀ ਆਸ਼ਾ ਨੂੰ ਖ਼ਤਮ ਨਹੀਂ ਕਰ ਸਕਦੇ। ਇਸ ਤੋਂ ਇਲਾਵਾ, ਅਸੀਂ ਪਰਮੇਸ਼ੁਰ ਤੋਂ ਇਸ ਲਈ ਡਰਦੇ ਹਾਂ ਕਿਉਂਕਿ ਅਸੀਂ ਉਸ ਦੀ ਮਹਾਨ ਸ਼ਕਤੀ ਤੋਂ ਜਾਣੂ ਹਾਂ ਅਤੇ ਇਸ ਦੀ ਤੁਲਨਾ ਵਿਚ ਸਾਰੀਆਂ ਕੌਮਾਂ ਦੀ ਤਾਕਤ ਕੁਝ ਵੀ ਨਹੀਂ ਹੈ। (ਯਸਾਯਾਹ 40:15) ਅਬਰਾਹਾਮ ਵਾਂਗ ਸਾਨੂੰ ਵੀ ਪੂਰਾ ਭਰੋਸਾ ਹੈ ਕਿ ਯਹੋਵਾਹ ਕੋਲ ਆਪਣੇ ਵਫ਼ਾਦਾਰ ਸੇਵਕਾਂ ਨੂੰ ਮੁੜ ਜੀਉਂਦਾ ਕਰਨ ਦੀ ਸ਼ਕਤੀ ਹੈ। (ਪਰਕਾਸ਼ ਦੀ ਪੋਥੀ 2:10) ਇਸ ਲਈ ਅਸੀਂ ਪੂਰੇ ਵਿਸ਼ਵਾਸ ਨਾਲ ਕਹਿੰਦੇ ਹਾਂ: “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?”​—ਰੋਮੀਆਂ 8:31.

18. ਯਹੋਵਾਹ ਆਪਣੇ ਤੋਂ ਡਰਨ ਵਾਲਿਆਂ ਨੂੰ ਕਿਵੇਂ ਫਲ ਦਿੰਦਾ ਹੈ?

18 ਭਾਵੇਂ ਸਾਡਾ ਵਿਰੋਧੀ ਸਾਡੇ ਆਪਣੇ ਹੀ ਪਰਿਵਾਰ ਦਾ ਮੈਂਬਰ ਹੋਵੇ ਜਾਂ ਸਕੂਲ ਵਿਚ ਕੋਈ ਵਿਦਿਆਰਥੀ, ਪਰ ਅਸੀਂ “ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ” ਰੱਖ ਸਕਦੇ ਹਾਂ। (ਕਹਾਉਤਾਂ 14:26) ਅਸੀਂ ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਇਹ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਪ੍ਰਾਰਥਨਾ ਨੂੰ ਜ਼ਰੂਰ ਸੁਣੇਗਾ। (ਜ਼ਬੂਰ 145:19) ਯਹੋਵਾਹ ਉਨ੍ਹਾਂ ਨੂੰ ਕਦੀ ਨਹੀਂ ਭੁੱਲਦਾ ਜਿਹੜੇ ਉਸ ਤੋਂ ਡਰਦੇ ਹਨ। ਆਪਣੇ ਨਬੀ ਮਲਾਕੀ ਰਾਹੀਂ, ਉਹ ਸਾਨੂੰ ਭਰੋਸਾ ਦਿਵਾਉਂਦਾ ਹੈ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।”​—ਮਲਾਕੀ 3:16.

19. ਕਿਨ੍ਹਾਂ ਚੀਜ਼ਾਂ ਦਾ ਡਰ ਹਮੇਸ਼ਾ ਲਈ ਖ਼ਤਮ ਹੋ ਜਾਵੇਗਾ ਪਰ ਕਿਸ ਤਰ੍ਹਾਂ ਦਾ ਡਰ ਹਮੇਸ਼ਾ-ਹਮੇਸ਼ਾ ਲਈ ਰਹੇਗਾ?

19 ਉਹ ਸਮਾਂ ਹੁਣ ਨੇੜੇ ਹੈ ਜਦੋਂ ਧਰਤੀ ਉੱਤੇ ਹਰ ਇਨਸਾਨ ਯਹੋਵਾਹ ਦੀ ਉਪਾਸਨਾ ਕਰੇਗਾ ਅਤੇ ਇਨਸਾਨਾਂ ਦਾ ਡਰ ਅਲੋਪ ਹੋ ਜਾਵੇਗਾ। (ਯਸਾਯਾਹ 11:9) ਭੁੱਖਮਰੀ, ਬੀਮਾਰੀ, ਜੁਰਮ ਅਤੇ ਲੜਾਈਆਂ ਦਾ ਡਰ ਵੀ ਖ਼ਤਮ ਹੋ ਜਾਵੇਗਾ। ਪਰ ਪਰਮੇਸ਼ੁਰ ਦਾ ਡਰ ਹਮੇਸ਼ਾ-ਹਮੇਸ਼ਾ ਲਈ ਰਹੇਗਾ ਜਦੋਂ ਸਵਰਗ ਅਤੇ ਧਰਤੀ ਉੱਤੇ ਉਸ ਦੇ ਵਫ਼ਾਦਾਰ ਸੇਵਕ ਉਸ ਦਾ ਆਦਰ, ਆਗਿਆਕਾਰੀ ਅਤੇ ਮਹਿਮਾ ਕਰਦੇ ਰਹਿਣਗੇ। (ਪਰਕਾਸ਼ ਦੀ ਪੋਥੀ 15:4) ਇਸ ਦੌਰਾਨ, ਆਓ ਆਪਾਂ ਸਾਰੇ ਸੁਲੇਮਾਨ ਦੀ ਇਸ ਪ੍ਰੇਰਿਤ ਸਲਾਹ ਨੂੰ ਹਮੇਸ਼ਾ ਯਾਦ ਰੱਖੀਏ: “ਤੂੰ ਪਾਪੀ ਨਾਲ ਈਰਖਾ ਨਾ ਕਰ, ਸਗੋਂ ਤੂੰ ਹਰ ਰੋਜ਼ ਪ੍ਰਭੂ ਦੇ ਡਰ ਵਿਚ ਵੱਧਦਾ ਜਾਹ। ਇਹ ਕਰਨ ਦੁਆਰਾ ਭਵਿਖ ਤੇਰਾ ਹੋਵੇਗਾ, ਅਤੇ ਤੇਰੀ ਉਮੀਦ ਪੱਕੀ ਰਹੇਗੀ।”​—ਕਹਾਉਤਾਂ 23:17, 18, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਫੁਟਨੋਟ]

^ ਪੈਰਾ 2 ਕੁਝ ਲੋਕਾਂ ਨੂੰ ਖ਼ਤਰਿਆਂ ਤੋਂ ਡਰ ਲੱਗਣਾ ਬੰਦ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਲਗਾਤਾਰ ਖ਼ਤਰਨਾਕ ਹਾਲਾਤਾਂ ਵਿਚ ਕੰਮ ਕਰਨਾ ਪੈਂਦਾ ਹੈ। ਜਦੋਂ ਇਕ ਤਜਰਬੇਕਾਰ ਤਰਖਾਣ ਨੂੰ ਪੁੱਛਿਆ ਗਿਆ ਕਿ ਕਿਉਂ ਇੰਨੇ ਸਾਰੇ ਤਰਖਾਣਾਂ ਦੀਆਂ ਉਂਗਲਾਂ ਨਹੀਂ ਹੁੰਦੀਆਂ, ਤਾਂ ਉਸ ਨੇ ਜਵਾਬ ਦਿੱਤਾ: “ਉਨ੍ਹਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਤੇਜ਼-ਰਫ਼ਤਾਰ ਆਰਿਆਂ ਤੋਂ ਡਰ ਲੱਗਣਾ ਬੰਦ ਹੋ ਜਾਂਦਾ ਹੈ।”

^ ਪੈਰਾ 4 ਯਹੋਵਾਹ ਖ਼ੁਦ ਇਹ ਘਿਰਣਾ ਮਹਿਸੂਸ ਕਰਦਾ ਹੈ। ਉਦਾਹਰਣ ਲਈ, ਅਫ਼ਸੀਆਂ 4:29 ਸਾਨੂੰ ਕੋਈ “ਗੰਦੀ ਗੱਲ” ਨਾ ਕਰਨ ਦੀ ਮੱਤ ਦਿੰਦਾ ਹੈ। “ਗੰਦੀ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਗਲ-ਸੜ ਰਹੇ ਫਲ, ਮੱਛੀ ਜਾਂ ਮਾਸ ਨੂੰ ਸੰਕੇਤ ਕਰਦਾ ਹੈ। ਅਜਿਹਾ ਸ਼ਬਦ ਸਾਫ਼-ਸਾਫ਼ ਦਰਸਾਉਂਦਾ ਹੈ ਕਿ ਸਾਨੂੰ ਗੰਦੀਆਂ ਜਾਂ ਅਸ਼ਲੀਲ ਗੱਲਾਂ ਨਾਲ ਕਿਸ ਤਰ੍ਹਾਂ ਦੀ ਘਿਰਣਾ ਰੱਖਣੀ ਚਾਹੀਦੀ ਹੈ। ਇਸੇ ਤਰ੍ਹਾਂ, ਬਾਈਬਲ ਵਿਚ ਬਿਵਸਥਾ ਸਾਰ 29:17 ਅਤੇ ਹਿਜ਼ਕੀਏਲ 6:9 ਤੇ ਦੂਸਰੀਆਂ ਆਇਤਾਂ ਵਿਚ ਸ਼ਬਦ “ਮੂਰਤਾਂ” ਜਾਂ ‘ਬੁੱਤ’ ਅਸਲ ਵਿਚ ਇਬਰਾਨੀ ਵਿਚ “ਲਿੱਦੜ ਮੂਰਤਾਂ” ਹੈ। ਲਿੱਦ ਜਾਂ ਵਿਸ਼ਟੇ ਪ੍ਰਤੀ ਸਾਡੀ ਸੁਭਾਵਕ ਘਿਰਣਾ ਦੀ ਭਾਵਨਾ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਯਹੋਵਾਹ ਕਿਸੇ ਵੀ ਤਰ੍ਹਾਂ ਦੀ ਮੂਰਤੀ-ਪੂਜਾ ਪ੍ਰਤੀ ਕਿੰਨੀ ਜ਼ਿਆਦਾ ਘਿਰਣਾ ਰੱਖਦਾ ਹੈ।

^ ਪੈਰਾ 6 ਉਦਾਹਰਣ ਲਈ, ਬਾਈਬਲ ਵਿਚ ਦਿੱਤੇ ਕਇਨ (ਉਤਪਤ 4:3-12); ਦਾਊਦ (2 ਸਮੂਏਲ 11:2–12:14); ਗੇਹਾਜੀ (2 ਰਾਜਿਆਂ 5:20-27); ਅਤੇ ਉਜ਼ੀਯਾਹ (2 ਇਤਹਾਸ 26:16-21) ਦੇ ਬਿਰਤਾਂਤਾਂ ਉੱਤੇ ਗੌਰ ਕਰੋ।

ਕੀ ਤੁਹਾਨੂੰ ਯਾਦ ਹੈ?

• ਅਸੀਂ ਬੁਰਾਈ ਨਾਲ ਨਫ਼ਰਤ ਕਰਨੀ ਕਿਵੇਂ ਸਿੱਖਦੇ ਹਾਂ?

• ਮਲਾਕੀ ਦੇ ਦਿਨਾਂ ਵਿਚ ਕੁਝ ਇਸਰਾਏਲੀਆਂ ਨੇ ਯਹੋਵਾਹ ਦੀ ਦੋਸਤੀ ਦੀ ਕਿਵੇਂ ਕਦਰ ਨਹੀਂ ਕੀਤੀ?

• ਅਸੀਂ ਪਰਮੇਸ਼ੁਰ ਤੋਂ ਡਰਨ ਸੰਬੰਧੀ ਅਬਰਾਹਾਮ, ਯੂਸੁਫ਼ ਅਤੇ ਅੱਯੂਬ ਤੋਂ ਕੀ ਸਿੱਖ ਸਕਦੇ ਹਾਂ?

• ਕਿਸ ਤਰ੍ਹਾਂ ਦਾ ਡਰ ਕਦੀ ਵੀ ਖ਼ਤਮ ਨਹੀਂ ਹੋਵੇਗਾ ਅਤੇ ਕਿਉਂ?

[ਸਵਾਲ]

[ਸਫ਼ੇ 19 ਉੱਤੇ ਤਸਵੀਰ]

ਸਮਝਦਾਰ ਮਾਪੇ ਆਪਣੇ ਬੱਚਿਆਂ ਦੇ ਮਨ ਵਿਚ ਗੁਣਕਾਰੀ ਡਰ ਪੈਦਾ ਕਰਦੇ ਹਨ

[ਸਫ਼ੇ 20 ਉੱਤੇ ਤਸਵੀਰ]

ਜਿਵੇਂ ਡਰ ਸਾਨੂੰ ਖ਼ਤਰੇ ਤੋਂ ਦੂਰ ਕਰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰੀ ਡਰ ਸਾਨੂੰ ਬੁਰਾਈ ਤੋਂ ਦੂਰ ਕਰਦਾ ਹੈ

[ਸਫ਼ੇ 23 ਉੱਤੇ ਤਸਵੀਰ]

ਤਿੰਨ ਝੂਠੇ ਦੋਸਤਾਂ ਅੱਗੇ ਵੀ ਅੱਯੂਬ ਨੇ ਪਰਮੇਸ਼ੁਰ ਤੋਂ ਡਰਨਾ ਨਹੀਂ ਛੱਡਿਆ

[ਕ੍ਰੈਡਿਟ ਲਾਈਨ]

From the Bible translation Vulgata Latina, 1795