Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਯਿਰਮਿਯਾਹ 7:16 ਵਿਚ ਦਰਜ ਪਰਮੇਸ਼ੁਰ ਦੀ ਸਲਾਹ ਦਾ ਇਹ ਮਤਲਬ ਹੈ ਕਿ ਮਸੀਹੀਆਂ ਨੂੰ ਉਸ ਵਿਅਕਤੀ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਜਿਸ ਨੂੰ ਆਪਣੇ ਪਾਪਾਂ ਤੋਂ ਤੋਬਾ ਨਾ ਕਰਨ ਕਰਕੇ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਹੈ?

ਵਿਸ਼ਵਾਸਘਾਤੀ ਯਹੂਦਾਹ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਯਹੋਵਾਹ ਨੇ ਯਿਰਮਿਯਾਹ ਨੂੰ ਕਿਹਾ: “ਤੂੰ ਏਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਓਹਨਾਂ ਲਈ ਆਪਣੀ ਅਵਾਜ਼ ਚੁੱਕੀਂ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ।”​—ਯਿਰਮਿਯਾਹ 7:16.

ਯਹੋਵਾਹ ਨੇ ਯਿਰਮਿਯਾਹ ਨੂੰ ਇਸਰਾਏਲੀਆਂ ਲਈ ਪ੍ਰਾਰਥਨਾ ਕਰਨ ਤੋਂ ਕਿਉਂ ਰੋਕਿਆ ਸੀ? ਕਿਉਂਕਿ ਉਹ ਖੁੱਲ੍ਹੇ-ਆਮ ਉਸ ਦੀ ਬਿਵਸਥਾ ਨੂੰ ਤੋੜ ਰਹੇ ਸਨ। ਉਹ ਬੇਸ਼ਰਮ ਹੋ ਕੇ ਸ਼ਰੇਆਮ ‘ਚੋਰੀ ਕਰਦੇ ਸਨ, ਖੂਨ ਕਰਦੇ ਸਨ, ਜ਼ਨਾਹ ਕਰਦੇ ਸਨ, ਝੂਠੀ ਸੌਂਹ ਖਾਂਦੇ ਸਨ, ਬਆਲ ਲਈ ਧੂਪ ਧੁਖਾਉਂਦੇ ਸਨ ਅਤੇ ਦੂਜੇ ਦਿਓਤਿਆਂ ਦੇ ਪਿੱਛੇ ਜਾਂਦੇ ਸਨ।’ ਇਸ ਕਰਕੇ ਯਹੋਵਾਹ ਨੇ ਨਿਹਚਾਹੀਣ ਯਹੂਦੀਆਂ ਨੂੰ ਕਿਹਾ: “ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ।” ਇਸ ਲਈ ਯਿਰਮਿਯਾਹ ਜਾਂ ਕਿਸੇ ਹੋਰ ਵਿਅਕਤੀ ਲਈ ਇਹ ਪ੍ਰਾਰਥਨਾ ਕਰਨੀ ਮੁਨਾਸਬ ਨਹੀਂ ਹੁੰਦੀ ਕਿ ਯਹੋਵਾਹ ਆਪਣਾ ਫ਼ੈਸਲਾ ਬਦਲ ਲਵੇ।​—ਯਿਰਮਿਯਾਹ 7:9, 15.

ਇਸੇ ਤਰ੍ਹਾਂ, ਯੂਹੰਨਾ ਰਸੂਲ ਨੇ ਪਰਮੇਸ਼ੁਰ ਨੂੰ ਢੁਕਵੀਂ ਪ੍ਰਾਰਥਨਾ ਕਰਨ ਬਾਰੇ ਲਿਖਿਆ। ਪਹਿਲਾਂ ਉਸ ਨੇ ਮਸੀਹੀਆਂ ਨੂੰ ਭਰੋਸਾ ਦਿੱਤਾ: “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਫਿਰ ਦੂਸਰਿਆਂ ਲਈ ਪ੍ਰਾਰਥਨਾ ਕਰਨ ਸੰਬੰਧੀ ਯੂਹੰਨਾ ਨੇ ਅੱਗੇ ਕਿਹਾ: “ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਵੇਖੇ ਜੋ ਮੌਤ ਦਾ ਕਾਰਨ ਨਹੀਂ ਤਾਂ ਉਹ ਮੰਗੇ ਅਤੇ ਪਰਮੇਸ਼ੁਰ ਉਹ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ। ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ। ਉਹ ਦੇ ਵਿਖੇ ਮੈਂ ਨਹੀਂ ਆਖਦਾ ਭਈ ਉਹ ਬੇਨਤੀ ਕਰੇ।” (1 ਯੂਹੰਨਾ 5:16) ਯਿਸੂ ਨੇ ਵੀ ਦੱਸਿਆ ਸੀ ਕਿ ਪਵਿੱਤਰ ਆਤਮਾ ਦੇ ਵਿਰੁੱਧ ਕੀਤਾ ਗਿਆ ਪਾਪ “ਮਾਫ਼ ਨਹੀਂ ਕੀਤਾ ਜਾਵੇਗਾ।”​—ਮੱਤੀ 12:31, 32.

ਕੀ ਇਸ ਦਾ ਇਹ ਮਤਲਬ ਹੈ ਕਿ ਜਿਨ੍ਹਾਂ ਨੂੰ ਆਪਣੇ ਪਾਪਾਂ ਤੋਂ ਤੋਬਾ ਨਾ ਕਰਨ ਕਰਕੇ ਮਸੀਹੀ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਹੈ, ਉਨ੍ਹਾਂ ਨੇ ਉਹ ਪਾਪ ਕੀਤਾ ਹੈ ਜਿਹੜਾ “ਮੌਤ ਦਾ ਕਾਰਨ ਹੈ” ਅਤੇ ਇਸ ਕਰਕੇ ਸਾਨੂੰ ਉਨ੍ਹਾਂ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ? ਜ਼ਰੂਰੀ ਨਹੀਂ, ਕਿਉਂਕਿ ਕਈ ਮਾਮਲਿਆਂ ਵਿਚ ਅਜਿਹੇ ਪਾਪ ਵੀ ਹੁੰਦੇ ਹਨ ਜਿਨ੍ਹਾਂ ਲਈ ਸਜ਼ਾ ਮੌਤ ਨਹੀਂ ਹੁੰਦੀ। ਅਸਲ ਵਿਚ ਇਹ ਕਹਿਣਾ ਮੁਸ਼ਕਲ ਹੈ ਕਿ ਅਜਿਹੇ ਪਾਪ ਮੌਤ ਦਾ ਕਾਰਨ ਹਨ ਜਾਂ ਨਹੀਂ। ਇਸ ਦੀ ਇਕ ਵਧੀਆ ਉਦਾਹਰਣ ਹੈ ਯਹੂਦਾਹ ਦਾ ਰਾਜਾ ਮਨੱਸ਼ਹ। ਉਸ ਨੇ ਝੂਠੇ ਦੇਵੀ-ਦੇਵਤਿਆਂ ਲਈ ਵੇਦੀਆਂ ਬਣਾਈਆਂ, ਆਪਣੇ ਪੁੱਤਾਂ ਦੀ ਬਲੀ ਦਿੱਤੀ, ਜਾਦੂ-ਟੂਣੇ ਕੀਤੇ ਅਤੇ ਯਹੋਵਾਹ ਦੇ ਮੰਦਰ ਵਿਚ ਮੂਰਤੀ ਰੱਖੀ। ਅਸਲ ਵਿਚ ਬਾਈਬਲ ਕਹਿੰਦੀ ਹੈ ਕਿ ਮਨੱਸ਼ਹ ਤੇ ਉਸ ਦੀ ਪਰਜਾ ਨੇ “ਓਹਨਾਂ ਕੌਮਾਂ ਨਾਲੋਂ ਵੀ ਵਧ ਬੁਰਿਆਈ ਕੀਤੀ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਬਰਬਾਦ ਕਰਵਾਇਆ ਸੀ।” ਇਨ੍ਹਾਂ ਸਾਰੇ ਕੰਮਾਂ ਕਰਕੇ ਯਹੋਵਾਹ ਨੇ ਮਨੱਸ਼ਹ ਨੂੰ ਸਜ਼ਾ ਦਿੱਤੀ ਤੇ ਬਾਬਲੀ ਉਸ ਨੂੰ ਬੇੜੀਆਂ ਨਾਲ ਜਕੜ ਕੇ ਗ਼ੁਲਾਮ ਬਣਾ ਕੇ ਲੈ ਗਏ।​—2 ਰਾਜਿਆਂ 21:1-9; 2 ਇਤਹਾਸ 33:1-11.

ਭਾਵੇਂ ਮਨੱਸ਼ਹ ਨੇ ਘੋਰ ਪਾਪ ਕੀਤੇ ਸਨ, ਪਰ ਕੀ ਇਹ ਅਜਿਹੇ ਪਾਪ ਸਨ ਜਿਹੜੇ ਮੌਤ ਦਾ ਕਾਰਨ ਸਨ? ਨਹੀਂ, ਕਿਉਂਕਿ ਬਾਈਬਲ ਵਿਚ ਉਸ ਬਾਰੇ ਅੱਗੇ ਲਿਖਿਆ ਹੈ: “ਜਦ ਉਹ ਔਕੜ ਵਿੱਚ ਪਿਆ ਤਾਂ ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਸਨਮੁਖ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ। [ਮਨੱਸ਼ਹ] ਨੇ ਉਸ ਅੱਗੇ ਪ੍ਰਾਰਥਨਾ ਕੀਤੀ ਤਾਂ ਉਸ ਨੇ ਉਹ ਦੇ ਤਰਲਿਆਂ ਨੂੰ ਸੁਣ ਲਿਆ। ਉਹ ਨੂੰ ਉਹ ਦੇ ਰਾਜ ਵਿੱਚ ਯਰੂਸ਼ਲਮ ਨੂੰ ਮੋੜ ਲਿਆਇਆ ਤਾਂ ਮਨੱਸ਼ਹ ਨੇ ਜਾਣਿਆ ਕਿ ਯਹੋਵਾਹ ਹੀ ਪਰਮੇਸ਼ੁਰ ਹੈ।”​—2 ਇਤਹਾਸ 33:12, 13.

ਇਸ ਤਰ੍ਹਾਂ ਸਾਨੂੰ ਇਕਦਮ ਇਹ ਫ਼ੈਸਲਾ ਨਹੀਂ ਕਰ ਲੈਣਾ ਚਾਹੀਦਾ ਕਿ ਕਿਸੇ ਵਿਅਕਤੀ ਨੂੰ ਕਲੀਸਿਯਾ ਵਿੱਚੋਂ ਇਸ ਕਰਕੇ ਛੇਕ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਜ਼ਰੂਰ ਉਹ ਪਾਪ ਕੀਤਾ ਹੈ ਜੋ ਮੌਤ ਦਾ ਕਾਰਨ ਹੈ। ਉਸ ਵਿਅਕਤੀ ਦੇ ਦਿਲ ਦੀ ਅਸਲੀ ਹਾਲਤ ਦੇ ਪ੍ਰਗਟ ਹੋਣ ਵਿਚ ਸਮਾਂ ਲੱਗ ਸਕਦਾ ਹੈ। ਅਸਲ ਵਿਚ ਇਹ ਅਕਸਰ ਕਿਹਾ ਜਾਂਦਾ ਹੈ ਕਿ ਪਾਪੀ ਨੂੰ ਛੇਕੇ ਜਾਣ ਦਾ ਇਕ ਮਕਸਦ ਇਹ ਹੈ ਕਿ ਉਹ ਸੁਰਤ ਵਿਚ ਆਵੇ, ਤੋਬਾ ਕਰੇ ਅਤੇ ਵਾਪਸ ਮੁੜ ਆਵੇ।

ਕਿਉਂਕਿ ਭੈਣ-ਭਰਾ ਉਸ ਵਿਅਕਤੀ ਨਾਲ ਸੰਗਤੀ ਨਹੀਂ ਕਰਦੇ, ਇਸ ਕਰਕੇ ਉਸ ਦੇ ਦਿਲ ਅਤੇ ਰਵੱਈਏ ਵਿਚ ਆਈ ਕਿਸੇ ਵੀ ਤਬਦੀਲੀ ਬਾਰੇ ਸ਼ਾਇਦ ਪਹਿਲਾਂ ਉਸ ਦੇ ਨਜ਼ਦੀਕੀਆਂ ਨੂੰ ਪਤਾ ਲੱਗੇ, ਸ਼ਾਇਦ ਉਸ ਦੇ ਵਿਆਹੁਤਾ ਸਾਥੀ ਜਾਂ ਪਰਿਵਾਰ ਦੇ ਮੈਂਬਰਾਂ ਨੂੰ। ਜਿਹੜੇ ਅਜਿਹੀਆਂ ਤਬਦੀਲੀਆਂ ਨੂੰ ਦੇਖਦੇ ਹਨ, ਉਹ ਸ਼ਾਇਦ ਇਹ ਸਿੱਟਾ ਕੱਢਣ ਕਿ ਉਸ ਨੇ ਅਜਿਹਾ ਪਾਪ ਨਹੀਂ ਕੀਤਾ ਜਿਹੜਾ ਮੌਤ ਦਾ ਕਾਰਨ ਹੈ। ਉਹ ਸ਼ਾਇਦ ਪ੍ਰਾਰਥਨਾ ਕਰਨ ਕਿ ਛੇਕਿਆ ਗਿਆ ਵਿਅਕਤੀ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਤੋਂ ਸ਼ਕਤੀ ਪ੍ਰਾਪਤ ਕਰੇ ਅਤੇ ਕਿ ਯਹੋਵਾਹ ਆਪਣੀ ਇੱਛਾ ਅਨੁਸਾਰ ਉਸ ਪਾਪੀ ਨਾਲ ਪੇਸ਼ ਆਵੇ।​—ਜ਼ਬੂਰ 44:21; ਉਪਦੇਸ਼ਕ ਦੀ ਪੋਥੀ 12:14.

ਹਾਲਾਂਕਿ ਪਰਿਵਾਰ ਦੇ ਮੈਂਬਰਾਂ ਨੂੰ ਸਬੂਤਾਂ ਦੇ ਆਧਾਰ ਤੇ ਵਿਸ਼ਵਾਸ ਹੋ ਸਕਦਾ ਹੈ ਕਿ ਪਾਪੀ ਨੇ ਤੋਬਾ ਕੀਤੀ ਹੈ, ਪਰ ਬਾਕੀ ਕਲੀਸਿਯਾ ਨੂੰ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ। ਇਸ ਲਈ, ਉਹ ਪਰੇਸ਼ਾਨ ਹੋ ਸਕਦੇ ਹਨ, ਕੁਝ ਠੋਕਰ ਵੀ ਖਾ ਸਕਦੇ ਹਨ ਜੇ ਉਹ ਕਿਸੇ ਮਸੀਹੀ ਨੂੰ ਕਲੀਸਿਯਾ ਵਿਚ ਛੇਕੇ ਗਏ ਵਿਅਕਤੀ ਲਈ ਪ੍ਰਾਰਥਨਾ ਕਰਦੇ ਸੁਣਦੇ ਹਨ। ਇਸ ਕਰਕੇ ਜਿਹੜੇ ਭੈਣ-ਭਰਾ ਪਾਪੀ ਲਈ ਪ੍ਰਾਰਥਨਾ ਕਰਨੀ ਚਾਹੁੰਦੇ ਹਨ, ਉਹ ਨਿੱਜੀ ਤੌਰ ਤੇ ਪ੍ਰਾਰਥਨਾ ਕਰ ਸਕਦੇ ਹਨ ਤੇ ਛੇਕੇ ਗਏ ਵਿਅਕਤੀ ਦੇ ਮਾਮਲੇ ਨੂੰ ਕਲੀਸਿਯਾ ਦੇ ਜ਼ਿੰਮੇਵਾਰ ਬਜ਼ੁਰਗਾਂ ਉੱਤੇ ਛੱਡ ਸਕਦੇ ਹਨ।

[ਸਫ਼ੇ 31 ਉੱਤੇ ਤਸਵੀਰ]

ਜਦੋਂ ਮਨੱਸ਼ਹ ਨੇ ਯਹੋਵਾਹ ਸਾਮ੍ਹਣੇ ਆਪਣੇ ਆਪ ਨੂੰ ਨਿਮਰ ਕੀਤਾ, ਤਾਂ ਉਸ ਦੇ ਘੋਰ ਪਾਪਾਂ ਨੂੰ ਮਾਫ਼ ਕਰ ਦਿੱਤਾ ਗਿਆ ਸੀ

[ਸਫ਼ੇ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Reproduced from Illustrierte Pracht - Bibel/​Heilige Schrift des Alten und Neuen Testaments, nach der deutschen Uebersetzung D. Martin Luther’s