Skip to content

Skip to table of contents

ਸੁਨਹਿਰਾ ਅਸੂਲ—ਇਹ ਫ਼ਾਇਦੇਮੰਦ ਹੈ

ਸੁਨਹਿਰਾ ਅਸੂਲ—ਇਹ ਫ਼ਾਇਦੇਮੰਦ ਹੈ

ਸੁਨਹਿਰਾ ਅਸੂਲ—ਇਹ ਫ਼ਾਇਦੇਮੰਦ ਹੈ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਯਿਸੂ ਨੇ ਸੁਨਹਿਰੇ ਅਸੂਲ ਦੀ ਨੈਤਿਕ ਸਿੱਖਿਆ ਦਿੱਤੀ ਸੀ। ਪਰ ਯਿਸੂ ਨੇ ਵੀ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।”​—ਯੂਹੰਨਾ 7:16.

ਜੀ ਹਾਂ, ਸੁਨਹਿਰੇ ਅਸੂਲ ਸਮੇਤ ਯਿਸੂ ਨੇ ਜੋ ਵੀ ਗੱਲਾਂ ਸਿਖਾਈਆਂ ਸਨ, ਉਨ੍ਹਾਂ ਦਾ ਸੋਮਾ ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਹੈ ਜਿਸ ਨੇ ਯਿਸੂ ਨੂੰ ਧਰਤੀ ਤੇ ਭੇਜਿਆ ਸੀ।

ਸ਼ੁਰੂ ਵਿਚ ਪਰਮੇਸ਼ੁਰ ਦਾ ਮਕਸਦ ਸੀ ਕਿ ਸਾਰੇ ਇਨਸਾਨ ਇਕ-ਦੂਜੇ ਨਾਲ ਉਵੇਂ ਹੀ ਸਲੂਕ ਕਰਨ ਜਿਵੇਂ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨਾਲ ਕਰਨ। ਜਿਸ ਤਰੀਕੇ ਨਾਲ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ, ਉਸ ਦੁਆਰਾ ਉਸ ਨੇ ਦੂਜਿਆਂ ਦੀ ਭਲਾਈ ਲਈ ਚਿੰਤਾ ਦਿਖਾਉਣ ਵਿਚ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।” (ਉਤਪਤ 1:27) ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਮੁੱਖ ਗੁਣਾਂ ਨਾਲ ਨਿਵਾਜਿਆ ਹੈ ਤਾਂਕਿ ਉਹ ਸ਼ਾਂਤੀ, ਖ਼ੁਸ਼ੀ ਅਤੇ ਮੇਲ-ਮਿਲਾਪ ਨਾਲ ਜ਼ਿੰਦਗੀ ਦਾ ਹਮੇਸ਼ਾ ਲਈ ਆਨੰਦ ਉਠਾ ਸਕਣ। ਜੇ ਪਰਮੇਸ਼ੁਰ ਦੁਆਰਾ ਦਿੱਤੀ ਜ਼ਮੀਰ ਨੂੰ ਚੰਗੀ ਤਰ੍ਹਾਂ ਸਾਧਿਆ ਜਾਵੇ, ਤਾਂ ਇਹ ਉਨ੍ਹਾਂ ਨੂੰ ਦੂਜਿਆਂ ਨਾਲ ਉਵੇਂ ਪੇਸ਼ ਆਉਣ ਲਈ ਉਕਸਾਵੇਗੀ ਜਿਵੇਂ ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨਾਲ ਪੇਸ਼ ਆਉਣ।

ਸੁਆਰਥ ਹਾਵੀ ਹੁੰਦਾ ਹੈ

ਇਨਸਾਨਾਂ ਦੀ ਵਧੀਆ ਸ਼ੁਰੂਆਤ ਹੋਣ ਦੇ ਬਾਵਜੂਦ ਵੀ ਕੀ ਗ਼ਲਤ ਹੋ ਗਿਆ? ਸਾਫ਼ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਨਸਾਨ ਸੁਆਰਥੀ ਬਣ ਗਿਆ। ਬਹੁਤ ਸਾਰੇ ਲੋਕ ਬਾਈਬਲ ਵਿਚ ਉਤਪਤ ਅਧਿਆਇ 3 ਵਿਚ ਦਰਜ ਪਹਿਲੇ ਮਨੁੱਖੀ ਜੋੜੇ ਦੇ ਬਿਰਤਾਂਤ ਬਾਰੇ ਜਾਣਦੇ ਹਨ ਕਿ ਉਨ੍ਹਾਂ ਨੇ ਕੀ ਕੀਤਾ ਸੀ। ਪਰਮੇਸ਼ੁਰ ਦੇ ਧਰਮੀ ਮਿਆਰਾਂ ਦੇ ਵਿਰੋਧੀ ਸ਼ਤਾਨ ਦੇ ਕਹਿਣ ਤੇ ਆਦਮ ਅਤੇ ਹੱਵਾਹ ਨੇ ਬੜੀ ਖ਼ੁਦਗਰਜ਼ੀ ਨਾਲ ਪਰਮੇਸ਼ੁਰ ਦੇ ਸ਼ਾਸਨ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਤੋਂ ਆਜ਼ਾਦ ਹੋਣਾ ਤੇ ਆਪਣੇ ਫ਼ੈਸਲੇ ਆਪ ਕਰਨੇ ਚੁਣਿਆ। ਉਨ੍ਹਾਂ ਦੇ ਇਸ ਸੁਆਰਥੀ ਅਤੇ ਬਗਾਵਤੀ ਕਦਮ ਉਠਾਉਣ ਨਾਲ ਨਾ ਸਿਰਫ਼ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ, ਸਗੋਂ ਉਨ੍ਹਾਂ ਦੀ ਆਉਣ ਵਾਲੀ ਔਲਾਦ ਨੂੰ ਵੀ ਦੁਖਦਾਈ ਨਤੀਜੇ ਭੁਗਤਣੇ ਪਏ। ਇਹ ਸੁਨਹਿਰੇ ਅਸੂਲ ਦੀ ਸਿੱਖਿਆ ਨੂੰ ਨਜ਼ਰਅੰਦਾਜ਼ ਕਰਨ ਦੇ ਤਬਾਹਕੁਨ ਨਤੀਜੇ ਦਾ ਸਪੱਸ਼ਟ ਸਬੂਤ ਸੀ। ਨਤੀਜੇ ਵਜੋਂ, “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”​—ਰੋਮੀਆਂ 5:12.

ਹਾਲਾਂਕਿ ਸਾਰੀ ਮਨੁੱਖਜਾਤੀ ਨੇ ਯਹੋਵਾਹ ਪਰਮੇਸ਼ੁਰ ਦੇ ਪ੍ਰੇਮਮਈ ਰਾਹਾਂ ਨੂੰ ਠੁਕਰਾ ਦਿੱਤਾ, ਪਰ ਉਸ ਨੇ ਉਨ੍ਹਾਂ ਨੂੰ ਤਿਆਗਿਆ ਨਹੀਂ। ਮਿਸਾਲ ਵਜੋਂ, ਯਹੋਵਾਹ ਨੇ ਇਸਰਾਏਲ ਕੌਮ ਨੂੰ ਸੇਧ ਦੇਣ ਲਈ ਆਪਣੀ ਬਿਵਸਥਾ ਦਿੱਤੀ ਸੀ। ਇਸ ਬਿਵਸਥਾ ਨੇ ਉਨ੍ਹਾਂ ਨੂੰ ਦੂਜਿਆਂ ਨਾਲ ਉਵੇਂ ਪੇਸ਼ ਆਉਣਾ ਸਿਖਾਇਆ ਜਿਵੇਂ ਉਹ ਚਾਹੁੰਦੇ ਸਨ ਕਿ ਦੂਜੇ ਉਨ੍ਹਾਂ ਨਾਲ ਪੇਸ਼ ਆਉਣ। ਬਿਵਸਥਾ ਨੇ ਉਨ੍ਹਾਂ ਨੂੰ ਸੇਧ ਦਿੱਤੀ ਕਿ ਦਾਸਾਂ, ਅਨਾਥਾਂ ਅਤੇ ਵਿਧਵਾਵਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਇਸ ਨੇ ਦੱਸਿਆ ਕਿ ਹਮਲੇ, ਅਗਵਾਕਾਰੀ ਅਤੇ ਚੋਰੀ ਦੇ ਮਾਮਲਿਆਂ ਨੂੰ ਕਿਵੇਂ ਨਜਿੱਠਣਾ ਹੈ। ਸਾਫ਼-ਸਫ਼ਾਈ ਦੇ ਨਿਯਮਾਂ ਕਾਰਨ ਦੂਜਿਆਂ ਦੀ ਸਿਹਤ ਤੇ ਚੰਗਾ ਅਸਰ ਪਿਆ। ਇੱਥੋਂ ਤਕ ਕਿ ਲਿੰਗੀ ਮਾਮਲਿਆਂ ਬਾਰੇ ਵੀ ਨਿਯਮ ਦਿੱਤੇ ਗਏ ਸਨ। ਯਹੋਵਾਹ ਨੇ ਇਨ੍ਹਾਂ ਸ਼ਬਦਾਂ ਵਿਚ ਆਪਣੀ ਬਿਵਸਥਾ ਦਾ ਸਾਰ ਦਿੱਤਾ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ” ਅਤੇ ਇਹੀ ਹਵਾਲਾ ਯਿਸੂ ਨੇ ਬਾਅਦ ਵਿਚ ਦਿੱਤਾ ਸੀ। (ਲੇਵੀਆਂ 19:18; ਮੱਤੀ 22:39, 40) ਬਿਵਸਥਾ ਨੇ ਇਹ ਵੀ ਦੱਸਿਆ ਕਿ ਇਸਰਾਏਲੀਆਂ ਨੇ ਆਪਣੇ ਵਿਚਕਾਰ ਰਹਿੰਦੇ ਪਰਦੇਸੀਆਂ ਨਾਲ ਕਿਵੇਂ ਸਲੂਕ ਕਰਨਾ ਹੈ। ਬਿਵਸਥਾ ਨੇ ਹੁਕਮ ਦਿੱਤਾ: “ਤੂੰ ਪਰਦੇਸੀ ਨੂੰ ਨਾ ਸਤਾ। ਤੁਸੀਂ ਪਰਦੇਸੀ ਦੇ ਜੀਉ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸਾਓ।” ਦੂਜੇ ਸ਼ਬਦਾਂ ਵਿਚ, ਇਸਰਾਏਲੀਆਂ ਨੇ ਉਨ੍ਹਾਂ ਦੇ ਔਖੇ ਸਮਿਆਂ ਵਿਚ ਹਮਦਰਦੀ ਦਿਖਾਉਣੀ ਸੀ।​—ਕੂਚ 23:9; ਲੇਵੀਆਂ 19:34; ਬਿਵਸਥਾ ਸਾਰ 10:19.

ਜਿੰਨੀ ਦੇਰ ਤਕ ਇਸਰਾਏਲੀ ਵਫ਼ਾਦਾਰੀ ਨਾਲ ਇਸ ਬਿਵਸਥਾ ਤੇ ਚੱਲਦੇ ਰਹੇ, ਯਹੋਵਾਹ ਉਸ ਕੌਮ ਨੂੰ ਬਰਕਤਾਂ ਦਿੰਦਾ ਰਿਹਾ। ਦਾਊਦ ਅਤੇ ਸੁਲੇਮਾਨ ਦੇ ਰਾਜ ਵਿਚ ਇਹ ਕੌਮ ਵਧੀ-ਫੁੱਲੀ ਅਤੇ ਲੋਕ ਬੜੇ ਖ਼ੁਸ਼ ਤੇ ਸੰਤੁਸ਼ਟ ਸਨ। ਇਕ ਇਤਿਹਾਸਕ ਬਿਰਤਾਂਤ ਸਾਨੂੰ ਦੱਸਦਾ ਹੈ: “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ। ਅਤੇ ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ . . . ਅਮਨ ਨਾਲ ਬੈਠਦਾ ਸੀ।”​—1 ਰਾਜਿਆਂ 4:20, 25.

ਦੁੱਖ ਦੀ ਗੱਲ ਹੈ ਕਿ ਇਸ ਕੌਮ ਦੀ ਸ਼ਾਂਤੀ ਤੇ ਸੁਰੱਖਿਆ ਜ਼ਿਆਦਾ ਦੇਰ ਤਕ ਨਹੀਂ ਰਹੀ। ਭਾਵੇਂ ਕਿ ਪਰਮੇਸ਼ੁਰ ਦੀ ਬਿਵਸਥਾ ਉਨ੍ਹਾਂ ਕੋਲ ਸੀ ਫਿਰ ਵੀ ਇਸਰਾਏਲੀਆਂ ਨੇ ਇਸ ਦੀ ਪਾਲਣਾ ਨਹੀਂ ਕੀਤੀ; ਉਨ੍ਹਾਂ ਨੇ ਆਪਣੇ ਸੁਆਰਥ ਕਾਰਨ ਦੂਜਿਆਂ ਦੀ ਕੋਈ ਚਿੰਤਾ ਨਾ ਕੀਤੀ। ਇਸ ਦੇ ਨਾਲ-ਨਾਲ ਧਰਮ-ਤਿਆਗ ਕਾਰਨ ਉਨ੍ਹਾਂ ਨੂੰ ਨਿੱਜੀ ਤੌਰ ਤੇ ਅਤੇ ਪੂਰੀ ਕੌਮ ਵਜੋਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ। ਅਖ਼ੀਰ 607 ਸਾ.ਯੁ.ਪੂ. ਵਿਚ ਯਹੋਵਾਹ ਨੇ ਬਾਬਲੀਆਂ ਦੁਆਰਾ ਯਹੂਦਾਹ ਨੂੰ, ਯਰੂਸ਼ਲਮ ਸ਼ਹਿਰ ਨੂੰ ਅਤੇ ਇਸ ਦੇ ਸ਼ਾਨਦਾਰ ਮੰਦਰ ਨੂੰ ਵੀ ਨਾਸ਼ ਹੋਣ ਦਿੱਤਾ। ਕਿਸ ਕਾਰਨ? “ਏਸ ਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੂੰ ਸਦਵਾ ਘੱਲਾਂਗਾ। ਮੈਂ ਓਹਨਾਂ ਨੂੰ ਏਸ ਦੇਸ ਦੇ ਵਿਰੁੱਧ, ਉਹ ਦੇ ਵਾਸੀਆਂ ਦੇ ਵਿਰੁੱਧ ਅਤੇ ਓਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਓਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਓਹਨਾਂ ਨੂੰ ਇੱਕ ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ।” (ਯਿਰਮਿਯਾਹ 25:8, 9) ਉਨ੍ਹਾਂ ਨੂੰ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਤਿਆਗਣ ਦੀ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ!

ਸਾਡੇ ਲਈ ਇਕ ਉੱਤਮ ਮਿਸਾਲ

ਦੂਜੇ ਪਾਸੇ, ਯਿਸੂ ਨੇ ਨਾ ਸਿਰਫ਼ ਸੁਨਹਿਰਾ ਅਸੂਲ ਸਿਖਾਇਆ, ਸਗੋਂ ਇਸ ਉੱਤੇ ਚੱਲ ਕੇ ਉਸ ਨੇ ਇਕ ਉੱਤਮ ਮਿਸਾਲ ਵੀ ਕਾਇਮ ਕੀਤੀ ਸੀ। ਉਸ ਨੇ ਦੂਜਿਆਂ ਦੀ ਭਲਾਈ ਲਈ ਸੱਚੇ ਦਿਲੋਂ ਚਿੰਤਾ ਦਿਖਾਈ। (ਮੱਤੀ 9:36; 14:14; ਲੂਕਾ 5:12, 13) ਇਕ ਵਾਰ, ਨਾਇਨ ਸ਼ਹਿਰ ਦੇ ਨੇੜੇ ਯਿਸੂ ਨੇ ਇਕ ਦੁਖੀ ਵਿਧਵਾ ਨੂੰ ਆਪਣੇ ਇੱਕੋ-ਇਕ ਪੁੱਤਰ ਦੇ ਜਨਾਜ਼ੇ ਵਿਚ ਜਾਂਦੇ ਹੋਏ ਦੇਖਿਆ। ਬਾਈਬਲ ਬਿਰਤਾਂਤ ਕਹਿੰਦਾ ਹੈ: “ਪ੍ਰਭੁ ਨੇ ਉਸ ਨੂੰ ਵੇਖ ਕੇ ਉਸ ਦੇ ਉੱਤੇ ਤਰਸ ਖਾਧਾ।” (ਲੂਕਾ 7:11-15) ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਅਨੁਸਾਰ “ਤਰਸ ਖਾਧਾ” ਸ਼ਬਦਾਂ ਦਾ ਮਤਲਬ ਹੈ “ਦਿਲ ਭਰ ਆਉਣਾ।” ਯਿਸੂ ਨੇ ਉਸ ਵਿਧਵਾ ਦੇ ਦਿਲ ਦੇ ਦਰਦ ਨੂੰ ਮਹਿਸੂਸ ਕੀਤਾ ਜਿਸ ਕਾਰਨ ਉਹ ਉਸ ਦੇ ਦਰਦ ਨੂੰ ਮਿਟਾਉਣ ਲਈ ਕੁਝ ਕਰਨ ਲਈ ਪ੍ਰੇਰਿਤ ਹੋਇਆ। ਉਸ ਵਿਧਵਾ ਨੂੰ ਉਦੋਂ ਕਿੰਨੀ ਖ਼ੁਸ਼ੀ ਹੋਈ ਜਦੋਂ ਯਿਸੂ ਨੇ ਉਸ ਦੇ ਮੁੰਡੇ ਨੂੰ ਜੀਉਂਦਾ ਕੀਤਾ ਅਤੇ “ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ”!

ਅਖ਼ੀਰ ਵਿਚ ਪਰਮੇਸ਼ੁਰ ਦੇ ਮਕਸਦ ਲਈ ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਦੁੱਖ ਝੱਲੇ ਅਤੇ ਰਿਹਾਈ-ਕੀਮਤ ਵਜੋਂ ਆਪਣੀ ਜ਼ਿੰਦਗੀ ਦਿੱਤੀ ਤਾਂਕਿ ਇਨਸਾਨ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਏ ਜਾ ਸਕਣ। ਸੁਨਹਿਰੇ ਅਸੂਲ ਅਨੁਸਾਰ ਜੀਉਣ ਦੀ ਇਹ ਸਭ ਤੋਂ ਵਧੀਆ ਮਿਸਾਲ ਸੀ।​—ਮੱਤੀ 20:28; ਯੂਹੰਨਾ 15:13; ਇਬਰਾਨੀਆਂ 4:15.

ਸੁਨਹਿਰੇ ਅਸੂਲ ਤੇ ਚੱਲਣ ਵਾਲੇ ਲੋਕ

ਕੀ ਸਾਡੇ ਜ਼ਮਾਨੇ ਵਿਚ ਅਜਿਹੇ ਲੋਕ ਹਨ ਜਿਹੜੇ ਸੱਚ-ਮੁੱਚ ਸੁਨਹਿਰੇ ਅਸੂਲ ਮੁਤਾਬਕ ਚੱਲਦੇ ਹਨ? ਜੀ ਹਾਂ, ਅਤੇ ਉਹ ਇਸ ਉੱਤੇ ਸਿਰਫ਼ ਉਦੋਂ ਹੀ ਨਹੀਂ ਚੱਲਦੇ ਜਦੋਂ ਉਨ੍ਹਾਂ ਨੂੰ ਸੌਖਾ ਲੱਗਦਾ ਹੈ। ਮਿਸਾਲ ਵਜੋਂ, ਨਾਜ਼ੀ ਜਰਮਨੀ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਵਿਚ ਆਪਣੀ ਨਿਹਚਾ ਅਤੇ ਗੁਆਂਢੀ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਿਆ ਅਤੇ ਸੁਨਹਿਰੇ ਅਸੂਲ ਦਾ ਸਮਝੌਤਾ ਨਹੀਂ ਕੀਤਾ। ਜਦੋਂ ਸਰਕਾਰ ਨੇ ਸਾਰੇ ਯਹੂਦੀਆਂ ਖ਼ਿਲਾਫ਼ ਨਫ਼ਰਤ ਅਤੇ ਪੱਖਪਾਤ ਦੀ ਮੁਹਿੰਮ ਚਲਾਈ, ਤਾਂ ਗਵਾਹਾਂ ਨੇ ਸੁਨਹਿਰੇ ਅਸੂਲ ਮੁਤਾਬਕ ਚੱਲਣਾ ਜਾਰੀ ਰੱਖਿਆ। ਨਜ਼ਰਬੰਦੀ ਕੈਂਪਾਂ ਵਿਚ ਵੀ ਉਹ ਆਪਣੇ ਨਾਲ ਦੇ ਇਨਸਾਨਾਂ ਦੀ ਦੇਖ-ਭਾਲ ਕਰਦੇ ਰਹੇ ਅਤੇ ਆਪਣੇ ਥੋੜ੍ਹੇ ਜਿਹੇ ਖਾਣੇ ਨੂੰ ਭੁੱਖੇ ਮਰ ਰਹੇ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨਾਲ ਵੰਡ ਕੇ ਖਾਂਦੇ ਸਨ। ਇਸ ਤੋਂ ਇਲਾਵਾ, ਜਦੋਂ ਸਰਕਾਰ ਨੇ ਦੂਜਿਆਂ ਨੂੰ ਮਾਰਨ ਲਈ ਉਨ੍ਹਾਂ ਨੂੰ ਹਥਿਆਰ ਚੁੱਕਣ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਦੂਜੇ ਉਨ੍ਹਾਂ ਨੂੰ ਮਾਰਨ। ਉਹ ਉਨ੍ਹਾਂ ਨੂੰ ਕਿੱਦਾਂ ਮਾਰ ਸਕਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਵਾਂਗ ਪਿਆਰ ਕਰਨਾ ਸੀ? ਉਨ੍ਹਾਂ ਦੇ ਇਨਕਾਰ ਕਰਨ ਨਾਲ, ਨਾ ਸਿਰਫ਼ ਉਨ੍ਹਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਭੇਜ ਦਿੱਤਾ ਗਿਆ, ਸਗੋਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨੋਂ ਵੀ ਮਾਰਿਆ ਗਿਆ ਸੀ।​—ਮੱਤੀ 5:43-48.

ਜਦੋਂ ਤੁਸੀਂ ਇਸ ਲੇਖ ਨੂੰ ਪੜ੍ਹਦੇ ਹੋ, ਤਾਂ ਤੁਸੀਂ ਸੁਨਹਿਰੇ ਅਸੂਲ ਦੀ ਇਕ ਹੋਰ ਮਿਸਾਲ ਤੋਂ ਫ਼ਾਇਦਾ ਉਠਾ ਰਹੇ ਹੋ। ਯਹੋਵਾਹ ਦੇ ਗਵਾਹਾਂ ਨੂੰ ਅਹਿਸਾਸ ਹੈ ਕਿ ਅੱਜ ਬਹੁਤ ਸਾਰੇ ਲੋਕ ਦੁੱਖ ਝੱਲ ਰਹੇ ਹਨ; ਉਹ ਬਹੁਤ ਨਿਰਾਸ਼ ਅਤੇ ਬੇਬੱਸ ਹਨ। ਇਸ ਕਾਰਨ, ਗਵਾਹ ਆਪਣੀ ਇੱਛਾ ਨਾਲ ਦੂਜਿਆਂ ਨੂੰ ਬਾਈਬਲ ਵਿਚ ਦਿੱਤੀ ਗਈ ਵਧੀਆ ਉਮੀਦ ਅਤੇ ਸਹੀ ਨਿਰਦੇਸ਼ਨ ਬਾਰੇ ਸਿਖਾ ਰਹੇ ਹਨ। ਇਹ ਦੁਨੀਆਂ ਭਰ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਪੱਧਰ ਤੇ ਕੀਤੇ ਜਾ ਰਹੇ ਸਿੱਖਿਆਦਾਇਕ ਕੰਮ ਦਾ ਹਿੱਸਾ ਹੈ। ਇਸ ਦਾ ਨਤੀਜਾ ਕੀ ਨਿਕਲਿਆ ਹੈ? ਜਿਵੇਂ ਯਸਾਯਾਹ 2:2-4 ਵਿਚ ਭਵਿੱਖਬਾਣੀ ਕੀਤੀ ਗਈ ਸੀ, ਦੁਨੀਆਂ ਭਰ ਵਿਚ “ਬਹੁਤੀਆਂ ਉਮਤਾਂ” ਯਾਨੀ 60 ਲੱਖ ਤੋਂ ਜ਼ਿਆਦਾ ਲੋਕਾਂ ਨੂੰ ‘ਯਹੋਵਾਹ ਦੇ ਰਾਹ ਵਿਖਾਏ ਗਏ ਹਨ ਅਤੇ ਉਹ ਉਹ ਦੇ ਮਾਰਗਾਂ ਵਿੱਚ ਚੱਲ’ ਰਹੇ ਹਨ। ਲਾਖਣਿਕ ਰੂਪ ਵਿਚ, ਉਨ੍ਹਾਂ ਨੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਾ ਅਤੇ ਆਪਣੇ ਬਰਛਿਆਂ ਨੂੰ ਦਾਤ’ ਬਣਾਉਣਾ ਸਿੱਖਿਆ ਹੈ। ਉਨ੍ਹਾਂ ਨੂੰ ਇਨ੍ਹਾਂ ਮੁਸ਼ਕਲ ਭਰੇ ਸਮਿਆਂ ਵਿਚ ਸ਼ਾਂਤੀ ਤੇ ਸੁਰੱਖਿਆ ਮਿਲੀ ਹੈ।

ਤੁਹਾਡੇ ਬਾਰੇ ਕੀ?

ਪਲ ਭਰ ਲਈ ਜ਼ਰਾ ਉਨ੍ਹਾਂ ਦੁੱਖਾਂ-ਤਕਲੀਫ਼ਾਂ ਉੱਤੇ ਗੌਰ ਕਰੋ ਜੋ ਸੁਨਹਿਰੇ ਅਸੂਲ ਦੀ ਉਲੰਘਣਾ ਕਰਨ ਕਰਕੇ ਅਦਨ ਦੇ ਬਾਗ਼ ਵਿਚ ਸ਼ਤਾਨ ਦੁਆਰਾ ਭੜਕਾਈ ਬਗਾਵਤ ਦੇ ਸਮੇਂ ਤੋਂ ਇਨਸਾਨਾਂ ਉੱਤੇ ਆਏ ਹਨ। ਯਹੋਵਾਹ ਦਾ ਮਕਸਦ ਹੈ ਕਿ ਉਹ ਜਲਦੀ ਹੀ ਪਹਿਲਾਂ ਵਰਗੇ ਹਾਲਾਤ ਲਿਆਵੇਗਾ। ਕਿਵੇਂ? “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।” (1 ਯੂਹੰਨਾ 3:8) ਇਹ ਪਰਮੇਸ਼ੁਰ ਦੇ ਰਾਜ ਦਾ ਕਾਬਲ ਅਤੇ ਬੁੱਧੀਮਾਨ ਰਾਜਾ ਯਿਸੂ ਮਸੀਹ ਕਰੇਗਾ ਜਿਸ ਨੇ ਸੁਨਹਿਰਾ ਅਸੂਲ ਸਿਖਾਇਆ ਅਤੇ ਉਸ ਮੁਤਾਬਕ ਚੱਲਿਆ ਵੀ ਸੀ।​—ਜ਼ਬੂਰ 37:9-11; ਦਾਨੀਏਲ 2:44.

ਪੁਰਾਣੇ ਸਮੇਂ ਵਿਚ ਇਸਰਾਏਲ ਦੇ ਰਾਜੇ ਦਾਊਦ ਨੇ ਕਿਹਾ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ। ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, ਅਤੇ ਉਸ ਦੀ ਅੰਸ ਮੁਬਾਰਕ ਹੈ।” (ਜ਼ਬੂਰ 37:25, 26) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਜ਼ਿਆਦਾਤਰ ਲੋਕ ਅੱਜ ‘ਦਯਾ ਦਿਖਾਉਣ ਅਤੇ ਉਧਾਰ ਦੇਣ’ ਦੀ ਬਜਾਇ ਲੁੱਟ-ਖੋਹ ਕਰਦੇ ਹਨ? ਇਹ ਗੱਲ ਸਾਫ਼ ਜ਼ਾਹਰ ਹੈ ਕਿ ਸੁਨਹਿਰੇ ਅਸੂਲ ਉੱਤੇ ਚੱਲਣ ਨਾਲ ਸੱਚੀ ਸ਼ਾਂਤੀ ਅਤੇ ਸੁਰੱਖਿਆ ਮਿਲਦੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਹੁਣ, ਸਗੋਂ ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਦੇ ਰਾਜ ਅਧੀਨ ਵੀ ਬਰਕਤਾਂ ਮਿਲਣਗੀਆਂ। ਪਰਮੇਸ਼ੁਰ ਦਾ ਰਾਜ ਧਰਤੀ ਉੱਤੋਂ ਹਰ ਤਰ੍ਹਾਂ ਦੀ ਖ਼ੁਦਗਰਜ਼ੀ ਅਤੇ ਬੁਰਾਈ ਨੂੰ ਮਿਟਾ ਦੇਵੇਗਾ ਅਤੇ ਇਨਸਾਨਾਂ ਦੇ ਭ੍ਰਿਸ਼ਟ ਸ਼ਾਸਨ ਦੀ ਮੌਜੂਦਾ ਵਿਵਸਥਾ ਨੂੰ ਹਟਾ ਕੇ ਪਰਮੇਸ਼ੁਰ ਦੀ ਨਵੀਂ ਵਿਵਸਥਾ ਨੂੰ ਕਾਇਮ ਕਰੇਗਾ। ਫਿਰ, ਸਾਰੇ ਲੋਕ ਸੁਨਹਿਰੇ ਅਸੂਲ ਮੁਤਾਬਕ ਚੱਲਣ ਦੁਆਰਾ ਆਨੰਦ ਮਾਣਨਗੇ।​—ਜ਼ਬੂਰ 29:11; 2 ਪਤਰਸ 3:13.

[ਸਫ਼ੇ 4, 5 ਉੱਤੇ ਤਸਵੀਰਾਂ]

ਯਿਸੂ ਨੇ ਨਾ ਸਿਰਫ਼ ਸੁਨਹਿਰਾ ਅਸੂਲ ਸਿਖਾਇਆ, ਸਗੋਂ ਇਸ ਉੱਤੇ ਚੱਲ ਕੇ ਉਸ ਨੇ ਸਭ ਤੋਂ ਵਧੀਆ ਮਿਸਾਲ ਵੀ ਕਾਇਮ ਕੀਤੀ

[ਸਫ਼ੇ 7 ਉੱਤੇ ਤਸਵੀਰ]

ਸੁਨਹਿਰੇ ਅਸੂਲ ਉੱਤੇ ਚੱਲਣ ਨਾਲ ਸੱਚੀ ਸ਼ਾਂਤੀ ਅਤੇ ਸੁਰੱਖਿਆ ਮਿਲ ਸਕਦੀ ਹੈ