Skip to content

Skip to table of contents

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਲੋਕ ਗਿਲੀਅਡ ਨੂੰ ਆਉਂਦੇ ਹਨ

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਲੋਕ ਗਿਲੀਅਡ ਨੂੰ ਆਉਂਦੇ ਹਨ

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਲੋਕ ਗਿਲੀਅਡ ਨੂੰ ਆਉਂਦੇ ਹਨ

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਸਮਰਪਿਤ ਆਦਮੀਆਂ ਅਤੇ ਔਰਤਾਂ ਨੂੰ ਵਿਦੇਸ਼ ਵਿਚ ਮਿਸ਼ਨਰੀ ਸੇਵਾ ਕਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਗਿਲਿਅਡ ਨੂੰ ਕੌਣ ਆਉਂਦੇ ਹਨ? ਉਹ ਜੋ ਖ਼ੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰਦੇ ਹਨ। (ਜ਼ਬੂਰ 110:3) ਇਹ ਗੱਲ 8 ਸਤੰਬਰ 2001 ਨੂੰ ਸਾਫ਼ ਦੇਖੀ ਗਈ ਸੀ ਜਦੋਂ 111ਵੀਂ ਕਲਾਸ ਗ੍ਰੈਜੂਏਟ ਹੋਈ।

ਉਸ ਕਲਾਸ ਦੇ ਕੁਝ ਵਿਦਿਆਰਥੀ ਪਹਿਲਾਂ ਹੀ ਖ਼ੁਸ਼ੀ ਨਾਲ ਆਪਣੇ ਪਰਿਵਾਰ, ਦੋਸਤ-ਮਿੱਤਰਾਂ, ਅਤੇ ਦੇਸ਼ ਨੂੰ ਛੱਡ ਕੇ ਉਸ ਜਗ੍ਹਾ ਸੇਵਾ ਕਰ ਰਹੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਪਰਖਿਆ ਕਿ ਉਹ ਤਬਦੀਲੀਆਂ ਕਰ ਕੇ ਕਿਸੇ ਹੋਰ ਜਗ੍ਹਾ ਰਹਿ ਸਕਦੇ ਹਨ ਕਿ ਨਹੀਂ। ਮਿਸਾਲ ਲਈ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਲਈ ਰੀਸ਼ਈ ਅਤੇ ਨਾਟਾਲੀ ਬੋਲੀਵੀਆ ਨੂੰ ਗਏ, ਟੌਡ ਅਤੇ ਮਿਸ਼ੈਲ ਡਮਿਨੀਕਨ ਗਣਰਾਜ ਨੂੰ ਗਏ, ਅਤੇ ਡੇਵਿਡ ਤੇ ਮੋਨੀਕ ਏਸ਼ੀਆ ਦੇ ਇਕ ਮੁਲਕ ਨੂੰ ਗਏ। ਦੂਸਰੇ ਕੁਝ ਵਿਦਿਆਰਥੀ ਪਹਿਲਾਂ ਹੀ ਨਿਕਾਰਾਗੁਆ, ਇਕਵੇਡਾਰ, ਅਤੇ ਅਲਬਾਨੀਆ ਵਿਚ ਸੇਵਾ ਕਰ ਚੁੱਕੇ ਸਨ।

ਕ੍ਰਿਸਟੀ ਨੂੰ ਹਾਈ ਸਕੂਲ ਵਿਚ ਸਪੇਨੀ ਭਾਸ਼ਾ ਸਿੱਖਣ ਦੀ ਸਲਾਹ ਦਿੱਤੀ ਗਈ ਸੀ ਅਤੇ ਇਸ ਕਰਕੇ ਉਹ ਵਿਆਹ ਕਰਾਉਣ ਤੋਂ ਪਹਿਲਾਂ ਦੋ ਸਾਲ ਇਕਵੇਡਾਰ ਵਿਚ ਰਹਿ ਸਕੀ। ਦੂਸਰੇ ਆਪਣੇ ਹੀ ਦੇਸ਼ਾਂ ਵਿਚ ਅਜਿਹੀ ਕਲੀਸਿਯਾ ਦੇ ਮੈਂਬਰ ਬਣੇ ਜਿੱਥੇ ਹੋਰ ਭਾਸ਼ਾ ਬੋਲੀ ਜਾਂਦੀ ਹੈ। ਸੋਲ ਅਤੇ ਪ੍ਰੀਸੀਲਾ ਨੇ ਇਕ ਵੱਖਰੀ ਚੁਣੌਤੀ ਦਾ ਸਾਮ੍ਹਣਾ ਕੀਤਾ। ਉਨ੍ਹਾਂ ਨੇ ਇਸ ਸਕੂਲ ਨੂੰ ਆਉਣ ਤੋਂ ਪਹਿਲਾਂ ਅੰਗ੍ਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਸਿੱਖਣ ਵਿਚ ਖ਼ੁਸ਼ੀ ਨਾਲ ਮਿਹਨਤ ਕੀਤੀ।

ਮਿਸ਼ਨਰੀ ਕੰਮ ਲਈ ਸਿਖਲਾਈ ਦੇਣ ਦੇ 20 ਹਫ਼ਤੇ ਬਹੁਤ ਜਲਦੀ ਬੀਤ ਗਏ। ਗ੍ਰੈਜੂਏਸ਼ਨ ਦਾ ਦਿਨ ਆਇਆ ਅਤੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਦੋਸਤ ਸਨ। ਉਨ੍ਹਾਂ ਨੂੰ ਨਵੀਂ ਜਗ੍ਹਾ ਭੇਜਣ ਤੋਂ ਪਹਿਲਾਂ ਆਖ਼ਰੀ ਵਾਰ ਚੰਗੀ ਸਲਾਹ ਅਤੇ ਹੌਸਲਾ ਦਿੱਤਾ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਧਿਆਨ ਨਾਲ ਸੁਣਿਆ।

ਪ੍ਰੋਗ੍ਰਾਮ ਦਾ ਸਭਾਪਤੀ ਥੀਓਡੋਰ ਜੈਰਸ ਸੀ, ਜੋ ਖ਼ੁਦ ਗਿਲਿਅਡ ਸਕੂਲ ਦੀ 7ਵੀਂ ਕਲਾਸ ਦਾ ਗ੍ਰੈਜੂਏਟ ਸੀ ਅਤੇ ਜੋ ਹੁਣ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ। ਉਸ ਦੀ ਗੱਲਬਾਤ ਨੇ ਇਸ ਵੱਲ ਧਿਆਨ ਖਿੱਚਿਆ ਕਿ ਇਕ ਸੰਗਠਨ ਵਜੋਂ ਅਸੀਂ ਗਿਲੀਅਡ ਵਿਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਮਕਸਦ ਕਦੀ ਨਹੀਂ ਭੁੱਲੇ ਕਿ ਉਹ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। (ਮਰਕੁਸ 13:10) ਭਰਾ ਜੈਰਸ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਗਿਲੀਅਡ ਵਿਚ ਮਿਲੀ ਸਿਖਲਾਈ ਦਾ ਪੂਰਾ ਫ਼ਾਇਦਾ ਉਠਾ ਕੇ ਉਨ੍ਹਾਂ ਮਿਸ਼ਨਰੀਆਂ ਦੇ ਨਾਲ-ਨਾਲ ਕੰਮ ਕਰਨ ਜੋ ਉਨ੍ਹਾਂ 19 ਮੁਲਕਾਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਇਹ ਗ੍ਰੈਜੂਏਟ ਭੇਜੇ ਜਾ ਰਹੇ ਸਨ।

ਗ੍ਰੈਜੂਏਟਾਂ ਲਈ ਚੰਗੀ ਸਲਾਹ

ਇਸ ਤੋਂ ਬਾਅਦ ਕਈ ਭਾਸ਼ਣ ਦਿੱਤੇ ਗਏ। ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਮੈਂਬਰ ਵਿਲਿਅਮ ਵਾਨ ਡੀ ਵੌਲ ਨੇ ਇਸ ਵਿਸ਼ੇ ਉੱਤੇ ਗੱਲ ਕੀਤੀ ਕਿ “ਪ੍ਰਚਾਰ ਕਰਨ ਦਾ ਜੋਸ਼ ਸੱਚੇ ਮਸੀਹੀਆਂ ਦਾ ਚਿੰਨ੍ਹ ਹੈ।” ਉਸ ਨੇ ਮੱਤੀ 28:19, 20 ਵਿਚ ‘ਚੇਲੇ ਬਣਾਉਣ’ ਦੇ ਹੁਕਮ ਵੱਲ ਧਿਆਨ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਹ ਪ੍ਰੇਰਣਾ ਦਿੱਤੀ: “ਯਿਸੂ ਦੀ ਰੀਸ ਕਰੋ ਜਿਸ ਨੇ ਬੜੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕੀਤਾ ਸੀ।” ਇਨ੍ਹਾਂ ਨਵੇਂ ਮਿਸ਼ਨਰੀਆਂ ਨੂੰ ਮਿਸ਼ਨਰੀ ਕੰਮ ਲਈ ਜੋਸ਼ ਕਾਇਮ ਰੱਖਣ ਦੀ ਮਦਦ ਦੇਣ ਲਈ ਉਸ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਕਿ “ਸਮਾਂ-ਸਾਰਨੀ ਅਨੁਸਾਰ ਕੰਮ ਕਰਿਓ; ਚੰਗੀ ਤਰ੍ਹਾਂ ਅਧਿਐਨ ਕਰਨ ਦੀ ਆਦਤ ਕਾਇਮ ਰੱਖ ਕੇ ਰੂਹਾਨੀ ਗੱਲਾਂ ਵਿਚ ਅੱਗੇ ਰਹਿਓ; ਅਤੇ ਹਮੇਸ਼ਾ ਯਾਦ ਰੱਖਿਓ ਕਿ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ।”

ਫਿਰ ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਗਾਈ ਪੀਅਰਸ ਨੇ ਭਾਸ਼ਣ ਦਿੱਤਾ। ਉਸ ਦਾ ਵਿਸ਼ਾ ਸੀ “ਤਰਕ ਕਰਨ ਦੀ ਆਪਣੀ ਸ਼ਕਤੀ ਵਧਾਉਂਦੇ ਰਹੋ।” (ਰੋਮੀਆਂ 12:1) ਉਸ ਨੇ ਗ੍ਰੈਜੂਏਟ ਹੋਣ ਵਾਲੀ ਕਲਾਸ ਨੂੰ ਚੰਗੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਮਿਲੀ ਸੋਚ-ਵਿਚਾਰ ਕਰਨ ਦੀ ਯੋਗਤਾ ਵਰਤਣ ਦਾ ਹੌਸਲਾ ਦਿੱਤਾ। ਉਸ ਨੇ ਕਿਹਾ: “ਇਸ ਬਾਰੇ ਸੋਚਦੇ ਰਹਿਓ ਕਿ ਯਹੋਵਾਹ ਤੁਹਾਨੂੰ ਆਪਣੇ ਬਚਨ ਰਾਹੀਂ ਕੀ ਕਹਿ ਰਿਹਾ ਹੈ। ਇਹ ਤੁਹਾਡੀ ਰਾਖੀ ਕਰੇਗਾ।” (ਕਹਾਉਤਾਂ 2:11) ਭਰਾ ਪੀਅਰਸ ਨੇ ਕਲਾਸ ਨੂੰ ਇਹ ਵੀ ਸਮਝਾਇਆ ਕਿ ਉਨ੍ਹਾਂ ਨੂੰ ਆਪਣੇ ਵਿਚਾਰਾਂ ਉੱਤੇ ਅੜੇ ਨਹੀਂ ਰਹਿਣਾ ਚਾਹੀਦਾ, ਨਹੀਂ ਤਾਂ ਉਹ ਚੰਗੀ ਤਰ੍ਹਾਂ ਤਰਕ ਨਹੀਂ ਕਰ ਸਕਣਗੇ। ਇਹ ਢੁਕਵੀਂ ਸਲਾਹ ਮਿਸ਼ਨਰੀ ਸੇਵਾ ਵਿਚ ਇਨ੍ਹਾਂ ਗ੍ਰੈਜੂਏਟਾਂ ਦੀ ਮਦਦ ਜ਼ਰੂਰ ਕਰੇਗੀ।

ਫਿਰ ਸਭਾਪਤੀ ਨੇ ਗਿਲੀਅਡ ਦੇ ਇਕ ਅਧਿਆਪਕ ਲਾਰੈਂਸ ਬੋਵਨ ਨੂੰ ਬੁਲਾਇਆ ਜਿਸ ਨੇ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ ਕਿ “ਕਿਸੇ ਹੋਰ ਗੱਲ ਨੂੰ ਨਾ ਜਾਣਨ ਦੀ ਠਾਣ ਲਓ।” ਉਸ ਨੇ ਦੱਸਿਆ ਕਿ ਪੌਲੁਸ ਰਸੂਲ ਨੇ ਕੁਰਿੰਥੁਸ ਵਿਚ ਆਪਣੇ ਮਿਸ਼ਨਰੀ ਕੰਮ ਦੇ ਸੰਬੰਧ ਵਿਚ ਇਹ ‘ਠਾਣ ਲਿਆ ਸੀ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾ ਕਿਸੇ ਹੋਰ ਗੱਲ ਨੂੰ ਨਾ ਜਾਣੇਂ।’ (1 ਕੁਰਿੰਥੀਆਂ 2:2) ਪੌਲੁਸ ਜਾਣਦਾ ਸੀ ਕਿ ਪਵਿੱਤਰ ਆਤਮਾ ਵਿਸ਼ਵ ਵਿਚ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਇਹ ਬਾਈਬਲ ਦੇ ਸੰਦੇਸ਼ ਨੂੰ ਸਮਰਥਨ ਦਿੰਦੀ ਹੈ ਕਿ ਵਾਅਦਾ ਕੀਤੀ ਹੋਈ ਸੰਤਾਨ ਰਾਹੀਂ ਯਹੋਵਾਹ ਆਪਣੇ ਰਾਜ ਕਰਨ ਦਾ ਹੱਕ ਸਿੱਧ ਕਰੇਗਾ। (ਉਤਪਤ 3:15) ਗ੍ਰੈਜੂਏਟ ਹੋ ਰਹੇ ਇਨ੍ਹਾਂ 48 ਵਿਦਿਆਰਥੀਆਂ ਨੂੰ ਪੌਲੁਸ ਅਤੇ ਤਿਮੋਥਿਉਸਵਰਗੇ ਹੋਣ ਦੀ ਸਲਾਹ ਦਿੱਤੀ ਗਈ ਸੀ ਅਤੇ “ਖਰੀਆਂ ਗੱਲਾਂ ਦੇ ਨਮੂਨੇ” ਨੂੰ ਫੜੀ ਰੱਖ ਕੇ ਮਿਸ਼ਨਰੀਆਂ ਵਜੋਂ ਕਾਮਯਾਬ ਹੋਣ ਦੀ ਉਤੇਜਨਾ ਦਿੱਤੀ ਗਈ ਸੀ।​—2 ਤਿਮੋਥਿਉਸ 1:13.

ਇਨ੍ਹਾਂ ਪਹਿਲੇ ਭਾਸ਼ਣਾਂ ਦੀ ਆਖ਼ਰੀ ਲੜੀ ਦਾ ਵਿਸ਼ਾ ਸੀ “ਇਸ ਸਨਮਾਨ ਦੀ ਕਦਰ ਕਰੋ ਜੋ ਪਰਮੇਸ਼ੁਰ ਵੱਲੋਂ ਇਕ ਦਾਤ ਹੈ।” ਗਿਲਿਅਡ ਸਕੂਲ ਦੇ ਰਜਿਸਟਰਾਰ ਵੈਲਸ ਲਿਵਰੈਂਸ ਨੇ ਗ੍ਰੈਜੂਏਟਾਂ ਦੀ ਇਸ ਗੱਲ ਦੀ ਕਦਰ ਕਰਨ ਦੀ ਮਦਦ ਕੀਤੀ ਕਿ ਪਰਮੇਸ਼ੁਰ ਦੀ ਸੇਵਾ ਵਿਚ ਹਰੇਕ ਸਨਮਾਨ ਉਸ ਦੀ ਕਿਰਪਾ ਕਰਕੇ ਮਿਲਦਾ ਹੈ ਅਤੇ ਅਸੀਂ ਉਸ ਦੇ ਹੱਕਦਾਰ ਨਹੀਂ ਹੁੰਦੇ ਜਾਂ ਉਸ ਨੂੰ ਕਮਾ ਨਹੀਂ ਸਕਦੇ। ਪੌਲੁਸ ਰਸੂਲ ਦੀ ਮਿਸਾਲ ਵੱਲ ਧਿਆਨ ਦਿੰਦੇ ਹੋਏ ਭਰਾ ਲਿਵਰੈਂਸ ਨੇ ਕਿਹਾ: “ਜਦੋਂ ਯਹੋਵਾਹ ਨੇ ਪੌਲੁਸ ਨੂੰ ਕੌਮਾਂ ਲਈ ਰਸੂਲ ਬਣਨ ਲਈ ਚੁਣਿਆ ਸੀ ਤਾਂ ਇਹ ਉਸ ਦੇ ਕੰਮਾਂ ਕਰਕੇ ਨਹੀਂ ਸੀ। ਪੌਲੁਸ ਨੇ ਇਹ ਕੰਮ ਕਰਨ ਦਾ ਹੱਕ ਨਹੀਂ ਕਮਾਇਆ ਸੀ ਅਤੇ ਨਾ ਹੀ ਉਹ ਇਸ ਦੇ ਯੋਗ ਸੀ। ਇਹ ਉਸ ਦੀ ਵਫ਼ਾਦਾਰ ਸੇਵਾ ਜਾਂ ਤਜਰਬੇ ਉੱਤੇ ਆਧਾਰਿਤ ਨਹੀਂ ਸੀ। ਮਨੁੱਖਾਂ ਦੇ ਨਜ਼ਰੀਏ ਤੋਂ ਸ਼ਾਇਦ ਇਸ ਤਰ੍ਹਾਂ ਲੱਗਦਾ ਸੀ ਕਿ ਬਰਨਬਾਸ ਨੂੰ ਚੁਣਨਾ ਜ਼ਿਆਦਾ ਢੁਕਵਾਂ ਸੀ। ਇਹ ਪੌਲੁਸ ਦੀ ਯੋਗਤਾ ਉੱਤੇ ਵੀ ਨਹੀਂ ਆਧਾਰਿਤ ਸੀ ਕਿਉਂਕਿ ਲੱਗਦਾ ਹੈ ਕਿ ਅਪੁੱਲੋਸ ਉਸ ਨਾਲੋਂ ਵਧੀਆ ਬੋਲਦਾ ਸੀ। ਪਰ, ਇਹ ਪਰਮੇਸ਼ੁਰ ਦੀ ਕਿਰਪਾ ਕਰਕੇ ਹੀ ਸੀ।” (ਅਫ਼ਸੀਆਂ 3:7, 8) ਭਰਾ ਲਿਵਰੈਂਸ ਨੇ ਗ੍ਰੈਜੂਏਟਾਂ ਨੂੰ ਆਪਣੀ ਦਾਤ ਯਾਨੀ ਸੇਵਾ ਕਰਨ ਦਾ ਸਨਮਾਨ ਦੂਸਰਿਆਂ ਦੀ ਮਦਦ ਕਰਨ ਲਈ ਵਰਤਣ ਵਾਸਤੇ ਕਿਹਾ ਤਾਂਕਿ ਲੋਕ ਪਰਮੇਸ਼ੁਰ ਦੇ ਮਿੱਤਰ ਬਣ ਸਕਣ ਅਤੇ ਉਨ੍ਹਾਂ ਨੂੰ “ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ” ਮਿਲ ਸਕੇ।​—ਰੋਮੀਆਂ 6:23.

ਇਸ ਤੋਂ ਬਾਅਦ ਗਿਲੀਅਡ ਦੇ ਇਕ ਹੋਰ ਅਧਿਆਪਕ ਮਾਰਕ ਨੂਮੇਰ ਨੇ ਕਈਆਂ ਵਿਦਿਆਰਥੀਆਂ ਨਾਲ ਚਰਚਾ ਕੀਤੀ, ਉਸ ਦਾ ਵਿਸ਼ਾ ਸੀ “ਤਿਆਰੀ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ।” (ਕਹਾਉਤਾਂ 21:5) ਇਨ੍ਹਾਂ ਵਾਰਦਾਤਾਂ ਤੋਂ ਪਤਾ ਲੱਗਾ ਕਿ ਜਦੋਂ ਕੋਈ ਸੇਵਕ ਪ੍ਰਚਾਰ ਕਰਨ ਲਈ ਤਿਆਰੀ ਕਰਦਾ ਹੈ, ਖ਼ਾਸ ਕਰਕੇ ਆਪਣੇ ਦਿਲ ਦੀ ਤਿਆਰੀ, ਤਾਂ ਉਹ ਲੋਕਾਂ ਵਿਚ ਦਿਲੋਂ ਦਿਲਚਸਪੀ ਲਵੇਗਾ। ਉਸ ਨੂੰ ਫ਼ਿਕਰ ਨਹੀਂ ਹੋਵੇਗਾ ਕਿ ਉਹ ਕੀ ਕਹੇਗਾ। ਸਗੋਂ ਉਹ ਹਮੇਸ਼ਾ ਉਹ ਕਹੇਗਾ ਅਤੇ ਕਰੇਗਾ ਜਿਸ ਨਾਲ ਰੂਹਾਨੀ ਤੌਰ ਤੇ ਲੋਕਾਂ ਦੀ ਮਦਦ ਹੋਵੇਗੀ। ਭਰਾ ਨੂਮੇਰ ਜੋ ਖ਼ੁਦ ਅਫ਼ਰੀਕਾ ਵਿਚ ਇਕ ਮਿਸ਼ਨਰੀ ਸੀ ਨੇ ਕਿਹਾ ਕਿ ‘ਮਿਸ਼ਨਰੀ ਤਿਆਰੀ ਕਰਨ ਨਾਲ ਹੀ ਕਾਮਯਾਬ ਬਣ ਸਕਦੇ ਹਨ।’

ਮਿਸ਼ਨਰੀ ਸੇਵਾ ਤੋਂ ਤਸੱਲੀ ਮਿਲਦੀ ਹੈ

ਰਾਲਫ਼ ਵੋਲਜ਼ ਅਤੇ ਚਾਰਲਸ ਵੁਡੀ ਨੇ ਉਨ੍ਹਾਂ ਕੁਝ ਤਜਰਬੇਕਾਰ ਮਿਸ਼ਨਰੀਆਂ ਦੇ ਇੰਟਰਵਿਊ ਲਈ ਜੋ ਖ਼ਾਸ ਸਿਖਲਾਈ ਲੈਣ ਲਈ ਪੈਟਰਸਨ ਸਿੱਖਿਆ ਕੇਂਦਰ ਨੂੰ ਆਏ ਹੋਏ ਸਨ। ਇਨ੍ਹਾਂ ਇੰਟਰਵਿਊਆਂ ਨੇ ਦਿਖਾਇਆ ਕਿ ਲੋਕਾਂ ਨਾਲ ਪਿਆਰ ਕਰ ਕੇ ਮਿਸ਼ਨਰੀ ਸੇਵਾ ਵਿਚ ਖ਼ੁਸ਼ੀ ਮਿਲਦੀ ਹੈ। ਇਨ੍ਹਾਂ ਤਜਰਬੇਕਾਰ ਮਿਸ਼ਨਰੀਆਂ ਦੀਆਂ ਗੱਲਾਂ ਸੁਣ ਕੇ ਵਿਦਿਆਰਥੀਆਂ ਅਤੇ ਉੱਥੇ ਹਾਜ਼ਰ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਪਤਾ ਲੱਗਾ ਕਿ ਮਿਸ਼ਨਰੀ ਸੇਵਾ ਕਰਨ ਤੋਂ ਇੰਨੀ ਤਸੱਲੀ ਕਿਉਂ ਮਿਲਦੀ ਹੈ।

ਪ੍ਰਬੰਧਕ ਸਭਾ ਦੇ ਇਕ ਹੋਰ ਮੈਂਬਰ ਜੌਨ ਬਾਰ ਨੇ ਦਿਨ ਦਾ ਮੁੱਖ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ “ਯਹੋਵਾਹ ਲਈ ਨਵਾਂ ਗੀਤ ਗਾਓ।” (ਯਸਾਯਾਹ 42:10) ਭਰਾ ਬਾਰ ਨੇ ਦੱਸਿਆ ਕਿ ਬਾਈਬਲ ਵਿਚ ‘ਨਵੇਂ ਗੀਤ’ ਦਾ ਜ਼ਿਕਰ ਨੌਂ ਵਾਰ ਆਉਂਦਾ ਹੈ। ਉਸ ਨੇ ਪੁੱਛਿਆ: “ਇਹ ਨਵਾਂ ਗੀਤ ਕੀ ਹੈ?” ਫਿਰ ਉਸ ਨੇ ਇਸ ਦਾ ਜਵਾਬ ਦਿੱਤਾ ਕਿ “ਆਲੇ-ਦੁਆਲੇ ਦੀਆਂ ਆਇਤਾਂ ਦਿਖਾਉਂਦੀਆਂ ਹਨ ਕਿ ਨਵਾਂ ਗੀਤ ਇਸ ਲਈ ਗਾਇਆ ਜਾਂਦਾ ਹੈ ਕਿਉਂਕਿ ਯਹੋਵਾਹ ਦੇ ਰਾਜ ਕਰਨ ਦੇ ਹੱਕ ਵਿਚ ਨਵੀਆਂ ਗੱਲਾਂ ਹੁੰਦੀਆਂ ਹਨ।” ਉਸ ਨੇ ਵਿਦਿਆਰਥੀਆਂ ਨੂੰ ਉਤਸ਼ਾਹ ਦਿੱਤਾ ਕਿ ਉਹ ਮਸੀਹਾਈ ਰਾਜੇ ਮਸੀਹ ਯਿਸੂ ਦੇ ਹੱਥਾਂ ਵਿਚ ਪਰਮੇਸ਼ੁਰ ਦੇ ਸਫ਼ਲ ਰਾਜ ਦੀ ਉਸਤਤ ਗਾਉਣ ਵਿਚ ਆਪਣੀਆਂ ਆਵਾਜ਼ਾਂ ਉਠਾਉਂਦੇ ਰਹਿਣ। ਭਰਾ ਬਾਰ ਨੇ ਕਿਹਾ ਕਿ ਗਿਲੀਅਡ ਵਿਚ ਜੋ ਸਿਖਲਾਈ ਉਨ੍ਹਾਂ ਨੂੰ ਮਿਲੀ ਸੀ, ਉਸ ਨੇ ਇਸ ‘ਨਵੇਂ ਗੀਤ’ ਦੇ ਕਈ ਪਹਿਲੂ ਸਮਝਣ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। “ਇਸ ਸਕੂਲ ਨੇ ਇਸ ਜ਼ਰੂਰਤ ਉੱਤੇ ਜ਼ੋਰ ਦਿੱਤਾ ਕਿ ਤੁਸੀਂ ਜਿੱਥੇ ਵੀ ਜਾਓ ਉੱਥੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੇ ਜਸ ‘ਗਾਓ’; ਆਪਣੇ ਕੰਮ ਵਿਚ ਦੂਸਰਿਆਂ ਨਾਲ ਹਮੇਸ਼ਾ ਏਕਤਾ ਰੱਖੋ।”

ਵਿਦਿਆਰਥੀਆਂ ਨੂੰ ਡਿਪਲੋਮਾ ਦੇਣ ਤੋਂ ਬਾਅਦ, ਇਕ ਵਿਦਿਆਰਥੀ ਨੇ ਕਲਾਸ ਵੱਲੋਂ ਇਕ ਚਿੱਠੀ ਪੜ੍ਹੀ ਜਿਸ ਨੇ ਗਿਲੀਅਡ ਵਿਚ ਮਿਲੀ ਸਿਖਲਾਈ ਲਈ ਉਨ੍ਹਾਂ ਦੀ ਗਹਿਰੀ ਕਦਰ ਦਿਖਾਈ।

ਕੀ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕਰ ਸਕਦੇ ਹੋ ਅਤੇ ਜ਼ਿਆਦਾ ਫਲ ਪੈਦਾ ਕਰ ਸਕਦੇ ਹੋ? ਜੇਕਰ ਹਾਂ, ਤਾਂ ਇਨ੍ਹਾਂ ਵਿਦਿਆਰਥੀਆਂ ਵਾਂਗ ਪੂਰੀ ਕੋਸ਼ਿਸ਼ ਕਰੋ। ਇਸੇ ਕਰਕੇ ਇਹ ਭੈਣ-ਭਰਾ ਮਿਸ਼ਨਰੀ ਬਣ ਸਕੇ। ਜਦੋਂ ਕੋਈ ਜਣਾ ਖ਼ੁਸ਼ੀ ਨਾਲ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਪੇਸ਼ ਕਰਦਾ ਹੈ ਤਾਂ ਉਸ ਨੂੰ ਵੱਡਾ ਆਨੰਦ ਮਿਲਦਾ ਹੈ।​—ਯਸਾਯਾਹ 6:8.

[ਸਫ਼ੇ 25 ਉੱਤੇ ਡੱਬੀ]

ਗ੍ਰੈਜੂਏਟਾਂ ਬਾਰੇ ਜਾਣਕਾਰੀ

ਜਿੰਨੇ ਦੇਸ਼ਾਂ ਤੋਂ ਆਏ: 10

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 19

ਵਿਦਿਆਰਥੀਆਂ ਦੀ ਗਿਣਤੀ: 48

ਔਸਤਨ ਉਮਰ: 33.2

ਸੱਚਾਈ ਵਿਚ ਔਸਤਨ ਸਾਲ: 16.8

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 12.6

[ਸਫ਼ੇ 26 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 111ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾ-ਭਰਾਵਾਂ ਦੇ ਨਾਂ ਹੇਠਲੀ ਲਾਈਨ ਤੋਂ ਪਿਛਾਂਹ ਵੱਲ ਦਿਖਾਏ ਗਏ ਹਨ ਅਤੇ ਹਰੇਕ ਲਾਈਨ ਵਿਚ ਇਹ ਖੱਬੇ ਤੋਂ ਸੱਜੇ ਦਿਖਾਏ ਗਏ ਹਨ।

(1) ਯੋਮਨਸ, ਸੀ.; ਟੋਕਾਰੀ, ਏ.; ਨੂਨਯੇਸ, ਐੱਸ.; ਫ਼ਿਲਿਪਸ, ਜੇ.; ਡੋਕਿਨ, ਐੱਮ.; ਸੀਲਵੇਸਟ੍ਰੀ, ਪੀ. (2) ਮੋਰਨ, ਐੱਨ.; ਬਾਈਨੀ, ਜੇ.; ਲੋਪੇਜ਼, ਐੱਮ.; ਵੋਨ ਹੋਟ, ਐੱਮ.; ਕੈਨਟੂ, ਏ.; ਸਿਲਵੋਸ਼ੀ, ਐੱਫ. (3) ਵਿਲੀਅਮਜ਼, ਐੱਮ.; ਈਟੋ, ਐੱਮ.; ਵੈਨ ਕੋਇਲੀ, ਐੱਸ; ਲੇਵਰਿੰਗ, ਡੀ.; ਫੂਜ਼ਲ, ਐੱਫ.; ਗਾਈਸਲਰ, ਐੱਸ. (4) ਯੋਮਨਸ, ਜੇ.; ਮੌਸ, ਐੱਮ.; ਹੌਜਿੰਜ਼, ਐੱਮ.; ਡਡਿੰਗ, ਐੱਸ.; ਬ੍ਰੀਸੇਨਯੋ, ਜੇ.; ਫ਼ਿਲਿਪਸ, ਐੱਮ. (5) ਲੋਪੇਜ਼, ਜੇ.; ਈਟੋ, ਟੀ; ਸੋਮਾਰੁਡ, ਐੱਸ.; ਕੋਜ਼ਾ, ਸੀ.; ਫੂਜ਼ਲ, ਜੀ.; ਮੌਸ, ਡੀ. (6) ਵਿਲੀਅਮਜ਼, ਡੀ.; ਡਡਿੰਗ, ਆਰ.; ਗਾਈਸਲਰ, ਐੱਮ.; ਮੋਰਨ, ਆਰ.; ਬਾਈਨੀ, ਐੱਸ.; ਕੈਨਟੂ, ਐੱਲ. (7) ਡੋਕਿਨ, ਐੱਮ.; ਹੌਜਿੰਜ਼, ਟੀ.; ਲੇਵਰਿੰਗ, ਐੱਮ.; ਸੀਲਵੇਸਟ੍ਰੀ, ਐੱਸ.; ਵੋਨ ਹੋਟ, ਡੀ.; ਬ੍ਰੀਸੇਨਯੋ, ਏ. (8) ਵੈਨ ਕੋਇਲੀ, ਐੱਮ.; ਨੂਨਯੇਸ, ਏ.; ਕੋਜ਼ਾ, ਬੀ.; ਸੋਮਾਰੁਡ, ਜੇ.; ਟੋਕਾਰੀ, ਐੱਸ.; ਸਿਲਵੋਸ਼ੀ, ਪੀ.