Skip to content

Skip to table of contents

ਤਣਾਅ ਤੋਂ ਆਰਾਮ ਪਾਉਣ ਦਾ ਅਸਲੀ ਇਲਾਜ

ਤਣਾਅ ਤੋਂ ਆਰਾਮ ਪਾਉਣ ਦਾ ਅਸਲੀ ਇਲਾਜ

ਤਣਾਅ ਤੋਂ ਆਰਾਮ ਪਾਉਣ ਦਾ ਅਸਲੀ ਇਲਾਜ

“ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”​—ਮੱਤੀ 11:28.

1, 2. (ੳ) ਬਾਈਬਲ ਵਿਚ ਕਿਹੜੀ ਚੀਜ਼ ਹੈ ਜੋ ਬੇਹੱਦ ਤਣਾਅ ਤੋਂ ਆਰਾਮ ਪਾਉਣ ਵਿਚ ਸਾਡੀ ਮਦਦ ਕਰਦੀ ਹੈ? (ਅ) ਯਿਸੂ ਦੀਆਂ ਸਿੱਖਿਆਵਾਂ ਕਿੰਨੀਆਂ ਕੁ ਪ੍ਰਭਾਵਸ਼ਾਲੀ ਸਨ?

ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਬੇਹੱਦ ਤਣਾਅ ਦੇ ਕਾਰਨ ਬੇਹੱਦ ਦੁੱਖ ਪੈਦਾ ਹੁੰਦਾ ਹੈ। ਬਾਈਬਲ ਦੱਸਦੀ ਹੈ ਕਿ ਇਨਸਾਨ ਦਬਾਅ ਹੇਠਾਂ ਇੰਨੇ ਦੱਬੇ ਹੋਏ ਹਨ ਕਿ ਬਹੁਤ ਸਾਰੇ ਲੋਕ ਬੇਤਾਬੀ ਨਾਲ ਤਣਾਅ-ਭਰੀ ਜ਼ਿੰਦਗੀ ਤੋਂ ਆਰਾਮ ਪਾਉਣ ਦਾ ਇੰਤਜ਼ਾਰ ਕਰਦੇ ਹਨ। (ਰੋਮੀਆਂ 8:20-22) ਪਰ ਬਾਈਬਲ ਇਹ ਵੀ ਦੱਸਦੀ ਹੈ ਕਿ ਅਸੀਂ ਕਿਸ ਤਰ੍ਹਾਂ ਹੁਣ ਵੀ ਤਣਾਅ ਤੋਂ ਕਾਫ਼ੀ ਆਰਾਮ ਪਾ ਸਕਦੇ ਹਾਂ। ਇਹ ਆਰਾਮ ਇਕ ਜਵਾਨ ਆਦਮੀ ਦੀ ਸਲਾਹ ਅਤੇ ਨਮੂਨੇ ਉੱਤੇ ਚੱਲਣ ਦੁਆਰਾ ਮਿਲਦਾ ਹੈ, ਜੋ ਦੋ ਹਜ਼ਾਰ ਸਾਲ ਪਹਿਲਾਂ ਇਸ ਧਰਤੀ ਤੇ ਸੀ। ਉਹ ਇਕ ਤਰਖਾਣ ਸੀ, ਲੇਕਿਨ ਉਹ ਆਪਣੇ ਕੰਮ ਨਾਲੋਂ ਲੋਕਾਂ ਨਾਲ ਜ਼ਿਆਦਾ ਪਿਆਰ ਕਰਦਾ ਸੀ। ਉਸ ਦੀਆਂ ਗੱਲਾਂ ਨੇ ਲੋਕਾਂ ਦੇ ਦਿਲਾਂ ਤੇ ਡੂੰਘਾ ਅਸਰ ਪਾਇਆ, ਉਸ ਨੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਕਮਜ਼ੋਰ ਲੋਕਾਂ ਦੀ ਮਦਦ ਕੀਤੀ, ਅਤੇ ਦੁਖੀ ਲੋਕਾਂ ਨੂੰ ਦਿਲਾਸਾ ਦਿੱਤਾ। ਇਸ ਤੋਂ ਵੀ ਵੱਧ, ਉਸ ਨੇ ਰੂਹਾਨੀ ਤਰੱਕੀ ਕਰਨ ਵਿਚ ਕਈਆਂ ਦੀ ਮਦਦ ਕੀਤੀ। ਇਸ ਤਰ੍ਹਾਂ ਉਸ ਸਮੇਂ ਲੋਕਾਂ ਨੇ ਬੇਹੱਦ ਤਣਾਅ ਤੋਂ ਆਰਾਮ ਪਾਇਆ। ਅੱਜ, ਤੁਸੀਂ ਵੀ ਇਸੇ ਤਰ੍ਹਾਂ ਆਰਾਮ ਪਾ ਸਕਦੇ ਹੋ।​—ਲੂਕਾ 4:16-21; 19:47, 48; ਯੂਹੰਨਾ 7:46.

2 ਇਹ ਜਵਾਨ ਆਦਮੀ ਯਿਸੂ ਨਾਸਰੀ ਸੀ। ਯਿਸੂ ਦੁਨਿਆਵੀ ਗਿਆਨ ਵਿਚ ਪੜ੍ਹਿਆ-ਲਿਖਿਆ ਨਹੀਂ ਸੀ, ਜੋ ਗਿਆਨ ਪ੍ਰਾਚੀਨ ਰੋਮ, ਐਥਿਨਜ਼, ਜਾਂ ਸਿਕੰਦਰੀਆ ਦੇ ਲੋਕ ਖ਼ੁਦ ਚਾਹੁੰਦੇ ਸਨ। ਫਿਰ ਵੀ, ਉਸ ਦੀਆਂ ਸਿੱਖਿਆਵਾਂ ਮਸ਼ਹੂਰ ਹਨ। ਉਸ ਦੀਆਂ ਸਿੱਖਿਆਵਾਂ ਦਾ ਵਿਸ਼ਾ ਉਹ ਸਰਕਾਰ ਸੀ ਜਿਸ ਦੁਆਰਾ ਪਰਮੇਸ਼ੁਰ ਸਾਡੀ ਧਰਤੀ ਉੱਤੇ ਕਾਮਯਾਬੀ ਨਾਲ ਰਾਜ ਕਰੇਗਾ। ਯਿਸੂ ਨੇ ਜ਼ਿੰਦਗੀ ਲਈ ਕੁਝ ਮੂਲ ਸਿਧਾਂਤ ਵੀ ਸਮਝਾਏ ਸਨ ਜੋ ਅੱਜ ਸਾਡੇ ਲਈ ਵੀ ਸੱਚ-ਮੁੱਚ ਫ਼ਾਇਦੇਮੰਦ ਹਨ। ਜਿਹੜੇ ਲੋਕ ਯਿਸੂ ਦੀਆਂ ਗੱਲਾਂ ਸਿੱਖਦੇ ਅਤੇ ਲਾਗੂ ਕਰਦੇ ਹਨ ਉਨ੍ਹਾਂ ਨੂੰ ਹੁਣ ਵੀ ਲਾਭ ਮਿਲਦੇ ਹਨ। ਹਾਂ ਉਹ ਬੇਹੱਦ ਤਣਾਅ ਤੋਂ ਆਰਾਮ ਪਾਉਂਦੇ ਹਨ। ਕੀ ਤੁਸੀਂ ਅਜਿਹਾ ਆਰਾਮ ਨਹੀਂ ਪਾਉਣਾ ਚਾਹੁੰਦੇ?

3. ਯਿਸੂ ਨੇ ਕਿਹੜਾ ਵਧੀਆ ਸੱਦਾ ਦਿੱਤਾ ਸੀ?

3 ਤੁਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੋ: ‘ਕੀ ਇਹ ਮੁਮਕਿਨ ਹੈ ਕਿ ਇਹ ਆਦਮੀ ਜੋ ਇੰਨਾ ਚਿਰ ਪਹਿਲਾਂ ਜੀਉਂਦਾ ਸੀ ਅੱਜ ਮੇਰੀ ਜ਼ਿੰਦਗੀ ਉੱਤੇ ਚੰਗਾ ਅਸਰ ਪਾ ਸਕਦਾ ਹੈ?’ ਜ਼ਰਾ, ਯਿਸੂ ਦੇ ਮਨਭਾਉਂਦੇ ਸ਼ਬਦਾਂ ਵੱਲ ਧਿਆਨ ਦਿਓ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਯਿਸੂ ਦਾ ਇਹ ਕਹਿਣ ਦਾ ਮਤਲਬ ਕੀ ਸੀ? ਚਲੋ ਅਸੀਂ ਇਨ੍ਹਾਂ ਸ਼ਬਦਾਂ ਦੀ ਡੂੰਘੀ ਜਾਂਚ ਕਰੀਏ ਅਤੇ ਦੇਖੀਏ ਕਿ ਬੇਹੱਦ ਤਣਾਅ ਤੋਂ ਆਰਾਮ ਪਾਉਣ ਵਿਚ ਇਹ ਕਿਵੇਂ ਸਾਡੀ ਮਦਦ ਕਰ ਸਕਦੇ ਹਨ।

4. ਯਿਸੂ ਨੇ ਕਿਨ੍ਹਾਂ ਨਾਲ ਗੱਲਬਾਤ ਕੀਤੀ ਸੀ, ਅਤੇ ਉਨ੍ਹਾਂ ਲਈ ਉਸ ਦੇ ਆਖੇ ਲੱਗਣਾ ਸ਼ਾਇਦ ਕਿਉਂ ਔਖਾ ਸੀ?

4 ਯਿਸੂ ਨੇ ਕਈਆਂ ਨਾਲ ਗੱਲਬਾਤ ਕੀਤੀ ਜੋ ਸੱਚੇ ਦਿਲੋਂ ਸਹੀ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਪਰ ਯਹੂਦੀ ਆਗੂਆਂ ਨੇ ਧਰਮ ਨੂੰ ਇਕ ਬੋਝ ਬਣਾ ਰੱਖਿਆ ਸੀ ਇਸ ਲਈ ਲੋਕ ‘ਦੱਬੇ ਹੋਏ’ ਸਨ। (ਮੱਤੀ 23:4) ਜੀਵਨ ਦੇ ਤਕਰੀਬਨ ਹਰ ਪਹਿਲੂ ਲਈ ਕੋਈ-ਨ-ਕੋਈ ਕਾਨੂੰਨ ਬਣਾਇਆ ਗਿਆ ਸੀ ਅਤੇ ਇਹ ਆਗੂ ਕਾਨੂੰਨਾਂ ਤੇ ਬਹੁਤ ਹੀ ਜ਼ੋਰ ਪਾਉਂਦੇ ਸਨ। ਕੀ ਤੁਸੀਂ ਹਰ ਵੇਲੇ ਇਹ ਸੁਣ ਕੇ ਥੱਕਦੇ ਨਹੀਂ ਕਿ ‘ਤੁਹਾਨੂੰ ਇਹ ਜਾਂ ਉਹ ਨਹੀਂ ਕਰਨਾ ਚਾਹੀਦਾ’? ਯਿਸੂ ਇਨ੍ਹਾਂ ਆਗੂਆਂ ਤੋਂ ਵੱਖਰਾ ਸੀ। ਉਸ ਨੇ ਲੋਕਾਂ ਨੂੰ ਇਹ ਸੱਦਾ ਦਿੱਤਾ ਸੀ ਕਿ ਉਹ ਉਸ ਦੀਆਂ ਗੱਲਾਂ ਸੁਣ ਕੇ ਸੱਚਾਈ, ਧਾਰਮਿਕਤਾ, ਅਤੇ ਇਕ ਚੰਗੀ ਜ਼ਿੰਦਗੀ ਦੇ ਰਸਤੇ ਉੱਤੇ ਚੱਲਣ। ਜੀ ਹਾਂ, ਸੱਚੇ ਪਰਮੇਸ਼ੁਰ ਨੂੰ ਜਾਣਨ ਲਈ ਯਿਸੂ ਮਸੀਹ ਵੱਲ ਧਿਆਨ ਦੇਣ ਦੀ ਲੋੜ ਸੀ, ਕਿਉਂਕਿ ਇਨਸਾਨ ਉਸ ਵੱਲ ਦੇਖ ਕੇ ਜਾਣ ਸਕਦੇ ਸਨ, ਅਤੇ ਹੁਣ ਵੀ ਜਾਣ ਸਕਦੇ ਹਨ ਕਿ ਯਹੋਵਾਹ ਕਿਹੋ ਜਿਹਾ ਹੈ। ਯਿਸੂ ਨੇ ਕਿਹਾ ਸੀ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।”​—ਯੂਹੰਨਾ 14:9.

ਕੀ ਤੁਹਾਡਾ ਜੀਵਨ ਤਣਾਅ-ਭਰਿਆ ਹੈ?

5, 6. ਯਿਸੂ ਦੇ ਸਮੇਂ ਵਿਚ ਤਨਖ਼ਾਹ ਅਤੇ ਕੰਮ ਕਰਨ ਦੇ ਹਾਲਾਤ ਸਾਡੇ ਸਮੇਂ ਨਾਲ ਮੇਲ ਕਿਵੇਂ ਖਾਂਦੇ ਹਨ?

5 ਤੁਹਾਨੂੰ ਸ਼ਾਇਦ ਇਸ ਗੱਲ ਦੀ ਚਿੰਤਾ ਹੋਵੋ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੀ ਨੌਕਰੀ ਜਾਂ ਪਰਿਵਾਰ ਦੀ ਸਥਿਤੀ ਤਣਾਅ-ਭਰੀ ਹੋਵੇ। ਜਾਂ ਹੋ ਸਕਦਾ ਹੈ ਕਿ ਤੁਹਾਡੇ ਤੇ ਹੋਰ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਹੋਣ। ਜੇਕਰ ਇਹ ਸੱਚ ਹੈ, ਤਾਂ ਤੁਸੀਂ ਉਨ੍ਹਾਂ ਨੇਕ-ਦਿਲ ਲੋਕਾਂ ਵਰਗੇ ਹੋ ਜਿਨ੍ਹਾਂ ਦੀ ਯਿਸੂ ਨੇ ਮਦਦ ਕੀਤੀ ਸੀ। ਮਿਸਾਲ ਲਈ, ਰੋਜ਼ੀ-ਰੋਟੀ ਕਮਾਉਣ ਦੀ ਮੁਸ਼ਕਲ ਬਾਰੇ ਸੋਚੋ। ਅੱਜ-ਕੱਲ੍ਹ ਕਈਆਂ ਲੋਕਾਂ ਨੂੰ ਇਸ ਮੁਸ਼ਕਲ ਕਾਰਨ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਠੀਕ ਜਿਵੇਂ ਯਿਸੂ ਦੇ ਸਮੇਂ ਵਿਚ ਕਈ ਲੋਕ ਕਰਦੇ ਸਨ।

6 ਯਿਸੂ ਦੇ ਸਮੇਂ ਵਿਚ ਇਕ ਮਜ਼ਦੂਰ ਨੂੰ ਸਿਰਫ਼ ਇਕ ਦੀਨਾਰ ਲਈ 12 ਘੰਟਿਆਂ ਦੀ ਦਿਹਾੜੀ ਲਾਉਣੀ ਪੈਂਦੀ ਸੀ ਅਤੇ ਹਫ਼ਤੇ ਵਿਚ 6 ਦਿਨ ਕੰਮ ਕਰਨਾ ਪੈਂਦਾ ਸੀ। (ਮੱਤੀ 20:2-10) ਤੁਹਾਡੀ ਜਾਂ ਤੁਹਾਡੇ ਦੋਸਤਾਂ ਦੀ ਤਨਖ਼ਾਹ ਦੀ ਤੁਲਨਾ ਵਿਚ ਇਕ ਦੀਨਾਰ ਦੀ ਕਿੰਨੀ ਕੁ ਕੀਮਤ ਹੈ? ਪੁਰਾਣੇ ਜ਼ਮਾਨੇ ਦੀ ਅਤੇ ਆਪਣੇ ਜ਼ਮਾਨੇ ਦੀ ਤਨਖ਼ਾਹ ਦੀ ਤੁਲਨਾ ਕਰਨੀ ਬਹੁਤ ਔਖੀ ਹੋ ਸਕਦੀ ਹੈ। ਪਰ ਅਸੀਂ ਦੇਖ ਸਕਦੇ ਹਾਂ ਕਿ ਉਸ ਸਮੇਂ ਵਿਚ ਪੈਸਿਆਂ ਨਾਲ ਕੀ-ਕੀ ਖ਼ਰੀਦਿਆ ਜਾ ਸਕਦਾ ਸੀ। ਇਕ ਵਿਦਵਾਨ ਕਹਿੰਦਾ ਹੈ ਕਿ ਯਿਸੂ ਦੇ ਸਮੇਂ ਵਿਚ ਕਣਕ ਦੇ ਆਟੇ ਦਿਆਂ ਚਾਰ ਬੁੱਕਾਂ ਤੋਂ ਬਣਾਈ ਗਈ ਡਬਲਰੋਟੀ ਇਕ ਘੰਟੇ ਦੀ ਤਨਖ਼ਾਹ ਦੇ ਬਰਾਬਰ ਸੀ। ਇਕ ਹੋਰ ਵਿਦਵਾਨ ਦੱਸਦਾ ਹੈ ਕਿ ਚੰਗੀ ਮੈ ਦੇ ਇਕ ਪਿਆਲੇ ਦੀ ਕੀਮਤ ਦੋ ਘੰਟਿਆਂ ਦੀ ਤਨਖ਼ਾਹ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਹਰ ਰੋਜ਼ ਜਾਨ ਮਾਰ ਕੇ ਕਈਆਂ ਘੰਟਿਆਂ ਲਈ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਨੂੰ ਆਰਾਮ ਅਤੇ ਤਾਜ਼ਗੀ ਦੀ ਲੋੜ ਸੀ ਅਤੇ ਸਾਨੂੰ ਵੀ ਇਸ ਦੀ ਲੋੜ ਹੈ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਜ਼ਿਆਦਾ ਕੰਮ ਕਰਨ ਲਈ ਤੁਹਾਡੇ ਉੱਤੇ ਦਬਾਅ ਪਾਇਆ ਜਾਵੇ। ਅਕਸਰ ਸਾਡੇ ਕੋਲ ਸੋਚ-ਸਮਝ ਕੇ ਫ਼ੈਸਲੇ ਕਰਨ ਦਾ ਵੀ ਸਮਾਂ ਨਹੀਂ ਹੁੰਦਾ। ਤੁਸੀਂ ਸ਼ਾਇਦ ਸਵੀਕਾਰ ਕਰੋਗੇ ਕਿ ਤੁਹਾਨੂੰ ਆਰਾਮ ਪਾਉਣ ਦੀ ਜ਼ਰੂਰਤ ਹੈ।

7. ਯਿਸੂ ਦਾ ਸੰਦੇਸ਼ ਲੋਕਾਂ ਨੂੰ ਕਿਹੋ ਜਿਹਾ ਲੱਗਾ ਸੀ?

7 ਇਹ ਸਪੱਸ਼ਟ ਹੈ ਕਿ ‘ਥੱਕੇ ਹੋਇਆਂ ਅਤੇ ਭਾਰ ਹੇਠ ਦੱਬੇ ਹੋਇਆਂ’ ਨੂੰ ਦਿੱਤਾ ਗਿਆ ਯਿਸੂ ਦਾ ਸੱਦਾ ਉਸ ਦੇ ਕਈ ਸੁਣਨ ਵਾਲਿਆਂ ਨੂੰ ਚੰਗਾ ਲੱਗਾ ਹੋਣਾ। (ਮੱਤੀ 4:25; ਮਰਕੁਸ 3:7, 8) ਅਤੇ ਯਾਦ ਕਰੋ ਕਿ ਯਿਸੂ ਨੇ ਇਹ ਵੀ ਵਾਅਦਾ ਕੀਤਾ ਸੀ ਕਿ “ਮੈਂ ਤੁਹਾਨੂੰ ਅਰਾਮ ਦਿਆਂਗਾ।” ਇਹ ਵਾਅਦਾ ਅੱਜ ਸਾਡੇ ਸੰਬੰਧ ਵਿਚ ਵੀ ਪੂਰਾ ਹੋਵੇਗਾ ਜੇਕਰ ਅਸੀਂ ‘ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ’ ਹਾਂ। ਅਤੇ ਇਹ ਵਾਅਦਾ ਸਾਡੇ ਪਿਆਰਿਆਂ ਦੇ ਸੰਬੰਧ ਵਿਚ ਵੀ ਪੂਰਾ ਹੋ ਸਕਦਾ ਹੈ ਜੋ ਇਸ ਹਾਲਤ ਵਿਚ ਹਨ।

8. ਬੱਚਿਆਂ ਦੀ ਪਰਵਰਿਸ਼ ਅਤੇ ਬੁਢਾਪਾ ਤਣਾਅ ਕਿਵੇਂ ਵਧਾਉਂਦਾ ਹੈ?

8 ਲੋਕਾਂ ਉੱਤੇ ਹੋਰ ਵੀ ਬਹੁਤ ਸਾਰੇ ਬੋਝ ਹਨ। ਬੱਚਿਆਂ ਦੀ ਪਰਵਰਿਸ਼ ਕਰਨੀ ਇਕ ਵੱਡੀ ਚੁਣੌਤੀ ਹੈ। ਬੱਚਿਆਂ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਾਨਸਿਕ ਅਤੇ ਸਰੀਰਕ ਤੌਰ ਤੇ ਬੀਮਾਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਚਾਹੇ ਉਨ੍ਹਾਂ ਦੀ ਉਮਰ ਜੋ ਮਰਜ਼ੀ ਹੋਵੇ। ਭਾਵੇਂ ਕਿ ਲੋਕ ਅੱਗੇ ਨਾਲੋਂ ਜ਼ਿਆਦਾ ਚਿਰ ਲਈ ਜੀਉਂਦੇ ਰਹਿੰਦੇ ਹਨ, ਫਿਰ ਵੀ ਡਾਕਟਰੀ ਤਰੱਕੀ ਦੇ ਬਾਵਜੂਦ ਸਿਆਣਿਆਂ ਨੂੰ ਖ਼ਾਸ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।​—ਉਪਦੇਸ਼ਕ ਦੀ ਪੋਥੀ 12:1.

ਜੂਲੇ ਹੇਠਾਂ

9, 10. ਪ੍ਰਾਚੀਨ ਸਮਿਆਂ ਵਿਚ ਇਕ ਜੂਲਾ ਕਿਸ ਚੀਜ਼ ਨੂੰ ਦਰਸਾਉਂਦਾ ਸੀ, ਅਤੇ ਯਿਸੂ ਨੇ ਲੋਕਾਂ ਨੂੰ ਆਪਣੇ ਉੱਤੇ ਉਸ ਦਾ ਜੂਲਾ ਲੈਣ ਲਈ ਕਿਉਂ ਸੱਦਾ ਦਿੱਤਾ ਸੀ?

9 ਕੀ ਤੁਸੀਂ ਮੱਤੀ 11:28, 29 ਵਿਚ ਯਿਸੂ ਦੀ ਗੱਲ ਵੱਲ ਧਿਆਨ ਦਿੱਤਾ ਹੈ? ਉਸ ਨੇ ਕਿਹਾ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ।” ਉਸ ਸਮੇਂ ਵਿਚ ਇਕ ਆਮ ਇਨਸਾਨ ਨੂੰ ਸ਼ਾਇਦ ਇਵੇਂ ਲੱਗਦਾ ਸੀ ਕਿ ਉਹ ਇਕ ਜੂਲੇ ਹੇਠ ਕੰਮ ਕਰ ਰਿਹਾ ਸੀ। ਪ੍ਰਾਚੀਨ ਸਮਿਆਂ ਤੋਂ ਜੂਲਾ ਗ਼ੁਲਾਮੀ ਨੂੰ ਦਰਸਾਉਂਦਾ ਆਇਆ ਹੈ। (ਉਤਪਤ 27:40; ਲੇਵੀਆਂ 26:13; ਬਿਵਸਥਾ ਸਾਰ 28:48) ਯਿਸੂ ਨੂੰ ਮਿਲੇ ਕਈ ਮਜ਼ਦੂਰ ਭਾਰੇ ਬੋਝ ਚੁੱਕਣ ਲਈ ਇਕ ਅਸਲੀ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਕੇ ਕੰਮ ਕਰਦੇ ਸਨ। ਜੂਲਾ ਜਾਂ ਤਾਂ ਗਰਦਨ ਅਤੇ ਮੋਢਿਆਂ ਉੱਤੇ ਠੀਕ ਬਹਿੰਦਾ ਸੀ ਜਾਂ ਉਹ ਇਨ੍ਹਾਂ ਨੂੰ ਰਗੜਦਾ ਸੀ। ਇਹ ਇਸ ਉੱਤੇ ਨਿਰਭਰ ਸੀ ਕਿ ਜੂਲਾ ਕਿਵੇਂ ਬਣਾਇਆ ਗਿਆ ਸੀ। ਇਕ ਤਰਖਾਣ ਵਜੋਂ, ਯਿਸੂ ਨੇ ਸ਼ਾਇਦ ਜੂਲੇ ਬਣਾਏ ਵੀ ਹੋਣ, ਅਤੇ ਉਸ ਨੂੰ ਪਤਾ ਹੋਣਾ ਸੀ ਕਿ ਇਕ “ਹੌਲਾ” ਜੂਲਾ ਕਿਵੇਂ ਬਣਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਜਿੱਥੇ-ਜਿੱਥੇ ਜੂਲਾ ਗਰਦਨ ਅਤੇ ਮੋਢਿਆਂ ਤੇ ਲੱਗਦਾ ਸੀ, ਉੱਥੇ ਉਸ ਨੇ ਰਗੜਾਂ ਤੋਂ ਬਚਾਉਣ ਲਈ ਚਮੜਾ ਜਾਂ ਕੱਪੜਾ ਲਗਾਇਆ ਹੋਵੇ।

10 ਜਦੋਂ ਯਿਸੂ ਨੇ ਕਿਹਾ ਸੀ ਕਿ “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ,” ਤਾਂ ਉਹ ਸ਼ਾਇਦ ਆਪਣੇ ਆਪ ਨੂੰ ਇਕ ਅਜਿਹੇ ਇਨਸਾਨ ਵਜੋਂ ਪੇਸ਼ ਕਰ ਰਿਹਾ ਸੀ ਜੋ ਵਧੀਆ ਜੂਲੇ ਦੇ ਸਕਦਾ ਸੀ ਜੋ ਮਜ਼ਦੂਰ ਦੀ ਗਰਦਨ ਅਤੇ ਮੋਢਿਆਂ ਲਈ ‘ਹੌਲੇ’ ਹੋਣੇ ਸਨ। ਇਸ ਲਈ ਯਿਸੂ ਨੇ ਅੱਗੇ ਕਿਹਾ: “ਮੇਰਾ ਭਾਰ ਹਲਕਾ ਹੈ।” ਇਸ ਦਾ ਮਤਲਬ ਹੈ ਕਿ ਯਿਸੂ ਦਾ ਜੂਲਾ ਇਕ ਬੋਝ ਨਹੀਂ ਸੀ ਅਤੇ ਉਹ ਗ਼ੁਲਾਮੀ ਨਹੀਂ ਕਰਵਾਉਂਦਾ ਸੀ। ਇਹ ਸੱਚ ਹੈ ਕਿ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਉਸ ਦਾ ਜੂਲਾ ਲੈਣ ਦਾ ਸੱਦਾ ਦੇ ਕੇ ਉਨ੍ਹਾਂ ਨੂੰ ਹਰ ਸਖ਼ਤ ਹਾਲਤ ਤੋਂ ਇਕਦਮ ਆਰਾਮ ਦੇਣ ਦਾ ਵਾਅਦਾ ਨਹੀਂ ਕਰ ਰਿਹਾ ਸੀ। ਲੇਕਿਨ ਆਪਣੀ ਸੋਚਣੀ ਬਦਲਣ ਲਈ ਜੋ ਸਲਾਹ ਯਿਸੂ ਨੇ ਉਨ੍ਹਾਂ ਨੂੰ ਦਿੱਤੀ ਸੀ ਉਸ ਨੂੰ ਲਾਗੂ ਕਰ ਕੇ ਉਨ੍ਹਾਂ ਨੂੰ ਜ਼ਰੂਰ ਆਰਾਮ ਮਿਲਿਆ ਹੋਣਾ। ਆਪਣੀ ਰਹਿਣੀ-ਬਹਿਣੀ ਅਤੇ ਕੰਮ ਕਰਨ ਦੇ ਢੰਗ ਨੂੰ ਬਦਲਣ ਦੁਆਰਾ ਵੀ ਉਹ ਆਰਾਮ ਪਾ ਸਕਦੇ ਸਨ। ਇਸ ਤੋਂ ਵੀ ਵੱਧ, ਇਕ ਪੱਕੀ ਉਮੀਦ ਉਨ੍ਹਾਂ ਦੇ ਜੀਵਨ ਦਾ ਤਣਾਅ ਘਟਾਉਣ ਵਿਚ ਮਦਦ ਕਰ ਸਕਦੀ ਸੀ।

ਤੁਸੀਂ ਆਰਾਮ ਪਾ ਸਕਦੇ ਹੋ

11. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਇਕ ਜੂਲਾ ਲਾਹੁਣ ਅਤੇ ਦੂਸਰਾ ਪਾਉਣ ਬਾਰੇ ਗੱਲ ਨਹੀਂ ਕਰ ਰਿਹਾ ਸੀ?

11 ਧਿਆਨ ਦਿਓ ਕਿ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਲੋਕ ਇਕ ਜੂਲਾ ਲਾਹ ਕੇ ਦੂਸਰਾ ਪਾਉਣਗੇ। ਰੋਮੀਆਂ ਨੇ ਹਾਲੇ ਵੀ ਦੇਸ਼ ਉੱਤੇ ਰਾਜ ਕਰਨਾ ਸੀ, ਠੀਕ ਜਿਵੇਂ ਅੱਜ ਦੀਆਂ ਸਰਕਾਰਾਂ ਉਨ੍ਹਾਂ ਦੇਸ਼ਾਂ ਉੱਤੇ ਰਾਜ ਕਰ ਰਹੀਆਂ ਹਨ ਜਿੱਥੇ ਮਸੀਹੀ ਰਹਿੰਦੇ ਹਨ। ਪਹਿਲੀ ਸਦੀ ਦਾ ਰੋਮੀ ਟੈਕਸ ਉਨ੍ਹਾਂ ਨੂੰ ਹਾਲੇ ਵੀ ਦੇਣਾ ਪੈਣਾ ਸੀ। ਬੀਮਾਰੀਆਂ ਅਤੇ ਪੈਸੇ ਦੀਆਂ ਮੁਸ਼ਕਲਾਂ ਹਾਲੇ ਵੀ ਸਨ। ਲੋਕ ਹਾਲੇ ਵੀ ਅਪੂਰਣ ਅਤੇ ਪਾਪੀ ਸਨ। ਲੇਕਿਨ ਯਿਸੂ ਦੀਆਂ ਸਿੱਖਿਆਵਾਂ ਅਪਣਾ ਕੇ ਉਹ ਆਰਾਮ ਪਾ ਸਕਦੇ ਸਨ, ਠੀਕ ਜਿਵੇਂ ਅਸੀਂ ਵੀ ਆਰਾਮ ਪਾ ਸਕਦੇ ਹਾਂ।

12, 13. ਯਿਸੂ ਨੇ ਕਿਸ ਚੀਜ਼ ਬਾਰੇ ਗੱਲ ਕੀਤੀ ਸੀ ਜਿਸ ਤੋਂ ਆਰਾਮ ਮਿਲ ਸਕਦਾ ਹੈ, ਅਤੇ ਇਸ ਬਾਰੇ ਕੁਝ ਲੋਕਾਂ ਨੇ ਕੀ ਕੀਤਾ ਸੀ?

12 ਇਹ ਜ਼ਾਹਰ ਹੋਇਆ ਕਿ ਯਿਸੂ ਦਾ ਜੂਲੇ ਦਾ ਦ੍ਰਿਸ਼ਟਾਂਤ ਖ਼ਾਸ ਕਰਕੇ ਚੇਲੇ ਬਣਾਉਣ ਦੇ ਕੰਮ ਉੱਤੇ ਲਾਗੂ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਦਾ ਮੁੱਖ ਕੰਮ ਲੋਕਾਂ ਨੂੰ ਸਿੱਖਿਆ ਦੇਣ ਦਾ ਸੀ, ਉਸ ਨੇ ਖ਼ਾਸ ਕਰਕੇ ਪਰਮੇਸ਼ੁਰ ਦੇ ਰਾਜ ਉੱਤੇ ਜ਼ੋਰ ਦਿੱਤਾ। (ਮੱਤੀ 4:23) ਇਸ ਲਈ ਜਦੋਂ ਉਸ ਨੇ ਕਿਹਾ ਸੀ ਕਿ “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ,” ਇਸ ਵਿਚ ਯਿਸੂ ਵਾਂਗ ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਵੀ ਸ਼ਾਮਲ ਸੀ। ਇੰਜੀਲ ਦੀਆਂ ਕਿਤਾਬਾਂ ਦਿਖਾਉਂਦੀਆਂ ਹਨ ਕਿ ਯਿਸੂ ਨੇ ਨੇਕ-ਦਿਲ ਬੰਦਿਆਂ ਨੂੰ ਆਪਣਾ ਕੰਮ-ਧੰਦਾ ਬਦਲਣ ਲਈ ਪ੍ਰੇਰਿਤ ਕੀਤਾ ਸੀ, ਜੋ ਕਿ ਕਈਆਂ ਦੇ ਜੀਵਨ ਵਿਚ ਵੱਡੀ ਚਿੰਤਾ ਦਾ ਕਾਰਨ ਸੀ। ਯਾਦ ਕਰੋ ਜਦੋਂ ਉਸ ਨੇ ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਨੂੰ ਇਹ ਸੱਦਾ ਦਿੱਤਾ ਸੀ: “ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” (ਮਰਕੁਸ 1:16-20) ਯਿਸੂ ਨੇ ਉਨ੍ਹਾਂ ਮਛਿਆਰਿਆਂ ਨੂੰ ਦਿਖਾਇਆ ਸੀ ਕਿ ਉਸ ਦੀ ਅਗਵਾਈ ਅਧੀਨ ਅਤੇ ਮਦਦ ਨਾਲ ਉਨ੍ਹਾਂ ਨੂੰ ਉਸੇ ਕੰਮ ਵਿਚ ਹਿੱਸਾ ਲੈਣ ਦੁਆਰਾ ਖ਼ੁਸ਼ੀ ਮਿਲੇਗੀ ਜਿਸ ਕੰਮ ਨੂੰ ਉਸ ਨੇ ਆਪ ਮਹੱਤਤਾ ਦਿੱਤੀ ਸੀ।

13 ਕੁਝ ਯਹੂਦੀਆਂ ਨੇ ਉਸ ਦੀ ਗੱਲ ਸਮਝੀ ਅਤੇ ਲਾਗੂ ਕੀਤੀ ਸੀ। ਸਮੁੰਦਰ ਦੇ ਕਿਨਾਰੇ ਉਸ ਨਜ਼ਾਰੇ ਦੀ ਕਲਪਨਾ ਕਰੋ ਜਿਸ ਬਾਰੇ ਅਸੀਂ ਲੂਕਾ 5:1-11 ਵਿਚ ਪੜ੍ਹਦੇ ਹਾਂ। ਚਾਰ ਮਛਿਆਰੇ ਸਾਰੀ ਰਾਤ ਜਾਨ ਮਾਰਦੇ ਰਹੇ ਪਰ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਿਆ। ਫਿਰ ਅਚਾਨਕ ਹੀ, ਉਨ੍ਹਾਂ ਦੇ ਜਾਲ ਭਰ ਗਏ! ਇਹ ਕੋਈ ਇਤਫ਼ਾਕ ਨਹੀਂ ਸੀ; ਇਹ ਯਿਸੂ ਦੀ ਮਦਦ ਨਾਲ ਹੋਇਆ ਸੀ। ਜਿਵੇਂ ਉਨ੍ਹਾਂ ਨੇ ਸਮੁੰਦਰ ਦੇ ਕਿਨਾਰੇ ਵੱਲ ਦੇਖਿਆ ਉਨ੍ਹਾਂ ਨੂੰ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ ਜਿਸ ਨੂੰ ਯਿਸੂ ਦੀਆਂ ਸਿੱਖਿਆਵਾਂ ਵਿਚ ਬਹੁਤ ਦਿਲਚਸਪੀ ਸੀ। ਇਸ ਤੋਂ ਅਸੀਂ ਉਨ੍ਹਾਂ ਚੌਹਾਂ ਨੂੰ ਕਹੀ ਗਈ ਯਿਸੂ ਦੀ ਗੱਲ ਸਮਝ ਸਕਦੇ ਹਾਂ ਕਿ ‘ਏਦੋਂ ਅੱਗੇ ਤੁਸੀਂ ਮਨੁੱਖਾਂ ਦੇ ਸ਼ਿਕਾਰੀ ਹੋਵੋਗੇ।’ ਉਨ੍ਹਾਂ ਦਾ ਜਵਾਬ ਕੀ ਸੀ? “ਓਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।”

14. (ੳ) ਅਸੀਂ ਅੱਜ ਆਰਾਮ ਕਿਵੇਂ ਪਾ ਸਕਦੇ ਹਾਂ? (ਅ) ਯਿਸੂ ਨੇ ਕਿਹੜੀ ਖ਼ੁਸ਼ ਖ਼ਬਰੀ ਸੁਣਾਈ ਸੀ ਜਿਸ ਤੋਂ ਆਰਾਮ ਮਿਲਦਾ ਹੈ?

14 ਤੁਸੀਂ ਵੀ ਉਨ੍ਹਾਂ ਚੌਹਾਂ ਚੇਲਿਆਂ ਦੀ ਰੀਸ ਕਰ ਸਕਦੇ ਹੋ। ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਦਾ ਕੰਮ ਹਾਲੇ ਵੀ ਕੀਤਾ ਜਾ ਰਿਹਾ ਹੈ। ਸੰਸਾਰ ਭਰ ਵਿਚ ਕੁਝ ਸੱਠ ਲੱਖ ਯਹੋਵਾਹ ਦੇ ਗਵਾਹਾਂ ਨੇ ਯਿਸੂ ਦਾ ਸੱਦਾ ਕਬੂਲ ਕੀਤਾ ਹੈ ਕਿ “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ।” ਉਹ “ਮਨੁੱਖਾਂ ਦੇ ਸ਼ਿਕਾਰੀ” ਬਣ ਗਏ ਹਨ। (ਮੱਤੀ 4:19) ਕਈ ਇਸ ਕੰਮ ਵਿਚ ਆਪਣਾ ਪੂਰਾ ਸਮਾਂ ਲਾਉਂਦੇ ਹਨ; ਦੂਸਰੇ ਉੱਨਾ ਕਰਦੇ ਹਨ ਜਿੰਨਾ ਉਹ ਕਰ ਸਕਦੇ ਹਨ। ਇਹ ਸਾਰੇ ਜਣੇ ਇਸ ਕੰਮ ਤੋਂ ਆਰਾਮ ਪਾਉਂਦੇ ਹਨ, ਇਸ ਲਈ ਉਨ੍ਹਾਂ ਦਾ ਜੀਵਨ ਅੱਗੇ ਨਾਲੋਂ ਘੱਟ ਤਣਾਅ-ਭਰਿਆ ਹੈ। ਉਹ ਅਜਿਹਾ ਕੰਮ ਕਰਦੇ ਹਨ ਜੋ ਉਨ੍ਹਾਂ ਨੂੰ ਪਸੰਦ ਹੈ, ਯਾਨੀ ਲੋਕਾਂ ਨੂੰ ਖ਼ੁਸ਼ ਖ਼ਬਰੀ ਅਰਥਾਤ “ਰਾਜ ਦੀ ਖ਼ੁਸ਼ ਖ਼ਬਰੀ” ਸੁਣਾਉਣ ਦਾ ਕੰਮ। (ਮੱਤੀ 4:23) ਅਸੀਂ ਚੰਗੀਆਂ ਖ਼ਬਰਾਂ ਬਾਰੇ ਗੱਲ ਕਰ ਕੇ ਹਮੇਸ਼ਾ ਆਨੰਦ ਮਾਣਦੇ ਹਾਂ ਪਰ ਖ਼ਾਸ ਕਰਕੇ ਇਸ ਖ਼ੁਸ਼ ਖ਼ਬਰੀ ਬਾਰੇ। ਬਾਈਬਲ ਵਿਚ ਉਹ ਮੁੱਖ ਗੱਲਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦੁਆਰਾ ਅਸੀਂ ਲੋਕਾਂ ਨੂੰ ਯਕੀਨ ਦਿਲਾ ਸਕਦੇ ਹਾਂ ਕਿ ਉਹ ਆਪਣੇ ਜੀਵਨ ਦੀਆਂ ਚਿੰਤਾਵਾਂ ਘਟਾ ਸਕਦੇ ਹਨ।​—2 ਤਿਮੋਥਿਉਸ 3:16, 17.

15. ਜੀਵਨ ਬਾਰੇ ਯਿਸੂ ਦੀਆਂ ਸਿੱਖਿਆਵਾਂ ਤੋਂ ਤੁਸੀਂ ਕਿਵੇਂ ਲਾਭ ਉਠਾ ਸਕਦੇ ਹੋ?

15 ਕੁਝ ਹੱਦ ਤਕ, ਜਿਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣਾ ਸ਼ੁਰੂ ਹੀ ਕੀਤਾ ਹੈ, ਉਨ੍ਹਾਂ ਨੇ ਵੀ ਜੀਉਣ ਬਾਰੇ ਯਿਸੂ ਦੀਆਂ ਸਿੱਖਿਆਵਾਂ ਤੋਂ ਲਾਭ ਉਠਾਇਆ ਹੈ। ਕਈ ਲੋਕ ਦਿਲੋਂ ਕਹਿ ਸਕਦੇ ਹਨ ਕਿ ਯਿਸੂ ਦੀਆਂ ਸਿੱਖਿਆਵਾਂ ਨੇ ਉਨ੍ਹਾਂ ਨੂੰ ਆਰਾਮ ਦਿਲਾਇਆ ਹੈ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਬਦਲਣ ਵਿਚ ਮਦਦ ਦਿੱਤੀ ਹੈ। ਯਿਸੂ ਦੇ ਜੀਵਨ ਅਤੇ ਸੇਵਕਾਈ ਦਿਆਂ ਬਿਰਤਾਂਤਾਂ ਵਿਚ ਪਾਏ ਜਾਂਦੇ ਜੀਉਣ ਬਾਰੇ ਕੁਝ ਸਿਧਾਂਤਾਂ ਦੀ ਜਾਂਚ ਕਰਨ ਦੁਆਰਾ ਤੁਸੀਂ ਇਸ ਗੱਲ ਦੀ ਸੱਚਾਈ ਆਪਣੇ ਆਪ ਦੇਖ ਸਕਦੇ ਹੋ। ਇਹ ਸਿਧਾਂਤ ਖ਼ਾਸ ਕਰਕੇ ਮੱਤੀ, ਮਰਕੁਸ, ਅਤੇ ਲੂਕਾ ਦੀਆਂ ਇੰਜੀਲਾਂ ਵਿਚ ਹਨ।

ਆਰਾਮ ਪਾਉਣ ਦਾ ਰਾਹ

16, 17. (ੳ) ਤੁਹਾਨੂੰ ਯਿਸੂ ਦੀਆਂ ਕੁਝ ਮੁੱਖ ਸਿੱਖਿਆਵਾਂ ਕਿੱਥੇ ਮਿਲ ਸਕਦੀਆਂ ਹਨ? (ਅ) ਯਿਸੂ ਦੀਆਂ ਸਿੱਖਿਆਵਾਂ ਲਾਗੂ ਕਰ ਕੇ ਆਰਾਮ ਪਾਉਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ?

16 ਸਾਲ 31 ਸਾ.ਯੁ. ਦੀ ਬਸੰਤ ਵਿਚ ਯਿਸੂ ਨੇ ਇਕ ਭਾਸ਼ਣ ਦਿੱਤਾ ਸੀ ਜੋ ਅੱਜ ਵੀ ਸੰਸਾਰ ਭਰ ਵਿਚ ਮਸ਼ਹੂਰ ਹੈ। ਇਸ ਨੂੰ ਆਮ ਤੌਰ ਤੇ ਪਹਾੜੀ ਉਪਦੇਸ਼ ਸੱਦਿਆ ਜਾਂਦਾ ਹੈ। ਇਹ ਭਾਸ਼ਣ ਮੱਤੀ ਦੇ 5ਵੇਂ ਤੋਂ 7ਵੇਂ ਅਧਿਆਇ ਅਤੇ ਲੂਕਾ ਦੇ 6ਵੇਂ ਅਧਿਆਇ ਵਿਚ ਦਰਜ ਹੈ, ਅਤੇ ਇਸ ਭਾਸ਼ਣ ਵਿਚ ਯਿਸੂ ਦੀਆਂ ਕਈ ਸਿੱਖਿਆਵਾਂ ਦਾ ਸਾਰ ਪਾਇਆ ਜਾਂਦਾ ਹੈ। ਤੁਸੀਂ ਯਿਸੂ ਦੀਆਂ ਹੋਰ ਸਿੱਖਿਆਵਾਂ ਇੰਜੀਲਾਂ ਦੇ ਬਾਕੀ ਹਿੱਸਿਆਂ ਵਿਚ ਪੜ੍ਹ ਸਕਦੇ ਹੋ। ਯਿਸੂ ਦੀਆਂ ਗੱਲਾਂ ਆਮ ਤੌਰ ਤੇ ਸਪੱਸ਼ਟ ਹਨ, ਪਰ ਉਨ੍ਹਾਂ ਨੂੰ ਲਾਗੂ ਕਰਨਾ ਔਖਾ ਹੋ ਸਕਦਾ ਹੈ। ਕਿਉਂ ਨਾ ਉਨ੍ਹਾਂ ਅਧਿਆਵਾਂ ਨੂੰ ਚੰਗੀ ਤਰ੍ਹਾਂ ਮਨ ਲਾ ਕੇ ਪੜ੍ਹੋ। ਯਿਸੂ ਦਿਆਂ ਵਿਚਾਰਾਂ ਦੀ ਸ਼ਕਤੀ ਨੂੰ ਆਪਣੀ ਸੋਚਣੀ ਅਤੇ ਆਪਣੇ ਰਵੱਈਏ ਉੱਤੇ ਅਸਰ ਪਾਉਣ ਦਿਓ।

17 ਯਿਸੂ ਦੀਆਂ ਸਿੱਖਿਆਵਾਂ ਵੱਖਰੇ-ਵੱਖਰੇ ਹਿੱਸਿਆਂ ਵਿਚ ਵੰਡੀਆਂ ਜਾ ਸਕਦੀਆਂ ਹਨ। ਆਓ ਆਪਾਂ ਕੁਝ ਮੁੱਖ ਸਿੱਖਿਆਵਾਂ ਇਕੱਠੀਆਂ ਕਰੀਏ ਤਾਂਕਿ ਮਹੀਨੇ ਦੇ ਹਰ ਦਿਨ ਲਈ ਅਸੀਂ ਇਕ ਸਿੱਖਿਆ ਨੂੰ ਆਪਣੇ ਜੀਵਨ ਵਿਚ ਲਾਗੂ ਕਰ ਸਕੀਏ। ਕਿਵੇਂ? ਕਾਹਲੀ ਨਾ ਕਰੋ ਸਗੋਂ ਹਰ ਸਿੱਖਿਆ ਉੱਤੇ ਧਿਆਨ ਨਾਲ ਵਿਚਾਰ ਕਰੋ। ਉਸ ਅਮੀਰ ਸ਼ਾਸਕ ਨੂੰ ਯਾਦ ਕਰੋ ਜਿਸ ਨੇ ਯਿਸੂ ਨੂੰ ਪੁੱਛਿਆ: “ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?” ਜਦੋਂ ਯਿਸੂ ਨੇ ਪਰਮੇਸ਼ੁਰ ਦੀ ਬਿਵਸਥਾ ਦੀਆਂ ਕੁਝ ਜ਼ਰੂਰੀ ਮੰਗਾਂ ਬਾਰੇ ਗੱਲ ਕੀਤੀ ਤਾਂ ਉਸ ਆਦਮੀ ਨੇ ਜਵਾਬ ਦਿੱਤਾ ਕਿ ਉਹ ਇਨ੍ਹਾਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਰਿਹਾ ਸੀ। ਲੇਕਿਨ, ਉਹ ਜਾਣਦਾ ਸੀ ਕਿ ਉਸ ਨੂੰ ਕੁਝ ਹੋਰ ਕਰਨ ਦੀ ਜ਼ਰੂਰਤ ਸੀ। ਯਿਸੂ ਨੇ ਉਸ ਨੂੰ ਪਰਮੇਸ਼ੁਰ ਦੇ ਸਿਧਾਂਤ ਆਪਣਿਆਂ ਕੰਮਾਂ-ਕਾਰਾਂ ਵਿਚ ਲਾਗੂ ਕਰਨ ਲਈ ਜ਼ਿਆਦਾ ਮਿਹਨਤ ਕਰਨ ਲਈ ਕਿਹਾ। ਹਾਂ, ਉਸ ਨੂੰ ਇਕ ਜੋਸ਼ੀਲਾ ਚੇਲਾ ਬਣਨ ਲਈ ਕਿਹਾ। ਜ਼ਾਹਰ ਹੈ ਕਿ ਉਹ ਅਜਿਹਾ ਕਦਮ ਚੁੱਕਣ ਲਈ ਤਿਆਰ ਨਹੀਂ ਸੀ। (ਲੂਕਾ 18:18-23) ਇਸ ਲਈ, ਅੱਜ ਜੋ ਵੀ ਇਨਸਾਨ ਯਿਸੂ ਦੀਆਂ ਸਿੱਖਿਆਵਾਂ ਸਿੱਖਣੀਆਂ ਚਾਹੁੰਦਾ ਹੈ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਸਹਿਮਤ ਹੋਣ ਵਿਚ ਅਤੇ ਉਨ੍ਹਾਂ ਨੂੰ ਸਵੀਕਾਰ ਕਰ ਕੇ ਆਪਣੇ ਜੀਵਨ ਵਿਚ ਲਾਗੂ ਕਰਨ ਅਤੇ ਆਰਾਮ ਪਾਉਣ ਵਿਚ ਬਹੁਤ ਫ਼ਰਕ ਹੈ।

18. ਇਹ ਸਮਝਾਓ ਕਿ ਤੁਸੀਂ ਨਾਲ ਦੀ ਡੱਬੀ ਤੋਂ ਕਿਵੇਂ ਲਾਭ ਉਠਾ ਸਕਦੇ ਹੋ।

18 ਯਿਸੂ ਦੀਆਂ ਸਿੱਖਿਆਵਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਨਾਲ ਦੀ ਡੱਬੀ ਵਿਚ ਪਹਿਲਾ ਨੁਕਤਾ ਦੇਖੋ। ਇਹ ਨੁਕਤਾ ਮੱਤੀ 5:3-9 ਵੱਲ ਧਿਆਨ ਖਿੱਚਦਾ ਹੈ। ਅਸਲ ਵਿਚ ਅਸੀਂ ਸਾਰੇ ਜਣੇ ਇਨ੍ਹਾਂ ਆਇਤਾਂ ਵਿਚ ਦਿੱਤੀ ਗਈ ਵਧੀਆ ਸਲਾਹ ਉੱਤੇ ਕਾਫ਼ੀ ਸਮੇਂ ਲਈ ਮਨਨ ਕਰ ਸਕਦੇ ਹਾਂ। ਪਰ, ਇਨ੍ਹਾਂ ਆਇਤਾਂ ਵੱਲ ਧਿਆਨ ਦਿੰਦੇ ਹੋਏ ਤੁਹਾਨੂੰ ਆਪਣੇ ਰਵੱਈਏ ਬਾਰੇ ਕੀ ਪਤਾ ਲੱਗਦਾ ਹੈ? ਜੇਕਰ ਤੁਸੀਂ ਸੱਚ-ਮੁੱਚ ਆਪਣੇ ਜੀਵਨ ਵਿਚ ਬੇਹੱਦ ਤਣਾਅ ਦਾ ਅਸਰ ਘਟਾਉਣਾ ਚਾਹੁੰਦੇ ਹੋ ਤਾਂ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ? ਰੂਹਾਨੀ ਗੱਲਾਂ ਵੱਲ ਜ਼ਿਆਦਾ ਧਿਆਨ ਦੇਣ ਨਾਲ ਤੁਹਾਡੇ ਉੱਤੇ ਚੰਗਾ ਅਸਰ ਕਿਵੇਂ ਪੈ ਸਕਦਾ ਹੈ? ਕੀ ਤੁਹਾਡੇ ਜੀਵਨ ਵਿਚ ਕੋਈ ਅਜਿਹੀ ਚਿੰਤਾ ਹੈ ਜਿਸ ਵੱਲ ਤੁਹਾਨੂੰ ਘੱਟ ਧਿਆਨ ਦੇਣ ਦੀ ਲੋੜ ਹੈ, ਤਾਂਕਿ ਤੁਸੀਂ ਰੂਹਾਨੀ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਸਕੋ? ਇਸ ਤਰ੍ਹਾਂ ਆਪਣੀ ਚਿੰਤਾ ਘਟਾਉਣ ਨਾਲ ਤੁਸੀਂ ਹੋਰ ਵੀ ਖ਼ੁਸ਼ ਹੋਵੋਗੇ।

19. ਜ਼ਿਆਦਾ ਗਿਆਨ ਅਤੇ ਸਮਝ ਹਾਸਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

19 ਹੁਣ ਇਕ ਕਦਮ ਅੱਗੇ ਚਲੋ ਅਤੇ ਪਰਮੇਸ਼ੁਰ ਦੇ ਕਿਸੇ ਹੋਰ ਸੇਵਕ ਨਾਲ ਇਨ੍ਹਾਂ ਆਇਤਾਂ ਬਾਰੇ ਗੱਲਬਾਤ ਕਰੋ। ਤੁਸੀਂ ਆਪਣੇ ਜੀਵਨ-ਸਾਥੀ ਨਾਲ, ਕਿਸੇ ਰਿਸ਼ਤੇਦਾਰ ਨਾਲ, ਜਾਂ ਇਕ ਦੋਸਤ ਨਾਲ ਗੱਲਬਾਤ ਕਰ ਸਕਦੇ ਹੋ। (ਕਹਾਉਤਾਂ 18:24; 20:5) ਯਾਦ ਰੱਖੋ ਉਸ ਅਮੀਰ ਸ਼ਾਸਕ ਨੇ ਕਿਸੇ ਹੋਰ ਦੀ ਸਲਾਹ, ਯਾਨੀ ਯਿਸੂ ਦੀ ਸਲਾਹ ਮੰਗੀ ਸੀ। ਜੇਕਰ ਉਹ ਯਿਸੂ ਦੀ ਸਲਾਹ ਉੱਤੇ ਚੱਲਦਾ ਤਾਂ ਉਸ ਦੀ ਖ਼ੁਸ਼ੀ ਅਤੇ ਲੰਬੀ ਜ਼ਿੰਦਗੀ ਦੀ ਉਮੀਦ ਪੱਕੀ ਹੋਣੀ ਸੀ। ਇਹ ਸੱਚ ਹੈ ਕਿ ਜਿਸ ਸੇਵਕ ਨਾਲ ਤੁਸੀਂ ਇਨ੍ਹਾਂ ਆਇਤਾਂ ਬਾਰੇ ਗੱਲਬਾਤ ਕਰੋਗੇ ਉਹ ਯਿਸੂ ਵਰਗਾ ਨਹੀਂ ਹੋਵੇਗਾ; ਪਰ ਯਿਸੂ ਦੀਆਂ ਸਿੱਖਿਆਵਾਂ ਬਾਰੇ ਤੁਹਾਡੀ ਚਰਚਾ ਤੋਂ ਤੁਹਾਨੂੰ ਦੋਹਾਂ ਨੂੰ ਫ਼ਾਇਦਾ ਹੋਵੇਗਾ। ਇਸ ਸਲਾਹ ਨੂੰ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰੋ।

20, 21. ਯਿਸੂ ਦੀਆਂ ਸਿੱਖਿਆਵਾਂ ਬਾਰੇ ਸਿੱਖਣ ਲਈ ਤੁਸੀਂ ਕਿਹੜਾ ਤਰੀਕਾ ਵਰਤ ਸਕਦੇ ਹੋ, ਅਤੇ ਤੁਸੀਂ ਆਪਣੀ ਤਰੱਕੀ ਉੱਤੇ ਧਿਆਨ ਕਿਵੇਂ ਰੱਖ ਸਕਦੇ ਹੋ?

20 ਇਕ ਵਾਰ ਫਿਰ ਨਾਲ ਦੀ ਡੱਬੀ, “ਤੁਹਾਡੀ ਮਦਦ ਲਈ ਸਿੱਖਿਆਵਾਂ” ਵੱਲ ਧਿਆਨ ਦਿਓ। ਇਹ ਸਿੱਖਿਆਵਾਂ ਇਸ ਤਰ੍ਹਾਂ ਇਕੱਠੀਆਂ ਕੀਤੀਆਂ ਗਈਆਂ ਹਨ ਤਾਂਕਿ ਤੁਸੀਂ ਹਰ ਦਿਨ ਘੱਟੋ-ਘੱਟ ਇਕ ਸਿੱਖਿਆ ਵੱਲ ਧਿਆਨ ਦੇ ਸਕੋ। ਪਹਿਲਾਂ ਦਿੱਤੀਆਂ ਗਈਆਂ ਆਇਤਾਂ ਵਿਚ ਯਿਸੂ ਦੇ ਸ਼ਬਦ ਪੜ੍ਹੋ। ਫਿਰ ਉਸ ਦਿਆਂ ਸ਼ਬਦਾਂ ਉੱਤੇ ਮਨਨ ਕਰੋ। ਵਿਚਾਰ ਕਰੋ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਪਹਿਲਾਂ ਹੀ ਇਸ ਤਰ੍ਹਾਂ ਕਰ ਰਹੇ ਹੋ, ਤਾਂ ਵਿਚਾਰ ਕਰੋ ਕਿ ਤੁਸੀਂ ਪਰਮੇਸ਼ੁਰ ਦੀਆਂ ਸਿੱਖਿਆਵਾਂ ਲਾਗੂ ਕਰਨ ਵਿਚ ਹੋਰ ਕੀ ਕਰ ਸਕਦੇ ਹੋ। ਇਸ ਸਿੱਖਿਆ ਨੂੰ ਦਿਨ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਇਹ ਸਿੱਖਿਆ ਸਮਝਣੀ ਔਖੀ ਲੱਗੇ ਜਾਂ ਉਸ ਨੂੰ ਲਾਗੂ ਕਰਨਾ ਔਖਾ ਲੱਗੇ, ਤਾਂ ਇਸ ਉੱਤੇ ਇਕ ਹੋਰ ਦਿਨ ਲਾਓ। ਲੇਕਿਨ ਯਾਦ ਰੱਖੋ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਹਿਲੀ ਸਿੱਖਿਆ ਵਿਚ ਸਫ਼ਲ ਹੋਣ ਤੋਂ ਬਾਅਦ ਹੀ ਦੂਸਰੀ ਉੱਤੇ ਵਿਚਾਰ ਕਰ ਸਕਦੇ ਹੋ। ਦੂਜੇ ਦਿਨ ਤੁਸੀਂ ਇਕ ਹੋਰ ਸਿੱਖਿਆ ਉੱਤੇ ਵਿਚਾਰ ਕਰ ਸਕਦੇ ਹੋ। ਇਕ ਹਫ਼ਤੇ ਬਾਅਦ, ਤੁਸੀਂ ਯਿਸੂ ਦੀਆਂ ਚਾਰ ਜਾਂ ਪੰਜ ਸਿੱਖਿਆਵਾਂ ਨੂੰ ਲਾਗੂ ਕਰਨ ਵਿਚ ਆਪਣੀ ਤਰੱਕੀ ਉੱਤੇ ਵਿਚਾਰ ਕਰ ਸਕਦੇ ਹੋ। ਦੂਜੇ ਹਫ਼ਤੇ, ਦਿਨ-ਬ-ਦਿਨ ਤੁਸੀਂ ਹੋਰਨਾਂ ਸਿੱਖਿਆਵਾਂ ਉੱਤੇ ਕੰਮ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਕੁਝ ਸਿੱਖਿਆਵਾਂ ਲਾਗੂ ਕਰਨ ਵਿਚ ਧੀਮੇ ਹੋ ਗਏ ਹੋ, ਤਾਂ ਹਿੰਮਤ ਨਾ ਹਾਰੋ। ਹਰ ਮਸੀਹੀ ਨਾਲ ਇਸ ਤਰ੍ਹਾਂ ਹੋਵੇਗਾ। (2 ਇਤਹਾਸ 6:36; ਜ਼ਬੂਰ 130:3; ਉਪਦੇਸ਼ਕ ਦੀ ਪੋਥੀ 7:20; ਯਾਕੂਬ 3:8) ਤੀਜੇ ਹਫ਼ਤੇ ਅਤੇ ਚੌਥੇ ਹਫ਼ਤੇ ਇਸੇ ਤਰ੍ਹਾਂ ਕਰਦੇ ਰਹੋ।

21 ਲਗਭਗ ਇਕ ਮਹੀਨੇ ਤੋਂ ਬਾਅਦ, ਤੁਸੀਂ ਸ਼ਾਇਦ ਸਾਰੇ 31 ਨੁਕਤਿਆਂ ਉੱਤੇ ਵਿਚਾਰ ਕਰ ਚੁੱਕੇ ਹੋਵੋਗੇ। ਤਾਂ ਫਿਰ, ਤੁਸੀਂ ਇਸ ਤਰ੍ਹਾਂ ਕਰ ਕੇ ਕਿਵੇਂ ਮਹਿਸੂਸ ਕਰੋਗੇ? ਕੀ ਤੁਸੀਂ ਅੱਗੇ ਨਾਲੋਂ ਖ਼ੁਸ਼ ਨਹੀਂ ਹੋਵੋਗੇ, ਸ਼ਾਇਦ ਤੁਹਾਡਾ ਤਣਾਅ ਵੀ ਘੱਟ ਗਿਆ ਹੋਵੇਗਾ? ਭਾਵੇਂ ਕਿ ਤੁਸੀਂ ਥੋੜ੍ਹੀ ਜਿਹੀ ਤਰੱਕੀ ਕਰੋ, ਤੁਹਾਡਾ ਤਣਾਅ ਜ਼ਰੂਰ ਘਟੇਗਾ, ਜਾਂ ਤੁਸੀਂ ਅੱਗੇ ਨਾਲੋਂ ਚੰਗੀ ਤਰ੍ਹਾਂ ਤਣਾਅ ਦਾ ਸਾਮ੍ਹਣਾ ਕਰ ਰਹੇ ਹੋਵੋਗੇ, ਅਤੇ ਤੁਸੀਂ ਜਾਣ ਲਵੋਗੇ ਕਿ ਤੁਸੀਂ ਹੋਰ ਤਰੱਕੀ ਕਿਵੇਂ ਕਰ ਸਕਦੇ ਹੋ। ਇਹ ਨਾ ਭੁੱਲੋ ਕਿ ਯਿਸੂ ਦੀਆਂ ਸਿੱਖਿਆਵਾਂ ਦੇ ਹੋਰ ਬਹੁਤ ਨੁਕਤੇ ਹਨ ਜਿਨ੍ਹਾਂ ਦਾ ਇਸ ਡੱਬੀ ਵਿਚ ਜ਼ਿਕਰ ਨਹੀਂ ਕੀਤਾ ਗਿਆ। ਕਿਉਂ ਨਾ ਉਨ੍ਹਾਂ ਦੀ ਖੋਜ ਕਰ ਕੇ ਉਨ੍ਹਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ?​—ਫ਼ਿਲਿੱਪੀਆਂ 3:16.

22. ਯਿਸੂ ਦੀਆਂ ਸਿੱਖਿਆਵਾਂ ਲਾਗੂ ਕਰਨ ਦਾ ਨਤੀਜਾ ਕੀ ਹੋ ਸਕਦਾ ਹੈ, ਪਰ ਹੋਰ ਕਿਸ ਗੱਲ ਉੱਤੇ ਚਰਚਾ ਕਰਨ ਦੀ ਜ਼ਰੂਰਤ ਹੈ?

22 ਤੁਸੀਂ ਦੇਖ ਸਕਦੇ ਹੋ ਕਿ ਯਿਸੂ ਦਾ ਜੂਲਾ ਭਾਵੇਂ ਕਿ ਬੇਵਜ਼ਨ ਨਹੀਂ ਹੈ, ਉਹ ਹੌਲਾ ਜ਼ਰੂਰ ਹੈ। ਉਸ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਅਤੇ ਉਸ ਦੇ ਚੇਲੇ ਬਣਨਾ ਕੋਈ ਬੋਝ ਨਹੀਂ ਹੈ। ਕੁਝ 60 ਸਾਲਾਂ ਦੇ ਨਿੱਜੀ ਤਜਰਬੇ ਤੋਂ ਬਾਅਦ, ਯਿਸੂ ਦੇ ਪਿਆਰੇ ਮਿੱਤਰ ਯੂਹੰਨਾ ਰਸੂਲ ਨੇ ਇਸ ਗੱਲ ਨਾਲ ਸਹਿਮਤ ਹੋ ਕੇ ਕਿਹਾ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਤੁਸੀਂ ਵੀ ਇਹੋ ਭਰੋਸਾ ਰੱਖ ਸਕਦੇ ਹੋ। ਜਿੰਨੇ ਜ਼ਿਆਦਾ ਸਮੇਂ ਲਈ ਤੁਸੀਂ ਯਿਸੂ ਦੀਆਂ ਸਿੱਖਿਆਵਾਂ ਲਾਗੂ ਕਰੋਗੇ, ਉੱਨਾ ਹੀ ਜ਼ਿਆਦਾ ਤੁਸੀਂ ਦੇਖੋਗੇ ਕਿ ਜਿਹੜੀਆਂ ਗੱਲਾਂ ਅੱਜ-ਕੱਲ੍ਹ ਕਈਆਂ ਲੋਕਾਂ ਲਈ ਬਹੁਤ ਹੀ ਤਣਾਅ ਪੈਦਾ ਕਰਦੀਆਂ ਹਨ ਉਹ ਤੁਹਾਡੇ ਲਈ ਇੰਨੀਆਂ ਮੁਸ਼ਕਲਾਂ ਨਹੀਂ ਪੈਦਾ ਕਰਨਗੀਆਂ। ਤੁਸੀਂ ਦੇਖੋਗੇ ਕਿ ਤੁਸੀਂ ਬਹੁਤ ਹੀ ਆਰਾਮ ਪਾਇਆ ਹੈ। (ਜ਼ਬੂਰ 34:8) ਪਰ, ਯਿਸੂ ਦੇ ਜੂਲੇ ਦਾ ਇਕ ਹੋਰ ਪਹਿਲੂ ਹੈ ਜਿਸ ਵੱਲ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਯਿਸੂ ਨੇ ਇਹ ਵੀ ਕਿਹਾ ਸੀ ਕਿ ਉਹ “ਕੋਮਲ ਅਤੇ ਮਨ ਦਾ ਗ਼ਰੀਬ” ਹੈ। ਯਿਸੂ ਤੋਂ ਸਿੱਖਣ ਅਤੇ ਉਸ ਦੀ ਰੀਸ ਕਰਨ ਨਾਲ ਇਸ ਦਾ ਕੀ ਸੰਬੰਧ ਹੈ? ਅਗਲੇ ਲੇਖ ਵਿਚ ਅਸੀਂ ਇਸ ਬਾਰੇ ਚਰਚਾ ਕਰਾਂਗੇ।​—ਮੱਤੀ 11:29.

ਤੁਹਾਡਾ ਜਵਾਬ ਕੀ ਹੈ?

• ਬੇਹੱਦ ਤਣਾਅ ਤੋਂ ਆਰਾਮ ਪਾਉਣ ਲਈ ਸਾਨੂੰ ਯਿਸੂ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ?

• ਜੂਲਾ ਕਿਸ ਚੀਜ਼ ਨੂੰ ਦਰਸਾਉਂਦਾ ਸੀ, ਅਤੇ ਕਿਉਂ?

• ਯਿਸੂ ਨੇ ਲੋਕਾਂ ਨੂੰ ਆਪਣੇ ਉੱਤੇ ਉਸ ਦਾ ਜੂਲਾ ਲੈਣ ਲਈ ਸੱਦਾ ਕਿਉਂ ਦਿੱਤਾ ਸੀ?

• ਤੁਸੀਂ ਰੂਹਾਨੀ ਤੌਰ ਤੇ ਆਰਾਮ ਕਿਵੇਂ ਪਾ ਸਕਦੇ ਹੋ?

[ਸਵਾਲ]

[ਸਫ਼ੇ 14 ਉੱਤੇ ਸੁਰਖੀ]

ਸਾਲ 2002 ਦੌਰਾਨ ਯਹੋਵਾਹ ਦੇ ਗਵਾਹਾਂ ਦਾ ਵਰ੍ਹਾ-ਪਾਠ ਇਹ ਹੋਵੇਗਾ: “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”—ਮੱਤੀ 11:28.

[ਸਫ਼ੇ 12, 13 ਉੱਤੇ ਡੱਬੀ/​ਤਸਵੀਰ]

ਤੁਹਾਡੀ ਮਦਦ ਲਈ ਸਿੱਖਿਆਵਾਂ

ਮੱਤੀ ਦੇ 5 ਤੋਂ 7 ਅਧਿਆਵਾਂ ਵਿੱਚੋਂ ਤੁਸੀਂ ਕਿਹੜੀਆਂ ਚੰਗੀਆਂ ਗੱਲਾਂ ਸਿੱਖ ਸਕਦੇ ਹੋ? ਇਨ੍ਹਾਂ ਅਧਿਆਵਾਂ ਵਿਚ ਉਹ ਸਿੱਖਿਆਵਾਂ ਹਨ ਜੋ ਮਹਾਨ ਗੁਰੂ, ਯਿਸੂ ਨੇ ਗਲੀਲ ਦੀ ਇਕ ਪਹਾੜੀ ਉੱਤੇ ਸਿਖਾਈਆਂ ਸਨ। ਆਪਣੀ ਬਾਈਬਲ ਖੋਲ੍ਹ ਕੇ ਹੇਠਾਂ ਦਿੱਤੀਆਂ ਗਈਆਂ ਆਇਤਾਂ ਪੜ੍ਹੋ, ਅਤੇ ਆਪਣੇ ਆਪ ਤੋਂ ਹੇਠਾਂ ਦਿੱਤੇ ਸਵਾਲ ਪੁੱਛੋ।

1. 5:3-9 ਇਹ ਆਇਤਾਂ ਮੈਨੂੰ ਮੇਰੇ ਰਵੱਈਏ ਬਾਰੇ ਕੀ ਦੱਸਦੀਆਂ ਹਨ? ਜ਼ਿਆਦਾ ਖ਼ੁਸ਼ੀ ਪਾਉਣ ਲਈ ਮੈਨੂੰ ਕੀ-ਕੀ ਕਰਨ ਦੀ ਲੋੜ ਹੈ? ਮੈਂ ਆਪਣੀਆਂ ਰੂਹਾਨੀ ਜ਼ਰੂਰਤਾਂ ਵੱਲ ਜ਼ਿਆਦਾ ਧਿਆਨ ਕਿਵੇਂ ਦੇ ਸਕਦਾ ਹਾਂ?

2. 5:25, 26 ਕਈ ਲੋਕ ਝਗੜਾਲੂ ਹਨ, ਉਨ੍ਹਾਂ ਦੀ ਰੀਸ ਕਰਨ ਦੀ ਬਜਾਇ ਮੈਨੂੰ ਕੀ ਕਰਨਾ ਚਾਹੀਦਾ ਹੈ?—ਲੂਕਾ 12:58, 59.

3. 5:27-30 ਗੰਦੇ ਲਿੰਗੀ ਵਿਚਾਰਾਂ ਬਾਰੇ ਯਿਸੂ ਦੇ ਸ਼ਬਦ ਕਿਸ ਗੱਲ ਉੱਤੇ ਜ਼ੋਰ ਦਿੰਦੇ ਹਨ? ਇਨ੍ਹਾਂ ਵਿਚਾਰਾਂ ਤੋਂ ਦੂਰ ਰਹਿਣ ਨਾਲ ਮੇਰੀ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਕਿਵੇਂ ਵਧੇਗੀ?

4. 5:38-42 ਲੋਕ ਬਦਲਾ ਲੈਣ ਉੱਤੇ ਕਾਫ਼ੀ ਜ਼ੋਰ ਪਾਉਂਦੇ ਹਨ, ਪਰ ਮੈਨੂੰ ਅਜਿਹੇ ਰਵੱਈਏ ਤੋਂ ਦੂਰ ਰਹਿਣ ਲਈ ਸਖ਼ਤ ਮਿਹਨਤ ਕਿਉਂ ਕਰਨੀ ਚਾਹੀਦੀ ਹੈ?

5. 5:43-48 ਜਿਨ੍ਹਾਂ ਲੋਕਾਂ ਨੂੰ ਮੈਂ ਸ਼ਾਇਦ ਆਪਣੇ ਵੈਰੀ ਸਮਝਦਾ ਸੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਨਾਲ ਮੈਨੂੰ ਕੀ ਫ਼ਾਇਦਾ ਹੋਵੇਗਾ? ਇਸ ਤਰ੍ਹਾਂ ਕਰਨ ਨਾਲ ਤਣਾਅ ਘਟਾਉਣ ਜਾਂ ਖ਼ਤਮ ਕਰਨ ਵਿਚ ਕਿਵੇਂ ਮਦਦ ਹੋਵੇਗੀ?

6. 6:14, 15 ਜੇਕਰ ਮੈਂ ਕਦੇ-ਕਦੇ ਦੂਸਰਿਆਂ ਨੂੰ ਮਾਫ਼ ਨਹੀਂ ਕਰਦਾ ਤਾਂ ਕੀ ਇਸ ਦਾ ਕਾਰਨ ਈਰਖਾ ਜਾਂ ਗੁੱਸਾ ਹੋ ਸਕਦਾ ਹੈ? ਮੈਂ ਕਿਵੇਂ ਬਦਲ ਸਕਦਾ ਹਾਂ?

7. 6:16-18 ਕੀ ਮੈਨੂੰ ਆਪਣੇ ਅੰਦਰਲੇ ਗੁਣਾਂ ਤੋਂ ਜ਼ਿਆਦਾ ਲੋਕਾਂ ਦੇ ਸਾਮ੍ਹਣੇ ਦਿਖਾਵਾ ਕਰਨ ਬਾਰੇ ਚਿੰਤਾ ਲੱਗੀ ਰਹਿੰਦੀ ਹੈ? ਮੈਨੂੰ ਕਿਸ ਗੱਲ ਦਾ ਜ਼ਿਆਦਾ ਖ਼ਿਆਲ ਰੱਖਣਾ ਚਾਹੀਦਾ ਹੈ?

8. 6:19-32 ਧਨ-ਦੌਲਤ ਬਾਰੇ ਬੇਹੱਦ ਚਿੰਤਾ ਕਰਨ ਦਾ ਨਤੀਜਾ ਕੀ ਹੋ ਸਕਦਾ ਹੈ? ਇਸ ਵਿਚ ਸੰਤੁਲਨ ਰੱਖਣ ਲਈ ਮੈਨੂੰ ਕਿਸ ਗੱਲ ਬਾਰੇ ਸੋਚ ਕੇ ਮਦਦ ਮਿਲੇਗੀ?

9. 7:1-5 ਮੈਨੂੰ ਕਿਵੇਂ ਲੱਗਦਾ ਹੈ ਜਦੋਂ ਮੇਰੇ ਆਲੇ-ਦੁਆਲੇ ਲੋਕ ਦੂਸਰਿਆਂ ਨੂੰ ਪਰਖਦੇ ਹਨ, ਨੁਕਤਾਚੀਨੀ ਕਰਦੇ ਹਨ, ਜਾਂ ਹਰ ਵੇਲੇ ਨੁਕਸ ਕੱਢਦੇ ਰਹਿੰਦੇ ਹਨ? ਮੈਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ ਹੈ?

10. 7:7-11 ਜੇਕਰ ਪਰਮੇਸ਼ੁਰ ਅੱਗੇ ਬੇਨਤੀ ਕਰਨ ਵਿਚ ਮੈਨੂੰ ਲੱਗੇ ਰਹਿਣਾ ਚਾਹੀਦਾ ਹੈ, ਤਾਂ ਜ਼ਿੰਦਗੀ ਦੇ ਹੋਰਨਾਂ ਮਾਮਲਿਆਂ ਬਾਰੇ ਕੀ?—ਲੂਕਾ 11:5-13.

11. 7:12 ਭਾਵੇਂ ਕਿ ਮੈਂ ਯਿਸੂ ਦਾ ਇਹ ਅਸੂਲ ਜਾਣਦਾ ਹਾਂ, ਮੈਂ ਦੂਸਰਿਆਂ ਨਾਲ ਆਪਣੇ ਵਰਤਾਉ ਵਿਚ ਇਸ ਸਲਾਹ ਨੂੰ ਕਿੰਨੀ ਕੁ ਲਾਗੂ ਕਰਦਾ ਹਾਂ?

12. 7:24-27 ਕਿਉਂਕਿ ਮੈਂ ਖ਼ੁਦ ਆਪਣੀ ਜ਼ਿੰਦਗੀ ਲਈ ਜ਼ਿੰਮੇਵਾਰ ਹਾਂ, ਮੈਂ ਮੁਸ਼ਕਲਾਂ ਦੇ ਤੂਫ਼ਾਨਾਂ ਅਤੇ ਔਖਿਆਂ ਸਮਿਆਂ ਲਈ ਕਿਵੇਂ ਚੰਗੀ ਤਰ੍ਹਾਂ ਤਿਆਰ ਹੋ ਸਕਦਾ ਹਾਂ? ਇਸ ਬਾਰੇ ਮੈਨੂੰ ਹੁਣ ਕਿਉਂ ਸੋਚਣਾ ਚਾਹੀਦਾ ਹੈ?—ਲੂਕਾ 6:46-49.

ਹੋਰ ਸਿੱਖਿਆਵਾਂ ਜਿਨ੍ਹਾਂ ਉੱਤੇ ਮੈਂ ਵਿਚਾਰ ਕਰ ਸਕਦਾ ਹਾਂ:

13. 8:2, 3 ਮੈਂ ਦੁਖੀ ਲੋਕਾਂ ਲਈ ਹਮਦਰਦੀ ਕਿਵੇਂ ਦਿਖਾ ਸਕਦਾ ਹਾਂ, ਜਿਵੇਂ ਯਿਸੂ ਨੇ ਕਈ ਵਾਰ ਦਿਖਾਈ ਸੀ?

14. 9:9-38 ਮੈਂ ਆਪਣੇ ਜੀਵਨ ਵਿਚ ਕਿੰਨੀ ਕੁ ਦਇਆ ਦਿਖਾਉਂਦਾ ਹਾਂ, ਅਤੇ ਮੈਂ ਇਸ ਗੁਣ ਨੂੰ ਹੋਰ ਕਿਵੇਂ ਦਿਖਾ ਸਕਦਾ ਹਾਂ?

15. 12:19 ਯਿਸੂ ਬਾਰੇ ਭਵਿੱਖਬਾਣੀ ਤੋਂ ਸਬਕ ਸਿੱਖਦੇ ਹੋਏ, ਕੀ ਮੈਂ ਝਗੜੇ ਕਰਨ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹਾਂ?

16. 12:20, 21 ਆਪਣੇ ਬੋਲ-ਚਾਲ ਦੁਆਰਾ ਲੋਕਾਂ ਨੂੰ ਦੁੱਖ ਦੇਣ ਵਿਚ ਕੀ ਕੋਈ ਫ਼ਾਇਦਾ ਹੈ?

17. 12:34-37 ਮੈਂ ਕਿਨ੍ਹਾਂ ਚੀਜ਼ਾਂ ਬਾਰੇ ਜ਼ਿਆਦਾ ਗੱਲਾਂ ਕਰਦਾ ਹਾਂ? ਮੈਨੂੰ ਪਤਾ ਹੈ ਕਿ ਇਕ ਸੰਤਰੇ ਵਿੱਚੋਂ ਸੰਤਰੇ ਦਾ ਰਸ ਹੀ ਨਿਕਲੇਗਾ, ਤਾਂ ਫਿਰ ਮੈਨੂੰ ਇਸ ਬਾਰੇ ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਮੇਰੇ ਦਿਲ ਵਿਚ ਕੀ ਹੈ?—ਮਰਕੁਸ 7:20-23.

18. 15:4-6 ਯਿਸੂ ਦੀਆਂ ਗੱਲਾਂ ਤੋਂ ਮੈਨੂੰ ਸਿਆਣਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਪਤਾ ਲੱਗਦਾ ਹੈ?

19. 19:13-15 ਮੈਨੂੰ ਕਿਸ ਕੰਮ ਲਈ ਸਮਾਂ ਕੱਢਣਾ ਚਾਹੀਦਾ ਹੈ?

20. 20:25-28 ਆਪਣੇ ਫ਼ਾਇਦਾ ਲਈ ਹੁਕਮ ਚਲਾਉਣਾ ਬੇਕਾਰ ਕਿਉਂ ਹੈ? ਇਸ ਵਿਚ ਮੈਂ ਯਿਸੂ ਦੀ ਰੀਸ ਕਿਵੇਂ ਕਰ ਸਕਦਾ ਹਾਂ?

ਮਰਕੁਸ ਦੁਆਰਾ ਲਿਖੇ ਗਏ ਹੋਰ ਵਿਚਾਰ:

21. 4:24, 25 ਮੈਨੂੰ ਦੂਸਰਿਆਂ ਨਾਲ ਆਪਣੇ ਵਰਤਾਉ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?

22. 9:50 ਜੇ ਮੇਰਾ ਬੋਲ-ਚਾਲ ਚੰਗਾ ਹੋਵੇ, ਤਾਂ ਇਸ ਦੇ ਸ਼ਾਇਦ ਕਿਹੜੇ ਚੰਗੇ ਨਤੀਜੇ ਨਿਕਲਣਗੇ?

ਅਖ਼ੀਰ ਵਿਚ, ਲੂਕਾ ਦੁਆਰਾ ਲਿਖੀਆਂ ਗਈਆਂ ਕੁਝ ਸਿੱਖਿਆਵਾਂ:

23. 8:11, 14 ਜੇਕਰ ਮੈਂ ਚਿੰਤਾ, ਧਨ-ਦੌਲਤ, ਅਤੇ ਐਸ਼ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲਾਂ ਸਮਝਦਾ ਹਾਂ, ਤਾਂ ਇਸ ਦਾ ਨਤੀਜਾ ਕੀ ਹੋ ਸਕਦਾ ਹੈ?

24. 9:1-6 ਭਾਵੇਂ ਕਿ ਯਿਸੂ ਕੋਲ ਬੀਮਾਰ ਲੋਕਾਂ ਨੂੰ ਚੰਗਾ ਕਰਨ ਦੀ ਸ਼ਕਤੀ ਸੀ, ਉਸ ਨੇ ਕਿਸ ਗੱਲ ਉੱਤੇ ਜ਼ਿਆਦਾ ਜ਼ੋਰ ਦਿੱਤਾ ਸੀ?

25. 9:52-56 ਕੀ ਮੈਨੂੰ ਛੇਤੀ ਹੀ ਗੁੱਸਾ ਚੜ੍ਹ ਜਾਂਦਾ ਹੈ? ਕੀ ਮੈਂ ਬਦਲਾ ਲੈਣ ਦੀ ਇੱਛਾ ਉੱਤੇ ਕਾਬੂ ਪਾਉਂਦਾ ਹਾਂ?

26. 9:62 ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਬਾਰੇ ਮੈਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

27. 10:29-37 ਮੈਂ ਇਕ ਬੇਰਹਿਮ ਇਨਸਾਨ ਦੀ ਬਜਾਇ ਹਮਦਰਦ ਇਨਸਾਨ ਕਿਵੇਂ ਬਣ ਸਕਦਾ ਹਾਂ?

28. 11:33-36 ਆਪਣਾ ਜੀਵਨ ਸਾਦਾ ਬਣਾਉਣ ਲਈ ਮੈਂ ਕਿਹੜੀਆਂ ਤਬਦੀਲੀਆਂ ਕਰ ਸਕਦਾ ਹਾਂ?

29. 12:15 ਜੀਵਨ ਅਤੇ ਧਨ-ਦੌਲਤ ਦਾ ਆਪਸ ਵਿਚ ਕੀ ਸੰਬੰਧ ਹੈ?

30. 14:28-30 ਜੇਕਰ ਮੈਂ ਹਰ ਫ਼ੈਸਲਾ ਸੋਚ-ਸਮਝ ਕੇ ਕਰਾਂ, ਤਾਂ ਮੈਂ ਕਿਸ ਗੱਲ ਤੋਂ ਬਚ ਸਕਾਂਗਾ, ਅਤੇ ਇਸ ਦਾ ਫ਼ਾਇਦਾ ਕੀ ਹੋਵੇਗਾ?

31. 16:10-12 ਜੀਵਨ ਦੌਰਾਨ ਖਰਿਆਈ ਕਾਇਮ ਰੱਖਣ ਦੇ ਕਿਹੜੇ ਲਾਭ ਮੈਨੂੰ ਮਿਲ ਸਕਦੇ ਹਨ?

[ਸਫ਼ੇ 10 ਉੱਤੇ ਤਸਵੀਰਾਂ]

ਯਿਸੂ ਦੇ ਜੂਲੇ ਹੇਠ ਜਾਨਾਂ ਬਚਾਉਣ ਦੇ ਕੰਮ ਤੋਂ ਆਰਾਮ ਮਿਲਦਾ ਹੈ