Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਇਕ ਮਸੀਹੀ ਪਤਨੀ ਆਪਣੇ ਅਵਿਸ਼ਵਾਸੀ ਪਤੀ ਦੇ ਅਧੀਨ ਰਹਿੰਦੀ ਹੋਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਕਿਸ ਤਰ੍ਹਾਂ ਰਹਿ ਸਕਦੀ ਹੈ ਜੇ ਉਸ ਦਾ ਪਤੀ ਧਾਰਮਿਕ ਤਿਉਹਾਰਾਂ ਵਿਚ ਹਿੱਸਾ ਲੈ ਰਿਹਾ ਹੋਵੇ?

ਵਫ਼ਾਦਾਰ ਰਹਿਣ ਲਈ ਉਸ ਨੂੰ ਚਤੁਰਾਈ ਅਤੇ ਅਕਲਮੰਦੀ ਦੀ ਜ਼ਰੂਰਤ ਹੈ। ਪਰ ਉਹ ਆਪਣੀਆਂ ਦੋਵੇਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰ ਕੇ ਠੀਕ ਕਰ ਰਹੀ ਹੈ। ਯਿਸੂ ਨੇ ਅਜਿਹੀ ਇਕ ਗੱਲ ਬਾਰੇ ਸਲਾਹ ਦਿੱਤੀ ਸੀ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਇਹ ਸੱਚ ਹੈ ਕਿ ਉਹ ਹਕੂਮਤਾਂ ਨਾਲ ਸੰਬੰਧ ਰੱਖਣ ਵਾਲੀਆਂ ਗੱਲਾਂ ਬਾਰੇ ਗੱਲ ਕਰ ਰਿਹਾ ਸੀ, ਜਿਨ੍ਹਾਂ ਦੇ ਅਧੀਨ ਰਹਿਣ ਬਾਰੇ ਮਸੀਹੀਆਂ ਨੂੰ ਬਾਅਦ ਵਿਚ ਦੱਸਿਆ ਗਿਆ ਸੀ। (ਰੋਮੀਆਂ 13:1) ਪਰ ਪਤਨੀਆਂ ਵੀ ਉਸ ਦੀ ਸਲਾਹ ਲਾਗੂ ਕਰ ਸਕਦੀਆਂ ਹਨ ਜਦ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦੀਆਂ ਹੋਈਆਂ ਆਪਣੇ ਪਤੀ ਦੇ ਅਧੀਨ ਰਹਿੰਦੀਆਂ ਹਨ, ਭਾਵੇਂ ਉਹ ਪਤੀ ਸੱਚਾਈ ਵਿਚ ਨਾ ਹੋਵੇ।

ਬਾਈਬਲ ਨੂੰ ਜਾਣਨ ਵਾਲਾ ਕੋਈ ਵੀ ਇਨਸਾਨ ਇਸ ਗੱਲ ਦਾ ਇਨਕਾਰ ਨਹੀਂ ਕਰੇਗਾ ਕਿ ਬਾਈਬਲ ਜ਼ੋਰ ਦਿੰਦੀ ਹੈ ਕਿ ਇਕ ਮਸੀਹੀ ਦੀ ਪਹਿਲੀ ਜ਼ਿੰਮੇਵਾਰੀ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਹੈ ਕਿ ਉਹ ਉਸ ਨੂੰ ਹਰ ਸਮੇਂ ਵਫ਼ਾਦਾਰ ਰਹੇ। (ਰਸੂਲਾਂ ਦੇ ਕਰਤੱਬ 5:29) ਫਿਰ ਵੀ ਕਈ ਵਾਰ ਇਕ ਸੱਚਾ ਭਗਤ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜਨ ਤੋਂ ਬਿਨਾਂ ਕਿਸੇ ਅਧਿਕਾਰ ਰੱਖਣ ਵਾਲੇ ਅਵਿਸ਼ਵਾਸੀ ਦੀ ਗੱਲ ਮੰਨ ਸਕਦਾ ਹੈ।

ਅਸੀਂ ਦਾਨੀਏਲ ਦੀ ਪੋਥੀ ਦੇ ਤੀਜੇ ਅਧਿਆਏ ਵਿਚ ਤਿੰਨ ਇਬਰਾਨੀਆਂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਰਾਜਾ ਨਬੂਕਦਨੱਸਰ ਨੇ ਉਨ੍ਹਾਂ ਨੂੰ ਹੋਰਨਾਂ ਲੋਕਾਂ ਸਣੇ ਦੂਰਾ ਦੇ ਮਦਾਨ ਵਿਚ ਇਕੱਠੇ ਹੋਣ ਲਈ ਕਿਹਾ। ਇਹ ਜਾਣਦੇ ਹੋਏ ਕਿ ਉੱਥੇ ਗ਼ਲਤ ਪੂਜਾ ਵੀ ਹੋਣੀ ਸੀ, ਸ਼ਾਇਦ ਤਿੰਨਾਂ ਇਬਰਾਨੀਆਂ ਨੇ ਉੱਥੇ ਨਾ ਜਾਣ ਬਾਰੇ ਸੋਚਿਆ ਹੋਵੇ। ਸ਼ਾਇਦ ਦਾਨੀਏਲ ਕਿਸੇ ਤਰ੍ਹਾਂ ਉੱਥੇ ਹਾਜ਼ਰ ਹੋਣ ਤੋਂ ਛੁੱਟੀ ਲੈ ਸਕਿਆ ਸੀ ਪਰ ਇਹ ਤਿੰਨ ਇਸ ਤਰ੍ਹਾਂ ਨਹੀਂ ਕਰ ਸਕੇ ਸਨ। * ਉਨ੍ਹਾਂ ਨੇ ਕੁਝ ਹੱਦ ਤਕ ਇਹ ਹੁਕਮ ਮੰਨਿਆ ਅਤੇ ਹਾਜ਼ਰ ਹੋ ਗਏ ਪਰ ਉਨ੍ਹਾਂ ਨੇ ਕਿਸੇ ਗ਼ਲਤ ਕੰਮ ਵਿਚ ਬਿਲਕੁਲ ਹਿੱਸਾ ਨਹੀਂ ਲਿਆ ਸੀ।​—ਦਾਨੀਏਲ 3:1-18.

ਇਸੇ ਤਰ੍ਹਾਂ ਧਾਰਮਿਕ ਤਿਉਹਾਰਾਂ ਦੇ ਸਮੇਂ ਇਕ ਅਵਿਸ਼ਵਾਸੀ ਪਤੀ ਸ਼ਾਇਦ ਆਪਣੀ ਮਸੀਹੀ ਪਤਨੀ ਨੂੰ ਕੁਝ ਅਜਿਹਾ ਕਰਨ ਲਈ ਕਹੇ ਜੋ ਉਹ ਨਾ ਕਰਨਾ ਚਾਹੇ। ਕੁਝ ਉਦਾਹਰਣਾਂ ਉੱਤੇ ਗੌਰ ਕਰੋ: ਉਹ ਉਸ ਨੂੰ ਕਿਸੇ ਖ਼ਾਸ ਤਿਉਹਾਰ ਦੇ ਦਿਨ ਲਈ ਕੁਝ ਖ਼ਾਸ ਖਾਣਾ ਤਿਆਰ ਕਰਨ ਲਈ ਕਹੇ ਕਿਉਂਕਿ ਉਸ ਨੇ ਹੋਰਨਾਂ ਨਾਲ ਮਿਲ ਕੇ ਉਹ ਦਿਨ ਮਨਾਉਣਾ ਹੈ। ਜਾਂ ਉਹ ਚਾਹੇ ਕਿ ਉਸ ਦਾ ਪਰਿਵਾਰ (ਪਤਨੀ ਵੀ) ਉਸ ਦਿਨ ਕੁਝ ਰਿਸ਼ਤੇਦਾਰਾਂ ਦੇ ਘਰ ਰੋਟੀ ਲਈ ਜਾਂ ਸਿਰਫ਼ ਮਿਲਣ ਲਈ ਜਾਣ। ਜਾਂ ਛੁੱਟੀ ਦੇ ਦਿਨ ਤੋਂ ਪਹਿਲਾਂ ਹੀ ਉਹ ਕਹੇ ਕਿ ਜਦ ਉਸ ਦੀ ਪਤਨੀ ਬਾਹਰ ਦੁਕਾਨਾਂ ਤੇ ਜਾਵੇਗੀ ਤਾਂ ਉਹ ਉਸ ਦੇ ਲਈ ਆ ਰਹੇ ਤਿਉਹਾਰ ਲਈ ਖ਼ਾਸ ਖਾਣੇ, ਤੋਹਫ਼ੇ ਦੇਣ ਲਈ ਚੀਜ਼ਾਂ, ਜਾਂ ਤੋਹਫ਼ਿਆਂ ਨੂੰ ਲਪੇਟਣ ਲਈ ਖ਼ਾਸ ਕਾਗਜ਼ ਅਤੇ ਭੇਜਣ ਲਈ ਕਾਰਡਾਂ ਵਰਗੀਆਂ ਕੁਝ ਚੀਜ਼ਾਂ ਖ਼ਰੀਦੇ।

ਮਸੀਹੀ ਪਤਨੀ ਨੂੰ ਪੱਕੀ ਰਹਿਣਾ ਚਾਹੀਦਾ ਹੈ ਕਿ ਉਹ ਝੂਠੀਆਂ ਧਾਰਮਿਕ ਰੀਤਾਂ ਦੀ ਸਾਂਝੀ ਨਹੀਂ ਹੋਵੇਗੀ, ਪਰ ਉਹ ਆਪਣੇ ਪਤੀ ਦੀਆਂ ਫ਼ਰਮਾਇਸ਼ਾਂ ਬਾਰੇ ਕੀ ਕਰ ਸਕਦੀ ਹੈ? ਉਹ ਪਰਿਵਾਰ ਦਾ ਸਰਦਾਰ ਹੈ, ਅਤੇ ਬਾਈਬਲ ਕਹਿੰਦੀ ਹੈ ਕਿ “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਵਿੱਚ ਜੋਗ ਹੈ।” (ਕੁਲੁੱਸੀਆਂ 3:18) ਕੀ ਅਜਿਹਿਆਂ ਮਾਮਲਿਆਂ ਵਿਚ ਪਤਨੀ ਆਪਣੇ ਪਤੀ ਦੇ ਅਧੀਨ ਰਹਿੰਦੀ ਹੋਈ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਸਕਦੀ ਹੈ? ਉਸ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਆਪਣੇ ਪਤੀ ਦੀ ਗੱਲ ਮੰਨਦੀ ਹੋਈ ਮੁੱਖ ਤੌਰ ਤੇ ਯਹੋਵਾਹ ਦੀ ਗੱਲ ਕਿਸ ਤਰ੍ਹਾਂ ਮੰਨੇਗੀ।

ਆਮ ਤੌਰ ਤੇ ਵੀ ਉਸ ਦਾ ਪਤੀ ਉਸ ਨੂੰ ਕਈ ਵਾਰ ਕੋਈ ਖ਼ਾਸ ਖਾਣਾ ਤਿਆਰ ਕਰਨ ਲਈ ਕਹਿੰਦਾ ਹੋਵੇ। ਇਹ ਉਸ ਦੀ ਸਭ ਤੋਂ ਪਸੰਦ ਦੀ ਚੀਜ਼ ਹੋ ਸਕਦੀ ਹੈ ਜਾਂ ਉਹ ਇਸ ਸਮੇਂ ਵਿਚ ਉਹ ਚੀਜ਼ ਖਾਣ ਦਾ ਆਦੀ ਹੋ ਸਕਦਾ ਹੈ। ਪਤਨੀ ਆਪਣੇ ਪਤੀ ਦੀ ਸਰਦਾਰੀ ਦਾ ਆਦਰ ਅਤੇ ਉਸ ਨਾਲ ਪਿਆਰ ਕਰਦੀ ਹੋਈ ਉਸ ਦੀ ਮਰਜ਼ੀ ਪੂਰੀ ਕਰਨਾ ਚਾਹੇਗੀ। ਕੀ ਉਹ ਇਸ ਤਰ੍ਹਾਂ ਕਰ ਸਕੇਗੀ ਭਾਵੇਂ ਇਹ ਫ਼ਰਮਾਇਸ਼ ਕਿਸੇ ਤਿਉਹਾਰ ਦੇ ਸਮੇਂ ਲਈ ਕੀਤੀ ਗਈ ਹੈ? ਕੁਝ ਮਸੀਹੀ ਪਤਨੀਆਂ ਸ਼ਾਇਦ ਸਾਫ਼ ਜ਼ਮੀਰ ਨਾਲ ਇਸ ਤਰ੍ਹਾਂ ਕਰ ਸਕਦੀਆਂ ਹਨ, ਇਹ ਸੋਚ ਕੇ ਕਿ ਉਹ ਰੋਜ਼ ਦੀ ਰੋਟੀ ਵਾਂਗ ਅੱਜ ਵੀ ਕੁਝ ਪਕਾ ਰਹੀ ਹੈ। ਯਕੀਨਨ ਕੋਈ ਵੀ ਵਫ਼ਾਦਾਰ ਪਤਨੀ ਉਸ ਮੌਕੇ ਨਾਲ ਧਾਰਮਿਕ ਸੰਬੰਧ ਨਹੀਂ ਜੋੜੇਗੀ ਭਾਵੇਂ ਉਸ ਦਾ ਪਤੀ ਇਸ ਤਰ੍ਹਾਂ ਕਰਦਾ ਹੈ। ਇਸੇ ਤਰ੍ਹਾਂ ਉਸ ਦਾ ਪਤੀ ਹਰ ਮਹੀਨੇ ਜਾਂ ਹਰ ਸਾਲ ਸ਼ਾਇਦ ਉਸ ਨੂੰ ਆਪਣੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲੈ ਜਾਣਾ ਚਾਹੇ। ਕੀ ਉਹ ਉਸ ਨਾਲ ਜਾ ਸਕਦੀ ਹੈ ਭਾਵੇਂ ਉਹ ਕਿਸੇ ਤਿਉਹਾਰ ਦਾ ਦਿਨ ਹੈ? ਜਾਂ ਕੀ ਉਹ ਦੁਕਾਨਦਾਰੀ ਕਰਦੀ ਹੋਈ ਉਹ ਚੀਜ਼ਾਂ ਖ਼ਰੀਦੇਗੀ ਜੋ ਉਸ ਦਾ ਪਤੀ ਚਾਹੁੰਦਾ ਹੈ, ਭਾਵੇਂ ਉਹ ਉਨ੍ਹਾਂ ਚੀਜ਼ਾਂ ਨਾਲ ਜੋ ਮਰਜ਼ੀ ਕਰੇ?

ਖ਼ੈਰ ਇਕ ਮਸੀਹੀ ਪਤਨੀ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਸ ਦੇ ਫ਼ੈਸਲੇ ਦਾ ਦੂਸਰਿਆਂ ਉੱਤੇ ਕੀ ਅਸਰ ਪਵੇਗਾ। (ਫ਼ਿਲਿੱਪੀਆਂ 2:4) ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਨੂੰ ਦੇਖ ਕੇ ਦੂਸਰੇ ਇਹ ਨਾ ਸੋਚਣ ਕਿ ਉਹ ਕਿਸੇ ਧਾਰਮਿਕ ਤਿਉਹਾਰ ਵਿਚ ਹਿੱਸਾ ਲੈ ਰਹੀ ਹੈ, ਜਿਵੇਂ ਤਿੰਨ ਇਬਰਾਨੀਆਂ ਨੇ ਵੀ ਸ਼ਾਇਦ ਚਾਹਿਆ ਹੋਵੇਗਾ ਕਿ ਦੂਸਰੇ ਲੋਕ ਉਨ੍ਹਾਂ ਨੂੰ ਦੂਰਾ ਦੇ ਮਦਾਨ ਵਿਚ ਜਾਂਦੇ ਨਾ ਦੇਖਣ। ਉਹ ਬੜੇ ਪਿਆਰ ਨਾਲ ਆਪਣੇ ਪਤੀ ਨਾਲ ਗੱਲ ਕਰ ਸਕਦੀ ਹੈ ਕਿ ਉਹ ਧਾਰਮਿਕ ਤਿਉਹਾਰ ਨਾਲ ਕੁਝ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਖ਼ੁਦ ਹੀ ਕਰ ਲਵੇ। ਇਸ ਤਰ੍ਹਾਂ ਉਹ ਉਸ ਦੀ ਇੱਜ਼ਤ ਕਰਦੀ ਹੈ। ਉਸ ਦਾ ਪਤੀ ਸ਼ਾਇਦ ਗੱਲ ਸਮਝ ਜਾਵੇ ਕਿ ਜੇ ਉਸ ਨੇ ਸਾਰਿਆਂ ਸਾਮ੍ਹਣੇ ਕਿਸੇ ਰੀਤ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਹਾਂ ਨੂੰ ਸ਼ਰਮਿੰਦਾ ਹੋਣਾ ਪਵੇਗਾ। ਜੀ ਹਾਂ ਜੇਕਰ ਸ਼ਾਂਤੀ ਵਿਚ ਪਹਿਲਾਂ ਹੀ ਗੱਲ ਕੀਤੀ ਜਾਵੇ ਤਾਂ ਸਭ ਕੁਝ ਠੀਕ ਹੋ ਸਕਦਾ ਹੈ।—ਕਹਾਉਤਾਂ 22:3.

ਅਖ਼ੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਇਕ ਵਫ਼ਾਦਾਰ ਮਸੀਹੀ ਨੂੰ ਸਭ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਸੋਚ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਤਿੰਨ ਇਬਰਾਨੀਆਂ ਵਾਂਗ ਪਰਮੇਸ਼ੁਰ ਪ੍ਰਤੀ ਆਗਿਆਕਾਰ ਰਹਿਣਾ ਸਭ ਤੋਂ ਵੱਡੀ ਗੱਲ ਹੈ। (1 ਕੁਰਿੰਥੀਆਂ 10:31) ਇਸ ਨੂੰ ਮਨ ਵਿਚ ਰੱਖਦੇ ਹੋਏ ਹਰ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਮਝੌਤਾ ਕਰਨ ਤੋਂ ਬਿਨਾਂ ਕੀ ਕਰ ਸਕਦਾ ਹੈ ਜਦ ਪਰਿਵਾਰ ਜਾਂ ਬਰਾਦਰੀ ਵਿਚ ਕੋਈ ਅਧਿਕਾਰ ਰੱਖਣ ਵਾਲਾ ਉਸ ਨੂੰ ਕੁਝ ਕਰਨ ਲਈ ਕਹਿੰਦਾ ਹੈ।

[ਫੁਟਨੋਟ]

^ ਪੈਰਾ 5 ਪਹਿਰਾਬੁਰਜ 1 ਅਗਸਤ 2001 ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।