Skip to content

Skip to table of contents

“ਮੈਥੋਂ ਸਿੱਖੋ”

“ਮੈਥੋਂ ਸਿੱਖੋ”

“ਮੈਥੋਂ ਸਿੱਖੋ”

“ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।”​—ਮੱਤੀ 11:29.

1. ਯਿਸੂ ਤੋਂ ਸਿੱਖ ਕੇ ਸਾਨੂੰ ਖ਼ੁਸ਼ੀ ਅਤੇ ਬਰਕਤਾਂ ਕਿਉਂ ਮਿਲ ਸਕਦੀਆਂ ਹਨ?

ਯਿਸੂ ਮਸੀਹ ਦੀ ਸਿੱਖਿਆ, ਸੋਚਣੀ, ਅਤੇ ਉਸ ਦਾ ਚਾਲ-ਚੱਲਣ ਹਮੇਸ਼ਾ ਸਹੀ ਸੀ। ਉਹ ਧਰਤੀ ਉੱਤੇ ਬਹੁਤ ਥੋੜ੍ਹੇ ਸਮੇਂ ਲਈ ਰਿਹਾ ਸੀ, ਪਰ ਉਸ ਨੂੰ ਆਪਣੀ ਸੇਵਾ ਤੋਂ ਬਹੁਤ ਬਰਕਤਾਂ ਅਤੇ ਸੰਤੁਸ਼ਟੀ ਮਿਲੀ, ਅਤੇ ਉਹ ਹਮੇਸ਼ਾ ਖ਼ੁਸ਼ ਰਿਹਾ। ਉਸ ਨੇ ਚੇਲਿਆਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ, ਲੋਕਾਂ ਨਾਲ ਪਿਆਰ ਕਰਨਾ, ਅਤੇ ਜਗਤ ਨੂੰ ਜਿੱਤਣ ਲਈ ਸਿੱਖਿਆ ਦਿੱਤੀ ਸੀ। (ਯੂਹੰਨਾ 16:33) ਉਸ ਨੇ ਉਨ੍ਹਾਂ ਦੇ ਦਿਲ ਉਮੀਦ ਨਾਲ ਭਰੇ ਸਨ ਅਤੇ “ਜੀਵਨ ਅਤੇ ਅਬਨਾਸ ਨੂੰ ਖੁਸ਼ ਖਬਰੀ ਦੇ ਰਾਹੀਂ ਪਰਕਾਸ਼ ਕੀਤਾ।” (2 ਤਿਮੋਥਿਉਸ 1:10) ਜੇਕਰ ਤੁਸੀਂ ਆਪਣੇ ਆਪ ਨੂੰ ਯਿਸੂ ਦੇ ਚੇਲੇ ਸਮਝਦੇ ਹੋ, ਤਾਂ ਤੁਹਾਡੇ ਭਾਣੇ ਇਕ ਚੇਲਾ ਬਣਨ ਦਾ ਮਤਲਬ ਕੀ ਹੈ? ਚੇਲੇ ਬਣਨ ਬਾਰੇ ਯਿਸੂ ਦੀਆਂ ਗੱਲਾਂ ਵੱਲ ਧਿਆਨ ਦੇਣ ਦੁਆਰਾ ਅਸੀਂ ਆਪਣਾ ਜੀਵਨ ਵਧੀਆ ਬਣਾਉਣ ਲਈ ਸਿੱਖਿਆ ਪਾ ਸਕਦੇ ਹਾਂ। ਇਸ ਵਿਚ ਯਿਸੂ ਦੇ ਸੋਚ-ਵਿਚਾਰ ਸਵੀਕਾਰ ਕਰਨੇ ਅਤੇ ਮੁੱਖ ਸਿਧਾਂਤਾਂ ਨੂੰ ਲਾਗੂ ਕਰਨਾ ਸ਼ਾਮਲ ਹੈ।​—ਮੱਤੀ 10:24, 25; ਲੂਕਾ 14:26, 27; ਯੂਹੰਨਾ 8:31, 32; 13:35; 15:8.

2, 3. (ੳ) ਯਿਸੂ ਦਾ ਇਕ ਚੇਲਾ ਹੋਣ ਦਾ ਮਤਲਬ ਕੀ ਹੈ? (ਅ) ਸਾਨੂੰ ਆਪਣੇ ਆਪ ਤੋਂ ਇਹ ਕਿਉਂ ਪੁੱਛਣਾ ਚਾਹੀਦਾ ਹੈ ਕਿ ‘ਮੈਂ ਕਿਸ ਦਾ ਚੇਲਾ ਬਣਿਆ ਹਾਂ?’

2 ਮਸੀਹੀ ਯੂਨਾਨੀ ਸ਼ਾਸਤਰ ਵਿਚ ਜਿਸ ਸ਼ਬਦ ਦਾ ਤਰਜਮਾ “ਚੇਲਾ” ਕੀਤਾ ਗਿਆ ਹੈ ਉਸ ਦਾ ਮਤਲਬ ਹੈ ਉਹ ਵਿਅਕਤੀ ਜੋ ਆਪਣਾ ਮਨ ਕਿਸੇ ਚੀਜ਼ ਉੱਤੇ ਲਾਉਂਦਾ ਹੈ, ਜਾਂ ਕੁਝ ਸਿੱਖਦਾ ਹੈ। ਇਸ ਲੇਖ ਦੇ ਮੂਲ ਪਾਠ, ਯਾਨੀ ਮੱਤੀ 11:29 ਵਿਚ ਵੀ ਅਜਿਹਾ ਸ਼ਬਦ ਵਰਤਿਆ ਗਿਆ ਹੈ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਟੇਢੇ ਟਾਈਪ ਸਾਡੇ।) ਜੀ ਹਾਂ, ਇਕ ਚੇਲਾ ਇਕ ਸਿੱਖਿਆਰਥੀ ਹੁੰਦਾ ਹੈ। ਇੰਜੀਲਾਂ ਵਿਚ “ਚੇਲਾ” ਸ਼ਬਦ ਅਕਸਰ ਯਿਸੂ ਦੇ ਨਿੱਜੀ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਜੋ ਪ੍ਰਚਾਰ ਦੇ ਕੰਮ ਵਿਚ ਉਸ ਦੇ ਨਾਲ-ਨਾਲ ਚੱਲਦੇ ਸਨ ਅਤੇ ਉਸ ਦੁਆਰਾ ਸਿਖਾਏ ਗਏ ਸਨ। ਪਰ, ਕੁਝ ਲੋਕਾਂ ਨੇ ਸ਼ਾਇਦ ਯਿਸੂ ਦੀਆਂ ਸਿੱਖਿਆਵਾਂ ਸਵੀਕਾਰ ਹੀ ਕੀਤੀਆਂ ਸਨ, ਅਤੇ ਇਹ ਵੀ ਉਨ੍ਹਾਂ ਨੂੰ ਚੋਰੀ-ਚੋਰੀ ਕਰਨਾ ਪਿਆ ਸੀ। (ਲੂਕਾ 6:17; ਯੂਹੰਨਾ 19:38) ਇੰਜੀਲਾਂ ਦੇ ਲਿਖਾਰੀਆਂ ਨੇ ‘ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਅਤੇ ਫ਼ਰੀਸੀਆਂ ਦੇ ਚੇਲਿਆਂ’ ਬਾਰੇ ਵੀ ਗੱਲ ਕੀਤੀ ਸੀ। (ਮਰਕੁਸ 2:18) ਜਦ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ “ਫ਼ਰੀਸੀਆਂ . . . ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ” ਲਈ ਕਿਹਾ ਸੀ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ‘ਮੈਂ ਕਿਸ ਦਾ ਚੇਲਾ ਬਣਿਆ ਹਾਂ?’​—ਮੱਤੀ 16:12.

3 ਜੇਕਰ ਅਸੀਂ ਯਿਸੂ ਦੇ ਚੇਲੇ ਹਾਂ ਅਤੇ ਉਸ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਤਾਂ ਦੂਸਰਿਆਂ ਨੂੰ ਸਾਡੇ ਤੋਂ ਰੂਹਾਨੀ ਤੌਰ ਤੇ ਆਰਾਮ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਮਿਲਣਾ ਚਾਹੀਦਾ ਹੈ ਕਿ ਅਸੀਂ ਕੋਮਲ ਅਤੇ ਮਨ ਦੇ ਗ਼ਰੀਬ ਹੋ ਗਏ ਹਾਂ। ਸ਼ਾਇਦ ਸਾਡੇ ਕੋਲ ਆਪਣੀ ਨੌਕਰੀ ਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਹੋਵੇ, ਸ਼ਾਇਦ ਅਸੀਂ ਮਾਪੇ ਹੋਈਏ, ਜਾਂ ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦੇ ਹੋਈਏ। ਤਾਂ ਫਿਰ, ਜਿਨ੍ਹਾਂ ਦੀ ਦੇਖ-ਭਾਲ ਅਸੀਂ ਕਰਦੇ ਹਾਂ ਕੀ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਉਵੇਂ ਸਲੂਕ ਕਰਦੇ ਹਾਂ ਜਿਵੇਂ ਯਿਸੂ ਨੇ ਆਪਣੀ ਨਿਗਰਾਨੀ ਹੇਠ ਲੋਕਾਂ ਨਾਲ ਕੀਤਾ ਸੀ?

ਯਿਸੂ ਦਾ ਲੋਕਾਂ ਨਾਲ ਵਰਤਾਉ

4, 5. (ੳ) ਦੁਖੀ ਲੋਕਾਂ ਨਾਲ ਯਿਸੂ ਦੇ ਵਰਤਾਉ ਬਾਰੇ ਜਾਣਨਾ ਔਖਾ ਕਿਉਂ ਨਹੀਂ ਹੈ? (ਅ) ਯਿਸੂ ਨਾਲ ਕੀ ਬੀਤਾ ਸੀ ਜਦੋਂ ਉਹ ਇਕ ਫ਼ਰੀਸੀ ਦੇ ਘਰ ਖਾਣਾ ਖਾਣ ਗਿਆ ਸੀ?

4 ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਯਿਸੂ ਨੇ ਲੋਕਾਂ ਨਾਲ ਕਿਵੇਂ ਵਰਤਾਉ ਕੀਤਾ ਸੀ, ਖ਼ਾਸ ਕਰਕੇ ਉਨ੍ਹਾਂ ਨਾਲ ਜਿਨ੍ਹਾਂ ਕੋਲ ਗੰਭੀਰ ਮੁਸ਼ਕਲਾਂ ਸਨ। ਇਹ ਜਾਣਨਾ ਔਖਾ ਨਹੀਂ ਹੈ; ਬਾਈਬਲ ਵਿਚ ਅਜਿਹੇ ਕਈ ਬਿਰਤਾਂਤ ਹਨ ਜਿਨ੍ਹਾਂ ਵਿਚ ਯਿਸੂ ਦੀ ਮੁਲਾਕਾਤ ਦੂਸਰਿਆਂ ਲੋਕਾਂ ਨਾਲ ਹੋਈ ਸੀ, ਇਨ੍ਹਾਂ ਵਿੱਚੋਂ ਕੁਝ ਲੋਕ ਬਹੁਤ ਹੀ ਦੁਖੀ ਸਨ। ਆਓ ਅਸੀਂ ਇਸ ਗੱਲ ਵੱਲ ਵੀ ਧਿਆਨ ਦੇਈਏ ਕਿ ਧਾਰਮਿਕ ਆਗੂਆਂ ਨੇ, ਖ਼ਾਸ ਕਰਕੇ ਫ਼ਰੀਸੀਆਂ ਨੇ, ਅਜਿਹਿਆਂ ਲੋਕਾਂ ਨਾਲ ਕਿਹੋ ਜਿਹਾ ਵਰਤਾਉ ਕੀਤਾ ਸੀ। ਇਸ ਜਾਣਕਾਰੀ ਤੋਂ ਅਸੀਂ ਬਹੁਤ ਕੁਝ ਸਿੱਖਾਂਗੇ।

5 ਸਨ 31 ਸਾ.ਯੁ. ਵਿਚ, ਜਦ ਯਿਸੂ ਗਲੀਲ ਵਿਚ ਪ੍ਰਚਾਰ ਕਰ ਰਿਹਾ ਸੀ, ‘ਫ਼ਰੀਸੀਆਂ ਵਿੱਚੋਂ ਇੱਕ ਨੇ ਯਿਸੂ ਦੇ ਅੱਗੇ ਅਰਜ਼ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ’। ਯਿਸੂ ਨੇ ਨਿਉਂਦਾ ਸਵੀਕਾਰ ਕਰ ਲਿਆ। “ਤਾਂ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠਾ। ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਹੈਸੀ ਜਿਹੜੀ ਪਾਪਣ ਸੀ ਅਤੇ ਉਹ ਇਹ ਜਾਣ ਕੇ ਭਈ ਉਹ ਫ਼ਰੀਸੀ ਦੇ ਘਰ ਖਾਣ ਬੈਠਾ ਹੈ ਇੱਕ ਸ਼ੀਸ਼ੀ ਵਿੱਚ ਅਤਰ ਲਿਆਈ। ਅਰ ਪਿਛਲੀ ਵੱਲ ਉਹ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ ਰੋਂਦੀ ਅੰਝੂਆਂ ਨਾਲ ਉਹ ਦੇ ਚਰਨ ਭੇਉਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਹ ਦੇ ਚਰਨ ਚੁੰਮੇ ਅਤੇ ਅਤਰ ਮਲਿਆ।”​—ਲੂਕਾ 7:36-38.

6. ਇਕ ਔਰਤ ਜੋ “ਪਾਪਣ” ਸੀ, ਫ਼ਰੀਸੀ ਦੇ ਘਰ ਸ਼ਾਇਦ ਕਿਉਂ ਆਈ ਸੀ?

6 ਕੀ ਤੁਸੀਂ ਇਸ ਨਜ਼ਾਰੇ ਦੀ ਕਲਪਨਾ ਕਰ ਸਕਦੇ ਹੋ? ਇਕ ਕਿਤਾਬ ਅਨੁਸਾਰ “ਇਸ ਔਰਤ (37ਵੀਂ ਆਇਤ) ਨੇ ਸਮਾਜਕ ਰੀਤਾਂ ਦਾ ਫ਼ਾਇਦਾ ਉਠਾਇਆ ਸੀ, ਜਿਨ੍ਹਾਂ ਦੇ ਮੁਤਾਬਕ ਗ਼ਰੀਬ ਲੋਕ ਬਚੇ-ਖੁਚੇ ਖਾਣੇ ਲਈ ਅਜਿਹੀ ਕਿਸੇ ਦਾਅਵਤ ਤੇ ਆ ਸਕਦੇ ਸਨ।” ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਿਨ-ਬੁਲਾਇਆ ਮਹਿਮਾਨ ਕਿਵੇਂ ਅੰਦਰ ਆ ਸਕਦਾ ਸੀ। ਹੋ ਸਕਦਾ ਹੈ ਕਿ ਕੁਝ ਹੋਰ ਲੋਕ ਵੀ ਸਨ ਜੋ ਭੋਜਨ ਤੋਂ ਬਾਅਦ ਬਚੇ-ਖੁਚੇ ਖਾਣੇ ਦੀ ਆਸ ਰੱਖਦੇ ਸਨ। ਪਰ, ਇਸ ਔਰਤ ਨੇ ਜੋ ਕੀਤਾ ਉਹ ਬਹੁਤ ਹੀ ਅਜੀਬ ਸੀ। ਉਹ ਓਹਲੇ ਖੜ੍ਹੀ ਹੋ ਕੇ ਇਹ ਨਹੀਂ ਦੇਖ ਰਹੀ ਸੀ ਕਿ ਕਿਸ ਵੇਲੇ ਦਾਅਵਤ ਖ਼ਤਮ ਹੋਵੇਗੀ। ਲੋਕ ਜਾਣਦੇ ਸਨ ਕਿ ਇਹ ਇਕ ਘਟੀਆ ਔਰਤ ਜਾਂ “ਪਾਪਣ” ਸੀ, ਅਤੇ ਯਿਸੂ ਨੇ ਵੀ ਕਿਹਾ ਸੀ ਕਿ ਉਹ ਜਾਣਦਾ ਸੀ ਕਿ ‘ਇਹ ਦੇ ਪਾਪ ਬਹੁਤੇ ਸਨ।’​—ਲੂਕਾ 7:47.

7, 8. (ੳ) ਜੇਕਰ ਸਾਨੂੰ ਲੂਕਾ 7:36-38 ਵਿਚ ਦਿੱਤੇ ਗਏ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ, ਤਾਂ ਅਸੀਂ ਸ਼ਾਇਦ ਕੀ ਕਰਦੇ? (ਅ) ਸ਼ਮਊਨ ਦੇ ਵਿਚਾਰ ਕੀ ਸਨ?

7 ਕਲਪਨਾ ਕਰੋ ਕਿ ਤੁਸੀਂ ਉਸ ਸਮੇਂ ਵਿਚ ਰਹਿੰਦੇ ਸਨ ਅਤੇ ਯਿਸੂ ਦੀ ਥਾਂ ਤੁਸੀਂ ਹੋ। ਤੁਸੀਂ ਕੀ ਕਰਦੇ? ਜਿਉਂ-ਜਿਉਂ ਉਹ ਔਰਤ ਤੁਹਾਡੇ ਕੋਲ ਆਉਂਦੀ ਹੈ, ਤਾਂ ਕੀ ਤੁਸੀਂ ਸ਼ਰਮਿੰਦਗੀ ਮਹਿਸੂਸ ਕਰਦੇ? ਅਜਿਹੇ ਮੌਕੇ ਦਾ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪੈਂਦਾ? (ਲੂਕਾ 7:45) ਕੀ ਤੁਸੀਂ ਇਸ ਨੂੰ ਬਹੁਤ ਬੁਰਾ ਸਮਝਦੇ ਜਾਂ ਹੈਰਾਨ ਹੁੰਦੇ?

8 ਜੇਕਰ ਤੁਸੀਂ ਦੂਸਰਿਆਂ ਮਹਿਮਾਨਾਂ ਵਿੱਚੋਂ ਹੁੰਦੇ, ਤਾਂ ਕੀ ਤੁਸੀਂ ਕੁਝ ਹੱਦ ਤਕ ਫ਼ਰੀਸੀ ਸ਼ਮਊਨ ਵਾਂਗ ਸੋਚਦੇ? “ਇਹ ਵੇਖ ਕੇ ਉਹ ਫ਼ਰੀਸੀ ਜਿਹ ਨੇ [ਯਿਸੂ] ਨੂੰ ਨੇਉਤਾ ਦਿੱਤਾ ਸੀ ਆਪਣੇ ਜੀ ਵਿੱਚ ਕਹਿਣ ਲੱਗਾ ਭਈ ਇਹ ਮਨੁੱਖ ਜੇ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹ ਨੂੰ ਛੋਹੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।” (ਲੂਕਾ 7:39) ਪਰ, ਯਿਸੂ ਉਸ ਵਰਗਾ ਨਹੀਂ ਸਗੋਂ ਬਹੁਤ ਹੀ ਦਇਆਵਾਨ ਇਨਸਾਨ ਸੀ। ਉਹ ਉਸ ਔਰਤ ਦੀ ਹਾਲਤ ਅਤੇ ਉਸ ਦਾ ਦੁੱਖ ਸਮਝ ਸਕਿਆ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਪਾਪ ਦੇ ਰਸਤੇ ਤੇ ਕਿਵੇਂ ਲੱਗੀ ਸੀ। ਜੇ ਉਹ ਸੱਚ-ਮੁੱਚ ਇਕ ਵੇਸਵਾ ਸੀ, ਤਾਂ ਜ਼ਾਹਰ ਹੈ ਕਿ ਨਗਰ ਦੇ ਯਹੂਦੀ ਬਜ਼ੁਰਗਾਂ ਨੇ ਉਸ ਦੀ ਮਦਦ ਨਹੀਂ ਕੀਤੀ ਸੀ।

9. ਯਿਸੂ ਨੇ ਕੀ ਕੀਤਾ ਸੀ, ਅਤੇ ਸੰਭਵ ਤੌਰ ਤੇ ਇਸ ਦਾ ਨਤੀਜਾ ਕੀ ਸੀ?

9 ਪਰ ਯਿਸੂ ਉਸ ਔਰਤ ਦੀ ਮਦਦ ਕਰਨੀ ਚਾਹੁੰਦਾ ਸੀ। ਉਸ ਨੇ ਉਸ ਨੂੰ ਕਿਹਾ: “ਤੇਰੇ ਪਾਪ ਮਾਫ਼ ਕੀਤੇ ਗਏ।” ਇਸ ਤੋਂ ਬਾਅਦ ਉਸ ਨੂੰ ਕਿਹਾ: “ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚੱਲੀ ਜਾਹ।” (ਲੂਕਾ 7:48-50) ਇਹ ਬਿਰਤਾਂਤ ਇੱਥੇ ਖ਼ਤਮ ਹੁੰਦਾ ਹੈ। ਕਈ ਲੋਕ ਸ਼ਾਇਦ ਨਾਰਾਜ਼ ਹੋ ਕੇ ਕਹਿਣ ਕਿ ਯਿਸੂ ਨੇ ਉਸ ਔਰਤ ਦੀ ਕੋਈ ਖ਼ਾਸ ਮਦਦ ਨਹੀਂ ਕੀਤੀ। ਉਸ ਨੇ ਔਰਤ ਨੂੰ ਅਸੀਸ ਦੇ ਕੇ ਉਸ ਨੂੰ ਆਪਣੇ ਰਸਤੇ ਭੇਜ ਦਿੱਤਾ ਸੀ। ਤੁਹਾਡੇ ਖ਼ਿਆਲ ਵਿਚ ਕੀ ਉਹ ਔਰਤ ਇਕ ਪਾਪ ਦੇ ਜੀਵਨ ਨੂੰ ਵਾਪਸ ਚਲੀ ਗਈ ਸੀ? ਭਾਵੇਂ ਕਿ ਅਸੀਂ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ, ਫਿਰ ਵੀ ਲੂਕਾ ਦੇ ਅਗਲੇ ਸ਼ਬਦਾਂ ਵੱਲ ਧਿਆਨ ਦਿਓ। ਲੂਕਾ ਦੱਸਦਾ ਹੈ ਕਿ ਯਿਸੂ “ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।” ਲੂਕਾ ਨੇ ਇਹ ਵੀ ਦੱਸਿਆ ਸੀ ਕਿ “ਕਈ ਤੀਵੀਆਂ” ਯਿਸੂ ਅਤੇ ਉਸ ਦਿਆਂ ਚੇਲਿਆਂ ਨਾਲ ਸਨ, “ਜੋ ਆਪਣੇ ਮਾਲ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।” ਇਹ ਹੋ ਸਕਦਾ ਹੈ ਕਿ ਇਨ੍ਹਾਂ ਤੀਵੀਆਂ ਵਿਚਕਾਰ, ਉਹ ਪਛਤਾਵਾ ਕਰਨ ਵਾਲੀ ਅਤੇ ਕਦਰਦਾਨ ਔਰਤ ਵੀ ਸੀ, ਜਿਸ ਨੇ ਹੁਣ ਧਰਮੀ ਰਾਹ ਅਪਣਾ ਲਿਆ ਸੀ ਅਤੇ ਜਿਸ ਕੋਲ ਇਕ ਸ਼ੁੱਧ ਜ਼ਮੀਰ, ਪੱਕੀ ਉਮੀਦ, ਅਤੇ ਪਰਮੇਸ਼ੁਰ ਲਈ ਅੱਗੇ ਨਾਲੋਂ ਬਹੁਤ ਗਹਿਰਾ ਪਿਆਰ ਸੀ।​—ਲੂਕਾ 8:1-3.

ਯਿਸੂ ਅਤੇ ਫ਼ਰੀਸੀਆਂ ਵਿਚਕਾਰ ਫ਼ਰਕ

10. ਸ਼ਮਊਨ ਦੇ ਘਰ ਆਈ ਔਰਤ ਅਤੇ ਯਿਸੂ ਬਾਰੇ ਇਸ ਬਿਰਤਾਂਤ ਵੱਲ ਧਿਆਨ ਦੇਣਾ ਕਿਉਂ ਫ਼ਾਇਦੇਮੰਦ ਹੈ?

10 ਅਸੀਂ ਇਸ ਸਪੱਸ਼ਟ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ? ਕੀ ਇਹ ਸੱਚ ਨਹੀਂ ਕਿ ਇਹ ਸਾਡਿਆਂ ਦਿਲਾਂ ਉੱਤੇ ਅਸਰ ਪਾਉਂਦਾ ਹੈ? ਕਲਪਨਾ ਕਰੋ ਕਿ ਤੁਸੀਂ ਸ਼ਮਊਨ ਦੇ ਘਰ ਹੋ। ਤੁਸੀਂ ਕਿਵੇਂ ਮਹਿਸੂਸ ਕਰਦੇ? ਕੀ ਤੁਸੀਂ ਯਿਸੂ ਵਾਂਗ ਜਵਾਬ ਦਿੰਦੇ, ਜਾਂ ਫ਼ਰੀਸੀ ਮੀਜ਼ਬਾਨ ਸ਼ਮਊਨ ਵਾਂਗ ਮਹਿਸੂਸ ਕਰਦੇ? ਯਿਸੂ ਪਰਮੇਸ਼ੁਰ ਦਾ ਪੁੱਤਰ ਸੀ, ਇਸ ਲਈ ਅਸੀਂ ਬਿਲਕੁਲ ਉਸ ਵਾਂਗ ਮਹਿਸੂਸ ਨਹੀਂ ਕਰ ਸਕਦੇ ਜਾਂ ਉਸ ਵਾਂਗ ਕੰਮ ਨਹੀਂ ਕਰ ਸਕਦੇ। ਪਰ, ਇਹ ਵੀ ਸੱਚ ਹੈ ਕਿ ਅਸੀਂ ਆਪਣੇ ਆਪ ਨੂੰ ਫ਼ਰੀਸੀ ਸ਼ਮਊਨ ਵਾਂਗ ਵੀ ਨਹੀਂ ਸਮਝਣਾ ਚਾਹੁੰਦੇ। ਬਹੁਤ ਹੀ ਘੱਟ ਲੋਕ ਆਪਣੇ ਆਪ ਨੂੰ ਇਕ ਫ਼ਰੀਸੀ ਜਾਂ ਪਖੰਡੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ।

11. ਅਸੀਂ ਫ਼ਰੀਸੀਆਂ ਨਾਲ ਕਿਉਂ ਨਹੀਂ ਗਿਣੇ ਜਾਣਾ ਚਾਹੁੰਦੇ?

11 ਬਾਈਬਲੀ ਅਤੇ ਦੁਨਿਆਵੀ ਸਬੂਤ ਵੱਲ ਧਿਆਨ ਦੇਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਫ਼ਰੀਸੀ ਆਪਣੇ ਆਪ ਨੂੰ ਲੋਕਾਂ ਦੇ ਅਤੇ ਕੌਮੀ ਭਲਾਈ ਦੇ ਰਾਖਿਆਂ ਵਜੋਂ ਬਹੁਤ ਵੱਡਾ ਸਮਝਦੇ ਸਨ। ਉਹ ਇਸ ਗੱਲ ਨਾਲ ਸੰਤੁਸ਼ਟ ਨਹੀਂ ਸਨ ਕਿ ਪਰਮੇਸ਼ੁਰ ਦੀ ਬਿਵਸਥਾ ਦੇ ਆਮ ਸਿਧਾਂਤ ਬਹੁਤ ਹੀ ਆਸਾਨੀ ਨਾਲ ਸਮਝੇ ਜਾ ਸਕਦੇ ਸਨ। ਜਿੱਥੇ ਵੀ ਬਿਵਸਥਾ ਵਿਚ ਕੋਈ ਵਿਅਕਤੀ ਆਪਣੀ ਜ਼ਮੀਰ ਦੇ ਅਨੁਸਾਰ ਚੱਲ ਸਕਦਾ ਸੀ ਉੱਥੇ ਫ਼ਰੀਸੀਆਂ ਨੇ ਵਾਧੂ ਕਾਨੂੰਨ ਲਗਾਏ ਸਨ ਤਾਂਕਿ ਲੋਕਾਂ ਨੂੰ ਆਪਣੀ ਜ਼ਮੀਰ ਵਰਤਣ ਦੀ ਲੋੜ ਨਾ ਪਵੇ। ਇਨ੍ਹਾਂ ਧਾਰਮਿਕ ਆਗੂਆਂ ਨੇ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਲੋਕਾਂ ਦੇ ਜੀਵਨਾਂ ਉੱਤੇ ਹੁਕਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। *

12. ਫ਼ਰੀਸੀ ਆਪਣੇ ਆਪ ਬਾਰੇ ਕੀ ਸੋਚਦੇ ਸਨ?

12 ਪਹਿਲੀ ਸਦੀ ਦਾ ਯਹੂਦੀ ਇਤਿਹਾਸਕਾਰ ਜੋਸੀਫ਼ਸ ਸਪੱਸ਼ਟ ਤੌਰ ਤੇ ਦਿਖਾਉਂਦਾ ਹੈ ਕਿ ਫ਼ਰੀਸੀ ਆਪਣੇ ਆਪ ਨੂੰ ਦਇਆਵਾਨ, ਕੋਮਲ, ਨਿਰਪੱਖ, ਅਤੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੇ ਯੋਗ ਸਮਝਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਫ਼ਰੀਸੀ ਸ਼ਾਇਦ ਅਜਿਹੇ ਸਨ। ਤੁਸੀਂ ਸ਼ਾਇਦ ਨਿਕੁਦੇਮੁਸ ਬਾਰੇ ਯਾਦ ਕਰੋ। (ਯੂਹੰਨਾ 3:1, 2; 7:50, 51) ਕੁਝ ਸਮੇਂ ਬਾਅਦ ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਮਸੀਹੀ ਰਾਹ ਅਪਣਾ ਲਿਆ ਸੀ। (ਰਸੂਲਾਂ ਦੇ ਕਰਤੱਬ 15:5) ਪੌਲੁਸ ਰਸੂਲ ਨੇ ਕੁਝ ਯਹੂਦੀਆਂ ਬਾਰੇ, ਜਿਵੇਂ ਕਿ ਫ਼ਰੀਸੀਆਂ ਬਾਰੇ ਇਹ ਲਿਖਿਆ ਸੀ: “ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਪਰ ਇੰਜੀਲਾਂ ਵਿਚ ਦੱਸਿਆ ਗਿਆ ਹੈ ਕਿ ਲੋਕ ਫ਼ਰੀਸੀਆਂ ਨੂੰ ਕਿਵੇਂ ਸਮਝਦੇ ਸਨ। ਲੋਕ ਉਨ੍ਹਾਂ ਨੂੰ ਘਮੰਡੀ, ਹੰਕਾਰੀ, ਨੁਕਸ ਕੱਢਣ ਵਾਲੇ, ਦੂਸਰਿਆਂ ਤੇ ਉਂਗਲੀ ਚੁੱਕਣ ਵਾਲੇ, ਅਤੇ ਅਪਮਾਨ ਕਰਨ ਵਾਲੇ ਸਮਝਦੇ ਸਨ।

ਯਿਸੂ ਦਾ ਵਿਚਾਰ

13. ਯਿਸੂ ਨੇ ਫ਼ਰੀਸੀਆਂ ਬਾਰੇ ਕੀ ਕਿਹਾ ਸੀ?

13 ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਤਾੜਿਆ ਸੀ ਕਿਉਂਕਿ ਉਹ ਪਖੰਡੀ ਸਨ। “ਓਹ ਭਾਰੇ ਬੋਝ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਬੰਨ੍ਹ ਕੇ ਮਨੁੱਖਾਂ ਦਿਆਂ ਮੋਢਿਆਂ ਉੱਤੇ ਰੱਖਦੇ ਹਨ ਪਰ ਓਹ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਖਿਸਕਾਉਣ ਨੂੰ ਰਾਜੀ ਨਹੀਂ।” ਜੀ ਹਾਂ, ਲੋਕਾਂ ਉੱਤੇ ਰੱਖਿਆ ਗਿਆ ਬੋਝ ਬਹੁਤ ਹੀ ਭਾਰਾ ਅਤੇ ਜੂਲਾ ਬਹੁਤ ਹੀ ਸਖ਼ਤ ਸੀ। ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ‘ਮੂਰਖ’ ਸੱਦਿਆ ਸੀ। ਇਕ ਮੂਰਖ ਆਦਮੀ ਸਮਾਜ ਲਈ ਖ਼ਤਰਾ ਪੇਸ਼ ਕਰ ਸਕਦਾ ਹੈ। ਯਿਸੂ ਨੇ ਉਨ੍ਹਾਂ ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ‘ਅੰਨ੍ਹੇ ਆਗੂ’ ਵੀ ਸੱਦਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ “ਤੁਰੇਤ ਦੇ ਭਾਰੇ [ਜਾਂ ਜ਼ਰੂਰੀ] ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ” ਸੀ। ਕੌਣ ਚਾਹੁੰਦਾ ਹੈ ਕਿ ਯਿਸੂ ਉਨ੍ਹਾਂ ਨੂੰ ਇਕ ਫ਼ਰੀਸੀ ਵਾਂਗ ਵਿਚਾਰੇ?​—ਮੱਤੀ 23:1-4, 16, 17, 23.

14, 15. (ੳ) ਮੱਤੀ ਲੇਵੀ ਨਾਲ ਯਿਸੂ ਦੇ ਵਰਤਾਉ ਤੋਂ ਸਾਨੂੰ ਫ਼ਰੀਸੀਆਂ ਬਾਰੇ ਕੀ ਪਤਾ ਲੱਗਦਾ ਹੈ? (ਅ) ਇਸ ਬਿਰਤਾਂਤ ਤੋਂ ਅਸੀਂ ਕਿਹੜੇ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

14 ਕੋਈ ਵੀ ਇਨਸਾਨ ਇੰਜੀਲਾਂ ਦੇ ਬਿਰਤਾਂਤ ਪੜ੍ਹ ਕੇ ਦੇਖ ਸਕਦਾ ਹੈ ਕਿ ਬਹੁਤ ਸਾਰੇ ਫ਼ਰੀਸੀਆਂ ਦਾ ਨੁਕਸ ਕੱਢਣ ਵਾਲਾ ਸੁਭਾਅ ਸੀ। ਯਿਸੂ ਨੇ ਮੱਤੀ ਲੇਵੀ ਨਾਮ ਦੇ ਇਕ ਮਸੂਲੀਏ ਨੂੰ ਆਪਣਾ ਚੇਲਾ ਬਣਨ ਲਈ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਲੇਵੀ ਨੇ ਆਪਣੇ ਘਰ ਯਿਸੂ ਦੀ ਖ਼ਾਤਰ ਵੱਡੀ ਦਾਅਵਤ ਦਿੱਤੀ। ਬਿਰਤਾਂਤ ਦੱਸਦਾ ਹੈ ਕਿ “ਫ਼ਰੀਸੀ ਅਰ ਉਨ੍ਹਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ? ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ . . . ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।”​—ਲੂਕਾ 5:27-32.

15 ਉਸ ਮੌਕੇ ਤੇ ਲੇਵੀ ਨੇ ਯਿਸੂ ਦੀ ਕਹੀ ਇਹ ਗੱਲ ਵੀ ਸਮਝੀ ਸੀ ਕਿ “ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ।” (ਮੱਤੀ 9:13) ਭਾਵੇਂ ਕਿ ਫ਼ਰੀਸੀ ਦਾਅਵਾ ਕਰਦੇ ਸਨ ਕਿ ਉਹ ਇਬਰਾਨੀ ਨਬੀਆਂ ਦੀਆਂ ਲਿਖਤਾਂ ਨੂੰ ਮੰਨਦੇ ਸਨ, ਉਨ੍ਹਾਂ ਨੇ ਹੋਸ਼ੇਆ 6:6 ਦੀ ਗੱਲ ਨਹੀਂ ਸਵੀਕਾਰ ਕੀਤੀ ਸੀ। ਉਨ੍ਹਾਂ ਦੀ ਨਜ਼ਰ ਵਿਚ ਕਾਨੂੰਨਾਂ ਦੀ ਪਾਲਣਾ ਕਰਨੀ ਲੋਕਾਂ ਨੂੰ ਦਇਆ ਦਿਖਾਉਣ ਨਾਲੋਂ ਜ਼ਿਆਦਾ ਜ਼ਰੂਰੀ ਸੀ। ਅਸੀਂ ਸਾਰੇ ਜਣੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਅਜਿਹਾ ਵਿਅਕਤੀ ਹਾਂ ਜੋ ਕਾਨੂੰਨਾਂ ਦੀ ਪਾਲਣਾ ਕਰਨ ਵਿਚ ਸਖ਼ਤ ਹੈ, ਅਜਿਹੇ ਕਾਨੂੰਨ ਜੋ ਸ਼ਾਇਦ ਮੇਰੀ ਆਪਣੀ ਰਾਇ ਜਾਂ ਆਮ ਬੰਦਿਆਂ ਦੇ ਵਿਚਾਰਾਂ ਉੱਤੇ ਆਧਾਰਿਤ ਹੋਣ? ਜਾਂ ਕੀ ਲੋਕ ਮੈਨੂੰ ਇਕ ਦਿਆਲੂ ਅਤੇ ਕਿਰਪਾਲੂ ਇਨਸਾਨ ਸਮਝਦੇ ਹਨ?’

16. ਫ਼ਰੀਸੀ ਕੀ ਕਰਦੇ ਸਨ, ਅਤੇ ਅਸੀਂ ਉਨ੍ਹਾਂ ਵਾਂਗ ਬਣਨ ਤੋਂ ਕਿਵੇਂ ਬਚ ਸਕਦੇ ਹਾਂ?

16 ਫ਼ਰੀਸੀ ਹਰ ਵੇਲੇ ਨੁਕਸ ਹੀ ਕੱਢਦੇ ਰਹਿੰਦੇ ਸਨ। ਉਹ ਹਰ ਤਰ੍ਹਾਂ ਦੀ ਗ਼ਲਤੀ ਜ਼ਾਹਰ ਕਰਨੀ ਚਾਹੁੰਦੇ ਸਨ। ਉਹ ਲੋਕਾਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਹਮੇਸ਼ਾ ਯਾਦ ਕਰਾਉਂਦੇ ਰਹਿੰਦੇ ਸਨ ਅਤੇ ਇਸ ਲਈ ਲੋਕਾਂ ਨੂੰ ਹਰ ਵੇਲੇ ਸਫ਼ਾਈ ਪੇਸ਼ ਕਰਨੀ ਪੈਂਦੀ ਸੀ। ਫ਼ਰੀਸੀ ਇਸ ਗੱਲ ਦਾ ਫ਼ਖ਼ਰ ਕਰਦੇ ਸਨ ਕਿ ਉਹ ਹਰ ਤਰ੍ਹਾਂ ਦੀਆਂ ਹਰੀਆਂ ਬੂਟੀਆਂ ਜਿਵੇਂ ਕਿ ਪੁਦੀਨਾ, ਸੌਂਫ, ਅਤੇ ਜੀਰੇ ਦਾ ਦਸਵਾਂ ਹਿੱਸਾ ਦਿੰਦੇ ਸਨ। ਉਹ ਆਪਣੇ ਪਹਿਰਾਵੇ ਦੁਆਰਾ ਆਪਣੀ ਭਗਤੀ ਦਾ ਦਿਖਾਵਾ ਕਰਦੇ ਸਨ ਅਤੇ ਕੌਮ ਨੂੰ ਨਿਰਦੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਅਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਦੂਸਰਿਆਂ ਵਿਚ ਹਰ ਵੇਲੇ ਨੁਕਸ ਕੱਢਣ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਜ਼ਾਹਰ ਕਰਨ ਦੇ ਝੁਕਾਅ ਤੋਂ ਬਚਣਾ ਚਾਹੀਦਾ ਹੈ।

ਯਿਸੂ ਨੇ ਮੁਸ਼ਕਲਾਂ ਕਿਵੇਂ ਸੁਲਝਾਈਆਂ ਸਨ?

17-19. (ੳ) ਇਹ ਸਮਝਾਓ ਕਿ ਯਿਸੂ ਨੇ ਇਕ ਅਜਿਹੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਸੀ ਜੋ ਕਾਫ਼ੀ ਗੰਭੀਰ ਹੋ ਸਕਦੀ ਸੀ। (ਅ) ਇਹ ਸਥਿਤੀ ਤਣਾਅ-ਭਰੀ ਅਤੇ ਦੁਖਦਾਈ ਕਿਉਂ ਸੀ? (ੲ) ਜੇਕਰ ਤੁਸੀਂ ਉੱਥੇ ਮੌਜੂਦ ਹੁੰਦੇ ਜਦੋਂ ਉਹ ਤੀਵੀਂ ਯਿਸੂ ਕੋਲ ਆਈ ਸੀ ਤਾਂ ਤੁਸੀਂ ਕੀ ਕਰਦੇ?

17 ਮੁਸ਼ਕਲਾਂ ਨੂੰ ਸੁਲਝਾਉਣ ਦਾ ਯਿਸੂ ਦਾ ਤਰੀਕਾ ਫ਼ਰੀਸੀਆਂ ਨਾਲੋਂ ਬਹੁਤ ਹੀ ਅਲੱਗ ਸੀ। ਧਿਆਨ ਦਿਓ ਕਿ ਯਿਸੂ ਨੇ ਇਕ ਅਜਿਹੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਸੀ ਜੋ ਕਾਫ਼ੀ ਗੰਭੀਰ ਹੋ ਸਕਦੀ ਸੀ। ਇਹ ਇਕ ਔਰਤ ਦੀ ਗੱਲ ਸੀ ਜਿਸ ਦਾ 12 ਸਾਲਾਂ ਤੋਂ ਲਹੂ ਵਹਿੰਦਾ ਸੀ। ਤੁਸੀਂ ਇਹ ਬਿਰਤਾਂਤ ਲੂਕਾ 8:42-48 ਵਿਚ ਪੜ੍ਹ ਸਕਦੇ ਹੋ।

18 ਮਰਕੁਸ ਦਾ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਇਹ ਔਰਤ “ਡਰਦੀ ਅਤੇ ਕੰਬਦੀ” ਸੀ। (ਮਰਕੁਸ 5:33) ਕਿਉਂ? ਇਸ ਲਈ ਕਿਉਂਕਿ ਉਹ ਜਾਣਦੀ ਸੀ ਕਿ ਉਸ ਨੇ ਪਰਮੇਸ਼ੁਰ ਦਾ ਨਿਯਮ ਤੋੜਿਆ ਸੀ। ਲੇਵੀਆਂ 15:25-28 ਦੇ ਅਨੁਸਾਰ ਲਹੂ ਵਹਿੰਦੇ ਸਮੇਂ ਅਤੇ ਇਸ ਤੋਂ ਇਕ ਹਫ਼ਤੇ ਬਾਅਦ ਔਰਤ ਅਸ਼ੁੱਧ ਸੀ। ਹਰ ਚੀਜ਼ ਜਾਂ ਵਿਅਕਤੀ ਜਿਸ ਨੂੰ ਉਹ ਹੱਥ ਲਾਉਂਦੀ ਸੀ, ਉਹ ਵੀ ਅਸ਼ੁੱਧ ਬਣ ਜਾਂਦੇ ਸਨ। ਯਿਸੂ ਤਕ ਪਹੁੰਚਣ ਲਈ ਇਸ ਔਰਤ ਨੂੰ ਬੜੀ ਮੁਸ਼ਕਲ ਨਾਲ ਭੀੜ ਵਿਚ ਦੀ ਲੰਘਣਾ ਪਿਆ ਸੀ। ਇਹ ਬਿਰਤਾਂਤ ਕੁਝ 2,000 ਸਾਲ ਪਹਿਲਾਂ ਦਾ ਹੈ, ਅਤੇ ਇਸ ਵੱਲ ਅੱਜ ਧਿਆਨ ਦਿੰਦੇ ਹੋਏ ਸਾਨੂੰ ਉਸ ਔਰਤ ਲਈ ਬੜਾ ਤਰਸ ਆਉਂਦਾ ਹੈ।

19 ਜੇਕਰ ਤੁਸੀਂ ਉਸ ਦਿਨ ਉੱਥੇ ਮੌਜੂਦ ਹੁੰਦੇ ਤਾਂ ਤੁਸੀਂ ਉਸ ਘਟਨਾ ਬਾਰੇ ਕੀ ਵਿਚਾਰ ਕਰਦੇ? ਉਸ ਵੇਲੇ ਤੁਸੀਂ ਕੀ ਕਹਿੰਦੇ? ਧਿਆਨ ਦਿਓ ਕਿ ਯਿਸੂ ਨੇ ਉਸ ਔਰਤ ਨਾਲ ਪਿਆਰ ਅਤੇ ਹਮਦਰਦੀ ਵਾਲਾ ਸਲੂਕ ਕੀਤਾ ਸੀ, ਉਸ ਨੇ ਇਹ ਨਹੀਂ ਸੀ ਕਿਹਾ ਕਿ ਉਸ ਨੇ ਕੋਈ ਗੰਭੀਰ ਸਮੱਸਿਆ ਖੜ੍ਹੀ ਕੀਤੀ ਸੀ।​—ਮਰਕੁਸ 5:34.

20. ਜੇਕਰ ਸਾਨੂੰ ਲੇਵੀਆਂ 15:25-28 ਦੇ ਸ਼ਬਦਾਂ ਦੀ ਅੱਜ ਪਾਲਣਾ ਕਰਨੀ ਪੈਂਦੀ, ਤਾਂ ਸਾਡੇ ਸਾਮ੍ਹਣੇ ਕਿਹੜੀ ਚੁਣੌਤੀ ਖੜ੍ਹੀ ਹੁੰਦੀ?

20 ਕੀ ਅਸੀਂ ਇਸ ਘਟਨਾ ਤੋਂ ਕੁਝ ਸਿੱਖ ਸਕਦਾ ਹਾਂ? ਜ਼ਰਾ ਵਿਚਾਰ ਕਰੋ ਕਿ ਤੁਸੀਂ ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਹੋ। ਅਤੇ ਇਹ ਵੀ ਫ਼ਰਜ਼ ਕਰੋ ਕਿ ਮਸੀਹੀਆਂ ਤੋਂ ਲੇਵੀਆਂ 15:25-28 ਦੇ ਅਨੁਸਾਰ ਚੱਲਣ ਦੀ ਮੰਗ ਕੀਤੀ ਗਈ ਹੋਵੇ, ਤਾਂ ਇਕ ਘਬਰਾਈ ਹੋਈ ਅਤੇ ਬੇਬੱਸ ਮਸੀਹੀ ਭੈਣ ਉਸ ਨਿਯਮ ਨੂੰ ਤੋੜ ਦਿੰਦੀ ਹੈ। ਤੁਸੀਂ ਕੀ ਕਰੋਗੇ? ਕੀ ਤੁਸੀਂ ਉਸ ਨੂੰ ਤਾੜਨਾ ਦੇ ਕੇ ਸਾਰਿਆਂ ਦੇ ਸਾਮ੍ਹਣੇ ਸ਼ਰਮਿੰਦਾ ਕਰੋਗੇ? ਤੁਸੀਂ ਸ਼ਾਇਦ ਕਹੋ: “ਨਹੀਂ, ਮੈਂ ਤਾਂ ਇੱਦਾਂ ਕਦੇ ਨਾ ਕਰਦਾ! ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ, ਮੈਂ ਦਇਆ, ਪਿਆਰ, ਅਤੇ ਹਮਦਰਦੀ ਦਿਖਾਉਣ ਵਿਚ ਪੂਰੀ ਕੋਸ਼ਿਸ਼ ਕਰਦਾ।” ਇਹ ਤਾਂ ਬਹੁਤ ਹੀ ਚੰਗਾ ਹੈ! ਪਰ ਇਸ ਤਰ੍ਹਾਂ ਕਹਿਣਾ ਸੌਖਾ ਹੈ, ਅਤੇ ਅਸਲ ਵਿਚ ਯਿਸੂ ਦੇ ਕਦਮਾਂ ਉੱਤੇ ਚੱਲਣਾ ਬਹੁਤ ਹੀ ਔਖਾ ਹੈ।

21. ਯਿਸੂ ਨੇ ਲੋਕਾਂ ਨੂੰ ਬਿਵਸਥਾ ਬਾਰੇ ਕੀ ਸਿਖਾਇਆ ਸੀ?

21 ਅਸਲ ਵਿਚ ਲੋਕਾਂ ਨੂੰ ਯਿਸੂ ਤੋਂ ਬਹੁਤ ਹੀ ਦਿਲਾਸਾ ਅਤੇ ਹੌਸਲਾ ਮਿਲਿਆ ਸੀ। ਜਿੱਥੇ ਪਰਮੇਸ਼ੁਰ ਦੀ ਬਿਵਸਥਾ ਵਿਚ ਹੁਕਮ ਦਿੱਤਾ ਗਿਆ ਸੀ ਲੋਕਾਂ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਸੀ। ਜਿੱਥੇ ਕੋਈ ਸਿਧਾਂਤ ਦਿੱਤਾ ਗਿਆ ਸੀ ਉੱਥੇ ਲੋਕਾਂ ਨੂੰ ਆਪਣੀ ਜ਼ਮੀਰ ਦੇ ਅਨੁਸਾਰ ਚੱਲਣਾ ਚਾਹੀਦਾ ਸੀ। ਲੋਕ ਆਪਣੇ ਫ਼ੈਸਲੇ ਤੋਂ ਦਿਖਾ ਸਕਦੇ ਸਨ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ। ਬਿਵਸਥਾ ਇਕ ਬੋਝ ਨਹੀਂ ਸੀ, ਲੋਕ ਆਸਾਨੀ ਨਾਲ ਉਸ ਦੀ ਪਾਲਣਾ ਕਰ ਸਕਦੇ ਸਨ। (ਮਰਕੁਸ 2:27, 28) ਪਰਮੇਸ਼ੁਰ ਆਪਣਿਆਂ ਲੋਕਾਂ ਨਾਲ ਪਿਆਰ ਕਰਦਾ ਸੀ, ਉਹ ਹਮੇਸ਼ਾ ਉਨ੍ਹਾਂ ਦੇ ਭਲੇ ਲਈ ਕੰਮ ਕਰਦਾ ਸੀ, ਅਤੇ ਜਦੋਂ ਉਹ ਗ਼ਲਤੀ ਕਰਦੇ ਸਨ ਉਹ ਉਨ੍ਹਾਂ ਨੂੰ ਦਇਆ ਦਿਖਾਉਣ ਲਈ ਤਿਆਰ ਰਹਿੰਦਾ ਸੀ। ਯਿਸੂ ਵੀ ਆਪਣੇ ਪਿਤਾ ਵਰਗਾ ਸੀ।​—ਯੂਹੰਨਾ 14:9.

ਯਿਸੂ ਦੀਆਂ ਸਿੱਖਿਆਵਾਂ ਦੇ ਨਤੀਜੇ

22. ਯਿਸੂ ਤੋਂ ਸਿੱਖਿਆ ਪਾ ਕੇ ਉਸ ਦੇ ਚੇਲੇ ਕਿਹੋ ਜਿਹੇ ਇਨਸਾਨ ਬਣੇ?

22 ਜਿਹੜੇ ਲੋਕ ਯਿਸੂ ਦੀਆਂ ਗੱਲਾਂ ਸੁਣ ਕੇ ਉਸ ਦੇ ਚੇਲੇ ਬਣੇ, ਉਨ੍ਹਾਂ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਬਹੁਤ ਹੀ ਕਦਰ ਕੀਤੀ: “ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:30) ਉਨ੍ਹਾਂ ਨੇ ਯਿਸੂ ਕਾਰਨ ਕਦੇ ਵੀ ਆਪਣੇ ਆਪ ਨੂੰ ਬੋਝ ਹੇਠਾਂ, ਸਤਾਏ ਹੋਏ, ਜਾਂ ਫਿਟਕਾਰੇ ਹੋਏ ਨਹੀਂ ਸਮਝਿਆ ਸੀ। ਅੱਗੇ ਨਾਲੋਂ ਉਹ ਹੁਣ ਆਜ਼ਾਦ ਅਤੇ ਖ਼ੁਸ਼ ਸਨ। ਅਤੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਅਤੇ ਇਕ ਦੂਸਰੇ ਨਾਲ ਆਪਣੇ ਰਿਸ਼ਤੇ ਵਿਚ ਪੂਰਾ ਭਰੋਸਾ ਸੀ। (ਮੱਤੀ 7:1-5; ਲੂਕਾ 9:49, 50) ਯਿਸੂ ਤੋਂ ਉਨ੍ਹਾਂ ਨੇ ਇਹ ਸਿੱਖਿਆ ਸੀ ਕਿ ਰੂਹਾਨੀ ਤੌਰ ਤੇ ਅਗਵਾਈ ਕਰਨ ਦਾ ਮਤਲਬ ਲੋਕਾਂ ਨੂੰ ਆਰਾਮ ਦੇਣਾ ਸੀ, ਅਤੇ ਇਸ ਤਰ੍ਹਾਂ ਕਰਨ ਲਈ ਨਿਮਰਤਾ ਦੀ ਜ਼ਰੂਰਤ ਸੀ।​—1 ਕੁਰਿੰਥੀਆਂ 16:17, 18; ਫ਼ਿਲਿੱਪੀਆਂ 2:3.

23. ਯਿਸੂ ਨਾਲ ਰਹਿ ਕੇ ਚੇਲਿਆਂ ਨੇ ਕਿਹੜੇ ਸਬਕ ਸਿੱਖੇ ਸਨ ਅਤੇ ਉਹ ਕਿਨ੍ਹਾਂ ਨਤੀਜਿਆਂ ਤੇ ਪਹੁੰਚੇ?

23 ਇਸ ਦੇ ਇਲਾਵਾ, ਕਈ ਲੋਕ ਇਸ ਗੱਲ ਦੀ ਮਹੱਤਤਾ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੂੰ ਯਿਸੂ ਦੇ ਨਾਲ-ਨਾਲ ਚੱਲਣਾ, ਅਤੇ ਉਸ ਵਰਗਾ ਰਵੱਈਆ ਦਿਖਾਉਂਦੇ ਰਹਿਣਾ ਚਾਹੀਦਾ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।” (ਯੂਹੰਨਾ 15:9, 10) ਜੇਕਰ ਉਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਕਾਮਯਾਬ ਹੋਣਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਨੂੰ, ਪਰਮੇਸ਼ੁਰ ਦੀ ਵਧੀਆ ਖ਼ੁਸ਼ ਖ਼ਬਰੀ ਦੇ ਪ੍ਰਚਾਰ ਅਤੇ ਸਿੱਖਿਆ ਦੇਣ ਦੇ ਕੰਮ ਵਿਚ, ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਲੂਕ ਕਰਦੇ ਹੋਏ ਲਾਗੂ ਕਰਨੀਆਂ ਚਾਹੀਦੀਆਂ ਸਨ। ਜਿਉਂ ਹੀ ਭਾਈਚਾਰਾ ਕਲੀਸਿਯਾਵਾਂ ਵਿਚ ਵਧਦਾ ਗਿਆ, ਉਨ੍ਹਾਂ ਨੂੰ ਕਈ ਵਾਰ ਆਪਣੇ ਆਪ ਨੂੰ ਯਾਦ ਦਿਲਾਉਣ ਦੀ ਲੋੜ ਸੀ ਕਿ ਯਿਸੂ ਦਾ ਰਾਹ ਹਮੇਸ਼ਾ ਸਹੀ ਹੁੰਦਾ ਹੈ। ਜੋ ਯਿਸੂ ਨੇ ਸਿਖਾਇਆ ਸੀ ਉਹ ਸੱਚਾਈ ਸੀ, ਅਤੇ ਜੋ ਉਸ ਨੇ ਆਪਣੇ ਜੀਵਨ ਵਿਚ ਕੀਤਾ ਸੀ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਕਰਨ ਦੀ ਲੋੜ ਸੀ।—ਯੂਹੰਨਾ 14:6; ਅਫ਼ਸੀਆਂ 4:20, 21.

24. ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?

24 ਜਿਉਂ ਹੀ ਤੁਸੀਂ ਹੁਣ ਇਨ੍ਹਾਂ ਕੁਝ ਗੱਲਾਂ ਉੱਤੇ ਵਿਚਾਰ ਕਰਦੇ ਹੋ ਜਿਨ੍ਹਾਂ ਦੀ ਅਸੀਂ ਚਰਚਾ ਕੀਤੀ ਹੈ, ਕੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕਿਨ੍ਹਾਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ? ਕੀ ਤੁਸੀਂ ਮੰਨਦੇ ਹੋ ਕਿ ਯਿਸੂ ਦੀ ਸਿੱਖਿਆ, ਸੋਚਣੀ, ਅਤੇ ਉਸ ਦਾ ਚਾਲ-ਚੱਲਣ ਹਮੇਸ਼ਾ ਸਹੀ ਸੀ? ਤਾਂ ਫਿਰ ਹਿੰਮਤ ਰੱਖੋ। ਉਸ ਦੇ ਹੌਸਲਾ-ਭਰੇ ਸ਼ਬਦ ਸੁਣੋ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।”​—ਯੂਹੰਨਾ 13:17.

[ਫੁਟਨੋਟ]

^ ਪੈਰਾ 11 “[ਯਿਸੂ ਅਤੇ ਫ਼ਰੀਸੀਆਂ ਵਿਚਕਾਰ] ਖ਼ਾਸ ਫ਼ਰਕ ਇਸ ਗੱਲ ਤੋਂ ਪਛਾਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਰਮੇਸ਼ੁਰ ਬਾਰੇ ਸਮਝ ਇਕ ਦੂਜੇ ਨਾਲੋਂ ਬਹੁਤ ਹੀ ਅਲੱਗ ਸੀ। ਫ਼ਰੀਸੀ ਮੰਨਦੇ ਸਨ ਕਿ ਪਰਮੇਸ਼ੁਰ ਲੋਕਾਂ ਉੱਤੇ ਹੁਕਮ ਚਲਾਉਣ ਵਾਲਾ ਸੀ; ਯਿਸੂ ਦੀ ਨਜ਼ਰ ਵਿਚ ਪਰਮੇਸ਼ੁਰ ਕਿਰਪਾਲੂ ਅਤੇ ਦਇਆਵਾਨ ਸੀ। ਲੇਕਿਨ ਕੋਈ ਵੀ ਫ਼ਰੀਸੀ ਪਰਮੇਸ਼ੁਰ ਦੀ ਭਲਾਈ ਅਤੇ ਉਸ ਦਾ ਪਿਆਰ ਇਨਕਾਰ ਨਹੀਂ ਕਰਦਾ ਸੀ। ਫ਼ਰੀਸੀ ਸਮਝਦੇ ਸੀ ਕਿ ਪਰਮੇਸ਼ੁਰ ਨੇ ਆਪਣਾ ਪਿਆਰ ਤੌਰਾਤ [ਬਿਵਸਥਾ] ਦੀ ਭੇਟ ਦੇਣ ਦੁਆਰਾ ਅਤੇ ਉਸ ਵਿਚ ਦਰਜ ਕੀਤੀਆਂ ਗਈਆਂ ਮੰਗਾਂ ਪੂਰੀਆਂ ਕਰਨ ਦੀ ਯੋਗਤਾ ਦੇਣ ਦੁਆਰਾ ਦਿਖਾਇਆ ਸੀ। . . . ਇਕ ਫ਼ਰੀਸੀ ਦੀ ਨਜ਼ਰ ਵਿਚ ਜ਼ਬਾਨੀ ਰੀਤਾਂ, ਅਤੇ ਨੇਮ ਨੂੰ ਸਮਝਣ ਲਈ ਕਾਨੂੰਨਾਂ ਦੀ ਪਾਲਣਾ ਕਰਨ ਦੁਆਰਾ, ਉਹ ਤੌਰਾਤ ਦੀਆਂ ਮੰਗਾਂ ਪੂਰੀਆਂ ਕਰ ਰਿਹਾ ਸੀ। . . . ਯਿਸੂ, ਪਿਆਰ ਦੇ ਦੂਹਰੇ ਹੁਕਮ (ਮੱਤੀ 22:34-40) ਨੂੰ ਸਵੀਕਾਰ ਕਰ ਕੇ ਉਸ ਨੂੰ ਮਹੱਤਤਾ ਦੇਣ ਦੁਆਰਾ ਅਤੇ ਸਖ਼ਤ ਜ਼ਬਾਨੀ ਰੀਤਾਂ ਨੂੰ ਤਿਆਗਣ ਦੁਆਰਾ . . . ਫ਼ਰੀਸੀਆਂ ਦੇ ਵਿਚਾਰਾਂ ਖ਼ਿਲਾਫ਼ ਚੱਲ ਰਿਹਾ ਸੀ।”—ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ।

ਤੁਹਾਡਾ ਜਵਾਬ ਕੀ ਹੈ?

• ਤੁਹਾਡੇ ਭਾਣੇ ਯਿਸੂ ਦੇ ਚੇਲੇ ਬਣਨ ਦਾ ਕੀ ਮਤਲਬ ਹੈ?

• ਯਿਸੂ ਨੇ ਲੋਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਸੀ?

• ਯਿਸੂ ਦੇ ਸਿੱਖਿਆ ਦੇਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

• ਫ਼ਰੀਸੀਆਂ ਅਤੇ ਯਿਸੂ ਵਿਚਕਾਰ ਕੀ ਫ਼ਰਕ ਸੀ?

[ਸਵਾਲ]

[ਸਫ਼ੇ 18, 19 ਉੱਤੇ ਤਸਵੀਰਾਂ]

ਲੋਕਾਂ ਪ੍ਰਤੀ ਯਿਸੂ ਦਾ ਰਵੱਈਆ ਫ਼ਰੀਸੀਆਂ ਨਾਲੋਂ ਕਿੰਨਾ ਅਲੱਗ ਸੀ