ਸਾਰੇ ਸੱਚੇ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ
ਸਾਰੇ ਸੱਚੇ ਮਸੀਹੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ
“ਪ੍ਰਭੂ ਦੇ ਲਈ ਗਾਓ, ਉਸ ਦੇ ਨਾਂ ਨੂੰ ਧੰਨ ਕਹੋ, ਹਰ ਰੋਜ਼ ਉਸ ਦੀ ਮੁਕਤੀ ਦੇ ਸ਼ੁਭ ਸਮਾਚਾਰ ਬਾਰੇ ਦੱਸੋ।”—ਜ਼ਬੂਰ 96:2, ਪਵਿੱਤਰ ਬਾਈਬਲ ਨਵਾਂ ਅਨੁਵਾਦ।
1. ਲੋਕਾਂ ਨੂੰ ਕਿਹੜੀ ਖ਼ੁਸ਼ ਖ਼ਬਰੀ ਸੁਣਾਏ ਜਾਣ ਦੀ ਲੋੜ ਹੈ ਅਤੇ ਇਸ ਖ਼ਬਰ ਦਾ ਪ੍ਰਚਾਰ ਕਰਨ ਵਿਚ ਯਹੋਵਾਹ ਦੇ ਗਵਾਹਾਂ ਨੇ ਕਿਵੇਂ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ?
ਇਸ ਦੁਨੀਆਂ ਵਿਚ ਰੋਜ਼ ਕੋਈ-ਨਾ-ਕੋਈ ਤਬਾਹੀ ਮਚੀ ਹੀ ਰਹਿੰਦੀ ਹੈ। ਇਸ ਲਈ ਬਾਈਬਲ ਦੀ ਇਹ ਗੱਲ ਜਾਣ ਕੇ ਸਾਨੂੰ ਬਹੁਤ ਦਿਲਾਸਾ ਮਿਲਦਾ ਹੈ ਕਿ ਲੜਾਈਆਂ, ਜੁਰਮ, ਭੁੱਖਮਰੀ ਅਤੇ ਅਤਿਆਚਾਰ ਜਲਦੀ ਹੀ ਖ਼ਤਮ ਹੋ ਜਾਣਗੇ। (ਜ਼ਬੂਰਾਂ ਦੀ ਪੋਥੀ 46:9; 72:3, 7, 8, 12, 16) ਕੀ ਇਹ ਖ਼ੁਸ਼ ਖ਼ਬਰੀ ਹਰ ਕਿਸੇ ਨੂੰ ਸੁਣਾਏ ਜਾਣ ਦੀ ਲੋੜ ਨਹੀਂ? ਯਹੋਵਾਹ ਦੇ ਗਵਾਹ ਸੋਚਦੇ ਹਨ ਕਿ ਸਾਰਿਆਂ ਨੂੰ ਇਹ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ। ਉਹ ਦੁਨੀਆਂ ਭਰ ਵਿਚ “ਭਲਿਆਈ ਦੀ ਖੁਸ਼ ਖਬਰੀ” ਦੇ ਪ੍ਰਚਾਰਕਾਂ ਦੇ ਤੌਰ ਤੇ ਜਾਣੇ ਜਾਂਦੇ ਹਨ। (ਯਸਾਯਾਹ 52:7) ਇਹ ਸੱਚ ਹੈ ਕਿ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਕਰਕੇ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੇ ਬੜੇ ਜ਼ੁਲਮ ਸਹੇ ਹਨ। ਪਰ ਉਹ ਲੋਕਾਂ ਦਾ ਭਲਾ ਚਾਹੁੰਦੇ ਹਨ। ਅਤੇ ਇਸ ਕੰਮ ਵਿਚ ਗਵਾਹਾਂ ਨੇ ਜੋਸ਼ ਅਤੇ ਲਗਨ ਦਾ ਬਹੁਤ ਵਧੀਆ ਰਿਕਾਰਡ ਕਾਇਮ ਕੀਤਾ ਹੈ!
2. ਯਹੋਵਾਹ ਦੇ ਗਵਾਹਾਂ ਦੇ ਜੋਸ਼ ਦਾ ਇਕ ਕਾਰਨ ਕੀ ਹੈ?
2 ਅੱਜ ਯਹੋਵਾਹ ਦੇ ਗਵਾਹ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਜੋਸ਼ ਦਿਖਾਉਂਦੇ ਹਨ। ਉਨ੍ਹਾਂ ਬਾਰੇ ਲੌਸੇਰਵਾਟੋਰੇ ਰੋਮਾਨੋ ਨਾਮਕ ਰੋਮਨ ਕੈਥੋਲਿਕ ਅਖ਼ਬਾਰ ਨੇ ਬਿਲਕੁਲ ਸਹੀ ਕਿਹਾ ਸੀ: “ਪਹਿਲੀ ਸਦੀ ਵਿਚ ਬਪਤਿਸਮਾ ਲੈਣ ਵਾਲੇ ਮਸੀਹੀ ਇੰਜੀਲ ਦਾ ਪ੍ਰਚਾਰ ਕਰਨਾ ਆਪਣਾ ਫ਼ਰਜ਼ ਸਮਝਦੇ ਸਨ। ਪ੍ਰਭੂ ਦੇ ਇਨ੍ਹਾਂ ਦਾਸਾਂ ਨੇ ਇੰਜੀਲ ਦਾ ਜ਼ਬਾਨੀ ਪ੍ਰਚਾਰ ਕੀਤਾ ਸੀ।” ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅੱਜ ਯਹੋਵਾਹ ਦੇ ਗਵਾਹ ਕਿਉਂ ਇੰਨੇ ਜੋਸ਼ ਨਾਲ ਪ੍ਰਚਾਰ ਕਰ ਰਹੇ ਹਨ? ਇਸ ਦਾ ਪਹਿਲਾ ਕਾਰਨ ਇਹ ਹੈ ਕਿ ਜਿਸ ਖ਼ੁਸ਼ ਖ਼ਬਰੀ ਦਾ ਉਹ ਪ੍ਰਚਾਰ ਕਰਦੇ ਹਨ, ਉਹ ਖ਼ੁਸ਼ ਖ਼ਬਰੀ ਖ਼ੁਦ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ। ਕੀ ਜੋਸ਼ ਦਿਖਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਕਾਰਨ ਹੋ ਸਕਦਾ ਹੈ? ਉਹ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਮੰਨ ਕੇ ਪ੍ਰਚਾਰ ਦਾ ਕੰਮ ਕਰਦੇ ਹਨ: “ਪ੍ਰਭੂ ਦੇ ਲਈ ਗਾਓ, ਉਸ ਦੇ ਨਾਂ ਨੂੰ ਧੰਨ ਕਹੋ, ਹਰ ਰੋਜ਼ ਉਸ ਦੀ ਮੁਕਤੀ ਦੇ ਸ਼ੁਭ ਸਮਾਚਾਰ ਬਾਰੇ ਦੱਸੋ।”—ਜ਼ਬੂਰ 96:2.
3. (ੳ) ਯਹੋਵਾਹ ਦੇ ਗਵਾਹਾਂ ਦੇ ਜੋਸ਼ ਦਾ ਦੂਸਰਾ ਕਾਰਨ ਕੀ ਹੈ? (ਅ) “[ਪਰਮੇਸ਼ੁਰ] ਦੀ ਮੁਕਤੀ” ਵਿਚ ਕੀ ਸ਼ਾਮਲ ਹੈ?
3 ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਸਾਨੂੰ ਯਹੋਵਾਹ ਦੇ ਗਵਾਹਾਂ ਦੇ ਜੋਸ਼ ਦੇ ਦੂਸਰੇ ਕਾਰਨ ਦੀ ਯਾਦ ਕਰਾਉਂਦੇ ਹਨ। ਉਹ ਮੁਕਤੀ ਦਾ ਸੰਦੇਸ਼ ਦਿੰਦੇ ਹਨ। ਕੁਝ ਵਿਅਕਤੀ ਦੂਸਰੇ ਇਨਸਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਡਾਕਟਰੀ, ਸਮਾਜਕ, ਆਰਥਿਕ ਜਾਂ ਦੂਸਰੇ ਖੇਤਰਾਂ ਵਿਚ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਇਹ ਜਤਨ ਕਾਫ਼ੀ ਸ਼ਲਾਘਾਯੋਗ ਹਨ। ਪਰ ਇਕ ਇਨਸਾਨ ਦੂਸਰੇ ਲੋਕਾਂ ਲਈ ਭਾਵੇਂ ਕਿੰਨਾ ਕੁਝ ਹੀ ਕਿਉਂ ਨਾ ਕਰੇ, ਉਹ ਸਭ ਕੁਝ “[ਪਰਮੇਸ਼ੁਰ] ਦੀ ਮੁਕਤੀ” ਦੀ ਤੁਲਨਾ ਵਿਚ ਬਹੁਤ ਘੱਟ ਹੈ। ਯਿਸੂ ਮਸੀਹ ਰਾਹੀਂ ਯਹੋਵਾਹ ਸਾਰੇ ਨਿਮਰ ਲੋਕਾਂ ਨੂੰ ਪਾਪ, ਬੀਮਾਰੀਆਂ ਅਤੇ ਮੌਤ ਤੋਂ ਮੁਕਤ ਕਰੇਗਾ। ਇਸ ਪ੍ਰਬੰਧ ਤੋਂ ਫ਼ਾਇਦਾ ਲੈਣ ਵਾਲੇ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿਣਗੇ! (ਯੂਹੰਨਾ 3:16, 36; ਪਰਕਾਸ਼ ਦੀ ਪੋਥੀ 21:3, 4) ਇਹ ਮੁਕਤੀ ਵੀ ਉਨ੍ਹਾਂ “ਅਚਰਜ ਕੰਮਾਂ” ਦੀ ਸੂਚੀ ਵਿਚ ਸ਼ਾਮਲ ਹੈ ਜਿਨ੍ਹਾਂ ਬਾਰੇ ਮਸੀਹੀ ਜ਼ਬੂਰਾਂ ਦੇ ਲਿਖਾਰੀ ਦੀ ਪ੍ਰੇਰਣਾ ਅਨੁਸਾਰ ਦੂਸਰਿਆਂ ਨੂੰ ਦੱਸਦੇ ਹਨ: “ਕੌਮਾਂ ਦੇ ਵਿੱਚ [ਪਰਮੇਸ਼ੁਰ] ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਣਨ ਕਰੋ। ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ ਹੈ, ਸਾਰੇ ਦੇਵਤਿਆਂ ਨਾਲੋਂ ਉਹ ਭੈ ਦਾਇਕ ਹੈ!”—ਜ਼ਬੂਰ 96:3, 4.
ਸੁਆਮੀ ਦੀ ਮਿਸਾਲ
4-6. (ੳ) ਯਹੋਵਾਹ ਦੇ ਗਵਾਹਾਂ ਦੇ ਜੋਸ਼ ਦਾ ਤੀਸਰਾ ਕਾਰਨ ਕੀ ਹੈ? (ਅ) ਯਿਸੂ ਨੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਕਿਵੇਂ ਜੋਸ਼ ਦਿਖਾਇਆ?
4 ਯਹੋਵਾਹ ਦੇ ਗਵਾਹਾਂ ਦੇ ਜੋਸ਼ ਦਾ ਤੀਸਰਾ ਕਾਰਨ ਹੈ ਕਿ ਉਹ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਦੇ ਹਨ। (1 ਪਤਰਸ 2:21) ਇਸ ਮੁਕੰਮਲ ਇਨਸਾਨ ਨੇ ‘ਗਰੀਬਾਂ ਨੂੰ ਖੁਸ਼ ਖਬਰੀ ਸੁਣਾਉਣ’ ਦੇ ਕੰਮ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ ਸੀ। (ਯਸਾਯਾਹ 61:1; ਲੂਕਾ 4:17-21) ਇਸ ਤਰ੍ਹਾਂ ਉਹ ਇੰਜੀਲ ਜਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰਕ ਬਣਿਆ। ਉਸ ਨੇ ਪੂਰੇ ਗਲੀਲ ਅਤੇ ਯਹੂਦਿਯਾ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕੀਤਾ।’ (ਮੱਤੀ 4:23) ਅਤੇ ਉਸ ਨੂੰ ਪਤਾ ਸੀ ਕਿ ਬਹੁਤ ਸਾਰੇ ਲੋਕ ਇਸ ਖ਼ੁਸ਼ ਖ਼ਬਰੀ ਨੂੰ ਸੁਣਨਗੇ, ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”—ਮੱਤੀ 9:37, 38.
5 ਆਪਣੀ ਪ੍ਰਾਰਥਨਾ ਅਨੁਸਾਰ ਯਿਸੂ ਨੇ ਦੂਸਰਿਆਂ ਨੂੰ ਵੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਦੀ ਸਿਖਲਾਈ ਦਿੱਤੀ। ਬਾਅਦ ਵਿਚ ਉਸ ਨੇ ਆਪਣੇ ਰਸੂਲਾਂ ਨੂੰ ਘੱਲਿਆ ਤੇ ਉਨ੍ਹਾਂ ਨੂੰ ਇਹ ਹਿਦਾਇਤ ਦਿੱਤੀ: “ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ।” ਕੀ ਇਹ ਚੰਗੀ ਗੱਲ ਨਹੀਂ ਹੁੰਦੀ ਜੇ ਉਹ ਉਸ ਸਮੇਂ ਦੀਆਂ ਸਮਾਜਕ ਬੁਰਾਈਆਂ ਨੂੰ ਦੂਰ ਕਰਨ ਲਈ ਕੁਝ ਕਰਦੇ? ਜਾਂ ਕੀ ਉਨ੍ਹਾਂ ਨੂੰ ਉਸ ਵੇਲੇ ਫੈਲੇ ਬੇਮੁਹਾਰੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਰਾਜਨੀਤੀ ਵਿਚ ਨਹੀਂ ਚਲੇ ਜਾਣਾ ਚਾਹੀਦਾ ਸੀ? ਨਹੀਂ, ਇਸ ਦੀ ਬਜਾਇ ਯਿਸੂ ਨੇ ਸਾਰੇ ਮਸੀਹੀ ਪ੍ਰਚਾਰਕਾਂ ਲਈ ਇਕ ਮਿਆਰ ਕਾਇਮ ਕੀਤਾ ਜਦੋਂ ਉਸ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਸੀ: ‘ਤੁਰਦੇ ਤੁਰਦੇ ਪਰਚਾਰ ਕਰੋ।’—ਮੱਤੀ 10:5-7.
6 ਬਾਅਦ ਵਿਚ ਯਿਸੂ ਨੇ ਚੇਲਿਆਂ ਦੇ ਇਕ ਹੋਰ ਸਮੂਹ ਨੂੰ ਇਹ ਐਲਾਨ ਕਰਨ ਲਈ ਘੱਲਿਆ ਸੀ: ‘ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।’ ਜਦੋਂ ਚੇਲਿਆਂ ਨੇ ਵਾਪਸ ਆ ਕੇ ਯਿਸੂ ਨੂੰ ਆਪਣੇ ਪ੍ਰਚਾਰ ਕੰਮ ਦੀ ਕਾਮਯਾਬੀ ਬਾਰੇ ਦੱਸਿਆ, ਤਾਂ ਯਿਸੂ ਨੂੰ ਬਹੁਤ ਖ਼ੁਸ਼ੀ ਹੋਈ। ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ।” (ਲੂਕਾ 10:1, 8, 9, 21) ਯਿਸੂ ਦੇ ਚੇਲੇ ਪਹਿਲਾਂ ਮਿਹਨਤੀ ਮਛੇਰੇ, ਕਿਸਾਨ ਜਾਂ ਇਸ ਤਰ੍ਹਾਂ ਦੇ ਹੋਰ ਛੋਟੇ-ਮੋਟੇ ਕੰਮ ਕਰਨ ਵਾਲੇ ਲੋਕ ਸਨ। ਉਹ ਦੇਸ਼ ਦੇ ਪੜ੍ਹੇ-ਲਿਖੇ ਧਾਰਮਿਕ ਆਗੂਆਂ ਦੀ ਤੁਲਨਾ ਵਿਚ ਨਿਆਣੇ ਸਨ। ਪਰ ਇਨ੍ਹਾਂ ਚੇਲਿਆਂ ਨੂੰ ਸਭ ਤੋਂ ਵਧੀਆ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਦੀ ਸਿਖਲਾਈ ਦਿੱਤੀ ਗਈ ਸੀ।
7. ਯਿਸੂ ਦੇ ਸਵਰਗ ਚਲੇ ਜਾਣ ਤੋਂ ਬਾਅਦ ਉਸ ਦੇ ਪੈਰੋਕਾਰਾਂ ਨੇ ਪਹਿਲਾਂ ਕਿਨ੍ਹਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ?
7 ਯਿਸੂ ਦੇ ਸਵਰਗ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਪੈਰੋਕਾਰ ਮੁਕਤੀ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹੇ। (ਰਸੂਲਾਂ ਦੇ ਕਰਤੱਬ 2:21, 38-40) ਉਨ੍ਹਾਂ ਨੇ ਪਹਿਲਾਂ ਕਿਨ੍ਹਾਂ ਨੂੰ ਪ੍ਰਚਾਰ ਕੀਤਾ ਸੀ? ਕੀ ਉਹ ਉਨ੍ਹਾਂ ਕੌਮਾਂ ਕੋਲ ਗਏ ਜਿਨ੍ਹਾਂ ਨੂੰ ਯਹੋਵਾਹ ਬਾਰੇ ਨਹੀਂ ਪਤਾ ਸੀ? ਨਹੀਂ, ਪਹਿਲਾਂ ਉਨ੍ਹਾਂ ਨੇ ਇਸਰਾਏਲ ਕੌਮ ਨੂੰ ਪ੍ਰਚਾਰ ਕੀਤਾ ਜਿਹੜੀ 1,500 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਯਹੋਵਾਹ ਨੂੰ ਜਾਣਦੀ ਸੀ। ਕੀ ਉਨ੍ਹਾਂ ਦਾ ਉਸ ਦੇਸ਼ ਵਿਚ ਪ੍ਰਚਾਰ ਕਰਨਾ ਜਾਇਜ਼ ਸੀ ਜਿੱਥੇ ਪਹਿਲਾਂ ਹੀ ਯਹੋਵਾਹ ਦੀ ਉਪਾਸਨਾ ਕੀਤੀ ਜਾਂਦੀ ਸੀ? ਜੀ ਹਾਂ। ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ . . . ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂਲਾਂ ਦੇ ਕਰਤੱਬ 1:8) ਇਸਰਾਏਲ ਦੇ ਲੋਕਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਨ ਦੀ ਉੱਨੀ ਹੀ ਲੋੜ ਸੀ ਜਿੰਨੀ ਕਿ ਦੂਸਰੀਆਂ ਕੌਮਾਂ ਦੇ ਲੋਕਾਂ ਨੂੰ।
8. ਅੱਜ ਯਹੋਵਾਹ ਦੇ ਗਵਾਹ ਕਿਵੇਂ ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਦੀ ਨਕਲ ਕਰਦੇ ਹਨ?
8 ਇਸੇ ਤਰ੍ਹਾਂ ਯਹੋਵਾਹ ਦੇ ਗਵਾਹ ਅੱਜ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਦੇ ਹਨ। ਉਹ ਯੂਹੰਨਾ ਦੁਆਰਾ ਦੇਖੇ ਗਏ ਦੂਤ ਨੂੰ ਪੂਰਾ-ਪੂਰਾ ਸਾਥ ਦਿੰਦੇ ਹਨ ਜਿਸ ਕੋਲ “ਸਦੀਪਕਾਲ ਦੀ ਇੰਜੀਲ” ਸੀ “ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” (ਪਰਕਾਸ਼ ਦੀ ਪੋਥੀ 14:6) ਸਾਲ 2001 ਵਿਚ ਉਨ੍ਹਾਂ ਨੇ ਦੁਨੀਆਂ ਦੇ 235 ਦੇਸ਼ਾਂ ਤੇ ਇਲਾਕਿਆਂ ਵਿਚ ਜੋਸ਼ ਨਾਲ ਪ੍ਰਚਾਰ ਕੀਤਾ। ਉਨ੍ਹਾਂ ਨੇ ਈਸਾਈ ਦੇਸ਼ਾਂ ਵਿਚ ਵੀ ਪ੍ਰਚਾਰ ਕੀਤਾ। ਕੀ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਯਹੋਵਾਹ ਦੇ ਗਵਾਹਾਂ ਲਈ ਗ਼ਲਤ ਹੈ ਜਿੱਥੇ ਪਹਿਲਾਂ ਹੀ ਈਸਾਈ-ਜਗਤ ਨੇ ਆਪਣੇ ਗਿਰਜੇ ਬਣਾਏ ਹੋਏ ਹਨ? ਕੁਝ ਲੋਕ ਕਹਿੰਦੇ ਹਨ ਕਿ ਇਹ ਗ਼ਲਤ ਹੈ ਅਤੇ ਉਹ ਸੋਚਦੇ ਹਨ ਕਿ ਗਵਾਹ ਆਪਣੇ ਪ੍ਰਚਾਰ ਕੰਮ ਰਾਹੀਂ ਗਿਰਜੇ ਦੇ ਮੈਂਬਰਾਂ ਨੂੰ “ਖੋਹ” ਰਹੇ ਹਨ। ਪਰ ਯਹੋਵਾਹ ਦੇ ਗਵਾਹ ਹਮੇਸ਼ਾ ਇਹ ਯਾਦ ਰੱਖਦੇ ਹਨ ਕਿ ਯਿਸੂ ਆਪਣੇ ਸਮੇਂ ਦੇ ਮਸਕੀਨ ਯਹੂਦੀਆਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਭਾਵੇਂ ਉਸ ਵੇਲੇ ਜਾਜਕ ਜਾਂ ਧਾਰਮਿਕ ਆਗੂ ਸਨ, ਪਰ ਯਿਸੂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਤੋਂ ਨਹੀਂ ਝਿਜਕਿਆ। ਉਸ ਨੂੰ ‘ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ।’ (ਮੱਤੀ 9:36) ਜਦੋਂ ਯਹੋਵਾਹ ਦੇ ਗਵਾਹ ਉਨ੍ਹਾਂ ਮਸਕੀਨ ਲੋਕਾਂ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਰਾਜ ਦੀ ਕੋਈ ਜਾਣਕਾਰੀ ਨਹੀਂ ਹੈ, ਤਾਂ ਕੀ ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਿੱਛੇ ਹੱਟਣਾ ਚਾਹੀਦਾ ਹੈ ਕਿਉਂਕਿ ਕੋਈ ਧਰਮ ਉਨ੍ਹਾਂ ਉੱਤੇ ਆਪਣਾ ਹੱਕ ਜਤਾਉਂਦਾ ਹੈ? ਯਿਸੂ ਦੇ ਰਸੂਲਾਂ ਦੀ ਮਿਸਾਲ ਉੱਤੇ ਚੱਲਦੇ ਹੋਏ ਅਸੀਂ ਜਵਾਬ ਦਿੰਦੇ ਹਾਂ ਕਿ ਸਾਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਬਿਨਾਂ ਕਿਸੇ ਪੱਖਪਾਤ ਦੇ “ਸਾਰੀਆਂ ਕੌਮਾਂ” ਵਿਚ ਕੀਤਾ ਜਾਣਾ ਚਾਹੀਦਾ ਹੈ।—ਮਰਕੁਸ 13:10.
ਪਹਿਲੀ ਸਦੀ ਦੇ ਸਾਰੇ ਮਸੀਹੀਆਂ ਨੇ ਪ੍ਰਚਾਰ ਕੀਤਾ
9. ਪਹਿਲੀ ਸਦੀ ਵਿਚ ਮਸੀਹੀ ਕਲੀਸਿਯਾ ਦੇ ਕਿਨ੍ਹਾਂ ਲੋਕਾਂ ਨੇ ਪ੍ਰਚਾਰ ਦਾ ਕੰਮ ਕੀਤਾ ਸੀ?
9 ਪਹਿਲੀ ਸਦੀ ਵਿਚ ਕਿਨ੍ਹਾਂ ਨੇ ਪ੍ਰਚਾਰ ਦਾ ਕੰਮ ਕੀਤਾ ਸੀ? ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਸਾਰੇ ਮਸੀਹੀ ਪ੍ਰਚਾਰ ਦਾ ਕੰਮ ਕਰਦੇ ਸਨ। ਲੇਖਕ ਡਬਲਯੂ. ਐੱਸ. ਵਿਲਿਅਮਜ਼ ਕਹਿੰਦਾ ਹੈ: “ਇਹ ਆਮ ਮੰਨਿਆ ਜਾਂਦਾ ਹੈ ਕਿ ਮੁਢਲੇ ਚਰਚ ਦੇ ਸਾਰੇ ਮਸੀਹੀ . . . ਇੰਜੀਲ ਦਾ ਪ੍ਰਚਾਰ ਕਰਦੇ ਸਨ।” ਪੰਤੇਕੁਸਤ 33 ਸਾ.ਯੁ. ਦੇ ਦਿਨ ਵਾਪਰੀਆਂ ਘਟਨਾਵਾਂ ਬਾਰੇ ਬਾਈਬਲ ਦੱਸਦੀ ਹੈ: “ਉਹ ਸੱਭੇ [ਆਦਮੀ ਤੇ ਤੀਵੀਆਂ] ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।” ਆਦਮੀ-ਤੀਵੀਆਂ, ਛੋਟੇ-ਵੱਡੇ, ਗ਼ੁਲਾਮ-ਮਾਲਕ, ਹਰ ਤਰ੍ਹਾਂ ਦੇ ਲੋਕ ਪ੍ਰਚਾਰ ਕਰਦੇ ਸਨ। (ਰਸੂਲਾਂ ਦੇ ਕਰਤੱਬ 1:14; 2:1, 4, 17, 18; ਯੋਏਲ 2:28, 29; ਗਲਾਤੀਆਂ 3:28) ਜਦੋਂ ਬਹੁਤ ਸਾਰੇ ਮਸੀਹੀਆਂ ਨੂੰ ਅਤਿਆਚਾਰ ਕਰਕੇ ਯਰੂਸ਼ਲਮ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ, ਤਾਂ “ਜਿਹੜੇ ਖਿੰਡ ਗਏ ਸਨ ਬਚਨ ਦੀ ਖੁਸ਼ ਖਬਰੀ ਸੁਣਾਉਂਦੇ ਫਿਰੇ।” (ਰਸੂਲਾਂ ਦੇ ਕਰਤੱਬ 8:4) ਸਿਰਫ਼ ਕੁਝ ਨਿਯੁਕਤ ਕੀਤੇ ਗਏ ਲੋਕਾਂ ਨੇ ਹੀ ਨਹੀਂ ਸਗੋਂ ਸਾਰੇ “ਜਿਹੜੇ ਖਿੰਡ ਗਏ ਸਨ,” ਉਨ੍ਹਾਂ ਨੇ ਪ੍ਰਚਾਰ ਕੀਤਾ।
10. ਯਹੂਦੀ ਵਿਵਸਥਾ ਦੇ ਨਾਸ਼ ਹੋਣ ਤੋਂ ਪਹਿਲਾਂ ਕਿਹੜਾ ਦੁਹਰਾ ਕੰਮ ਪੂਰਾ ਕੀਤਾ ਗਿਆ ਸੀ?
10 ਉਨ੍ਹਾਂ ਮੁਢਲੇ ਸਾਲਾਂ ਦੌਰਾਨ ਸਾਰੇ ਮਸੀਹੀ ਇਸੇ ਤਰ੍ਹਾਂ ਕਰਦੇ ਮੱਤੀ 24:14) ਪਹਿਲੀ ਸਦੀ ਵਿਚ ਇਨ੍ਹਾਂ ਸ਼ਬਦਾਂ ਦੀ ਪੂਰਤੀ ਹੋਈ ਸੀ। ਰੋਮੀਆਂ ਦੁਆਰਾ ਯਹੂਦੀ ਧਾਰਮਿਕ ਅਤੇ ਰਾਜਨੀਤਿਕ ਵਿਵਸਥਾ ਨੂੰ ਤਬਾਹ ਕਰਨ ਤੋਂ ਪਹਿਲਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦੂਰ-ਦੂਰ ਤਕ ਕੀਤਾ ਗਿਆ ਸੀ। (ਕੁਲੁੱਸੀਆਂ 1:23) ਇਸ ਤੋਂ ਇਲਾਵਾ ਯਿਸੂ ਦੇ ਸਾਰੇ ਪੈਰੋਕਾਰਾਂ ਨੇ ਉਸ ਦੇ ਇਸ ਹੁਕਮ ਨੂੰ ਮੰਨਿਆ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਪਹਿਲੀ ਸਦੀ ਦੇ ਮਸੀਹੀਆਂ ਨੇ ਨਿਮਰ ਲੋਕਾਂ ਨੂੰ ਯਿਸੂ ਵਿਚ ਵਿਸ਼ਵਾਸ ਕਰਨ ਲਈ ਉਤਸ਼ਾਹਿਤ ਕਰ ਕੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਲਈ ਛੱਡ ਨਹੀਂ ਦਿੱਤਾ, ਜਿਵੇਂ ਕਿ ਅੱਜ ਧਰਮ ਦੇ ਕੁਝ ਪ੍ਰਚਾਰਕ ਕਰਦੇ ਹਨ। ਇਸ ਦੀ ਬਜਾਇ, ਉਨ੍ਹਾਂ ਨੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਨਾ ਸਿਖਾਇਆ, ਕਲੀਸਿਯਾਵਾਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਤਾਂਕਿ ਉਹ ਵੀ ਅੱਗੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਚੇਲੇ ਬਣਾ ਸਕਣ। (ਰਸੂਲਾਂ ਦੇ ਕਰਤੱਬ 14:21-23) ਯਹੋਵਾਹ ਦੇ ਗਵਾਹ ਅੱਜ ਇਸੇ ਨਮੂਨੇ ਉੱਤੇ ਚੱਲਦੇ ਹਨ।
ਰਹੇ। ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (11. ਅੱਜ ਮਨੁੱਖਜਾਤੀ ਲਈ ਸਭ ਤੋਂ ਵਧੀਆ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਕੌਣ ਹਿੱਸਾ ਲੈ ਰਹੇ ਹਨ?
11 ਪੌਲੁਸ ਅਤੇ ਬਰਨਬਾਸ ਵਰਗੇ ਪਹਿਲੀ ਸਦੀ ਦੇ ਕਈ ਮਸੀਹੀਆਂ ਦੀ ਮਿਸਾਲ ਉੱਤੇ ਚੱਲਦੇ ਹੋਏ, ਯਹੋਵਾਹ ਦੇ ਬੁਹਤ ਸਾਰੇ ਗਵਾਹ ਦੂਸਰੇ ਦੇਸ਼ਾਂ ਵਿਚ ਰਹਿਣ ਅਤੇ ਪ੍ਰਚਾਰ ਕਰਨ ਲਈ ਗਏ ਹਨ। ਉਨ੍ਹਾਂ ਦੀ ਮਿਹਨਤ ਤੋਂ ਲੋਕਾਂ ਨੂੰ ਬਹੁਤ ਲਾਭ ਪਹੁੰਚਿਆ ਹੈ ਕਿਉਂਕਿ ਉਨ੍ਹਾਂ ਨੇ ਰਾਜਨੀਤੀ ਵਿਚ ਸ਼ਾਮਲ ਨਾ ਹੋ ਕੇ ਆਪਣਾ ਪੂਰਾ ਧਿਆਨ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਲਗਾਇਆ ਹੈ। ਉਨ੍ਹਾਂ ਨੇ ਯਿਸੂ ਦੇ ਇਸ ਹੁਕਮ ਨੂੰ ਮੰਨਿਆ ਹੈ: ‘ਤੁਰਦੇ ਤੁਰਦੇ ਪਰਚਾਰ ਕਰੋ।’ ਪਰ ਜ਼ਿਆਦਾਤਰ ਯਹੋਵਾਹ ਦੇ ਗਵਾਹ ਦੂਸਰੇ ਦੇਸ਼ਾਂ ਵਿਚ ਜਾ ਕੇ ਪ੍ਰਚਾਰ ਨਹੀਂ ਕਰਦੇ। ਬਹੁਤ ਸਾਰੇ ਗਵਾਹ ਨੌਕਰੀਆਂ ਕਰਦੇ ਹਨ ਤੇ ਕਈ ਅਜੇ ਸਕੂਲਾਂ ਵਿਚ ਪੜ੍ਹਦੇ ਹਨ। ਕੁਝ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਹੇ ਹਨ। ਪਰ ਸਾਰੇ ਗਵਾਹ ਦੂਸਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ ਜੋ ਉਨ੍ਹਾਂ ਨੇ ਸਿੱਖੀ ਹੈ। ਛੋਟੇ-ਵੱਡੇ, ਆਦਮੀ-ਤੀਵੀਆਂ, ਸਾਰੇ ਬਾਈਬਲ ਦੀ ਇਸ ਪ੍ਰੇਰਣਾ ਉੱਤੇ ਖ਼ੁਸ਼ੀ-ਖ਼ੁਸ਼ੀ ਚੱਲਦੇ ਹਨ: ‘ਬਚਨ ਦਾ ਪਰਚਾਰ ਕਰੋ। ਵੇਲੇ ਕੁਵੇਲੇ ਉਸ ਵਿੱਚ ਲੱਗੇ ਰਹੁ।’ (2 ਤਿਮੋਥਿਉਸ 4:2) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ‘ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਹੀਂ ਹਟਦੇ ਭਈ ਯਿਸੂ ਉਹੀ ਮਸੀਹ ਹੈ!’ (ਰਸੂਲਾਂ ਦੇ ਕਰਤੱਬ 5:42) ਉਹ ਮਨੁੱਖਜਾਤੀ ਲਈ ਸਭ ਤੋਂ ਵਧੀਆ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ।
ਪ੍ਰਚਾਰ ਜਾਂ ਜ਼ਬਰੀ ਧਰਮ-ਪਰਿਵਰਤਨ?
12. ਅੱਜ ਕਿਉਂ ਬਹੁਤ ਸਾਰੇ ਲੋਕ ਪ੍ਰਚਾਰ ਕਰਨ ਅਤੇ ਧਰਮ ਬਦਲਣ ਨੂੰ ਗ਼ਲਤ ਮੰਨਦੇ ਹਨ?
12 ਅੱਜ ਕੁਝ ਲੋਕ ਕਹਿੰਦੇ ਹਨ ਕਿ ਧਰਮ-ਪਰਿਵਰਤਨ ਕਰਨਾ ਗ਼ਲਤ ਹੈ। ਵਰਲਡ ਕੌਂਸਲ ਆਫ਼ ਚਰਚਿਸ ਦੁਆਰਾ ਛਾਪੇ ਗਏ ਇਕ ਡਾਕੂਮੈਂਟ ਵਿਚ ਕਿਹਾ ਗਿਆ ਸੀ ਕਿ “ਧਰਮ-ਪਰਿਵਰਤਨ ਕਰਨਾ ਪਾਪ ਹੈ।” ਕਿਉਂ? ਕੈਥੋਲਿਕ ਵਰਲਡ ਰਿਪੋਰਟ ਕਹਿੰਦੀ ਹੈ: “ਆਰਥੋਡਾਕਸ ਚਰਚ ਦੀਆਂ ਲਗਾਤਾਰ ਸ਼ਿਕਾਇਤਾਂ ਕਰਕੇ ਹੁਣ ਇਹ ਆਮ ਸਮਝਿਆ ਜਾਂਦਾ ਹੈ ਕਿ ਪ੍ਰਚਾਰਕ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਦੇ ਹਨ।”
13. ਕਿਹੜੀਆਂ ਕੁਝ ਉਦਾਹਰਣਾਂ ਦਿਖਾਉਂਦੀਆਂ ਕਿ ਜ਼ਬਰਦਸਤੀ ਧਰਮ ਬਦਲਣ ਵਿਚ ਖ਼ਰਾਬੀ ਹੋ ਸਕਦੀ ਹੈ?
13 ਕੀ ਦੂਸਰੇ ਲੋਕਾਂ ਦੇ ਧਰਮ ਨੂੰ ਬਦਲਣ ਵਿਚ ਕੋਈ ਖ਼ਰਾਬੀ ਹੈ? ਹਾਂ, ਖ਼ਰਾਬੀ ਹੋ ਸਕਦੀ ਹੈ। ਯਿਸੂ ਨੇ ਕਿਹਾ ਸੀ ਕਿ ਭਾਵੇਂ ਗ੍ਰੰਥੀ ਤੇ ਫ਼ਰੀਸੀ ਦੂਸਰੇ ਲੋਕਾਂ ਨੂੰ ਆਪਣੇ ਪੰਥ ਵਿਚ ਰਲਾਉਣ ਦੀ ਬਹੁਤ ਕੋਸ਼ਿਸ਼ ਕਰਦੇ ਸਨ, ਪਰ ਇਸ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ ਸੀ। (ਮੱਤੀ 23:15) ਯਕੀਨਨ, “ਜ਼ਬਰਦਸਤੀ ਕਿਸੇ ਦਾ ਧਰਮ ਬਦਲਣਾ” ਗ਼ਲਤ ਹੈ। ਉਦਾਹਰਣ ਲਈ, ਇਤਿਹਾਸਕਾਰ ਜੋਸੀਫ਼ਸ ਨੇ ਦੱਸਿਆ ਕਿ ਜਦੋਂ ਮੈਕਾਬੀ ਰਾਜੇ ਜੌਨ ਹਿਰਕੇਨਸ ਨੇ ਅਦੋਮੀਆਂ ਨੂੰ ਆਪਣੇ ਅਧੀਨ ਕਰ ਲਿਆ ਸੀ, ਤਾਂ ਉਸ ਨੇ “ਇਸ ਸ਼ਰਤ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਕਿ ਉਹ ਆਪਣੀ ਸੁੰਨਤ ਕਰਾਉਣ ਅਤੇ ਯਹੂਦੀਆਂ ਦੇ ਨਿਯਮਾਂ ਉੱਤੇ ਚੱਲਣ।” ਜੇ ਅਦੋਮੀਆਂ ਨੇ ਯਹੂਦੀ ਸ਼ਾਸਨ ਅਧੀਨ ਰਹਿਣਾ ਸੀ, ਤਾਂ ਉਨ੍ਹਾਂ ਨੂੰ ਯਹੂਦੀ ਧਰਮ ਨੂੰ ਮੰਨਣਾ ਪੈਣਾ ਸੀ। ਇਤਿਹਾਸਕਾਰ ਸਾਨੂੰ ਦੱਸਦੇ ਹਨ ਕਿ ਅੱਠਵੀਂ ਸਦੀ ਸਾ.ਯੁ. ਵਿਚ ਸ਼ਾਰਲਮੇਨ ਨੇ ਉੱਤਰੀ ਯੂਰਪ ਦੇ ਸੈਕਸਨ ਲੋਕਾਂ ਨੂੰ ਜਿੱਤ ਲਿਆ ਸੀ ਤੇ ਉਨ੍ਹਾਂ ਉੱਤੇ ਜ਼ੁਲਮ ਕਰ ਕੇ ਉਨ੍ਹਾਂ ਦੇ ਧਰਮ ਨੂੰ ਜ਼ਬਰਦਸਤੀ ਬਦਲ ਦਿੱਤਾ ਸੀ। * ਪਰ ਕੀ ਸੈਕਸਨ ਲੋਕਾਂ ਜਾਂ ਅਦੋਮੀਆਂ ਨੇ ਦਿਲੋਂ ਆਪਣੇ ਧਰਮ ਨੂੰ ਬਦਲਿਆ ਸੀ? ਉਦਾਹਰਣ ਲਈ, ਨਿਆਣੇ ਯਿਸੂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਵਾਲਾ ਅਦੋਮੀ ਰਾਜਾ ਹੇਰੋਦੇਸ ਪਰਮੇਸ਼ੁਰ ਦੁਆਰਾ ਲਿਖਵਾਈ ਮੂਸਾ ਦੀ ਬਿਵਸਥਾ ਉੱਤੇ ਕਿੰਨਾ ਕੁ ਚੱਲਦਾ ਸੀ?—ਮੱਤੀ 2:1-18.
14. ਈਸਾਈ-ਜਗਤ ਦੇ ਕੁਝ ਮਿਸ਼ਨਰੀ ਲੋਕਾਂ ਨੂੰ ਆਪਣਾ ਧਰਮ ਬਦਲਣ ਲਈ ਕਿਵੇਂ ਮਜਬੂਰ ਕਰਦੇ ਹਨ?
14 ਕੀ ਅੱਜ ਵੀ ਲੋਕਾਂ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ? ਹਾਂ, ਇਕ ਤਰੀਕੇ ਨਾਲ ਕੁਝ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਕਿਹਾ ਗਿਆ ਹੈ ਕਿ ਈਸਾਈ-ਜਗਤ ਦੇ ਕੁਝ ਮਿਸ਼ਨਰੀ ਲੋਕਾਂ ਨੂੰ ਇਹ ਲਾਲਚ ਦਿੰਦੇ ਹਨ ਕਿ ਜੇ ਉਹ ਈਸਾਈ ਬਣ ਜਾਣ, ਤਾਂ ਉਹ ਉਨ੍ਹਾਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣਗੇ। ਜਾਂ ਇਕ ਭੁੱਖੇ ਮਰ ਰਹੇ ਸ਼ਰਨਾਰਥੀ ਨੂੰ ਕੁਝ ਭੋਜਨ ਲਈ ਮਿਸ਼ਨਰੀਆਂ ਦਾ ਪੂਰਾ ਉਪਦੇਸ਼ ਸੁਣਨ ਲਈ ਮਜਬੂਰ ਹੋਣਾ ਪੈਂਦਾ ਹੈ। ਸਾਲ 1992 ਵਿਚ ਆਰਥੋਡਾਕਸ ਬਿਸ਼ਪਾਂ ਦੇ ਇਕ ਸੰਮੇਲਨ ਵਿਚ ਦੱਸਿਆ ਗਿਆ ਕਿ “ਭੌਤਿਕ ਚੀਜ਼ਾਂ ਦਾ ਲਾਲਚ ਦੇ ਕੇ ਜਾਂ ਕਈ ਵਾਰ ਤਰ੍ਹਾਂ-ਤਰ੍ਹਾਂ ਦੀ ਜ਼ੋਰ-ਜ਼ਬਰਦਸਤੀ ਕਰਕੇ ਲੋਕਾਂ ਦਾ ਧਰਮ ਬਦਲਿਆ ਜਾਂਦਾ ਹੈ।”
15. ਕੀ ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਧਰਮ ਬਦਲਣ ਲਈ ਮਜਬੂਰ ਕਰਦੇ ਹਨ?
15 ਆਪਣੇ ਧਰਮ ਨੂੰ ਬਦਲਣ ਲਈ ਲੋਕਾਂ ਨੂੰ ਮਜਬੂਰ ਕਰਨਾ ਗ਼ਲਤ ਹੈ। ਯਕੀਨਨ, ਯਹੋਵਾਹ ਦੇ ਗਵਾਹ ਇਸ ਤਰ੍ਹਾਂ ਨਹੀਂ ਕਰਦੇ। * ਉਹ ਕਦੀ ਵੀ ਦੂਸਰਿਆਂ ਉੱਤੇ ਆਪਣੇ ਵਿਚਾਰ ਨਹੀਂ ਥੋਪਦੇ। ਇਸ ਦੀ ਬਜਾਇ, ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ਸਾਰਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਜੋ ਵੀ ਇਸ ਖ਼ੁਸ਼ ਖ਼ਬਰੀ ਪ੍ਰਤੀ ਹੁੰਗਾਰਾ ਭਰਦਾ ਹੈ, ਉਸ ਨੂੰ ਬਾਈਬਲ ਅਧਿਐਨ ਦੁਆਰਾ ਹੋਰ ਗਿਆਨ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ। ਅਜਿਹੇ ਦਿਲਚਸਪੀ ਰੱਖਣ ਵਾਲੇ ਲੋਕ ਬਾਈਬਲ ਦੇ ਸਹੀ ਗਿਆਨ ਦੇ ਆਧਾਰ ਤੇ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਵਿਚ ਨਿਹਚਾ ਰੱਖਣੀ ਸਿੱਖਦੇ ਹਨ। ਸਿੱਟੇ ਵਜੋਂ, ਉਹ ਮੁਕਤੀ ਲਈ ਪਰਮੇਸ਼ੁਰ ਯਹੋਵਾਹ ਦਾ ਨਾਂ ਲੈਂਦੇ ਹਨ। (ਰੋਮੀਆਂ 10:13, 14, 17) ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨਾ ਜਾਂ ਨਾ ਕਰਨਾ, ਇਹ ਉਨ੍ਹਾਂ ਦੀ ਮਰਜ਼ੀ ਹੈ। ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾਂਦਾ। ਜੇ ਮਜਬੂਰ ਕੀਤਾ ਜਾਵੇ, ਤਾਂ ਧਰਮ-ਪਰਿਵਰਤਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਪਰਮੇਸ਼ੁਰ ਸਿਰਫ਼ ਉਹੋ ਭਗਤੀ ਸਵੀਕਾਰ ਕਰਦਾ ਹੈ ਜੋ ਦਿਲੋਂ ਕੀਤੀ ਜਾਂਦੀ ਹੈ।—ਬਿਵਸਥਾ ਸਾਰ 6:4, 5; 10:12.
ਆਧੁਨਿਕ ਦਿਨਾਂ ਵਿਚ ਪ੍ਰਚਾਰ
16. ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਵਿਚ ਕਿਵੇਂ ਵਾਧਾ ਹੋਇਆ ਹੈ?
16 ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਮੱਤੀ 24:14 ਦੀ ਪੂਰਤੀ ਵਿਚ ਵੱਡੇ ਪੱਧਰ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇਸ ਪ੍ਰਚਾਰ ਕੰਮ ਵਿਚ ਉਨ੍ਹਾਂ ਦਾ ਇਕ ਮੁੱਖ ਔਜ਼ਾਰ ਹੈ ਪਹਿਰਾਬੁਰਜ ਰਸਾਲਾ। * ਸਾਲ 1879 ਵਿਚ ਜਦੋਂ ਪਹਿਰਾਬੁਰਜ ਦੇ ਪਹਿਲੇ ਅੰਕ ਛਪੇ ਸਨ, ਤਾਂ ਇਸ ਰਸਾਲੇ ਦੀਆਂ ਇਕ ਭਾਸ਼ਾ ਵਿਚ ਲਗਭਗ 6,000 ਕਾਪੀਆਂ ਵੰਡੀਆਂ ਗਈਆਂ ਸਨ। 122 ਤੋਂ ਜ਼ਿਆਦਾ ਸਾਲਾਂ ਬਾਅਦ, ਸੰਨ 2001 ਵਿਚ ਇਸ ਰਸਾਲੇ ਦੀਆਂ 141 ਭਾਸ਼ਾਵਾਂ ਵਿਚ 2,30,42,000 ਕਾਪੀਆਂ ਵੰਡੀਆਂ ਗਈਆਂ ਸਨ। ਇਸ ਵਾਧੇ ਦੇ ਨਾਲ-ਨਾਲ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਵਿਚ ਵੀ ਵਾਧਾ ਹੋਇਆ ਹੈ। ਉੱਨੀਵੀਂ ਸਦੀ ਵਿਚ ਹਰ ਸਾਲ ਕੁਝ ਹਜ਼ਾਰ ਘੰਟਿਆਂ ਦੀ ਤੁਲਨਾ ਵਿਚ ਸਾਲ 2001 ਵਿਚ ਪ੍ਰਚਾਰ ਕੰਮ ਵਿਚ 1,16,90,82,225 ਘੰਟੇ ਲਗਾਏ ਗਏ ਸਨ। ਜ਼ਰਾ ਸੋਚੋ, ਪਿਛਲੇ ਸਾਲ ਔਸਤਨ ਹਰ ਮਹੀਨੇ 49,21,702 ਮੁਫ਼ਤ ਬਾਈਬਲ ਅਧਿਐਨ ਕਰਾਏ ਗਏ ਸਨ। ਇੰਨੀ ਵੱਡੀ ਪ੍ਰਾਪਤੀ 61,17,666 ਸਰਗਰਮ ਰਾਜ ਪ੍ਰਚਾਰਕਾਂ ਦੀ ਮਿਹਨਤ ਦਾ ਫਲ ਸੀ।
17. (ੳ) ਅੱਜ ਕਿਹੜੇ ਝੂਠੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ? (ਅ) ਭਾਵੇਂ ਇਕ ਵਿਅਕਤੀ ਦੀ ਭਾਸ਼ਾ, ਕੌਮ ਜਾਂ ਸਮਾਜਕ ਦਰਜਾ ਜੋ ਮਰਜ਼ੀ ਹੋਵੇ, ਪਰ ਉਸ ਨੂੰ ਕੀ ਜਾਣਨ ਦੀ ਲੋੜ ਹੈ?
17 ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।” (ਜ਼ਬੂਰ 96:5) ਅੱਜ ਦੁਨੀਆਂ ਵਿਚ ਕੌਮ, ਕੌਮੀ ਨਿਸ਼ਾਨ, ਮਸ਼ਹੂਰ ਹਸਤੀਆਂ, ਭੌਤਿਕ ਚੀਜ਼ਾਂ ਅਤੇ ਧਨ-ਦੌਲਤ ਨੂੰ ਪੂਜਿਆ ਜਾਂਦਾ ਹੈ। (ਮੱਤੀ 6:24; ਅਫ਼ਸੀਆਂ 5:5; ਕੁਲੁੱਸੀਆਂ 3:5) ਮੋਹਨਦਾਸ ਕੇ. ਗਾਂਧੀ ਨੇ ਇਕ ਵਾਰ ਕਿਹਾ ਸੀ: “ਮੈਂ ਸੋਚਦਾ ਹਾਂ ਕਿ . . . ਯੂਰਪ ਅੱਜ ਸਿਰਫ਼ ਨਾਂ ਦਾ ਹੀ ਮਸੀਹੀ ਰਹਿ ਗਿਆ ਹੈ। ਇਹ ਅਸਲ ਵਿਚ ਧਨ-ਦੌਲਤ ਦੀ ਪੂਜਾ ਕਰਦਾ ਹੈ।” ਹਕੀਕਤ ਇਹ ਹੈ ਕਿ ਹਰ ਜਗ੍ਹਾ ਖ਼ੁਸ਼ ਖ਼ਬਰੀ ਸੁਣਾਏ ਜਾਣ ਦੀ ਲੋੜ ਹੈ। ਹਰ ਇਨਸਾਨ, ਭਾਵੇਂ ਉਸ ਦੀ ਭਾਸ਼ਾ, ਦੇਸ਼ ਜਾਂ ਸਮਾਜਕ ਦਰਜਾ ਜੋ ਵੀ ਹੋਵੇ, ਉਸ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਦੀ ਲੋੜ ਹੈ। ਕਾਸ਼ ਸਾਰੇ ਲੋਕ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਸੁਣਨ: “ਯਹੋਵਾਹ ਨੂੰ ਮੰਨੋ, ਹਾਂ ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ”! (ਜ਼ਬੂਰ 96:7, 8) ਯਹੋਵਾਹ ਦੇ ਗਵਾਹ ਯਹੋਵਾਹ ਬਾਰੇ ਜਾਣਨ ਵਿਚ ਦੂਸਰਿਆਂ ਦੀ ਮਦਦ ਕਰਦੇ ਹਨ ਤਾਂਕਿ ਉਹ ਵੀ ਸਹੀ ਤਰੀਕੇ ਨਾਲ ਉਸ ਦੀ ਮਹਿਮਾ ਕਰ ਸਕਣ। ਤੇ ਜਿਹੜੇ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਉਨ੍ਹਾਂ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ? ਇਨ੍ਹਾਂ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
^ ਪੈਰਾ 13 ਦ ਕੈਥੋਲਿਕ ਐਨਸਾਈਕਲੋਪੀਡੀਆ ਅਨੁਸਾਰ ਚਰਚ ਦੇ ਸੁਧਾਰ ਅੰਦੋਲਨ ਦੌਰਾਨ ਲੋਕਾਂ ਦੇ ਜ਼ਬਰਦਸਤੀ ਧਰਮ ਬਦਲਣ ਨੂੰ ਇਕ ਲਾਤੀਨੀ ਅਖਾਣ ਦੁਆਰਾ ਪ੍ਰਗਟ ਕੀਤਾ ਗਿਆ ਸੀ ਜਿਸ ਦਾ ਮਤਲਬ ਹੈ: “ਜੋ ਦੇਸ਼ ਉੱਤੇ ਰਾਜ ਕਰਦਾ ਹੈ ਉਹੀ ਇਸ ਦਾ ਧਰਮ ਵੀ ਚੁਣਦਾ ਹੈ।”
^ ਪੈਰਾ 15 ਸੰਯੁਕਤ ਰਾਜ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਦੀ 16 ਨਵੰਬਰ 2000 ਨੂੰ ਹੋਈ ਇਕ ਸਭਾ ਵਿਚ ਇਕ ਪ੍ਰਤਿਨਿਧ ਨੇ ਦੱਸਿਆ ਕਿ ਜ਼ਬਰਦਸਤੀ ਧਰਮ-ਪਰਿਵਰਤਨ ਕਰਨ ਵਾਲਿਆਂ ਅਤੇ ਯਹੋਵਾਹ ਦੇ ਗਵਾਹਾਂ ਦੇ ਕੰਮ ਵਿਚ ਫ਼ਰਕ ਹੈ। ਉਸ ਨੇ ਦੱਸਿਆ ਕਿ ਜਦੋਂ ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਪ੍ਰਚਾਰ ਕਰਦੇ ਹਨ, ਤਾਂ ਉਹ ਇਸ ਤਰੀਕੇ ਨਾਲ ਪ੍ਰਚਾਰ ਕਰਦੇ ਹਨ ਕਿ ਜੇ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਤਾਂ ਉਹ “ਮੈਨੂੰ ਦਿਲਚਸਪੀ ਨਹੀਂ ਹੈ” ਕਹਿ ਕੇ ਆਪਣਾ ਦਰਵਾਜ਼ਾ ਬੰਦ ਕਰ ਸਕਦਾ ਹੈ।
^ ਪੈਰਾ 16 ਇਸ ਰਸਾਲੇ ਦਾ ਪੂਰਾ ਨਾਂ ਹੈ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ।
ਕੀ ਤੁਸੀਂ ਸਮਝਾ ਸਕਦੇ ਹੋ?
• ਯਹੋਵਾਹ ਦੇ ਗਵਾਹ ਜੋਸ਼ੀਲੇ ਪ੍ਰਚਾਰਕ ਕਿਉਂ ਹਨ?
• ਯਹੋਵਾਹ ਦੇ ਗਵਾਹ ਉੱਥੇ ਵੀ ਕਿਉਂ ਪ੍ਰਚਾਰ ਕਰਦੇ ਹਨ ਜਿੱਥੇ ਈਸਾਈ-ਜਗਤ ਨੇ ਆਪਣੇ ਗਿਰਜੇ ਸਥਾਪਿਤ ਕੀਤੇ ਹੋਏ ਹਨ?
• ਯਹੋਵਾਹ ਦੇ ਗਵਾਹ ਉਨ੍ਹਾਂ ਲੋਕਾਂ ਤੋਂ ਵੱਖਰੇ ਕਿਉਂ ਹਨ ਜਿਹੜੇ ਦੂਸਰਿਆਂ ਦਾ ਧਰਮ-ਪਰਿਵਰਤਨ ਕਰਦੇ ਹਨ?
• ਆਧੁਨਿਕ ਦਿਨਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਵਿਚ ਕਿਵੇਂ ਵਾਧਾ ਹੋਇਆ ਹੈ?
[Questions]
[ਸਫ਼ੇ 9 ਉੱਤੇ ਤਸਵੀਰ]
ਯਿਸੂ ਇਕ ਜੋਸ਼ੀਲਾ ਪ੍ਰਚਾਰਕ ਸੀ ਤੇ ਉਸ ਨੇ ਇਸ ਕੰਮ ਨੂੰ ਕਰਨ ਲਈ ਦੂਸਰਿਆਂ ਨੂੰ ਵੀ ਸਿਖਲਾਈ ਦਿੱਤੀ ਸੀ
[ਸਫ਼ੇ 10 ਉੱਤੇ ਤਸਵੀਰ]
ਪਹਿਲੀ ਸਦੀ ਵਿਚ ਕਲੀਸਿਯਾ ਦੇ ਸਾਰੇ ਮੈਂਬਰ ਪ੍ਰਚਾਰ ਵਿਚ ਹਿੱਸਾ ਲੈਂਦੇ ਸਨ
[ਸਫ਼ੇ 11 ਉੱਤੇ ਤਸਵੀਰ]
ਕਿਸੇ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕਰਨਾ ਗ਼ਲਤ ਹੈ