ਹੈਨਰੀ ਅੱਠਵਾਂ ਅਤੇ ਬਾਈਬਲ
ਹੈਨਰੀ ਅੱਠਵਾਂ ਅਤੇ ਬਾਈਬਲ
ਵਿੰਸਟਨ ਚਰਚਿਲ ਨੇ ਆਪਣੀ ਕਿਤਾਬ ਅੰਗ੍ਰੇਜ਼ੀ ਬੋਲਣ ਵਾਲੇ ਲੋਕਾਂ ਦਾ ਇਤਿਹਾਸ (ਖੰਡ 2) ਵਿਚ ਲਿਖਿਆ: “ਧਰਮ-ਸੁਧਾਰ ਅੰਦੋਲਨ (ਰਿਫ਼ੋਰਮੇਸ਼ਨ) ਨੇ ਧਰਮ ਦੇ ਖੇਤਰ ਵਿਚ ਵੱਡੀ ਤਬਦੀਲੀ ਲਿਆਂਦੀ। ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕੀ ਬਾਈਬਲ ਪੜ੍ਹਨ ਲੱਗ ਪਏ ਹਨ। ਪੁਰਾਣੀ ਪੀੜ੍ਹੀ ਦੇ ਲੋਕ ਸੋਚਦੇ ਸਨ ਕਿ ਅਗਿਆਨੀ ਲੋਕਾਂ ਦੇ ਹੱਥਾਂ ਵਿਚ ਬਾਈਬਲ ਦੇਣੀ ਖ਼ਤਰਨਾਕ ਹੈ ਤੇ ਸਿਰਫ਼ ਪਾਦਰੀਆਂ ਨੂੰ ਹੀ ਬਾਈਬਲ ਪੜ੍ਹਨੀ ਚਾਹੀਦੀ ਹੈ।”
ਇਹ ਕਿਤਾਬ ਅੱਗੇ ਕਹਿੰਦੀ ਹੈ: “ਟਿੰਡੇਲ ਤੇ ਕਵਰਡੇਲ ਦੁਆਰਾ ਅੰਗ੍ਰੇਜ਼ੀ ਵਿਚ ਤਰਜਮਾ ਕੀਤੀਆਂ ਪੂਰੀਆਂ ਬਾਈਬਲਾਂ ਪਹਿਲੀ ਵਾਰੀ 1535 ਦੀ ਪਤਝੜ ਵਿਚ ਪ੍ਰਕਾਸ਼ਿਤ ਹੋਈਆਂ ਅਤੇ ਹੁਣ ਕਈ ਐਡੀਸ਼ਨ ਛਾਪੇ ਜਾ ਰਹੇ ਸਨ। ਸਰਕਾਰ ਨੇ ਪਾਦਰੀਆਂ ਨੂੰ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਬਾਈਬਲ ਪੜ੍ਹਨ ਲਈ ਉਤਸ਼ਾਹਿਤ ਕਰਨ।” ਸਦੀਆਂ ਤੋਂ ਇੰਗਲੈਂਡ ਦੇ ਲੋਕ ਬਾਈਬਲ ਦੇ ਗਿਆਨ ਤੋਂ ਵਾਂਝੇ ਰਹੇ ਸਨ, ਪਰ ਹੁਣ ਉਹ ਬਾਈਬਲ ਦਾ ਗਿਆਨ ਲੈ ਸਕਦੇ ਸਨ। ਇਸ ਦਾ ਸਿਹਰਾ ਚਰਚ ਨੂੰ ਜਾਣ ਦੀ ਬਜਾਇ ਹੈਨਰੀ ਅੱਠਵੇਂ ਦੀ ਸਰਕਾਰ ਨੂੰ ਜਾਂਦਾ ਹੈ। *
“ਰੂੜ੍ਹੀਵਾਦੀ ਲੋਕਾਂ ਨੂੰ ਇਕ ਹੋਰ ਧੱਕਾ ਉਦੋਂ ਲੱਗਾ ਜਦੋਂ ਸਰਕਾਰ ਨੇ ਪੈਰਿਸ ਵਿਚ ਵੱਡੀ ਗਿਣਤੀ ਵਿਚ ਪਹਿਲਾਂ ਨਾਲੋਂ ਕਿਤੇ ਸੁੰਦਰ ਤੇ ਮਹਿੰਗੀਆਂ ਅੰਗ੍ਰੇਜ਼ੀ ਬਾਈਬਲਾਂ ਛਾਪਣ ਦਾ ਹੁਕਮ ਦਿੱਤਾ। ਸਤੰਬਰ 1538 ਵਿਚ ਦੇਸ਼ ਦੇ ਹਰ ਗਿਰਜੇ ਨੂੰ ਹੁਕਮ ਦਿੱਤਾ ਗਿਆ ਕਿ ਉਨ੍ਹਾਂ ਨੂੰ ਸਭ ਤੋਂ ਵੱਡੀ ਅੰਗ੍ਰੇਜ਼ੀ ਬਾਈਬਲ ਖ਼ਰੀਦ ਕੇ ਆਪਣੇ ਚਰਚ ਵਿਚ ਰੱਖਣੀ ਚਾਹੀਦੀ ਹੈ ਜਿੱਥੇ ਸਾਰੇ ਜਣੇ ਇਸ ਦੀ ਚੰਗੀ ਵਰਤੋਂ ਕਰ ਸਕਣ ਤੇ ਪੜ੍ਹ ਸਕਣ। ਲੰਡਨ ਦੇ ਸੇਂਟ ਪੌਲਜ਼ ਕੈਥੀਡ੍ਰਲ ਵਿਚ ਛੇ ਕਾਪੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਨੂੰ ਪੜ੍ਹਨ ਲਈ ਦਿਨ ਭਰ ਲੋਕ ਚਰਚ ਆਉਂਦੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕੋਈ ਉੱਚੀ ਆਵਾਜ਼ ਵਾਲਾ ਵਿਅਕਤੀ ਮਿਲਦਾ ਸੀ, ਤਾਂ ਉਹ ਉਸ ਨੂੰ ਉੱਚੀ ਆਵਾਜ਼ ਵਿਚ ਬਾਈਬਲ ਪੜ੍ਹਨ ਲਈ ਕਹਿੰਦੇ ਸਨ।”
ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਦੇਸ਼ਾਂ ਵਿਚ ਲੋਕ ਬਾਕਾਇਦਾ ਬਾਈਬਲ ਪੜ੍ਹਨ ਦੇ ਆਪਣੇ ਵਿਸ਼ੇਸ਼-ਸਨਮਾਨ ਦਾ ਫ਼ਾਇਦਾ ਨਹੀਂ ਉਠਾਉਂਦੇ। ਇਹ ਚਿੰਤਾ ਦਾ ਵੱਡਾ ਕਾਰਨ ਹੈ ਕਿਉਂਕਿ ਸਿਰਫ਼ ਬਾਈਬਲ ਹੀ “ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.
[ਫੁਟਨੋਟ]
^ ਪੈਰਾ 3 ਰਾਜਾ ਹੈਨਰੀ ਅੱਠਵੇਂ ਨੇ 1509 ਤੋਂ 1547 ਤਕ ਇੰਗਲੈਂਡ ਉੱਤੇ ਰਾਜ ਕੀਤਾ।
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਹੈਨਰੀ ਅੱਠਵਾਂ: Painting in the Royal Gallery at Kensington, from the book The History of Protestantism (Vol. I)