Skip to content

Skip to table of contents

ਕੀ ਤੁਸੀਂ ਸੱਚੇ ਪਰਮੇਸ਼ੁਰ ਉੱਤੇ ਆਸ ਲਾਉਂਦੇ ਹੋ?

ਕੀ ਤੁਸੀਂ ਸੱਚੇ ਪਰਮੇਸ਼ੁਰ ਉੱਤੇ ਆਸ ਲਾਉਂਦੇ ਹੋ?

ਕੀ ਤੁਸੀਂ ਸੱਚੇ ਪਰਮੇਸ਼ੁਰ ਉੱਤੇ ਆਸ ਲਾਉਂਦੇ ਹੋ?

ਖੋਜੀ ਰੌਬਰਟ ਈ. ਪੀਰੀ ਨੇ 1906 ਵਿਚ ਇਕ ਆਰਕਟਿਕ ਦੇਸ਼ ਦੇਖ ਕੇ ਉਸ ਬਾਰੇ ਰਿਪੋਰਟ ਕੀਤਾ। ਸੱਤ ਸਾਲ ਬਾਅਦ ਅਮੈਰੀਕਨ ਮਿਊਜ਼ੀਅਮ ਆਫ਼ ਨੈਚਰਲ ਹਿਸਟਰੀ ਨੇ ਹੋਰ ਖੋਜੀਆਂ ਨੂੰ ਉੱਥੇ ਇਕ ਯਾਤਰਾ ਤੇ ਭੇਜਿਆ।

ਸ਼੍ਰੀਮਾਨ ਪੀਰੀ ਨੇ ਉੱਤਰੀ ਅਮਰੀਕਾ ਦੇ ਉੱਤਰ-ਪੱਛਮ ਵਿਚ ਕੇਪ ਕੌਲਗੇਟ ਤੋਂ ਕਿਸੇ ਦੂਰ ਦੇ ਇਲਾਕੇ ਦੀਆਂ ਚਿੱਟੀਆਂ ਟੀਸੀਆਂ ਦੇਖੀਆਂ ਸਨ। ਉਸ ਨੇ ਆਪਣੇ ਇਕ ਧਨੀ ਸਮਰਥਕ ਦੇ ਨਾਂ ਤੇ ਉਸ ਦੇਸ਼ ਦਾ ਨਾਂ ਕਰੌਕਰ ਲੈਂਡ ਰੱਖਿਆ। ਉਸ ਦੇ ਮਗਰੋਂ ਆਉਣ ਵਾਲੇ ਖੋਜ ਯਾਤਰੀ ਕਿੰਨੇ ਖ਼ੁਸ਼ ਹੋਏ ਹੋਣੇ ਜਦੋਂ ਉਨ੍ਹਾਂ ਨੇ ਆਪਣੇ ਮੋਹਰੇ ਅਜਿਹਾ ਇਲਾਕਾ ਦੇਖਿਆ ਜਿਸ ਵਿਚ ਪਹਾੜੀਆਂ, ਵਾਦੀਆਂ, ਅਤੇ ਬਰਫ਼ ਨਾਲ ਢਕੀਆਂ ਟੀਸੀਆਂ ਸਨ! ਪਰ ਉਨ੍ਹਾਂ ਨੇ ਬੜੀ ਜਲਦੀ ਪਛਾਣ ਲਿਆ ਕਿ ਉਹ ਜੋ ਦੇਖ ਰਹੇ ਸਨ ਉਹ ਸਿਰਫ਼ ਨਜ਼ਰ ਦਾ ਇਕ ਧੋਖਾ ਸੀ। ਉਸ ਇਲਾਕੇ ਦੇ ਵਾਯੂਮੰਡਲ ਨੇ ਸ਼੍ਰੀਮਾਨ ਪੀਰੀ ਨੂੰ ਵੀ ਧੋਖਾ ਦਿੱਤਾ ਸੀ, ਪਰ ਜਦ ਤਕ ਉਨ੍ਹਾਂ ਨੂੰ ਪਤਾ ਲੱਗਾ ਉਹ ਕਾਫ਼ੀ ਸਮਾਂ, ਦਮ, ਅਤੇ ਪੈਸਾ ਉਸ ਚੀਜ਼ ਦੀ ਖੋਜ ਉੱਤੇ ਲਾ ਚੁੱਕੇ ਸਨ ਜੋ ਅਸਲੀ ਨਹੀਂ ਸੀ।

ਅੱਜਕਲ੍ਹ ਬਹੁਤ ਸਾਰੇ ਲੋਕ ਆਪਣਾ ਸਮਾਂ ਉਨ੍ਹਾਂ ਦੇਵਤਿਆਂ ਦੀ ਪੂਜਾ ਕਰਨ ਵਿਚ ਲਾਉਂਦੇ ਹਨ ਜੋ ਉਨ੍ਹਾਂ ਦੇ ਭਾਣੇ ਅਸਲੀ ਹਨ। ਯਿਸੂ ਦੇ ਚੇਲਿਆਂ ਦੇ ਜ਼ਮਾਨੇ ਵਿਚ ਹਰਮੇਸ ਅਤੇ ਦਿਔਸ ਵਰਗੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। (ਰਸੂਲਾਂ ਦੇ ਕਰਤੱਬ 14:11, 12) ਅੱਜਕਲ੍ਹ ਸ਼ਿੰਟੋ, ਹਿੰਦੂ, ਅਤੇ ਹੋਰ ਧਰਮਾਂ ਦੇ ਲੋਕ ਲੱਖਾਂ ਹੀ ਦੇਵਤਿਆਂ ਦੀ ਪੂਜਾ ਕਰਦੇ ਹਨ। ਦਰਅਸਲ ਬਾਈਬਲ ਵਿਚ ਦੱਸਿਆ ਜਾਂਦਾ ਹੈ ਕਿ “ਬਾਹਲੇ ਦਿਓਤੇ ਅਤੇ ਬਾਹਲੇ ਸੁਆਮੀ ਹਨ।” (1 ਕੁਰਿੰਥੀਆਂ 8:5, 6) ਕੀ ਇਹ ਸਾਰੇ ਅਸਲੀ ਪਰਮੇਸ਼ੁਰ ਹੋ ਸਕਦੇ ਹਨ?

ਦੇਵਤੇ ਜੋ ‘ਬਚਾ ਨਹੀਂ ਸਕਦੇ’

ਮਿਸਾਲ ਵਜੋਂ ਭਗਤੀ ਲਈ ਮੂਰਤੀਆਂ ਦੇ ਇਸਤੇਮਾਲ ਉੱਤੇ ਗੌਰ ਕਰੋ। ਜਿਹੜੇ ਲੋਕ ਇਨ੍ਹਾਂ ਉੱਤੇ ਭਰੋਸਾ ਰੱਖਦੇ ਹਨ ਜਾਂ ਇਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੇ ਭਾਣੇ ਮੂਰਤੀਆਂ ਵਿਚ ਲੋਕਾਂ ਨੂੰ ਖ਼ਤਰਿਆਂ ਤੋਂ ਬਚਾਉਣ ਦੀ ਜਾਂ ਬਰਕਤ ਦੇਣ ਦੀ ਤਾਕਤ ਹੈ। ਪਰ ਕੀ ਉਹ ਸੱਚ-ਮੁੱਚ ਬਚਾ ਸਕਦੇ ਹਨ? ਇਨ੍ਹਾਂ ਮੂਰਤਾਂ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਓਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ। ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਕੰਨ ਨਹੀਂ ਲਾਉਂਦੇ,—ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ!” ਦਰਅਸਲ ਉਹ ਅਜਿਹੇ ਦੇਵਤੇ ਹਨ ਜੋ ‘ਬਚਾ ਨਹੀਂ ਸਕਦੇ।’—ਜ਼ਬੂਰ 135:15-17; ਯਸਾਯਾਹ 45:20.

ਮਨ ਲਿਆ ਕਿ ਮੂਰਤੀਆਂ ਬਣਾਉਣ ਵਾਲੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਹੱਥਾਂ ਦੀ ਬਣੀ ਹੋਈ ਚੀਜ਼ ਵਿਚ ਜਾਨ ਅਤੇ ਤਾਕਤ ਹੈ ਅਤੇ ਮੂਰਤੀਆਂ ਦੀ ਪੂਜਾ ਕਰਨ ਵਾਲੇ ਉਨ੍ਹਾਂ ਉੱਤੇ ਆਸ ਲਾਉਂਦੇ ਹਨ। ਯਸਾਯਾਹ ਨਬੀ ਨੇ ਕਿਹਾ ਕਿ “ਓਹ [ਮੂਰਤ] ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਉਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ।” ਉਸ ਨੇ ਅੱਗੇ ਕਿਹਾ: “ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ। ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਉਹ ਨੂੰ ਉਹ ਦੇ ਦੁਖ ਤੋਂ ਬਚਾਉਂਦਾ ਹੈ।” (ਯਸਾਯਾਹ 46:7) ਸੱਚ ਤਾਂ ਇਹ ਹੈ ਕਿ ਇਕ ਮੂਰਤੀ ਬੇਜਾਨ ਰਹਿੰਦੀ ਹੈ ਭਾਵੇਂ ਉਸ ਉੱਤੇ ਭਰੋਸਾ ਰੱਖਣ ਵਾਲੇ ਕਿੰਨੇ ਹੀ ਜੋਸ਼ ਨਾਲ ਉਸ ਵਿਚ ਵਿਸ਼ਵਾਸ ਕਿਉਂ ਨਾ ਕਰਨ। ਅਜਿਹੇ ਘੜੇ ਹੋਏ ਬੁੱਤ ਅਤੇ ਢਾਲੀਆਂ ਹੋਈਆਂ ਮੂਰਤੀਆਂ “ਗੁੰਗੇ ਬੁੱਤ” ਹਨ।—ਹਬੱਕੂਕ 2:18.

ਅੱਜਕਲ੍ਹ ਫਿਲਮੀ ਸਿਤਾਰਿਆਂ, ਖੇਡ-ਖਿਡਾਰੀਆਂ, ਹਕੂਮਤਾਂ, ਅਤੇ ਧਾਰਮਿਕ ਆਗੂਆਂ ਨੂੰ ਦੇਵਤਾ ਸਰੂਪ ਦੇ ਕੇ ਉਨ੍ਹਾਂ ਦਾ ਆਦਰ ਸਤਿਕਾਰ ਕਰਨਾ ਆਮ ਹੈ। ਇਸ ਤੋਂ ਇਲਾਵਾ ਕਈ ਪੈਸੇ ਨੂੰ ਮਾਇਆ ਵਜੋਂ ਪੂਜਦੇ ਹਨ। ਇਸ ਤਰ੍ਹਾਂ ਇਨ੍ਹਾਂ ਪੂਜਨੀਕ ਬੰਦਿਆਂ ਅਤੇ ਚੀਜ਼ਾਂ ਵਿਚ ਇਸ ਤਰ੍ਹਾਂ ਦੇ ਗੁਣ ਸਮਝੇ ਜਾਂਦੇ ਹਨ ਜੋ ਉਨ੍ਹਾਂ ਵਿਚ ਹੈ ਨਹੀਂ। ਉਹ ਲੋਕਾਂ ਦੀਆਂ ਆਸਾਂ ਨਾ ਤਾਂ ਪੂਰੀਆਂ ਕਰਦੇ ਹਨ ਅਤੇ ਨਾ ਹੀ ਪੂਰੀਆਂ ਕਰ ਸਕਦੇ ਹਨ। ਮਿਸਾਲ ਲਈ ਧਨ-ਦੌਲਤ ਨੂੰ ਹਰ ਮਸਲੇ ਦਾ ਹੱਲ ਸਮਝਿਆ ਜਾਂਦਾ ਹੈ, ਪਰ ਧਨ ਤਾਂ ਧੋਖਾ ਹੀ ਹੈ। (ਮਰਕੁਸ 4:19) ਇਕ ਪੜ੍ਹੇ-ਲਿਖੇ ਬੰਦੇ ਨੇ ਇਹ ਸਵਾਲ ਪੁੱਛਿਆ: “ਇਸ ਤਰ੍ਹਾਂ ਕਿਉਂ ਹੈ ਕਿ ਜਿਸ ਚੀਜ਼ ਦੇ ਮਗਰ ਇੰਨੇ ਸਾਰੇ ਲੋਕ ਲੱਗੇ ਹੋਏ ਹਨ, ਅਤੇ ਜਿਸ ਬਾਰੇ ਉਹ ਮੰਨਦੇ ਹਨ ਕਿ ਇਸ ਨੂੰ ਹਾਸਲ ਕਰਨ ਤੇ ਸਭ ਕੁਝ ਠੀਕ ਹੋ ਜਾਵੇਗਾ, ਉਸ ਨੂੰ ਹਾਸਲ ਕਰਨ ਤੋਂ ਬਾਅਦ ਉਹ ਬਹੁਤ ਨਿਰਾਸ਼ ਅਤੇ ਦੁੱਖਦਾਈ ਮਹਿਸੂਸ ਕਰਦੇ ਹਨ?” ਜੀ ਹਾਂ, ਮਾਇਆ ਦੇ ਮਗਰ ਲੱਗ ਕੇ ਲੋਕਾਂ ਨੂੰ ਸਿਹਤ, ਪਰਿਵਾਰ ਦੀ ਖ਼ੁਸ਼ੀ, ਦੋਸਤੀਆਂ, ਜਾਂ ਆਪਣੇ ਸਿਰਜਣਹਾਰ ਨਾਲ ਵਧੀਆ ਰਿਸ਼ਤੇ ਵਰਗੀਆਂ ਬਹੁਮੁੱਲੀਆਂ ਚੀਜ਼ਾਂ ਕੁਰਬਾਨ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਦੇ ਦੇਵਤੇ “ਫੋਕਿਆਂ ਵਿਅਰਥਾਂ” ਤੋਂ ਸਿਵਾਇ ਕੁਝ ਨਹੀਂ ਸਾਬਤ ਹੁੰਦੇ।—ਯੂਨਾਹ 2:8.

‘ਕੋਈ ਉਤਰ ਦੇਣ ਵਾਲਾ ਨਹੀਂ’

ਨਕਲੀ ਚੀਜ਼ ਨੂੰ ਅਸਲੀ ਕਹਿਣਾ ਮੂਰਖਤਾ ਹੈ। ਏਲੀਯਾਹ ਨਬੀ ਦੇ ਜ਼ਮਾਨੇ ਵਿਚ ਬਆਲ ਦੇਵਤੇ ਦੇ ਪੁਜਾਰੀਆਂ ਨੇ ਕੌੜੇ ਤਜਰਬੇ ਰਾਹੀਂ ਇਸ ਅਸਲੀਅਤ ਦੀ ਸੱਚਾਈ ਜਾਣੀ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਆਲ ਕੋਲ ਸਵਰਗ ਤੋਂ ਅੱਗ ਭੇਜ ਕੇ ਪਸ਼ੂ ਦੀ ਬਲੀ ਨੂੰ ਭਸਮ ਕਰਨ ਦੀ ਤਾਕਤ ਸੀ। ਉਹ “ਸਵੇਰ ਤੋਂ ਦੁਪਹਿਰ ਤੀਕ ਬਆਲ ਦੇ ਨਾਮ ਉੱਤੇ ਪੁਕਾਰਦੇ ਰਹੇ, ਹੇ ਬਆਲ, ਸਾਡੀ ਸੁਣ।” ਕੀ ਬਆਲ ਕੋਲ ਸੁਣਨ ਲਈ ਕੰਨ ਅਤੇ ਬੋਲਣ ਲਈ ਮੂੰਹ ਸੀ? ਬਾਈਬਲ ਵਿਚ ਅੱਗੇ ਦੱਸਿਆ ਗਿਆ ਹੈ ਕਿ “ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌਹ ਕਰਨ ਵਾਲਾ ਸੀ।” (1 ਰਾਜਿਆਂ 18:26, 29) ਬਆਲ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਅਸਲੀ ਨਹੀਂ ਸੀ।

ਤਾਂ ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਅਸਲੀ ਅਤੇ ਸੱਚੇ ਪਰਮੇਸ਼ੁਰ ਨੂੰ ਜਾਣੀਏ! ਉਹ ਕੌਣ ਹੈ? ਉਸ ਉੱਤੇ ਆਸ ਲਾਉਣ ਨਾਲ ਸਾਨੂੰ ਕਿਸ ਤਰ੍ਹਾਂ ਫ਼ਾਇਦਾ ਹੋ ਸਕਦਾ ਹੈ?

[ਸਫ਼ੇ 3 ਉੱਤੇ ਤਸਵੀਰ]

ਪੀਰੀ ਦਾ ਸਾਥੀ ਈਗੀਂਯਾ ਗੌਹ ਨਾਲ ਦੂਰ ਜ਼ਮੀਨ ਟੋਲਦਾ

ਰੌਬਰਟ ਈ. ਪੀਰੀ

[ਕ੍ਰੈਡਿਟ ਲਾਈਨਾਂ]

Egingwah: From the book The North Pole: Its Discovery in 1909 Under the Auspices of the Peary Arctic Club, 1910; Robert E. Peary: NOAA

[ਸਫ਼ੇ 4 ਉੱਤੇ ਤਸਵੀਰ]

ਲੋਕ ਸੰਸਾਰ ਵਿਚ ਵੱਖੋ-ਵੱਖਰੀਆਂ ਚੀਜ਼ਾਂ ਦੇ ਪਿੱਛੇ ਲੱਗ ਕੇ ਭਰਮਾਏ ਗਏ ਹਨ