ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਨੂੰ ਆਪਣਾ ਕੰਮ ਪੂਰਾ ਕਰਨ ਦੀ ਉਤੇਜਨਾ ਦਿੱਤੀ ਗਈ
ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਨੂੰ ਆਪਣਾ ਕੰਮ ਪੂਰਾ ਕਰਨ ਦੀ ਉਤੇਜਨਾ ਦਿੱਤੀ ਗਈ
ਕੁਝ ਹੀ ਮਹੀਨੇ ਪਹਿਲਾਂ ਹਜ਼ਾਰਾਂ ਹੀ ਅਧਿਆਪਕ ਸਿੱਖਿਆ ਪ੍ਰਾਪਤ ਕਰਨ ਲਈ ਇਕੱਠੇ ਹੋਏ। ਪਿੱਛਲੇ ਮਈ ਵਿਚ ਸ਼ੁਰੂ ਹੁੰਦੇ ਹੋਏ ਉਹ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਸੈਂਕੜਿਆਂ ਜ਼ਿਲ੍ਹਾ ਸੰਮੇਲਨਾਂ ਲਈ ਇਕੱਠੇ ਹੋਏ ਸਨ। ਹਾਜ਼ਰੀਨ ਨੂੰ ਆਪਣੇ ਆਪ ਨੂੰ ਸਿਖਾਉਣ, ਕਾਬਲ ਬਣਨ, ਅਤੇ ਸਿੱਖਿਅਕਾਂ ਵਜੋਂ ਆਪਣਾ ਕੰਮ ਪੂਰਾ ਕਰਨ ਦੀ ਉਤੇਜਨਾ ਦਿੱਤੀ ਗਈ ਸੀ।
ਕੀ ਤੁਸੀਂ ਅਜਿਹੇ ਇਕ ਸੰਮੇਲਨ ਨੂੰ ਗਏ ਸਨ? ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਉਸ ਰੂਹਾਨੀ ਭੋਜਨ ਦੀ ਕਦਰ ਕੀਤੀ ਸੀ ਜੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਇਨ੍ਹਾਂ ਸੰਮੇਲਨਾਂ ਤੇ ਦਿੱਤਾ ਗਿਆ ਸੀ। ਆਓ ਆਪਾਂ ਸੰਮੇਲਨ ਦੇ ਇਸ ਲਾਭਦਾਇਕ ਪ੍ਰੋਗ੍ਰਾਮ ਦੀ ਰਿਵਿਊ ਕਰੀਏ।
ਪਹਿਲਾ ਦਿਨ—ਪਰਮੇਸ਼ੁਰ ਦੀਆਂ ਲਿਖਤਾਂ ਸਿਖਾਉਣ ਲਈ ਗੁਣਕਾਰ ਹਨ
ਸੰਮੇਲਨ ਦੇ ਸਭਾਪਤੀ ਨੇ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਓ, ਤੁਸੀਂ ਖ਼ੁਦ ਸਿੱਖੋ” ਭਾਸ਼ਣ ਨਾਲ ਸਾਰਿਆਂ ਦਾ ਸੁਆਗਤ ਕੀਤਾ। ਯਿਸੂ ਮਸੀਹ ਨੇ ਆਪਣੇ “ਗੁਰੂ” ਯਹੋਵਾਹ ਤੋਂ ਸਿੱਖਿਆ ਹਾਸਲ ਕੀਤੀ ਸੀ ਅਤੇ ਉਹ ਖ਼ੁਦ ਇਕ ਮਹਾਨ ਗੁਰੂ ਬਣਿਆ। (ਯਸਾਯਾਹ 30:20; ਮੱਤੀ 19:16) ਜੇ ਅਸੀਂ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਤਰੱਕੀ ਕਰਨੀ ਹੈ ਤਾਂ ਸਾਨੂੰ ਵੀ ਯਹੋਵਾਹ ਤੋਂ ਸਿੱਖਿਆ ਹਾਸਲ ਕਰਨ ਦੀ ਲੋੜ ਹੈ।
ਅਗਲੇ ਭਾਸ਼ਣ ਦਾ ਵਿਸ਼ਾ ਸੀ “ਰਾਜ ਦੀ ਸਿੱਖਿਆ ਫਲ ਪੈਦਾ ਕਰਦੀ ਹੈ।” ਪਰਮੇਸ਼ੁਰ ਦੇ ਬਚਨ ਦੇ ਤਜਰਬੇਕਾਰ ਸਿਖਾਉਣ ਵਾਲਿਆਂ ਨਾਲ ਇੰਟਰਵਿਊਆਂ ਕਰ ਕੇ ਚੇਲੇ-ਬਣਾਉਣ ਦੀ ਖ਼ੁਸ਼ੀ ਅਤੇ ਬਰਕਤਾਂ ਬਾਰੇ ਦੱਸਿਆ ਗਿਆ ਸੀ।
ਰਸੂਲਾਂ ਦੇ ਕਰਤੱਬ 2:11) ਅਸੀਂ ਵੀ ਰਿਹਾਈ ਦੀ ਕੀਮਤ, ਮੁਰਦਿਆਂ ਦੇ ਜੀ ਉੱਠਣ, ਅਤੇ ਨਵੇਂ ਨੇਮ ਬਾਰੇ ਬਾਈਬਲ ਦੀਆਂ ‘ਵੱਡੀਆਂ-ਵੱਡੀਆਂ’ ਸਿੱਖਿਆਵਾਂ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਕੁਝ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ।
ਇਸ ਤੋਂ ਬਾਅਦ “ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ ਸਾਡਾ ਜੋਸ਼ ਜਗਾਉਂਦੇ ਹਨ” ਨਾਂ ਦਾ ਜੋਸ਼ੀਲਾ ਭਾਸ਼ਣ ਦਿੱਤਾ ਗਿਆ। ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਰਾਜ ਨਾਲ ਸੰਬੰਧ ਰੱਖਣ ਵਾਲੇ “ਵੱਡੇ-ਵੱਡੇ ਕੰਮਾਂ” ਨੇ ਲੋਕਾਂ ਨੂੰ ਕੁਝ ਕਰਨ ਲਈ ਪ੍ਰੇਰਿਤ ਕੀਤਾ ਸੀ। (ਅਗਲੇ ਭਾਸ਼ਣ ਨੇ ਸਾਰਿਆਂ ਨੂੰ ‘ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ ਹੋਣ’ ਦਾ ਹੌਸਲਾ ਦਿੱਤਾ। (ਜ਼ਬੂਰ 35:27) ਧਾਰਮਿਕ ਚੀਜ਼ਾਂ ਨਾਲ ਪ੍ਰੇਮ ਕਰਨਾ ਅਤੇ ਭੈੜੀਆਂ ਚੀਜ਼ਾਂ ਨਾਲ ਨਫ਼ਰਤ ਕਰਨੀ ਸਿੱਖ ਕੇ, ਬਾਈਬਲ ਦੀ ਸਟੱਡੀ ਕਰ ਕੇ, ਰੂਹਾਨੀਅਤ ਉੱਤੇ ਬੁਰੇ ਪ੍ਰਭਾਵਾਂ ਦਾ ਲਗਾਤਾਰ ਵਿਰੋਧ ਕਰ ਕੇ, ਅਤੇ ਨਿਮਰ ਬਣ ਕੇ ਸਾਨੂੰ ਧਾਰਮਿਕਤਾ ਦੇ ਮਗਰ ਲੱਗਣ ਵਿਚ ਮਦਦ ਮਿਲਦੀ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਬੁਰੇ ਲੋਕਾਂ ਨਾਲ ਰਲਣ-ਮਿਲਣ ਤੋਂ, ਧਨ-ਦੌਲਤ ਬਾਰੇ ਦੁਨੀਆਂ ਦੇ ਰਵੱਈਏ ਤੋਂ, ਅਤੇ ਗੰਦੇ ਅਤੇ ਹਿੰਸਕ ਮਨੋਰੰਜਨ ਤੋਂ ਸੁਰੱਖਿਅਤ ਹੋਣ ਦੀ ਮਦਦ ਮਿਲੇਗੀ।
ਮੂਲ-ਭਾਵ ਭਾਸ਼ਣ ਦਾ ਵਿਸ਼ਾ ਸੀ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ”। ਇਸ ਨੇ ਸਾਨੂੰ ਯਾਦ ਕਰਾਇਆ ਕਿ ਯਹੋਵਾਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ, ਅਤੇ ਧਰਤੀ ਉੱਤੇ ਆਪਣੇ ਸੰਗਠਨ ਰਾਹੀਂ ਸਾਨੂੰ ਉਸ ਦੇ ਸੇਵਕ ਬਣਨ ਦੇ ਯੋਗ ਬਣਾਉਂਦਾ ਹੈ। ਪਰਮੇਸ਼ੁਰ ਦਾ ਬਚਨ ਇਸਤੇਮਾਲ ਕਰਨ ਬਾਰੇ ਭਾਸ਼ਣਕਾਰ ਨੇ ਕਿਹਾ: “ਸਾਡਾ ਟੀਚਾ ਹੈ ਕਿ ਅਸੀਂ ਬਾਈਬਲ ਦੇ ਸੰਦੇਸ਼ ਨੂੰ ਸੁਣਨ ਵਾਲਿਆਂ ਦੇ ਦਿਲਾਂ ਵਿਚ ਬਿਠਾਈਏ।”
ਇਸ ਸੰਮੇਲਨ ਦੀ ਪਹਿਲੀ ਭਾਸ਼ਣ-ਲੜੀ ਦਾ ਵਿਸ਼ਾ ਸੀ “ਦੂਸਰਿਆਂ ਨੂੰ ਸਿਖਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਸਿਖਾਉਣਾ।” ਪਹਿਲੇ ਭਾਗ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਨੂੰ ਉਸੇ ਮਸੀਹੀ ਨੈਤਿਕਤਾ ਅਨੁਸਾਰ ਚੱਲਣਾ ਚਾਹੀਦਾ ਹੈ ਜਿਸ ਬਾਰੇ ਅਸੀਂ ਦੂਸਰਿਆਂ ਨੂੰ ਸਿਖਾਉਂਦੇ ਹਾਂ। ਅਗਲੇ ਭਾਗ ਨੇ ਦਿਖਾਇਆ ਕਿ ਸਾਨੂੰ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲੇ’ ਹੋਣਾ ਚਾਹੀਦਾ ਹੈ। (2 ਤਿਮੋਥਿਉਸ 2:15) ਆਪਣੇ ਆਪ ਨੂੰ ਸਿਖਾਉਣ ਲਈ, ਸਾਨੂੰ ਬਾਈਬਲ ਦੀ ਬਾਕਾਇਦਾ ਅਤੇ ਮਨ ਲਾ ਕੇ ਸਟੱਡੀ ਕਰਨੀ ਚਾਹੀਦੀ ਹੈ, ਚਾਹੇ ਸਾਨੂੰ ਸੱਚਾਈ ਵਿਚ ਹੋਇਆਂ ਨੂੰ ਕਈ ਸਾਲ ਹੋ ਗਏ ਹੋਣ। ਇਸ ਭਾਸ਼ਣ-ਲੜੀ ਦੇ ਆਖ਼ਰੀ ਭਾਗ ਨੇ ਦਿਖਾਇਆ ਕਿ ਸ਼ਤਾਨ ਸਾਡੇ ਵਿਚ ਘਮੰਡ, ਆਪਣੀ ਮਰਜ਼ੀ ਕਰਨ ਦੀ ਆਦਤ, ਆਪਣੇ ਆਪ ਨੂੰ ਵੱਡਾ ਸਮਝਣ ਦੀ ਮਨੋਬਿਰਤੀ, ਈਰਖਾ, ਖੁਣਸ, ਕੁੜੱਤਣ, ਗੁੱਸਾ, ਅਤੇ ਦੂਸਰਿਆਂ ਦੀ ਨੁਕਤਾਚੀਨੀ ਕਰਨ ਵਰਗੇ ਰਵੱਈਏ ਦੇਖਦਾ ਹੈ। ਪਰ ਜੇ ਅਸੀਂ ਪੂਰੀ ਕੋਸ਼ਿਸ਼ ਕਰ ਕੇ ਸ਼ਤਾਨ ਦਾ ਸਾਮ੍ਹਣਾ ਕਰੀਏ ਤਾਂ ਉਹ ਸਾਡੇ ਕੋਲੋਂ ਭੱਜ ਜਾਵੇਗਾ। ਉਸ ਦਾ ਵਿਰੋਧ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਨੇੜੇ ਜਾਣ ਦੀ ਲੋੜ ਹੈ।—ਯਾਕੂਬ 4:7, 8.
“ਅਸ਼ਲੀਲਤਾ ਤੋਂ ਨਫ਼ਰਤ ਕਰੋ” ਨਾਂ ਦੇ ਢੁਕਵੇਂ ਭਾਸ਼ਣ ਨੇ ਦਿਖਾਇਆ ਕਿ ਅਸੀਂ ਆਪਣੀ ਰੂਹਾਨੀਅਤ ਉੱਤੇ ਇਸ ਭੈੜੇ ਖ਼ਤਰੇ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਾਂ। ਹਬੱਕੂਕ ਨਬੀ ਨੇ ਯਹੋਵਾਹ ਬਾਰੇ ਕਿਹਾ: ‘ਤੇਰੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਤੂੰ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ।’ (ਹਬੱਕੂਕ 1:13) ਸਾਨੂੰ ‘ਬੁਰਿਆਈ ਤੋਂ ਸੂਗ ਕਰਨੀ’ ਚਾਹੀਦੀ ਹੈ। (ਰੋਮੀਆਂ 12:9) ਮਾਪਿਆਂ ਨੂੰ ਇੰਟਰਨੈੱਟ ਅਤੇ ਟੀ.ਵੀ. ਦੇ ਸੰਬੰਧ ਵਿਚ ਆਪਣੇ ਬੱਚਿਆਂ ਦੀਆਂ ਆਦਤਾਂ ਉੱਤੇ ਧਿਆਨ ਰੱਖਣ ਦੀ ਤਾਕੀਦ ਕੀਤੀ ਗਈ ਸੀ। ਭਾਸ਼ਣਕਾਰ ਨੇ ਕਿਹਾ ਕਿ ਜਿਹੜੇ ਅਸ਼ਲੀਲ ਤਸਵੀਰਾਂ ਵੱਲ ਖਿੱਚੇ ਜਾਂਦੇ ਹਨ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਕਿਸੇ ਸਿਆਣੇ ਦੋਸਤ ਤੋਂ ਮਦਦ ਮੰਗਣੀ ਚਾਹੀਦੀ ਹੈ। ਜ਼ਬੂਰ 97:10; ਮੱਤੀ 5:28; 1 ਕੁਰਿੰਥੀਆਂ 9:27; ਅਫ਼ਸੀਆਂ 5:3, 12; ਕੁਲੁੱਸੀਆਂ 3:5; ਅਤੇ 1 ਥੱਸਲੁਨੀਕੀਆਂ 4:4, 5 ਵਰਗੀਆਂ ਆਇਤਾਂ ਉੱਤੇ ਮਨਨ ਕਰ ਕੇ ਅਤੇ ਇਨ੍ਹਾਂ ਨੂੰ ਯਾਦ ਰੱਖਣ ਨਾਲ ਵੀ ਮਦਦ ਮਿਲ ਸਕਦੀ ਹੈ।
ਅਗਲਾ ਭਾਸ਼ਣ ਸੀ “ਪਰਮੇਸ਼ੁਰ ਦੀ ਸ਼ਾਂਤੀ ਤੁਹਾਡੀ ਰਾਖੀ ਕਰ ਸਕਦੀ ਹੈ।” ਇਸ ਨੇ ਦਿਲਾਸਾ ਦਿੱਤਾ ਕਿ ਜਦੋਂ ਚਿੰਤਾਵਾਂ ਦੇ ਕਾਰਨ ਸਾਡੇ ਮਨ ਭਾਰੇ ਹੋ ਜਾਂਦੇ ਹਨ, ਉਦੋਂ ਅਸੀਂ ਯਹੋਵਾਹ ਉੱਤੇ ਆਪਣਾ ਬੋਝ ਸੁੱਟ ਸਕਦੇ ਹਾਂ। (ਜ਼ਬੂਰ 55:22) ਜੇ ਅਸੀਂ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਨੂੰ ਆਪਣੇ ਦਿਲ ਦੀ ਗੱਲ ਦੱਸਾਂਗੇ, ਤਾਂ ਉਹ ਸਾਨੂੰ ਆਪਣੀ ਸ਼ਾਂਤੀ ਦੇਵੇਗਾ। “ਪਰਮੇਸ਼ੁਰ ਦੀ ਸ਼ਾਂਤੀ” ਮਨ ਦਾ ਅਜਿਹਾ ਚੈਨ ਜਾਂ ਸਕੂਨ ਹੈ ਜੋ ਪਰਮੇਸ਼ੁਰ ਨਾਲ ਇਕ ਵਧੀਆ ਰਿਸ਼ਤੇ ਤੋਂ ਪੈਦਾ ਹੁੰਦਾ ਹੈ।—ਫ਼ਿਲਿੱਪੀਆਂ 4:6, 7.
ਪਹਿਲਾ ਦਿਨ ਖ਼ੁਸ਼ੀ ਨਾਲ ਸਮਾਪਤ ਹੋਇਆ। ਆਖ਼ਰੀ ਭਾਸ਼ਣ ਦਾ ਵਿਸ਼ਾ ਸੀ “ਯਹੋਵਾਹ ਆਪਣੇ ਲੋਕਾਂ ਨੂੰ ਚਾਨਣ ਦੇ ਕੇ ਸਜਾਉਂਦਾ ਹੈ।” ਇਸ ਵਿਚ ਯਸਾਯਾਹ ਦੇ 60ਵੇਂ ਅਧਿਆਇ ਦੀ ਪੂਰਤੀ ਦੱਸੀ ਗਈ ਸੀ। ਇਸ ਦੁਨੀਆਂ ਦੇ ਹਨੇਰੇ ਵਿਚ “ਓਪਰੇ” ਯਾਨੀ ਹੋਰ ਭੇਡਾਂ ਦੀ ਆ ਰਹੀ ਵੱਡੀ ਭੀੜ ਮਸਹ ਕੀਤੇ ਹੋਏ ਮਸੀਹੀਆਂ ਦੇ ਨਾਲ-ਨਾਲ ਯਹੋਵਾਹ ਦੇ ਚਾਨਣ ਦਾ ਆਨੰਦ ਲੈਂਦੀ ਹੈ। ਯਸਾਯਾਹ 60:19, 20 ਬਾਰੇ ਗੱਲ ਕਰਦੇ ਹੋਏ ਭਾਸ਼ਣਕਾਰ ਨੇ ਕਿਹਾ: “ਯਹੋਵਾਹ ਸੂਰਜ ਵਾਂਗ ‘ਲੱਥੇਗਾ’ ਨਹੀਂ ਜਾਂ ਚੰਦ ਵਾਂਗ ‘ਮਿਟ’ ਨਹੀਂ ਜਾਵੇਗਾ। ਉਹ ਆਪਣੇ ਲੋਕਾਂ ਉੱਤੇ ਚਾਨਣ ਪਾ ਕੇ ਉਨ੍ਹਾਂ ਨੂੰ ਸਜਾਉਂਦਾ ਰਹੇਗਾ। ਇਸ ਹਨੇਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿੰਦੇ ਹੋਏ ਇਹ ਸਾਡੇ ਲਈ ਕਿੰਨੀ ਵਧੀਆ ਗੱਲ ਹੈ!” ਇਸ ਭਾਸ਼ਣ ਦੀ ਸਮਾਪਤੀ ਵਿਚ ਭਾਸ਼ਣਕਾਰ ਨੇ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ ਦੀ ਦੂਜੀ ਪੁਸਤਕ ਰਿਲੀਸ ਕੀਤੀ। ਕੀ ਤੁਸੀਂ ਇਹ ਨਵੀਂ ਪੁਸਤਕ ਪੜ੍ਹ ਚੁੱਕੇ ਹੋ?
ਦੂਜਾ ਦਿਨ—ਦੂਸਰਿਆਂ ਨੂੰ ਸਿੱਖਿਆ ਦੇਣ ਲਈ ਯੋਗ
ਦੈਨਿਕ ਪਾਠ ਉੱਤੇ ਚਰਚਾ ਕਰਨ ਤੋਂ ਬਾਅਦ, ਅਸੀਂ ਸੰਮੇਲਨ ਦੀ ਦੂਜੀ ਭਾਸ਼ਣ-ਲੜੀ ਨੂੰ ਧਿਆਨ ਨਾਲ ਸੁਣਿਆ, ਜਿਸ ਦਾ ਵਿਸ਼ਾ ਸੀ “ਉਹ ਸੇਵਕ ਜਿਨ੍ਹਾਂ ਰਾਹੀਂ ਦੂਸਰੇ ਨਿਹਚਾ ਕਰਦੇ ਹਨ।” ਇਸ ਲੜੀ ਦੇ ਤਿੰਨ ਹਿੱਸੇ ਸਨ ਅਤੇ ਭਾਸ਼ਣਕਾਰਾਂ ਨੇ ਲੋਕਾਂ ਨੂੰ ਚੇਲੇ ਬਣਾਉਣ ਵਿਚ ਸਾਡੇ ਕੰਮ ਦੇ ਤਿੰਨ ਹਿੱਸਿਆਂ ਬਾਰੇ ਦੱਸਿਆ, ਯਾਨੀ ਰਾਜ ਦਾ ਸੰਦੇਸ਼ ਸੁਣਾਉਣਾ, ਦਿਲਚਸਪੀ ਰੱਖਣ ਵਾਲਿਆਂ ਕੋਲ ਵਾਪਸ ਜਾਣਾ, ਅਤੇ ਸੁਣਨ ਵਾਲਿਆਂ ਨੂੰ ਉਹ ਸਿਖਾਉਣਾ ਜਿਸ ਦਾ ਯਿਸੂ ਨੇ ਹੁਕਮ ਦਿੱਤਾ ਸੀ। ਇੰਟਰਵਿਊਆਂ ਅਤੇ ਪ੍ਰਦਰਸ਼ਨਾਂ ਤੋਂ ਅਸੀਂ ਸਾਫ਼ ਤਰ੍ਹਾਂ ਦੇਖ ਸਕੇ ਕਿ ਅਸੀਂ ਦੂਸਰਿਆਂ ਨੂੰ ਚੇਲੇ ਬਣਨ ਲਈ ਕਿਵੇਂ ਸਿਖਾ ਸਕਦੇ ਹਾਂ।
ਅਗਲਾ ਭਾਸ਼ਣ ਸੀ “ਆਪਣੇ ਧੀਰਜ ਦੇ ਨਾਲ-ਨਾਲ ਭਗਤੀ ਵਧਾਓ।” ਭਾਸ਼ਣਕਾਰ ਨੇ ਦਿਖਾਇਆ ਕਿ ‘ਅੰਤ ਤਕ ਸਹਿਣਾ’ ਬਹੁਤ ਜ਼ਰੂਰੀ ਹੈ। (ਮੱਤੀ 24:13) ਸਾਨੂੰ ਭਗਤੀ ਵਧਾਉਣ ਦੇ ਸਾਰਿਆਂ ਪ੍ਰਬੰਧਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ, ਯਾਨੀ ਪ੍ਰਾਰਥਨਾ, ਨਿੱਜੀ ਸਟੱਡੀ, ਮੀਟਿੰਗਾਂ, ਅਤੇ ਪ੍ਰਚਾਰ ਸੇਵਾ। ਸਾਨੂੰ ਦੁਨਿਆਵੀ ਇੱਛਾਵਾਂ ਅਤੇ ਕੰਮਾਂ ਨੂੰ ਆਪਣੀ ਭਗਤੀ ਵਿਚ ਦਖ਼ਲ ਦੇਣ ਜਾਂ ਉਸ ਨੂੰ ਬਰਬਾਦ ਕਰਨ ਤੋਂ ਰੋਕਣਾ ਚਾਹੀਦਾ ਹੈ।
ਮੱਤੀ 11:28-30) ਅਸੀਂ ਯਿਸੂ ਦੀ ਸਾਦੀ ਅਤੇ ਸੰਤੁਲਿਤ ਜ਼ਿੰਦਗੀ ਦੀ ਰੀਸ ਕਰ ਕੇ ਉਸ ਦੇ ਜੂਲੇ ਹੇਠਾਂ ਆ ਸਕਦੇ ਹਾਂ। ਇਸ ਭਾਸ਼ਣ ਦੀਆਂ ਮੁੱਖ ਗੱਲਾਂ ਉਨ੍ਹਾਂ ਦੀਆਂ ਇੰਟਰਵਿਊਆਂ ਲੈਣ ਨਾਲ ਹੋਰ ਵੀ ਸਪੱਸ਼ਟ ਕੀਤੀਆਂ ਗਈਆਂ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸਾਦੀਆਂ ਕੀਤੀਆਂ ਹਨ।
ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਲੋਕਾਂ ਨੂੰ ਆਰਾਮ ਕਿਵੇਂ ਮਿਲ ਸਕਦਾ ਹੈ? “ਮਸੀਹ ਦੇ ਜੂਲੇ ਹੇਠਾਂ ਆਰਾਮ ਪਾਉਣਾ” ਨਾਂ ਦੇ ਭਾਸ਼ਣ ਨੇ ਇਸ ਸਵਾਲ ਦਾ ਜਵਾਬ ਦਿੱਤਾ। ਯਿਸੂ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਉਸ ਤੋਂ ਸਿੱਖਣ ਲਈ ਅਤੇ ਆਪਣੇ ਜੂਲੇ ਹੇਠਾਂ ਆਉਣ ਲਈ ਕਿਹਾ ਸੀ। (ਯਹੋਵਾਹ ਦੇ ਗਵਾਹਾਂ ਦੇ ਵੱਡੇ-ਵੱਡੇ ਸੰਮੇਲਨਾਂ ਦੀ ਇਕ ਖ਼ਾਸ ਗੱਲ ਪਰਮੇਸ਼ੁਰ ਦੇ ਨਵੇਂ ਸੇਵਕਾਂ ਦਾ ਬਪਤਿਸਮਾ ਹੈ। “ਬਪਤਿਸਮੇ ਤੋਂ ਬਾਅਦ ਸਿੱਖਿਆ ਦੇਣ ਦੇ ਹੋਰ ਵੱਡੇ ਮੌਕੇ ਪੇਸ਼ ਹਨ” ਨਾਂ ਦਾ ਭਾਸ਼ਣ ਦੇਣ ਵਾਲੇ ਭਰਾ ਨੇ ਬਪਤਿਸਮਾ ਲੈਣ ਦੇ ਉਮੀਦਵਾਰਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸੇਵਾ ਕਰਨ ਦੇ ਹੋਰ ਸਨਮਾਨਾਂ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ। ਪਰਮੇਸ਼ੁਰ ਦੇ ਬਚਨ ਦੇ ਨਵੇਂ-ਨਵੇਂ ਬਪਤਿਸਮਾ-ਪ੍ਰਾਪਤ ਸਿੱਖਿਅਕ, ਜਿਨ੍ਹਾਂ ਕੋਲ ਬਾਈਬਲ ਵਿਚ ਦੱਸੀਆਂ ਗਈਆਂ ਯੋਗਤਾਵਾਂ ਹਨ, ਕਲੀਸਿਯਾ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਗੇ ਵੱਧ ਸਕਦੇ ਹਨ।
ਦੁਪਹਿਰ ਦੇ ਪਹਿਲੇ ਭਾਸ਼ਣ ਦਾ ਵਿਸ਼ਾ ਸੀ “ਮਹਾਨ ਸਿੱਖਿਅਕ ਦੀ ਰੀਸ ਕਰੋ।” ਸਵਰਗ ਵਿਚ ਅਰਬਾਂ ਹੀ ਸਾਲਾਂ ਤੋਂ ਯਿਸੂ ਨੇ ਧਿਆਨ ਨਾਲ ਆਪਣੇ ਪਿਤਾ ਨੂੰ ਦੇਖਿਆ ਸੀ ਅਤੇ ਉਸ ਦੀ ਰੀਸ ਕੀਤੀ ਸੀ। ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ, ਉਸ ਨੇ ਸਿਖਾਉਣ ਦੇ ਵਧੀਆ ਤਰੀਕੇ ਵਰਤੇ ਸਨ ਜਿਵੇਂ ਕਿ ਡੂੰਘੇ ਸਵਾਲ ਅਤੇ ਸਾਦੇ ਪਰ ਸਪੱਸ਼ਟ ਦ੍ਰਿਸ਼ਟਾਂਤ। ਯਿਸੂ ਦੀ ਸਿੱਖਿਆ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਸੀ ਅਤੇ ਉਹ ਜੋਸ਼, ਪਿਆਰ, ਅਤੇ ਇਖ਼ਤਿਆਰ ਨਾਲ ਗੱਲ ਕਰਦਾ ਹੁੰਦਾ ਸੀ। ਕੀ ਅਸੀਂ ਮਹਾਨ ਸਿੱਖਿਅਕ ਦੀ ਰੀਸ ਕਰਨ ਲਈ ਪ੍ਰੇਰੇ ਨਹੀਂ ਗਏ ਸਨ?
ਇਕ ਹੋਰ ਭਾਸ਼ਣ ਦਾ ਵਿਸ਼ਾ ਸੀ “ਕੀ ਤੁਸੀਂ ਦੂਸਰਿਆਂ ਦੀ ਸੇਵਾ ਕਰਨ ਲਈ ਤਿਆਰ ਹੋ?” ਇਸ ਨੇ ਸਾਨੂੰ ਦੂਸਰਿਆਂ ਦੀ ਸੇਵਾ ਕਰਨ ਵਿਚ ਯਿਸੂ ਦੀ ਰੀਸ ਕਰਨ ਦਾ ਉਤਸ਼ਾਹ ਦਿੱਤਾ। (ਯੂਹੰਨਾ 13:12-15) ਭਾਸ਼ਣਕਾਰ ਨੇ ਕਾਬਲ ਭਰਾਵਾਂ ਨੂੰ ਸਾਫ਼-ਸਾਫ਼ ਉਤੇਜਿਤ ਕੀਤਾ ਕਿ ਉਹ ਤਿਮੋਥਿਉਸ ਵਰਗੇ ਬਣ ਕੇ ਦੂਸਰਿਆਂ ਦੀ ਸੇਵਾ ਕਰਨ ਦੇ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਉਣ। (ਫ਼ਿਲਿੱਪੀਆਂ 2:20, 21) ਮਾਪਿਆਂ ਨੂੰ ਅਲਕਾਨਾਹ ਅਤੇ ਹੰਨਾਹ ਦੀ ਰੀਸ ਕਰਨ ਦੀ ਸਲਾਹ ਦਿੱਤੀ ਗਈ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਪੂਰਾ ਸਮਾਂ ਲਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨ। ਨੌਜਵਾਨਾਂ ਨੂੰ ਖ਼ੁਸ਼ੀ ਨਾਲ ਦੂਸਰਿਆਂ ਦੀ ਸੇਵਾ ਕਰਨ ਵਿਚ ਯਿਸੂ ਮਸੀਹ ਅਤੇ ਨੌਜਵਾਨ ਤਿਮੋਥਿਉਸ ਦੀ ਮਿਸਾਲ ਦੀ ਰੀਸ ਕਰਨ ਲਈ ਕਿਹਾ ਗਿਆ ਸੀ। (1 ਪਤਰਸ 2:21) ਸਾਨੂੰ ਉਨ੍ਹਾਂ ਭੈਣਾਂ-ਭਰਾਵਾਂ ਤੋਂ ਵੀ ਹੌਸਲਾ ਮਿਲਿਆ ਜਿਨ੍ਹਾਂ ਨੇ ਦੂਸਰਿਆਂ ਦੀ ਸੇਵਾ ਕਰਨ ਦੇ ਮੌਕਿਆਂ ਦਾ ਫ਼ਾਇਦਾ ਉਠਾਇਆ ਹੈ।
ਸੰਮੇਲਨ ਦੀ ਤੀਜੀ ਭਾਸ਼ਣ-ਲੜੀ ਦਾ ਵਿਸ਼ਾ ਸੀ “ਪਰਮੇਸ਼ੁਰੀ ਸਿੱਖਿਆ ਤੋਂ ਜ਼ਿਆਦਾ ਲਾਭ ਹਾਸਲ ਕਰੋ।” ਪਹਿਲੇ ਭਾਸ਼ਣਕਾਰ ਨੇ ਧਿਆਨ ਦੇਣ ਦੀ ਆਪਣੀ ਯੋਗਤਾ ਵਧਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਇਸ ਤਰ੍ਹਾਂ ਕਰਨ ਲਈ ਅਸੀਂ ਪਹਿਲਾਂ ਥੋੜ੍ਹੇ ਸਮੇਂ ਲਈ ਨਿੱਜੀ ਅਧਿਐਨ ਕਰ ਸਕਦੇ ਹਾਂ ਅਤੇ ਫਿਰ ਹੌਲੀ-ਹੌਲੀ ਇਸ ਸਮੇਂ ਨੂੰ ਵਧਾ ਸਕਦੇ ਹਾਂ। ਉਸ ਨੇ ਸਭਾਵਾਂ ਦੌਰਾਨ ਆਪਣੀ ਬਾਈਬਲ ਵਿਚ ਹਵਾਲਿਆਂ ਨੂੰ ਦੇਖਣ ਅਤੇ ਨੋਟ ਲਿਖਣ ਦਾ ਵੀ ਉਤਸ਼ਾਹ ਦਿੱਤਾ। ਅਗਲੇ ਭਾਸ਼ਣਕਾਰ ਨੇ “ਖਰੀਆਂ ਗੱਲਾਂ” ਨੂੰ ਫੜੀ ਰੱਖਣ ਦੀ ਜ਼ਰੂਰਤ ਬਾਰੇ ਸਾਨੂੰ ਸਾਵਧਾਨ ਕੀਤਾ। (2 ਤਿਮੋਥਿਉਸ 1:13, 14) ਸਾਨੂੰ ਮੀਡੀਆ ਰਾਹੀਂ ਪ੍ਰਦਰਸ਼ਿਤ ਕੀਤੇ ਗਏ ਬਦਚਲਣ ਕੰਮਾਂ, ਮਨੁੱਖੀ ਫ਼ਲਸਫ਼ਿਆਂ, ਬਾਈਬਲੀ ਲਿਖਤਾਂ ਦੀ ਛਾਣ-ਬੀਣ ਕਰਨ ਵਾਲਿਆਂ ਆਲੋਚਕਾਂ ਦਿਆਂ ਵਿਚਾਰਾਂ, ਅਤੇ ਧਰਮ-ਤਿਆਗੀਆਂ ਦੀਆਂ ਸਿੱਖਿਆਵਾਂ ਤੋਂ ਆਪਣੀ ਰੱਖਿਆ ਕਰਨ ਲਈ ਨਿੱਜੀ ਅਧਿਐਨ ਅਤੇ ਸਭਾਵਾਂ ਲਈ ਸਮਾਂ ਕੱਢਣਾ ਚਾਹੀਦਾ ਹੈ। (ਅਫ਼ਸੀਆਂ 5:15, 16) ਭਾਸ਼ਣ-ਲੜੀ ਦੇ ਆਖ਼ਰੀ ਭਾਸ਼ਣਕਾਰ ਨੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂਕਿ ਅਸੀਂ ਪਰਮੇਸ਼ੁਰ ਤੋਂ ਮਿਲੀ ਸਿੱਖਿਆ ਦਾ ਪੂਰਾ ਲਾਭ ਉਠਾ ਸਕੀਏ।—ਫ਼ਿਲਿੱਪੀਆਂ 4:9.
“ਸਾਡੀ ਅਧਿਆਤਮਿਕ ਤਰੱਕੀ ਲਈ ਨਵੇਂ ਪ੍ਰਬੰਧ” ਦੇ ਵਿਸ਼ੇ ਬਾਰੇ ਭਾਸ਼ਣ ਸੁਣ ਕੇ ਅਸੀਂ ਕਿੰਨੇ ਖ਼ੁਸ਼ ਹੋਏ ਸਨ। ਅਸੀਂ ਇਹ ਜਾਣ ਕੇ ਬੜੇ ਖ਼ੁਸ਼ ਹੋਏ ਕਿ ਬਹੁਤ ਜਲਦੀ ਬੈਨੀਫਿਟ ਫਰਾਮ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਐਜੂਕੇਸ਼ਨ ਪੁਸਤਕ ਛਾਪੀ ਜਾਵੇਗੀ। ਇਸ ਪੁਸਤਕ ਬਾਰੇ ਸੁਣ ਕੇ ਵੱਡੀ ਉਮੀਦ ਪੈਦਾ ਹੋਈ। ਇਸ ਪੁਸਤਕ ਦੇ ਸਪੀਚ ਕੌਂਸਲ ਦੇ ਨੁਕਤਿਆਂ ਦੇ ਹਿੱਸੇ ਬਾਰੇ
ਗੱਲ ਕਰਦੇ ਹੋਏ ਭਰਾ ਨੇ ਕਿਹਾ: “ਇਸ ਨਵੀਂ ਪੁਸਤਕ ਵਿਚ ਚੰਗੇ ਤਰੀਕੇ ਨਾਲ ਪੜ੍ਹਨ, ਭਾਸ਼ਣ ਦੇਣ, ਤੇ ਸਿਖਾਉਣ ਦੇ 53 ਨੁਕਤੇ ਦੁਨਿਆਵੀ ਜਾਣਕਾਰੀ ਦੇ ਆਧਾਰ ਤੇ ਨਹੀਂ ਪੇਸ਼ ਕੀਤੇ ਗਏ ਹਨ। ਇਨ੍ਹਾਂ ਨੂੰ ਬਾਈਬਲੀ ਸਿਧਾਂਤਾਂ ਦੇ ਆਧਾਰ ਤੇ ਪੇਸ਼ ਕੀਤਾ ਗਿਆ ਹੈ।” ਇਹ ਕਿਤਾਬ ਦਿਖਾਵੇਗੀ ਕਿ ਨਬੀਆਂ, ਯਿਸੂ, ਅਤੇ ਉਸ ਦੇ ਚੇਲਿਆਂ ਵਿਚ ਗੱਲ ਕਰਨ ਅਤੇ ਸਿਖਾਉਣ ਦੇ ਕਿਹੜੇ ਵਧੀਆ ਗੁਣ ਸਨ। ਜੀ ਹਾਂ, ਇਹ ਨਵੀਂ ਪੁਸਤਕ ਅਤੇ ਥੀਓਕ੍ਰੈਟਿਕ ਮਨਿਸਟ੍ਰੀ ਸਕੂਲ ਦੇ ਨਵੇਂ ਤਰੀਕੇ ਸਾਨੂੰ ਪਰਮੇਸ਼ੁਰ ਦੇ ਬਚਨ ਦੇ ਬਿਹਤਰੀਨ ਸਿੱਖਿਅਕ ਬਣਨ ਦੀ ਮਦਦ ਦੇਣਗੇ।ਤੀਸਰਾ ਦਿਨ—ਸਮੇਂ ਕਰਕੇ ਉਪਦੇਸ਼ਕ ਬਣੋ
ਆਖ਼ਰੀ ਦਿਨ ਤੇ ਦੈਨਿਕ ਪਾਠ ਦੀ ਚਰਚਾ ਕਰਨ ਤੋਂ ਬਾਅਦ, ਸਾਰਿਆਂ ਨੇ ਸੰਮੇਲਨ ਦੀ ਅਖ਼ੀਰਲੀ ਭਾਸ਼ਣ-ਲੜੀ ਵੱਲ ਪੂਰਾ ਧਿਆਨ ਦਿੱਤਾ, ਜਿਸ ਦਾ ਵਿਸ਼ਾ ਸੀ “ਮਲਾਕੀ ਦੀ ਭਵਿੱਖਬਾਣੀ ਸਾਨੂੰ ਯਹੋਵਾਹ ਦੇ ਦਿਨ ਲਈ ਤਿਆਰ ਕਰਦੀ ਹੈ।” ਮਲਾਕੀ ਨੇ ਯਹੂਦੀਆਂ ਦੇ ਬਾਬਲ ਤੋਂ ਵਾਪਸ ਆਉਣ ਤੋਂ ਲਗਭਗ ਸੌ ਸਾਲ ਬਾਅਦ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਇਕ ਵਾਰ ਫਿਰ ਸੱਚੇ ਧਰਮ ਨੂੰ ਛੱਡ ਦਿੱਤਾ ਸੀ ਅਤੇ ਉਹ ਦੁਸ਼ਟ ਕੰਮ ਕਰਨ ਲੱਗ ਪਏ ਸਨ। ਲੋਕ ਯਹੋਵਾਹ ਦੇ ਨਾਂ ਦਾ ਨਿਰਾਦਰ ਕਰ ਰਹੇ ਸਨ, ਉਸ ਦੇ ਧਰਮੀ ਕਾਨੂੰਨ ਰੱਦ ਕਰ ਰਹੇ ਸਨ, ਅਤੇ ਅੰਨ੍ਹੇ, ਲੰਙੇ, ਅਤੇ ਬੀਮਾਰ ਪਸ਼ੂਆਂ ਦੇ ਚੜ੍ਹਾਵਿਆਂ ਨੂੰ ਲਿਆ ਰਹੇ ਸਨ। ਇਸ ਤੋਂ ਇਲਾਵਾ ਉਹ ਆਪਣੀਆਂ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ, ਸ਼ਾਇਦ ਇਸ ਲਈ ਕਿ ਉਹ ਗ਼ੈਰ-ਯਹੂਦਣਾਂ ਨਾਲ ਵਿਆਹ ਕਰਾ ਸਕਣ।
ਮਲਾਕੀ ਦਾ ਪਹਿਲਾ ਅਧਿਆਇ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਨਾਲ ਪ੍ਰੇਮ ਕਰਦਾ ਹੈ। ਇਹ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਸਾਨੂੰ ਪਰਮੇਸ਼ੁਰ ਦਾ ਭੈ ਰੱਖਣਾ ਚਾਹੀਦਾ ਹੈ ਅਤੇ ਪਵਿੱਤਰ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ। ਯਹੋਵਾਹ ਸਾਡੇ ਵੱਲੋਂ ਅਜਿਹੀ ਸੇਵਾ ਚਾਹੁੰਦਾ ਹੈ ਜੋ ਤਨ-ਮਨ ਨਾਲ ਕੀਤੀ ਗਈ ਹੈ ਅਤੇ ਨਿਰਸੁਆਰਥ ਪ੍ਰੇਮ ਤੇ ਆਧਾਰਿਤ ਹੈ। ਸਾਡੀ ਸੱਚੀ ਭਗਤੀ ਸਿਰਫ਼ ਇਕ ਦਿਖਾਵਾ ਨਹੀਂ ਹੈ, ਅਤੇ ਅਸੀਂ ਪਰਮੇਸ਼ੁਰ ਅੱਗੇ ਆਪਣਾ ਲੇਖਾ ਦੇਣਾ ਹੈ।
ਮਲਾਕੀ ਦਾ ਦੂਜਾ ਅਧਿਆਇ ਆਪਣੇ ਜ਼ਮਾਨੇ ਵਿਚ ਲਾਗੂ ਕਰਦੇ ਹੋਏ ਅਗਲੇ ਭਾਸ਼ਣਕਾਰ ਨੇ ਪੁੱਛਿਆ: “ਕੀ ਅਸੀਂ ਆਪਣੀ ਜਾਂਚ ਕਰਦੇ ਹਾਂ ਕਿ ਸਾਡੇ ‘ਬੁੱਲ੍ਹਾਂ ਵਿਚ ਕੋਈ ਕੁਧਰਮ ਨਾ ਪਾਇਆ ਜਾਵੇ’?” (ਮਲਾਕੀ 2:6) ਕਲੀਸਿਯਾ ਵਿਚ ਸਿੱਖਿਆ ਦੇਣ ਵਾਲੇ ਭਰਾਵਾਂ ਦੀ ਸਿੱਖਿਆ ਨੂੰ ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਆਧਾਰਿਤ ਹੋਣਾ ਚਾਹੀਦਾ ਹੈ। ਸਾਨੂੰ ਬਿਨਾਂ ਜਾਇਜ਼ ਕਾਰਨ ਦੇ ਤਲਾਕ ਲੈਣ ਵਰਗੀ ਧੋਖੇਬਾਜ਼ੀ ਨਾਲ ਨਫ਼ਰਤ ਕਰਨੀ ਚਾਹੀਦੀ ਹੈ।—ਮਲਾਕੀ 2:14-16.
“ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?” ਦੇ ਵਿਸ਼ੇ ਬਾਰੇ ਗੱਲ ਕਰਦੇ ਹੋਏ ਇਸ ਲੜੀ ਦੇ ਆਖ਼ਰੀ ਭਾਸ਼ਣਕਾਰ ਨੇ ਯਹੋਵਾਹ ਦੇ ਦਿਨ ਲਈ ਤਿਆਰੀ ਕਰਨ ਵਿਚ ਸਾਡੀ ਮਦਦ ਕੀਤੀ। ਉਸ ਨੇ ਕਿਹਾ: “ਯਹੋਵਾਹ ਦੇ ਸੇਵਕਾਂ ਨੂੰ ਇਹ ਦੇਖ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਉਨ੍ਹਾਂ ਉੱਤੇ ਮਲਾਕੀ 3:17 ਦੀ ਵੱਡੀ ਪੂਰਤੀ ਹੋ ਰਹੀ ਹੈ! ਉੱਥੇ ਲਿਖਿਆ ਹੈ: ‘ਸੈਨਾਂ ਦਾ ਯਹੋਵਾਹ ਆਖਦਾ ਹੈ, ਓਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖਾਸ ਮਲਕੀਅਤ ਜਿਸ ਦਿਨ ਮੈਂ ਇਹ ਕਰਾਂ। ਮੈਂ ਓਹਨਾਂ ਨੂੰ ਬਖਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤ੍ਰ ਨੂੰ ਬਖਸ਼ ਦਿੰਦਾ ਹੈ।’”
ਸੰਮੇਲਨ ਦੀ ਇਕ ਹੋਰ ਖ਼ਾਸ ਚੀਜ਼ ਸੀ ‘ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ’ ਨਾਂ ਦਾ ਡਰਾਮਾ ਜੋ ਕੋਰਾਹ ਦੇ ਪੁੱਤਰਾਂ ਬਾਰੇ ਸੀ। ਇਸ ਡਰਾਮੇ ਨੂੰ ਪੇਸ਼ ਕਰਨ ਵਾਲੇ ਭੈਣਾਂ-ਭਰਾਵਾਂ ਨੇ ਪੁਰਾਣੇ ਜ਼ਮਾਨੇ ਦੇ ਲੋਕਾਂ ਵਰਗੇ ਕੱਪੜੇ ਪਹਿਨੇ ਸਨ। ਮੂਸਾ ਅਤੇ ਹਾਰੂਨ ਪ੍ਰਤੀ ਕੋਰਾਹ ਦੇ ਬੁਰੇ ਰਵੱਈਏ ਦੇ ਬਾਵਜੂਦ ਕੋਰਾਹ ਦੇ ਪੁੱਤਰ ਯਹੋਵਾਹ ਅਤੇ ਉਸ ਦੇ ਨਿਯੁਕਤ ਕੀਤੇ ਹੋਇਆਂ ਪ੍ਰਤੀ ਵਫ਼ਾਦਾਰ ਰਹੇ। ਇਸ ਲਈ ਕੋਰਾਹ ਅਤੇ ਉਸ ਦੇ ਮਗਰ ਲੱਗਣ ਵਾਲੇ ਨਸ਼ਟ ਕੀਤੇ ਗਏ, ਪਰ ਕੋਰਾਹ ਦੇ ਪੁੱਤਰ ਬਚ ਨਿਕਲੇ ਸਨ। ਅਗਲੇ ਭਾਸ਼ਣ ਦਾ ਨਾਂ ਸੀ “ਵਫ਼ਾਦਾਰੀ ਦਿਖਾਉਂਦੇ ਹੋਏ ਯਹੋਵਾਹ ਦੇ ਅਧਿਕਾਰ ਦੇ ਅਧੀਨ ਰਹਿਣਾ।” ਭਾਸ਼ਣਕਾਰ ਨੇ ਡਰਾਮੇ ਨੂੰ ਸਾਡੇ ਸਾਰਿਆਂ ਉੱਤੇ ਲਾਗੂ ਕੀਤਾ। ਉਸ ਨੇ ਉਨ੍ਹਾਂ ਛੇ ਗੱਲਾਂ ਦੀ ਚੇਤਾਵਨੀ ਦਿੱਤੀ ਜਿਸ ਵਿਚ ਕੋਰਾਹ ਤੇ ਉਸ ਦੇ ਸਾਥੀ ਅਸਫ਼ਲ ਹੋਏ: ਉਹ ਯਹੋਵਾਹ ਦੇ ਅਧਿਕਾਰ ਪ੍ਰਤੀ ਵਫ਼ਾਦਾਰ ਨਹੀਂ ਸਨ, ਉਹ ਹੰਕਾਰੀ, ਅਭਿਲਾਸ਼ੀ, ਅਤੇ ਈਰਖਾਲੂ ਬਣੇ, ਉਨ੍ਹਾਂ ਨੇ ਯਹੋਵਾਹ ਦੇ ਨਿਯੁਕਤ ਕੀਤੇ ਹੋਏ ਬੰਦਿਆਂ ਦੀਆਂ ਗ਼ਲਤੀਆਂ ਵੱਲ ਹੱਦੋਂ ਵੱਧ ਧਿਆਨ ਦਿੱਤਾ, ਉਨ੍ਹਾਂ ਨੇ ਸ਼ਿਕਾਇਤੀ ਰਵੱਈਆ ਅਪਣਾਇਆ, ਉਨ੍ਹਾਂ ਨੇ ਸੇਵਾ ਕਰਨ ਦੇ ਸਨਮਾਨ ਦੀ ਕਦਰ ਨਹੀਂ ਕੀਤੀ, ਅਤੇ ਉਨ੍ਹਾਂ ਨੇ ਦੋਸਤਾਂ ਜਾਂ ਪਰਿਵਾਰ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਨਾਲੋਂ ਜ਼ਿਆਦਾ ਮਹੱਤਵਪੂਰਣ ਸਮਝਿਆ।
ਪਬਲਿਕ ਭਾਸ਼ਣ ਦਾ ਵਿਸ਼ਾ ਸੀ “ਕੌਣ ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾ ਰਹੇ ਹਨ?” ਇਸ ਵਿਚ ਆਮ ਸੱਚਾਈ ਨਹੀਂ ਸਗੋਂ ਯਹੋਵਾਹ ਦੇ ਮਕਸਦ ਦੀ ਸੱਚਾਈ ਸੀ ਜਿਸ ਦੀ ਯਿਸੂ ਮਸੀਹ ਨੇ ਸਾਖੀ ਦਿੱਤੀ ਸੀ। ਭਾਸ਼ਣਕਾਰ ਨੇ ਵਿਸ਼ਵਾਸਾਂ ਦੇ ਸੰਬੰਧ ਵਿਚ ਸੱਚਾਈ, ਉਪਾਸਨਾ ਦੇ ਸੰਬੰਧ ਵਿਚ ਸੱਚਾਈ, ਅਤੇ ਆਪਣੇ ਚਾਲ-ਚੱਲਣ ਦੇ ਸੰਬੰਧ ਵਿਚ ਸੱਚਾਈ ਬਾਰੇ ਗੱਲਬਾਤ ਕੀਤੀ। ਪਹਿਲੀ ਸਦੀ ਦੇ ਮਸੀਹੀਆਂ ਦੀ ਅੱਜ ਯਹੋਵਾਹ ਦੇ ਗਵਾਹਾਂ ਨਾਲ ਤੁਲਨਾ ਕਰ ਕੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋਇਆ ਕਿ ‘ਸੱਚੀ ਮੁੱਚੀ ਪਰਮੇਸ਼ੁਰ ਸਾਡੇ ਵਿੱਚ ਹੈ!—1 ਕੁਰਿੰਥੀਆਂ 14:25.
ਸੰਮੇਲਨ ਵਾਲੇ ਹਫ਼ਤੇ ਵਿਚ ਪੜ੍ਹੇ ਜਾਣ ਵਾਲੇ ਪਹਿਰਾਬੁਰਜ ਲੇਖ ਦੇ ਸਾਰ ਤੋਂ ਬਾਅਦ, “ਥੋੜ੍ਹੇ ਸਮੇਂ ਕਰਕੇ ਸਿੱਖਿਆ ਦੇਣ ਦੇ ਕੰਮ ਵਿਚ ਲੱਗੇ ਰਹਿਣਾ” ਨਾਂ ਦੇ ਭਾਸ਼ਣ ਰਾਹੀਂ ਪਰਮੇਸ਼ੁਰ ਦੇ ਬਚਨ ਦੇ ਸਾਰੇ ਸਿਖਾਉਣ ਵਾਲਿਆਂ ਨੂੰ ਕੰਮ ਕਰਦੇ ਰਹਿਣ ਲਈ ਪ੍ਰੇਰਿਆ ਗਿਆ। ਇਸ ਸੰਮੇਲਨ ਦੀ ਰਿਵਿਊ ਨੇ ਜ਼ੋਰ ਦਿੱਤਾ ਕਿ ਸਿਖਾਉਂਦੇ ਹੋਏ ਬਾਈਬਲ ਇਸਤੇਮਾਲ ਕਰਨੀ ਕਿੰਨਾ ਜ਼ਰੂਰੀ ਹੈ, ਅਸੀਂ ਇਹ ਦੇਖਿਆ ਕਿ ਅਸੀਂ ਯੋਗ ਸਿੱਖਿਅਕ ਕਿਵੇਂ ਬਣ ਸਕਦੇ ਹਾਂ, ਅਤੇ ਕਿ ਸਾਨੂੰ ਉਸ ਸੱਚਾਈ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਜੋ ਅਸੀਂ ਦੂਸਰਿਆਂ ਨੂੰ ਸਿਖਾਉਂਦੇ ਹਾਂ। ਭਾਸ਼ਣਕਾਰ ਨੇ ਸਲਾਹ ਦਿੱਤੀ ਕਿ ‘ਸਾਡੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ’ ਅਤੇ ਕਿ ਅਸੀਂ ‘ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰੀਏ।’—1 ਤਿਮੋਥਿਉਸ 4:15, 16.
ਅਸੀਂ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਨਾਂ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਕਿੰਨੇ ਵਧੀਆ ਰੂਹਾਨੀ ਭੋਜਨ ਦਾ ਆਨੰਦ ਮਾਣਿਆ ਸੀ! ਉਮੀਦ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਯਹੋਵਾਹ ਅਤੇ ਯਿਸੂ ਮਸੀਹ ਦੀ ਰੀਸ ਕਰ ਕੇ ਦੂਸਰਿਆਂ ਨੂੰ ਪਰਮੇਸ਼ੁਰ ਦਾ ਬਚਨ ਸਿਖਾਵਾਂਗੇ।
[ਸਫ਼ਾ 28 ਉੱਤੇ ਡੱਬੀ/ਤਸਵੀਰਾਂ]
ਖ਼ਾਸ ਲੋੜਾਂ ਪੂਰੀਆਂ ਕਰਨ ਲਈ ਨਵੇਂ ਪ੍ਰਕਾਸ਼ਨ
“ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਨਾਂ ਦੇ ਜ਼ਿਲ੍ਹਾ ਸੰਮੇਲਨ ਤੇ ਹਾਜ਼ਰ ਹੋਏ ਲੋਕਾਂ ਨੇ ਜੋਸ਼ ਨਾਲ ਦੋ ਪ੍ਰਕਾਸ਼ਨ ਸਵੀਕਾਰ ਕੀਤੇ ਜੋ ਕੁਝ ਖ਼ਾਸ ਮੁਲਕਾਂ ਦੇ ਲੋਕਾਂ ਨੂੰ ਸੱਚਾਈ ਸਿਖਾਉਣ ਵਿਚ ਬਹੁਤ ਕੰਮ ਆਉਣਗੇ। ਅੰਗ੍ਰੇਜ਼ੀ ਵਿਚ ਕੀ ਤੁਹਾਡੀ ਆਤਮਾ ਅਮਰ ਹੈ? ਨਾਮਕ ਨਵੇਂ ਟ੍ਰੈਕਟ ਵਿਚ ਸਮਝਾਇਆ ਗਿਆ ਹੈ ਕਿ ਮਰਨ ਤੋਂ ਬਾਅਦ ਇਨਸਾਨ ਦੇ ਅੰਦਰੋਂ ਕੋਈ ਚੀਜ਼ ਜੀਉਂਦੀ ਨਹੀਂ ਰਹਿੰਦੀ।
ਸਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ? (ਅੰਗ੍ਰੇਜ਼ੀ) ਨਾਂ ਦਾ ਬ੍ਰੋਸ਼ਰ ਸੰਮੇਲਨ ਦੇ ਦੂਜੇ ਦਿਨ ਰਿਲੀਸ ਕੀਤਾ ਗਿਆ ਸੀ। ਇਹ ਬ੍ਰੋਸ਼ਰ ਉਨ੍ਹਾਂ ਲੋਕਾਂ ਨਾਲ ਸਟੱਡੀ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਨਹੀਂ ਮੰਨਦੇ ਕਿ ਸਿਰਜਣਹਾਰ ਹੈ ਅਤੇ ਜੋ ਪਰਮੇਸ਼ੁਰ ਵੱਲੋਂ ਕਿਸੇ ਧਰਮ ਪੁਸਤਕ ਨੂੰ ਨਹੀਂ ਸਵੀਕਾਰ ਕਰਦੇ। ਕੀ ਤੁਹਾਨੂੰ ਆਪਣੀ ਸੇਵਕਾਈ ਵਿਚ ਇਨ੍ਹਾਂ ਨਵੇਂ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰਨ ਦਾ ਮੌਕਾ ਮਿਲਿਆ ਹੈ?
[ਸਫ਼ੇ 26 ਉੱਤੇ ਤਸਵੀਰਾਂ]
ਇਟਲੀ ਦੇ ਮਿਲਾਨ ਸ਼ਹਿਰ ਅਤੇ ਦੁਨੀਆਂ ਭਰ ਦੇ ਸੰਮੇਲਨਾਂ ਵਿਚ ਸੈਂਕੜਿਆਂ ਨੇ ਬਪਤਿਸਮਾ ਲਿਆ
[ਸਫ਼ੇ 29 ਉੱਤੇ ਤਸਵੀਰ]
‘ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ’ ਨਾਂ ਦੇ ਡਰਾਮੇ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ