Skip to content

Skip to table of contents

ਯਹੋਵਾਹ ਉੱਤੇ ਆਸ ਲਾਓ ਜੋ ਸੱਚਾ ਪਰਮੇਸ਼ੁਰ ਹੈ

ਯਹੋਵਾਹ ਉੱਤੇ ਆਸ ਲਾਓ ਜੋ ਸੱਚਾ ਪਰਮੇਸ਼ੁਰ ਹੈ

ਯਹੋਵਾਹ ਉੱਤੇ ਆਸ ਲਾਓ ਜੋ ਸੱਚਾ ਪਰਮੇਸ਼ੁਰ ਹੈ

ਕੀ ਤੁਸੀਂ ਕਦੇ ਰਾਤ ਨੂੰ ਤਾਰਿਆਂ ਭਰੇ ਆਸਮਾਨ ਵੱਲ ਦੇਖ ਕੇ ਪੁੱਛਿਆ ਹੈ ਕਿ ਇਹ ਕਿੱਥੋਂ ਆਏ ਹਨ? ਇਨ੍ਹਾਂ ਨੂੰ ਕਿਸ ਨੇ ਬਣਾਇਆ ਹੈ?

ਰਾਤ ਦੇ ਸੰਨਾਟੇ ਵਿਚ ਤਾਰਿਆਂ ਨੇ ਮਾਨੋ ਦਾਊਦ ਪਾਤਸ਼ਾਹ ਨਾਲ ਗੱਲ ਕੀਤੀ ਜਿਸ ਵਜੋਂ ਉਸ ਨੇ ਲਿਖਿਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” (ਜ਼ਬੂਰ 19:1) ਜੀ ਹਾਂ, ਸ੍ਰਿਸ਼ਟੀ ਨਾਲੋਂ ਸ੍ਰਿਸ਼ਟੀਕਰਤਾ “ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ” ਹੈ।—ਪਰਕਾਸ਼ ਦੀ ਪੋਥੀ 4:11; ਰੋਮੀਆਂ 1:25.

ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਦਰਅਸਲ ਸੱਚਾ ਪਰਮੇਸ਼ੁਰ “ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ” ਹੈ। (ਜ਼ਬੂਰ 83:18) ਅਤੇ ਉਹ ਨਜ਼ਰ ਦਾ ਧੋਖਾ ਜਾਂ ਨਕਲੀ ਨਹੀਂ ਹੈ। ਯਿਸੂ ਮਸੀਹ ਨੇ ਆਪਣੇ ਸਵਰਗੀ ਪਿਤਾ ਯਹੋਵਾਹ ਬਾਰੇ ਕਿਹਾ ਕਿ “ਜਿਹ ਨੇ ਮੈਨੂੰ ਘੱਲਿਆ ਸੋ ਸੱਚਾ ਹੈ।”—ਯੂਹੰਨਾ 7:28.

ਯਹੋਵਾਹ ਆਪਣੇ ਉਦੇਸ਼ ਪੂਰੇ ਕਰਨ ਵਾਲਾ ਹੈ

ਬਾਈਬਲ ਦੇ ਇਬਰਾਨੀ ਹਿੱਸੇ ਵਿਚ ਪਰਮੇਸ਼ੁਰ ਦਾ ਲਾਜਵਾਬ ਨਾਂ ਯਹੋਵਾਹ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਉਸ ਦੇ ਨਾਂ ਤੋਂ ਹੀ ਇਹ ਅਸਲੀਅਤ ਜ਼ਾਹਰ ਹੁੰਦੀ ਹੈ ਕਿ ਉਹ ਅਸਲੀ ਹੈ। ਪਰਮੇਸ਼ੁਰ ਦੇ ਨਾਂ ਦਾ ਸ਼ਾਬਦਿਕ ਅਰਥ ਹੈ “ਉਹ ਬਣਾਉਂਦਾ ਹੈ।” ਇਸ ਤਰ੍ਹਾਂ ਯਹੋਵਾਹ ਆਪਣੇ ਆਪ ਨੂੰ ਆਪਣੇ ਉਦੇਸ਼ਾਂ ਦਾ ਪੂਰਾ ਕਰਨ ਵਾਲਾ ਸੱਦਦਾ ਹੈ। ਜਦੋਂ ਮੂਸਾ ਨੇ ਪਰਮੇਸ਼ੁਰ ਨੂੰ ਉਸ ਦਾ ਨਾਂ ਪੁੱਛਿਆ ਤਾਂ ਯਹੋਵਾਹ ਨੇ ਆਪਣੇ ਨਾਂ ਦੇ ਅਰਥ ਬਾਰੇ ਕਿਹਾ: “ਮੈਂ ਬਣਾਂਗਾ ਜੋ ਮੈਂ ਬਣਾਂਗਾ।” (ਕੂਚ 3:14, ਨਿ ਵ) ਰੌਦਰ੍ਹਮ ਦੇ ਤਰਜਮੇ ਵਿਚ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਮੈਂ ਜੋ ਚਾਹਾ ਬਣ ਸਕਦਾ ਹਾਂ।” ਯਹੋਵਾਹ ਆਪਣੇ ਉਦੇਸ਼ ਅਤੇ ਵਾਅਦੇ ਪੂਰੇ ਕਰਨ ਵਾਸਤੇ ਜੋ ਮਰਜ਼ੀ ਚਾਹੇ ਬਣ ਜਾਂਦਾ ਹੈ। ਇਸ ਲਈ ਉਸ ਦੇ ਕਾਫ਼ੀ ਸਾਰੇ ਖ਼ਿਤਾਬ ਹਨ, ਜਿਵੇਂ ਕਿ ਸਿਰਜਣਹਾਰ, ਪਿਤਾ, ਪ੍ਰਭੂ, ਅਯਾਲੀ, ਸੈਨਾਂ ਦਾ ਯਹੋਵਾਹ, ਪ੍ਰਾਰਥਨਾ ਦਾ ਸੁਣਨ ਵਾਲਾ, ਨਿਆਈ, ਗੁਰੂ, ਛੁਟਕਾਰਾ ਦੇਣ ਵਾਲਾ।—ਨਿਆਈਆਂ 11:27; ਜ਼ਬੂਰ 23:1; 65:2; 73:28; 89:26; ਯਸਾਯਾਹ 8:13; 30:20; 40:28; 41:14.

ਸਿਰਫ਼ ਸੱਚੇ ਪਰਮੇਸ਼ੁਰ ਨੂੰ ਯਹੋਵਾਹ ਸੱਦਿਆ ਜਾ ਸਕਦਾ ਹੈ ਕਿਉਂਕਿ ਕੋਈ ਇਨਸਾਨ ਇਹ ਯਕੀਨੀ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਉਦੇਸ਼ ਸਫ਼ਲ ਹੋਣਗੇ। (ਯਾਕੂਬ 4:13, 14) ਸਿਰਫ਼ ਯਹੋਵਾਹ ਹੀ ਕਹਿ ਸਕਦਾ ਹੈ ਕਿ “ਜਿਵੇਂ ਤਾਂ ਵਰਖਾ ਅਤੇ ਬਰਫ਼ ਅਕਾਸ਼ ਤੋਂ ਪੈਂਦੀ ਹੈ, ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖਿੜਾਉਂਦੀ ਹੈ, ਐਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:10, 11.

ਯਹੋਵਾਹ ਆਪਣੇ ਉਦੇਸ਼ ਇੰਨੀ ਨਿਸ਼ਚਿਤਤਾ ਨਾਲ ਪੂਰੇ ਕਰਦਾ ਹੈ ਕਿ ਜੋ ਇਨਸਾਨਾਂ ਨੂੰ ਕਲਪਿਤ ਜਾਂ ਖ਼ਿਆਲੀ ਲੱਗਦਾ ਹੈ ਉਹ ਉਸ ਦੇ ਨਜ਼ਰੀਏ ਤੋਂ ਇਕ ਹਕੀਕਤ ਹੁੰਦੀ ਹੈ। ਅਬਰਾਹਾਮ, ਇਸਹਾਕ, ਅਤੇ ਯਾਕੂਬ ਦੀ ਮੌਤ ਤੋਂ ਕਈ ਸਾਲ ਬਾਅਦ ਯਿਸੂ ਨੇ ਉਨ੍ਹਾਂ ਦੀ ਗੱਲ ਕਰਦੇ ਹੋਏ ਕਿਹਾ: “[ਯਹੋਵਾਹ] ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:37, 38) ਉਹ ਤਿੰਨ ਵਫ਼ਾਦਾਰ ਬੰਦੇ ਮੁਰਦੇ ਸਨ, ਪਰ ਉਨ੍ਹਾਂ ਨੂੰ ਜੀ ਉਠਾਉਣ ਦਾ ਪਰਮੇਸ਼ੁਰ ਦਾ ਉਦੇਸ਼ ਇੰਨਾ ਯਕੀਨੀ ਸੀ ਕਿ ਉਸ ਦੇ ਭਾਣੇ ਉਹ ਜੀਉਂਦੇ ਸਨ। ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਯਹੋਵਾਹ ਲਈ ਉੱਨਾ ਹੀ ਸੌਖਾ ਹੈ ਜਿੰਨਾ ਉਸ ਲਈ ਪਹਿਲੇ ਆਦਮੀ ਨੂੰ ਸਰਿਸ਼ਟ ਕਰਨਾ ਸੀ।—ਉਤਪਤ 2:7.

ਪੌਲੁਸ ਰਸੂਲ ਨੇ ਇਕ ਹੋਰ ਉਦਾਹਰਣ ਦੁਆਰਾ ਦਿਖਾਇਆ ਕਿ ਪਰਮੇਸ਼ੁਰ ਆਪਣੇ ਉਦੇਸ਼ ਪੂਰੇ ਕਰਵਾਉਂਦਾ ਹੈ। ਬਾਈਬਲ ਵਿਚ ਅਬਰਾਹਾਮ ਨੂੰ “ਬਹੁਤੀਆਂ ਕੌਮਾਂ ਦਾ ਪਿਤਾ” ਸੱਦਿਆ ਗਿਆ ਹੈ। (ਰੋਮੀਆਂ 4:16, 17) ਜਦ ਅਜੇ ਅਬਰਾਮ ਬੇਔਲਾਦ ਸੀ, ਯਹੋਵਾਹ ਨੇ ਉਸ ਦਾ ਨਾਂ ਅਬਰਾਹਾਮ ਰੱਖ ਦਿੱਤਾ ਜਿਸ ਦਾ ਅਰਥ ਹੈ “ਬਹੁਤ ਸਾਰੇ ਲੋਕਾਂ (ਬਹੁਸੰਖਿਆ) ਦਾ ਪਿਤਾ।” ਯਹੋਵਾਹ ਨੇ ਬੁੱਢੇ ਅਬਰਾਹਾਮ ਅਤੇ ਉਸ ਦੀ ਬੁੱਢੀ ਪਤਨੀ ਸਾਰਾਹ ਨੂੰ ਔਲਾਦ ਪੈਦਾ ਕਰਨ ਦੀ ਸ਼ਕਤੀ ਫਿਰ ਤੋਂ ਦੇ ਕੇ ਉਸ ਨਾਂ ਦੇ ਅਰਥ ਨੂੰ ਇਕ ਅਸਲੀਅਤ ਬਣਾਇਆ।—ਇਬਰਾਨੀਆਂ 11:11, 12.

ਯਿਸੂ ਨੂੰ ਵੱਡਾ ਇਖ਼ਤਿਆਰ ਸੌਂਪਿਆ ਗਿਆ ਹੈ ਅਤੇ ਉਹ ਇਨਸਾਨਾਂ ਨਾਲੋਂ ਉੱਚੇ ਦ੍ਰਿਸ਼ਟੀਕੋਣ ਤੋਂ ਅਸਲੀਅਤਾਂ ਬਾਰੇ ਗੱਲ ਕਰਦਾ ਸੀ। ਭਾਵੇਂ ਉਸ ਦੇ ਜਿਗਰੀ ਦੋਸਤ ਲਾਜ਼ਰ ਦੀ ਮੌਤ ਹੋ ਗਈ ਸੀ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” (ਯੂਹੰਨਾ 11:11) ਯਿਸੂ ਨੇ ਇਕ ਮੁਰਦੇ ਦੀ ਗੱਲ ਇਸ ਤਰ੍ਹਾਂ ਕਿਉਂ ਕੀਤੀ ਸੀ ਜਿਵੇਂ ਕੀਤੇ ਉਹ ਸੁੱਤਾ ਪਿਆ ਹੋਵੇ?

ਜਦੋਂ ਯਿਸੂ ਲਾਜ਼ਰ ਦੇ ਪਿੰਡ ਬੈਤਅਨੀਆ ਪਹੁੰਚਿਆ, ਤਾਂ ਉਸ ਨੇ ਕਬਰ ਤੇ ਜਾ ਕੇ ਕਿਹਾ ਕਿ ਗੁਫ਼ਾ ਦੇ ਮੂੰਹ ਤੇ ਧਰੇ ਹੋਏ ਪੱਥਰ ਨੂੰ ਹਟਾ ਦਿੱਤਾ ਜਾਵੇ। ਉੱਚੀ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਹੁਕਮ ਦਿੱਤਾ: “ਲਾਜ਼ਰ, ਬਾਹਰ ਆ!” ਸਾਰਿਆਂ ਦੀਆਂ ਨਜ਼ਰਾਂ ਕਬਰ ਤੇ ਟਿਕੀਆਂ ਹੋਈਆਂ ਸਨ ਜਦ “ਉਹ ਜਿਹੜਾ ਮੋਇਆ ਹੋਇਆ ਸੀ ਕਫ਼ਨ ਨਾਲ ਹੱਥ ਪੈਰ ਬੱਧੇ ਹੋਏ ਬਾਹਰ ਨਿੱਕਲ ਆਇਆ ਅਰ ਉਹ ਦੇ ਮੂੰਹ ਉੱਤੇ ਰੁਮਾਲ ਵਲ੍ਹੇਟਿਆ ਹੋਇਆ ਸੀ!” ਫਿਰ ਯਿਸੂ ਨੇ ਕਿਹਾ: “ਉਹ ਨੂੰ ਖੋਲ੍ਹੋ ਅਤੇ ਜਾਣ ਦਿਓ।” (ਯੂਹੰਨਾ 11:43, 44) ਯਿਸੂ ਨੇ ਚਾਰ ਦਿਨ ਤੋਂ ਮੋਏ ਹੋਏ ਲਾਜ਼ਰ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ! ਜਦ ਯਿਸੂ ਨੇ ਕਿਹਾ ਕਿ ਮੇਰਾ ਦੋਸਤ ਸੌਂ ਰਿਹਾ ਹੈ ਉਹ ਤੋੜ-ਮਰੋੜ ਕੇ ਸੱਚਾਈ ਪੇਸ਼ ਨਹੀਂ ਕਰ ਰਿਹਾ ਸੀ। ਯਹੋਵਾਹ ਅਤੇ ਯਿਸੂ ਦੇ ਨਜ਼ਰੀਏ ਤੋਂ ਮੁਰਦਾ ਲਾਜ਼ਰ ਸਿਰਫ਼ ਸੁੱਤਾ ਪਿਆ ਸੀ। ਜੀ ਹਾਂ, ਯਿਸੂ ਅਤੇ ਉਸ ਦਾ ਸਵਰਗੀ ਪਿਤਾ ਅਸਲੀਅਤਾਂ ਬਾਰੇ ਗੱਲ ਕਰਦੇ ਹਨ।

ਯਹੋਵਾਹ ਸਾਡੀਆਂ ਆਸਾਂ ਨੂੰ ਅਸਲੀਅਤਾਂ ਬਣਾ ਸਕਦਾ ਹੈ

ਅਸਲੀ ਪਰਮੇਸ਼ੁਰ ਅਤੇ ਨਕਲੀ ਦੇਵਤਿਆਂ ਵਿਚ ਕਿੰਨਾ ਵੱਡਾ ਫ਼ਰਕ ਹੈ! ਇਨ੍ਹਾਂ ਦੇਵਤਿਆਂ ਦੇ ਪੂਜਣ ਵਾਲੇ ਇਨ੍ਹਾਂ ਨੂੰ ਇੰਨੇ ਮਹਾਨ ਸਮਝਦੇ ਹਨ ਕਿ ਉਨ੍ਹਾਂ ਦੇ ਭਾਣੇ ਉਹ ਸਭ ਕੁਝ ਕਰ ਸਕਦੇ ਹਨ। ਪਰ ਰੱਬ ਵਰਗੇ ਸਮਝੇ ਜਾਣ ਦੇ ਬਾਵਜੂਦ ਵੀ ਉਹ ਰੱਬ ਵਰਗੇ ਕੰਮ ਨਹੀਂ ਕਰ ਸਕਦੇ। ਦੂਜੇ ਪਾਸੇ ਯਹੋਵਾਹ ਪਰਮੇਸ਼ੁਰ ਆਪਣੇ ਸੇਵਕਾਂ ਦੀ ਗੱਲ ਇਸ ਤਰ੍ਹਾਂ ਕਰ ਸਕਦਾ ਹੈ ਜਿਵੇਂ ਕਿਤੇ ਉਹ ਜ਼ਿੰਦਾ ਹਨ ਭਾਵੇਂ ਉਨ੍ਹਾਂ ਦੀ ਮੌਤ ਹੋਈ ਨੂੰ ਹਜ਼ਾਰਾਂ ਸਾਲ ਹੋ ਗਏ ਹਨ ਕਿਉਂਕਿ ਯਹੋਵਾਹ ਉਨ੍ਹਾਂ ਵਿਚ ਦੁਬਾਰਾ ਜਾਨ ਪਾ ਸਕਦਾ ਹੈ। “ਯਹੋਵਾਹ ਸੱਚਾ ਪਰਮੇਸ਼ੁਰ ਹੈ” ਅਤੇ ਉਹ ਆਪਣੇ ਲੋਕਾਂ ਨੂੰ ਕਦੇ ਵੀ ਧੋਖਾ ਨਹੀਂ ਦਿੰਦਾ।—ਯਿਰਮਿਯਾਹ 10:10.

ਇਹ ਗੱਲ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਦੇ ਠਹਿਰਾਏ ਹੋਏ ਸਮੇਂ ਤੇ ਸਾਰੇ ਮੁਰਦੇ ਜੋ ਉਸ ਦੀ ਯਾਦਾਸ਼ਤ ਵਿਚ ਹਨ ਜੀ ਉਠਾਏ ਜਾਣਗੇ! (ਰਸੂਲਾਂ ਦੇ ਕਰਤੱਬ 24:15) ਜੀ ਉਠਾਏ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਨੂੰ ਵਾਪਸ ਦਿੱਤੀ ਜਾਵੇਗੀ। ਹਰੇਕ ਮੁਰਦੇ ਦੀ ਹਰੇਕ ਗੱਲ ਯਾਦ ਰੱਖਣੀ ਅਤੇ ਉਸ ਨੂੰ ਪਹਿਲਾਂ ਵਰਗਾ ਬਣਾਉਣਾ ਸਿਰਜਣਹਾਰ ਲਈ ਕੋਈ ਔਖਾ ਕੰਮ ਨਹੀਂ ਹੈ ਕਿਉਂਕਿ ਉਸ ਵਿਚ ਬੇਹੱਦ ਬੁੱਧ ਅਤੇ ਸ਼ਕਤੀ ਹੈ। (ਅੱਯੂਬ 12:13; ਯਸਾਯਾਹ 40:26) ਕਿਉਂ ਜੋ ਯਹੋਵਾਹ ਪ੍ਰੇਮ ਨਾਲ ਭਰਪੂਰ ਹੈ, ਉਹ ਆਪਣੀ ਮੁਕੰਮਲ ਯਾਦਾਸ਼ਤ ਇਸਤੇਮਾਲ ਕਰ ਕੇ ਮੁਰਦਿਆਂ ਨੂੰ ਫਿਰਦੌਸ ਵਰਗੀ ਧਰਤੀ ਤੇ ਦੁਬਾਰਾ ਫਿਰ ਉਸੇ ਤਰ੍ਹਾਂ ਦੇ ਜ਼ਿੰਦਾ ਕਰੇਗਾ ਜਿਸ ਤਰ੍ਹਾਂ ਦੇ ਉਹ ਮਰਨ ਤੋਂ ਪਹਿਲਾਂ ਸਨ।—1 ਯੂਹੰਨਾ 4:8.

ਸ਼ਤਾਨ ਦੇ ਸੰਸਾਰ ਦਾ ਅੰਤ ਨੇੜੇ ਹੈ, ਪਰ ਪਰਮੇਸ਼ੁਰ ਉੱਤੇ ਆਸ ਲਾਉਣ ਵਾਲਿਆਂ ਦਾ ਭਵਿੱਖ ਸੁਨਹਿਰਾ ਹੈ। (ਕਹਾਉਤਾਂ 2:21, 22; ਦਾਨੀਏਲ 2:44; 1 ਯੂਹੰਨਾ 5:19) ਜ਼ਬੂਰਾਂ ਦਾ ਲਿਖਾਰੀ ਸਾਨੂੰ ਯਕੀਨ ਦਿਲਾਉਂਦਾ ਹੈ ਕਿ “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ; . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:10, 11) ਜੁਰਮ ਅਤੇ ਹਿੰਸਾ ਪਿੱਛਲੀਆਂ ਗੱਲਾਂ ਹੋਣਗੀਆਂ। ਇਨਸਾਫ਼ ਕਾਇਮ ਹੋਵੇਗਾ ਅਤੇ ਗ਼ਰੀਬੀ ਦੂਰ ਕੀਤੀ ਜਾਵੇਗੀ। (ਜ਼ਬੂਰ 37:6; 72:12, 13; ਯਸਾਯਾਹ 65:21-23) ਹਰ ਤਰ੍ਹਾਂ ਦੀ ਊਚ-ਨੀਚ, ਜਾਤ-ਪਾਤ, ਅਤੇ ਪੱਖ-ਪਾਤ ਨੂੰ ਖ਼ਤਮ ਕੀਤਾ ਜਾਵੇਗਾ। (ਰਸੂਲਾਂ ਦੇ ਕਰਤੱਬ 10:34, 35) ਫਿਰ ਲੜਾਈਆਂ ਅਤੇ ਹਥਿਆਰ ਨਹੀਂ ਹੋਣਗੇ। (ਜ਼ਬੂਰ 46:9) ਉਸ ਵੇਲੇ “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ।” (ਯਸਾਯਾਹ 33:24) ਹਰੇਕ ਇਨਸਾਨ ਤੰਦਰੁਸਤ ਹੋਵੇਗਾ ਅਤੇ ਚੰਗੀ ਸਿਹਤ ਦਾ ਮਜ਼ਾ ਲਵੇਗਾ। (ਪਰਕਾਸ਼ ਦੀ ਪੋਥੀ 21:3, 4) ਬੜੀ ਜਲਦੀ ਹੁਣ ਫਿਰਦੌਸ ਵਰਗੀ ਧਰਤੀ ਇਕ ਅਸਲੀਅਤ ਬਣ ਜਾਵੇਗੀ। ਇਹ ਯਹੋਵਾਹ ਦਾ ਉਦੇਸ਼ ਹੈ!

ਜੀ ਹਾਂ, ਸਾਡੀਆਂ ਸਾਰੀਆਂ ਉਮੀਦਾਂ ਜੋ ਬਾਈਬਲ ਉੱਤੇ ਰੱਖੀਆਂ ਗਈਆਂ ਹਨ, ਹੁਣ ਬਹੁਤ ਜਲਦੀ ਪੂਰੀਆਂ ਹੋਣਗੀਆਂ। ਅਸੀਂ ਆਪਣੇ ਆਪ ਨੂੰ ਨਕਲੀ ਦੇਵਤਿਆਂ ਦੁਆਰਾ ਕਿਉਂ ਧੋਖਾ ਖਾਣ ਦੇਈਏ ਜਦ ਕਿ ਅਸੀਂ ਆਪਣਾ ਪੂਰਾ ਭਰੋਸਾ ਯਹੋਵਾਹ ਉੱਤੇ ਰੱਖ ਸਕਦੇ ਹਾਂ? ਉਹ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਆਪਣਾ ਸਮਾਂ ਅਤੇ ਪੈਸਾ ਇਸ ਸੰਸਾਰ ਦੀਆਂ ਨਕਲੀ ਚੀਜ਼ਾਂ ਅਤੇ ਫੋਕੇ ਦੇਵਤਿਆਂ ਉੱਤੇ ਲਾਉਣ ਦੀ ਬਜਾਇ, ਆਓ ਆਪਾਂ ਸੱਚੇ ਪਰਮੇਸ਼ੁਰ ਨੂੰ ਜਾਣੀਏ ਅਤੇ ਆਪਣੇ ਪੂਰੇ ਦਿਲ ਨਾਲ ਉਸ ਉੱਤੇ ਭਰੋਸਾ ਰੱਖੀਏ।—ਕਹਾਉਤਾਂ 3:1-6; ਯੂਹੰਨਾ 17:3.

[ਸਫ਼ੇ 6 ਉੱਤੇ ਤਸਵੀਰ]

ਯਹੋਵਾਹ ਅਤੇ ਯਿਸੂ ਦੀਆਂ ਨਜ਼ਰਾਂ ਵਿਚ ਲਾਜ਼ਰ ਸਿਰਫ਼ ਸੁੱਤਾ ਹੀ ਪਿਆ ਸੀ

[ਸਫ਼ੇ 7 ਉੱਤੇ ਤਸਵੀਰ]

ਬੜੀ ਜਲਦੀ ਹੁਣ ਫਿਰਦੌਸ ਵਰਗੀ ਧਰਤੀ ਇਕ ਅਸਲੀਅਤ ਬਣ ਜਾਵੇਗੀ