Skip to content

Skip to table of contents

ਸ਼ੁਭ ਕਰਮ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ

ਸ਼ੁਭ ਕਰਮ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ

ਸ਼ੁਭ ਕਰਮ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ

ਆਪਣੀ ਨੇਕ ਚਾਲ ਅਤੇ ਸ਼ੁਭ ਕੰਮਾਂ ਰਾਹੀਂ ਸੱਚੇ ਮਸੀਹੀ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ। (1 ਪਤਰਸ 2:12) ਇਸ ਗੱਲ ਦੀ ਸੱਚਾਈ ਉਨ੍ਹਾਂ ਘਟਨਾਵਾਂ ਤੋਂ ਦੇਖੀ ਜਾ ਸਕਦੀ ਹੈ ਜੋ ਥੋੜ੍ਹੇ ਸਮੇਂ ਪਹਿਲਾਂ ਇਟਲੀ ਵਿਚ ਵਾਪਰੀਆਂ ਸਨ।

ਸਾਲ 1997 ਵਿਚ, ਮਾਰਸ਼ ਅਤੇ ਅੰਬਰੀਆ ਨਾਂ ਦੇ ਇਲਾਕਿਆਂ ਵਿਚ ਇਕ ਵੱਡਾ ਭੁਚਾਲ ਆਇਆ ਜਿਸ ਨੇ ਲਗਭਗ 90,000 ਘਰਾਂ ਦਾ ਨੁਕਸਾਨ ਕੀਤਾ। ਯਹੋਵਾਹ ਦੇ ਗਵਾਹਾਂ ਦੇ ਸਮੂਹਾਂ ਨੇ ਇਕਦਮ ਆਪਣੇ ਸੰਗੀ ਮਸੀਹੀਆਂ ਅਤੇ ਦੂਸਰਿਆਂ ਲੋਕਾਂ ਦੀ ਮਦਦ ਕਰਨ ਵਿਚ ਪਹਿਲ ਕੀਤੀ। ਟ੍ਰੇਲਰ, ਬਿਸਤਰੇ, ਚੁੱਲ੍ਹੇ, ਜੈਨਰੇਟਰ, ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ। ਮਦਦ ਕਰਨ ਦੇ ਇਨ੍ਹਾਂ ਜਤਨਾਂ ਨੇ ਦੂਸਰਿਆਂ ਦਾ ਧਿਆਨ ਖਿੱਚਿਆ।

ਈਲ ਚੇਨਟਰੋ ਨਾਂ ਦੇ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ “[ਟੇਰਮੋ ਦੇ ਸੂਬੇ ਵਿਚ] ਰੋਜ਼ੇਟੋ ਦੇ ਯਹੋਵਾਹ ਦੇ ਗਵਾਹ ਤਬਾਹ ਕੀਤੇ ਗਏ ਥਾਵਾਂ ਤੇ ਸਾਮਾਨ ਲਿਆ ਕੇ ਮਦਦ ਕਰਨ ਲਈ ਸਾਰਿਆਂ ਤੋਂ ਪਹਿਲਾਂ ਪਹੁੰਚੇ। . . . ਸਮੇਂ-ਸਮੇਂ ਤੇ ਪ੍ਰਾਰਥਨਾ ਕਰਨ ਲਈ ਇਕੱਠੇ ਹੋਣ ਦੇ ਨਾਲ-ਨਾਲ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਹੋਰ ਤਰੀਕਿਆਂ ਵਿਚ ਵੀ ਮਦਦ ਕੀਤੀ ਸੀ। ਉਨ੍ਹਾਂ ਨੇ ਦੂਸਰਿਆਂ ਦੀ ਮਦਦ ਕਰਨ ਵਿਚ ਆਪਣਾ ਹੱਥ ਵਧਾਇਆ ਚਾਹੇ ਉਹ ਜਿਹੜੇ ਮਰਜ਼ੀ ਧਰਮ ਦੇ ਸਨ।”

ਭੁਚਾਲ ਕਾਰਨ ਨੌਚੇਰੋ ਅੰਬਰਾ ਨਾਂ ਦੇ ਨਗਰ ਦਾ ਬਹੁਤ ਨੁਕਸਾਨ ਹੋਇਆ ਸੀ। ਉਸ ਨਗਰ ਦੇ ਮੇਅਰ ਨੇ ਯਹੋਵਾਹ ਦੇ ਗਵਾਹਾਂ ਨੂੰ ਲਿਖਿਆ: “ਨੌਚੇਰੋ ਦੇ ਲੋਕਾਂ ਲਈ ਜੋ ਤੁਸੀਂ ਕੀਤਾ ਹੈ ਉਸ ਦਾ ਮੈਂ ਦਿਲੋਂ ਤੁਹਾਡਾ ਸ਼ੁਕਰੀਆ ਕਰਦਾ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਸਾਰੇ ਨਾਗਰਿਕ ਮੇਰੇ ਵਾਂਗ ਮਹਿਸੂਸ ਕਰਦੇ ਹਨ।” ਇਸ ਦੇ ਨਾਲ-ਨਾਲ, ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੀ ਮਸੀਹੀ ਕਲੀਸਿਯਾ ਨੂੰ ਸਨਮਾਨ ਦੇਣ ਲਈ ਇਕ ਸਰਟੀਫਿਕੇਟ ਅਤੇ ਮੈਡਲ ਦਿੱਤਾ ਕਿਉਂਕਿ “ਮਾਰਸ਼ ਅਤੇ ਅੰਬਰੀਆ ਦੇ ਇਲਾਕਿਆਂ ਦੀ ਸੰਕਟ ਦੇ ਸੰਬੰਧ ਵਿਚ ਗਵਾਹਾਂ ਨੇ ਲਗਨ ਨਾਲ ਬਹੁਤ ਸਾਰਾ ਕੰਮ ਕੀਤਾ ਸੀ।”

ਸਾਲ 2000 ਦੇ ਅਕਤੂਬਰ ਵਿਚ, ਉੱਤਰੀ ਇਟਲੀ ਦੇ ਪੀਡਮੌਂਟ ਇਲਾਕੇ ਵਿਚ ਇਕ ਭਿਆਨਕ ਹੜ੍ਹ ਆਇਆ। ਇਕ ਵਾਰ ਫਿਰ ਗਵਾਹਾਂ ਨੇ ਮਦਦ ਕਰਨ ਲਈ ਜਲਦੀ ਕਦਮ ਚੁੱਕੇ। ਇਨ੍ਹਾਂ ਸ਼ੁਭ ਕੰਮਾਂ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਸੀ। “ਹੜ੍ਹ ਕਾਰਨ ਪੀਡਮੌਂਟ ਦਿਆਂ ਵਾਸੀਆਂ ਦੇ ਦੁਖੀ ਲੋਕਾਂ ਨੂੰ ਸਹਾਰਾ ਦੇਣ ਵਿਚ ਗਵਾਹਾਂ ਦੇ ਬਹੁਮੁੱਲੇ ਕੰਮ ਲਈ” ਪੀਡਮੌਂਟ ਇਲਾਕੇ ਵੱਲੋਂ ਉਨ੍ਹਾਂ ਨੂੰ ਇਕ ਤਖ਼ਤੀ ਮਿਲੀ।

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ‘ਸ਼ੁਭ ਕਰਮਾਂ’ ਰਾਹੀਂ ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨੂੰ ਰੂਹਾਨੀ ਮਦਦ ਅਤੇ ਹੋਰਨਾਂ ਤਰੀਕਿਆਂ ਵਿਚ ਮਦਦ ਦੇਣ ਦੇ ਰਾਹੀਂ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ।