Skip to content

Skip to table of contents

“ਹੰਝੂ ਵਹਾਉਣ” ਵਾਲਾ ਬਹੁਮੁੱਲਾ ਦਰਖ਼ਤ

“ਹੰਝੂ ਵਹਾਉਣ” ਵਾਲਾ ਬਹੁਮੁੱਲਾ ਦਰਖ਼ਤ

“ਹੰਝੂ ਵਹਾਉਣ” ਵਾਲਾ ਬਹੁਮੁੱਲਾ ਦਰਖ਼ਤ

ਯਿਰਮਿਯਾਹ 51:8 ਵਿਚ ਲਿਖਿਆ ਹੈ: “ਦੁਖ ਲਈ ਬਲਸਾਨ ਲਓ।” ਇਸ ਵਧੀਆ ਪਦਾਰਥ ਤੋਂ ਬਹੁਤ ਹੀ ਆਰਾਮ ਮਿਲਦਾ ਹੈ ਅਤੇ ਇਸ ਵਿਚ ਜ਼ਖ਼ਮ ਭਰਨ ਦੇ ਤੱਤ ਹਨ। ਇਸ ਦੀ ਖੋਜ ਸਾਨੂੰ ਖੀਓਸ ਦੇ ਟਾਪੂ ਨੂੰ ਲੈ ਜਾਂਦੀ ਹੈ, ਜੋ ਏਜੀਅਨ ਸਾਗਰ ਵਿਚ ਹੈ।

ਗਰਮੀਆਂ ਦੀ ਰੁੱਤ ਦੇ ਸ਼ੁਰੂ ਤੇ ਖੀਓਸ ਦੇ ਕਿਸਾਨ ਵਾਢੀ ਦੀ ਤਿਆਰੀ ਬੜੇ ਅਨੋਖੇ ਤਰੀਕੇ ਵਿਚ ਕਰਦੇ ਹਨ। ਜ਼ਮੀਨ ਤੇ ਝਾੜੂ ਫੇਰਨ ਤੋਂ ਬਾਅਦ ਉਹ ਮਸਤਕੀ ਦਰਖ਼ਤ ਨਾਂ ਦੇ ਝਾੜੀ ਵਰਗੇ ਪੌਦਿਆਂ ਦੇ ਆਲੇ-ਦੁਆਲੇ ਚਿੱਟੀ ਚਿਕਣੀ ਮਿੱਟੀ ਲੇਪਦੇ ਹਨ। ਫਿਰ ਕਿਸਾਨ ਦਰਖ਼ਤ ਦੇ ਛਿਲਕੇ ਵਿਚ ਚੀਰੇ ਦਿੰਦੇ ਹਨ ਜਿਸ ਕਾਰਨ ਦਰਖ਼ਤ ਵਿੱਚੋਂ ਰਸ ਦੀਆਂ ਬੂੰਦਾਂ ਚੋਂਦੀਆਂ ਹਨ ਜੋ ਹੰਝੂਆਂ ਵਰਗੀਆਂ ਲੱਗਦੀਆਂ ਹਨ। ਰਾਲ ਦਾ ਇਹ ਰਸ ਗੂੰਦ ਵਰਗਾ ਪੀਲਾ-ਪੀਲਾ ਹੁੰਦਾ ਹੈ। ਦੋ-ਤਿੰਨ ਹਫ਼ਤਿਆਂ ਬਾਅਦ ਰਾਲ ਦੇ ਤੁਪਕੇ ਜੰਮ ਜਾਂਦੇ ਹਨ ਅਤੇ ਕਿਸਾਨ ਇਨ੍ਹਾਂ ਨੂੰ ਇਕੱਠਾ ਕਰ ਲੈਂਦੇ ਹਨ। ਉਹ ਜਾਂ ਤਾਂ ਦਰਖ਼ਤ ਦੇ ਤਣੇ ਤੋਂ ਜਾਂ ਹੇਠਾਂ ਚਿਕਣੀ ਮਿੱਟੀ ਤੋਂ ਉਨ੍ਹਾਂ ਨੂੰ ਇਕੱਠਾ ਕਰਦੇ ਹਨ। ਰਾਲ ਦੇ ਰਸ ਨੂੰ ਮਸਤਕੀ ਗੂੰਦ ਸੱਦਿਆ ਜਾਂਦਾ ਹੈ ਅਤੇ ਇਹ ਬਲਸਾਨ ਬਣਾਉਣ ਲਈ ਵਰਤਿਆ ਜਾਂਦਾ ਹੈ।

ਪਰ ਵਾਢੀ ਕਰਨ ਤੋਂ ਪਹਿਲਾ ਧੀਰਜ ਅਤੇ ਸਖ਼ਤ ਮਿਹਨਤ ਕਰਨ ਦੀ ਲੋੜ ਪੈਂਦੀ ਹੈ। ਦਰਖ਼ਤਾਂ ਦੇ ਸੁਆਹ-ਰੰਗੇ ਵਿੰਗੇ-ਤੜਿੰਗੇ ਤਣੇ ਹੌਲੀ-ਹੌਲੀ ਵਧਦੇ ਹਨ। ਇਕ ਦਰਖ਼ਤ ਨੂੰ ਪੂਰੀ ਤਰ੍ਹਾਂ ਵਧਣ ਲਈ 40 ਤੋਂ 50 ਸਾਲ ਲੱਗ ਜਾਂਦੇ ਹਨ ਅਤੇ ਆਮ ਤੌਰ ਤੇ ਉਸ ਦੀ ਉਚਾਈ ਦੋ ਤੋਂ ਤਿੰਨ ਮੀਟਰ ਹੁੰਦੀ ਹੈ।

ਤਣਿਆਂ ਵਿਚ ਚੀਰੇ ਦੇਣ ਅਤੇ ਉਨ੍ਹਾਂ ਦਾ ਰਸ ਇਕੱਠਾ ਕਰਨ ਤੋਂ ਇਲਾਵਾ ਮਸਤਕੀ ਗੂੰਦ ਤਿਆਰ ਕਰਨ ਵਿਚ ਹੋਰ ਵੀ ਬਹੁਤ ਕੰਮ ਹੁੰਦਾ ਹੈ। ਮਸਤਕੀ ਰਸ ਦੀਆਂ ਬੂੰਦਾਂ ਇਕੱਠੀਆਂ ਕਰਨ ਤੋਂ ਬਾਅਦ ਕਿਸਾਨ ਇਨ੍ਹਾਂ ਨੂੰ ਛਾਣਦੇ, ਧੋਂਦੇ, ਅਤੇ ਛੋਟੇ-ਵੱਡੇ ਤੇ ਚੰਗੇ-ਚੰਗੇ ਦੇਖ ਕੇ ਚੁੱਗਦੇ ਹਨ। ਬਾਅਦ ਵਿਚ ਮਸਤਕੀ ਨੂੰ ਫਿਰ ਤੋਂ ਸਾਫ਼ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਈ ਤਰੀਕਿਆਂ ਵਿਚ ਵਰਤਿਆ ਜਾਂਦਾ ਹੈ।

ਇਕ ਬਹੁਮੁੱਲੇ ਪੌਦੇ ਦੀ ਕਹਾਣੀ

ਅੰਗ੍ਰੇਜ਼ੀ ਸ਼ਬਦ “ਮੈਸਟਿਕ” ਉਸ ਯੂਨਾਨੀ ਸ਼ਬਦ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ “ਦੰਦਾਂ ਦਾ ਪੀਹਣਾ।” (ਮੱਤੀ 8:12, ਪਵਿੱਤਰ ਬਾਈਬਲ ਨਵਾਂ ਅਨੁਵਾਦ; ਪਰਕਾਸ਼ ਦੀ ਪੋਥੀ 16:10) ਇਹ ਨਾਂ ਸੰਕੇਤ ਕਰਦਾ ਹੈ ਕਿ ਪੁਰਾਣਿਆਂ ਸਮਿਆਂ ਤੋਂ ਮਸਤਕੀ ਰਾਲ ਮੂੰਹ ਨੂੰ ਤਾਜ਼ਾ ਕਰਨ ਵਾਲੀ ਚਿਊਇੰਗ-ਗਮ ਵਿਚ ਵਰਤਿਆ ਗਿਆ ਹੈ।

ਮਸਤਕੀ ਬਾਰੇ ਸਭ ਤੋਂ ਪੁਰਾਣੀ ਜਾਣਕਾਰੀ ਹੈਰੋਡੋਟਸ ਤੋਂ ਮਿਲਦੀ ਹੈ ਜੋ ਪੰਜਵੀਂ ਸਦੀ ਸਾ.ਯੁ.ਪੂ. ਦਾ ਯੂਨਾਨੀ ਇਤਿਹਾਸਕਾਰ ਸੀ। ਪ੍ਰਾਚੀਨ ਲੇਖਕਾਂ ਅਤੇ ਡਾਕਟਰਾਂ ਨੇ ਦਵਾਈਆਂ ਵਿਚ ਮਸਤਕੀ ਦੀ ਵਰਤੋਂ ਬਾਰੇ ਗੱਲ ਕੀਤੀ ਸੀ। ਇਨ੍ਹਾਂ ਲੇਖਕਾਂ ਅਤੇ ਡਾਕਟਰਾਂ ਵਿਚਕਾਰ ਅਪੁੱਲੋਡੋਰਸ ਡੀਓਸਕੋਰਡੀਜ਼, ਥੀਓਫ੍ਰਾਸਤਸ, ਅਤੇ ਹਿਪੋਕ੍ਰਾਟੀਸ ਸਨ। ਭਾਵੇਂ ਕਿ ਮਸਤਕੀ ਦਰਖ਼ਤ, ਭੂਮੱਧ ਸਾਗਰ ਦੇ ਕਿਨਾਰੇ ਦੇ ਨਾਲ-ਨਾਲ ਉੱਗਦੇ ਹਨ, ਫਿਰ ਵੀ ਲਗਭਗ 50 ਸਾ.ਯੁ. ਤੋਂ ਲੈ ਕੇ ਮਸਤਕੀ ਦੀ ਉਪਜ ਤਕਰੀਬਨ ਸਿਰਫ਼ ਖੀਓਸ ਵਿਚ ਹੀ ਕੀਤੀ ਗਈ ਹੈ। ਖੀਓਸ ਟਾਪੂ ਉੱਤੇ ਕਬਜ਼ਾ ਕਰਨ ਵਾਲਿਆਂ ਦੀ ਦਿਲਚਸਪੀ ਮੁੱਖ ਤੌਰ ਤੇ ਮਸਤਕੀ ਵਿਚ ਸੀ, ਚਾਹੇ ਇਹ ਰੋਮੀ, ਜੈਨੋਆਵਾਸੀ, ਜਾਂ ਉਸਮਾਨੀ ਲੋਕ ਸਨ।

ਮਸਤਕੀ ਦੀ ਵੱਖੋ-ਵੱਖਰੀ ਵਰਤੋ

ਪੁਰਾਣੇ ਜ਼ਮਾਨੇ ਦੇ ਮਿਸਰੀ ਵੈਦ ਕਈ ਬੀਮਾਰੀਆਂ ਦਾ ਇਲਾਜ ਕਰਨ ਲਈ ਮਸਤਕੀ ਵਰਤਦੇ ਹੁੰਦੇ ਸਨ। ਇਸ ਨੂੰ ਟੱਟੀਆਂ ਲਈ ਅਤੇ ਗਠੀਆ ਦੀ ਬੀਮਾਰੀ ਲਈ ਵੀ ਵਰਤਿਆ ਜਾਂਦਾ ਸੀ। ਉਹ ਇਸ ਨੂੰ ਧੂਪ ਵਜੋਂ ਅਤੇ ਲਾਸ਼ ਨੂੰ ਮਸਾਲਿਆਂ ਨਾਲ ਸੁਰੱਖਿਅਤ ਕਰਨ ਲਈ ਵੀ ਵਰਤਦੇ ਸਨ। ਬਾਈਬਲ ਦੱਸਦੀ ਹੈ ਕਿ “ਗਿਲਆਦ ਵਿੱਚ ਬਲਸਾਨ,” ਜਾਂ ਮਲ੍ਹਮ, ਦਵਾਈਆਂ ਵਿਚ, ਮੇਕ-ਅੱਪ ਵਿਚ, ਅਤੇ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਵਰਤਿਆ ਜਾਂਦਾ ਸੀ। (ਯਿਰਮਿਯਾਹ 8:22; 46:11) ਮੁਰ ਵਾਲਾ ਮਸਾਲਾ ਸੁਗੰਧੀ ਦੀ ਪਵਿੱਤਰ ਧੂਪ ਵਿਚ ਪਾਇਆ ਜਾਂਦਾ ਸੀ ਅਤੇ ਇਹ ਸਿਰਫ਼ ਪਵਿੱਤਰ ਸੇਵਾ ਲਈ ਵਰਤਿਆ ਜਾਂਦਾ ਸੀ। ਕਿਹਾ ਗਿਆ ਹੈ ਕਿ ਜਿਸ ਦਰਖ਼ਤ ਤੋਂ ਇਹ ਮਸਾਲਾ ਮਿਲਦਾ ਸੀ, ਉਹ ਮਸਤਕੀ ਦਰਖ਼ਤਾਂ ਦਾ ਇਕ ਕਿਸਮ ਸੀ।—ਕੂਚ 30:34, 35.

ਅੱਜ, ਮਸਤਕੀ ਵਾਰਨਿਸ਼ਾਂ ਵਿਚ ਪਾਇਆ ਜਾਂਦਾ ਹੈ। ਇਹ ਵਾਰਨਿਸ਼ ਤੇਲ-ਰੰਗ ਨਾਲ ਬਣਾਈਆਂ ਗਈਆਂ ਤਸਵੀਰਾਂ, ਫਰਨੀਚਰ, ਅਤੇ ਸੰਗੀਤ ਸਾਜ਼ਾਂ ਦੀ ਰੱਖਿਆ ਕਰਨ ਲਈ ਵਰਤੇ ਜਾਂਦੇ ਹਨ। ਮਸਤਕੀ ਇੰਸੁਲੇਟ ਕਰਨ ਲਈ ਅਤੇ ਚੀਜ਼ਾਂ ਨੂੰ ਪਾਣੀ ਦੇ ਅਸਰ ਤੋਂ ਬਚਾਉਣ ਲਈ ਵੀ ਵਰਤਿਆ ਜਾਂਦਾ ਹੈ। ਅਤੇ ਇਹ ਕੱਪੜਿਆਂ ਦੇ ਰੰਗ ਨੂੰ ਤੇ ਚਿੱਤਰਕਾਰਾਂ ਦੇ ਰੰਗਾਂ ਨੂੰ ਪੱਕਾ ਕਰਨ ਲਈ ਸਭ ਤੋਂ ਵਧੀਆ ਸਮਝਿਆ ਜਾਂਦਾ ਹੈ। ਮਸਤਕੀ ਨੂੰ ਗੂੰਦ ਵਿਚ ਅਤੇ ਚਮੜੇ ਨੂੰ ਰੰਗਣ ਲਈ ਵੀ ਵਰਤਿਆ ਜਾਂਦਾ ਹੈ। ਮਸਤਕੀ ਦੀ ਸੋਹਣੀ ਖ਼ੁਸ਼ਬੂ ਅਤੇ ਹੋਰ ਤੱਤਾਂ ਕਾਰਨ ਇਸ ਨੂੰ ਸਾਬਣ, ਮੇਕ-ਅੱਪ, ਅਤੇ ਅਤਰ ਬਣਾਉਣ ਵਿਚ ਵੀ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿਚ ਦਵਾਈਆਂ ਦੀਆਂ 25 ਸਰਕਾਰੀ ਸੂਚੀਆਂ ਵਿਚ ਮਸਤਕੀ ਬਾਰੇ ਦੱਸਿਆ ਗਿਆ ਹੈ। ਅਰਬੀ ਦੇਸ਼ਾਂ ਵਿਚ ਇਹ ਹਾਲੇ ਵੀ ਦੇਸੀ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਦੰਦਾਂ ਨੂੰ ਭਰਨ ਵਾਲੇ ਮਸਾਲੇ ਵਿਚ ਵੀ ਮਸਤਕੀ ਵਰਤਿਆ ਜਾਂਦਾ ਹੈ ਅਤੇ ਇਹ ਦਵਾਈ ਦੇ ਕੈਪਸੂਲਾਂ ਦੇ ਛਿਲਕਿਆਂ ਅੰਦਰ ਵੀ ਲਾਇਆ ਜਾਂਦਾ ਹੈ।

ਬਲਸਾਨ ਜਾਂ ਮਲ੍ਹਮ ਦੇ ਸ੍ਰੋਤ ਵਜੋਂ, “ਹੰਝੂ ਵਹਾਉਣ” ਵਾਲੇ ਇਸ ਬਹੁਮੁੱਲੇ ਮਸਤਕੀ ਦਰਖ਼ਤ ਦੇ ਰਸ ਨੇ ਕਈਆਂ ਸਦੀਆਂ ਤੋਂ ਆਰਾਮ ਦਿੱਤਾ ਹੈ ਅਤੇ ਬਹੁਤ ਜ਼ਖ਼ਮ ਭਰੇ ਹਨ। ਤਾਂ ਫਿਰ ਇਹ ਉਚਿਤ ਹੈ ਕਿ ਯਿਰਮਿਯਾਹ ਦੀ ਭਵਿੱਖਬਾਣੀ ਕਹਿੰਦੀ ਹੈ ਕਿ “ਦੁਖ ਲਈ ਬਲਸਾਨ ਲਓ।”

[ਸਫ਼ੇ 31 ਉੱਤੇ ਤਸਵੀਰਾਂ]

ਖੀਓਸ

ਮਸਤਕੀ ਦੀ ਵਾਢੀ ਕਰਨੀ

ਮਸਤਕੀ ਰਸ ਦੀਆਂ ਬੂੰਦਾਂ ਧਿਆਨ ਨਾਲ ਇਕੱਠੀਆਂ ਕੀਤੀਆਂ ਜਾਂਦੀਆਂ ਹਨ

[ਕ੍ਰੈਡਿਟ ਲਾਈਨਾਂ]

Chios and harvest line art: Courtesy of Korais Library; all others: Kostas Stamoulis