Skip to content

Skip to table of contents

ਕੀ ਤੁਸੀਂ ਉਨ੍ਹਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ?

ਕੀ ਤੁਸੀਂ ਉਨ੍ਹਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ?

ਕੀ ਤੁਸੀਂ ਉਨ੍ਹਾਂ ਵਿੱਚੋਂ ਹੋ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ?

“ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ।”—ਯੂਹੰਨਾ 14:21.

1, 2. (ੳ) ਯਹੋਵਾਹ ਨੇ ਮਨੁੱਖਜਾਤੀ ਲਈ ਪਿਆਰ ਕਿਵੇਂ ਦਿਖਾਇਆ? (ਅ) ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਯਿਸੂ ਨੇ ਕਿਸ ਸਮਾਰੋਹ ਦੀ ਸ਼ੁਰੂਆਤ ਕੀਤੀ?

ਯਹੋਵਾਹ ਆਪਣੇ ਹੱਥਾਂ ਦੇ ਬਣਾਏ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਹੈ। ਅਸਲ ਵਿਚ ਉਹ ਇਨਸਾਨਾਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਨ੍ਹਾਂ ਦੇ ਲਈ “ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਮਸੀਹ ਦੀ ਮੌਤ ਦਾ ਸਮਾਰਕ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸੱਚੇ ਮਸੀਹੀਆਂ ਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ “ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤ੍ਰ ਨੂੰ ਘੱਲਿਆ ਭਈ ਉਹ ਸਾਡੇ ਪਾਪਾਂ ਦਾ ਪਰਾਸਚਿੱਤ ਹੋਵੇ।”—1 ਯੂਹੰਨਾ 4:10.

2 ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਯਿਸੂ ਤੇ ਉਸ ਦੇ 12 ਚੇਲੇ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਇਕੱਠੇ ਹੋਏ ਸਨ ਜਿੱਥੇ ਉਹ ਪਸਾਹ ਦਾ ਤਿਉਹਾਰ ਮਨਾਉਣ ਲਈ ਆਏ ਸਨ। (ਮੱਤੀ 26:17-20) ਇਹ ਯਹੂਦੀ ਤਿਉਹਾਰ ਮਿਸਰ ਤੋਂ ਇਸਰਾਏਲੀਆਂ ਦੀ ਰਿਹਾਈ ਦੀ ਯਾਦ ਵਿਚ ਮਨਾਇਆ ਜਾਂਦਾ ਸੀ। ਇਹ ਤਿਉਹਾਰ ਮਨਾਉਣ ਤੋਂ ਬਾਅਦ ਯਿਸੂ ਨੇ ਯਹੂਦਾ ਇਸਕਰਿਯੋਤੀ ਨੂੰ ਘੱਲ ਦਿੱਤਾ ਤੇ ਸਮਾਰਕ ਭੋਜ ਸ਼ੁਰੂ ਕੀਤਾ ਜੋ ਬਾਅਦ ਵਿਚ ਮਸੀਹ ਦੀ ਮੌਤ ਦੇ ਮਸੀਹੀ ਸਮਾਰਕ ਸਮਾਰੋਹ ਵਜੋਂ ਜਾਣਿਆ ਗਿਆ। * ਆਪਣੇ ਸਰੀਰ ਅਤੇ ਲਹੂ ਨੂੰ ਦਰਸਾਉਣ ਲਈ ਅਖ਼ਮੀਰੀ ਰੋਟੀ ਅਤੇ ਲਾਲ ਦਾਖ-ਰਸ ਨੂੰ ਵਰਤਦੇ ਹੋਏ ਯਿਸੂ ਨੇ ਆਪਣੇ 11 ਚੇਲਿਆਂ ਨਾਲ ਇਹ ਭੋਜਨ ਖਾਧਾ। ਉਸ ਨੇ ਇਸ ਭੋਜਨ ਦੀ ਰਸਮ ਦੌਰਾਨ ਕੀ ਕੀਤਾ, ਇਸ ਬਾਰੇ ਮੱਤੀ, ਮਰਕੁਸ ਅਤੇ ਲੂਕਾ ਦੀਆਂ ਇੰਜੀਲਾਂ ਵਿਚ ਦੱਸਿਆ ਗਿਆ ਹੈ। ਇਸ ਬਾਰੇ ਪੌਲੁਸ ਰਸੂਲ ਨੇ ਵੀ ਲਿਖਿਆ ਸੀ ਜਿਸ ਨੇ ਇਸ ਨੂੰ “ਅਸ਼ਾਇ ਰੱਬਾਨੀ” ਜਾਂ ਪ੍ਰਭੂ ਦਾ ਸ਼ਾਮ ਦਾ ਭੋਜਨ ਕਿਹਾ ਸੀ।—1 ਕੁਰਿੰਥੀਆਂ 11:20; ਮੱਤੀ 26:26-28; ਮਰਕੁਸ 14:22-25; ਲੂਕਾ 22:19, 20.

3. ਚੁਬਾਰੇ ਵਿਚ ਆਪਣੇ ਚੇਲਿਆਂ ਨਾਲ ਬਿਤਾਏ ਯਿਸੂ ਦੇ ਆਖ਼ਰੀ ਕੁਝ ਘੰਟਿਆਂ ਬਾਰੇ ਯੂਹੰਨਾ ਰਸੂਲ ਦਾ ਬਿਰਤਾਂਤ ਕਿਨ੍ਹਾਂ ਅਹਿਮ ਤਰੀਕਿਆਂ ਨਾਲ ਦੂਸਰੀਆਂ ਇੰਜੀਲਾਂ ਨਾਲੋਂ ਵੱਖਰਾ ਹੈ?

3 ਇਹ ਦਿਲਚਸਪੀ ਦੀ ਗੱਲ ਹੈ ਕਿ ਯੂਹੰਨਾ ਰਸੂਲ ਆਪਣੀ ਇੰਜੀਲ ਵਿਚ ਰੋਟੀ ਅਤੇ ਦਾਖ-ਰਸ ਦੇ ਵਰਤਾਏ ਜਾਣ ਦਾ ਜ਼ਿਕਰ ਨਹੀਂ ਕਰਦਾ। ਸ਼ਾਇਦ ਜਿਸ ਵੇਲੇ (ਲਗਭਗ 98 ਸਾ.ਯੁ. ਵਿਚ) ਉਸ ਨੇ ਆਪਣੀ ਇੰਜੀਲ ਲਿਖੀ ਸੀ, ਉਸ ਵੇਲੇ ਤਕ ਸਾਰੇ ਮਸੀਹੀ ਯਿਸੂ ਦੀ ਮੌਤ ਦਾ ਸਮਾਰਕ ਸਮਾਰੋਹ ਮਨਾਉਣ ਦੀ ਰੀਤ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਸਨ। (1 ਕੁਰਿੰਥੀਆਂ 11:23-26) ਪਰ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਸਿਰਫ਼ ਯੂਹੰਨਾ ਹੀ ਸਾਨੂੰ ਅਜਿਹੀਆਂ ਕਈ ਗੱਲਾਂ ਦੱਸਦਾ ਹੈ ਜੋ ਦੂਸਰੇ ਇੰਜੀਲ ਦੇ ਲਿਖਾਰੀ ਨਹੀਂ ਦੱਸਦੇ, ਜਿਵੇਂ ਕਿ ਆਪਣੀ ਮੌਤ ਦੇ ਸਮਾਰਕ ਸਮਾਰੋਹ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਯਿਸੂ ਨੇ ਕੀ ਕਿਹਾ ਸੀ ਤੇ ਕੀ ਕੀਤਾ ਸੀ। ਇਹ ਦਿਲਚਸਪ ਗੱਲਾਂ ਯੂਹੰਨਾ ਦੀ ਇੰਜੀਲ ਦੇ ਪੰਜ ਅਧਿਆਵਾਂ ਵਿਚ ਦੱਸੀਆਂ ਗਈਆਂ ਹਨ। ਇਨ੍ਹਾਂ ਨੂੰ ਪੜ੍ਹਨ ਤੇ ਇਹ ਸ਼ੱਕ ਨਹੀਂ ਰਹਿੰਦਾ ਕਿ ਪਰਮੇਸ਼ੁਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਪਿਆਰ ਕਰਦਾ ਹੈ। ਆਓ ਆਪਾਂ ਯੂਹੰਨਾ ਦੇ ਅਧਿਆਇ 13 ਤੋਂ 17 ਨੂੰ ਜਾਂਚੀਏ।

ਯਿਸੂ ਦੇ ਮਿਸਾਲੀ ਪਿਆਰ ਤੋਂ ਸਿੱਖੋ

4. (ੳ) ਜਦੋਂ ਯਿਸੂ ਨੇ ਆਪਣੇ ਚੇਲਿਆਂ ਨਾਲ ਸਮਾਰਕ ਸਮਾਰੋਹ ਮਨਾਇਆ, ਤਾਂ ਇਸ ਮਿਲਣੀ ਦੇ ਮੁੱਖ ਵਿਸ਼ੇ ਉੱਤੇ ਯੂਹੰਨਾ ਨੇ ਕਿਵੇਂ ਜ਼ੋਰ ਦਿੱਤਾ? (ਅ) ਯਹੋਵਾਹ ਦੁਆਰਾ ਯਿਸੂ ਨੂੰ ਪਿਆਰ ਕਰਨ ਦਾ ਇਕ ਮੁੱਖ ਕਾਰਨ ਕੀ ਹੈ?

4 ਇਹ ਅਧਿਆਇ ਦੱਸਦੇ ਹਨ ਕਿ ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹੜੀਆਂ ਸਲਾਹਾਂ ਦਿੱਤੀਆਂ ਸਨ। ਇਨ੍ਹਾਂ ਅਧਿਆਵਾਂ ਦਾ ਮੁੱਖ ਵਿਸ਼ਾ ਪਿਆਰ ਹੈ। ਅਸਲ ਵਿਚ ਇਨ੍ਹਾਂ ਅਧਿਆਵਾਂ ਵਿਚ “ਪਿਆਰ” ਜਾਂ “ਪ੍ਰੇਮ” ਸ਼ਬਦ 30 ਵਾਰ ਪਾਏ ਜਾਂਦੇ ਹਨ। ਯਿਸੂ ਆਪਣੇ ਪਿਤਾ ਯਹੋਵਾਹ ਨਾਲ ਅਤੇ ਆਪਣੇ ਚੇਲਿਆਂ ਨਾਲ ਕਿੰਨਾ ਪਿਆਰ ਕਰਦਾ ਹੈ, ਉਸ ਦਾ ਸਬੂਤ ਇਨ੍ਹਾਂ ਅਧਿਆਵਾਂ ਨਾਲੋਂ ਜ਼ਿਆਦਾ ਹੋਰ ਕਿਤੇ ਨਹੀਂ ਮਿਲਦਾ। ਸਾਰੀਆਂ ਇੰਜੀਲਾਂ ਵਿਚ ਯਿਸੂ ਦੀ ਜ਼ਿੰਦਗੀ ਦੀ ਕਹਾਣੀ ਪੜ੍ਹ ਕੇ ਯਹੋਵਾਹ ਲਈ ਉਸ ਦੇ ਪਿਆਰ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਪਰ ਸਿਰਫ਼ ਯੂਹੰਨਾ ਹੀ ਦੱਸਦਾ ਹੈ ਕਿ ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰਨਾ 14:31) ਯਿਸੂ ਨੇ ਇਹ ਵੀ ਕਿਹਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ ਤੇ ਉਸ ਨੇ ਇਸ ਪਿਆਰ ਦਾ ਕਾਰਨ ਵੀ ਦੱਸਿਆ। ਉਸ ਨੇ ਕਿਹਾ: “ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।” (ਯੂਹੰਨਾ 15:9, 10) ਜੀ ਹਾਂ, ਯਹੋਵਾਹ ਆਪਣੇ ਪੁੱਤਰ ਨਾਲ ਇਸ ਲਈ ਪਿਆਰ ਕਰਦਾ ਹੈ ਕਿਉਂਕਿ ਯਿਸੂ ਉਸ ਦੀ ਹਰ ਗੱਲ ਮੰਨਦਾ ਹੈ। ਯਿਸੂ ਮਸੀਹ ਦੇ ਸਾਰੇ ਪੈਰੋਕਾਰਾਂ ਲਈ ਇਹ ਕਿੰਨਾ ਵਧੀਆ ਸਬਕ ਹੈ!

5. ਯਿਸੂ ਨੇ ਕਿਵੇਂ ਆਪਣੇ ਚੇਲਿਆਂ ਲਈ ਪਿਆਰ ਦਿਖਾਇਆ?

5 ਯਿਸੂ ਦੀ ਆਪਣੇ ਚੇਲਿਆਂ ਨਾਲ ਆਖ਼ਰੀ ਮਿਲਣੀ ਦੇ ਬਿਰਤਾਂਤ ਦੇ ਸ਼ੁਰੂ ਵਿਚ ਯੂਹੰਨਾ ਨੇ ਦੱਸਿਆ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੰਨਾ ਅਥਾਹ ਪਿਆਰ ਕਰਦਾ ਸੀ। ਯੂਹੰਨਾ ਦੱਸਦਾ ਹੈ: “ਪਸਾਹ ਦੇ ਤਿਉਹਾਰ ਤੋਂ ਪਹਿਲਾਂ ਯਿਸੂ ਨੇ ਇਹ ਜਾਣ ਕੇ ਭਈ ਮੇਰੀ ਘੜੀ ਆ ਪਹੁੰਚੀ ਹੈ ਜਾਂ ਮੈਂ ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ ਜਾਵਾਂ ਆਪਣੇ ਿਨੱਜ ਲੋਕਾਂ ਨਾਲ ਜਿਹੜੇ ਜਗਤ ਵਿੱਚ ਸਨ ਪਿਆਰ ਕਰ ਕੇ ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ।” (ਯੂਹੰਨਾ 13:1) ਉਸ ਯਾਦਗਾਰੀ ਸ਼ਾਮ ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਨ ਬਾਰੇ ਇਕ ਨਾ ਭੁੱਲਣ ਵਾਲਾ ਸਬਕ ਸਿਖਾਇਆ। ਉਸ ਨੇ ਉਨ੍ਹਾਂ ਦੇ ਪੈਰ ਧੋਤੇ। ਅਸਲ ਵਿਚ ਚੇਲਿਆਂ ਨੂੰ ਯਿਸੂ ਦੇ ਅਤੇ ਆਪਣੇ ਭਰਾਵਾਂ ਦੇ ਪੈਰ ਧੋਣੇ ਚਾਹੀਦੇ ਸਨ, ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਯਿਸੂ ਨੇ ਇਹ ਨੀਵਾਂ ਕੰਮ ਕੀਤਾ ਅਤੇ ਫਿਰ ਆਪਣੇ ਚੇਲਿਆਂ ਨੂੰ ਕਿਹਾ: “ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰਨਾ 13:14, 15) ਸੱਚੇ ਮਸੀਹੀਆਂ ਨੂੰ ਖ਼ੁਸ਼ੀ ਨਾਲ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।—ਮੱਤੀ 20:26, 27; ਯੂਹੰਨਾ 13:17.

ਨਵੇਂ ਹੁਕਮ ਨੂੰ ਮੰਨੋ

6, 7. (ੳ) ਸਮਾਰਕ ਸਮਾਰੋਹ ਸੰਬੰਧੀ ਯੂਹੰਨਾ ਕਿਹੜੀ ਅਹਿਮ ਗੱਲ ਦੱਸਦਾ ਹੈ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਨਵਾਂ ਹੁਕਮ ਦਿੱਤਾ ਅਤੇ ਇਸ ਵਿਚ ਨਵੀਂ ਗੱਲ ਕੀ ਸੀ?

6 ਨੀਸਾਨ 14 ਦੀ ਰਾਤ ਨੂੰ ਉਸ ਚੁਬਾਰੇ ਵਿਚ ਜੋ ਹੋਇਆ, ਉਸ ਬਾਰੇ ਸਿਰਫ਼ ਯੂਹੰਨਾ ਦੇ ਬਿਰਤਾਂਤ ਵਿਚ ਹੀ ਯਹੂਦਾ ਇਸਕਰਿਯੋਤੀ ਦੇ ਜਾਣ ਬਾਰੇ ਦੱਸਿਆ ਗਿਆ ਹੈ। (ਯੂਹੰਨਾ 13:21-30) ਸਾਰੀਆਂ ਇੰਜੀਲਾਂ ਦੀ ਤੁਲਨਾ ਕਰਨ ਤੇ ਪਤਾ ਚੱਲਦਾ ਹੈ ਕਿ ਇਸ ਧੋਖੇਬਾਜ਼ ਦੇ ਜਾਣ ਤੋਂ ਬਾਅਦ ਹੀ ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਮਾਰੋਹ ਸ਼ੁਰੂ ਕੀਤਾ ਸੀ। ਉਸ ਨੇ ਫਿਰ ਆਪਣੇ ਵਫ਼ਾਦਾਰ ਚੇਲਿਆਂ ਨਾਲ ਕਾਫ਼ੀ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਉਨ੍ਹਾਂ ਨੂੰ ਸਲਾਹ ਤੇ ਹਿਦਾਇਤਾਂ ਦਿੱਤੀਆਂ ਸਨ। ਸਾਨੂੰ ਇਸ ਸਮਾਰੋਹ ਵਿਚ ਹਾਜ਼ਰ ਹੋਣ ਦੀ ਤਿਆਰੀ ਕਰਦੇ ਸਮੇਂ ਯਿਸੂ ਦੁਆਰਾ ਇਸ ਮੌਕੇ ਤੇ ਕਹੀਆਂ ਗੱਲਾਂ ਵਿਚ ਡੂੰਘੀ ਦਿਲਚਸਪੀ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਉਨ੍ਹਾਂ ਲੋਕਾਂ ਵਿਚ ਹੋਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ।

7 ਆਪਣੀ ਮੌਤ ਦਾ ਸਮਾਰਕ ਸ਼ੁਰੂ ਕਰਨ ਤੋਂ ਬਾਅਦ ਯਿਸੂ ਨੇ ਸਭ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਇਕ ਨਵੀਂ ਹਿਦਾਇਤ ਦਿੱਤੀ ਸੀ। ਉਸ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਇਸ ਹੁਕਮ ਵਿਚ ਨਵੀਂ ਗੱਲ ਕੀ ਸੀ? ਉਸੇ ਸ਼ਾਮ ਬਾਅਦ ਵਿਚ ਯਿਸੂ ਨੇ ਇਸ ਬਾਰੇ ਹੋਰ ਸਪੱਸ਼ਟ ਤਰੀਕੇ ਨਾਲ ਦੱਸਿਆ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:12, 13) ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ‘ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰਨ’ ਦਾ ਹੁਕਮ ਦਿੱਤਾ ਗਿਆ ਸੀ। (ਲੇਵੀਆਂ 19:18) ਪਰ ਯਿਸੂ ਦਾ ਹੁਕਮ ਇਸ ਤੋਂ ਵਧ ਕੇ ਸੀ। ਮਸੀਹੀਆਂ ਨੇ ਇਕ ਦੂਸਰੇ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਸੀ ਜਿਸ ਤਰ੍ਹਾਂ ਮਸੀਹ ਨੇ ਉਨ੍ਹਾਂ ਨਾਲ ਕੀਤਾ ਸੀ ਤੇ ਆਪਣੇ ਭਰਾਵਾਂ ਲਈ ਆਪਣੀ ਜਾਨ ਦੇਣ ਨੂੰ ਤਿਆਰ ਰਹਿਣਾ ਸੀ।

8. (ੳ) ਆਤਮ-ਤਿਆਗੀ ਪਿਆਰ ਦਾ ਕੀ ਮਤਲਬ ਹੈ? (ਅ) ਅੱਜ ਯਹੋਵਾਹ ਦੇ ਗਵਾਹ ਕਿੱਦਾਂ ਆਤਮ-ਤਿਆਗੀ ਪਿਆਰ ਦਿਖਾਉਂਦੇ ਹਨ?

8 ਸਮਾਰਕ ਦੇ ਇਨ੍ਹਾਂ ਮਹੀਨਿਆਂ ਦੌਰਾਨ ਸਾਨੂੰ ਆਪਣੇ ਆਪ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਨਿੱਜੀ ਤੌਰ ਤੇ ਅਤੇ ਪੂਰੀ ਕਲੀਸਿਯਾ ਦੇ ਤੌਰ ਤੇ ਸਾਡੇ ਵਿਚ ਸੱਚੀ ਮਸੀਹੀਅਤ ਦੀ ਨਿਸ਼ਾਨੀ ਅਰਥਾਤ ਮਸੀਹ ਵਰਗਾ ਪਿਆਰ ਹੈ ਜਾਂ ਨਹੀਂ। ਅਜਿਹੇ ਆਤਮ-ਤਿਆਗੀ ਪਿਆਰ ਦਾ ਮਤਲਬ ਹੈ ਕਿ ਇਕ ਮਸੀਹੀ ਆਪਣੇ ਭਰਾਵਾਂ ਨਾਲ ਗੱਦਾਰੀ ਕਰਨ ਦੀ ਬਜਾਇ ਉਨ੍ਹਾਂ ਲਈ ਆਪਣੀ ਜਾਨ ਦੇਣ ਨੂੰ ਵੀ ਤਿਆਰ ਹੋਵੇਗਾ। ਤੇ ਕਈ ਮਸੀਹੀਆਂ ਨੇ ਇਸੇ ਤਰ੍ਹਾਂ ਕੀਤਾ ਹੈ। ਪਰ ਅਕਸਰ ਇਹ ਪਿਆਰ ਦਿਖਾਉਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖ ਕੇ ਆਪਣੇ ਭਰਾਵਾਂ ਅਤੇ ਦੂਸਰਿਆਂ ਦੀ ਮਦਦ ਅਤੇ ਸੇਵਾ ਕਰੀਏ। ਇਸ ਮਾਮਲੇ ਵਿਚ ਪੌਲੁਸ ਰਸੂਲ ਨੇ ਵਧੀਆ ਮਿਸਾਲ ਰੱਖੀ। (2 ਕੁਰਿੰਥੀਆਂ 12:15; ਫ਼ਿਲਿੱਪੀਆਂ 2:17) ਯਹੋਵਾਹ ਦੇ ਗਵਾਹ ਪੂਰੀ ਦੁਨੀਆਂ ਵਿਚ ਆਪਣੇ ਆਤਮ-ਬਲੀਦਾਨੀ ਰਵੱਈਏ ਕਰਕੇ ਜਾਣੇ ਜਾਂਦੇ ਹਨ। ਉਹ ਆਪਣੇ ਭਰਾਵਾਂ ਤੇ ਗੁਆਂਢੀਆਂ ਦੀ ਮਦਦ ਕਰਦੇ ਹਨ ਅਤੇ ਦੂਸਰਿਆਂ ਨੂੰ ਬਾਈਬਲ ਸੱਚਾਈ ਸਿਖਾਉਣ ਲਈ ਮਿਹਨਤ ਕਰਦੇ ਹਨ। *ਗਲਾਤੀਆਂ 6:10.

ਅਨਮੋਲ ਰਿਸ਼ਤੇ

9. ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨਾਲ ਆਪਣੇ ਅਨਮੋਲ ਰਿਸ਼ਤੇ ਨੂੰ ਕਾਇਮ ਰੱਖਣ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਕੀ ਕਰਦੇ ਹਾਂ?

9 ਸਾਡੇ ਲਈ ਇਸ ਨਾਲੋਂ ਵੱਧ ਮਾਣ ਵਾਲੀ ਹੋਰ ਕੋਈ ਗੱਲ ਨਹੀਂ ਹੈ ਕਿ ਯਹੋਵਾਹ ਤੇ ਉਸ ਦਾ ਪੁੱਤਰ ਮਸੀਹ ਯਿਸੂ ਸਾਨੂੰ ਪਿਆਰ ਕਰਨ। ਪਰ ਇਸ ਪਿਆਰ ਨੂੰ ਪਾਉਣ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਆਪਣੇ ਚੇਲਿਆਂ ਨਾਲ ਬਿਤਾਈ ਆਖ਼ਰੀ ਰਾਤ ਨੂੰ ਯਿਸੂ ਨੇ ਕਿਹਾ ਸੀ: “ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ, ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ ਅਰ ਮੈਂ ਉਹ ਦੇ ਨਾਲ ਪਿਆਰ ਕਰਾਂਗਾ ਅਤੇ ਆਪਣੇ ਤਾਈਂ ਉਸ ਉੱਤੇ ਪਰਗਟ ਕਰਾਂਗਾ।” (ਯੂਹੰਨਾ 14:21) ਕਿਉਂਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨਾਲ ਆਪਣੇ ਰਿਸ਼ਤੇ ਦੀ ਕਦਰ ਕਰਦੇ ਹਾਂ, ਇਸ ਲਈ ਅਸੀਂ ਖ਼ੁਸ਼ੀ ਨਾਲ ਉਨ੍ਹਾਂ ਦੇ ਹੁਕਮਾਂ ਨੂੰ ਮੰਨਦੇ ਹਾਂ। ਇਨ੍ਹਾਂ ਹੁਕਮਾਂ ਵਿਚ ਆਤਮ-ਤਿਆਗੀ ਪਿਆਰ ਦਿਖਾਉਣ ਦਾ ਨਵਾਂ ਹੁਕਮ ਅਤੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਯਿਸੂ ਦੁਆਰਾ ਦਿੱਤਾ ਇਹ ਹੁਕਮ ਵੀ ਸ਼ਾਮਲ ਹੈ ਕਿ ਅਸੀਂ ‘ਲੋਕਾਂ ਦੇ ਅੱਗੇ ਪਰਚਾਰ ਕਰੀਏ ਅਤੇ ਸਾਖੀ ਦੇਈਏ’ ਅਤੇ ਜਿਹੜੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦੇ ਹਨ ਉਨ੍ਹਾਂ ਨੂੰ ‘ਚੇਲੇ ਬਣਾਉਣ’ ਦੀ ਪੂਰੀ ਕੋਸ਼ਿਸ਼ ਕਰੀਏ।—ਰਸੂਲਾਂ ਦੇ ਕਰਤੱਬ 10:42; ਮੱਤੀ 28:19, 20.

10. ਮਸਹ ਕੀਤੇ ਹੋਏ ਮਸੀਹੀ ਅਤੇ ‘ਹੋਰ ਭੇਡਾਂ’ ਕਿਹੜੇ ਅਨਮੋਲ ਰਿਸ਼ਤਿਆਂ ਦਾ ਆਨੰਦ ਮਾਣਦੇ ਹਨ?

10 ਉਸ ਰਾਤ ਆਪਣੇ ਇਕ ਵਫ਼ਾਦਾਰ ਚੇਲੇ ਯਹੂਦਾ (ਥੱਦਈ) ਦੇ ਸਵਾਲ ਦਾ ਜਵਾਬ ਦਿੰਦੇ ਹੋਏ ਯਿਸੂ ਨੇ ਕਿਹਾ ਸੀ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ ਅਤੇ ਅਸੀਂ ਉਹ ਦੇ ਕੋਲ ਆਵਾਂਗੇ ਅਰ ਉਹ ਦੇ ਨਾਲ ਵਾਸ ਕਰਾਂਗੇ।” (ਯੂਹੰਨਾ 14:22, 23) ਮਸਹ ਕੀਤੇ ਹੋਏ ਮਸੀਹੀ ਜਿਨ੍ਹਾਂ ਨੂੰ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਬੁਲਾਇਆ ਗਿਆ ਹੈ, ਧਰਤੀ ਤੇ ਰਹਿੰਦੇ ਹੋਏ ਵੀ ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਇਕ ਖ਼ਾਸ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਦੇ ਹਨ। (ਯੂਹੰਨਾ 15:15; 16:27; 17:22; ਇਬਰਾਨੀਆਂ 3:1; 1 ਯੂਹੰਨਾ 3:2, 24) ਉਨ੍ਹਾਂ ਦੇ ਸਾਥੀ ‘ਹੋਰ ਭੇਡਾਂ,’ ਜਿਨ੍ਹਾਂ ਦੀ ਆਸ਼ਾ ਧਰਤੀ ਉੱਤੇ ਹਮੇਸ਼ਾ-ਹਮੇਸ਼ਾ ਜੀਉਣ ਦੀ ਹੈ, ਦਾ ਵੀ ਆਪਣੇ “ਇੱਕੋ ਅਯਾਲੀ” ਯਿਸੂ ਮਸੀਹ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਅਨਮੋਲ ਰਿਸ਼ਤਾ ਹੈ, ਬਸ਼ਰਤੇ ਕਿ ਉਹ ਉਨ੍ਹਾਂ ਦੀ ਆਗਿਆਕਾਰੀ ਕਰਨ।—ਯੂਹੰਨਾ 10:16; ਜ਼ਬੂਰ 15:1-5; 25:14.

“ਤੁਸੀਂ ਜਗਤ ਦੇ ਨਹੀਂ ਹੋ”

11. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਗੰਭੀਰ ਚੇਤਾਵਨੀ ਦਿੱਤੀ ਸੀ?

11 ਆਪਣੀ ਮੌਤ ਤੋਂ ਪਹਿਲਾਂ ਆਪਣੇ ਚੇਲਿਆਂ ਨਾਲ ਆਖ਼ਰੀ ਮਿਲਣੀ ਦੌਰਾਨ ਯਿਸੂ ਨੇ ਇਕ ਗੰਭੀਰ ਚੇਤਾਵਨੀ ਦਿੱਤੀ: ਜੇ ਪਰਮੇਸ਼ੁਰ ਕਿਸੇ ਵਿਅਕਤੀ ਨੂੰ ਪਿਆਰ ਕਰਦਾ ਹੈ, ਤਾਂ ਦੁਨੀਆਂ ਉਸ ਨਾਲ ਵੈਰ ਕਰਦੀ ਹੈ। ਉਸ ਨੇ ਕਿਹਾ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। ਜੇ ਤੁਸੀਂ ਜਗਤ ਦੇ ਹੁੰਦੇ ਤਾਂ ਜਗਤ ਆਪਣਿਆਂ ਨਾਲ ਤੇਹ ਕਰਦਾ ਪਰ ਇਸ ਕਰਕੇ ਜੋ ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ। ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ। ਜੇ ਉਨ੍ਹਾਂ ਮੇਰੇ ਬਚਨ ਦੀ ਪਾਲਨਾ ਕੀਤੀ ਤਾਂ ਤੁਹਾਡੇ ਦੀ ਵੀ ਪਾਲਨਾ ਕਰਨਗੇ।”—ਯੂਹੰਨਾ 15:18-20.

12. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਚੇਤਾਵਨੀ ਕਿਉਂ ਦਿੱਤੀ ਸੀ ਕਿ ਸੰਸਾਰ ਉਨ੍ਹਾਂ ਨਾਲ ਨਫ਼ਰਤ ਕਰੇਗਾ? (ਅ) ਜਿਉਂ-ਜਿਉਂ ਸਮਾਰਕ ਦਾ ਦਿਨ ਨੇੜੇ ਆ ਰਿਹਾ ਹੈ, ਸਾਨੂੰ ਕਿਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ?

12 ਯਿਸੂ ਨੇ ਇਹ ਚੇਤਾਵਨੀ ਇਸ ਕਰਕੇ ਦਿੱਤੀ ਸੀ ਤਾਂਕਿ ਇਹ 11 ਚੇਲੇ ਅਤੇ ਬਾਕੀ ਸਾਰੇ ਸੱਚੇ ਮਸੀਹੀ ਦੁਨੀਆਂ ਦੀ ਨਫ਼ਰਤ ਕਰਕੇ ਨਿਰਾਸ਼ ਨਾ ਹੋਣ ਤੇ ਹਾਰ ਨਾ ਮੰਨਣ। ਉਸ ਨੇ ਅੱਗੇ ਕਿਹਾ: “ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ। ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ। ਅਤੇ ਓਹ ਇਸ ਲਈ ਇਹ ਕਰਨਗੇ ਜੋ ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ।” (ਯੂਹੰਨਾ 16:1-3) ਇਕ ਬਾਈਬਲ ਸ਼ਬਦ-ਕੋਸ਼ ਦੱਸਦਾ ਹੈ ਕਿ ‘ਠੋਕਰ ਖਾਣ’ ਅਨੁਵਾਦ ਕੀਤੀ ਗਈ ਕ੍ਰਿਆ ਦਾ ਮਤਲਬ ਹੈ “ਇਕ ਬੰਦੇ ਦਾ ਕਿਸੇ ਕਾਰਨ ਉਸ ਵਿਅਕਤੀ ਤੋਂ ਭਰੋਸਾ ਉੱਠ ਜਾਣਾ ਤੇ ਉਸ ਨੂੰ ਛੱਡ ਦੇਣਾ ਜਿਸ ਤੇ ਉਸ ਨੂੰ ਭਰੋਸਾ ਕਰਨਾ ਚਾਹੀਦਾ ਸੀ ਤੇ ਉਸ ਦੀ ਗੱਲ ਮੰਨਣੀ ਚਾਹੀਦੀ ਸੀ; ਕਿਸੇ ਕਾਰਨ ਤਿਆਗ ਦੇਣਾ।” ਸਮਾਰਕ ਦਾ ਦਿਨ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਸਾਨੂੰ ਸਾਰਿਆਂ ਨੂੰ ਪੁਰਾਣੇ ਤੇ ਆਧੁਨਿਕ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੀ ਜ਼ਿੰਦਗੀ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਪਰਤਾਵਿਆਂ ਵਿਚ ਉਨ੍ਹਾਂ ਵੱਲੋਂ ਦਿਖਾਈ ਦ੍ਰਿੜ੍ਹਤਾ ਦੀ ਰੀਸ ਕਰਨੀ ਚਾਹੀਦੀ ਹੈ। ਵਿਰੋਧ ਜਾਂ ਅਤਿਆਚਾਰ ਕਰਕੇ ਯਹੋਵਾਹ ਅਤੇ ਯਿਸੂ ਨੂੰ ਨਾ ਛੱਡੋ ਸਗੋਂ ਉਨ੍ਹਾਂ ਉੱਤੇ ਭਰੋਸਾ ਰੱਖਣ ਅਤੇ ਉਨ੍ਹਾਂ ਦੀ ਆਗਿਆਕਾਰੀ ਕਰਨ ਦਾ ਪੱਕਾ ਇਰਾਦਾ ਕਰੋ।

13. ਯਿਸੂ ਨੇ ਆਪਣੇ ਚੇਲਿਆਂ ਵਾਸਤੇ ਆਪਣੇ ਪਿਤਾ ਨੂੰ ਕੀ ਪ੍ਰਾਰਥਨਾ ਕੀਤੀ?

13 ਯਰੂਸ਼ਲਮ ਵਿਚ ਉਸ ਚੁਬਾਰੇ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੀ ਆਖ਼ਰੀ ਪ੍ਰਾਰਥਨਾ ਵਿਚ ਯਿਸੂ ਨੇ ਆਪਣੇ ਪਿਤਾ ਨੂੰ ਕਿਹਾ: “ਮੈਂ ਤੇਰਾ ਬਚਨ ਓਹਨਾਂ ਨੂੰ ਦਿੱਤਾ ਹੈ ਅਰ ਜਗਤ ਨੇ ਓਹਨਾਂ ਨਾਲ ਵੈਰ ਕੀਤਾ ਕਿਉਂ ਜੋ ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਮੈਂ ਇਹ ਬੇਨਤੀ ਨਹੀਂ ਕਰਦਾ ਜੋ ਤੂੰ ਓਹਨਾਂ ਨੂੰ ਜਗਤ ਵਿੱਚੋਂ ਚੁੱਕ ਲਵੇਂ ਪਰ ਇਹ ਜੋ ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰੇਂ। ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:14-16) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਰਾਖੀ ਕਰਦਾ ਹੈ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ ਅਤੇ ਉਨ੍ਹਾਂ ਨੂੰ ਸੰਸਾਰ ਤੋਂ ਵੱਖਰੇ ਰਹਿਣ ਦਾ ਬਲ ਦਿੰਦਾ ਹੈ।—ਯਸਾਯਾਹ 40:29-31.

ਪਿਤਾ ਅਤੇ ਪੁੱਤਰ ਦੇ ਪਿਆਰ ਵਿਚ ਰਹੋ

14, 15. (ੳ) ਯਿਸੂ ਨੇ ਆਪਣੀ ਤੁਲਨਾ ਕਿਸ ਨਾਲ ਕੀਤੀ ਅਤੇ ਉਸ ਤੋਂ ਉਲਟ “ਜੰਗਲੀ ਦਾਖ” ਕੌਣ ਹੈ? (ਅ) “ਸੱਚੀ ਅੰਗੂਰ ਦੀ ਬੇਲ” ਦੀਆਂ “ਟਹਿਣੀਆਂ” ਕੌਣ ਹਨ?

14 ਨੀਸਾਨ 14 ਦੀ ਰਾਤ ਨੂੰ ਆਪਣੇ ਵਫ਼ਾਦਾਰ ਚੇਲਿਆਂ ਨਾਲ ਗੱਲ ਕਰਦੇ ਹੋਏ ਯਿਸੂ ਨੇ ਆਪਣੇ ਆਪ ਨੂੰ “ਸੱਚੀ ਅੰਗੂਰ ਦੀ ਬੇਲ” ਕਿਹਾ ਤੇ ਇਸ ਦੇ ਉਲਟ ਵਿਸ਼ਵਾਸਘਾਤੀ ਇਸਰਾਏਲ ਨੂੰ “ਇੱਕ ਜੰਗਲੀ ਦਾਖ” ਕਿਹਾ। ਉਸ ਨੇ ਕਿਹਾ: “ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ।” (ਯੂਹੰਨਾ 15:1) ਸਦੀਆਂ ਪਹਿਲਾਂ ਨਬੀ ਯਿਰਮਿਯਾਹ ਨੇ ਯਹੋਵਾਹ ਦੁਆਰਾ ਆਪਣੇ ਧਰਮ-ਤਿਆਗੀ ਲੋਕਾਂ ਨੂੰ ਕਹੇ ਇਹ ਸ਼ਬਦ ਲਿਖੇ ਸਨ: “ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। . . . ਫੇਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?” (ਯਿਰਮਿਯਾਹ 2:21) ਅਤੇ ਨਬੀ ਹੋਸ਼ੇਆ ਨੇ ਲਿਖਿਆ: “ਇਸਰਾਏਲ ਇਕ ਵਿਗੜੀ ਹੋਈ ਅੰਗੂਰ ਦੀ ਵੇਲ ਹੈ। ਉਹ ਆਪਣੇ ਲਈ ਫਲ ਪੈਦਾ ਕਰਦੀ ਰਹਿੰਦੀ ਹੈ। . . . ਉਨ੍ਹਾਂ ਦਾ ਦਿਲ ਪਖੰਡੀ ਹੋ ਗਿਆ ਹੈ।”—ਹੋਸ਼ੇਆ 10:1, 2, ਨਿ ਵ.

15 ਸੱਚੀ ਭਗਤੀ ਦੇ ਫਲ ਪੈਦਾ ਕਰਨ ਦੀ ਬਜਾਇ ਇਸਰਾਏਲ ਕੌਮ ਪਰਮੇਸ਼ੁਰ ਤੋਂ ਬੇਮੁਖ ਹੋ ਗਈ ਅਤੇ ਉਸ ਨੇ ਆਪਣੇ ਲਈ ਫਲ ਪੈਦਾ ਕੀਤੇ। ਆਪਣੇ ਵਫ਼ਾਦਾਰ ਚੇਲਿਆਂ ਨਾਲ ਆਖ਼ਰੀ ਮਿਲਣੀ ਤੋਂ ਤਿੰਨ ਦਿਨ ਪਹਿਲਾਂ ਯਿਸੂ ਨੇ ਪਖੰਡੀ ਯਹੂਦੀ ਆਗੂਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:43) ਇਹ ਨਵੀਂ ਕੌਮ ‘ਪਰਮੇਸ਼ੁਰ ਦਾ ਇਸਰਾਏਲ’ ਹੈ ਜਿਸ ਦੇ ਮੈਂਬਰ 1,44,000 ਮਸਹ ਕੀਤੇ ਹੋਏ ਮਸੀਹੀ ਹਨ। ਇਨ੍ਹਾਂ ਨੂੰ “ਸੱਚੀ ਅੰਗੂਰ ਦੀ ਬੇਲ” ਯਾਨੀ ਯਿਸੂ ਮਸੀਹ ਦੀਆਂ “ਟਹਿਣੀਆਂ” ਕਿਹਾ ਗਿਆ ਹੈ।—ਗਲਾਤੀਆਂ 6:16; ਯੂਹੰਨਾ 15:5; ਪਰਕਾਸ਼ ਦੀ ਪੋਥੀ 14:1, 3.

16. ਯਿਸੂ ਨੇ ਆਪਣੇ 11 ਵਫ਼ਾਦਾਰ ਚੇਲਿਆਂ ਨੂੰ ਕੀ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਸ ਅੰਤ ਦੇ ਸਮੇਂ ਵਿਚ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ?

16 ਯਿਸੂ ਨੇ ਆਪਣੇ ਨਾਲ ਚੁਬਾਰੇ ਵਿਚ ਬੈਠੇ 11 ਚੇਲਿਆਂ ਨੂੰ ਦੱਸਿਆ ਸੀ: “ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ।” (ਯੂਹੰਨਾ 15:2, 4) ਯਹੋਵਾਹ ਦੇ ਲੋਕਾਂ ਦਾ ਆਧੁਨਿਕ ਇਤਿਹਾਸ ਦਿਖਾਉਂਦਾ ਹੈ ਕਿ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੇ ਆਪਣੇ ਸਿਰ ਮਸੀਹ ਯਿਸੂ ਦਾ ਸਾਥ ਨਹੀਂ ਛੱਡਿਆ। (ਅਫ਼ਸੀਆਂ 5:23) ਉਨ੍ਹਾਂ ਨੇ ਆਪਣੀ ਸਾਫ਼-ਸਫ਼ਾਈ ਤੇ ਕਾਂਟ-ਛਾਂਟ ਹੋਣ ਦਿੱਤੀ ਹੈ। (ਮਲਾਕੀ 3:2, 3) ਸਾਲ 1919 ਤੋਂ ਉਨ੍ਹਾਂ ਨੇ ਭਰਪੂਰ ਮਾਤਰਾ ਵਿਚ ਰਾਜ ਦੇ ਫਲ ਪੈਦਾ ਕੀਤੇ ਹਨ। ਪਹਿਲਾਂ ਦੂਸਰੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਫਿਰ 1935 ਤੋਂ ਉਨ੍ਹਾਂ ਦੇ ਸਾਥੀਆਂ ਦੀ ਵਧਦੀ ਜਾ ਰਹੀ “ਵੱਡੀ ਭੀੜ” ਨੂੰ ਇਕੱਠਾ ਕੀਤਾ ਜਾ ਰਿਹਾ ਹੈ।—ਪਰਕਾਸ਼ ਦੀ ਪੋਥੀ 7:9; ਯਸਾਯਾਹ 60:4, 8-11.

17, 18. (ੳ) ਯਿਸੂ ਦੇ ਕਿਹੜੇ ਸ਼ਬਦ ਮਸਹ ਕੀਤੇ ਹੋਇਆਂ ਦੀ ਅਤੇ ਹੋਰ ਭੇਡਾਂ ਦੀ ਯਹੋਵਾਹ ਦੇ ਪਿਆਰ ਵਿਚ ਰਹਿਣ ਵਿਚ ਮਦਦ ਕਰਦੇ ਹਨ? (ਅ) ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਹਾਜ਼ਰ ਹੋਣ ਤੋਂ ਸਾਨੂੰ ਕੀ ਹੌਸਲਾ ਮਿਲੇਗਾ?

17 ਸਾਰੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਯਿਸੂ ਦੇ ਅਗਲੇ ਸ਼ਬਦ ਲਾਗੂ ਹੁੰਦੇ ਹਨ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ। ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।”—ਯੂਹੰਨਾ 15:8-10.

18 ਅਸੀਂ ਸਾਰੇ ਪਰਮੇਸ਼ੁਰ ਦੇ ਪਿਆਰ ਵਿਚ ਰਹਿਣਾ ਚਾਹੁੰਦੇ ਹਾਂ, ਇਸ ਲਈ ਅਸੀਂ ਫਲ ਪੈਦਾ ਕਰਦੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਹਰ ਮੌਕੇ ਤੇ ਪ੍ਰਚਾਰ ਕਰ ਕੇ ਇਸ ਤਰ੍ਹਾਂ ਕਰ ਸਕਦੇ ਹਾਂ। (ਮੱਤੀ 24:14) ਅਸੀਂ ਸਾਰੇ ਆਪਣੀਆਂ ਜ਼ਿੰਦਗੀਆਂ ਵਿਚ “ਆਤਮਾ ਦਾ ਫਲ” ਪੈਦਾ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ। (ਗਲਾਤੀਆਂ 5:22, 23) ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਹਾਜ਼ਰ ਹੋਣ ਤੇ ਸਾਨੂੰ ਫਲ ਪੈਦਾ ਕਰਦੇ ਰਹਿਣ ਦਾ ਹੌਸਲਾ ਮਿਲੇਗਾ ਕਿਉਂਕਿ ਇਸ ਵਿਚ ਸਾਨੂੰ ਯਾਦ ਕਰਾਇਆ ਜਾਏਗਾ ਕਿ ਪਰਮੇਸ਼ੁਰ ਅਤੇ ਮਸੀਹ ਸਾਡੇ ਨਾਲ ਕਿੰਨਾ ਪਿਆਰ ਕਰਦੇ ਹਨ।—2 ਕੁਰਿੰਥੀਆਂ 5:14, 15.

19. ਅਗਲੇ ਲੇਖ ਵਿਚ ਹੋਰ ਕਿਹੜੀ ਮਦਦ ਬਾਰੇ ਚਰਚਾ ਕੀਤੀ ਜਾਵੇਗੀ?

19 ਸਮਾਰਕ ਸਮਾਰੋਹ ਸ਼ੁਰੂ ਕਰਨ ਤੋਂ ਬਾਅਦ ਯਿਸੂ ਨੇ ਵਾਅਦਾ ਕੀਤਾ ਸੀ ਕਿ ਉਸ ਦਾ ਪਿਤਾ ਉਸ ਦੇ ਵਫ਼ਾਦਾਰ ਚੇਲਿਆਂ ਲਈ “ਇਕ ਸਹਾਇਕ ਅਰਥਾਤ ਪਵਿੱਤ੍ਰ ਆਤਮਾ” ਘੱਲੇਗਾ। (ਯੂਹੰਨਾ 14:26) ਇਹ ਆਤਮਾ ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਯਹੋਵਾਹ ਦੇ ਪਿਆਰ ਵਿਚ ਰਹਿਣ ਵਿਚ ਕਿਵੇਂ ਮਦਦ ਕਰਦੀ ਹੈ, ਇਸ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।

[ਫੁਟਨੋਟ]

^ ਪੈਰਾ 2 ਬਾਈਬਲੀ ਕਲੰਡਰ ਅਨੁਸਾਰ 14 ਨੀਸਾਨ ਦਾ ਦਿਨ ਸਾਲ 2002 ਵਿਚ 28 ਮਾਰਚ, ਵੀਰਵਾਰ ਨੂੰ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੋਵੇਗਾ। ਉਸ ਸ਼ਾਮ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ ਆਪਣੇ ਪ੍ਰਭੂ ਯਿਸੂ ਮਸੀਹ ਦੀ ਮੌਤ ਦਾ ਸਮਾਰਕ ਸਮਾਰੋਹ ਮਨਾਉਣ ਲਈ ਇਕੱਠੇ ਹੋਣਗੇ।

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਦੇ ਅਧਿਆਇ 19 ਅਤੇ 32 ਦੇਖੋ।

ਪੁਨਰ-ਵਿਚਾਰ ਲਈ ਸਵਾਲ

• ਯਿਸੂ ਨੇ ਆਪਣੇ ਚੇਲਿਆਂ ਨੂੰ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਨ ਦਾ ਕਿਹੜਾ ਸਬਕ ਸਿਖਾਇਆ ਸੀ?

• ਸਮਾਰਕ ਦੇ ਇਨ੍ਹਾਂ ਮਹੀਨਿਆਂ ਦੌਰਾਨ ਸਾਨੂੰ ਕਿਸ ਮਾਮਲੇ ਵਿਚ ਆਪਣੇ ਆਪ ਦੀ ਜਾਂਚ ਕਰਨੀ ਚਾਹੀਦੀ ਹੈ?

• ਸੰਸਾਰ ਦੀ ਨਫ਼ਰਤ ਅਤੇ ਅਤਿਆਚਾਰ ਸੰਬੰਧੀ ਯਿਸੂ ਦੀ ਚੇਤਾਵਨੀ ਤੋਂ ਸਾਨੂੰ ਕਿਉਂ ਠੋਕਰ ਨਹੀਂ ਖਾਣੀ ਚਾਹੀਦੀ?

• “ਸੱਚੀ ਦਾਖ ਦੀ ਬੇਲ” ਕੌਣ ਹੈ? “ਟਹਿਣੀਆਂ” ਕੌਣ ਹਨ ਅਤੇ ਉਨ੍ਹਾਂ ਤੋਂ ਕੀ ਆਸ ਰੱਖੀ ਜਾਂਦੀ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਯਿਸੂ ਨੇ ਆਪਣੇ ਚੇਲਿਆਂ ਨੂੰ ਪਿਆਰ ਨਾਲ ਦੂਸਰਿਆਂ ਦੀ ਸੇਵਾ ਕਰਨ ਦਾ ਇਕ ਨਾ ਭੁੱਲਣ ਵਾਲਾ ਸਬਕ ਸਿਖਾਇਆ

[ਸਫ਼ੇ 16, 17 ਉੱਤੇ ਤਸਵੀਰਾਂ]

ਮਸੀਹ ਦੇ ਚੇਲੇ ਉਸ ਦਾ ਹੁਕਮ ਮੰਨ ਕੇ ਆਤਮ-ਬਲੀਦਾਨੀ ਪਿਆਰ ਦਿਖਾਉਂਦੇ ਹਨ