Skip to content

Skip to table of contents

ਕੀ ਤੁਹਾਨੂੰ “ਸਚਿਆਈ ਦਾ ਆਤਮਾ” ਮਿਲਿਆ ਹੈ?

ਕੀ ਤੁਹਾਨੂੰ “ਸਚਿਆਈ ਦਾ ਆਤਮਾ” ਮਿਲਿਆ ਹੈ?

ਕੀ ਤੁਹਾਨੂੰ “ਸਚਿਆਈ ਦਾ ਆਤਮਾ” ਮਿਲਿਆ ਹੈ?

“ਪਿਤਾ . . . ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ ਅਰਥਾਤ ਸਚਿਆਈ ਦਾ ਆਤਮਾ।”—ਯੂਹੰਨਾ 14:16, 17.

1. ਚੁਬਾਰੇ ਵਿਚ ਆਖ਼ਰੀ ਮਿਲਣੀ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਅਹਿਮ ਜਾਣਕਾਰੀ ਦਿੱਤੀ ਸੀ?

“ਪ੍ਰਭੁ ਜੀ ਤੂੰ ਕਿੱਥੇ ਜਾਂਦਾ ਹੈਂ?” ਯਿਸੂ ਦੇ ਚੇਲਿਆਂ ਨੇ ਉਸ ਤੋਂ ਇਹ ਸਵਾਲ ਪੁੱਛਿਆ ਸੀ ਜਦੋਂ ਉਹ ਉਨ੍ਹਾਂ ਦੇ ਨਾਲ ਆਖ਼ਰੀ ਵਾਰ ਯਰੂਸ਼ਲਮ ਵਿਚ ਇਕ ਘਰ ਦੇ ਚੁਬਾਰੇ ਵਿਚ ਇਕੱਠਾ ਹੋਇਆ ਸੀ। (ਯੂਹੰਨਾ 13:36) ਜਿਉਂ-ਜਿਉਂ ਉਹ ਆਖ਼ਰੀ ਘੜੀਆਂ ਗੁਜ਼ਰ ਰਹੀਆਂ ਸਨ, ਤਾਂ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਛੱਡ ਕੇ ਆਪਣੇ ਪਿਤਾ ਦੇ ਕੋਲ ਵਾਪਸ ਜਾ ਰਿਹਾ ਸੀ। (ਯੂਹੰਨਾ 14:28; 16:28) ਫਿਰ ਉਹ ਉਨ੍ਹਾਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਦੁਬਾਰਾ ਸਰੀਰਕ ਤੌਰ ਤੇ ਉਨ੍ਹਾਂ ਨਾਲ ਨਹੀਂ ਹੋਵੇਗਾ। ਪਰ ਉਸ ਨੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।”—ਯੂਹੰਨਾ 14:16.

2. ਯਿਸੂ ਨੇ ਆਪਣੇ ਚਲੇ ਜਾਣ ਤੋਂ ਬਾਅਦ ਆਪਣੇ ਚੇਲਿਆਂ ਕੋਲ ਕਿਹੜੀ ਚੀਜ਼ ਘੱਲਣ ਦਾ ਵਾਅਦਾ ਕੀਤਾ ਸੀ?

2 ਯਿਸੂ ਨੇ ਦੱਸਿਆ ਕਿ ਉਹ ਸਹਾਇਕ ਕੌਣ ਹੈ ਅਤੇ ਉਹ ਉਸ ਦੇ ਚੇਲਿਆਂ ਦੀ ਕਿਵੇਂ ਮਦਦ ਕਰੇਗਾ। ਉਸ ਨੇ ਉਨ੍ਹਾਂ ਨੂੰ ਦੱਸਿਆ: “ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ। ਪਰ ਹੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ . . . ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ। . . . ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ।”—ਯੂਹੰਨਾ 16:4, 5, 7, 13.

3. (ੳ) “ਸਚਿਆਈ ਦਾ ਆਤਮਾ” ਕਦੋਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਦਿੱਤਾ ਗਿਆ ਸੀ? (ਅ) ਕਿਹੜੇ ਇਕ ਅਹਿਮ ਤਰੀਕੇ ਨਾਲ ਆਤਮਾ ਉਨ੍ਹਾਂ ਲਈ ਇਕ “ਸਹਾਇਕ” ਸਾਬਤ ਹੋਈ?

3 ਇਹ ਵਾਅਦਾ ਪੰਤੇਕੁਸਤ 33 ਸਾ.ਯੁ. ਵਿਚ ਪੂਰਾ ਹੋਇਆ ਜਿਸ ਦੀ ਪਤਰਸ ਰਸੂਲ ਨੇ ਇਹ ਕਹਿ ਕੇ ਪੁਸ਼ਟੀ ਕੀਤੀ: “ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੋ ਗਵਾਹ ਹਾਂ। ਸੋ ਪਰਮੇਸ਼ੁਰ ਦੇ ਸੱਜੇ ਹੱਥ ਕੋਲ ਅੱਤ ਉੱਚਾ ਹੋ ਕੇ ਅਰ ਪਿਤਾ ਤੋਂ ਪਵਿੱਤ੍ਰ ਆਤਮਾ ਦਾ ਕਰਾਰ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਵਹਾ ਦਿੱਤਾ।” (ਰਸੂਲਾਂ ਦੇ ਕਰਤੱਬ 2:32, 33) ਜਿਵੇਂ ਕਿ ਅਸੀਂ ਬਾਅਦ ਵਿਚ ਦੇਖਾਂਗੇ, ਪੰਤੇਕੁਸਤ ਦੇ ਦਿਨ ਵਹਾਈ ਗਈ ਪਵਿੱਤਰ ਆਤਮਾ ਨੇ ਮਸੀਹੀਆਂ ਦੀ ਬਹੁਤ ਸਾਰੇ ਕੰਮ ਕਰਨ ਵਿਚ ਮਦਦ ਕੀਤੀ। ਪਰ ਯਿਸੂ ਨੇ ਵਾਅਦਾ ਕੀਤਾ ਸੀ ਕਿ “ਸਚਿਆਈ ਦਾ ਆਤਮਾ” ਉਨ੍ਹਾਂ ਨੂੰ ‘ਸੱਭੋ ਕੁਝ ਜੋ ਉਸ ਨੇ ਉਨ੍ਹਾਂ ਨੂੰ ਆਖਿਆ ਸੀ ਚੇਤੇ ਕਰਾਵੇਗਾ।’ (ਯੂਹੰਨਾ 14:26) ਇਹ ਉਨ੍ਹਾਂ ਨੂੰ ਯਿਸੂ ਦੀ ਸੇਵਕਾਈ ਅਤੇ ਸਿੱਖਿਆਵਾਂ ਨੂੰ, ਇੱਥੋਂ ਤਕ ਕਿ ਯਿਸੂ ਦੇ ਮੂੰਹੋਂ ਨਿਕਲੇ ਇਕ-ਇਕ ਸ਼ਬਦ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਕਲਮਬੰਦ ਕਰਨ ਵਿਚ ਮਦਦ ਕਰੇਗੀ। ਇਹ ਆਤਮਾ ਖ਼ਾਸਕਰ ਬਿਰਧ ਯੂਹੰਨਾ ਰਸੂਲ ਲਈ ਕਾਫ਼ੀ ਸਹਾਈ ਸਾਬਤ ਹੋਈ ਜਦੋਂ ਉਸ ਨੇ ਪਹਿਲੀ ਸਦੀ ਦੇ ਅਖ਼ੀਰ ਵਿਚ ਆਪਣੀ ਇੰਜੀਲ ਲਿਖਣੀ ਸ਼ੁਰੂ ਕੀਤੀ ਸੀ। ਇਸ ਵਿਚ ਉਸ ਨੇ ਯਿਸੂ ਦੀ ਉਹ ਬੇਸ਼ਕੀਮਤੀ ਸਲਾਹ ਵੀ ਸ਼ਾਮਲ ਕੀਤੀ ਸੀ ਜੋ ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਮਾਰੋਹ ਮਨਾਉਣ ਵੇਲੇ ਦਿੱਤੀ ਸੀ।—ਯੂਹੰਨਾ, ਅਧਿਆਇ 13-17.

4. ‘ਸਚਿਆਈ ਦੇ ਆਤਮਾ’ ਨੇ ਪਹਿਲੀ ਸਦੀ ਦੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਿਵੇਂ ਮਦਦ ਕੀਤੀ ਸੀ?

4 ਯਿਸੂ ਨੇ ਉਨ੍ਹਾਂ ਚੇਲਿਆਂ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਆਤਮਾ ਉਨ੍ਹਾਂ ਨੂੰ “ਸੱਭੋ ਕੁਝ ਸਿਖਾਲੇਗਾ” ਅਤੇ ‘ਸਾਰੀ ਸਚਿਆਈ ਵਿੱਚ ਉਨ੍ਹਾਂ ਦੀ ਅਗਵਾਈ ਕਰੇਗਾ।’ ਇਹ ਆਤਮਾ ਸ਼ਾਸਤਰ ਦੀਆਂ ਡੂੰਘੀਆਂ ਗੱਲਾਂ ਨੂੰ ਸਮਝਣ ਵਿਚ ਉਨ੍ਹਾਂ ਦੀ ਮਦਦ ਕਰੇਗੀ ਅਤੇ ਉਨ੍ਹਾਂ ਦੇ ਵਿਚਾਰਾਂ, ਸਮਝ ਅਤੇ ਮਕਸਦ ਵਿਚ ਏਕਤਾ ਨੂੰ ਕਾਇਮ ਰੱਖੇਗੀ। (1 ਕੁਰਿੰਥੀਆਂ 2:10; ਅਫ਼ਸੀਆਂ 4:3) ਇਸ ਤਰ੍ਹਾਂ ਪਵਿੱਤਰ ਆਤਮਾ ਨੇ ਉਨ੍ਹਾਂ ਮਸੀਹੀਆਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਵਜੋਂ ਕੰਮ ਕਰਨ ਦੀ ਤਾਕਤ ਦਿੱਤੀ ਤਾਂਕਿ ਉਹ ਮਸਹ ਕੀਤੇ ਹੋਏ ਬਾਕੀ ਸਾਰੇ ਮਸੀਹੀਆਂ ਨੂੰ “ਵੇਲੇ ਸਿਰ” ਅਧਿਆਤਮਿਕ “ਰਸਤ” ਮੁਹੱਈਆ ਕਰ ਸਕਣ।—ਮੱਤੀ 24:45.

ਆਤਮਾ ਸਾਖੀ ਦਿੰਦੀ ਹੈ

5. (ੳ) ਯਿਸੂ ਨੇ 14 ਨੀਸਾਨ 33 ਸਾ.ਯੁ. ਦੀ ਰਾਤ ਨੂੰ ਆਪਣੇ ਚੇਲਿਆਂ ਨੂੰ ਕਿਹੜੀ ਨਵੀਂ ਆਸ ਦਿੱਤੀ? (ਅ) ਯਿਸੂ ਦੇ ਵਾਅਦੇ ਨੂੰ ਪੂਰਾ ਕਰਨ ਵਿਚ ਪਵਿੱਤਰ ਆਤਮਾ ਕੀ ਭੂਮਿਕਾ ਨਿਭਾਵੇਗੀ?

5 ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਹ ਬਾਅਦ ਵਿਚ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਵੇਗਾ ਅਤੇ ਉਹ ਉਸ ਨਾਲ ਅਤੇ ਉਸ ਦੇ ਪਿਤਾ ਨਾਲ ਸਵਰਗ ਵਿਚ ਰਹਿਣਗੇ। ਉਸ ਨੇ ਕਿਹਾ: “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਅਰ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।” (ਯੂਹੰਨਾ 13:36; 14:2, 3) ਉਹ ਉਸ ਦੇ ਰਾਜ ਵਿਚ ਉਸ ਨਾਲ ਸ਼ਾਸਨ ਕਰਨਗੇ। (ਲੂਕਾ 22:28-30) ਇਹ ਸਵਰਗੀ ਆਸ ਰੱਖਣ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੇ ਆਤਮਿਕ ਪੁੱਤਰਾਂ ਵਜੋਂ ‘ਆਤਮਾ ਤੋਂ ਜੰਮਣਾ’ ਪਵੇਗਾ ਅਤੇ ਮਸੀਹ ਨਾਲ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨ ਲਈ ਮਸਹ ਹੋਣਾ ਪਵੇਗਾ।—ਯੂਹੰਨਾ 3:5-8; 2 ਕੁਰਿੰਥੀਆਂ 1:21, 22; ਤੀਤੁਸ 3:5-7; 1 ਪਤਰਸ 1:3, 4; ਪਰਕਾਸ਼ ਦੀ ਪੋਥੀ 20:6.

6. (ੳ) ਸਵਰਗੀ ਸੱਦਾ ਕਦੋਂ ਸ਼ੁਰੂ ਹੋਇਆ ਅਤੇ ਇਹ ਸੱਦਾ ਕਿੰਨੇ ਲੋਕਾਂ ਨੂੰ ਦਿੱਤਾ ਗਿਆ? (ਅ) ਜਿਹੜੇ ਸੱਦੇ ਗਏ, ਉਨ੍ਹਾਂ ਨੇ ਕਿਹੜਾ ਬਪਤਿਸਮਾ ਲਿਆ?

6 ਇਨਸਾਨਾਂ ਨੂੰ ਇਹ ‘ਸੁਰਗੀ ਸੱਦਾ’ ਮਿਲਣਾ ਪੰਤੇਕੁਸਤ 33 ਸਾ.ਯੁ. ਨੂੰ ਸ਼ੁਰੂ ਹੋਇਆ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਮੁੱਖ ਤੌਰ ਤੇ 1930 ਦੇ ਦਹਾਕੇ ਦੇ ਮੱਧ ਵਿਚ ਇਹ ਸੱਦਾ ਮਿਲਣਾ ਬੰਦ ਹੋ ਗਿਆ ਸੀ। (ਇਬਰਾਨੀਆਂ 3:1) ਪਵਿੱਤਰ ਆਤਮਾ ਦੁਆਰਾ ਮੁਹਰ ਲਗਾਏ ਗਏ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਦੀ ਗਿਣਤੀ 1,44,000 ਹੈ ਜਿਹੜੇ “ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।” (ਪਰਕਾਸ਼ ਦੀ ਪੋਥੀ 7:4; 14:1-4) ਇਨ੍ਹਾਂ ਨੇ ਮਸੀਹ ਦੀ ਆਤਮਿਕ ਦੇਹ ਦਾ ਬਪਤਿਸਮਾ, ਉਸ ਦੀ ਕਲੀਸਿਯਾ ਦਾ ਬਪਤਿਸਮਾ ਅਤੇ ਉਸ ਦੀ ਮੌਤ ਦਾ ਬਪਤਿਸਮਾ ਲਿਆ। (ਰੋਮੀਆਂ 6:3; 1 ਕੁਰਿੰਥੀਆਂ 12:12, 13, 27; ਅਫ਼ਸੀਆਂ 1:22, 23) ਪਾਣੀ ਦਾ ਬਪਤਿਸਮਾ ਲੈਣ ਅਤੇ ਪਵਿੱਤਰ ਆਤਮਾ ਦੁਆਰਾ ਮਸਹ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਰਬਾਨੀ ਦੇ ਰਾਹ ਉੱਤੇ ਚੱਲਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਮੌਤ ਤਕ ਵਫ਼ਾਦਾਰ ਰਹਿਣ ਦੀ ਜ਼ਰੂਰਤ ਸੀ।—ਰੋਮੀਆਂ 6:4, 5.

7. ਕਿਉਂ ਸਿਰਫ਼ ਮਸਹ ਕੀਤੇ ਹੋਏ ਮਸੀਹੀ ਹੀ ਸਮਾਰਕ ਸਮਾਰੋਹ ਵਿਚ ਜਾਇਜ਼ ਤੌਰ ਤੇ ਰੋਟੀ ਅਤੇ ਦਾਖ-ਰਸ ਲੈ ਸਕਦੇ ਹਨ?

7 ਅਧਿਆਤਮਿਕ ਇਸਰਾਏਲੀ ਹੋਣ ਕਰਕੇ ਇਹ ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੁਆਰਾ “ਪਰਮੇਸ਼ੁਰ ਦੇ ਇਸਰਾਏਲ” ਨਾਲ ਬੰਨ੍ਹੇ ਗਏ ਨਵੇਂ ਨੇਮ ਵਿਚ ਸ਼ਾਮਲ ਸਨ। (ਗਲਾਤੀਆਂ 6:16; ਯਿਰਮਿਯਾਹ 31:31-34) ਮਸੀਹ ਨੇ ਆਪਣਾ ਲਹੂ ਵਹਾ ਕੇ ਇਸ ਨਵੇਂ ਨੇਮ ਨੂੰ ਜਾਇਜ਼ ਕਰਾਰ ਦਿੱਤਾ। ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਮਾਰੋਹ ਮਨਾਉਣ ਵੇਲੇ ਇਸ ਦਾ ਜ਼ਿਕਰ ਕੀਤਾ ਸੀ। ਲੂਕਾ ਦੱਸਦਾ ਹੈ: “ਉਸ ਨੇ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।” (ਲੂਕਾ 22:19, 20) ਧਰਤੀ ਉੱਤੇ 1,44,000 ਵਿੱਚੋਂ ਬਾਕੀ ਬਚੇ ਮੈਂਬਰ ਹੀ ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਜਾਇਜ਼ ਤੌਰ ਤੇ ਰੋਟੀ ਅਤੇ ਦਾਖ-ਰਸ ਲੈ ਸਕਦੇ ਹਨ।

8. ਮਸਹ ਕੀਤੇ ਹੋਏ ਮਸੀਹੀ ਕਿਵੇਂ ਜਾਣਦੇ ਹਨ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ?

8 ਮਸਹ ਕੀਤੇ ਹੋਏ ਮਸੀਹੀ ਕਿਵੇਂ ਜਾਣਦੇ ਹਨ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ? ਪਵਿੱਤਰ ਆਤਮਾ ਇਸ ਦੀ ਪੱਕੀ ਸਾਖੀ ਦਿੰਦੀ ਹੈ। ਪੌਲੁਸ ਰਸੂਲ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਿਆ ਸੀ: “ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ। . . . ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।” (ਰੋਮੀਆਂ 8:14-17) ਪਵਿੱਤਰ ਆਤਮਾ ਦੀ ਸਾਖੀ ਇੰਨੀ ਪੱਕੀ ਹੁੰਦੀ ਹੈ ਕਿ ਜੇ ਕਿਸੇ ਨੂੰ ਆਪਣੇ ਸਵਰਗੀ ਸੱਦੇ ਬਾਰੇ ਰੱਤੀ ਭਰ ਵੀ ਸ਼ੱਕ ਹੁੰਦਾ ਹੈ, ਤਾਂ ਉਹ ਸਮਝ ਜਾਂਦੇ ਹਨ ਕਿ ਉਨ੍ਹਾਂ ਨੂੰ ਇਹ ਸੱਦਾ ਨਹੀਂ ਮਿਲਿਆ ਹੈ ਤੇ ਉਹ ਸਮਾਰਕ ਸਮਾਰੋਹ ਵਿਚ ਰੋਟੀ ਅਤੇ ਦਾਖ-ਰਸ ਲੈਣਾ ਬੰਦ ਕਰ ਦਿੰਦੇ ਹਨ।

ਪਵਿੱਤਰ ਆਤਮਾ ਅਤੇ ਹੋਰ ਭੇਡਾਂ

9. ਇੰਜੀਲ ਦੀਆਂ ਕਿਤਾਬਾਂ ਅਤੇ ਪਰਕਾਸ਼ ਦੀ ਪੋਥੀ ਵਿਚ ਕਿਹੜੇ ਦੋ ਵੱਖਰੇ ਸਮੂਹਾਂ ਦਾ ਜ਼ਿਕਰ ਕੀਤਾ ਗਿਆ ਹੈ?

9 ਅਧਿਆਤਮਿਕ ਇਸਰਾਏਲ ਦੇ ਮੈਂਬਰ ਬਣਨ ਲਈ ਬੁਲਾਏ ਗਏ ਮਸੀਹੀਆਂ ਦੀ ਗਿਣਤੀ ਥੋੜ੍ਹੀ ਹੋਣ ਕਰਕੇ ਯਿਸੂ ਨੇ ਉਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ। ਉਨ੍ਹਾਂ ਨੂੰ ਨਵੇਂ ਨੇਮ ਦੇ “ਬਾੜੇ” ਵਿਚ ਲਿਆਂਦਾ ਗਿਆ ਹੈ। ਪਰ ਯਿਸੂ ਨੇ ਕਿਹਾ ਸੀ ਕਿ ਉਹ ਅਣਗਿਣਤ ‘ਹੋਰ ਭੇਡਾਂ’ ਨੂੰ ਵੀ ਇਕੱਠਾ ਕਰੇਗਾ। (ਲੂਕਾ 12:32; ਯੂਹੰਨਾ 10:16) ਅੰਤ ਦੇ ਸਮੇਂ ਵਿਚ ਇਕੱਠੀਆਂ ਹੋਈਆਂ ਹੋਰ ਭੇਡਾਂ ਹੀ ਉਹ “ਵੱਡੀ ਭੀੜ” ਹੈ ਜੋ “ਵੱਡੀ ਬਿਪਤਾ” ਵਿੱਚੋਂ ਬਚ ਜਾਵੇਗੀ ਅਤੇ ਬਾਗ਼ ਵਰਗੀ ਧਰਤੀ ਉੱਤੇ ਅਨੰਤ ਜ਼ਿੰਦਗੀ ਦਾ ਆਨੰਦ ਮਾਣੇਗੀ। ਇਹ ਦਿਲਚਸਪੀ ਦੀ ਗੱਲ ਹੈ ਕਿ ਯੂਹੰਨਾ ਨੇ ਪਹਿਲੀ ਸਦੀ ਸਾ.ਯੁ. ਵਿਚ ਜੋ ਦਰਸ਼ਣ ਦੇਖਿਆ ਸੀ ਉਸ ਵਿਚ ਇਸ ਵੱਡੀ ਭੀੜ ਅਤੇ ਅਧਿਆਤਮਿਕ ਇਸਰਾਏਲ ਦੇ 1,44,000 ਮੈਂਬਰਾਂ ਵਿਚ ਫ਼ਰਕ ਦਿਖਾਇਆ ਗਿਆ ਹੈ। (ਪਰਕਾਸ਼ ਦੀ ਪੋਥੀ 7:4, 9, 14) ਕੀ ਇਨ੍ਹਾਂ ਹੋਰ ਭੇਡਾਂ ਨੂੰ ਵੀ ਪਵਿੱਤਰ ਆਤਮਾ ਮਿਲਦੀ ਹੈ? ਅਤੇ ਜੇ ਮਿਲਦੀ ਹੈ, ਤਾਂ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਉੱਤੇ ਕਿਵੇਂ ਪ੍ਰਭਾਵ ਪਾਉਂਦੀ ਹੈ?

10. ਹੋਰ ਭੇਡਾਂ ਕਿਸ ਅਰਥ ਵਿਚ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲੈਂਦੀਆਂ ਹਨ?

10 ਪਵਿੱਤਰ ਆਤਮਾ ਸੱਚ-ਮੁੱਚ ਇਨ੍ਹਾਂ ਹੋਰ ਭੇਡਾਂ ਦੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲੈ ਕੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦਾ ਸਬੂਤ ਦਿੰਦੇ ਹਨ। (ਮੱਤੀ 28:19) ਉਹ ਯਹੋਵਾਹ ਦੀ ਪ੍ਰਭੂਸੱਤਾ ਨੂੰ ਸਵੀਕਾਰ ਕਰਦੇ ਹਨ, ਮਸੀਹ ਨੂੰ ਆਪਣਾ ਰਾਜਾ ਅਤੇ ਮੁਕਤੀਦਾਤਾ ਮੰਨ ਕੇ ਉਸ ਦੇ ਅਧੀਨ ਹੁੰਦੇ ਹਨ ਅਤੇ ਪਰਮੇਸ਼ੁਰ ਦੀ ਆਤਮਾ ਜਾਂ ਉਸ ਦੀ ਸਰਗਰਮ ਸ਼ਕਤੀ ਨੂੰ ਆਪਣੀਆਂ ਜ਼ਿੰਦਗੀਆਂ ਉੱਤੇ ਪ੍ਰਭਾਵ ਪਾਉਣ ਦਿੰਦੇ ਹਨ। ਹਰ ਦਿਨ ਉਹ ਆਪਣੇ ਵਿਚ “ਆਤਮਾ ਦਾ ਫਲ” ਯਾਨੀ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ।—ਗਲਾਤੀਆਂ 5:22, 23.

11, 12. (ੳ) ਮਸਹ ਕੀਤੇ ਹੋਏ ਮਸੀਹੀ ਕਿਵੇਂ ਖ਼ਾਸ ਤਰੀਕੇ ਨਾਲ ਪਵਿੱਤਰ ਕੀਤੇ ਗਏ ਹਨ? (ਅ) ਕਿਹੜੇ ਤਰੀਕੇ ਨਾਲ ਹੋਰ ਭੇਡਾਂ ਸ਼ੁੱਧ ਅਤੇ ਪਵਿੱਤਰ ਕੀਤੀਆਂ ਗਈਆਂ ਹਨ?

11 ਹੋਰ ਭੇਡਾਂ ਨੂੰ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਪਵਿੱਤਰ ਆਤਮਾ ਦੁਆਰਾ ਆਪਣੇ ਆਪ ਨੂੰ ਸ਼ੁੱਧ ਜਾਂ ਪਵਿੱਤਰ ਕਰਨਾ ਚਾਹੀਦਾ ਹੈ। ਮਸਹ ਕੀਤੇ ਹੋਏ ਮਸੀਹੀ ਪਹਿਲਾਂ ਹੀ ਖ਼ਾਸ ਤਰੀਕੇ ਨਾਲ ਸ਼ੁੱਧ ਕੀਤੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਮਸੀਹ ਦੀ ਲਾੜੀ ਵਜੋਂ ਧਰਮੀ ਅਤੇ ਪਵਿੱਤਰ ਠਹਿਰਾਇਆ ਗਿਆ ਹੈ। (ਯੂਹੰਨਾ 17:17; 1 ਕੁਰਿੰਥੀਆਂ 6:11; ਅਫ਼ਸੀਆਂ 5:23-27) ਦਾਨੀਏਲ ਨਬੀ ਉਨ੍ਹਾਂ ਨੂੰ ‘ਅੱਤ ਮਹਾਨ ਦੇ ਸੰਤ’ ਕਹਿੰਦਾ ਹੈ ਜਿਨ੍ਹਾਂ ਨੂੰ “ਮਨੁੱਖ ਦੇ ਪੁੱਤ੍ਰ” ਯਿਸੂ ਮਸੀਹ ਦੇ ਅਧੀਨ ਰਾਜ ਦਿੱਤਾ ਜਾਵੇਗਾ। (ਦਾਨੀਏਲ 7:13, 14, 18, 27) ਸਦੀਆਂ ਪਹਿਲਾਂ ਯਹੋਵਾਹ ਨੇ ਮੂਸਾ ਤੇ ਹਾਰੂਨ ਦੇ ਰਾਹੀਂ ਇਸਰਾਏਲ ਕੌਮ ਨੂੰ ਕਿਹਾ ਸੀ: “ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਸੋ ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤ੍ਰ ਬਣਨਾ, ਮੈਂ ਜੋ ਪਵਿੱਤ੍ਰ ਹਾਂ।”—ਲੇਵੀਆਂ 11:44.

12 ਸ਼ਬਦ “ਸ਼ੁੱਧੀਕਰਣ” ਦਾ ਮਤਲਬ ਹੈ “ਯਹੋਵਾਹ ਪਰਮੇਸ਼ੁਰ ਦੀ ਸੇਵਾ ਲਈ ਜਾਂ ਉਸ ਦੁਆਰਾ ਇਸਤੇਮਾਲ ਕੀਤੇ ਜਾਣ ਲਈ ਪਵਿੱਤਰ ਕਰਨਾ ਜਾਂ ਅਲੱਗ ਕਰਨਾ; ਪਵਿੱਤਰ ਜਾਂ ਸ਼ੁੱਧ ਹੋਣ ਦੀ ਹਾਲਤ।” ਸਾਲ 1938 ਦੇ ਸ਼ੁਰੂ ਵਿਚ ਪਹਿਰਾਬੁਰਜ ਨੇ ਕਿਹਾ ਸੀ ਕਿ ਯੋਨਾਦਾਬ ਵਰਗ ਜਾਂ ਹੋਰ ਭੇਡਾਂ ਨੂੰ “ਇਹ ਜਾਣਨਾ ਚਾਹੀਦਾ ਹੈ ਕਿ ਵੱਡੀ ਭੀੜ ਦਾ ਹਿੱਸਾ ਬਣਨ ਅਤੇ ਧਰਤੀ ਉੱਤੇ ਜੀਉਣ ਲਈ ਆਪਣੇ ਆਪ ਨੂੰ ਸਮਰਪਿਤ ਅਤੇ ਪਵਿੱਤਰ ਕਰਨਾ ਬਹੁਤ ਜ਼ਰੂਰੀ ਹੈ।” ਪਰਕਾਸ਼ ਦੀ ਪੋਥੀ ਵਿਚ ਦਰਜ ਵੱਡੀ ਭੀੜ ਦੇ ਦਰਸ਼ਣ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ ਅਤੇ “[ਯਹੋਵਾਹ] ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:9, 14, 15) ਪਵਿੱਤਰ ਆਤਮਾ ਦੀ ਮਦਦ ਨਾਲ ਹੋਰ ਭੇਡਾਂ ਪਵਿੱਤਰ ਰਹਿਣ ਦੀਆਂ ਯਹੋਵਾਹ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।—2 ਕੁਰਿੰਥੀਆਂ 7:1.

ਮਸੀਹ ਦੇ ਭਰਾਵਾਂ ਦਾ ਭਲਾ ਕਰਨਾ

13, 14. (ੳ) ਭੇਡਾਂ ਅਤੇ ਬੱਕਰੀਆਂ ਦੇ ਯਿਸੂ ਦੇ ਦ੍ਰਿਸ਼ਟਾਂਤ ਵਿਚ, ਭੇਡਾਂ ਦੀ ਮੁਕਤੀ ਕਿਸ ਗੱਲ ਉੱਤੇ ਨਿਰਭਰ ਕਰਦੀ ਹੈ? (ਅ) ਇਸ ਅੰਤ ਦੇ ਸਮੇਂ ਵਿਚ ਹੋਰ ਭੇਡਾਂ ਨੇ ਮਸੀਹ ਦੇ ਭਰਾਵਾਂ ਦਾ ਕਿਵੇਂ ਭਲਾ ਕੀਤਾ ਹੈ?

13 ਯਿਸੂ ਨੇ “ਜੁਗ ਦੇ ਅੰਤ” ਬਾਰੇ ਭਵਿੱਖਬਾਣੀ ਕਰਦੇ ਸਮੇਂ ਭੇਡਾਂ ਅਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਦੱਸਿਆ ਸੀ ਕਿ ਹੋਰ ਭੇਡਾਂ ਅਤੇ ਛੋਟੇ ਝੁੰਡ ਵਿਚ ਇਕ ਨਜ਼ਦੀਕੀ ਰਿਸ਼ਤਾ ਹੋਵੇਗਾ। ਉਸ ਦ੍ਰਿਸ਼ਟਾਂਤ ਵਿਚ ਮਸੀਹ ਨੇ ਸਾਫ਼-ਸਾਫ਼ ਦੱਸਿਆ ਕਿ ਹੋਰ ਭੇਡਾਂ ਦੀ ਮੁਕਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਹ ਮਸਹ ਕੀਤੇ ਹੋਏ ਮਸੀਹੀਆਂ ਨਾਲ, ਜਿਨ੍ਹਾਂ ਨੂੰ ਉਸ ਨੇ ‘ਮੇਰੇ ਭਰਾ’ ਕਿਹਾ, ਕਿਸ ਤਰ੍ਹਾਂ ਪੇਸ਼ ਆਉਂਦੇ ਹਨ। ਉਸ ਨੇ ਕਿਹਾ: “ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ। . . . ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।”—ਮੱਤੀ 24:3; 25:31-34, 40.

14 “ਇਹ ਕੀਤਾ” ਸ਼ਬਦ ਆਤਮਾ ਨਾਲ ਜੰਮੇ ਮਸੀਹ ਦੇ ਭਰਾਵਾਂ ਨੂੰ ਦਿੱਤੇ ਸਹਿਯੋਗ ਨੂੰ ਸੂਚਿਤ ਕਰਦੇ ਹਨ। ਸ਼ਤਾਨ ਦਾ ਸੰਸਾਰ ਮਸੀਹ ਦੇ ਇਨ੍ਹਾਂ ਭਰਾਵਾਂ ਨਾਲ ਪਰਦੇਸੀਆਂ ਵਾਂਗ ਪੇਸ਼ ਆਇਆ ਹੈ ਤੇ ਕਈਆਂ ਨੂੰ ਜੇਲ੍ਹਾਂ ਵਿਚ ਵੀ ਸੁੱਟਿਆ ਹੈ। ਉਨ੍ਹਾਂ ਨੂੰ ਅਕਸਰ ਭੋਜਨ, ਕੱਪੜਿਆਂ ਅਤੇ ਦਵਾ-ਦਾਰੂ ਦੀ ਲੋੜ ਪਈ ਹੈ। (ਮੱਤੀ 25:35, 36) ਇਸ ਅੰਤ ਦੇ ਸਮੇਂ ਵਿਚ, ਸਾਲ 1914 ਤੋਂ ਬਹੁਤ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਯਹੋਵਾਹ ਦੇ ਗਵਾਹਾਂ ਦਾ ਆਧੁਨਿਕ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਉਨ੍ਹਾਂ ਦੇ ਵਫ਼ਾਦਾਰ ਸਾਥੀ ਯਾਨੀ ਹੋਰ ਭੇਡਾਂ ਹਮੇਸ਼ਾ ਉਨ੍ਹਾਂ ਦੀ ਮਦਦ ਕਰਦੇ ਆਏ ਹਨ।

15, 16. (ੳ) ਹੋਰ ਭੇਡਾਂ ਨੇ ਖ਼ਾਸ ਤੌਰ ਤੇ ਕਿਹੜੇ ਕੰਮ ਵਿਚ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਦੀ ਮਦਦ ਕੀਤੀ ਹੈ? (ਅ) ਮਸਹ ਕੀਤੇ ਹੋਏ ਮਸੀਹੀਆਂ ਨੇ ਹੋਰ ਭੇਡਾਂ ਲਈ ਆਪਣੀ ਕਦਰ ਕਿਵੇਂ ਪ੍ਰਗਟ ਕੀਤੀ ਹੈ?

15 ਇਸ ਅੰਤ ਦੇ ਸਮੇਂ ਵਿਚ ‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕਰਨ ਅਤੇ ਸਭ ਕੌਮਾਂ ਉੱਤੇ ਸਾਖੀ ਦੇਣ’ ਵਿਚ ਹੋਰ ਭੇਡਾਂ ਨੇ ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਦੀ ਖ਼ਾਸ ਤੌਰ ਤੇ ਮਦਦ ਕੀਤੀ ਹੈ। (ਮੱਤੀ 24:14; ਯੂਹੰਨਾ 14:12) ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਗਿਣਤੀ ਕਈ ਸਾਲਾਂ ਤੋਂ ਲਗਾਤਾਰ ਘੱਟਦੀ ਆਈ ਹੈ, ਪਰ ਹੋਰ ਭੇਡਾਂ ਦੀ ਗਿਣਤੀ ਲੱਖਾਂ ਵਿਚ ਵਧੀ ਹੈ। ਇਨ੍ਹਾਂ ਵਿੱਚੋਂ ਹਜ਼ਾਰਾਂ ਨੇ “ਧਰਤੀ ਦੇ ਬੰਨੇ ਤੀਕੁਰ” ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਣ ਲਈ ਪਾਇਨੀਅਰਾਂ ਅਤੇ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕੀਤੀ ਹੈ। (ਰਸੂਲਾਂ ਦੇ ਕਰਤੱਬ 1:8) ਤੇ ਜਿੰਨਾ ਉਨ੍ਹਾਂ ਕੋਲੋਂ ਹੋ ਸਕਦਾ ਹੈ, ਉਹ ਪ੍ਰਚਾਰ ਕਰਦੇ ਹਨ ਅਤੇ ਖ਼ੁਸ਼ੀ ਨਾਲ ਇਸ ਅਹਿਮ ਕੰਮ ਵਿਚ ਮਾਲੀ ਤੌਰ ਤੇ ਸਹਾਇਤਾ ਦਿੰਦੇ ਹਨ।

16 ਮਸੀਹ ਦੇ ਮਸਹ ਕੀਤੇ ਹੋਏ ਭਰਾ ਆਪਣੇ ਵਫ਼ਾਦਾਰ ਸਾਥੀ ਯਾਨੀ ਹੋਰ ਭੇਡਾਂ ਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਹਨ! ਸਾਲ 1986 ਵਿਚ ਦਾਸ ਵਰਗ ਦੁਆਰਾ ਤਿਆਰ ਕੀਤੀ ਗਈ ਕਿਤਾਬ ‘ਸ਼ਾਂਤੀ ਦੇ ਰਾਜ ਕੁਮਾਰ’ ਅਧੀਨ ਵਿਸ਼ਵ-ਵਿਆਪੀ ਸੁਰੱਖਿਆ (ਅੰਗ੍ਰੇਜ਼ੀ) ਵਿਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ ਗਿਆ ਸੀ। ਇਸ ਕਿਤਾਬ ਵਿਚ ਦੱਸਿਆ ਹੈ: “ਦੂਸਰੇ ਵਿਸ਼ਵ ਯੁੱਧ ਦੇ ਸਮੇਂ ਤੋਂ ‘ਹੋਰ ਭੇਡਾਂ’ ਦੀ “ਵੱਡੀ ਭੀੜ” ਦੀ ਮਿਹਨਤ ਸਦਕਾ ਹੀ “ਜੁਗ ਦੇ ਅੰਤ” ਬਾਰੇ ਯਿਸੂ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ। . . . ਇਸ ਲਈ ਵਿਸ਼ਵ-ਵਿਆਪੀ ਤੇ ਬਹੁਭਾਸ਼ੀ “ਵੱਡੀ ਭੀੜ” ਦਾ ਬਹੁਤ-ਬਹੁਤ ਧੰਨਵਾਦ ਕਿ ਉਨ੍ਹਾਂ ਨੇ ਮੱਤੀ 24:14 ਵਿਚ ਦਰਜ [ਯਿਸੂ] ਦੀ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ!”

‘ਸਾਥੋਂ ਬਿਨਾ ਮੁਕੰਮਲ ਨਾ ਹੋਏ’

17. ਧਰਤੀ ਉੱਤੇ ਮੁੜ ਜੀ ਉਠਾਏ ਜਾਣ ਵਾਲੇ ਪੁਰਾਣੇ ਸਮੇਂ ਦੇ ਵਫ਼ਾਦਾਰ ਲੋਕ ਕਿਵੇਂ ਮਸਹ ਕੀਤੇ ਹੋਏ ਮਸੀਹੀਆਂ ਤੋਂ ‘ਬਿਨਾ ਮੁਕੰਮਲ ਨਾ ਹੋਣਗੇ’?

17 ਇਕ ਮਸਹ ਕੀਤੇ ਹੋਏ ਮਸੀਹੀ ਵਜੋਂ ਅਤੇ ਮਸੀਹ ਤੋਂ ਪਹਿਲਾਂ ਦੇ ਵਫ਼ਾਦਾਰ ਲੋਕਾਂ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਏਹ ਸੱਭੇ ਭਾਵੇਂ ਓਹਨਾਂ ਲਈ ਓਹਨਾਂ ਦੀ ਨਿਹਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਇਦੇ ਨੂੰ ਪਰਾਪਤ ਨਾ ਹੋਏ। ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਭਈ ਓਹ ਸਾਥੋਂ ਬਿਨਾ ਕਾਮਿਲ [“ਮੁਕੰਮਲ,” ਨਿ ਵ] ਨਾ ਹੋਣ।” (ਇਬਰਾਨੀਆਂ 11:35, 39, 40) ਹਜ਼ਾਰ ਸਾਲ ਦੇ ਰਾਜ ਦੌਰਾਨ ਮਸੀਹ ਅਤੇ ਉਸ ਦੇ 1,44,000 ਮਸਹ ਕੀਤੇ ਹੋਏ ਭਰਾ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ ਅਤੇ ਧਰਤੀ ਉੱਤਲੇ ਲੋਕਾਂ ਨੂੰ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਪਹੁੰਚਾਣਗੇ। ਇਸ ਤਰ੍ਹਾਂ ਹੋਰ ਭੇਡਾਂ ਸਰੀਰਕ ਅਤੇ ਮਾਨਸਿਕ ਤੌਰ ਤੇ “ਮੁਕੰਮਲ” ਕੀਤੀਆਂ ਜਾਣਗੀਆਂ।—ਪਰਕਾਸ਼ ਦੀ ਪੋਥੀ 22:1, 2.

18. (ੳ) ਬਾਈਬਲ ਵਿਚ ਦੱਸੀਆਂ ਗੱਲਾਂ ਹੋਰ ਭੇਡਾਂ ਨੂੰ ਕੀ ਸਮਝਣ ਵਿਚ ਮਦਦ ਕਰਦੀਆਂ ਹਨ? (ਅ) ਹੋਰ ਭੇਡਾਂ ਕਿਹੜੀ ਆਸ ਨਾਲ “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ” ਦੀ ਉਡੀਕ ਕਰ ਰਹੀਆਂ ਹਨ?

18 ਇਨ੍ਹਾਂ ਸਾਰੀਆਂ ਗੱਲਾਂ ਤੋਂ ਹੋਰ ਭੇਡਾਂ ਸਮਝ ਸਕਦੀਆਂ ਹਨ ਕਿ ਕਿਉਂ ਮਸੀਹੀ ਯੂਨਾਨੀ ਸ਼ਾਸਤਰ ਵਿਚ ਮਸੀਹ ਅਤੇ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਉੱਤੇ ਅਤੇ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਉੱਤੇ ਇੰਨਾ ਜ਼ੋਰ ਦਿੱਤਾ ਗਿਆ ਹੈ। ਇਸ ਲਈ ਆਰਮਾਗੇਡਨ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ” ਦੀ ਉਡੀਕ ਕਰਦੀਆਂ ਹੋਈਆਂ ਹੋਰ ਭੇਡਾਂ ਮਸਹ ਕੀਤੇ ਹੋਏ ਦਾਸ ਵਰਗ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਨੂੰ ਬੜੇ ਮਾਣ ਦੀ ਗੱਲ ਸਮਝਦੀਆਂ ਹਨ। ਉਹ ਉਸ ਸਮੇਂ ਦੀ ਆਸ ਰੱਖ ਸਕਦੀਆਂ ਹਨ ਜਦੋਂ ਉਹ ‘ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਨਗੀਆਂ।’—ਰੋਮੀਆਂ 8:19-21.

ਸਮਾਰਕ ਸਮਾਰੋਹ ਦੌਰਾਨ ਆਤਮਾ ਵਿਚ ਇਕਮੁਠ

19. ‘ਸਚਿਆਈ ਦੇ ਆਤਮਾ’ ਨੇ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਕੀ ਕੀਤਾ ਹੈ ਅਤੇ ਉਹ 28 ਮਾਰਚ ਦੀ ਸ਼ਾਮ ਨੂੰ ਕਿਸ ਖ਼ਾਸ ਤਰੀਕੇ ਨਾਲ ਇਕਮੁਠ ਹੋਣਗੇ?

19 ਨੀਸਾਨ 14, 33 ਸਾ.ਯੁ. ਦੀ ਰਾਤ ਨੂੰ ਆਪਣੀ ਸਮਾਪਤੀ ਪ੍ਰਾਰਥਨਾ ਵਿਚ ਯਿਸੂ ਨੇ ਕਿਹਾ ਸੀ: ‘ਮੈਂ ਬੇਨਤੀ ਕਰਦਾ ਜੋ ਓਹ ਸਭ ਇੱਕ ਹੋਣ ਜਿਸ ਤਰਾਂ, ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ ਜੋ ਓਹ ਵੀ ਸਾਡੇ ਵਿੱਚ ਹੋਣ ਤਾਂ ਜੋ ਜਗਤ ਸਤ ਮੰਨੇ ਭਈ ਤੈਂ ਮੈਨੂੰ ਘੱਲਿਆ।’ (ਯੂਹੰਨਾ 17:20, 21) ਪਿਆਰ ਕਰਕੇ ਪਰਮੇਸ਼ੁਰ ਨੇ ਮਸਹ ਕੀਤੇ ਹੋਏ ਲੋਕਾਂ ਅਤੇ ਆਗਿਆਕਾਰੀ ਮਨੁੱਖਜਾਤੀ ਦੀ ਮੁਕਤੀ ਲਈ ਆਪਣੇ ਪੁੱਤਰ ਨੂੰ ਕੁਰਬਾਨੀ ਦੇਣ ਵਾਸਤੇ ਘੱਲਿਆ। (1 ਯੂਹੰਨਾ 2:2) ‘ਸਚਿਆਈ ਦੇ ਆਤਮਾ’ ਨੇ ਮਸੀਹ ਦੇ ਭਰਾਵਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਕਮੁਠ ਕੀਤਾ ਹੈ। ਇਹ ਦੋਵੇਂ ਝੁੰਡ 28 ਮਾਰਚ ਦੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਇਕੱਠੇ ਹੋ ਕੇ ਮਸੀਹ ਦੀ ਮੌਤ ਦਾ ਸਮਾਰਕ ਸਮਾਰੋਹ ਮਨਾਉਣਗੇ। ਉਹ ਚੇਤੇ ਕਰਨਗੇ ਕਿ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਮਸੀਹ ਯਿਸੂ ਦੀ ਕੁਰਬਾਨੀ ਦੇ ਕੇ ਉਨ੍ਹਾਂ ਲਈ ਕਿੰਨਾ ਕੁਝ ਕੀਤਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਸ ਅਹਿਮ ਸਮਾਰੋਹ ਵਿਚ ਹਾਜ਼ਰ ਹੋਣ ਨਾਲ ਉਨ੍ਹਾਂ ਦੀ ਏਕਤਾ ਹੋਰ ਮਜ਼ਬੂਤ ਹੋਵੇ ਅਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਦੇ ਰਹਿਣ ਦਾ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਹੋਵੇ। ਇਸ ਸਮਾਰਕ ਸਮਾਰੋਹ ਵਿਚ ਹਾਜ਼ਰ ਰਹਿਣ ਨਾਲ ਉਹ ਇਸ ਗੱਲ ਦਾ ਸਬੂਤ ਦੇਣਗੇ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਵਿਚ ਸ਼ਾਮਲ ਹੋ ਕੇ ਬੜੀ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਨਾਲ ਯਹੋਵਾਹ ਪਿਆਰ ਕਰਦਾ ਹੈ।

ਪੁਨਰ-ਵਿਚਾਰ ਲਈ ਸਵਾਲ

• ਪਹਿਲੀ ਸਦੀ ਦੇ ਮਸੀਹੀਆਂ ਉੱਤੇ “ਸਚਿਆਈ ਦਾ ਆਤਮਾ” ਕਦੋਂ ਵਹਾਇਆ ਗਿਆ ਸੀ ਅਤੇ ਇਹ ਆਤਮਾ ਕਿਵੇਂ ਇਕ “ਸਹਾਇਕ” ਸਾਬਤ ਹੋਇਆ?

• ਮਸਹ ਕੀਤੇ ਹੋਏ ਮਸੀਹੀ ਕਿਵੇਂ ਜਾਣਦੇ ਹਨ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ?

• ਹੋਰ ਭੇਡਾਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਕਿਨ੍ਹਾਂ ਤਰੀਕਿਆਂ ਨਾਲ ਪ੍ਰਭਾਵ ਪਾਉਂਦੀ ਹੈ?

• ਹੋਰ ਭੇਡਾਂ ਨੇ ਮਸੀਹ ਦੇ ਭਰਾਵਾਂ ਦਾ ਕਿਵੇਂ ਭਲਾ ਕੀਤਾ ਹੈ ਅਤੇ ਉਹ ਕਿਉਂ ਮਸਹ ਕੀਤੇ ਹੋਏ ਮਸੀਹੀਆਂ ਤੋਂ ‘ਬਿਨਾ ਮੁਕੰਮਲ ਨਹੀਂ ਹੋਣਗੇ’?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਚੇਲਿਆਂ ਉੱਤੇ “ਸਚਿਆਈ ਦਾ ਆਤਮਾ” ਪੰਤੇਕੁਸਤ 33 ਸਾ.ਯੁ. ਨੂੰ ਵਹਾਇਆ ਗਿਆ ਸੀ

[ਸਫ਼ੇ 23 ਉੱਤੇ ਤਸਵੀਰਾਂ]

ਹੋਰ ਭੇਡਾਂ ਨੇ ਪ੍ਰਚਾਰ ਕਰਨ ਦੇ ਪਰਮੇਸ਼ੁਰੀ ਹੁਕਮ ਨੂੰ ਪੂਰਾ ਕਰਨ ਵਿਚ ਮਸੀਹ ਦੇ ਭਰਾਵਾਂ ਦੀ ਮਦਦ ਕਰ ਕੇ ਉਨ੍ਹਾਂ ਦਾ ਭਲਾ ਕੀਤਾ ਹੈ