Skip to content

Skip to table of contents

ਨਿਕੁਦੇਮੁਸ ਤੋਂ ਸਬਕ ਸਿੱਖੋ

ਨਿਕੁਦੇਮੁਸ ਤੋਂ ਸਬਕ ਸਿੱਖੋ

ਨਿਕੁਦੇਮੁਸ ਤੋਂ ਸਬਕ ਸਿੱਖੋ

“ਜੋਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਰੋਜ਼ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਲੂਕਾ 9:23) ਨਿਮਰ ਮਛੇਰਿਆਂ ਅਤੇ ਬਦਨਾਮ ਚੁੰਗੀ ਲੈਣ ਵਾਲਿਆਂ ਨੇ ਖ਼ੁਸ਼ੀ-ਖ਼ੁਸ਼ੀ ਇਸ ਸੱਦੇ ਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਨੇ ਯਿਸੂ ਦੇ ਪਿੱਛੇ-ਪਿੱਛੇ ਚੱਲਣ ਲਈ ਆਪਣਾ ਸਭ ਕੁਝ ਤਿਆਗ ਦਿੱਤਾ।—ਮੱਤੀ 4:18-22; ਲੂਕਾ 5:27, 28.

ਯਿਸੂ ਦਾ ਇਹ ਸੱਦਾ ਅੱਜ ਵੀ ਦਿੱਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਸੱਦੇ ਨੂੰ ਸਵੀਕਾਰ ਕਰ ਰਹੇ ਹਨ। ਕੁਝ ਲੋਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਦਾ ਆਨੰਦ ਤਾਂ ਮਾਣਦੇ ਹਨ, ਪਰ ਉਹ ‘ਆਪਣੇ ਆਪ ਦਾ ਇਨਕਾਰ ਕਰਨ ਅਤੇ ਰੋਜ਼ ਆਪਣੀ ਤਸੀਹੇ ਦੀ ਸੂਲੀ ਚੁੱਕਣ’ ਤੋਂ ਹਿਚਕਿਚਾਉਂਦੇ ਹਨ। ਉਹ ਯਿਸੂ ਦੇ ਚੇਲੇ ਬਣਨ ਦੀ ਜ਼ਿੰਮੇਵਾਰੀ ਅਤੇ ਸਨਮਾਨ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਹਨ।

ਕੁਝ ਲੋਕ ਯਿਸੂ ਦੇ ਸੱਦੇ ਨੂੰ ਸਵੀਕਾਰ ਕਰਨ ਅਤੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਤੋਂ ਕਿਉਂ ਹਿਚਕਿਚਾਉਂਦੇ ਹਨ? ਇਹ ਸਹੀ ਹੈ ਕਿ ਯਹੂਦੀਆਂ ਅਤੇ ਮਸੀਹੀਆਂ ਤੋਂ ਉਲਟ, ਜਿਹੜੇ ਲੋਕ ਬਚਪਨ ਤੋਂ ਹੀ ਕਈ ਤਰ੍ਹਾਂ ਦੇ ਦੇਵੀ-ਦੇਵਤਿਆਂ ਦੀ ਉਪਾਸਨਾ ਕਰਦੇ ਆਏ ਹਨ, ਉਨ੍ਹਾਂ ਨੂੰ ਇਸ ਧਾਰਣਾ ਨੂੰ ਸਵੀਕਾਰ ਕਰਨ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਕਿ ਸਾਡਾ ਸਰਬਸ਼ਕਤੀਮਾਨ ਸਿਰਜਣਹਾਰ ਇਕ ਅਸਲੀ ਹਸਤੀ ਹੈ। ਪਰ ਉਨ੍ਹਾਂ ਨੂੰ ਇਹ ਯਕੀਨ ਹੋ ਜਾਣ ਦੇ ਬਾਵਜੂਦ ਵੀ ਕਿ ਪਰਮੇਸ਼ੁਰ ਇਕ ਅਸਲੀ ਹਸਤੀ ਹੈ, ਫਿਰ ਵੀ ਕੁਝ ਲੋਕ ਯਿਸੂ ਦੀ ਪੈੜ ਤੇ ਚੱਲਣ ਤੋਂ ਝਿਜਕਦੇ ਹਨ। ਉਹ ਸ਼ਾਇਦ ਡਰਦੇ ਹਨ ਕਿ ਜੇ ਉਹ ਯਹੋਵਾਹ ਦੇ ਗਵਾਹ ਬਣ ਗਏ, ਤਾਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੋਸਤ-ਮਿੱਤਰ ਕੀ ਕਹਿਣਗੇ। ਕਈ ਜਿਹੜੇ ਅੱਜ ਦੇ ਸਮੇਂ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ ਉਹ ਨਾਂ ਅਤੇ ਧਨ-ਦੌਲਤ ਕਮਾਉਣ ਵਿਚ ਲੱਗ ਜਾਂਦੇ ਹਨ। (ਮੱਤੀ 24:36-42; 1 ਤਿਮੋਥਿਉਸ 6:9, 10) ਜੋ ਵੀ ਹੋਵੇ, ਜਿਹੜੇ ਯਿਸੂ ਦੇ ਚੇਲੇ ਬਣਨ ਦਾ ਫ਼ੈਸਲਾ ਕਰਨ ਵਿਚ ਦੇਰ ਕਰਦੇ ਹਨ, ਉਨ੍ਹਾਂ ਨੂੰ ਨਿਕੁਦੇਮੁਸ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਹੜਾ ਯਿਸੂ ਦੇ ਦਿਨਾਂ ਵਿਚ ਇਕ ਅਮੀਰ ਯਹੂਦੀ ਸ਼ਾਸਕ ਸੀ।

ਸ਼ਾਨਦਾਰ ਮੌਕੇ ਮਿਲਦੇ ਹਨ

ਯਿਸੂ ਦੁਆਰਾ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕਰਨ ਤੋਂ ਲਗਭਗ ਛੇ ਮਹੀਨਿਆਂ ਬਾਅਦ ਹੀ ਨਿਕੁਦੇਮੁਸ ਨੇ ਪਛਾਣ ਲਿਆ ਸੀ ਕਿ ਯਿਸੂ ‘ਪਰਮੇਸ਼ੁਰ ਦੀ ਵੱਲੋਂ ਆਇਆ ਇਕ ਗੁਰੂ’ ਹੈ। ਪੰਤੇਕੁਸਤ 30 ਸਾ.ਯੁ. ਤੇ ਯਿਸੂ ਦੁਆਰਾ ਯਰੂਸ਼ਲਮ ਵਿਚ ਕੀਤੇ ਚਮਤਕਾਰਾਂ ਤੋਂ ਪ੍ਰਭਾਵਿਤ ਹੋ ਕੇ ਨਿਕੁਦੇਮੁਸ ਯਿਸੂ ਕੋਲ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰਨ ਅਤੇ ਉਸ ਬਾਰੇ ਹੋਰ ਸਿੱਖਣ ਲਈ ਰਾਤ ਦੇ ਹਨੇਰੇ ਵਿਚ ਆਉਂਦਾ ਹੈ। ਉਸ ਸਮੇਂ ਯਿਸੂ ਨਿਕੁਦੇਮੁਸ ਨੂੰ ਇਕ ਗੂੜ੍ਹ ਸੱਚਾਈ ਦੱਸਦਾ ਹੈ ਕਿ ਇਕ ਵਿਅਕਤੀ ਨੂੰ ਪਰਮੇਸ਼ੁਰ ਦੇ ਰਾਜ ਵਿਚ ਜਾਣ ਵਾਸਤੇ ‘ਨਵੇਂ ਸਿਰਿਓਂ ਜਨਮ’ ਲੈਣ ਦੀ ਲੋੜ ਹੈ। ਉਸ ਮੌਕੇ ਤੇ ਯਿਸੂ ਇਹ ਵੀ ਦੱਸਦਾ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:1-16.

ਨਿਕੁਦੇਮੁਸ ਦੇ ਸਾਮ੍ਹਣੇ ਕਿੰਨਾ ਵਧੀਆ ਭਵਿੱਖ ਸੀ! ਉਸ ਨੂੰ ਯਿਸੂ ਦਾ ਨਜ਼ਦੀਕੀ ਸਾਥੀ ਬਣਨ, ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਮਿਲ ਰਿਹਾ ਸੀ। ਯਹੂਦੀਆਂ ਦਾ ਸ਼ਾਸਕ ਅਤੇ ਇਸਰਾਏਲ ਵਿਚ ਸਿੱਖਿਅਕ ਹੋਣ ਕਰਕੇ ਨਿਕੁਦੇਮੁਸ ਨੂੰ ਪਰਮੇਸ਼ੁਰ ਦੇ ਬਚਨ ਦਾ ਚੰਗਾ ਗਿਆਨ ਸੀ। ਉਹ ਕਾਫ਼ੀ ਸੂਝਵਾਨ ਵੀ ਸੀ ਕਿਉਂਕਿ ਉਸ ਨੇ ਪਛਾਣ ਲਿਆ ਸੀ ਕਿ ਯਿਸੂ ਪਰਮੇਸ਼ੁਰ ਦੁਆਰਾ ਭੇਜਿਆ ਹੋਇਆ ਗੁਰੂ ਸੀ। ਨਿਕੁਦੇਮੁਸ ਨੂੰ ਅਧਿਆਤਮਿਕ ਗੱਲਾਂ ਵਿਚ ਦਿਲਚਸਪੀ ਸੀ ਅਤੇ ਉਹ ਬਹੁਤ ਜ਼ਿਆਦਾ ਨਿਮਰ ਵੀ ਸੀ। ਯਹੂਦੀਆਂ ਦੀ ਸਭ ਤੋਂ ਵੱਡੀ ਅਦਾਲਤ ਦੇ ਇਕ ਮੈਂਬਰ ਲਈ ਇਕ ਗ਼ਰੀਬ ਤਰਖਾਣ ਦੇ ਮੁੰਡੇ ਨੂੰ ਪਰਮੇਸ਼ੁਰ ਦੁਆਰਾ ਭੇਜਿਆ ਮਸੀਹਾ ਸਵੀਕਾਰ ਕਰਨਾ ਕਿੰਨਾ ਮੁਸ਼ਕਲ ਹੋਇਆ ਹੋਣਾ! ਇਹ ਸਾਰੇ ਗੁਣ ਯਿਸੂ ਦਾ ਚੇਲਾ ਬਣਨ ਲਈ ਬਹੁਤ ਜ਼ਰੂਰੀ ਹਨ।

ਨਾਸਰਤ ਤੋਂ ਆਏ ਇਸ ਆਦਮੀ ਯਾਨੀ ਯਿਸੂ ਵਿਚ ਨਿਕੁਦੇਮੁਸ ਦੀ ਦਿਲਚਸਪੀ ਘੱਟਦੀ ਨਹੀਂ ਲੱਗਦੀ। ਢਾਈ ਸਾਲ ਬਾਅਦ ਤੰਬੂਆਂ ਦੇ ਪਰਬ ਤੇ ਨਿਕੁਦੇਮੁਸ ਯਹੂਦੀ ਮਹਾਸਭਾ ਦੀ ਇਕ ਮੀਟਿੰਗ ਵਿਚ ਜਾਂਦਾ ਹੈ। ਨਿਕੁਦੇਮੁਸ ਅਜੇ ਵੀ “ਉਨ੍ਹਾਂ ਵਿੱਚੋਂ ਇੱਕ” ਹੈ। ਪ੍ਰਧਾਨ ਜਾਜਕ ਅਤੇ ਫ਼ਰੀਸੀ ਯਿਸੂ ਨੂੰ ਫੜਨ ਲਈ ਸਿਪਾਹੀ ਘੱਲਦੇ ਹਨ। ਸਿਪਾਹੀ ਵਾਪਸ ਆ ਕੇ ਦੱਸਦੇ ਹਨ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” ਫ਼ਰੀਸੀ ਉਨ੍ਹਾਂ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੇ ਹਨ: “ਕੀ ਤੁਸੀਂ ਭੀ ਭਰਮਾਏ ਗਏ? ਭਲਾ, ਸਰਦਾਰਾਂ ਅਤੇ ਫ਼ਰੀਸੀਆਂ ਵਿੱਚੋਂ ਕਿਹ ਨੇ ਉਸ ਉੱਤੇ ਨਿਹਚਾ ਕੀਤੀ ਹੈ? ਪਰ ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ!” ਨਿਕੁਦੇਮੁਸ ਲਈ ਆਪਣੇ ਆਪ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਉਹ ਕਹਿੰਦਾ ਹੈ: “ਕੀ ਸਾਡੀ ਸ਼ਰਾ ਕਿਸੇ ਮਨੁੱਖ ਨੂੰ ਉਹ ਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਭਈ ਉਹ ਕੀ ਕਰਦਾ ਹੈਗਾ ਦੋਸ਼ੀ ਠਹਿਰਾਉਂਦੀ ਹੈ?” ਦੂਸਰੇ ਫ਼ਰੀਸੀ ਉਸ ਦੇ ਗਲ ਪੈ ਜਾਂਦੇ ਹਨ: “ਤੂੰ ਭੀ ਗਲੀਲ ਤੋਂ ਹੈਂ? ਭਾਲ ਅਤੇ ਵੇਖ, ਜੋ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।”—ਯੂਹੰਨਾ 7:1, 10, 32, 45-52.

ਲਗਭਗ ਛੇ ਮਹੀਨਿਆਂ ਬਾਅਦ 33 ਸਾ.ਯੁ. ਦੇ ਪਸਾਹ ਦੇ ਦਿਨ ਜਦੋਂ ਯਿਸੂ ਦੀ ਲਾਸ਼ ਸੂਲੀ ਤੋਂ ਉਤਾਰੀ ਜਾਂਦੀ ਹੈ, ਤਾਂ ਨਿਕੁਦੇਮੁਸ ਵੀ ਉੱਥੇ ਮੌਜੂਦ ਹੁੰਦਾ ਹੈ। ਉਹ ਯਹੂਦੀ ਮਹਾਸਭਾ ਦੇ ਇਕ ਹੋਰ ਮੈਂਬਰ, ਅਰਿਮਥੇਆ ਦੇ ਯੂਸੁਫ਼ ਨਾਲ ਮਿਲ ਕੇ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਤਿਆਰ ਕਰਦਾ ਹੈ। ਇਸ ਕੰਮ ਲਈ ਨਿਕੁਦੇਮੁਸ “ਗੰਧਰਸ ਅਤੇ ਊਦ” ਲਿਆਉਂਦਾ ਹੈ ਜਿਨ੍ਹਾਂ ਦਾ ਭਾਰ 100 ਰੋਮੀ ਪੌਂਡ ਜਾਂ 33 ਕਿਲੋਗ੍ਰਾਮ ਹੈ। ਇਨ੍ਹਾਂ ਚੀਜ਼ਾਂ ਉੱਤੇ ਉਸ ਨੇ ਕਾਫ਼ੀ ਪੈਸਾ ਖ਼ਰਚ ਕੀਤਾ ਹੈ। ਫ਼ਰੀਸੀਆਂ ਨੇ ਯਿਸੂ ਨੂੰ “ਛਲੀਆ” ਕਿਹਾ ਸੀ। ਇਸ ਲਈ ਨਿਕੁਦੇਮੁਸ ਲਈ ‘ਉਸ ਛਲੀਏ’ ਦੇ ਨਾਲ ਦਿਖਾਈ ਦੇਣਾ ਬੜੀ ਦਲੇਰੀ ਵਾਲੀ ਗੱਲ ਸੀ। ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਫਟਾਫਟ ਤਿਆਰ ਕਰ ਕੇ ਉਹ ਦੋਵੇਂ ਇਕ ਨਵੀਂ ਕਬਰ ਵਿਚ ਉਸ ਨੂੰ ਰੱਖ ਦਿੰਦੇ ਹਨ। ਪਰ ਇਸ ਸਮੇਂ ਵੀ ਬਾਈਬਲ ਨਿਕੁਦੇਮੁਸ ਨੂੰ ਯਿਸੂ ਦਾ ਚੇਲਾ ਨਹੀਂ ਕਹਿੰਦੀ!—ਯੂਹੰਨਾ 19:38-42; ਮੱਤੀ 27:63; ਮਰਕੁਸ 15:43.

ਉਸ ਨੇ ਕਦਮ ਕਿਉਂ ਨਹੀਂ ਚੁੱਕਿਆ?

ਨਿਕੁਦੇਮੁਸ ‘ਆਪਣੀ ਤਸੀਹੇ ਦੀ ਸੂਲੀ ਚੁੱਕ ਕੇ’ ਯਿਸੂ ਦੇ ਪਿੱਛੇ-ਪਿੱਛੇ ਕਿਉਂ ਨਹੀਂ ਚੱਲਿਆ, ਇਸ ਬਾਰੇ ਯੂਹੰਨਾ ਨੇ ਕੁਝ ਨਹੀਂ ਦੱਸਿਆ। ਪਰ ਉਸ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਜਿਨ੍ਹਾਂ ਤੋਂ ਸ਼ਾਇਦ ਇਹ ਪਤਾ ਲੱਗ ਸਕਦਾ ਹੈ ਕਿ ਇਸ ਫ਼ਰੀਸੀ ਨੇ ਕਿਉਂ ਕੋਈ ਕਦਮ ਨਹੀਂ ਚੁੱਕਿਆ।

ਸਭ ਤੋਂ ਪਹਿਲਾਂ, ਯੂਹੰਨਾ ਨੇ ਦੱਸਿਆ ਕਿ ਇਹ ਯਹੂਦੀ ਸ਼ਾਸਕ “ਰਾਤ ਨੂੰ ਯਿਸੂ ਦੇ ਕੋਲ ਆਇਆ।” (ਯੂਹੰਨਾ 3:2) ਬਾਈਬਲ ਦਾ ਇਕ ਵਿਦਵਾਨ ਇਸ ਬਾਰੇ ਕਹਿੰਦਾ ਹੈ: “ਨਿਕੁਦੇਮੁਸ ਇਸ ਕਰਕੇ ਰਾਤ ਨੂੰ ਨਹੀਂ ਸੀ ਆਇਆ ਕਿਉਂਕਿ ਉਹ ਡਰਦਾ ਸੀ, ਪਰ ਇਸ ਕਰਕੇ ਆਇਆ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਲੋਕ ਯਿਸੂ ਨਾਲ ਉਸ ਦੀ ਗੱਲ-ਬਾਤ ਵਿਚ ਵਿਘਨ ਪਾਉਣ।” ਪਰ ਜਿਵੇਂ ਯੂਹੰਨਾ ਨੇ ਅਰਮਿਥੇਆ ਦੇ ਯੂਸੁਫ਼ ਬਾਰੇ ਲਿਖਿਆ ਕਿ ਉਹ “ਯਹੂਦੀਆਂ ਦੇ ਡਰ ਦੇ ਮਾਰੇ ਗੁੱਝਾ ਗੁੱਝਾ ਯਿਸੂ ਦਾ ਚੇਲਾ ਸੀ,” ਉਸੇ ਪ੍ਰਸੰਗ ਵਿਚ ਉਸ ਨੇ ਨਿਕੁਦੇਮੁਸ ਬਾਰੇ ਵੀ ਲਿਖਿਆ ਕਿ ਉਹ “ਪਹਿਲਾਂ [ਯਿਸੂ] ਦੇ ਕੋਲ ਰਾਤ ਨੂੰ ਆਇਆ ਸੀ।” (ਯੂਹੰਨਾ 19:38, 39) ਇਸ ਲਈ ਇਸ ਤਰ੍ਹਾਂ ਲੱਗਦਾ ਹੈ ਕਿ ਨਿਕੁਦੇਮੁਸ “ਯਹੂਦੀਆਂ ਦੇ ਡਰ ਦੇ ਮਾਰੇ” ਯਿਸੂ ਨੂੰ ਮਿਲਣ ਲਈ ਰਾਤ ਦੇ ਹਨੇਰੇ ਵਿਚ ਆਇਆ ਸੀ, ਠੀਕ ਜਿਵੇਂ ਉਸ ਸਮੇਂ ਦੇ ਹੋਰ ਕਈ ਲੋਕ ਵੀ ਯਿਸੂ ਨਾਲ ਕੋਈ ਵਾਸਤਾ ਰੱਖਣ ਤੋਂ ਡਰਦੇ ਸਨ।—ਯੂਹੰਨਾ 7:13.

ਕੀ ਤੁਸੀਂ ਇਸ ਕਰਕੇ ਯਿਸੂ ਦਾ ਚੇਲਾ ਬਣਨ ਦਾ ਫ਼ੈਸਲਾ ਨਹੀਂ ਕਰ ਪਾ ਰਹੇ ਹੋ ਕਿ ਤੁਹਾਡੇ ਰਿਸ਼ਤੇਦਾਰ, ਦੋਸਤ ਜਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ ਕੀ ਕਹਿਣਗੇ? ਇਕ ਕਹਾਉਤ ਕਹਿੰਦੀ ਹੈ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ।” ਤੁਸੀਂ ਇਸ ਭੈ ਤੋਂ ਕਿਵੇਂ ਮੁਕਤ ਹੋ ਸਕਦੇ ਹੋ? ਇਹੀ ਕਹਾਉਤ ਅੱਗੇ ਕਹਿੰਦੀ ਹੈ: “ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” (ਕਹਾਉਤਾਂ 29:25) ਯਹੋਵਾਹ ਉੱਤੇ ਭਰੋਸਾ ਰੱਖਣ ਲਈ ਤੁਹਾਨੂੰ ਖ਼ੁਦ ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ਤੁਹਾਨੂੰ ਸੰਭਾਲੇਗਾ। ਯਹੋਵਾਹ ਨੂੰ ਪ੍ਰਾਰਥਨਾ ਕਰੋ ਤੇ ਉਸ ਦੀ ਉਪਾਸਨਾ ਸੰਬੰਧੀ ਛੋਟੇ-ਛੋਟੇ ਫ਼ੈਸਲੇ ਕਰਨ ਵੇਲੇ ਵੀ ਉਸ ਕੋਲੋਂ ਹੌਸਲਾ ਮੰਗੋ। ਹੌਲੀ-ਹੌਲੀ ਯਹੋਵਾਹ ਵਿਚ ਤੁਹਾਡੀ ਨਿਹਚਾ ਅਤੇ ਉਸ ਉੱਤੇ ਭਰੋਸਾ ਇਸ ਹੱਦ ਤਕ ਵੱਧ ਜਾਵੇਗਾ ਕਿ ਤੁਸੀਂ ਯਹੋਵਾਹ ਦੀ ਇੱਛਾ ਅਨੁਸਾਰ ਵੱਡੇ ਫ਼ੈਸਲੇ ਵੀ ਕਰ ਸਕੋਗੇ।

ਨਿਕੁਦੇਮੁਸ ਨੂੰ ਸ਼ਾਸਕ ਵਰਗ ਦਾ ਇਕ ਮੈਂਬਰ ਹੋਣ ਕਰਕੇ ਜੋ ਰੁਤਬਾ ਤੇ ਸਨਮਾਨ ਮਿਲਿਆ ਸੀ, ਉਸ ਕਰਕੇ ਵੀ ਸ਼ਾਇਦ ਉਹ ਆਪਣੇ ਆਪ ਦਾ ਇਨਕਾਰ ਕਰਨ ਦਾ ਫ਼ੈਸਲਾ ਕਰਨ ਤੋਂ ਝਿਜਕਿਆ ਸੀ। ਉਸ ਸਮੇਂ ਉਸ ਨੂੰ ਯਹੂਦੀ ਮਹਾਸਭਾ ਦਾ ਇਕ ਮੈਂਬਰ ਹੋਣ ਦੀ ਆਪਣੀ ਪਦਵੀ ਨਾਲ ਬਹੁਤ ਪਿਆਰ ਸੀ। ਕੀ ਤੁਸੀਂ ਯਿਸੂ ਦਾ ਚੇਲਾ ਬਣਨ ਤੋਂ ਇਸ ਕਰਕੇ ਝਿਜਕਦੇ ਹੋ ਕਿਉਂਕਿ ਤੁਸੀਂ ਸਮਾਜ ਵਿਚ ਆਪਣੇ ਉੱਚੇ ਰੁਤਬੇ ਨੂੰ ਗੁਆ ਬੈਠੋਗੇ ਜਾਂ ਤੁਹਾਨੂੰ ਤਰੱਕੀ ਕਰਨ ਦੇ ਮੌਕਿਆਂ ਨੂੰ ਤਿਆਗਣਾ ਪਵੇਗਾ? ਇਹ ਸਭ ਚੀਜ਼ਾਂ ਅੱਤ ਮਹਾਨ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਨਮਾਨ ਦੀ ਤੁਲਨਾ ਵਿਚ ਕੁਝ ਵੀ ਨਹੀਂ ਹਨ ਜੋ ਤੁਹਾਡੀ ਹਰ ਖ਼ਾਹਸ਼ ਪੂਰੀ ਕਰਨ ਲਈ ਤਿਆਰ ਹੈ ਜੇ ਤੁਸੀਂ ਉਸ ਦੀ ਇੱਛਾ ਅਨੁਸਾਰ ਮੰਗਦੇ ਹੋ।—ਜ਼ਬੂਰ 10:17; 83:18; 145:18.

ਸ਼ਾਇਦ ਨਿਕੁਦੇਮੁਸ ਦੀ ਅਮੀਰੀ ਵੀ ਇਸ ਗੱਲ ਦਾ ਕਾਰਨ ਹੋ ਸਕਦਾ ਹੈ ਕਿ ਉਹ ਫ਼ੈਸਲਾ ਨਹੀਂ ਕਰ ਪਾ ਰਿਹਾ ਸੀ। ਫ਼ਰੀਸੀ ਹੋਣ ਕਰਕੇ, ਉਸ ਉੱਤੇ ਦੂਸਰੇ ਫ਼ਰੀਸੀਆਂ ਦਾ ਵੀ ਅਸਰ ਪਿਆ ਹੋਣਾ “ਜਿਹੜੇ ਰੁਪਿਆਂ ਦੇ ਲੋਭੀ ਸਨ।” (ਲੂਕਾ 16:14) ਨਿਕੁਦੇਮੁਸ ਦੁਆਰਾ ਗੰਧਰਸ ਅਤੇ ਊਦ ਲਿਆਉਣ ਤੋਂ ਪਤਾ ਚੱਲਦਾ ਹੈ ਕਿ ਉਹ ਕਾਫ਼ੀ ਅਮੀਰ ਸੀ। ਅੱਜ ਕੁਝ ਲੋਕ ਮਸੀਹੀ ਬਣਨ ਦਾ ਫ਼ੈਸਲਾ ਕਰਨ ਵਿਚ ਇਸ ਕਰਕੇ ਦੇਰ ਕਰਦੇ ਰਹਿੰਦੇ ਹਨ ਕਿਉਂਕਿ ਉਹ ਭੌਤਿਕ ਚੀਜ਼ਾਂ ਦੀ ਜ਼ਿਆਦਾ ਚਿੰਤਾ ਕਰਦੇ ਹਨ। ਪਰ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਨਸੀਹਤ ਦਿੱਤੀ ਸੀ: “ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? . . . ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”—ਮੱਤੀ 6:25-33.

ਉਸ ਨੂੰ ਬਹੁਤ ਨੁਕਸਾਨ ਹੋਇਆ

ਨਿਕੁਦੇਮੁਸ ਬਾਰੇ ਸਿਰਫ਼ ਯੂਹੰਨਾ ਦੀ ਇੰਜੀਲ ਵਿਚ ਹੀ ਦੱਸਿਆ ਗਿਆ ਹੈ, ਪਰ ਇਹ ਦਿਲਚਸਪੀ ਦੀ ਗੱਲ ਹੈ ਕਿ ਇਸ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਕਦੀ ਯਿਸੂ ਦਾ ਚੇਲਾ ਬਣਿਆ ਸੀ ਜਾਂ ਨਹੀਂ। ਇਕ ਪੁਰਾਣੀ ਕਥਾ ਅਨੁਸਾਰ, ਨਿਕੁਦੇਮੁਸ ਨੇ ਯਿਸੂ ਦਾ ਚੇਲਾ ਬਣਨ ਦਾ ਫ਼ੈਸਲਾ ਕੀਤਾ ਤੇ ਬਪਤਿਸਮਾ ਲੈ ਲਿਆ, ਉਸ ਨੂੰ ਯਹੂਦੀਆਂ ਨੇ ਸਤਾਇਆ, ਉਸ ਨੂੰ ਉਸ ਦੀ ਪਦਵੀ ਤੋਂ ਲਾਹ ਦਿੱਤਾ ਤੇ ਅਖ਼ੀਰ ਉਸ ਨੂੰ ਯਰੂਸ਼ਲਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜੋ ਵੀ ਹੋਇਆ, ਇਕ ਗੱਲ ਪੱਕੀ ਹੈ: ਜਿਸ ਵੇਲੇ ਯਿਸੂ ਧਰਤੀ ਉੱਤੇ ਸੀ, ਉਸ ਵੇਲੇ ਫ਼ੈਸਲਾ ਕਰਨ ਵਿਚ ਦੇਰੀ ਕਰ ਕੇ ਉਸ ਨੂੰ ਬਹੁਤ ਨੁਕਸਾਨ ਹੋਇਆ।

ਜੇ ਨਿਕੁਦੇਮੁਸ ਪਹਿਲੀ ਵਾਰ ਯਿਸੂ ਨੂੰ ਮਿਲਣ ਤੇ ਹੀ ਉਸ ਦੇ ਪਿੱਛੇ-ਪਿੱਛੇ ਚੱਲਣਾ ਸ਼ੁਰੂ ਕਰ ਦਿੰਦਾ, ਤਾਂ ਉਹ ਯਿਸੂ ਦਾ ਨਜ਼ਦੀਕੀ ਚੇਲਾ ਬਣ ਸਕਦਾ ਸੀ। ਨਿਕੁਦੇਮੁਸ ਵੱਡਾ ਗਿਆਨੀ ਸੀ, ਅਕਲਮੰਦ ਸੀ, ਨਿਮਰ ਸੀ ਤੇ ਆਪਣੀਆਂ ਅਧਿਆਤਮਿਕ ਲੋੜਾਂ ਨੂੰ ਜਾਣਦਾ ਸੀ, ਇਸ ਕਰਕੇ ਉਹ ਇਕ ਬਹੁਤ ਹੀ ਵਧੀਆ ਚੇਲਾ ਬਣ ਸਕਦਾ ਸੀ। ਜੀ ਹਾਂ, ਉਸ ਕੋਲ ਮਹਾਨ ਸਿੱਖਿਅਕ ਦੇ ਵਧੀਆ-ਵਧੀਆ ਉਪਦੇਸ਼ ਸੁਣਨ, ਯਿਸੂ ਦੇ ਦ੍ਰਿਸ਼ਟਾਂਤਾਂ ਤੋਂ ਅਹਿਮ ਸਬਕ ਸਿੱਖਣ, ਯਿਸੂ ਦੁਆਰਾ ਕੀਤੇ ਹੈਰਾਨੀਜਨਕ ਚਮਤਕਾਰਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਯਿਸੂ ਦੇ ਸਵਰਗ ਜਾਣ ਤੋਂ ਪਹਿਲਾਂ ਆਪਣੇ ਰਸੂਲਾਂ ਨੂੰ ਦਿੱਤੀ ਗਈ ਸਲਾਹ ਤੋਂ ਤਾਕਤ ਹਾਸਲ ਕਰਨ ਦਾ ਮੌਕਾ ਸੀ। ਪਰ ਉਸ ਨੇ ਇਹ ਸਭ ਕੁਝ ਗੁਆ ਦਿੱਤਾ।

ਨਿਕੁਦੇਮੁਸ ਦੁਆਰਾ ਫ਼ੈਸਲਾ ਨਾ ਕਰਨ ਕਰਕੇ ਉਸ ਨੂੰ ਬਹੁਤ ਨੁਕਸਾਨ ਹੋਇਆ। ਨਿਕੁਦੇਮੁਸ ਨੇ ਯਿਸੂ ਦੇ ਇਸ ਸੱਦੇ ਨੂੰ ਸਵੀਕਾਰ ਕਰਨ ਦਾ ਮੌਕਾ ਵੀ ਗੁਆ ਲਿਆ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਨਿਕੁਦੇਮੁਸ ਨੇ ਖ਼ੁਦ ਯਿਸੂ ਤੋਂ ਇਹ ਆਰਾਮ ਪਾਉਣ ਦੇ ਮੌਕੇ ਨੂੰ ਗੁਆ ਦਿੱਤਾ!

ਤੁਹਾਡੇ ਬਾਰੇ ਕੀ?

ਸਾਲ 1914 ਤੋਂ ਯਿਸੂ ਮਸੀਹ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਦੇ ਤੌਰ ਤੇ ਸ਼ਾਸਨ ਕਰ ਰਿਹਾ ਹੈ। ਉਸ ਨੇ ਆਪਣੀ ਮੌਜੂਦਗੀ ਦੌਰਾਨ ਹੋਣ ਵਾਲੀਆਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ ਜਿਸ ਵਿਚ ਇਹ ਵੀ ਸ਼ਾਮਲ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੰਤ ਆਉਣ ਤੋਂ ਪਹਿਲਾਂ, ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕੀਤਾ ਜਾਣਾ ਹੈ। ਯਿਸੂ ਮਸੀਹ ਨੂੰ ਇਸ ਕੰਮ ਲਈ ਨਾਮੁਕੰਮਲ ਇਨਸਾਨਾਂ ਨੂੰ ਇਸਤੇਮਾਲ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਤੁਸੀਂ ਵੀ ਇਸ ਕੰਮ ਵਿਚ ਹਿੱਸਾ ਲੈ ਸਕਦੇ ਹੋ।

ਨਿਕੁਦੇਮੁਸ ਨੇ ਪਛਾਣ ਲਿਆ ਸੀ ਕਿ ਯਿਸੂ ਪਰਮੇਸ਼ੁਰ ਕੋਲੋਂ ਆਇਆ ਸੀ। (ਯੂਹੰਨਾ 3:2) ਬਾਈਬਲ ਦਾ ਅਧਿਐਨ ਕਰ ਕੇ ਤੁਹਾਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ। ਤੁਸੀਂ ਬਾਈਬਲ ਦੇ ਮਿਆਰਾਂ ਅਨੁਸਾਰ ਆਪਣੀ ਜ਼ਿੰਦਗੀ ਵਿਚ ਕਾਫ਼ੀ ਤਬਦੀਲੀਆਂ ਕੀਤੀਆਂ ਹੋਣਗੀਆਂ। ਤੁਸੀਂ ਬਾਈਬਲ ਦਾ ਜ਼ਿਆਦਾ ਗਿਆਨ ਲੈਣ ਲਈ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਵੀ ਆਉਂਦੇ ਹੋਵੋਗੇ। ਤੁਹਾਡੇ ਇਹ ਜਤਨ ਕਾਫ਼ੀ ਸ਼ਲਾਘਾਯੋਗ ਹਨ। ਪਰ ਨਿਕੁਦੇਮੁਸ ਲਈ ਸਿਰਫ਼ ਇਹ ਜਾਣਨਾ ਕਾਫ਼ੀ ਨਹੀਂ ਸੀ ਕਿ ਯਿਸੂ ਨੂੰ ਪਰਮੇਸ਼ੁਰ ਨੇ ਘੱਲਿਆ ਸੀ, ਬਲਕਿ ਉਸ ਨੂੰ ਕੁਝ ਹੋਰ ਵੀ ਕਰਨ ਦੀ ਲੋੜ ਸੀ। ਉਸ ਨੂੰ ‘ਆਪਣੇ ਆਪ ਦਾ ਇਨਕਾਰ ਕਰ ਕੇ ਅਤੇ ਰੋਜ਼ ਆਪਣੀ ਤਸੀਹੇ ਦੀ ਸੂਲੀ ਚੁੱਕ ਕੇ ਯਿਸੂ ਦੇ ਪਿੱਛੇ ਚੱਲਣ’ ਦੀ ਲੋੜ ਸੀ।—ਲੂਕਾ 9:23.

ਪੌਲੁਸ ਰਸੂਲ ਦੀ ਸਲਾਹ ਵੱਲ ਧਿਆਨ ਦਿਓ। ਉਸ ਨੇ ਲਿਖਿਆ: “ਅਸੀਂ ਉਹ ਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਓ। ਕਿਉਂ ਜੋ ਉਹ ਆਖਦਾ ਹੈ ਭਈ ਮੈਂ ਮਨ ਭਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!”—2 ਕੁਰਿੰਥੀਆਂ 6:1, 2.

ਹੁਣ ਹੀ ਸਮਾਂ ਹੈ ਜਦੋਂ ਤੁਸੀਂ ਆਪਣੇ ਵਿਚ ਅਜਿਹੀ ਨਿਹਚਾ ਪੈਦਾ ਕਰ ਸਕਦੇ ਹੋ ਜੋ ਤੁਹਾਨੂੰ ਜ਼ਰੂਰੀ ਕਦਮ ਚੁੱਕਣ ਲਈ ਪ੍ਰੇਰਿਤ ਕਰੇ। ਇਸ ਤਰ੍ਹਾਂ ਕਰਨ ਲਈ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਉੱਤੇ ਮਨਨ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਤੇ ਅਜਿਹੀ ਨਿਹਚਾ ਦਿਖਾਉਣ ਲਈ ਮਦਦ ਮੰਗੋ। ਜਦੋਂ ਤੁਸੀਂ ਉਸ ਦੀ ਮਦਦ ਨੂੰ ਅਨੁਭਵ ਕਰੋਗੇ, ਤਾਂ ਉਸ ਲਈ ਤੁਹਾਡੀ ਕਦਰ ਅਤੇ ਪਿਆਰ ਤੁਹਾਨੂੰ ‘ਆਪਣੇ ਆਪ ਦਾ ਇਨਕਾਰ ਕਰਨ ਅਤੇ ਰੋਜ਼ ਆਪਣੀ ਤਸੀਹੇ ਦੀ ਸੂਲੀ ਚੁੱਕ ਕੇ ਯਿਸੂ ਮਸੀਹ ਦੇ ਪਿੱਛੇ ਚੱਲਣ’ ਲਈ ਪ੍ਰੇਰਿਤ ਕਰਨਗੇ। ਕੀ ਤੁਸੀਂ ਹੁਣ ਕਦਮ ਚੁੱਕੋਗੇ?

[ਸਫ਼ੇ 9 ਉੱਤੇ ਤਸਵੀਰ]

ਨਿਕੁਦੇਮੁਸ ਨੇ ਪਹਿਲਾਂ ਦਲੇਰੀ ਦਿਖਾਉਂਦੇ ਹੋਏ ਯਿਸੂ ਦਾ ਪੱਖ ਲਿਆ ਸੀ

[ਸਫ਼ੇ 9 ਉੱਤੇ ਤਸਵੀਰ]

ਵਿਰੋਧ ਦੇ ਬਾਵਜੂਦ ਵੀ ਨਿਕੁਦੇਮੁਸ ਨੇ ਯਿਸੂ ਦੀ ਲਾਸ਼ ਨੂੰ ਦਫ਼ਨਾਉਣ ਲਈ ਤਿਆਰ ਕਰਨ ਵਿਚ ਮਦਦ ਕੀਤੀ

[ਸਫ਼ੇ 10 ਉੱਤੇ ਤਸਵੀਰ]

ਨਿੱਜੀ ਅਧਿਐਨ ਅਤੇ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਜ਼ਰੂਰੀ ਕਦਮ ਚੁੱਕਣ ਦਾ ਹੌਸਲਾ ਮਿਲ ਸਕਦਾ ਹੈ

[ਸਫ਼ੇ 10 ਉੱਤੇ ਤਸਵੀਰ]

ਕੀ ਤੁਸੀਂ ਯਿਸੂ ਮਸੀਹ ਦੇ ਅਧੀਨ ਕੰਮ ਕਰਨ ਦੇ ਸਨਮਾਨ ਨੂੰ ਸਵੀਕਾਰ ਕਰੋਗੇ?