Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੂਸਾ ਦੀ ਬਿਵਸਥਾ ਵਿਚ ਰਿਸ਼ਤੇਦਾਰੀ ਵਿਚ ਵਿਆਹ ਕਰਾਉਣ ਦੀਆਂ ਬੰਦਸ਼ਾਂ ਕਿਸ ਹੱਦ ਤਕ ਅੱਜ ਮਸੀਹੀਆਂ ਉੱਤੇ ਲਾਗੂ ਹੁੰਦੀਆਂ ਹਨ?

ਇਸਰਾਏਲ ਕੌਮ ਨੂੰ ਦਿੱਤੀ ਯਹੋਵਾਹ ਦੀ ਸ਼ਰਾ ਵਿਆਹ ਦੀਆਂ ਰਸਮਾਂ ਤੇ ਤੌਰ-ਤਰੀਕਿਆਂ ਬਾਰੇ ਬਹੁਤ ਘੱਟ ਦੱਸਦੀ ਹੈ। ਪਰ ਇਹ ਕਈ ਰਿਸ਼ਤੇਦਾਰਾਂ ਨਾਲ ਵਿਆਹ ਕਰਾਉਣ ਉੱਤੇ ਲਾਈਆਂ ਬੰਦਸ਼ਾਂ ਬਾਰੇ ਜ਼ਰੂਰ ਦੱਸਦੀ ਹੈ। ਉਦਾਹਰਣ ਲਈ, ਲੇਵੀਆਂ 18:6-20 ਵਿਚ ਸੂਚੀ ਦਿੱਤੀ ਗਈ ਹੈ ਕਿ ਕਿਨ੍ਹਾਂ ‘ਸਾਕਾਂ’ ਨਾਲ ਵਿਆਹ ਕਰਾਉਣ ਦੀ ਮਨਾਹੀ ਸੀ। ਇਨ੍ਹਾਂ ਆਇਤਾਂ ਵਿਚ ਕਾਫ਼ੀ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਕਿਹੜੇ ਰਿਸ਼ਤੇਦਾਰਾਂ ਨੂੰ ਇਕ-ਦੂਜੇ ਨਾਲ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ। ਇਹ ਗੱਲ ਸਹੀ ਹੈ ਕਿ ਮਸੀਹੀ ਮੂਸਾ ਦੀ ਬਿਵਸਥਾ ਜਾਂ ਇਸ ਦੇ ਕਾਨੂੰਨਾਂ ਅਧੀਨ ਨਹੀਂ ਹਨ। (ਅਫ਼ਸੀਆਂ 2:15; ਕੁਲੁੱਸੀਆਂ 2:14) ਫਿਰ ਵੀ ਇਸ ਦਾ ਮਤਲਬ ਇਹ ਨਹੀਂ ਕਿ ਮਸੀਹੀ ਵਿਆਹੁਤਾ ਸਾਥੀ ਦੀ ਚੋਣ ਕਰਨ ਵੇਲੇ ਇਸ ਬਿਵਸਥਾ ਦੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਇਸ ਦੇ ਕਈ ਕਾਰਨ ਹਨ ਕਿ ਉਨ੍ਹਾਂ ਨੂੰ ਕਿਉਂ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਨਜ਼ਦੀਕੀ ਰਿਸ਼ਤੇਦਾਰਾਂ ਵਿਚ ਵਿਆਹ ਕਰਾਉਣ ਬਾਰੇ ਹਰ ਦੇਸ਼ ਦੇ ਆਪਣੇ ਕਾਨੂੰਨ ਹੁੰਦੇ ਹਨ। ਇਸ ਲਈ ਮਸੀਹੀਆਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ। (ਮੱਤੀ 22:21; ਰੋਮੀਆਂ 13:1) ਬੇਸ਼ੱਕ, ਵੱਖੋ-ਵੱਖਰੇ ਦੇਸ਼ਾਂ ਵਿਚ ਵਿਆਹ ਸੰਬੰਧੀ ਕਾਨੂੰਨ ਵੀ ਵੱਖੋ-ਵੱਖਰੇ ਹੁੰਦੇ ਹਨ। ਅੱਜ-ਕੱਲ੍ਹ ਇਸ ਤਰ੍ਹਾਂ ਦੇ ਜ਼ਿਆਦਾਤਰ ਕਾਨੂੰਨ ਬੱਚੇ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਹਨ। ਅੱਜ ਇਹ ਸਾਬਤ ਹੋ ਚੁੱਕਾ ਹੈ ਕਿ ਨਜ਼ਦੀਕੀ ਰਿਸ਼ਤੇਦਾਰਾਂ ਵਿਚ ਵਿਆਹ ਕਰਨ ਨਾਲ ਉਨ੍ਹਾਂ ਦੀ ਔਲਾਦ ਵਿਚ ਨੁਕਸ ਤੇ ਬੀਮਾਰੀਆਂ ਪੈਦਾ ਹੋਣ ਦੀ ਕਾਫ਼ੀ ਸੰਭਾਵਨਾ ਰਹਿੰਦੀ ਹੈ। ਇਸ ਕਾਰਨ ਤੇ “ਹਕੂਮਤਾਂ ਦੇ ਅਧੀਨ” ਰਹਿਣ ਕਾਰਨ ਮਸੀਹੀ ਆਪਣੇ ਦੇਸ਼ ਦੇ ਵਿਆਹ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਦੇ ਹਨ।

ਫਿਰ ਸਮਾਜ ਦੀ ਪਸੰਦ ਤੇ ਨਾਪਸੰਦ ਦਾ ਵੀ ਸਵਾਲ ਹੈ। ਲਗਭਗ ਹਰ ਸਭਿਆਚਾਰ ਦੇ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ ਜੋ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਨੂੰ ਨਾਜਾਇਜ਼ ਠਹਿਰਾਉਂਦੇ ਹਨ। ਅਜਿਹੇ ਵਿਆਹਾਂ ਨੂੰ ਅਕਸਰ ਗੋਤਰ-ਗਮਨ ਸਮਝਿਆ ਜਾਂਦਾ ਹੈ ਜਿਸ ਕਰਕੇ ਅਜਿਹੇ ਵਿਆਹ ਕਰਨ ਦੀ ਸਖ਼ਤ ਮਨਾਹੀ ਹੁੰਦੀ ਹੈ। ਕਿਨ੍ਹਾਂ ਰਿਸ਼ਤੇਦਾਰਾਂ ਨਾਲ ਵਿਆਹ ਕਰਾਉਣਾ ਮਨ੍ਹਾ ਹੈ, ਇਸ ਬਾਰੇ ਹਾਲਾਂਕਿ ਵੱਖੋ-ਵੱਖਰੇ ਸਭਿਆਚਾਰਾਂ ਦੇ ਵੱਖੋ-ਵੱਖਰੇ ਵਿਚਾਰ ਹਨ, ਪਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “ਆਮ ਤੌਰ ਤੇ ਦੋ ਲੋਕਾਂ ਦਾ ਜਿੰਨਾ ਨਜ਼ਦੀਕੀ ਰਿਸ਼ਤਾ ਹੁੰਦਾ ਹੈ, ਉੱਨੀ ਹੀ ਸਖ਼ਤੀ ਨਾਲ ਉਨ੍ਹਾਂ ਵਿਚਕਾਰ ਜਿਨਸੀ ਸੰਬੰਧਾਂ ਨੂੰ ਮਨ੍ਹਾ ਕੀਤਾ ਜਾਂਦਾ ਹੈ।” ਇਸ ਲਈ, ਭਾਵੇਂ ਗੋਤਰ-ਗਮਨ ਵਾਲੀ ਕੋਈ ਗੱਲ ਨਹੀਂ ਵੀ ਹੈ, ਤਾਂ ਵੀ ਮਸੀਹੀ ਆਪਣੇ ਸਮਾਜ ਦੇ ਕਾਇਦੇ-ਕਾਨੂੰਨਾਂ ਨੂੰ ਜਾਂ ਜਾਇਜ਼ ਇਤਰਾਜ਼ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਮਸੀਹੀ ਕਲੀਸਿਯਾ ਜਾਂ ਪਰਮੇਸ਼ੁਰ ਦੇ ਨਾਂ ਤੇ ਕੋਈ ਕਲੰਕ ਲੱਗੇ।—2 ਕੁਰਿੰਥੀਆਂ 6:3.

ਸਾਨੂੰ ਆਪਣੀ ਜ਼ਮੀਰ ਨੂੰ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ। ਸਾਰੇ ਲੋਕਾਂ ਨੂੰ ਜਨਮ ਤੋਂ ਹੀ ਸਹੀ ਤੇ ਗ਼ਲਤ, ਚੰਗੇ ਤੇ ਬੁਰੇ ਦੀ ਸਮਝ ਦਿੱਤੀ ਗਈ ਹੈ। (ਰੋਮੀਆਂ 2:15) ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਦੱਸਦੀ ਹੈ ਕਿ ਕਿਹੜੀ ਗੱਲ ਕੁਦਰਤੀ ਤੇ ਸਹੀ ਹੈ ਅਤੇ ਕਿਹੜੀ ਗ਼ੈਰ-ਕੁਦਰਤੀ ਤੇ ਘਿਣਾਉਣੀ ਹੈ, ਬਸ਼ਰਤੇ ਕਿ ਉਨ੍ਹਾਂ ਦੀ ਜ਼ਮੀਰ ਭੈੜੇ ਕੰਮਾਂ ਕਰਕੇ ਵਿਗੜੀ ਨਾ ਹੋਵੇ ਜਾਂ ਮਰੀ ਨਾ ਹੋਵੇ। ਯਹੋਵਾਹ ਨੇ ਇਸੇ ਗੱਲ ਵੱਲ ਇਸ਼ਾਰਾ ਕੀਤਾ ਸੀ ਜਦੋਂ ਉਸ ਨੇ ਇਸਰਾਏਲੀਆਂ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਕਰਾਉਣ ਖ਼ਿਲਾਫ਼ ਆਪਣੀ ਬਿਵਸਥਾ ਦਿੱਤੀ ਸੀ। ਅਸੀਂ ਪੜ੍ਹਦੇ ਹਾਂ: “ਮਿਸਰ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿਸ ਦੇ ਵਿੱਚ ਤੁਸੀਂ ਵਸਦੇ ਸੀ ਤੁਸਾਂ ਨਾ ਕਰਨਾ, ਅਤੇ ਕਨਾਨ ਦੇ ਦੇਸ ਦੇ ਕਰਤੱਬ ਦੇ ਅਨੁਸਾਰ ਜਿੱਥੇ ਮੈਂ ਤੁਹਾਨੂੰ ਲਿਆਉਂਦਾ ਹਾਂ ਤੁਸਾਂ ਨਾ ਕਰਨਾ, ਨਾ ਤੁਸਾਂ ਉਨ੍ਹਾਂ ਦੀਆਂ ਰੀਤਾਂ ਵਿੱਚ ਚੱਲਨਾ।” (ਲੇਵੀਆਂ 18:3) ਮਸੀਹੀ ਬਾਈਬਲ ਦੁਆਰਾ ਸਿੱਖਿਅਤ ਆਪਣੀ ਜ਼ਮੀਰ ਦੀ ਕਦਰ ਕਰਦੇ ਹਨ ਅਤੇ ਕੌਮਾਂ ਦੀ ਸਹੀ ਤੇ ਗ਼ਲਤ ਬਾਰੇ ਭ੍ਰਿਸ਼ਟ ਸਮਝ ਤੋਂ ਆਪਣੀ ਜ਼ਮੀਰ ਨੂੰ ਬਚਾ ਕੇ ਰੱਖਦੇ ਹਨ।—ਅਫ਼ਸੀਆਂ 4:17-19.

ਤਾਂ ਫਿਰ ਇਸ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ? ਹਾਲਾਂਕਿ ਮਸੀਹੀ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ, ਪਰ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਸਾਫ਼ ਦੱਸਦੀ ਹੈ ਕਿ ਉਹ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਆਹ ਨਹੀਂ ਕਰਾ ਸਕਦੇ, ਜਿਵੇਂ ਪਿਓ ਧੀ ਨਾਲ, ਮਾਂ ਪੁੱਤਰ ਨਾਲ, ਭਰਾ ਭੈਣ ਨਾਲ। * ਜਿਉਂ-ਜਿਉਂ ਰਿਸ਼ਤੇਦਾਰਾਂ ਦਾ ਦਾਇਰਾ ਵਧਦਾ ਜਾਂਦਾ ਹੈ, ਮਸੀਹੀ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹਨ ਕਿ ਵਿਆਹ ਨੂੰ ਜਾਇਜ਼ ਠਹਿਰਾਉਣ ਲਈ ਹਰ ਦੇਸ਼ ਦੇ ਨਿਯਮ ਤੇ ਕਾਨੂੰਨ ਹੁੰਦੇ ਹਨ ਅਤੇ ਸਮਾਜ ਦੇ ਵੀ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ। ਸਾਨੂੰ ਇਨ੍ਹਾਂ ਉੱਤੇ ਧਿਆਨ ਨਾਲ ਗੌਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਬਾਈਬਲ ਦੇ ਇਸ ਹੁਕਮ ਉੱਤੇ ਚੱਲ ਸਕੀਏ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ।”—ਇਬਰਾਨੀਆਂ 13:4.

[ਫੁਟਨੋਟ]

^ ਪੈਰਾ 7 ਇਸ ਵਿਸ਼ੇ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ 15 ਮਾਰਚ 1978 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 25-6 ਉੱਤੇ ਲੇਖ “ਰਿਸ਼ਤੇਦਾਰਾਂ ਵਿਚਕਾਰ ਨਾਜਾਇਜ਼ ਵਿਆਹ—ਮਸੀਹੀਆਂ ਦਾ ਇਨ੍ਹਾਂ ਬਾਰੇ ਕੀ ਨਜ਼ਰੀਆ ਹੋਣਾ ਚਾਹੀਦਾ ਹੈ?” ਦੇਖੋ।