Skip to content

Skip to table of contents

ਯਹੋਵਾਹ ਨੇ ਸਾਨੂੰ ਧੀਰਜ ਅਤੇ ਹੌਸਲਾ ਰੱਖਣਾ ਸਿਖਾਇਆ

ਯਹੋਵਾਹ ਨੇ ਸਾਨੂੰ ਧੀਰਜ ਅਤੇ ਹੌਸਲਾ ਰੱਖਣਾ ਸਿਖਾਇਆ

ਜੀਵਨੀ

ਯਹੋਵਾਹ ਨੇ ਸਾਨੂੰ ਧੀਰਜ ਅਤੇ ਹੌਸਲਾ ਰੱਖਣਾ ਸਿਖਾਇਆ

ਔਰੀਸਟੌਟਲੀਸ ਔਪੌਸਟੋਲੀਡੀਸ ਦੀ ਜ਼ਬਾਨੀ

ਉੱਤਰੀ ਕੌਕੇਸਸ ਪਹਾੜਾਂ ਦੀ ਗੋਦ ਵਿਚ ਇਕ ਰੂਸੀ ਸ਼ਹਿਰ ਪੀਐਟੀਗੌਰਸਕ ਵਸਿਆ ਹੋਇਆ ਹੈ ਜਿਹੜਾ ਖਣਿਜ ਪਾਣੀ ਦੇ ਚਸ਼ਮਿਆਂ ਅਤੇ ਸੁਹਾਵਣੇ ਮੌਸਮ ਕਰਕੇ ਮਸ਼ਹੂਰ ਹੈ। ਮੇਰੇ ਮਾਤਾ-ਪਿਤਾ ਜੀ ਯੂਨਾਨ ਤੋਂ ਉਜੜ ਕੇ ਆਏ ਸਨ ਤੇ ਇੱਥੇ ਹੀ 1929 ਨੂੰ ਮੇਰਾ ਜਨਮ ਹੋਇਆ ਸੀ। ਦਸ ਸਾਲ ਬਾਅਦ, ਸਟਾਲਿਨਵਾਦੀਆਂ ਦੇ ਅਤਿਆਚਾਰਾਂ, ਖ਼ੌਫ਼ ਤੇ ਖ਼ੂਨ-ਖ਼ਰਾਬੇ ਦੇ ਦੌਰ ਤੋਂ ਬਾਅਦ ਅਸੀਂ ਇਕ ਵਾਰ ਫਿਰ ਸ਼ਰਨਾਰਥੀ ਬਣ ਗਏ ਤੇ ਸਾਨੂੰ ਯੂਨਾਨ ਚਲੇ ਜਾਣ ਲਈ ਮਜਬੂਰ ਕੀਤਾ ਗਿਆ।

ਯੂਨਾਨ ਦੇ ਸ਼ਹਿਰ ਪਾਈਰੀਅਸ ਵਿਚ ਚਲੇ ਜਾਣ ਤੋਂ ਬਾਅਦ “ਸ਼ਰਨਾਰਥੀ” ਸ਼ਬਦ ਦਾ ਅਰਥ ਸਾਡੇ ਲਈ ਪੂਰੀ ਤਰ੍ਹਾਂ ਬਦਲ ਗਿਆ। ਉੱਥੇ ਅਸੀਂ ਬਿਲਕੁਲ ਅਜਨਬੀਆਂ ਵਾਂਗ ਮਹਿਸੂਸ ਕਰਦੇ ਸੀ। ਭਾਵੇਂ ਕਿ ਮੇਰਾ ਤੇ ਮੇਰੇ ਭਰਾ ਦਾ ਨਾਂ ਯੂਨਾਨ ਦੇ ਦੋ ਮਸ਼ਹੂਰ ਫ਼ਿਲਾਸਫ਼ਰਾਂ, ਸੌਕਰੇਟੀਜ਼ ਅਤੇ ਐਰਸਟੌਟਲ ਦੇ ਨਾਂ ਤੇ ਸੀ, ਪਰ ਲੋਕ ਸਾਨੂੰ ਇਨ੍ਹਾਂ ਨਾਵਾਂ ਨਾਲ ਕਦੀ ਨਹੀਂ ਬੁਲਾਉਂਦੇ ਸਨ। ਹਰ ਕੋਈ ਸਾਨੂੰ ‘ਓਏ ਰੂਸੀਆ’ ਕਹਿ ਕੇ ਬੁਲਾਉਂਦੇ ਸਨ।

ਦੂਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਮੇਰੇ ਪਿਆਰੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਉਹ ਪੂਰੇ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਨ ਤੇ ਉਨ੍ਹਾਂ ਦੇ ਚਲੇ ਜਾਣ ਨਾਲ ਸਾਨੂੰ ਬਹੁਤ ਵੱਡਾ ਸਦਮਾ ਲੱਗਾ। ਮਰਨ ਤੋਂ ਪਹਿਲਾਂ ਉਹ ਕਾਫ਼ੀ ਸਮੇਂ ਤਕ ਬੀਮਾਰ ਰਹੇ ਜਿਸ ਕਰਕੇ ਉਨ੍ਹਾਂ ਨੇ ਮੈਨੂੰ ਘਰ ਦੇ ਕੰਮ-ਕਾਰ ਕਰਨੇ ਸਿਖਾਏ। ਇਹ ਸਭ ਬਾਅਦ ਵਿਚ ਮੇਰੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਏ।

ਲੜਾਈ ਅਤੇ ਆਜ਼ਾਦੀ

ਯੂਨਾਨ ਵਿਚ ਲੜਾਈ, ਇਸ ਉੱਤੇ ਨਾਜ਼ੀਆਂ ਦਾ ਕਬਜ਼ਾ ਅਤੇ ਮਿੱਤਰ ਫ਼ੌਜਾਂ ਦੁਆਰਾ ਲਗਾਤਾਰ ਬੰਬਾਰੀ ਕਰਨ ਕਰਕੇ ਹਰ ਦਿਨ ਜ਼ਿੰਦਗੀ ਦਾ ਆਖ਼ਰੀ ਦਿਨ ਲੱਗਦਾ ਸੀ। ਹਰ ਪਾਸੇ ਗ਼ਰੀਬੀ, ਭੁੱਖਮਰੀ ਤੇ ਮੌਤ ਹੀ ਮੌਤ ਨਜ਼ਰ ਆ ਰਹੀ ਸੀ। ਗਿਆਰਾਂ ਸਾਲਾਂ ਦੀ ਉਮਰ ਤੋਂ ਹੀ ਮੈਨੂੰ ਆਪਣੇ ਪਿਤਾ ਜੀ ਨਾਲ ਹੱਡ-ਭੰਨਵੀਂ ਮਿਹਨਤ ਕਰਨੀ ਪਈ ਤਾਂਕਿ ਸਾਡਾ ਤਿੰਨਾਂ ਦਾ ਗੁਜ਼ਾਰਾ ਹੁੰਦਾ ਰਹੇ। ਯੂਨਾਨੀ ਭਾਸ਼ਾ ਘੱਟ ਆਉਣ ਕਰਕੇ, ਨਾਲੇ ਲੜਾਈ ਕਰਕੇ ਅਤੇ ਲੜਾਈ ਮਗਰੋਂ ਮੁਸ਼ਕਲ ਹਾਲਾਤਾਂ ਕਰਕੇ ਮੈਂ ਜ਼ਿਆਦਾ ਪੜ੍ਹ-ਲਿਖ ਨਹੀਂ ਸਕਿਆ।

ਅਕਤੂਬਰ 1944 ਵਿਚ ਯੂਨਾਨ ਜਰਮਨੀ ਦੇ ਕਬਜ਼ੇ ਤੋਂ ਆਜ਼ਾਦ ਹੋ ਗਿਆ। ਇਸ ਤੋਂ ਜਲਦੀ ਬਾਅਦ, ਯਹੋਵਾਹ ਦੇ ਗਵਾਹਾਂ ਨਾਲ ਮੇਰੀ ਮੁਲਾਕਾਤ ਹੋਈ। ਨਿਰਾਸ਼ਾ ਤੇ ਦੁੱਖਾਂ ਭਰੇ ਸਮੇਂ ਵਿਚ, ਪਰਮੇਸ਼ੁਰ ਦੇ ਰਾਜ ਅਧੀਨ ਚੰਗੇ ਭਵਿੱਖ ਦੀ ਆਸ਼ਾ ਨੇ ਮੇਰੇ ਦਿਲ ਨੂੰ ਛੁਹ ਲਿਆ। (ਜ਼ਬੂਰ 37:29) ਧਰਤੀ ਉੱਤੇ ਸ਼ਾਂਤੀਪੂਰਣ ਮਾਹੌਲ ਵਿਚ ਅਨੰਤ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਵਾਅਦੇ ਨੇ ਮੇਰੇ ਜ਼ਖ਼ਮਾਂ ਤੇ ਮਲ੍ਹਮ ਦਾ ਕੰਮ ਕੀਤਾ। (ਯਸਾਯਾਹ 9:7) ਸਾਲ 1946 ਵਿਚ ਮੈਂ ਤੇ ਮੇਰੇ ਪਿਤਾ ਜੀ ਨੇ ਬਪਤਿਸਮਾ ਲੈ ਕੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦਾ ਸਬੂਤ ਦਿੱਤਾ।

ਉਸ ਤੋਂ ਅਗਲੇ ਸਾਲ, ਪਾਈਰੀਅਸ ਦੀ ਦੂਸਰੀ ਕਲੀਸਿਯਾ ਵਿਚ ਮੈਨੂੰ ਵਿਗਿਆਪਨ ਸੇਵਕ (ਹੁਣ ਰਸਾਲਾ ਸੇਵਕ) ਵਜੋਂ ਨਿਯੁਕਤ ਹੋਣ ਤੇ ਬਹੁਤ ਖ਼ੁਸ਼ੀ ਹੋਈ। ਸਾਡਾ ਪ੍ਰਚਾਰ ਖੇਤਰ ਪਾਈਰੀਅਸ ਤੋਂ ਲੈ ਕੇ ਇਲੂਸਸ ਤਕ, ਤਕਰੀਬਨ 50 ਕਿਲੋਮੀਟਰ ਤਕ ਫੈਲਿਆ ਹੋਇਆ ਸੀ। ਉਸ ਸਮੇਂ ਸਾਡੀ ਕਲੀਸਿਯਾ ਵਿਚ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਬਹੁਤ ਸਾਰੇ ਮਸੀਹੀ ਸੇਵਾ ਕਰਦੇ ਸਨ। ਮੈਨੂੰ ਉਨ੍ਹਾਂ ਨਾਲ ਕੰਮ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਮੈਂ ਉਨ੍ਹਾਂ ਦੀ ਸੰਗਤੀ ਦਾ ਆਨੰਦ ਮਾਣਦਾ ਸੀ ਕਿਉਂਕਿ ਉਹ ਮੈਨੂੰ ਅਣਗਿਣਤ ਤਜਰਬੇ ਸੁਣਾਉਂਦੇ ਸਨ ਕਿ ਕਿੱਦਾਂ ਉਨ੍ਹਾਂ ਨੇ ਪ੍ਰਚਾਰ ਦਾ ਕੰਮ ਕਰਨ ਲਈ ਵੱਡੀਆਂ-ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਉਨ੍ਹਾਂ ਦੀ ਜ਼ਿੰਦਗੀ ਤੋਂ ਇਹ ਗੱਲ ਸਾਫ਼ ਨਜ਼ਰ ਆਉਂਦੀ ਸੀ ਕਿ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨ ਲਈ ਧੀਰਜ ਅਤੇ ਹੌਸਲੇ ਦੀ ਲੋੜ ਹੈ। (ਰਸੂਲਾਂ ਦੇ ਕਰਤੱਬ 14:22) ਅੱਜ ਮੈਂ ਬਹੁਤ ਖ਼ੁਸ਼ ਹਾਂ ਕਿ ਇਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀਆਂ 50 ਤੋਂ ਜ਼ਿਆਦਾ ਕਲੀਸਿਯਾਵਾਂ ਹਨ।

ਇਕ ਵੱਡੀ ਚੁਣੌਤੀ

ਕੁਝ ਸਮੇਂ ਬਾਅਦ ਮੇਰੀ ਜਾਣ-ਪਛਾਣ ਪੈਟਰਾਸ ਸ਼ਹਿਰ ਦੀ ਇਕ ਸੋਹਣੀ ਤੇ ਜੋਸ਼ੀਲੀ ਮਸੀਹੀ ਕੁੜੀ ਐਲੇਨੀ ਨਾਲ ਹੋਈ। ਸਾਲ 1952 ਦੇ ਅਖ਼ੀਰ ਤਕ ਸਾਡੀ ਦੋਵਾਂ ਦੀ ਕੁੜਮਾਈ ਹੋ ਗਈ। ਪਰ ਕੁਝ ਮਹੀਨਿਆਂ ਬਾਅਦ ਐਲੇਨੀ ਬਹੁਤ ਬੀਮਾਰ ਹੋ ਗਈ। ਡਾਕਟਰਾਂ ਨੇ ਦੇਖਿਆ ਕਿ ਉਸ ਦੇ ਦਿਮਾਗ਼ ਵਿਚ ਰਸੌਲੀ ਸੀ ਤੇ ਉਸ ਦੀ ਹਾਲਤ ਬਹੁਤ ਗੰਭੀਰ ਸੀ। ਉਸ ਨੂੰ ਤੁਰੰਤ ਓਪਰੇਸ਼ਨ ਕਰਾਉਣਾ ਪੈਣਾ ਸੀ। ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਸਾਨੂੰ ਐਥਿਨਜ਼ ਵਿਚ ਇਕ ਡਾਕਟਰ ਲੱਭਿਆ ਜਿਹੜਾ ਅੱਜ ਵਰਗੇ ਆਧੁਨਿਕ ਸਾਜੋ-ਸਮਾਨ ਨਾ ਹੋਣ ਦੇ ਬਾਵਜੂਦ ਵੀ ਸਾਡੇ ਧਾਰਮਿਕ ਵਿਸ਼ਵਾਸਾਂ ਦਾ ਆਦਰ ਕਰਦੇ ਹੋਏ ਬਿਨਾਂ ਖ਼ੂਨ ਚੜ੍ਹਾਏ ਓਪਰੇਸ਼ਨ ਕਰਨ ਲਈ ਤਿਆਰ ਹੋ ਗਿਆ। (ਲੇਵੀਆਂ 17:10-14; ਰਸੂਲਾਂ ਦੇ ਕਰਤੱਬ 15:28, 29) ਓਪਰੇਸ਼ਨ ਤੋਂ ਬਾਅਦ ਡਾਕਟਰ ਮੇਰੀ ਮੰਗੇਤਰ ਦੀ ਸਿਹਤ ਪ੍ਰਤੀ ਆਸ਼ਾਵਾਦੀ ਸਨ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਸੌਲੀ ਫਿਰ ਤੋਂ ਹੋ ਸਕਦੀ ਸੀ।

ਇਸ ਹਾਲਤ ਵਿਚ ਮੈਨੂੰ ਕੀ ਕਰਨਾ ਚਾਹੀਦਾ ਸੀ? ਕੀ ਮੈਨੂੰ ਆਪਣੀ ਕੁੜਮਾਈ ਤੋੜ ਕੇ ਇਸ ਵੱਡੀ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਜਾਣਾ ਚਾਹੀਦਾ ਸੀ? ਨਹੀਂ! ਮੰਗਣੀ ਕਰ ਕੇ ਮੈਂ ਇਕ ਵਾਅਦਾ ਕੀਤਾ ਸੀ ਤੇ ਆਪਣੇ ਇਸ ਵਾਅਦੇ ਨੂੰ ਪੂਰਾ ਕਰ ਕੇ ਮੈਂ ਆਪਣੀ ਹਾਂ ਨੂੰ ਹਾਂ ਹੀ ਰੱਖਣਾ ਚਾਹੁੰਦਾ ਸੀ। (ਮੱਤੀ 5:37) ਮੈਂ ਇਕ ਵਾਰ ਵੀ ਐਲੇਨੀ ਨਾਲੋਂ ਆਪਣਾ ਰਿਸ਼ਤਾ ਤੋੜਨ ਬਾਰੇ ਨਹੀਂ ਸੋਚਿਆ। ਉਸ ਦੀ ਵੱਡੀ ਭੈਣ ਨੇ ਉਸ ਦੀ ਕਾਫ਼ੀ ਦੇਖ-ਭਾਲ ਕੀਤੀ ਜਿਸ ਕਰਕੇ ਐਲੇਨੀ ਕੁਝ ਹੱਦ ਤਕ ਠੀਕ ਹੋ ਗਈ ਤੇ ਅਸੀਂ ਦਸੰਬਰ 1954 ਵਿਚ ਵਿਆਹ ਕਰਾ ਲਿਆ।

ਤਿੰਨ ਸਾਲ ਬਾਅਦ ਐਲੇਨੀ ਦੇ ਦਿਮਾਗ਼ ਵਿਚ ਫਿਰ ਰਸੌਲੀ ਹੋ ਗਈ ਜਿਸ ਕਰਕੇ ਉਸੇ ਡਾਕਟਰ ਨੇ ਇਕ ਹੋਰ ਓਪਰੇਸ਼ਨ ਕੀਤਾ। ਇਸ ਵਾਰ ਉਸ ਨੇ ਰਸੌਲੀ ਨੂੰ ਪੂਰੀ ਤਰ੍ਹਾਂ ਕੱਢਣ ਲਈ ਐਲੇਨੀ ਦੇ ਦਿਮਾਗ਼ ਦੇ ਧੁਰ ਅੰਦਰ ਤਕ ਓਪਰੇਸ਼ਨ ਕੀਤਾ। ਇਸ ਕਰਕੇ ਮੇਰੀ ਪਤਨੀ ਦਾ ਸਰੀਰ ਕੁਝ ਹੱਦ ਤਕ ਅਧਰੰਗ ਨਾਲ ਮਾਰਿਆ ਗਿਆ ਤੇ ਉਸ ਲਈ ਬੋਲਣਾ ਵੀ ਬਹੁਤ ਮੁਸ਼ਕਲ ਹੋ ਗਿਆ। ਸਾਡੇ ਸਾਮ੍ਹਣੇ ਹੁਣ ਨਵੀਂਆਂ ਚੁਣੌਤੀਆਂ ਦਾ ਪਹਾੜ ਆ ਖੜ੍ਹਾ ਹੋਇਆ ਸੀ। ਮੇਰੀ ਪਿਆਰੀ ਪਤਨੀ ਲਈ ਛੋਟੇ ਤੋਂ ਛੋਟਾ ਕੰਮ ਕਰਨਾ ਵੀ ਬਹੁਤ ਮੁਸ਼ਕਲ ਸੀ। ਉਸ ਦੀ ਵਿਗੜਦੀ ਹਾਲਤ ਕਰਕੇ ਸਾਨੂੰ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ। ਇਸ ਸਭ ਦੇ ਲਈ ਸਾਨੂੰ ਬਹੁਤ ਜ਼ਿਆਦਾ ਧੀਰਜ ਅਤੇ ਹੌਸਲੇ ਦੀ ਲੋੜ ਸੀ।

ਮੇਰੇ ਮਾਤਾ ਜੀ ਨੇ ਮੈਨੂੰ ਜਿਹੜੇ ਕੰਮ ਸਿਖਾਏ ਸਨ, ਉਹ ਹੁਣ ਮੇਰੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਏ। ਹਰ ਰੋਜ਼ ਸਵੇਰੇ, ਮੈਂ ਸਬਜ਼ੀਆਂ ਵਗੈਰਾ ਕੱਟ ਕੇ ਅਤੇ ਦੂਜੀਆਂ ਚੀਜ਼ਾਂ ਤਿਆਰ ਕਰ ਕੇ ਰੱਖ ਦਿੰਦਾ ਸੀ ਤੇ ਐਲੇਨੀ ਖਾਣਾ ਬਣਾਉਂਦੀ ਸੀ। ਅਸੀਂ ਅਕਸਰ ਪੂਰੇ ਸਮੇਂ ਦੇ ਸੇਵਕਾਂ ਨੂੰ, ਆਪਣੇ ਬਾਈਬਲ ਵਿਦਿਆਰਥੀਆਂ ਨੂੰ, ਕਲੀਸਿਯਾ ਦੇ ਲੋੜਵੰਦ ਭੈਣ-ਭਰਾਵਾਂ ਨੂੰ ਅਤੇ ਦੂਸਰੇ ਮਹਿਮਾਨਾਂ ਨੂੰ ਆਪਣੇ ਘਰ ਬੁਲਾਉਂਦੇ ਸੀ। ਉਹ ਸਾਰੇ ਖਾਣੇ ਦੀ ਬੜੀ ਤਾਰੀਫ਼ ਕਰਦੇ ਸਨ! ਐਲੇਨੀ ਤੇ ਮੈਂ ਮਿਲ ਕੇ ਘਰ ਦੇ ਦੂਸਰੇ ਕੰਮ ਵੀ ਕਰਦੇ ਸੀ ਤਾਂਕਿ ਸਾਡਾ ਘਰ ਸਾਫ਼-ਸੁਥਰਾ ਰਹੇ। ਅਸੀਂ 30 ਸਾਲਾਂ ਤਕ ਇਨ੍ਹਾਂ ਬਹੁਤ ਹੀ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕੀਤਾ।

ਬੀਮਾਰੀ ਦੇ ਬਾਵਜੂਦ ਜੋਸ਼

ਮੇਰੇ ਲਈ ਤੇ ਦੂਸਰਿਆਂ ਲਈ ਇਹ ਬੜੇ ਹੌਸਲੇ ਦੀ ਗੱਲ ਸੀ ਕਿ ਕੋਈ ਵੀ ਅਜ਼ਮਾਇਸ਼ ਯਹੋਵਾਹ ਲਈ ਐਲੇਨੀ ਦੇ ਪਿਆਰ ਨੂੰ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਦੇ ਉਸ ਦੇ ਜੋਸ਼ ਨੂੰ ਘਟਾ ਨਹੀਂ ਸਕੀ। ਹੌਲੀ-ਹੌਲੀ ਲਗਾਤਾਰ ਕੋਸ਼ਿਸ਼ਾਂ ਕਰਨ ਨਾਲ ਐਲੇਨੀ ਕੁਝ-ਕੁਝ ਸ਼ਬਦ ਬੋਲਣ ਦੇ ਕਾਬਲ ਹੋ ਗਈ। ਉਸ ਨੂੰ ਸੜਕ ਤੇ ਲੋਕਾਂ ਨਾਲ ਬਾਈਬਲ ਦੀ ਖ਼ੁਸ਼ ਖ਼ਬਰੀ ਬਾਰੇ ਗੱਲ ਕਰਨ ਵਿਚ ਬਹੁਤ ਖ਼ੁਸ਼ੀ ਹੁੰਦੀ ਸੀ। ਜਦੋਂ ਮੈਂ ਆਪਣੇ ਬਿਜ਼ਨਿਸ ਦੇ ਸੰਬੰਧ ਵਿਚ ਬਾਹਰ ਜਾਂਦਾ ਸੀ, ਤਾਂ ਮੈਂ ਉਸ ਨੂੰ ਆਪਣੇ ਨਾਲ ਲੈ ਜਾਂਦਾ ਸੀ। ਮੈਂ ਆਪਣੀ ਕਾਰ ਉੱਥੇ ਖੜ੍ਹੀ ਕਰਦਾ ਸੀ ਜਿੱਥੋਂ ਕਾਫ਼ੀ ਲੋਕ ਲੰਘਦੇ ਸਨ। ਐਲੇਨੀ ਕਾਰ ਦੀ ਬਾਰੀ ਖੋਲ੍ਹ ਕੇ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈਣ ਦਾ ਸੱਦਾ ਦਿੰਦੀ ਸੀ। ਇਕ ਵਾਰ ਉਸ ਨੇ ਦੋ ਘੰਟਿਆਂ ਵਿਚ 80 ਕਾਪੀਆਂ ਵੰਡੀਆਂ। ਉਹ ਅਕਸਰ ਕਲੀਸਿਯਾ ਦੇ ਸਟਾਕ ਵਿਚ ਪਏ ਰਸਾਲਿਆਂ ਦੇ ਪੁਰਾਣੇ ਅੰਕਾਂ ਨੂੰ ਵੀ ਵੰਡ ਦਿੰਦੀ ਸੀ। ਐਲੇਨੀ ਦੂਸਰੇ ਤਰੀਕਿਆਂ ਨਾਲ ਵੀ ਪ੍ਰਚਾਰ ਕਰਦੀ ਰਹੀ।

ਅਪੰਗ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਸਭਾਵਾਂ ਵਿਚ ਹਮੇਸ਼ਾ ਜਾਂਦੀ ਰਹੀ। ਉਸ ਨੇ ਕਦੀ ਕੋਈ ਜ਼ਿਲ੍ਹਾ ਸੰਮੇਲਨ ਜਾਂ ਅਸੈਂਬਲੀ ਨਹੀਂ ਛੱਡੀ, ਉਦੋਂ ਵੀ ਨਹੀਂ ਜਦੋਂ ਯੂਨਾਨ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਣ ਕਰਕੇ ਸਾਨੂੰ ਸੰਮੇਲਨਾਂ ਲਈ ਦੂਸਰੇ ਦੇਸ਼ਾਂ ਵਿਚ ਜਾਣਾ ਪੈਂਦਾ ਸੀ। ਕਮਜ਼ੋਰ ਸਿਹਤ ਦੇ ਬਾਵਜੂਦ ਵੀ ਉਹ ਆਸਟ੍ਰੀਆ, ਜਰਮਨੀ, ਸਾਈਪ੍ਰਸ ਅਤੇ ਦੂਸਰੇ ਦੇਸ਼ਾਂ ਵਿਚ ਸੰਮੇਲਨਾਂ ਵਿਚ ਖ਼ੁਸ਼ੀ-ਖ਼ੁਸ਼ੀ ਗਈ। ਐਲੇਨੀ ਨੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਜਾਂ ਮੇਰੇ ਤੋਂ ਜ਼ਿਆਦਾ ਮੰਗ ਨਹੀਂ ਕੀਤੀ, ਉਦੋਂ ਵੀ ਨਹੀਂ ਜਦੋਂ ਯਹੋਵਾਹ ਦੀ ਸੇਵਾ ਵਿਚ ਮੇਰੀਆਂ ਜ਼ਿੰਮੇਵਾਰੀਆਂ ਵਧ ਜਾਣ ਕਾਰਨ ਉਸ ਨੂੰ ਕਈ ਵਾਰ ਮੁਸ਼ਕਲ ਸਹਿਣੀ ਪਈ।

ਇਨ੍ਹਾਂ ਹਾਲਾਤਾਂ ਨੇ ਮੈਨੂੰ ਧੀਰਜ ਅਤੇ ਹੌਸਲਾ ਰੱਖਣਾ ਸਿਖਾਇਆ। ਮੈਂ ਯਹੋਵਾਹ ਦੀ ਮਦਦ ਨੂੰ ਬਹੁਤ ਵਾਰ ਅਨੁਭਵ ਕੀਤਾ। ਭੈਣਾਂ-ਭਰਾਵਾਂ ਨੇ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਕਈ ਤਿਆਗ ਕੀਤੇ ਹਨ ਅਤੇ ਡਾਕਟਰਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ। ਉਨ੍ਹਾਂ ਸਾਰੇ ਮੁਸ਼ਕਲ ਸਾਲਾਂ ਦੌਰਾਨ ਸਾਨੂੰ ਕਦੀ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਈ ਭਾਵੇਂ ਕਿ ਮੁਸ਼ਕਲ ਹਾਲਾਤ ਹੋਣ ਕਰਕੇ ਮੇਰੇ ਲਈ ਪੂਰੇ ਸਮੇਂ ਦੀ ਨੌਕਰੀ ਕਰਨੀ ਨਾਮੁਮਕਿਨ ਸੀ। ਅਸੀਂ ਯਹੋਵਾਹ ਦੇ ਹਿੱਤਾਂ ਅਤੇ ਸੇਵਾ ਨੂੰ ਹਮੇਸ਼ਾ ਪਹਿਲੀ ਥਾਂ ਦਿੱਤੀ।—ਮੱਤੀ 6:33.

ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਕਿਹੜੀ ਚੀਜ਼ ਨੇ ਉਸ ਮੁਸ਼ਕਲ ਸਮੇਂ ਵਿਚ ਸਾਨੂੰ ਸੰਭਾਲੀ ਰੱਖਿਆ। ਹੁਣ ਜਦੋਂ ਮੈਂ ਆਪਣੀ ਬੀਤੀ ਜ਼ਿੰਦਗੀ ਤੇ ਝਾਤ ਮਾਰਦਾ ਹਾਂ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਬਾਈਬਲ ਦਾ ਅਧਿਐਨ ਕਰਨ, ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨ, ਮਸੀਹੀ ਸਭਾਵਾਂ ਵਿਚ ਬਾਕਾਇਦਾ ਜਾਣ ਅਤੇ ਪ੍ਰਚਾਰ ਕੰਮ ਵਿਚ ਪੂਰੇ ਜੋਸ਼ ਨਾਲ ਹਿੱਸਾ ਲੈਣ ਨਾਲ ਅਸੀਂ ਉਸ ਮੁਸ਼ਕਲ ਸਮੇਂ ਨੂੰ ਧੀਰਜ ਅਤੇ ਹਿੰਮਤ ਨਾਲ ਸਹਿ ਸਕੇ। ਸਾਨੂੰ ਜ਼ਬੂਰ 37:3-5 ਦੇ ਇਹ ਉਤਸ਼ਾਹਜਨਕ ਸ਼ਬਦ ਹਮੇਸ਼ਾ ਯਾਦ ਰਹੇ: “ਯਹੋਵਾਹ ਉੱਤੇ ਭਰੋਸਾ ਰੱਖ ਅਤੇ ਭਲਿਆਈ ਕਰ, . . . ਤੂੰ ਯਹੋਵਾਹ ਉੱਤੇ ਨਿਹਾਲ ਰਹੁ, . . . ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” ਜ਼ਬੂਰ 55:22 ਵੀ ਸਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਇਆ ਜਿਸ ਵਿਚ ਲਿਖਿਆ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” ਜਿਵੇਂ ਇਕ ਬੱਚਾ ਆਪਣੇ ਪਿਤਾ ਉੱਤੇ ਪੂਰਾ ਭਰੋਸਾ ਰੱਖਦਾ ਹੈ, ਉਸੇ ਤਰ੍ਹਾਂ ਅਸੀਂ ਵੀ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਨਾ ਸਿਰਫ਼ ਆਪਣਾ ਪੂਰਾ ਭਾਰ ਉਸ ਉੱਤੇ ਸੁੱਟ ਦਿੱਤਾ, ਸਗੋਂ ਇਸ ਨੂੰ ਉਸ ਕੋਲ ਹੀ ਰਹਿਣ ਦਿੱਤਾ।—ਯਾਕੂਬ 1:6.

ਜਦੋਂ 12 ਅਪ੍ਰੈਲ 1987 ਨੂੰ ਮੇਰੀ ਪਤਨੀ ਘਰ ਦੇ ਮੁਹਰੇ ਪ੍ਰਚਾਰ ਕਰ ਰਹੀ ਸੀ, ਤਾਂ ਇਕ ਭਾਰਾ ਲੋਹੇ ਦਾ ਗੇਟ ਬਹੁਤ ਜ਼ੋਰ ਨਾਲ ਬੰਦ ਹੋ ਕੇ ਉਸ ਵਿਚ ਜਾ ਵੱਜਾ। ਉਹ ਗਲੀ ਵਿਚ ਡਿੱਗ ਗਈ ਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਸਿੱਟੇ ਵਜੋਂ ਉਹ ਤਿੰਨ ਸਾਲ ਤਕ ਬੇਹੋਸ਼ੀ ਵਿਚ ਰਹੀ। 1990 ਦੇ ਸ਼ੁਰੂ ਵਿਚ ਉਸ ਦੀ ਮੌਤ ਹੋ ਗਈ।

ਆਪਣੀ ਪੂਰੀ ਕਾਬਲੀਅਤ ਨਾਲ ਯਹੋਵਾਹ ਦੀ ਸੇਵਾ ਕਰਨੀ

ਸਾਲ 1960 ਵਿਚ ਮੈਨੂੰ ਨਿਕੇਆ, ਪਾਈਰੀਅਸ ਦੀ ਕਲੀਸਿਯਾ ਵਿਚ ਕਲੀਸਿਯਾ ਸੇਵਕ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਮੈਨੂੰ ਪਾਈਰੀਅਸ ਦੀਆਂ ਦੂਸਰੀਆਂ ਕਈ ਕਲੀਸਿਯਾਵਾਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਭਾਵੇਂ ਕਿ ਮੇਰੇ ਆਪਣੇ ਬੱਚੇ ਨਹੀਂ ਹਨ, ਪਰ ਮੈਨੂੰ ਆਪਣੇ ਅਧਿਆਤਮਿਕ ਬੱਚਿਆਂ ਦੀ ਸੱਚਾਈ ਵਿਚ ਦ੍ਰਿੜ੍ਹ ਹੋਣ ਵਿਚ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲੀ ਹੈ। ਉਨ੍ਹਾਂ ਵਿੱਚੋਂ ਕਈ ਹੁਣ ਕਲੀਸਿਯਾ ਵਿਚ ਬਜ਼ੁਰਗਾਂ, ਸਹਾਇਕ ਸੇਵਕਾਂ, ਪਾਇਨੀਅਰ ਸੇਵਕਾਂ ਅਤੇ ਬੈਥਲ ਪਰਿਵਾਰ ਦੇ ਮੈਂਬਰਾਂ ਵਜੋਂ ਸੇਵਾ ਕਰਦੇ ਹਨ।

ਸਾਲ 1975 ਵਿਚ ਯੂਨਾਨ ਵਿਚ ਲੋਕਤੰਤਰ ਬਹਾਲ ਹੋਣ ਤੋਂ ਬਾਅਦ, ਯਹੋਵਾਹ ਦੇ ਗਵਾਹਾਂ ਨੂੰ ਆਪਣੇ ਸੰਮੇਲਨ ਕਰਨ ਦੀ ਆਜ਼ਾਦੀ ਮਿਲੀ ਤੇ ਹੁਣ ਉਨ੍ਹਾਂ ਨੂੰ ਇਹ ਸਭ ਜੰਗਲਾਂ ਵਿਚ ਕਰਨ ਦੀ ਲੋੜ ਨਹੀਂ ਸੀ। ਸਾਡੇ ਵਿੱਚੋਂ ਕਈਆਂ ਨੇ ਵਿਦੇਸ਼ਾਂ ਵਿਚ ਸੰਮੇਲਨਾਂ ਦਾ ਪ੍ਰਬੰਧ ਕਰਨ ਦਾ ਜੋ ਤਜਰਬਾ ਹਾਸਲ ਕੀਤਾ ਸੀ, ਉਹ ਹੁਣ ਬਹੁਤ ਕੰਮ ਆਇਆ। ਇਸ ਤਰ੍ਹਾਂ, ਮੈਨੂੰ ਕਈ ਸਾਲਾਂ ਤਕ ਵੱਖਰੀਆਂ-ਵੱਖਰੀਆਂ ਸੰਮੇਲਨ ਕਮੇਟੀਆਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ।

ਫਿਰ ਸਾਲ 1979 ਵਿਚ ਐਥਿਨਜ਼ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਯੂਨਾਨ ਦਾ ਪਹਿਲਾ ਅਸੈਂਬਲੀ ਹਾਲ ਬਣਾਉਣ ਦੀਆਂ ਯੋਜਨਾਵਾਂ ਬਣਾਈਆਂ ਗਈਆਂ। ਮੈਨੂੰ ਇਸ ਵੱਡੇ ਉਸਾਰੀ ਪ੍ਰਾਜੈਕਟ ਨੂੰ ਵਿਵਸਥਿਤ ਤਰੀਕੇ ਨਾਲ ਕਰਨ ਵਿਚ ਮਦਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਕੰਮ ਵਿਚ ਵੀ ਬਹੁਤ ਧੀਰਜ ਅਤੇ ਹੌਸਲੇ ਦੀ ਲੋੜ ਸੀ। ਤਿੰਨ ਸਾਲ ਤਕ ਸੈਂਕੜੇ ਆਤਮ-ਤਿਆਗੀ ਭੈਣ-ਭਰਾਵਾਂ ਨਾਲ ਕੰਮ ਕਰ ਕੇ ਅਸੀਂ ਪਿਆਰ ਅਤੇ ਏਕਤਾ ਦੇ ਮਜ਼ਬੂਤ ਬੰਧਨ ਵਿਚ ਬੱਝ ਗਏ। ਉਸ ਸਮੇਂ ਦੀਆਂ ਯਾਦਾਂ ਨੂੰ ਮੈਂ ਅਜੇ ਵੀ ਆਪਣੇ ਦਿਲ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ।

ਕੈਦੀਆਂ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਨਾ

ਕੁਝ ਸਾਲ ਬਾਅਦ ਮੈਨੂੰ ਇਕ ਨਵੀਂ ਕਿਸਮ ਦਾ ਕੰਮ ਕਰਨ ਦਾ ਮੌਕਾ ਮਿਲਿਆ। ਮੇਰੀ ਕਲੀਸਿਯਾ ਦੇ ਪ੍ਰਚਾਰ ਖੇਤਰ ਲਾਗੇ ਕੌਰੀਡਾਲੌਸ ਵਿਚ ਯੂਨਾਨ ਦੀ ਇਕ ਸਭ ਤੋਂ ਵੱਡੀ ਜੇਲ੍ਹ ਹੈ। ਅਪ੍ਰੈਲ 1991 ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੇ ਸੇਵਕ ਵਜੋਂ ਹਰ ਹਫ਼ਤੇ ਜੇਲ੍ਹ ਵਿਚ ਕੈਦੀਆਂ ਨਾਲ ਮੁਲਾਕਾਤ ਕਰਨ ਲਈ ਨਿਯੁਕਤ ਕੀਤਾ ਗਿਆ। ਉੱਥੇ ਮੈਨੂੰ ਦਿਲਚਸਪੀ ਰੱਖਣ ਵਾਲੇ ਕੈਦੀਆਂ ਨਾਲ ਬਾਈਬਲ ਅਧਿਐਨ ਕਰਨ ਅਤੇ ਮਸੀਹੀ ਸਭਾਵਾਂ ਕਰਨ ਦੀ ਇਜਾਜ਼ਤ ਹੈ। ਬਹੁਤ ਸਾਰੇ ਕੈਦੀਆਂ ਨੇ ਆਪਣੇ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਸ ਤੋਂ ਪਰਮੇਸ਼ੁਰ ਦੇ ਬਚਨ ਦੀ ਅਸੀਮ ਤਾਕਤ ਦਾ ਪਤਾ ਚੱਲਦਾ ਹੈ। (ਇਬਰਾਨੀਆਂ 4:12) ਇਸ ਤੋਂ ਜੇਲ੍ਹ ਦੇ ਕਰਮਚਾਰੀ ਤੇ ਦੂਸਰੇ ਕੈਦੀ ਵੀ ਪ੍ਰਭਾਵਿਤ ਹੋਏ ਹਨ। ਕਈ ਕੈਦੀ ਜਿਨ੍ਹਾਂ ਨਾਲ ਮੈਂ ਬਾਈਬਲ ਦਾ ਅਧਿਐਨ ਕੀਤਾ ਸੀ, ਹੁਣ ਰਿਹਾਅ ਹੋ ਗਏ ਹਨ ਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਦੇ ਤੌਰ ਤੇ ਸੇਵਾ ਕਰਦੇ ਹਨ।

ਮੈਂ ਕੁਝ ਸਮੇਂ ਤਕ ਨਸ਼ੀਲੇ ਪਦਾਰਥ ਵੇਚਣ ਵਾਲੇ ਤਿੰਨ ਬਦਨਾਮ ਆਦਮੀਆਂ ਨਾਲ ਅਧਿਐਨ ਕੀਤਾ। ਜਦੋਂ ਉਨ੍ਹਾਂ ਨੇ ਅਧਿਆਤਮਿਕ ਤਰੱਕੀ ਕਰਨੀ ਸ਼ੁਰੂ ਕੀਤੀ, ਤਾਂ ਉਹ ਸ਼ੇਵ ਕਰ ਕੇ ਤੇ ਚੰਗੀ ਤਰ੍ਹਾਂ ਆਪਣੇ ਵਾਲ ਵਾਹ ਕੇ ਅਤੇ ਅਗਸਤ ਦੇ ਮਹੀਨੇ ਦੀ ਕਹਿਰਾਂ ਦੀ ਗਰਮੀ ਵਿਚ ਕਮੀਜ਼ ਪਾ ਕੇ ਤੇ ਟਾਈ ਬੰਨ੍ਹ ਕੇ ਬਾਈਬਲ ਅਧਿਐਨ ਕਰਨ ਲਈ ਆਏ! ਜੇਲ੍ਹ ਦਾ ਡਾਇਰੈਕਟਰ, ਮੁੱਖ ਵਾਰਡਨ ਅਤੇ ਕੁਝ ਦੂਸਰੇ ਕਰਮਚਾਰੀ ਆਪਣੇ ਅੱਖੀਂ ਉਨ੍ਹਾਂ ਨੂੰ ਦੇਖਣ ਲਈ ਆਪਣੇ ਦਫ਼ਤਰਾਂ ਵਿੱਚੋਂ ਦੌੜਦੇ ਹੋਏ ਆਏ। ਉਨ੍ਹਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਸੀ!

ਮੈਨੂੰ ਜੇਲ੍ਹ ਵਿਚ ਤੀਵੀਆਂ ਵਾਲੇ ਹਿੱਸੇ ਵਿਚ ਇਕ ਹੋਰ ਉਤਸ਼ਾਹਜਨਕ ਤਜਰਬਾ ਹੋਇਆ। ਇਕ ਤੀਵੀਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ ਜਿਸ ਨੂੰ ਕਤਲ ਦੇ ਜੁਰਮ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਉਹ ਆਪਣੇ ਬਾਗ਼ੀ ਰਵੱਈਏ ਕਰਕੇ ਮਸ਼ਹੂਰ ਸੀ। ਪਰ ਜਲਦੀ ਹੀ ਉਹ ਜਿਹੜੀਆਂ ਬਾਈਬਲ ਸੱਚਾਈਆਂ ਸਿੱਖ ਰਹੀ ਸੀ, ਉਨ੍ਹਾਂ ਨੇ ਉਸ ਵਿਚ ਇੰਨੀਆਂ ਅਸਾਧਾਰਣ ਤਬਦੀਲੀਆਂ ਕੀਤੀਆਂ ਕਿ ਕਈਆਂ ਨੇ ਉਸ ਬਾਰੇ ਕਿਹਾ ਕਿ ਸ਼ੇਰਨੀ ਭੇਡ ਵਿਚ ਬਦਲ ਰਹੀ ਸੀ। (ਯਸਾਯਾਹ 11:6, 7) ਉਸ ਨੇ ਜਲਦੀ ਹੀ ਜੇਲ੍ਹ ਦੇ ਡਾਇਰੈਕਟਰ ਦਾ ਵਿਸ਼ਵਾਸ ਜਿੱਤ ਲਿਆ ਤੇ ਉਹ ਉਸ ਦਾ ਆਦਰ ਕਰਨ ਲੱਗ ਪਿਆ। ਉਸ ਨੂੰ ਅਧਿਆਤਮਿਕ ਤੌਰ ਤੇ ਚੰਗੀ ਤਰੱਕੀ ਕਰਦੇ ਹੋਏ ਦੇਖ ਕੇ ਅਤੇ ਯਹੋਵਾਹ ਨੂੰ ਆਪਣਾ ਸਮਰਪਣ ਕਰਦੇ ਹੋਏ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ।

ਬੀਮਾਰ ਤੇ ਬਿਰਧ ਮਸੀਹੀਆਂ ਦੀ ਮਦਦ ਕਰਨੀ

ਆਪਣੀ ਪਤਨੀ ਨੂੰ ਬੀਮਾਰੀ ਨਾਲ ਲੰਬੀ ਲੜਾਈ ਲੜਦਿਆਂ ਦੇਖ ਕੇ ਮੈਂ ਬੀਮਾਰ ਤੇ ਬਿਰਧ ਭੈਣ-ਭਰਾਵਾਂ ਦੀਆਂ ਲੋੜਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਗਿਆ ਹਾਂ। ਜਦੋਂ ਵੀ ਸਾਡੇ ਪ੍ਰਕਾਸ਼ਨਾਂ ਵਿਚ ਅਜਿਹੇ ਲੇਖ ਛਪੇ ਜਿਨ੍ਹਾਂ ਵਿਚ ਸਾਨੂੰ ਬੀਮਾਰ ਤੇ ਬਿਰਧ ਵਿਅਕਤੀਆਂ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਤਾਂ ਮੈਂ ਉਨ੍ਹਾਂ ਨੂੰ ਬੜੀ ਦਿਲਚਸਪੀ ਨਾਲ ਪੜ੍ਹਦਾ। ਮੈਂ ਇਨ੍ਹਾਂ ਲੇਖਾਂ ਨੂੰ ਸੰਭਾਲ ਕੇ ਰੱਖਿਆ। ਕੁਝ ਸਾਲਾਂ ਬਾਅਦ ਮੈਂ 100 ਤੋਂ ਜ਼ਿਆਦਾ ਸਫ਼ਿਆਂ ਦਾ ਥੱਬਾ ਇਕੱਠਾ ਕਰ ਲਿਆ ਸੀ। ਇਸ ਵਿਚ ਪਹਿਲਾ ਲੇਖ 15 ਜੁਲਾਈ 1962 ਦੇ ਪਹਿਰਾਬੁਰਜ ਵਿਚ ਛਪਿਆ ਸੀ ਜਿਸ ਦਾ ਵਿਸ਼ਾ ਸੀ “ਬਿਰਧ ਅਤੇ ਬੀਮਾਰ ਲੋਕਾਂ ਦਾ ਧਿਆਨ ਰੱਖੋ।” ਇਨ੍ਹਾਂ ਵਿੱਚੋਂ ਬਹੁਤ ਸਾਰੇ ਲੇਖ ਦੱਸਦੇ ਹਨ ਕਿ ਹਰ ਕਲੀਸਿਯਾ ਨੂੰ ਬੀਮਾਰ ਅਤੇ ਬਿਰਧ ਮਸੀਹੀਆਂ ਦੀ ਵਿਵਸਥਿਤ ਤਰੀਕੇ ਨਾਲ ਮਦਦ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ।—1 ਯੂਹੰਨਾ 3:17, 18.

ਬਜ਼ੁਰਗਾਂ ਨੇ ਉਨ੍ਹਾਂ ਭੈਣ-ਭਰਾਵਾਂ ਦਾ ਇਕ ਗਰੁੱਪ ਬਣਾਇਆ ਜਿਹੜੇ ਸਾਡੀ ਕਲੀਸਿਯਾ ਵਿਚ ਬੀਮਾਰ ਤੇ ਬਿਰਧ ਮਸੀਹੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਸਨ। ਅਸੀਂ ਇਨ੍ਹਾਂ ਸਵੈ-ਸੇਵਕਾਂ ਨੂੰ ਵੱਖਰੀਆਂ-ਵੱਖਰੀਆਂ ਟੀਮਾਂ ਵਿਚ ਵੰਡਿਆ। ਕੁਝ ਸਵੈ-ਸੇਵਕ ਦਿਨ ਵੇਲੇ ਮਦਦ ਕਰ ਸਕਦੇ ਸਨ, ਕਈ ਰਾਤ ਵੇਲੇ ਮਦਦ ਕਰ ਸਕਦੇ ਸਨ, ਕਈ ਆਪਣੀਆਂ ਗੱਡੀਆਂ ਵਿਚ ਲੋੜਵੰਦ ਭੈਣ-ਭਰਾਵਾਂ ਨੂੰ ਲਿਜਾਣ ਤੇ ਲਿਆਉਣ ਵਿਚ ਮਦਦ ਕਰ ਸਕਦੇ ਸਨ ਤੇ ਕਈ 24 ਘੰਟੇ ਮਦਦ ਕਰਨ ਲਈ ਤਿਆਰ ਸਨ। ਇਹ ਆਖ਼ਰੀ ਟੀਮ ਹੰਗਾਮੀ ਹਾਲਤ ਵਿਚ ਫਟਾਫਟ ਮਦਦ ਕਰਨ ਵਾਲੀ ਟੀਮ ਸੀ।

ਇਸ ਪ੍ਰਬੰਧ ਦੇ ਬਹੁਤ ਹੌਸਲਾਦਾਇਕ ਨਤੀਜੇ ਨਿਕਲੇ ਹਨ। ਉਦਾਹਰਣ ਲਈ, ਇਕ ਦਿਨ ਜਦੋਂ ਇਕ ਟੀਮ ਇਕ ਇਕੱਲੀ ਰਹਿੰਦੀ ਬੀਮਾਰ ਭੈਣ ਦੇ ਘਰ ਰੋਜ਼ ਦੀ ਤਰ੍ਹਾਂ ਉਸ ਨੂੰ ਮਿਲਣ ਗਈ, ਤਾਂ ਉਨ੍ਹਾਂ ਦੇਖਿਆ ਕਿ ਉਹ ਭੈਣ ਫਰਸ਼ ਤੇ ਬੇਹੋਸ਼ ਪਈ ਹੋਈ ਸੀ। ਅਸੀਂ ਨੇੜੇ ਰਹਿੰਦੀ ਇਕ ਭੈਣ ਨੂੰ ਇਸ ਦੀ ਇਤਲਾਹ ਦਿੱਤੀ ਜਿਸ ਕੋਲ ਆਪਣੀ ਕਾਰ ਸੀ। ਉਸ ਨੇ ਬੀਮਾਰ ਭੈਣ ਨੂੰ ਸਭ ਤੋਂ ਨੇੜੇ ਦੇ ਹਸਪਤਾਲ ਲਿਜਾਣ ਲਈ ਇੰਨੀ ਤੇਜ਼ ਕਾਰ ਚਲਾਈ ਕਿ ਉਹ ਸਿਰਫ਼ 10 ਮਿੰਟਾਂ ਵਿਚ ਹੀ ਹਸਪਤਾਲ ਪਹੁੰਚ ਗਈ! ਡਾਕਟਰਾਂ ਨੇ ਕਿਹਾ ਕਿ ਇਸ ਨਾਲ ਉਸ ਬੀਮਾਰ ਭੈਣ ਦੀ ਜਾਨ ਬਚ ਗਈ।

ਬੀਮਾਰ ਤੇ ਬੁੱਢੇ ਭੈਣ-ਭਰਾ ਇਨ੍ਹਾਂ ਸਵੈ-ਸੇਵਕਾਂ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਸ ਤੋਂ ਸਵੈ-ਸੇਵਕਾਂ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਸਿਹਤਮੰਦ ਹਾਲਾਤਾਂ ਵਿਚ ਇਨ੍ਹਾਂ ਭੈਣ-ਭਰਾਵਾਂ ਨਾਲ ਰਹਿਣ ਦੀ ਆਸ਼ਾ ਤੋਂ ਦਿਲ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸਵੈ-ਸੇਵਕ ਲਈ ਇਕ ਇਨਾਮ ਇਹ ਵੀ ਹੈ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੀ ਮਦਦ ਨਾਲ ਇਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣੇ ਦੁੱਖਾਂ ਨੂੰ ਸਹਾਰਨ ਦੀ ਹਿੰਮਤ ਮਿਲਦੀ ਹੈ।

ਹੌਸਲਾ ਰੱਖਣ ਦਾ ਫਲ ਮਿਲਿਆ

ਮੈਂ ਹੁਣ ਪਾਈਰੀਅਸ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹਾਂ। ਬਿਰਧ ਉਮਰ ਤੇ ਖ਼ਰਾਬ ਸਿਹਤ ਦੇ ਬਾਵਜੂਦ ਵੀ ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਅਜੇ ਵੀ ਕਲੀਸਿਯਾ ਦੇ ਕੰਮਾਂ ਵਿਚ ਸਰਗਰਮੀ ਨਾਲ ਹਿੱਸਾ ਲੈ ਸਕਦਾ ਹਾਂ।

ਸਾਲਾਂ ਦੌਰਾਨ ਮੁਸ਼ਕਲ ਹਾਲਾਤਾਂ, ਔਖੀਆਂ ਚੁਣੌਤੀਆਂ ਅਤੇ ਅਣਕਿਆਸੀਆਂ ਘਟਨਾਵਾਂ ਦਾ ਸਾਮ੍ਹਣਾ ਕਰਨ ਲਈ ਬਹੁਤ ਜ਼ਿਆਦਾ ਹੌਸਲੇ ਅਤੇ ਦ੍ਰਿੜ੍ਹਤਾ ਦੀ ਲੋੜ ਪਈ ਹੈ। ਪਰ ਯਹੋਵਾਹ ਨੇ ਮੈਨੂੰ ਇਨ੍ਹਾਂ ਸਮੱਸਿਆਵਾਂ ਨੂੰ ਸਹਾਰਨ ਲਈ ਹਮੇਸ਼ਾ ਬਲ ਦਿੱਤਾ ਹੈ। ਵਾਰ-ਵਾਰ ਮੈਂ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਦੇਖਿਆ ਹੈ: “ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ। ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।”—ਜ਼ਬੂਰ 94:18, 19.

[ਸਫ਼ੇ 25 ਉੱਤੇ ਤਸਵੀਰ]

ਸਾਲ 1957 ਵਿਚ ਆਪਣੀ ਪਤਨੀ ਐਲੇਨੀ ਨਾਲ ਉਸ ਦੇ ਦੂਜੇ ਓਪਰੇਸ਼ਨ ਤੋਂ ਬਾਅਦ

[ਸਫ਼ੇ 26 ਉੱਤੇ ਤਸਵੀਰ]

ਸਾਲ 1969 ਵਿਚ ਨਰਮਬਰਗ, ਜਰਮਨੀ ਵਿਚ ਇਕ ਜ਼ਿਲ੍ਹਾ ਸੰਮੇਲਨ ਵਿਚ

[ਸਫ਼ੇ 28 ਉੱਤੇ ਤਸਵੀਰ]

ਉਨ੍ਹਾਂ ਭੈਣਾਂ-ਭਰਾਵਾਂ ਦਾ ਗਰੁੱਪ ਜਿਨ੍ਹਾਂ ਨੇ ਬੀਮਾਰਾਂ ਅਤੇ ਬਿਰਧਾਂ ਦੀ ਮਦਦ ਕੀਤੀ