Skip to content

Skip to table of contents

ਸਫ਼ਾਈ—ਇਸ ਦਾ ਅਸਲੀ ਮਤਲਬ ਕੀ ਹੈ?

ਸਫ਼ਾਈ—ਇਸ ਦਾ ਅਸਲੀ ਮਤਲਬ ਕੀ ਹੈ?

ਸਫ਼ਾਈ​—ਇਸ ਦਾ ਅਸਲੀ ਮਤਲਬ ਕੀ ਹੈ?

ਅਠਾਰਵੀਂ ਅਤੇ ਉੱਨੀਵੀਂ ਸਦੀ ਦੌਰਾਨ ਯੂਰਪ ਤੇ ਅਮਰੀਕਾ ਵਿਚ ਲੋਕ ਬਹੁਤ ਹੀ ਗੰਦੇ ਮਾਹੌਲ ਵਿਚ ਜੀ ਰਹੇ ਸਨ। ਇਸ ਲਈ ਉਸ ਸਮੇਂ ਦੇ ਮਿਸ਼ਨਰੀਆਂ ਨੇ ਜਿਸ ਗੱਲ ਦਾ ਪ੍ਰਚਾਰ ਕੀਤਾ ਸੀ ਉਸ ਨੂੰ “ਸਫ਼ਾਈ ਦਾ ਸਿਧਾਂਤ” ਕਿਹਾ ਜਾ ਸਕਦਾ ਹੈ। ਇਸ ਸਿਧਾਂਤ ਦੇ ਮੁਤਾਬਕ ਗੰਦਗੀ ਪਾਪ ਦੇ ਬਰਾਬਰ ਸੀ, ਜਦ ਕਿ ਸਫ਼ਾਈ ਬਾਰੇ ਕਿਹਾ ਗਿਆ ਸੀ ਕਿ ਇਹ ਇਕ ਵਿਅਕਤੀ ਨੂੰ ਪਰਮੇਸ਼ੁਰ ਦੇ ਨੇੜੇ ਲਿਆਉਂਦੀ ਹੈ। ਸ਼ਾਇਦ ਇਸੇ ਕਰਕੇ ਇਹ ਕਹਾਵਤ ਮਸ਼ਹੂਰ ਹੋਈ ਕਿ “ਸਫ਼ਾਈ ਭਗਤੀ ਦਾ ਦੂਜਾ ਰੂਪ ਹੈ।”

ਵਿਲੀਅਮ ਅਤੇ ਕੈਥਰੀਨ ਬੂਥ ਵੱਲੋਂ ਸਥਾਪਿਤ ਕੀਤਾ ਗਿਆ ਸਾਲਵੇਸ਼ਨ ਆਰਮੀ ਚਰਚ ਵੀ ਇਸ ਗੱਲ ਵਿਚ ਵਿਸ਼ਵਾਸ ਕਰਦਾ ਸੀ। ਈਸਾਈ ਪਰੰਪਰਾ ਵਿਚ ਸਿਹਤ ਅਤੇ ਦਵਾਈ (ਅੰਗ੍ਰੇਜ਼ੀ) ਨਾਮਕ ਕਿਤਾਬ ਮੁਤਾਬਕ ਉਨ੍ਹਾਂ ਦਾ ਪਹਿਲਾ ਨਾਅਰਾ ਸੀ: “ਸੂਪ, ਸਾਬਣ ਅਤੇ ਮੁਕਤੀ।” ਫਿਰ ਜਦੋਂ ਲੂਈ ਪਾਸਟਰ ਅਤੇ ਹੋਰ ਲੋਕਾਂ ਨੇ ਇਹ ਸਾਬਤ ਕੀਤਾ ਕਿ ਬੀਮਾਰੀਆਂ ਦਾ ਸਿੱਧਾ ਸੰਬੰਧ ਬੈਕਟੀਰੀਆ ਨਾਲ ਹੈ, ਤਾਂ ਇਸ ਵਿਗਿਆਨਕ ਆਧਾਰ ਤੇ ਲੋਕਾਂ ਨੂੰ ਜਨਤਕ-ਸਿਹਤ ਸੰਬੰਧੀ ਬਿਹਤਰ ਯੋਜਨਾਵਾਂ ਬਣਾਉਣ ਦੀ ਪ੍ਰੇਰਣਾ ਮਿਲੀ।

ਇਸ ਲਈ ਕੁਝ ਫੌਰੀ ਕਦਮ ਚੁੱਕੇ ਗਏ। ਉਦਾਹਰਣ ਲਈ, ਅਦਾਲਤ ਵਿਚ ਬਾਈਬਲ ਨੂੰ ਚੁੰਮ ਕੇ ਸਹੁੰ ਚੁੱਕਣ ਦੀ ਪ੍ਰਥਾ ਅਤੇ ਸਕੂਲਾਂ ਅਤੇ ਰੇਲਵੇ ਸਟੇਸ਼ਨਾਂ ਤੇ ਇੱਕੋ ਗਲਾਸ ਵਿਚ ਪਾਣੀ ਪੀਣ ਦੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਗਿਆ। ਚਰਚ ਦੀਆਂ ਧਾਰਮਿਕ ਸਭਾਵਾਂ ਵਿਚ ਵੀ ਇਹ ਜਤਨ ਕੀਤੇ ਗਏ ਸਨ ਕਿ ਇਕ ਪਿਆਲਾ ਵਰਤਣ ਦੀ ਬਜਾਇ ਸਾਰਿਆਂ ਲਈ ਅਲੱਗ-ਅਲੱਗ ਪਿਆਲੇ ਵਰਤੇ ਜਾਣ। ਜੀ ਹਾਂ, ਸ਼ੁਰੂ ਵਿਚ ਜ਼ਿਕਰ ਕੀਤੇ ਮਿਸ਼ਨਰੀਆਂ ਨੇ ਸਫ਼ਾਈ ਪ੍ਰਤੀ ਲੋਕਾਂ ਦੇ ਰਵੱਈਏ ਨੂੰ ਬਦਲਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਇੰਨੀ ਸਫ਼ਲਤਾ ਕਿ ਇਕ ਲੇਖਕ ਨੇ ਇਸ ਨੂੰ “ਸਫ਼ਾਈ ਪ੍ਰਤੀ ਡਾਢਾ ਜੋਸ਼” ਕਿਹਾ ਸੀ।

ਪਰ ਇਹ “ਸਫ਼ਾਈ ਪ੍ਰਤੀ ਡਾਢਾ ਜੋਸ਼” ਸਿਰਫ਼ ਦਿਖਾਵਾ ਹੀ ਸੀ। ਛੇਤੀ ਹੀ ਚਲਾਕ ਵਪਾਰੀਆਂ ਨੇ ਆਮ ਸਾਬਣ ਨੂੰ ਸੁੰਦਰਤਾ ਦਾ ਰਾਜ਼ ਕਹਿਣਾ ਸ਼ੁਰੂ ਕਰ ਦਿੱਤਾ। ਬਹੁਤ ਚਲਾਕੀ ਨਾਲ ਬਣਾਏ ਗਏ ਵਿਗਿਆਪਨਾਂ ਨੂੰ ਦੇਖ ਕੇ ਲੋਕ ਵਿਸ਼ਵਾਸ ਕਰਨ ਲੱਗ ਪਏ ਕਿ ਕਿਸੇ ਖ਼ਾਸ ਸਾਬਣ ਨੂੰ ਇਸਤੇਮਾਲ ਕਰਨ ਨਾਲ ਸਮਾਜ ਵਿਚ ਉਨ੍ਹਾਂ ਦੀ ਹੈਸੀਅਤ ਵਧੇਗੀ ਤੇ ਦੂਜੇ ਲੋਕ ਉਨ੍ਹਾਂ ਤੋਂ ਜਲਣਗੇ। ਟੈਲੀਵਿਯਨ ਵੀ ਇਸ ਝੂਠ ਨੂੰ ਸ਼ਹਿ ਦਿੰਦਾ ਹੈ। ਪਰ ਵਿਗਿਆਪਨਾਂ ਅਤੇ ਨਾਟਕਾਂ ਵਿਚ ਜਿਨ੍ਹਾਂ ਸਫ਼ਲ ਤੇ ਠਾਠ-ਬਾਠ ਵਾਲੇ ਲੋਕਾਂ ਨੂੰ ਦਿਖਾਇਆ ਜਾਂਦਾ ਹੈ, ਉਨ੍ਹਾਂ ਨੂੰ ਕਦੇ ਵੀ ਆਪਣੇ ਘਰ ਦੀ ਸਫ਼ਾਈ ਕਰਦੇ, ਵਿਹੜੇ ਵਿਚ ਝਾੜੂ ਫੇਰਦੇ, ਕੂੜਾ-ਕਰਕਟ ਚੁੱਕਦੇ ਜਾਂ ਆਪਣੇ ਕੁੱਤੇ-ਬਿੱਲੀਆਂ ਦਾ ਗੰਦ ਸਾਫ਼ ਕਰਦੇ ਨਹੀਂ ਦੇਖਿਆ ਜਾਂਦਾ।

ਕੁਝ ਲੋਕ ਤਰਕ ਕਰਦੇ ਹਨ ਕਿ ਨੌਕਰੀ ਕਰਨ ਨਾਲ ਉਨ੍ਹਾਂ ਨੂੰ ਘਰ ਚਲਾਉਣ ਲਈ ਪੈਸੇ ਮਿਲਦੇ ਹਨ ਜਦੋਂ ਕਿ ਘਰ ਦਾ ਕੰਮ-ਕਾਜ ਕਰਨ ਜਾਂ ਘਰ ਦੀ ਸਫ਼ਾਈ ਕਰਨ ਨਾਲ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਦਾ। ਇਸ ਲਈ ਉਹ ਕਹਿੰਦੇ ਹਨ ਕਿ ਜਦੋਂ ਕੋਈ ਫ਼ਾਇਦਾ ਹੀ ਨਹੀਂ ਹੁੰਦਾ, ਤਾਂ ਅਸੀਂ ਕਿਉਂ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕਰੀਏ? ਇਸ ਦਾ ਇਕ ਨਤੀਜਾ ਇਹ ਨਿਕਲਿਆ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਸਫ਼ਾਈ ਦਾ ਮਤਲਬ ਹੈ ਆਪਣੇ ਆਪ ਨੂੰ ਸਾਫ਼ ਰੱਖਣਾ।

ਸਫ਼ਾਈ ਬਾਰੇ ਪਰਮੇਸ਼ੁਰ ਦਾ ਨਜ਼ਰੀਆ

ਇਸ ਵਿਚ ਕੋਈ ਸ਼ੱਕ ਨਹੀਂ ਕਿ 18ਵੀਂ ਤੇ 19ਵੀਂ ਸਦੀ ਵਿਚ ਮਿਸ਼ਨਰੀਆਂ ਵੱਲੋਂ ਦਿੱਤੀ ਸਿੱਖਿਆ ਨੇ ਲੋਕਾਂ ਦੇ ਰਹਿਣ-ਸਹਿਣ ਦੇ ਢੰਗ ਨੂੰ ਸੁਧਾਰਨ ਵਿਚ ਮਦਦ ਕੀਤੀ ਸੀ। ਅਤੇ ਇਹ ਠੀਕ ਵੀ ਸੀ ਕਿਉਂਕਿ ਯਹੋਵਾਹ ਇਕ ਪਵਿੱਤਰ ਅਤੇ ਸਫ਼ਾਈ-ਪਸੰਦ ਪਰਮੇਸ਼ੁਰ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਹਰ ਤਰ੍ਹਾਂ ਨਾਲ ਪਵਿੱਤਰ ਅਤੇ ਸਾਫ਼-ਸੁਥਰੇ ਰਹਿ ਕੇ ਆਪਣੇ ਆਪ ਨੂੰ ਲਾਭ ਪਹੁੰਚਾ ਸਕਦੇ ਹਾਂ।—ਯਸਾਯਾਹ 48:17; 1 ਪਤਰਸ 1:15.

ਸਫ਼ਾਈ ਦੇ ਮਾਮਲੇ ਵਿਚ ਯਹੋਵਾਹ ਇਕ ਵਧੀਆ ਮਿਸਾਲ ਹੈ। ਸਫ਼ਾਈ ਅਤੇ ਉਸ ਦੇ ਦੂਜੇ ਗੁਣਾਂ ਨੂੰ ਉਸ ਦੀ ਸ੍ਰਿਸ਼ਟੀ ਵਿਚ ਸਾਫ਼ ਦੇਖਿਆ ਜਾ ਸਕਦਾ ਹੈ। (ਰੋਮੀਆਂ 1:20) ਅਸੀਂ ਦੇਖ ਸਕਦੇ ਹਾਂ ਕਿ ਸ੍ਰਿਸ਼ਟੀ ਪ੍ਰਦੂਸ਼ਣ ਨਹੀਂ ਫੈਲਾਉਂਦੀ। ਧਰਤੀ ਇਕ ਅਜੂਬਾ ਹੈ ਜਿਸ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਜੀਵਨ ਜੀਉਣ ਲਈ ਬਣਾਇਆ ਗਿਆ ਹੈ। ਧਰਤੀ ਉੱਤੇ ਬਹੁਤ ਸਾਰੇ ਕੁਦਰਤੀ ਚੱਕਰ ਹਨ ਜੋ ਧਰਤੀ ਨੂੰ ਸਾਫ਼-ਸੁਥਰਾ ਰੱਖਦੇ ਹਨ। ਅਜਿਹੀ ਸਾਫ਼-ਸੁਥਰੀ ਰਚਨਾ ਸਿਰਫ਼ ਸਾਫ਼-ਸੁਥਰੇ ਮਨ ਵਾਲਾ ਰਚਣਹਾਰ ਹੀ ਕਰ ਸਕਦਾ ਹੈ। ਇਸ ਲਈ ਇਸ ਤੋਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਪਰਮੇਸ਼ੁਰ ਦੇ ਸੇਵਕਾਂ ਨੂੰ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਸਾਫ਼-ਸੁਥਰੇ ਹੋਣਾ ਚਾਹੀਦਾ ਹੈ।

ਸਫ਼ਾਈ ਦੇ ਚਾਰ ਪਹਿਲੂ

ਬਾਈਬਲ ਉਨ੍ਹਾਂ ਚਾਰ ਪਹਿਲੂਆਂ ਬਾਰੇ ਦੱਸਦੀ ਹੈ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੂੰ ਸਫ਼ਾਈ ਰੱਖਣੀ ਚਾਹੀਦੀ ਹੈ। ਆਓ ਆਪਾਂ ਹਰ ਪਹਿਲੂ ਉੱਤੇ ਗੌਰ ਕਰੀਏ।

ਅਧਿਆਤਮਿਕ। ਇਸ ਨੂੰ ਸਫ਼ਾਈ ਦਾ ਸਭ ਤੋਂ ਅਹਿਮ ਪਹਿਲੂ ਵਿਚਾਰਿਆ ਜਾ ਸਕਦਾ ਹੈ ਕਿਉਂਕਿ ਇਕ ਵਿਅਕਤੀ ਦੀ ਸਦੀਪਕ ਜ਼ਿੰਦਗੀ ਇਸ ਉੱਤੇ ਨਿਰਭਰ ਕਰਦੀ ਹੈ। ਪਰ ਸਫ਼ਾਈ ਦੇ ਇਸ ਪਹਿਲੂ ਨੂੰ ਅਕਸਰ ਸਭ ਤੋਂ ਜ਼ਿਆਦਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸਾਫ਼ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਅਧਿਆਤਮਿਕ ਤੌਰ ਤੇ ਸਾਫ਼ ਰਹਿਣ ਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਸੱਚੀ ਅਤੇ ਝੂਠੀ ਭਗਤੀ ਵਿਚਕਾਰ ਜਿਹੜੀ ਹੱਦ ਠਹਿਰਾਈ ਹੈ ਉਸ ਨੂੰ ਕਦੇ ਵੀ ਪਾਰ ਨਾ ਕਰਨਾ ਕਿਉਂਕਿ ਪਰਮੇਸ਼ੁਰ ਦੀ ਨਜ਼ਰ ਵਿਚ ਹਰ ਤਰ੍ਹਾਂ ਦੀ ਝੂਠੀ ਭਗਤੀ ਅਸ਼ੁੱਧ ਹੈ। ਪੌਲੁਸ ਰਸੂਲ ਨੇ ਲਿਖਿਆ: “ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” (2 ਕੁਰਿੰਥੀਆਂ 6:17) ਇਸ ਮਾਮਲੇ ਵਿਚ ਚੇਲੇ ਯਾਕੂਬ ਨੇ ਵੀ ਸਾਫ਼ ਕਿਹਾ ਸੀ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ . . . ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।”—ਯਾਕੂਬ 1:27.

ਪਰਮੇਸ਼ੁਰ ਨੇ ਸਾਫ਼ ਦਿਖਾਇਆ ਕਿ ਉਹ ਸੱਚੀ ਭਗਤੀ ਵਿਚ ਕਿਸੇ ਵੀ ਤਰ੍ਹਾਂ ਦੀ ਝੂਠੀ ਭਗਤੀ ਨੂੰ ਸਹਿਣ ਨਹੀਂ ਕਰਦਾ। ਝੂਠੀ ਭਗਤੀ ਵਿਚ ਅਕਸਰ ਗੰਦੇ ਕੰਮ ਕੀਤੇ ਜਾਂਦੇ ਹਨ ਅਤੇ ਘਿਣਾਉਣੀਆਂ ਮੂਰਤੀਆਂ ਤੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। (ਯਿਰਮਿਯਾਹ 32:35) ਇਸ ਲਈ, ਸੱਚੇ ਮਸੀਹੀਆਂ ਨੂੰ ਹਰ ਤਰ੍ਹਾਂ ਦੀ ਅਸ਼ੁੱਧ ਭਗਤੀ ਵਿਚ ਸ਼ਾਮਲ ਹੋਣ ਤੋਂ ਪਰੇ ਰਹਿਣ ਲਈ ਕਿਹਾ ਗਿਆ ਹੈ।—1 ਕੁਰਿੰਥੀਆਂ 10:20, 21; ਪਰਕਾਸ਼ ਦੀ ਪੋਥੀ 18:4.

ਨੈਤਿਕ। ਇਸ ਪਹਿਲੂ ਵਿਚ ਵੀ ਪਰਮੇਸ਼ੁਰ ਨੇ ਸ਼ੁੱਧ ਅਤੇ ਅਸ਼ੁੱਧ ਵਿਚ ਸਾਫ਼ ਹੱਦ ਠਹਿਰਾਈ ਹੈ। ਅੱਜ ਸਾਰਾ ਸੰਸਾਰ ਇਸ ਤਰ੍ਹਾਂ ਦਾ ਹੋ ਗਿਆ ਹੈ ਜਿਵੇਂ ਅਫ਼ਸੀਆਂ 4:17-19 ਵਿਚ ਦੱਸਿਆ ਗਿਆ ਹੈ: “ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ . . . ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ। ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।” ਅਜਿਹੀ ਅਨੈਤਿਕ ਸੋਚਣੀ ਕਈ ਕੰਮਾਂ ਦੁਆਰਾ ਦਿਖਾਈ ਦਿੰਦੀ ਹੈ। ਕੁਝ ਕੰਮ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ, ਪਰ ਕੁਝ ਇੰਨੀ ਆਸਾਨੀ ਨਾਲ ਪਛਾਣੇ ਨਹੀਂ ਜਾਂਦੇ। ਇਸ ਲਈ ਮਸੀਹੀਆਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ।

ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਲੋਕ ਜਾਣਦੇ ਹਨ ਕਿ ਵੇਸਵਾਪੁਣਾ, ਸਮਲਿੰਗਕਾਮੁਕਤਾ, ਵਿਆਹ ਤੋਂ ਪਹਿਲਾਂ ਲਿੰਗੀ ਸੰਬੰਧ ਰੱਖਣ ਅਤੇ ਅਸ਼ਲੀਲ ਸਾਹਿੱਤ ਪੜ੍ਹਨ ਨਾਲ ਯਹੋਵਾਹ ਦੇ ਨੈਤਿਕ ਸ਼ੁੱਧਤਾ ਦੇ ਮਿਆਰ ਦੀ ਉਲੰਘਣਾ ਹੁੰਦੀ ਹੈ। ਪਰ ਅਜਿਹੇ ਗੰਦੇ ਕੰਮਾਂ ਦੇ ਕਈ ਗੁੱਝੇ ਰੂਪ ਅੱਜ ਮਨੋਰੰਜਨ ਅਤੇ ਫ਼ੈਸ਼ਨ ਦੀ ਦੁਨੀਆਂ ਵਿਚ ਆਮ ਦੇਖਣ ਨੂੰ ਮਿਲਦੇ ਹਨ। ਇਸ ਲਈ ਮਸੀਹੀਆਂ ਨੂੰ ਅਜਿਹੇ ਕੰਮਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ। ਮਸੀਹੀ ਸਭਾਵਾਂ ਜਾਂ ਪਾਰਟੀਆਂ ਵਿਚ ਅਸ਼ਲੀਲ ਕੱਪੜੇ ਪਾ ਕੇ ਜਾਣਾ ਨੈਤਿਕ ਸ਼ੁੱਧਤਾ ਦੀ ਘਾਟ ਦਿਖਾਉਂਦਾ ਹੈ ਕਿਉਂਕਿ ਅਜਿਹੇ ਕੱਪੜਿਆਂ ਨਾਲ ਲੋਕਾਂ ਦਾ ਧਿਆਨ ਖਾਹਮਖਾਹ ਸਰੀਰ ਵੱਲ ਖਿੱਚਿਆ ਜਾਂਦਾ ਹੈ। ਮਸੀਹੀ ਕਲੀਸਿਯਾ ਵਿਚ ਗੰਦੀ ਦੁਨਿਆਵੀ ਸੋਚ ਲਿਆਉਣ ਤੋਂ ਇਲਾਵਾ, ਇਸ ਤਰ੍ਹਾਂ ਦੇ ਕੱਪੜੇ ਪਾਉਣ ਨਾਲ ਦੂਜਿਆਂ ਦੇ ਮਨਾਂ ਵਿਚ ਗੰਦੇ ਵਿਚਾਰ ਵੀ ਆ ਸਕਦੇ ਹਨ। ਇਸ ਪਹਿਲੂ ਵਿਚ ਮਸੀਹੀਆਂ ਨੂੰ ‘ਉੱਪਰਲੀ ਬੁੱਧ’ ਦਿਖਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ।—ਯਾਕੂਬ 3:17.

ਮਾਨਸਿਕ। ਸਾਨੂੰ ਆਪਣੇ ਦਿਮਾਗ਼ ਵਿਚ ਗੰਦੇ ਵਿਚਾਰ ਨਹੀਂ ਲਿਆਉਣੇ ਚਾਹੀਦੇ। ਯਿਸੂ ਨੇ ਗੰਦੀ ਸੋਚਣੀ ਖ਼ਿਲਾਫ਼ ਚੇਤਾਵਨੀ ਦਿੱਤੀ ਸੀ ਜਦੋਂ ਉਸ ਨੇ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28; ਮਰਕੁਸ 7:20-23) ਇਹ ਸ਼ਬਦ ਅਸ਼ਲੀਲ ਤਸਵੀਰਾਂ ਤੇ ਫਿਲਮਾਂ ਦੇਖਣ, ਅਸ਼ਲੀਲ ਕੰਮਾਂ ਬਾਰੇ ਪੜ੍ਹਨ ਅਤੇ ਗੀਤਾਂ ਦੇ ਅਸ਼ਲੀਲ ਬੋਲਾਂ ਨੂੰ ਸੁਣਨ ਉੱਤੇ ਵੀ ਲਾਗੂ ਹੁੰਦੇ ਹਨ। ਇਸ ਲਈ ਮਸੀਹੀਆਂ ਨੂੰ ਗੰਦੇ ਵਿਚਾਰਾਂ ਨਾਲ ਆਪਣੇ ਮਨ ਨੂੰ ਮੈਲਾ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਸਾਡੀ ਬੋਲੀ ਅਤੇ ਸਾਡੇ ਕੰਮਾਂ ਉੱਤੇ ਅਨੈਤਿਕ ਪ੍ਰਭਾਵ ਪਾ ਸਕਦੇ ਹਨ।—ਮੱਤੀ 12:34; 15:18.

ਸਰੀਰਕ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਵਿੱਤਰਤਾ ਅਤੇ ਸਰੀਰਕ ਸਫ਼ਾਈ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਉਦਾਹਰਣ ਲਈ, ਪੌਲੁਸ ਨੇ ਲਿਖਿਆ: “ਹੇ ਪਿਆਰਿਓ, . . . ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” (2 ਕੁਰਿੰਥੀਆਂ 7:1) ਇਸ ਲਈ, ਸੱਚੇ ਮਸੀਹੀਆਂ ਨੂੰ ਆਪਣੇ ਹਾਲਾਤਾਂ ਮੁਤਾਬਕ ਜਿੰਨਾ ਹੋ ਸਕੇ ਆਪਣਾ ਸਰੀਰ, ਘਰ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਇੱਥੋਂ ਤਕ ਕਿ ਜਿਨ੍ਹਾਂ ਥਾਵਾਂ ਤੇ ਕੱਪੜੇ ਧੋਣ ਜਾਂ ਨਹਾਉਣ ਲਈ ਪਾਣੀ ਦੀ ਘਾਟ ਹੈ, ਉੱਥੇ ਵੀ ਮਸੀਹੀਆਂ ਨੂੰ ਸਾਫ਼-ਸਫ਼ਾਈ ਰੱਖਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਰੀਰਕ ਸਫ਼ਾਈ ਦਾ ਇਹ ਵੀ ਮਤਲਬ ਹੈ ਕਿ ਅਸੀਂ ਤਮਾਖੂ ਦੀ ਵਰਤੋਂ, ਹੱਦੋਂ ਵੱਧ ਸ਼ਰਾਬ ਪੀਣ ਅਤੇ ਨਸ਼ੀਲੇ ਪਦਾਰਥਾਂ ਦਾ ਅਮਲ ਕਰਨ ਤੋਂ ਦੂਰ ਰਹਾਂਗੇ ਜੋ ਸਾਡੇ ਸਰੀਰ ਨੂੰ ਗੰਦਾ ਕਰਦੇ ਅਤੇ ਨੁਕਸਾਨ ਪਹੁੰਚਾਉਂਦੇ ਹਨ। ਸਰੇਸ਼ਟ ਗੀਤ ਵਿਚ ਜ਼ਿਕਰ ਕੀਤੇ ਚਰਵਾਹੇ ਨੇ ਸ਼ੂਲੰਮੀਥ ਕੁੜੀ ਦੇ ਕੱਪੜਿਆਂ ਦੀ ਸੋਹਣੀ ਸੁਗੰਧ ਦੀ ਪ੍ਰਸ਼ੰਸਾ ਕੀਤੀ ਸੀ। (ਸਰੇਸ਼ਟ ਗੀਤ 4:11) ਆਪਣੇ ਆਪ ਨੂੰ ਸਾਫ਼ ਰੱਖਣ ਨਾਲ ਅਸੀਂ ਦੂਜਿਆਂ ਪ੍ਰਤੀ ਪਿਆਰ ਦਿਖਾਉਂਦੇ ਹਾਂ ਕਿਉਂਕਿ ਫਿਰ ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸਾਡੀ ਬਦਬੂ ਤੋਂ ਪਰੇਸ਼ਾਨੀ ਨਹੀਂ ਹੋਵੇਗੀ। ਸੈਂਟ ਦੀ ਖ਼ੁਸ਼ਬੂ ਸੋਹਣੀ ਹੋ ਸਕਦੀ ਹੈ, ਪਰ ਇਹ ਹਰ ਰੋਜ਼ ਨਹਾਉਣ ਤੇ ਸਾਫ਼-ਸੁਥਰੇ ਕੱਪੜਿਆਂ ਦੀ ਥਾਂ ਨਹੀਂ ਲੈ ਸਕਦਾ।

ਸੰਤੁਲਿਤ ਨਜ਼ਰੀਆ ਰੱਖਣਾ

ਜਦੋਂ ਸਰੀਰਕ ਸਫ਼ਾਈ ਦੀ ਗੱਲ ਆਉਂਦੀ ਹੈ, ਤਾਂ ਲੋਕ ਆਪਣੀਆਂ ਹੱਦਾਂ ਪਾਰ ਕਰ ਸਕਦੇ ਹਨ। ਇਕ ਪਾਸੇ, ਸਫ਼ਾਈ ਪ੍ਰਤੀ ਬਹੁਤ ਜ਼ਿਆਦਾ ਫ਼ਿਕਰਮੰਦ ਹੋਣ ਨਾਲ ਅਸੀਂ ਆਪਣੇ ਜੀਉਣ ਦੇ ਆਨੰਦ ਨੂੰ ਗੁਆ ਸਕਦੇ ਹਾਂ। ਇਸ ਵਿਚ ਸਾਡਾ ਬਹੁਮੁੱਲਾ ਸਮਾਂ ਵੀ ਬਰਬਾਦ ਹੋ ਸਕਦਾ ਹੈ। ਦੂਜੇ ਪਾਸੇ, ਜੇ ਸਾਡਾ ਘਰ ਗੰਦਾ ਅਤੇ ਬੁਰੀ ਹਾਲਤ ਵਿਚ ਹੋਵੇ, ਤਾਂ ਇਸ ਦੀ ਮੁਰੰਮਤ ਕਰਾਉਣੀ ਮਹਿੰਗੀ ਪੈ ਸਕਦੀ ਹੈ। ਇਨ੍ਹਾਂ ਦੋਨਾਂ ਹੱਦਾਂ ਨੂੰ ਪਾਰ ਕਰਨ ਦੀ ਬਜਾਇ ਸਾਨੂੰ ਇਕ ਸੰਤੁਲਿਤ ਨਜ਼ਰੀਆ ਰੱਖਦੇ ਹੋਏ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।

ਆਪਣੇ ਘਰ ਨੂੰ ਸਾਦਾ ਰੱਖੋ। ਘਰਾਂ ਜਾਂ ਕਮਰਿਆਂ ਵਿਚ ਸਮਾਨ ਇੱਧਰ-ਉੱਧਰ ਖਿੱਲਰਿਆ ਹੋਣ ਕਰਕੇ ਇਨ੍ਹਾਂ ਨੂੰ ਸਾਫ਼ ਕਰਨਾ ਬੜਾ ਮੁਸ਼ਕਲ ਹੁੰਦਾ ਹੈ ਤੇ ਧੂੜ-ਮਿੱਟੀ ਕੱਢਣੀ ਆਸਾਨ ਨਹੀਂ ਹੁੰਦੀ। ਛੋਟੇ ਤੇ ਸਾਦੇ ਘਰਾਂ ਨੂੰ ਛੇਤੀ ਸਾਫ਼ ਕੀਤਾ ਜਾ ਸਕਦਾ ਹੈ। ਬਾਈਬਲ ਵਿਚ ਸਾਦਾ ਜੀਵਨ ਜੀਉਣ ਦੀ ਇਹ ਸਲਾਹ ਦਿੱਤੀ ਗਈ ਹੈ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:8.

ਹਰ ਚੀਜ਼ ਸਹੀ ਥਾਂ ਤੇ ਰੱਖੋ। ਘਰ ਨੂੰ ਸਾਫ਼ ਰੱਖਣਾ ਘਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ। ਜਿਹੜੇ ਲੋਕ ਆਪਣੇ ਕਮਰਿਆਂ ਵਿਚ ਪਏ ਖਿਲਾਰੇ ਨੂੰ ਨਹੀਂ ਸਾਂਭਦੇ, ਹੌਲੀ-ਹੌਲੀ ਉਨ੍ਹਾਂ ਦੇ ਸਾਰੇ ਘਰ ਵਿਚ ਖਿਲਾਰਾ ਪੈ ਜਾਂਦਾ ਹੈ। ਖਿਲਾਰਾ ਸਾਂਭਣ ਦਾ ਮਤਲਬ ਹੈ ਕਿ ਹਰ ਚੀਜ਼ ਆਪਣੀ ਥਾਂ ਤੇ ਰੱਖਣੀ। ਉਦਾਹਰਣ ਵਜੋਂ, ਗੰਦੇ ਕੱਪੜੇ ਲਾਹ ਕੇ ਫ਼ਰਸ਼ ਤੇ ਨਹੀਂ ਸੁੱਟਣੇ ਚਾਹੀਦੇ। ਅਤੇ ਇੱਧਰ-ਉੱਧਰ ਖਿੱਲਰੇ ਪਏ ਖਿਡੌਣੇ ਅਤੇ ਔਜ਼ਾਰ ਖ਼ਤਰਨਾਕ ਸਾਬਤ ਹੋ ਸਕਦੇ ਹਨ। ਘਰ ਵਿਚ ਬਹੁਤ ਸਾਰੀਆਂ ਦੁਰਘਟਨਾਵਾਂ ਇੱਧਰ-ਉੱਧਰ ਚੀਜ਼ਾਂ ਖਿਲਾਰਨ ਦੀਆਂ ਆਦਤਾਂ ਕਾਰਨ ਹੁੰਦੀਆਂ ਹਨ।

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਫ਼ਾਈ ਤੇ ਮਸੀਹੀ ਜੀਵਨ ਦਾ ਆਪਸ ਵਿਚ ਅਟੁੱਟ ਰਿਸ਼ਤਾ ਹੈ। ਯਸਾਯਾਹ ਨਬੀ ਨੇ ਕਿਹਾ ਕਿ ਪਰਮੇਸ਼ੁਰੀ ਜੀਵਨ ਦਾ ਰਾਹ “ਪਵਿੱਤ੍ਰ ਰਾਹ” ਹੈ। ਅੱਗੋਂ ਉਸ ਨੇ ਇਹ ਸੰਜੀਦਾ ਗੱਲ ਕਹੀ ਕਿ “ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ।” (ਯਸਾਯਾਹ 35:8) ਜੀ ਹਾਂ, ਸਫ਼ਾਈ ਰੱਖਣ ਦੀਆਂ ਚੰਗੀਆਂ ਆਦਤਾਂ ਪਾਉਣ ਨਾਲ ਅਸੀਂ ਪਰਮੇਸ਼ੁਰ ਦੇ ਵਾਅਦੇ ਵਿਚ ਆਪਣੇ ਵਿਸ਼ਵਾਸ ਦਾ ਪੱਕਾ ਸਬੂਤ ਦਿੰਦੇ ਹਾਂ ਕਿ ਉਹ ਜਲਦੀ ਹੀ ਇਸ ਧਰਤੀ ਨੂੰ ਸਾਫ਼-ਸੁਥਰੇ ਫਿਰਦੌਸ ਵਿਚ ਬਦਲ ਦੇਵੇਗਾ। ਫਿਰ ਇਸ ਸੋਹਣੀ ਧਰਤੀ ਦੇ ਹਰ ਹਿੱਸੇ ਵਿਚ ਸਾਰੇ ਲੋਕ ਯਹੋਵਾਹ ਪਰਮੇਸ਼ੁਰ ਦੇ ਸਫ਼ਾਈ ਸੰਬੰਧੀ ਖਰੇ ਮਿਆਰਾਂ ਉੱਤੇ ਪੂਰੀ ਤਰ੍ਹਾਂ ਚੱਲ ਕੇ ਉਸ ਦੀ ਮਹਿਮਾ ਕਰਨਗੇ।—ਪਰਕਾਸ਼ ਦੀ ਪੋਥੀ 7:9.

[ਸਫ਼ੇ 6 ਉੱਤੇ ਤਸਵੀਰ]

ਘਰ ਨੂੰ ਸਾਫ਼ ਰੱਖਣਾ ਘਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ

[ਸਫ਼ੇ 7 ਉੱਤੇ ਤਸਵੀਰ]

ਧਰਤੀ ਇਕ ਅਜੂਬਾ ਹੈ ਜੋ ਆਪਣੀ ਸਫ਼ਾਈ ਆਪ ਕਰਦੀ ਹੈ