Skip to content

Skip to table of contents

ਸਫ਼ਾਈ ਰੱਖਣੀ ਕਿੰਨੀ ਕੁ ਜ਼ਰੂਰੀ ਹੈ?

ਸਫ਼ਾਈ ਰੱਖਣੀ ਕਿੰਨੀ ਕੁ ਜ਼ਰੂਰੀ ਹੈ?

ਸਫ਼ਾਈ ਰੱਖਣੀ ਕਿੰਨੀ ਕੁ ਜ਼ਰੂਰੀ ਹੈ?

ਸਫ਼ਾਈ ਬਾਰੇ ਵੱਖੋ-ਵੱਖਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਉਦਾਹਰਣ ਲਈ ਜਦੋਂ ਇਕ ਮਾਂ ਆਪਣੇ ਬੱਚੇ ਨੂੰ ਹੱਥ-ਮੂੰਹ ਧੋਣ ਲਈ ਕਹਿੰਦੀ ਹੈ, ਤਾਂ ਬੱਚਾ ਸ਼ਾਇਦ ਸੋਚੇ ਕਿ ਟੂਟੀ ਥੱਲੇ ਹੱਥ ਕਰਨੇ ਅਤੇ ਸਿਰਫ਼ ਬੁੱਲ੍ਹਾਂ ਨੂੰ ਗਿੱਲਾ ਕਰਨਾ ਕਾਫ਼ੀ ਹੈ। ਪਰ ਉਸ ਦੀ ਮਾਂ ਅਕਲਮੰਦ ਹੈ। ਉਹ ਬੱਚੇ ਨੂੰ ਵਾਪਸ ਗੁਸਲਖਾਨੇ ਵਿਚ ਲਿਜਾਂਦੀ ਹੈ ਅਤੇ ਉਸ ਦੇ ਮੂੰਹ ਅਤੇ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਮਲ-ਮਲ ਕੇ ਧੋਂਦੀ ਹੈ ਭਾਵੇਂ ਕਿ ਬੱਚਾ ਉੱਚੀ-ਉੱਚੀ ਰੋਂਦਾ-ਚਿਲਾਉਂਦਾ ਹੈ!

ਇਹ ਸੱਚ ਹੈ ਕਿ ਦੁਨੀਆਂ ਭਰ ਵਿਚ ਸਫ਼ਾਈ ਦੇ ਮਿਆਰ ਇੱਕੋ ਜਿਹੇ ਨਹੀਂ ਹਨ। ਇਸ ਲਈ ਲੋਕਾਂ ਨੂੰ ਬਚਪਨ ਤੋਂ ਸਫ਼ਾਈ ਬਾਰੇ ਵੱਖੋ-ਵੱਖਰੀਆਂ ਧਾਰਣਾਵਾਂ ਸਿਖਾਈਆਂ ਜਾਂਦੀਆਂ ਹਨ। ਪੁਰਾਣੇ ਜ਼ਮਾਨੇ ਵਿਚ ਕਈ ਦੇਸ਼ਾਂ ਵਿਚ ਸਕੂਲਾਂ ਦਾ ਸਾਫ਼-ਸੁਥਰਾ ਤੇ ਸੋਹਣਾ ਵਾਤਾਵਰਣ, ਸਫ਼ਾਈ ਰੱਖਣ ਦੀਆਂ ਚੰਗੀਆਂ ਆਦਤਾਂ ਪਾਉਣ ਵਿਚ ਵਿਦਿਆਰਥੀਆਂ ਦੀ ਮਦਦ ਕਰਦਾ ਸੀ। ਪਰ ਅੱਜ ਕੁਝ ਸਕੂਲਾਂ ਦੀਆਂ ਗਰਾਉਂਡਾਂ ਵਿਚ ਐਨਾ ਕੂੜਾ-ਕਰਕਟ ਤੇ ਮਲਬਾ ਪਿਆ ਹੁੰਦਾ ਹੈ ਕਿ ਇਹ ਖੇਡਣ ਜਾਂ ਕਸਰਤ ਕਰਨ ਦੀ ਥਾਂ ਦਿੱਸਣ ਦੀ ਬਜਾਇ ਕੂੜਾ-ਕਰਕਟ ਸੁੱਟਣ ਦੀਆਂ ਥਾਵਾਂ ਲੱਗਦੀਆਂ ਹਨ। ਅਤੇ ਕਲਾਸ-ਰੂਮ ਬਾਰੇ ਕੀ ਕਿਹਾ ਜਾ ਸਕਦਾ ਹੈ? ਆਸਟ੍ਰੇਲੀਆ ਦੇ ਇਕ ਹਾਈ ਸਕੂਲ ਵਿਚ ਸਫ਼ਾਈ ਦੇ ਇਕ ਕਰਮਚਾਰੀ ਡੈਰਨ ਨੇ ਕਿਹਾ: “ਹੁਣ ਤਾਂ ਕਲਾਸ-ਰੂਮ ਵਿਚ ਵੀ ਅਸੀਂ ਗੰਦ ਪਿਆ ਦੇਖਦੇ ਹਾਂ।” ਜਦੋਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ “ਕੂੜਾ-ਕਰਕਟ ਚੁੱਕੋ” ਜਾਂ “ਇਸ ਨੂੰ ਸਾਫ਼ ਕਰੋ,” ਤਾਂ ਉਹ ਇਸ ਨੂੰ ਇੱਦਾਂ ਸਮਝਦੇ ਹਨ ਜਿਵੇਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਪਰ ਸਮੱਸਿਆ ਤਾਂ ਇਹ ਹੈ ਕਿ ਕੁਝ ਅਧਿਆਪਕ ਸੱਚ-ਮੁੱਚ ਵਿਦਿਆਰਥੀਆਂ ਕੋਲੋਂ ਸਜ਼ਾ ਦੇ ਤੌਰ ਤੇ ਸਫ਼ਾਈ ਕਰਵਾਉਂਦੇ ਹਨ।

ਦੂਜੇ ਪਾਸੇ, ਵੱਡੇ ਲੋਕ ਵੀ ਸਫ਼ਾਈ ਦੇ ਮਾਮਲੇ ਵਿਚ ਆਪਣੀ ਰੋਜ਼-ਮੱਰਾ ਦੀ ਜ਼ਿੰਦਗੀ ਜਾਂ ਵਪਾਰ ਦੀ ਦੁਨੀਆਂ ਵਿਚ ਹਮੇਸ਼ਾ ਚੰਗੀ ਉਦਾਹਰਣ ਨਹੀਂ ਹਨ। ਉਦਾਹਰਣ ਲਈ ਬਹੁਤ ਸਾਰੀਆਂ ਜਨਤਕ ਥਾਵਾਂ ਤੇ ਗੰਦ-ਮੰਦ ਦੇ ਢੇਰ ਲੱਗੇ ਹੋਏ ਹਨ ਤੇ ਦੇਖਣ ਨੂੰ ਬਹੁਤ ਹੀ ਭੈੜੀਆਂ ਲੱਗਦੀਆਂ ਹਨ। ਕੁਝ ਕਾਰਖ਼ਾਨਿਆਂ ਨੇ ਆਲੇ-ਦੁਆਲੇ ਦੇ ਮਾਹੌਲ ਨੂੰ ਗੰਦਾ ਕਰ ਦਿੱਤਾ ਹੈ। ਪਰ ਇਸ ਪ੍ਰਦੂਸ਼ਣ ਨੂੰ ਫੈਲਾਉਣ ਦੇ ਜ਼ਿੰਮੇਵਾਰ ਲੋਕ ਹਨ, ਨਾ ਕਿ ਬੇਜਾਨ ਕਾਰਖ਼ਾਨੇ ਤੇ ਕਾਰੋਬਾਰ। ਦੁਨੀਆਂ ਭਰ ਵਿਚ ਪ੍ਰਦੂਸ਼ਣ ਦੀ ਸਮੱਸਿਆ ਅਤੇ ਇਸ ਦੇ ਬੁਰੇ ਪ੍ਰਭਾਵਾਂ ਦਾ ਇਕ ਮੁੱਖ ਕਾਰਨ ਹੈ ਲਾਲਚ। ਪਰ ਕੁਝ ਹੱਦ ਤਕ ਲੋਕਾਂ ਦੀਆਂ ਸਫ਼ਾਈ ਸੰਬੰਧੀ ਭੈੜੀਆਂ ਆਦਤਾਂ ਵੀ ਇਸ ਸਮੱਸਿਆ ਨੂੰ ਵਧਾਉਂਦੀਆਂ ਹਨ। ਆਸਟ੍ਰੇਲੀਆ ਦੇ ਕਾਮਨਵੈਲਥ ਦੇ ਸਾਬਕਾ ਡਾਇਰੈਕਟਰ ਜਨਰਲ ਨੇ ਇਸ ਨਤੀਜੇ ਦੀ ਹਿਮਾਇਤ ਕੀਤੀ ਜਦੋਂ ਉਸ ਨੇ ਕਿਹਾ: “ਘੁੰਮ-ਫਿਰ ਕੇ ਇਹੋ ਹਕੀਕਤ ਸਾਮ੍ਹਣੇ ਆਉਂਦੀ ਹੈ ਕਿ ਜਨਤਾ ਦੀ ਸਿਹਤ ਦੇ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਜ਼ਰੂਰੀ ਹੈ ਕਿ ਹਰ ਆਦਮੀ, ਹਰ ਤੀਵੀਂ ਤੇ ਹਰ ਬੱਚਾ ਸਫ਼ਾਈ ਵੱਲ ਧਿਆਨ ਦੇਵੇ।”

ਪਰ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਸਫ਼ਾਈ ਉਨ੍ਹਾਂ ਦਾ ਨਿੱਜੀ ਮਾਮਲਾ ਹੈ ਅਤੇ ਦੂਸਰਿਆਂ ਨੂੰ ਇਸ ਬਾਰੇ ਕੁਝ ਕਹਿਣ ਦਾ ਹੱਕ ਨਹੀਂ ਹੈ। ਕੀ ਇਹ ਸੱਚ ਹੈ?

ਜਦੋਂ ਭੋਜਨ ਦੀ ਗੱਲ ਆਉਂਦੀ ਹੈ, ਤਾਂ ਅਸੀਂ ਸਫ਼ਾਈ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕਰ ਸਕਦੇ—ਭਾਵੇਂ ਅਸੀਂ ਬਾਜ਼ਾਰੋਂ ਖਾਣ ਦੀਆਂ ਚੀਜ਼ਾਂ ਖ਼ਰੀਦਦੇ ਹਾਂ, ਹੋਟਲ ਵਿਚ ਖਾਂਦੇ ਹਾਂ ਜਾਂ ਦੋਸਤਾਂ ਦੇ ਘਰ ਖਾਂਦੇ ਹਾਂ। ਜੋ ਲੋਕ ਭੋਜਨ ਬਣਾਉਂਦੇ ਹਨ ਜਾਂ ਭੋਜਨ ਪਰੋਸਦੇ ਹਨ, ਉਨ੍ਹਾਂ ਕੋਲੋਂ ਸਫ਼ਾਈ ਦੀ ਜ਼ਿਆਦਾ ਉਮੀਦ ਕੀਤੀ ਜਾਂਦੀ ਹੈ। ਸਾਡੇ ਜਾਂ ਉਨ੍ਹਾਂ ਦੇ ਗੰਦੇ ਹੱਥ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਹਸਪਤਾਲਾਂ ਬਾਰੇ ਕੀ—ਅਜਿਹੀ ਥਾਂ ਜਿੱਥੇ ਅਸੀਂ ਸਫ਼ਾਈ ਦੀ ਜ਼ਿਆਦਾ ਉਮੀਦ ਕਰਦੇ ਹਾਂ? ਦ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਨੇ ਰਿਪੋਰਟ ਕੀਤਾ ਕਿ ਡਾਕਟਰਾਂ ਅਤੇ ਨਰਸਾਂ ਦੁਆਰਾ ਆਪਣੇ ਹੱਥਾਂ ਨੂੰ ਨਾ ਧੋਣ ਕਰਕੇ ਹਸਪਤਾਲਾਂ ਦੇ ਮਰੀਜ਼ਾਂ ਵਿਚ ਕਾਫ਼ੀ ਛੂਤ ਦੀਆਂ ਬੀਮਾਰੀਆਂ ਫੈਲਦੀਆਂ ਹਨ ਜਿਨ੍ਹਾਂ ਦੇ ਇਲਾਜ ਉੱਤੇ ਹਰ ਸਾਲ 4.6 ਖਰਬ ਰੁਪਏ ਖ਼ਰਚ ਹੁੰਦੇ ਹਨ। ਸਾਨੂੰ ਇਹ ਉਮੀਦ ਰੱਖਣ ਦਾ ਪੂਰਾ ਹੱਕ ਹੈ ਕਿ ਕੋਈ ਵੀ ਆਪਣੀਆਂ ਬੁਰੀਆਂ ਆਦਤਾਂ ਕਾਰਨ ਸਾਡੀ ਸਿਹਤ ਨੂੰ ਖ਼ਤਰੇ ਵਿਚ ਨਾ ਪਾਵੇ।

ਇਹ ਵੀ ਬੜਾ ਗੰਭੀਰ ਮਾਮਲਾ ਹੈ ਜਦੋਂ ਕੋਈ ਜਾਣ-ਬੁੱਝ ਕੇ ਜਾਂ ਬਿਨਾਂ ਸੋਚੇ-ਸਮਝੇ ਸਾਡੇ ਪਾਣੀ ਦੇ ਸੋਮਿਆਂ ਨੂੰ ਗੰਦਾ ਕਰਦਾ ਹੈ। ਤੇ ਸਮੁੰਦਰ ਦੇ ਕਿਨਾਰੇ ਨੰਗੇ ਪੈਰੀਂ ਟਹਿਲਣਾ ਕਿੰਨਾ ਕੁ ਸੁਰੱਖਿਅਤ ਹੈ ਜਿੱਥੇ ਨਸ਼ਾ ਕਰਨ ਵਾਲੇ ਲੋਕਾਂ ਜਾਂ ਦੂਜਿਆਂ ਦੁਆਰਾ ਵਰਤ ਕੇ ਸੁੱਟੀਆਂ ਸੂਈਆਂ ਪਈਆਂ ਦੇਖੀਆਂ ਜਾ ਸਕਦੀਆਂ ਹਨ? ਸ਼ਾਇਦ ਇਹ ਸਵਾਲ ਸਾਡੇ ਲਈ ਸਭ ਤੋਂ ਜ਼ਿਆਦਾ ਮਹੱਤਤਾ ਰੱਖਦਾ ਹੈ: ਕੀ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਹਾਂ?

ਸੂਏਲਨ ਹੋਈ ਆਪਣੀ ਕਿਤਾਬ ਗੰਦਗੀ ਨੂੰ ਦੂਰ ਭਜਾਓ (ਅੰਗ੍ਰੇਜ਼ੀ) ਵਿਚ ਪੁੱਛਦੀ ਹੈ: “ਕੀ ਅੱਜ ਅਸੀਂ ਉੱਨੇ ਸਾਫ਼-ਸੁਥਰੇ ਹਾਂ ਜਿੰਨੇ ਅਸੀਂ ਪਹਿਲਾਂ ਹੁੰਦੇ ਸਾਂ?” ਉਹ ਜਵਾਬ ਦਿੰਦੀ ਹੈ: “ਸ਼ਾਇਦ ਨਹੀਂ।” ਉਹ ਦੱਸਦੀ ਹੈ ਕਿ ਇਸ ਦਾ ਮੁੱਖ ਕਾਰਨ ਸਮਾਜਕ ਕਦਰਾਂ-ਕੀਮਤਾਂ ਦਾ ਬਦਲਣਾ ਹੈ। ਅੱਜ-ਕੱਲ੍ਹ ਲੋਕ ਘਰ ਵਿਚ ਬਹੁਤ ਘੱਟ ਸਮਾਂ ਬਿਤਾਉਂਦੇ ਹਨ ਜਿਸ ਕਰਕੇ ਉਹ ਕਿਸੇ ਹੋਰ ਨੂੰ ਪੈਸੇ ਦੇ ਕੇ ਆਪਣੇ ਘਰਾਂ ਦੀ ਸਫ਼ਾਈ ਕਰਵਾਉਂਦੇ ਹਨ। ਨਤੀਜੇ ਵਜੋਂ, ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਹੁਣ ਸਾਡੀ ਨਿੱਜੀ ਜ਼ਿੰਮੇਵਾਰੀ ਨਹੀਂ ਰਹੀ। ਇਕ ਆਦਮੀ ਨੇ ਕਿਹਾ ਕਿ “ਮੈਂ ਬਾਥਰੂਮ ਦੀ ਸਫ਼ਾਈ ਨਹੀਂ ਕਰਦਾ—ਮੈਂ ਆਪਣੇ ਆਪ ਨੂੰ ਸਾਫ਼ ਕਰਦਾ ਹਾਂ। ਮੇਰਾ ਘਰ ਭਾਵੇਂ ਗੰਦਾ ਹੈ, ਪਰ ਘੱਟੋ-ਘੱਟ ਮੈਂ ਤਾਂ ਸਾਫ਼-ਸੁਥਰਾ ਹਾਂ।”

ਪਰ ਸਫ਼ਾਈ ਦਾ ਮਤਲਬ ਸਿਰਫ਼ ਬਾਹਰੋਂ ਸਾਫ਼ ਨਜ਼ਰ ਆਉਣਾ ਨਹੀਂ ਹੈ। ਸਫ਼ਾਈ ਦਾ ਸਿਧਾਂਤ ਜ਼ਿੰਦਗੀ ਦੇ ਹਰ ਪਹਿਲੂ ਵਿਚ ਲਾਗੂ ਹੁੰਦਾ ਹੈ। ਇਸ ਸਿਧਾਂਤ ਨੂੰ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬਿਠਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਭਗਤੀ ਨਾਲ ਸੰਬੰਧ ਰੱਖਦਾ ਹੈ। ਆਓ ਆਪਾਂ ਦੇਖੀਏ ਕਿਵੇਂ।