ਤੁਸੀਂ ਇਸ ਦੁਨੀਆਂ ਦੇ ਅੰਤ ਵਿੱਚੋਂ ਕਿਵੇਂ ਬਚ ਸਕਦੇ ਹੋ?
ਤੁਸੀਂ ਇਸ ਦੁਨੀਆਂ ਦੇ ਅੰਤ ਵਿੱਚੋਂ ਕਿਵੇਂ ਬਚ ਸਕਦੇ ਹੋ?
ਬਾਈਬਲ ਇਸ ਮੌਜੂਦਾ ਰੀਤੀ-ਵਿਵਸਥਾ ਦੇ ਅੰਤ ਦਾ ਇਸ ਤਰ੍ਹਾਂ ਵਰਣਨ ਕਰਦੀ ਹੈ: ‘ਕਹਿਰ ਦਾ ਦਿਨ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ।’ (ਸਫ਼ਨਯਾਹ 1:15) ਯਕੀਨਨ, ਤੁਸੀਂ ਕਦੇ ਵੀ ਅਜਿਹਾ ਦਿਨ ਨਹੀਂ ਦੇਖਣਾ ਚਾਹੋਗੇ! ਪਰ ਪਤਰਸ ਰਸੂਲ ਨੇ ਆਪਣੇ ਸੰਗੀ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ “ਪਰਮੇਸ਼ੁਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ। ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”—2 ਪਤਰਸ 3:12, 13.
ਪਤਰਸ ਇੱਥੇ ਸੱਚੀ-ਮੁੱਚੀ ਦੇ ਅਕਾਸ਼ ਤੇ ਧਰਤੀ ਦੇ ਨਾਸ਼ ਦੀ ਗੱਲ ਨਹੀਂ ਕਰ ਰਿਹਾ ਸੀ। ਪਤਰਸ ਨੇ ਇੱਥੇ ਜਿਹੜੇ ਅਕਾਸ਼ ਤੇ ਧਰਤੀ ਦੀ ਗੱਲ ਕੀਤੀ ਹੈ, ਉਹ ਲਾਖਣਿਕ ਭਾਸ਼ਾ ਵਿਚ ਮੌਜੂਦਾ ਸਮੇਂ ਦੀਆਂ ਭ੍ਰਿਸ਼ਟ ਮਨੁੱਖੀ ਸਰਕਾਰਾਂ ਅਤੇ ਕੁਧਰਮੀ ਮਨੁੱਖੀ ਸਮਾਜ ਹੈ। “ਯਹੋਵਾਹ ਦਾ ਦਿਨ” ਧਰਤੀ ਨੂੰ ਨਾਸ਼ ਨਹੀਂ ਕਰੇਗਾ, ਸਗੋਂ “ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ” ਕਰੇਗਾ। (ਯਸਾਯਾਹ 13:9) ਜਿਹੜੇ ਲੋਕ ਅੱਜ ਦੇ ਬੁਰੇ ਮਨੁੱਖੀ ਸਮਾਜ ਵਿਚ ਕੀਤੇ ਜਾਂਦੇ ‘ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ,’ ਉਨ੍ਹਾਂ ਲਈ ਯਹੋਵਾਹ ਦਾ ਦਿਨ ਮੁਕਤੀ ਦਾ ਦਿਨ ਹੋਵੇਗਾ—ਹਿਜ਼ਕੀਏਲ 9:4.
ਤਾਂ ਫਿਰ ਕਿਵੇਂ ਕੋਈ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਵਿੱਚੋਂ ਬਚ ਸਕਦਾ ਹੈ? “ਯਹੋਵਾਹ ਦੀ ਬਾਣੀ” ਉਸ ਦੇ ਇਕ ਨਬੀ ਨੂੰ ਪ੍ਰਗਟ ਕੀਤੀ ਗਈ ਸੀ ਜੋ ਇਸ ਸਵਾਲ ਦਾ ਜਵਾਬ ਦਿੰਦੀ ਹੈ: “ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ।” (ਯੋਏਲ 1:1; 2:31, 32) ਯਹੋਵਾਹ ਦੇ ਗਵਾਹ ਇਹ ਸਿੱਖਣ ਵਿਚ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ ਹੋਣਗੇ ਕਿ ਯਹੋਵਾਹ ਦਾ ਨਾਂ ਲੈ ਕੇ ਪੁਕਾਰਨ ਦਾ ਕੀ ਮਤਲਬ ਹੈ।