Skip to content

Skip to table of contents

ਪੂਰੀ ਦੁਨੀਆਂ ਨਾਸ਼ ਹੋ ਗਈ!

ਪੂਰੀ ਦੁਨੀਆਂ ਨਾਸ਼ ਹੋ ਗਈ!

ਪੂਰੀ ਦੁਨੀਆਂ ਨਾਸ਼ ਹੋ ਗਈ!

ਆਪਣੇ ਆਲੇ-ਦੁਆਲੇ ਦੀ ਦੁਨੀਆਂ, ਨਾਲੇ ਇਸ ਦੇ ਸ਼ਹਿਰਾਂ, ਇਸ ਦੇ ਸਭਿਆਚਾਰ, ਇਸ ਦੀਆਂ ਵਿਗਿਆਨਕ ਪ੍ਰਾਪਤੀਆਂ ਤੇ ਅਰਬਾਂ ਲੋਕਾਂ ਨੂੰ ਦੇਖੋ। ਇਸ ਸਭ ਨੂੰ ਦੇਖ ਕੇ ਅਸੀਂ ਆਸਾਨੀ ਨਾਲ ਇਹ ਗੱਲ ਮੰਨ ਲੈਂਦੇ ਹਾਂ ਕਿ ਇਹ ਦੁਨੀਆਂ ਇਸੇ ਤਰ੍ਹਾਂ ਚੱਲਦੀ ਰਹੇਗੀ, ਹੈ ਨਾ? ਕੀ ਤੁਸੀਂ ਸੋਚਦੇ ਹੋ ਕਿ ਇਕ ਦਿਨ ਇਹ ਦੁਨੀਆਂ ਪੂਰੀ ਤਰ੍ਹਾਂ ਖ਼ਤਮ ਹੋ ਸਕਦੀ ਹੈ? ਇਸ ਤਰ੍ਹਾਂ ਸੋਚਣਾ ਸ਼ਾਇਦ ਮੁਸ਼ਕਲ ਲੱਗੇ। ਪਰ ਕੀ ਤੁਹਾਨੂੰ ਪਤਾ ਕਿ ਇਕ ਭਰੋਸੇਮੰਦ ਸੋਮਾ ਦੱਸਦਾ ਹੈ ਕਿ ਇਸ ਦੁਨੀਆਂ ਤੋਂ ਪਹਿਲਾਂ ਇਕ ਦੁਨੀਆਂ ਪੂਰੀ ਤਰ੍ਹਾਂ ਨਾਸ਼ ਹੋਈ ਸੀ?

ਅਸੀਂ ਆਦਿਵਾਸੀ ਕਬੀਲਿਆਂ ਦੀ ਦੁਨੀਆਂ ਬਾਰੇ ਗੱਲ ਨਹੀਂ ਕਰ ਰਹੇ ਹਾਂ। ਜੋ ਦੁਨੀਆਂ ਤਬਾਹ ਹੋਈ ਸੀ, ਉਹ ਸ਼ਹਿਰਾਂ ਨਾਲ ਆਬਾਦ ਸੀ, ਲੋਕਾਂ ਨੇ ਕਲਾਤਮਕ ਕਾਮਯਾਬੀਆਂ ਹਾਸਲ ਕੀਤੀਆਂ ਸਨ ਤੇ ਉਨ੍ਹਾਂ ਕੋਲ ਵਿਗਿਆਨ ਦਾ ਗਿਆਨ ਸੀ। ਪਰ ਬਾਈਬਲ ਦਾ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਪੂਰਵਜ ਅਬਰਾਹਾਮ ਤੋਂ 352 ਸਾਲ ਪਹਿਲਾਂ ਅਚਾਨਕ ਹੀ ਦੂਜੇ ਮਹੀਨੇ ਦੇ 17ਵੇਂ ਦਿਨ ਨੂੰ ਜਲ ਪਰਲੋ ਆਈ ਤੇ ਪੂਰੀ ਦੁਨੀਆਂ ਨੂੰ ਵਹਾ ਕੇ ਲੈ ਗਈ। *

ਕੀ ਇਹ ਬਿਰਤਾਂਤ ਸਹੀ ਹੈ? ਕੀ ਸੱਚ-ਮੁੱਚ ਇਹ ਘਟਨਾ ਵਾਪਰੀ ਸੀ? ਕੀ ਹੁਣ ਦੀ ਦੁਨੀਆਂ ਤੋਂ ਪਹਿਲਾਂ ਸੱਚੀਂ ਇਕ ਪੁਰਾਣੀ ਦੁਨੀਆਂ ਸੀ ਜੋ ਵਧੀ-ਫੁੱਲੀ ਤੇ ਬਾਅਦ ਵਿਚ ਤਬਾਹ ਹੋ ਗਈ? ਜੇ ਹਾਂ, ਤਾਂ ਉਸ ਦੀ ਤਬਾਹੀ ਕਿਉਂ ਹੋਈ? ਉਨ੍ਹਾਂ ਨੇ ਕੀ ਗ਼ਲਤੀ ਕੀਤੀ ਸੀ? ਕੀ ਉਸ ਦੀ ਤਬਾਹੀ ਤੋਂ ਅਸੀਂ ਕੋਈ ਸਬਕ ਸਿੱਖ ਸਕਦੇ ਹਾਂ?

ਕੀ ਪੁਰਾਣੀ ਦੁਨੀਆਂ ਸੱਚੀਂ ਤਬਾਹ ਹੋਈ ਸੀ?

ਜੇ ਅਜਿਹੀ ਭਿਆਨਕ ਘਟਨਾ ਸੱਚੀ-ਮੁੱਚੀਂ ਵਾਪਰੀ ਸੀ, ਤਾਂ ਇਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸੀ। ਇਸ ਲਈ ਕਈ ਦੇਸ਼ਾਂ ਦੇ ਰੀਤੀ-ਰਿਵਾਜ ਸਾਨੂੰ ਇਸ ਤਬਾਹੀ ਦੀ ਯਾਦ ਦਿਵਾਉਂਦੇ ਹਨ। ਉਦਾਹਰਣ ਲਈ ਬਾਈਬਲ ਵਿਚ ਦਿੱਤੀ ਗਈ ਇਸ ਤਬਾਹੀ ਦੀ ਤਾਰੀਖ਼ ਤੇ ਗੌਰ ਕਰੋ। ਪੁਰਾਣੇ ਜ਼ਮਾਨੇ ਦੇ ਕਲੰਡਰ ਦਾ ਦੂਜਾ ਮਹੀਨਾ ਸਾਡੇ ਕਲੰਡਰ ਮੁਤਾਬਕ ਮੱਧ ਅਕਤੂਬਰ ਤੋਂ ਸ਼ੁਰੂ ਹੋ ਕੇ ਮੱਧ ਨਵੰਬਰ ਵਿਚ ਖ਼ਤਮ ਹੁੰਦਾ ਹੈ। ਇਸ ਤਰ੍ਹਾਂ ਉਸ ਮਹੀਨੇ ਦਾ 17ਵਾਂ ਦਿਨ ਤਕਰੀਬਨ ਪਹਿਲੀ ਨਵੰਬਰ ਨਾਲ ਮੇਲ ਖਾਂਦਾ ਹੈ। ਇਸ ਲਈ ਇਹ ਸ਼ਾਇਦ ਕੋਈ ਇਤਫ਼ਾਕ ਨਹੀਂ ਕਿ ਕਈ ਦੇਸ਼ਾਂ ਵਿਚ ਸਾਲ ਦੇ ਉਸ ਸਮੇਂ ਦੌਰਾਨ ਮਰੇ ਹੋਏ ਲੋਕਾਂ ਲਈ ਤਿਉਹਾਰ ਮਨਾਏ ਜਾਂਦੇ ਹਨ।

ਇਨਸਾਨਾਂ ਦੇ ਰੀਤੀ-ਰਿਵਾਜਾਂ ਵਿਚ ਵੀ ਜਲ ਪਰਲੋ ਦੇ ਸਬੂਤ ਦੇਖਣ ਨੂੰ ਮਿਲਦੇ ਹਨ। ਲਗਭਗ ਹਰ ਪੁਰਾਣੀ ਜਾਤੀ ਦੀ ਲੋਕ-ਕਥਾ ਦੱਸਦੀ ਹੈ ਕਿ ਉਨ੍ਹਾਂ ਦੇ ਪੂਰਵਜ ਦੁਨੀਆਂ ਭਰ ਵਿਚ ਆਈ ਜਲ ਪਰਲੋ ਵਿੱਚੋਂ ਬਚੇ ਸਨ। ਇਨ੍ਹਾਂ ਵਿੱਚੋਂ ਕੁਝ ਜਾਤੀਆਂ ਹਨ ਅਫ਼ਰੀਕੀ ਪਿਗਮੀ ਜਾਤੀ, ਯੂਰਪੀ ਕੈੱਲਟ ਜਾਤੀ ਅਤੇ ਦੱਖਣੀ ਅਮਰੀਕੀ ਇੰਕਾ ਜਾਤੀ। ਇਨ੍ਹਾਂ ਤੋਂ ਇਲਾਵਾ, ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ, ਅਲਾਸਕਾ, ਆਸਟ੍ਰੇਲੀਆ, ਚੀਨ, ਨਿਊਜ਼ੀਲੈਂਡ, ਭਾਰਤ, ਮਾਈਕ੍ਰੋਨੇਸ਼ੀਆ, ਮੈਕਸੀਕੋ ਅਤੇ ਲਿਥੁਆਨੀਆ ਦੇ ਲੋਕਾਂ ਦੀਆਂ ਵੀ ਇਹੋ ਜਿਹੀਆਂ ਲੋਕ-ਕਥਾਵਾਂ ਹਨ।

ਇਹ ਗੱਲ ਸਹੀ ਹੈ ਕਿ ਸਮਾਂ ਬੀਤਣ ਦੇ ਨਾਲ-ਨਾਲ ਇਨ੍ਹਾਂ ਲੋਕ-ਕਥਾਵਾਂ ਨੂੰ ਮਿਰਚ-ਮਸਾਲਾ ਲਾਇਆ ਗਿਆ ਹੈ। ਪਰ ਉਨ੍ਹਾਂ ਵਿਚ ਕਈ ਗੱਲਾਂ ਦਿਖਾਉਂਦੀਆਂ ਹਨ ਕਿ ਇਨ੍ਹਾਂ ਸਾਰੀਆਂ ਕਹਾਣੀਆਂ ਦਾ ਇਕ ਸਾਂਝਾ ਸੋਮਾ ਸੀ: ਇਨਸਾਨਾਂ ਦੀ ਬੁਰਾਈ ਦੇਖ ਕੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਿਆ। ਉਹ ਵੱਡੀ ਜਲ ਪਰਲੋ ਲਿਆਇਆ। ਸਾਰੀ ਮਨੁੱਖਜਾਤੀ ਤਬਾਹ ਹੋ ਗਈ। ਪਰ ਕੁਝ ਧਰਮੀ ਲੋਕ ਬਚ ਗਏ ਸਨ। ਉਨ੍ਹਾਂ ਨੇ ਇਕ ਕਿਸ਼ਤੀ ਬਣਾਈ ਜਿਸ ਕਰਕੇ ਇਨਸਾਨ ਤੇ ਜਾਨਵਰ ਬਚ ਗਏ। ਸਮਾਂ ਆਉਣ ਤੇ ਪੰਛੀਆਂ ਨੂੰ ਸੁੱਕੀ ਜ਼ਮੀਨ ਦੀ ਭਾਲ ਕਰਨ ਲਈ ਬਾਹਰ ਛੱਡਿਆ ਗਿਆ। ਅਖ਼ੀਰ ਵਿਚ ਕਿਸ਼ਤੀ ਇਕ ਪਹਾੜ ਉੱਤੇ ਆ ਕੇ ਰੁਕ ਗਈ। ਬਚਣ ਵਾਲੇ ਲੋਕਾਂ ਨੇ ਕਿਸ਼ਤੀ ਵਿੱਚੋਂ ਬਾਹਰ ਆ ਕੇ ਪਰਮੇਸ਼ੁਰ ਨੂੰ ਬਲੀਦਾਨ ਚੜ੍ਹਾਇਆ।

ਇਸ ਤੋਂ ਕੀ ਸਾਬਤ ਹੁੰਦਾ ਹੈ? ਇਹੀ ਕਿ ਇਹ ਸਮਾਨਤਾਵਾਂ ਕੋਈ ਇਤਫ਼ਾਕ ਨਹੀਂ ਹੋ ਸਕਦੀਆਂ। ਇਨ੍ਹਾਂ ਕਥਾਵਾਂ ਦਾ ਸਮੁੱਚਾ ਸਬੂਤ ਬਾਈਬਲ ਦੇ ਪੁਰਾਣੇ ਬਿਰਤਾਂਤ ਦੀ ਪੁਸ਼ਟੀ ਕਰਦਾ ਹੈ ਕਿ ਸਾਰੇ ਇਨਸਾਨ ਉਸ ਜਲ ਪਰਲੋ ਵਿੱਚੋਂ ਬਚੇ ਲੋਕਾਂ ਤੋਂ ਪੈਦਾ ਹੋਏ ਹਨ ਜਿਸ ਨੇ ਦੁਨੀਆਂ ਦਾ ਨਾਸ਼ ਕਰ ਦਿੱਤਾ ਸੀ। ਇਸ ਲਈ ਸਾਨੂੰ ਸੱਚਾਈ ਜਾਣਨ ਲਈ ਲੋਕ-ਕਥਾਵਾਂ ਜਾਂ ਕਾਲਪਨਿਕ ਕਥਾਵਾਂ ਉੱਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ। ਸਾਡੇ ਕੋਲ ਬਾਈਬਲ ਦਾ ਇਬਰਾਨੀ ਸ਼ਾਸਤਰ ਹੈ ਜਿਸ ਦੇ ਰਿਕਾਰਡ ਨੂੰ ਬਹੁਤ ਸਾਂਭ ਕੇ ਰੱਖਿਆ ਗਿਆ ਹੈ।—ਉਤਪਤ, ਅਧਿਆਇ 6-8.

ਪਰਮੇਸ਼ੁਰ ਦੁਆਰਾ ਲਿਖਵਾਈ ਗਈ ਬਾਈਬਲ ਦਾ ਇਤਿਹਾਸਕ ਰਿਕਾਰਡ ਸਾਨੂੰ ਜੀਵਨ ਦੀ ਸ਼ੁਰੂਆਤ ਬਾਰੇ ਦੱਸਦਾ ਹੈ। ਪਰ ਸਬੂਤ ਦੱਸਦਾ ਹੈ ਕਿ ਇਸ ਵਿਚ ਸਿਰਫ਼ ਇਤਿਹਾਸ ਹੀ ਨਹੀਂ ਹੈ। ਇਸ ਦੀਆਂ ਪੂਰੀਆਂ ਹੋਈਆਂ ਭਵਿੱਖਬਾਣੀਆਂ ਅਤੇ ਇਸ ਵਿਚ ਪਾਈ ਜਾਂਦੀ ਗੂੜ੍ਹ ਬੁੱਧੀ ਦਿਖਾਉਂਦੀ ਹੈ ਕਿ ਇਹ ਉਹ ਹੈ ਜੋ ਇਹ ਹੋਣ ਦਾ ਦਾਅਵਾ ਕਰਦੀ ਹੈ, ਯਾਨੀ ਇਹ ਪਰਮੇਸ਼ੁਰ ਵੱਲੋਂ ਮਨੁੱਖਜਾਤੀ ਨੂੰ ਦਿੱਤੀ ਹੋਈ ਕਿਤਾਬ ਹੈ। ਕਾਲਪਨਿਕ ਕਥਾਵਾਂ ਦੇ ਉਲਟ, ਬਾਈਬਲ ਆਪਣੇ ਇਤਿਹਾਸਕ ਬਿਰਤਾਂਤਾਂ ਵਿਚ ਲੋਕਾਂ ਦੇ ਨਾਂ ਅਤੇ ਵੰਸ਼ਾਵਲੀ, ਤਾਰੀਖ਼ਾਂ ਅਤੇ ਭੂਗੋਲਕ ਜਾਣਕਾਰੀ ਦਿੰਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਜਲ ਪਰਲੋ ਤੋਂ ਪਹਿਲਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਅਤੇ ਪੂਰੀ ਦੁਨੀਆਂ ਦਾ ਅਚਾਨਕ ਨਾਸ਼ ਕਿਉਂ ਹੋ ਗਿਆ।

ਜਲ ਪਰਲੋ ਤੋਂ ਪਹਿਲਾਂ ਦੀ ਦੁਨੀਆਂ ਨੇ ਕੀ ਗ਼ਲਤੀ ਕੀਤੀ ਸੀ? ਇਸ ਸਵਾਲ ਦਾ ਜਵਾਬ ਅਗਲਾ ਲੇਖ ਦਿੰਦਾ ਹੈ। ਇਹ ਸਵਾਲ ਉਨ੍ਹਾਂ ਲੋਕਾਂ ਲਈ ਮਹੱਤਤਾ ਰੱਖਦਾ ਹੈ ਜੋ ਸ਼ਾਇਦ ਸੋਚਣ ਕਿ ਸਾਡੀ ਅੱਜ ਦੀ ਸਭਿਅਤਾ ਦਾ ਭਵਿੱਖ ਕਿੰਨਾ ਕੁ ਸੁਰੱਖਿਅਤ ਹੈ।

[ਫੁਟਨੋਟ]

[ਸਫ਼ੇ 4 ਉੱਤੇ ਚਾਰਟ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਦੁਨੀਆਂ ਭਰ ਵਿਚ ਜਲ ਪਰਲੋ ਦੀਆਂ ਲੋਕ-ਕਥਾਵਾਂ

ਦੇਸ਼ ਸਮਾਨਤਾਵਾਂ 1 2 3 4 5 6 7 8 9 10

ਯੂਨਾਨ 7 ◆ ◆ ◆ ◆ ◆ ◆

ਰੋਮ 6◆ ◆ ◆ ◆ ◆ ◆

ਲਿਥੁਆਨੀਆ 6◆ ◆ ◆ ◆ ◆ ◆

ਅੱਸ਼ੂਰ 9 ◆ ◆ ◆ ◆ ◆ ◆ ◆ ◆ ◆

ਤਨਜ਼ਾਨੀਆ 7 ◆ ◆ ◆ ◆ ◆ ◆ ◆

ਭਾਰਤ - ਹਿੰਦੂ 6 ◆ ◆ ◆ ◆ ◆ ◆

ਨਿਊਜ਼ੀਲੈਂਡ - ਮਾਉਰੀ 5◆ ◆ ◆ ◆ ◆

ਮਾਈਕ੍ਰੋਨੇਸ਼ੀਆ 7◆ ◆ ◆ ◆ ◆ ◆ ◆

ਵਾਸ਼ਿੰਗਟਨ ਯੂ.ਐੱਸ.ਏ. - ਯਾਕੀਮੋ 7◆ ◆ ◆ ◆ ◆ ◆ ◆

ਮਿਸੀਸਿਪੀ ਯੂ.ਐੱਸ.ਏ. - ਚੋਕਟੌ 7 ◆ ◆ ◆ ◆ ◆ ◆ ◆

ਮੈਕਸੀਕੋ - ਮੀਟੋਵਾਕਾਨ 5 ◆ ◆ ◆ ◆ ◆

ਦੱਖਣੀ ਅਮਰੀਕਾ - ਕੇਚੂਆ 4 ◆ ◆ ◆ ◆

ਬੋਲੀਵੀਆ - ਚੀਰੀਗੁਆਨੋ 5 ◆ ◆ ◆ ◆ ◆

ਗੀਆਨਾ - ਐਰਾਵਾਕ 6 ◆ ◆ ◆ ◆ ◆ ◆

1: ਬੁਰਾਈ ਦੇਖ ਕੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਿਆ

2: ਜਲ ਪਰਲੋ ਨਾਲ ਨਾਸ਼

3: ਪਰਮੇਸ਼ੁਰ ਦੁਆਰਾ ਹੁਕਮ

4: ਪਰਮੇਸ਼ੁਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ

5: ਕੁਝ ਹੀ ਇਨਸਾਨ ਬਚੇ

6: ਇਕ ਕਿਸ਼ਤੀ ਵਿਚ ਬਚੇ

7: ਜਾਨਵਰ ਬਚਾਏ ਗਏ

8: ਪੰਛੀ ਤੇ ਹੋਰ ਜਾਨਵਰ ਬਾਹਰ ਭੇਜੇ ਗਏ

9: ਅਖ਼ੀਰ ਪਹਾੜ ਉੱਤੇ ਆ ਕੇ ਰੁਕ ਗਈ

10: ਬਲੀਦਾਨ ਚੜ੍ਹਾਇਆ ਗਿਆ