Skip to content

Skip to table of contents

ਕੀ ਮਸੀਹ ਸੱਚ-ਮੁੱਚ ਤੁਹਾਡਾ ਆਗੂ ਹੈ?

ਕੀ ਮਸੀਹ ਸੱਚ-ਮੁੱਚ ਤੁਹਾਡਾ ਆਗੂ ਹੈ?

ਕੀ ਮਸੀਹ ਸੱਚ-ਮੁੱਚ ਤੁਹਾਡਾ ਆਗੂ ਹੈ?

“ਅਤੇ ਨਾ ਤੁਸੀਂ ‘ਆਗੂ’ ਕਹਾਓ ਕਿਉਂ ਜੋ ਤੁਹਾਡਾ ਆਗੂ ਇੱਕੋ ਹੈ ਅਰਥਾਤ ਮਸੀਹ।”—ਮੱਤੀ 23:10, ਨਿ ਵ.

1. ਸੱਚੇ ਮਸੀਹੀਆਂ ਦਾ ਇੱਕੋ-ਇਕ ਆਗੂ ਕੌਣ ਹੈ?

ਮੰਗਲਵਾਰ, 11 ਨੀਸਾਨ ਦੇ ਦਿਨ ਯਿਸੂ ਮਸੀਹ ਹੈਕਲ ਵਿਚ ਆਖ਼ਰੀ ਵਾਰ ਗਿਆ ਸੀ। ਇਸ ਤੋਂ ਤਿੰਨ ਦਿਨ ਬਾਅਦ ਉਸ ਦੀ ਮੌਤ ਹੋਈ ਸੀ। ਉਸ ਦਿਨ ਉਸ ਨੇ ਆਪਣੇ ਚੇਲਿਆਂ ਅਤੇ ਹੋਰਨਾਂ ਇਕੱਠੇ ਹੋਏ ਲੋਕਾਂ ਨੂੰ ਇਕ ਬਹੁਤ ਹੀ ਜ਼ਰੂਰੀ ਗੱਲ ਸਿਖਾਈ। ਉਸ ਨੇ ਕਿਹਾ: ‘ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ। ਅਰ ਨਾ ਤੁਸੀਂ ਆਗੂ ਕਹਾਓ ਕਿਉਂ ਜੋ ਤੁਹਾਡਾ ਆਗੂ ਇੱਕੋ ਹੈ ਅਰਥਾਤ ਮਸੀਹ।’ (ਮੱਤੀ 23:8-10) ਇਹ ਗੱਲ ਸਾਫ਼ ਹੈ ਕਿ ਸੱਚੇ ਮਸੀਹੀਆਂ ਦਾ ਆਗੂ ਸਿਰਫ਼ ਯਿਸੂ ਮਸੀਹ ਹੈ।

2, 3. ਯਹੋਵਾਹ ਦੀ ਗੱਲ ਸੁਣ ਕੇ ਅਤੇ ਉਸ ਦੇ ਚੁਣੇ ਹੋਏ ਆਗੂ ਨੂੰ ਕਬੂਲ ਕਰ ਕੇ ਸਾਡੀ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ?

2 ਯਿਸੂ ਦੀ ਅਗਵਾਈ ਉੱਤੇ ਅਮਲ ਕਰ ਕੇ ਸਾਨੂੰ ਕਿੰਨੇ ਵਧੀਆ ਫ਼ਾਇਦੇ ਹੁੰਦੇ ਹਨ! ਯਹੋਵਾਹ ਪਰਮੇਸ਼ੁਰ ਨੇ ਯਸਾਯਾਹ ਨਬੀ ਰਾਹੀਂ ਇਸ ਆਗੂ ਦੇ ਆਉਣ ਬਾਰੇ ਭਵਿੱਖਬਾਣੀ ਕੀਤੀ ਸੀ: “ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ! . . . ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ। . . . ਵੇਖ, ਮੈਂ ਉਹ ਨੂੰ ਉੱਮਤਾਂ ਲਈ ਗਵਾਹ ਠਹਿਰਾਇਆ ਹੈ, ਉੱਮਤਾਂ ਲਈ ਪਰਧਾਨ ਅਤੇ ਹਾਕਮ [“ਆਗੂ ਤੇ ਸੈਨਾਪਤੀ,” ਪਵਿੱਤਰ ਬਾਈਬਲ ਨਵਾਂ ਅਨੁਵਾਦ]।”—ਯਸਾਯਾਹ 55:1-4.

3 ਯਸਾਯਾਹ ਨੇ ਪਾਣੀ, ਦੁੱਧ, ਅਤੇ ਮਧ ਵਰਗੇ ਆਮ ਪਦਾਰਥਾਂ ਦੀ ਮਿਸਾਲ ਵਰਤ ਕੇ ਦਿਖਾਇਆ ਸੀ ਕਿ ਸਾਡੀ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ ਜਦੋਂ ਅਸੀਂ ਯਹੋਵਾਹ ਦੀ ਗੱਲ ਸੁਣਦੇ ਹਾਂ ਅਤੇ ਆਗੂ ਤੇ ਸੈਨਾਪਤੀ ਦੀ ਅਗਵਾਈ ਉੱਤੇ ਅਮਲ ਕਰਦੇ ਹਾਂ। ਇਸ ਅਗਵਾਈ ਅਧੀਨ ਸੱਚਾਈ ਅਤੇ ਧਾਰਮਿਕਤਾ ਲਈ ਸਾਡੀ ਪਿਆਸ ਉਸੇ ਤਰ੍ਹਾਂ ਬੁਝਦੀ ਹੈ ਜਿਸ ਤਰ੍ਹਾਂ ਗਰਮੀ ਦੇ ਦਿਨ ਠੰਢੇ ਪਾਣੀ ਦੇ ਗਲਾਸ ਨਾਲ ਸਾਨੂੰ ਤਾਜ਼ਗੀ ਮਿਲਦੀ ਹੈ। ਜਿਵੇਂ ਦੁੱਧ ਪੀ ਕੇ ਬੱਚੇ ਵੱਡੇ ਅਤੇ ਤਕੜੇ ਹੁੰਦੇ ਹਨ, ਉਸੇ ਤਰ੍ਹਾਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ‘ਆਤਮਕ ਦੁੱਧ’ ਸਾਡੀ ਮਦਦ ਕਰਦਾ ਹੈ। (1 ਪਤਰਸ 2:1-3) ਅਤੇ ਕੌਣ ਇਨਕਾਰ ਕਰ ਸਕਦਾ ਹੈ ਕਿ ਮਧ ਜਸ਼ਨ ਦੇ ਸਮਿਆਂ ਦੀ ਰੌਣਕ ਵਧਾਉਂਦੀ ਹੈ? ਇਸੇ ਤਰ੍ਹਾਂ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਅਤੇ ਉਸ ਦੇ ਚੁਣੇ ਹੋਏ ਆਗੂ ਦੀ ਪੈਰਵੀ ਕਰਨ ਨਾਲ ਜ਼ਿੰਦਗੀ ਦਾ “ਪੂਰਾ ਪੂਰਾ ਅਨੰਦ” ਮਾਣਿਆ ਜਾਂਦਾ ਹੈ। (ਬਿਵਸਥਾ ਸਾਰ 16:15) ਇਸ ਕਰਕੇ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਮਸੀਹ ਨੂੰ ਆਪਣੇ ਆਗੂ ਵਜੋਂ ਸਵੀਕਾਰ ਕਰੀਏ। ਪਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਕਿਸ ਤਰ੍ਹਾਂ ਜ਼ਾਹਰ ਕਰ ਸਕਦੇ ਹਾਂ ਕਿ ਮਸੀਹ ਸਾਡਾ ਆਗੂ ਹੈ?

ਨੌਜਵਾਨੋ ‘ਗਿਆਨ ਵਿਚ ਵਧਦੇ’ ਜਾਓ

4. (ੳ) ਜਦੋਂ 12 ਸਾਲਾਂ ਦਾ ਯਿਸੂ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਨੂੰ ਗਿਆ ਸੀ, ਤਾਂ ਕੀ ਹੋਇਆ ਸੀ? (ਅ) ਯਿਸੂ ਜਦ ਅਜੇ 12 ਸਾਲਾਂ ਦਾ ਸੀ ਤਾਂ ਉਹ ਕੀ ਕੁਝ ਜਾਣਦਾ ਸੀ?

4 ਸਾਡੇ ਆਗੂ ਦੀ ਮਿਸਾਲ ਉੱਤੇ ਗੌਰ ਕਰੋ ਜੋ ਉਸ ਨੇ ਨੌਜਵਾਨਾਂ ਲਈ ਕਾਇਮ ਕੀਤੀ ਸੀ। ਸਾਨੂੰ ਯਿਸੂ ਦੇ ਬਚਪਨ ਬਾਰੇ ਬਹੁਤਾ ਕੁਝ ਨਹੀਂ ਦੱਸਿਆ ਗਿਆ ਪਰ ਇਕ ਘਟਨਾ ਤੋਂ ਕਾਫ਼ੀ ਕੁਝ ਪਤਾ ਲੱਗਦਾ ਹੈ। ਯਿਸੂ ਦੇ ਮਾਂ-ਬਾਪ, ਯੂਸੁਫ਼ ਅਤੇ ਮਰਿਯਮ ਹਰ ਸਾਲ ਪਸਾਹ ਦੇ ਤਿਉਹਾਰ ਲਈ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ। ਜਦੋਂ ਯਿਸੂ 12 ਸਾਲਾਂ ਦਾ ਸੀ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ। ਉੱਥੇ ਉਹ ਬਾਈਬਲ ਉੱਤੇ ਹੋ ਰਹੀ ਚਰਚਾ ਵਿਚ ਬਹੁਤ ਹੀ ਮਗਨ ਹੋ ਗਿਆ, ਅਤੇ ਉਸ ਦਾ ਪਰਿਵਾਰ ਅਣਜਾਣੇ ਵਿਚ ਉਸ ਨੂੰ ਉੱਥੇ ਹੀ ਭੁੱਲ ਗਿਆ। ਤਿੰਨ ਦਿਨਾਂ ਬਾਅਦ ਉਸ ਦੇ ਪਰੇਸ਼ਾਨ ਮਾਪਿਆਂ ਨੇ ਉਸ ਨੂੰ ਹੈਕਲ ਵਿਚ “ਗੁਰੂਆਂ ਦੇ ਵਿੱਚਕਾਰ ਬੈਠਿਆਂ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।” ਇਸ ਤੋਂ ਇਲਾਵਾ “ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ।” ਜ਼ਰਾ ਸੋਚੋ, 12 ਸਾਲਾਂ ਦੀ ਉਮਰ ਤੇ ਯਿਸੂ ਬਾਈਬਲ ਬਾਰੇ ਸਿਰਫ਼ ਚੰਗੇ ਸਵਾਲ ਹੀ ਨਹੀਂ ਪੁੱਛ ਸਕਦਾ ਸੀ ਪਰ ਅਕਲਮੰਦੀ ਨਾਲ ਉਨ੍ਹਾਂ ਦੇ ਜਵਾਬ ਵੀ ਦੇ ਸਕਦਾ ਸੀ! ਯਕੀਨਨ ਉਸ ਦੇ ਮਾਂ-ਬਾਪ ਨੇ ਇਸ ਵਿਚ ਉਸ ਨੂੰ ਚੰਗੀ ਤਾਲੀਮ ਦਿੱਤੀ ਸੀ।—ਲੂਕਾ 2:41-50.

5. ਬਾਈਬਲ ਸਟੱਡੀ ਬਾਰੇ ਨੌਜਵਾਨ ਆਪਣੇ ਖ਼ਿਆਲਾਂ ਦੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹਨ?

5 ਸ਼ਾਇਦ ਤੁਸੀਂ ਨੌਜਵਾਨ ਹੋ। ਜੇਕਰ ਤੁਹਾਡੇ ਮਾਂ-ਬਾਪ ਪਰਮੇਸ਼ੁਰ ਦੇ ਸੇਵਕ ਹਨ ਤਾਂ ਸੰਭਵ ਹੈ ਕਿ ਤੁਹਾਡੇ ਘਰ ਵਿਚ ਬਾਈਬਲ ਦੀ ਪੜ੍ਹਾਈ ਕਰਨ ਦਾ ਬਾਕਾਇਦਾ ਇੰਤਜ਼ਾਮ ਹੁੰਦਾ ਹੈ। ਇਸ ਸਟੱਡੀ ਬਾਰੇ ਤੁਹਾਡਾ ਕੀ ਖ਼ਿਆਲ ਹੈ? ਅਜਿਹਿਆਂ ਸਵਾਲਾਂ ਉੱਤੇ ਗੌਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ: ‘ਕੀ ਮੈਂ ਦਿਲ ਲਾ ਕੇ ਆਪਣੇ ਪਰਿਵਾਰ ਦੀ ਬਾਈਬਲ ਸਟੱਡੀ ਵਿਚ ਹਿੱਸਾ ਲੈਂਦਾ ਹਾਂ? ਕੀ ਮੈਂ ਸਟੱਡੀ ਲਈ ਵੇਲੇ ਸਿਰ ਤਿਆਰ ਹੁੰਦਾ ਹਾਂ ਅਤੇ ਉਸ ਸਮੇਂ ਕੁਝ ਹੋਰ ਤਾਂ ਨਹੀਂ ਕਰਨ ਲੱਗ ਪੈਂਦਾ? ਕੀ ਮੈਂ ਸਟੱਡੀ ਵਿਚ ਚੰਗਾ-ਖ਼ਾਸਾ ਹਿੱਸਾ ਲੈਂਦਾ ਹਾਂ? ਜਿੱਥੇ ਹੋ ਸਕੇ ਕੀ ਮੈਂ ਸਵਾਲ ਪੁੱਛਦਾ ਹਾਂ ਜਾਂ ਜੋ ਮੈਂ ਪੜ੍ਹ ਰਿਹਾ ਹਾਂ ਉਸ ਨੂੰ ਲਾਗੂ ਕਰਨ ਬਾਰੇ ਗੱਲਬਾਤ ਕਰਦਾ ਹਾਂ? ਰੂਹਾਨੀ ਤੌਰ ਤੇ ਤਰੱਕੀ ਕਰਦੇ ਹੋਏ ਕੀ ਮੈਂ ਉਹ “ਅੰਨ” ਖਾਣ ਵਾਸਤੇ ਸੁਆਦ ਜਗਾਉਂਦਾ ਹਾਂ ਜੋ “ਸਿਆਣਿਆਂ ਲਈ ਹੈ”?’—ਇਬਰਾਨੀਆਂ 5:13, 14.

6, 7. ਰੋਜ਼-ਰੋਜ਼ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਨੌਜਵਾਨਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

6 ਰੋਜ਼-ਰੋਜ਼ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਬਣਾਉਣਾ ਵੀ ਬੜਾ ਜ਼ਰੂਰੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, . . . ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” (ਜ਼ਬੂਰ 1:1, 2) ਮੂਸਾ ਤੋਂ ਬਾਅਦ ਲੋਕਾਂ ਦੀ ਅਗਵਾਈ ਯਹੋਸ਼ੁਆ ਨੇ ਕੀਤੀ ਸੀ ਅਤੇ ਉਸ ਨੇ ‘ਦਿਨ ਰਾਤ ਬਿਵਸਥਾ ਦੀ ਪੋਥੀ ਉੱਤੇ ਧਿਆਨ ਰੱਖਿਆ ਸੀ।’ ਇਸ ਕਰਕੇ ਉਹ ਬੁੱਧੀਮਤਾ ਨਾਲ ਪਰਮੇਸ਼ੁਰ ਦੇ ਕੰਮ ਵਿਚ ਸਫ਼ਲ ਹੋ ਸਕਿਆ। (ਯਹੋਸ਼ੁਆ 1:8) ਸਾਡੇ ਆਗੂ ਯਿਸੂ ਮਸੀਹ ਨੇ ਕਿਹਾ ਸੀ ਕਿ “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜੇਕਰ ਸਾਨੂੰ ਰੋਜ਼-ਰੋਜ਼ ਰੋਟੀ ਖਾਣ ਦੀ ਜ਼ਰੂਰਤ ਪੈਂਦੀ ਹੈ ਤਾਂ ਕੀ ਸਾਨੂੰ ਰੂਹਾਨੀ ਰੋਟੀ ਦੀ ਇਸ ਤੋਂ ਵੀ ਕਿਤੇ ਜ਼ਿਆਦਾ ਜ਼ਰੂਰਤ ਨਹੀਂ ਹੈ?

7 ਤੇਰਾਂ ਸਾਲਾਂ ਦੀ ਰੀਟਾ ਨੇ ਰੂਹਾਨੀ ਰੋਟੀ ਲਈ ਆਪਣੀ ਜ਼ਰੂਰਤ ਪਛਾਣੀ ਅਤੇ ਰੋਜ਼ ਬਾਈਬਲ ਪੜ੍ਹਨੀ ਸ਼ੁਰੂ ਕਰ ਦਿੱਤੀ। * ਹੁਣ ਉਸ ਦੀ ਉਮਰ 16 ਸਾਲਾਂ ਦੀ ਹੈ ਅਤੇ ਉਹ ਪੂਰੀ ਬਾਈਬਲ ਇਕ ਵਾਰ ਪੜ੍ਹ ਚੁੱਕੀ ਹੈ ਅਤੇ ਦੂਸਰੀ ਵਾਰ ਪੜ੍ਹਦੀ ਹੋਈ ਉਹ ਅੱਧ ਤਕ ਪਹੁੰਚੀ ਹੈ। ਉਸ ਦਾ ਪੜ੍ਹਨ ਦਾ ਤਰੀਕਾ ਆਸਾਨ ਹੈ। ਉਹ ਦੱਸਦੀ ਹੈ ਕਿ “ਮੈਂ ਰੋਜ਼ ਘੱਟੋ-ਘੱਟ ਇਕ ਅਧਿਆਇ ਜ਼ਰੂਰ ਪੜ੍ਹਦੀ ਹਾਂ।” ਰੋਜ਼-ਰੋਜ਼ ਬਾਈਬਲ ਪੜ੍ਹਨ ਨਾਲ ਉਸ ਦੀ ਮਦਦ ਕਿਸ ਤਰ੍ਹਾਂ ਹੋਈ ਹੈ? ਉਹ ਦੱਸਦੀ ਹੈ: “ਹਰ ਜਗ੍ਹਾ ਅੱਜ-ਕੱਲ੍ਹ ਬੁਰੇ ਪ੍ਰਭਾਵ ਹਨ। ਸਕੂਲੇ ਅਤੇ ਹੋਰ ਥਾਵਾਂ ਤੇ ਮੈਨੂੰ ਹਰ ਰੋਜ਼ ਆਪਣੀ ਨਿਹਚਾ ਕਰਕੇ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਰੋਜ਼ ਬਾਈਬਲ ਪੜ੍ਹਨ ਕਰਕੇ ਮੈਂ ਝੱਟ ਬਾਈਬਲ ਤੋਂ ਉਹ ਹੁਕਮ ਅਤੇ ਅਸੂਲ ਯਾਦ ਕਰ ਲੈਂਦੀ ਹਾਂ ਜਿਨ੍ਹਾਂ ਕਰਕੇ ਮੈਂ ਮੁਸ਼ਕਲਾਂ ਨੂੰ ਸਹਿ ਸਕਦੀ ਹਾਂ। ਇਸ ਦੇ ਨਤੀਜੇ ਵਜੋਂ ਮੈਂ ਆਪਣੇ ਆਪ ਨੂੰ ਯਹੋਵਾਹ ਅਤੇ ਯਿਸੂ ਦੇ ਹੋਰ ਵੀ ਨਜ਼ਦੀਕ ਮਹਿਸੂਸ ਕਰਦੀ ਹਾਂ।”

8. ਸਭਾ-ਘਰ ਵਿਚ ਜਾਣ ਦੇ ਸੰਬੰਧ ਵਿਚ ਯਿਸੂ ਦਾ ਕੀ ਦਸਤੂਰ ਸੀ, ਅਤੇ ਨੌਜਵਾਨ ਉਸ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਨ?

8 ਯਿਸੂ ਦਸਤੂਰ ਅਨੁਸਾਰ ਸਭਾ-ਘਰ ਵਿਚ ਜਾ ਕੇ ਸ਼ਾਸਤਰ ਪੜ੍ਹਦਾ ਅਤੇ ਸੁਣਦਾ ਹੁੰਦਾ ਸੀ। (ਲੂਕਾ 4:16; ਰਸੂਲਾਂ ਦੇ ਕਰਤੱਬ 15:21) ਇਹ ਸੱਚ-ਮੁੱਚ ਨੌਜਵਾਨਾਂ ਦੇ ਭਲੇ ਲਈ ਹੈ ਕਿ ਉਹ ਯਿਸੂ ਦੀ ਨਕਲ ਕਰ ਕੇ ਮਸੀਹੀ ਮੀਟਿੰਗਾਂ ਵਿਚ ਬਾਕਾਇਦਾ ਜਾਣ ਜਿੱਥੇ ਬਾਈਬਲ ਦੀ ਪੜ੍ਹਾਈ ਕੀਤੀ ਜਾਂਦੀ ਹੈ! ਰਿਚਰਡ ਨੂੰ ਮੀਟਿੰਗਾਂ ਦੀ ਬੜੀ ਕਦਰ ਹੈ। ਇਹ 14 ਸਾਲਾਂ ਦਾ ਲੜਕਾ ਕਹਿੰਦਾ ਹੈ: “ਮੇਰੇ ਲਈ ਮੀਟਿੰਗਾਂ ਜ਼ਰੂਰੀ ਹਨ। ਉੱਥੇ ਮੈਨੂੰ ਲਗਾਤਾਰ ਯਾਦ ਦਿਲਾਇਆ ਜਾਂਦਾ ਹੈ ਕਿ ਕੀ ਚੰਗਾ ਹੈ ਅਤੇ ਕੀ ਮਾੜਾ, ਕੀ ਨੇਕ-ਚਲਣ ਹੈ ਤੇ ਕੀ ਬਦਚਲਣ ਹੈ, ਮਸੀਹ ਦੀ ਨਕਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਨਹੀਂ। ਮੈਨੂੰ ਕੌੜਿਆਂ ਤਜਰਬਿਆਂ ਨਾਲ ਖ਼ੁਦ ਨਹੀਂ ਇਨ੍ਹਾਂ ਗੱਲਾਂ ਬਾਰੇ ਪਤਾ ਕਰਨਾ ਪੈਂਦਾ।” ਜੀ ਹਾਂ, “ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।” (ਜ਼ਬੂਰ 19:7) ਰੀਟਾ ਵੀ ਹਰ ਹਫ਼ਤੇ ਕਲੀਸਿਯਾ ਦੀਆਂ ਪੰਜ ਮੀਟਿੰਗਾਂ ਵਿਚ ਜਾਣ ਦੀ ਪੂਰੀ ਕੋਸ਼ਿਸ਼ ਕਰਦੀ ਹੈ। ਅਤੇ ਇਨ੍ਹਾਂ ਮੀਟਿੰਗਾਂ ਦੀ ਤਿਆਰੀ ਕਰਨ ਲਈ ਉਹ ਦੋ-ਤਿੰਨ ਘੰਟੇ ਲਗਾਉਂਦੀ ਹੈ।—ਅਫ਼ਸੀਆਂ 5:15, 16.

9. ਨੌਜਵਾਨ ਗਿਆਨ ਵਿਚ ਕਿਵੇਂ ਵੱਧ ਸਕਦੇ ਹਨ?

9 ਜਵਾਨੀ ਦਾ ਸਮਾਂ ‘ਸੱਚੇ ਵਾਹਿਦ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਉਹ ਨੇ ਘੱਲਿਆ ਜਾਣਨ’ ਦਾ ਚੰਗਾ ਮੌਕਾ ਹੈ। (ਯੂਹੰਨਾ 17:3) ਤੁਸੀਂ ਸ਼ਾਇਦ ਅਜਿਹੇ ਨੌਜਵਾਨਾਂ ਬਾਰੇ ਜਾਣਦੇ ਹੋ ਜੋ ਬੱਚਿਆਂ ਦੀਆਂ ਕਿਤਾਬਾਂ ਪੜ੍ਹਨ, ਟੈਲੀਵਿਯਨ ਦੇਖਣ, ਵਿਡਿਓ-ਗੇਮਾਂ ਖੇਡਣ, ਜਾਂ ਇੰਟਰਨੈੱਟ ਤੇ ਸਰਫ਼ਿੰਗ ਕਰਨ ਵਿਚ ਬਹੁਤ ਸਾਰਾ ਸਮਾਂ ਬਰਬਾਦ ਕਰਦੇ ਹਨ। ਉਨ੍ਹਾਂ ਦੀ ਨਕਲ ਕਰਨ ਦੀ ਬਜਾਇ ਕਿਉਂ ਨਾ ਤੁਸੀਂ ਸਾਡੇ ਸੰਪੂਰਣ ਆਗੂ ਦੀ ਨਕਲ ਕਰੋ? ਜਦ ਉਹ ਅਜੇ ਮੁੰਡਾ ਹੀ ਸੀ ਉਸ ਨੂੰ ਯਹੋਵਾਹ ਬਾਰੇ ਸਿੱਖਣ ਵਿਚ ਬਹੁਤ ਹੀ ਦਿਲਚਸਪੀ ਸੀ। ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ? ਯਿਸੂ ਰੂਹਾਨੀ ਗੱਲਾਂ ਨਾਲ ਪ੍ਰੇਮ ਕਰਦਾ ਸੀ, ਇਸ ਲਈ ਉਹ “ਗਿਆਨ . . . ਵਿੱਚ ਵਧਦਾ ਗਿਆ।” (ਲੂਕਾ 2:52) ਤੁਸੀਂ ਵੀ ਇਸ ਗਿਆਨ ਵਿਚ ਵੱਧ ਸਕਦੇ ਹੋ।

“ਇੱਕ ਦੂਏ ਦੇ ਅਧੀਨ ਰਹੋ”

10. ਪਰਿਵਾਰ ਵਿਚ ਸੁਖ-ਸੰਤੋਖ ਪਾਉਣ ਲਈ ਕਿਹੜੀ ਸਲਾਹ ਲਾਗੂ ਕੀਤੀ ਜਾਣੀ ਚਾਹੀਦੀ ਹੈ?

10 ਘਰ ਸੁਖ-ਸੰਤੋਖ ਜਾਂ ਲੜਾਈ-ਝਗੜੇ ਦੀ ਥਾਂ ਹੋ ਸਕਦਾ ਹੈ। (ਕਹਾਉਤਾਂ 21:19; 26:21) ਯਿਸੂ ਦੀ ਅਗਵਾਈ ਸਵੀਕਾਰ ਕਰਨ ਨਾਲ ਸਾਡੇ ਪਰਿਵਾਰ ਨੂੰ ਸੁਖ-ਸੰਤੋਖ ਮਿਲਦਾ ਹੈ। ਦਰਅਸਲ ਯਿਸੂ ਪਰਿਵਾਰ ਵਿਚ ਇਕ ਦੂਜੇ ਨਾਲ ਚੰਗੇ ਰਿਸ਼ਤੇ ਬਣਾਈ ਰੱਖਣ ਲਈ ਚੰਗਾ ਨਮੂਨਾ ਹੈ। ਬਾਈਬਲ ਵਿਚ ਲਿਖਿਆ ਹੈ: “ਮਸੀਹ ਦੇ ਭੌ ਵਿੱਚ ਇੱਕ ਦੂਏ ਦੇ ਅਧੀਨ ਰਹੋ। ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। . . . ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:21-25) ਪੌਲੁਸ ਰਸੂਲ ਨੇ ਕੁਲੁੱਸੈ ਦੀ ਕਲੀਸਿਯਾ ਨੂੰ ਲਿਖਿਆ: “ਹੇ ਬਾਲਕੋ, ਤੁਸੀਂ ਸਭਨੀਂ ਗੱਲੀਂ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੁ ਵਿੱਚ ਇਹ ਗੱਲ ਮਨ ਭਾਉਣੀ ਹੈ।”—ਕੁਲੁੱਸੀਆਂ 3:18-20.

11. ਇਕ ਪਤੀ ਕਿਸ ਤਰ੍ਹਾਂ ਜ਼ਾਹਰ ਕਰ ਸਕਦਾ ਹੈ ਕਿ ਯਿਸੂ ਸੱਚ-ਮੁੱਚ ਉਸ ਦਾ ਆਗੂ ਹੈ?

11 ਇਸ ਸਲਾਹ ਉੱਤੇ ਅਮਲ ਕਰਨ ਦਾ ਮਤਲਬ ਹੈ ਕਿ ਪਤੀ ਪਰਿਵਾਰ ਦੀ ਅਗਵਾਈ ਕਰਦਾ ਹੈ, ਉਸ ਦੀ ਪਤਨੀ ਵਫ਼ਾਦਾਰੀ ਨਾਲ ਉਸ ਦਾ ਸਾਥ ਦਿੰਦੀ ਹੈ, ਅਤੇ ਬੱਚੇ ਮਾਂ-ਬਾਪ ਦੇ ਆਖੇ ਲੱਗਦੇ ਹਨ। ਘਰ ਨੂੰ ਇਕ ਸੁਖੀ ਥਾਂ ਹੋਣ ਲਈ ਆਦਮੀ ਨੂੰ ਘਰ ਦੀ ਸਰਦਾਰੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਬੁੱਧੀਮਾਨ ਪਤੀ ਨੂੰ ਆਪਣੇ ਸਿਰ ਅਤੇ ਆਗੂ, ਯਿਸੂ ਮਸੀਹ ਦੀ ਨਕਲ ਕਰ ਕੇ ਆਪਣੇ ਘਰ ਦੀ ਸਰਦਾਰੀ ਕਰਨੀ ਸਿੱਖਣੀ ਪਵੇਗੀ। (1 ਕੁਰਿੰਥੀਆਂ 11:3) ਭਾਵੇਂ ਬਾਅਦ ਵਿਚ ਯਿਸੂ ‘ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਕਲੀਸਿਯਾ ਲਈ ਦਿੱਤਾ ਗਿਆ ਸੀ,’ ਉਹ ਧਰਤੀ ਉੱਤੇ “ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ” ਆਇਆ ਸੀ। (ਅਫ਼ਸੀਆਂ 1:22; ਮੱਤੀ 20:28) ਇਸੇ ਤਰ੍ਹਾਂ ਇਕ ਮਸੀਹੀ ਪਤੀ ਆਪਣੇ ਘਰ ਦੀ ਸਰਦਾਰੀ ਆਪਣੇ ਸੁਆਰਥੀ ਫ਼ਾਇਦੇ ਲਈ ਨਹੀਂ ਕਰਦਾ, ਪਰ ਉਹ ਆਪਣੀ ਪਤਨੀ ਅਤੇ ਬੱਚਿਆਂ ਦੀ ਯਾਨੀ ਆਪਣੇ ਪੂਰੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ। (1 ਕੁਰਿੰਥੀਆਂ 13:4, 5) ਉਸ ਨੂੰ ਯਿਸੂ ਮਸੀਹ ਵਰਗੇ ਸਦਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਉਹ ਯਿਸੂ ਵਾਂਗ ਕੋਮਲ ਅਤੇ ਮਨ ਦਾ ਗ਼ਰੀਬ ਬਣਦਾ ਹੈ। (ਮੱਤੀ 11:28-30) ਜਦ ਉਸ ਤੋਂ ਗ਼ਲਤੀ ਹੁੰਦੀ ਹੈ ਤਾਂ ਉਹ ਮਾਫ਼ੀ ਮੰਗ ਕੇ ਇਸ ਤਰ੍ਹਾਂ ਕਹਿਣ ਤੋਂ ਝਿਜਕਦਾ ਨਹੀਂ ਕਿ “ਤੂੰ ਠੀਕ ਹੈਂ, ਮੈਤੋਂ ਗ਼ਲਤੀ ਹੋ ਗਈ, ਮੈਨੂੰ ਮਾਫ਼ ਕਰਦੇ।” ਉਸ ਦੀ ਚੰਗੀ ਮਿਸਾਲ ਕਰਕੇ ਪਤਨੀ ਲਈ ਉਸ ਦੀ “ਸਹਾਇਕਣ” ਅਤੇ “ਸਾਥਣ” ਬਣਨਾ ਔਖਾ ਨਹੀਂ ਹੈ। ਉਹ ਉਸ ਦੇ ਨਾਲ-ਨਾਲ ਕੰਮ ਕਰ ਕੇ ਉਸ ਤੋਂ ਸਿੱਖ ਸਕਦੀ ਹੈ।—ਉਤਪਤ 2:20; ਮਲਾਕੀ 2:14.

12. ਕਿਹੜੀ ਗੱਲ ਇਕ ਪਤਨੀ ਲਈ ਆਪਣੇ ਪਤੀ ਦੀ ਸਰਦਾਰੀ ਕਬੂਲ ਕਰਨੀ ਸੌਖੀ ਬਣਾਵੇਗੀ?

12 ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ। ਪਰ ਜੇ ਉਹ ਦੁਨਿਆਵੀ ਖ਼ਿਆਲਾਂ ਦੇ ਪ੍ਰਭਾਵ ਹੇਠ ਆ ਜਾਵੇ ਤਾਂ ਇਹ ਘਰ ਦੀ ਸਰਦਾਰੀ ਦੇ ਅਸੂਲ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਉਹ ਇਕ ਆਦਮੀ ਦੇ ਅਧੀਨ ਹੋਣ ਨੂੰ ਪਸੰਦ ਨਹੀਂ ਕਰੇਗੀ। ਬਾਈਬਲ ਆਦਮੀ ਨੂੰ ਰੋਹਬ ਪਾਉਣ ਦਾ ਹੱਕ ਨਹੀਂ ਦਿੰਦੀ, ਪਰ ਉਹ ਪਤਨੀਆਂ ਨੂੰ ਆਪਣਿਆਂ ਪਤੀਆਂ ਦੇ ਅਧੀਨ ਹੋਣ ਦੀ ਮੰਗ ਜ਼ਰੂਰ ਕਰਦੀ ਹੈ। (ਅਫ਼ਸੀਆਂ 5:24) ਬਾਈਬਲ ਪਤੀ ਜਾਂ ਪਿਤਾ ਨੂੰ ਘਰ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ, ਅਤੇ ਜਦੋਂ ਬਾਈਬਲ ਦੀ ਸਲਾਹ ਲਾਗੂ ਕੀਤੀ ਜਾਂਦੀ ਹੈ ਤਾਂ ਘਰ ਵਿਚ ਸੁਖ-ਸੰਤੋਖ ਹੁੰਦਾ ਹੈ।—ਫ਼ਿਲਿੱਪੀਆਂ 2:5.

13. ਯਿਸੂ ਨੇ ਬੱਚਿਆਂ ਲਈ ਅਧੀਨਗੀ ਦੀ ਕਿਹੜੀ ਮਿਸਾਲ ਛੱਡੀ ਸੀ?

13 ਬੱਚਿਆਂ ਨੂੰ ਆਪਣੇ ਮਾਪਿਆਂ ਦੇ ਆਖੇ ਲੱਗਣਾ ਚਾਹੀਦਾ ਹੈ। ਇਸ ਮਾਮਲੇ ਵਿਚ ਯਿਸੂ ਨੇ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਜਦ 12 ਸਾਲਾਂ ਦਾ ਯਿਸੂ ਹੈਕਲ ਵਿਚ ਪਿੱਛੇ ਰਹਿ ਗਿਆ ਸੀ, ਉਸ ਘਟਨਾ ਤੋਂ ਬਾਅਦ “ਉਹ [ਆਪਣੇ ਮਾਂ-ਬਾਪ] ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ।” (ਲੂਕਾ 2:51) ਜਦ ਬੱਚੇ ਆਪਣੇ ਮਾਪਿਆਂ ਦੇ ਅਧੀਨ ਰਹਿੰਦੇ ਹਨ ਤਾਂ ਪਰਿਵਾਰ ਵਿਚ ਸੁਖ-ਸੰਤੋਖ ਸਥਾਪਿਤ ਹੁੰਦਾ ਹੈ। ਜਦ ਪਰਿਵਾਰ ਦੇ ਸਾਰੇ ਜੀਅ ਮਸੀਹ ਦੀ ਅਗਵਾਈ ਸਵੀਕਾਰ ਕਰਦੇ ਹਨ ਤਾਂ ਸਾਰਾ ਪਰਿਵਾਰ ਸੁਖੀ ਹੁੰਦਾ ਹੈ।

14, 15. ਜਦੋਂ ਘਰ ਵਿਚ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤਾਂ ਸਾਡੀ ਮਦਦ ਕਿਸ ਤਰ੍ਹਾਂ ਹੋਵੇਗੀ? ਇਸ ਦੀ ਇਕ ਉਦਾਹਰਣ ਦਿਓ।

14 ਘਰ ਵਿਚ ਜਦੋਂ ਮੁਸ਼ਕਲਾਂ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਹੈ ਤਾਂ ਯਿਸੂ ਦੀ ਅਗਵਾਈ ਅਤੇ ਸਲਾਹ ਸਵੀਕਾਰ ਕਰਨ ਨਾਲ ਸਫ਼ਲਤਾ ਪ੍ਰਾਪਤ ਹੋ ਸਕਦੀ ਹੈ। ਉਦਾਹਰਣ ਵਜੋਂ ਜਦੋਂ ਜੈਰੀ ਨਾਂ ਦੇ ਆਦਮੀ ਨੇ ਲਾਨਾ ਨਾਲ ਸ਼ਾਦੀ ਕੀਤੀ ਤਾਂ ਉਨ੍ਹਾਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਜਿਨ੍ਹਾਂ ਬਾਰੇ ਉਹ ਪਹਿਲਾਂ ਸੋਚ ਵੀ ਨਹੀਂ ਸਕਦੇ ਸਨ ਕਿਉਂਕਿ ਲਾਨਾ ਦੀ ਇਕ ਕਿਸ਼ੋਰ ਕੁੜੀ ਸੀ। ਜੈਰੀ ਦੱਸਦਾ ਹੈ: “ਮੈਂ ਜਾਣਦਾ ਸੀ ਕਿ ਘਰ ਦੀ ਸਰਦਾਰੀ ਕਾਮਯਾਬੀ ਨਾਲ ਕਰਨ ਵਾਸਤੇ ਮੈਨੂੰ ਬਾਈਬਲ ਦੇ ਉਹੀ ਅਸੂਲ ਲਾਗੂ ਕਰਨੇ ਪੈਣੇ ਸਨ ਜਿਨ੍ਹਾਂ ਨਾਲ ਹੋਰ ਪਰਿਵਾਰ ਕਾਮਯਾਬ ਬਣੇ ਸਨ। ਪਰ ਮੈਂ ਬੜੀ ਜਲਦੀ ਜਾਣ ਗਿਆ ਕਿ ਇਨ੍ਹਾਂ ਅਸੂਲਾਂ ਨੂੰ ਲਾਗੂ ਕਰਨ ਲਈ ਮੈਨੂੰ ਬੁੱਧ ਅਤੇ ਸਮਝਦਾਰੀ ਦੀ ਹੋਰ ਵੀ ਲੋੜ ਪਵੇਗੀ।” ਉਸ ਦੀ ਮਤਰੇਈ ਧੀ ਉਸ ਨਾਲ ਬਹੁਤ ਨਾਰਾਜ਼ ਰਹਿੰਦੀ ਸੀ, ਇਹ ਮੰਨਦੀ ਹੋਈ ਕਿ ਉਹ ਮਾਂ-ਧੀ ਦੇ ਰਿਸ਼ਤੇ ਵਿਚ ਫੁੱਟ ਪਾ ਰਿਹਾ ਸੀ। ਜੈਰੀ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਸੀ। ਉਸ ਨੇ ਮਾਮਲੇ ਨੂੰ ਸੁਧਾਰਨ ਲਈ ਕੀ ਕੀਤਾ ਸੀ? ਜੈਰੀ ਦੱਸਦਾ ਹੈ: “ਮੈਂ ਤੇ ਲਾਨਾ ਨੇ ਮਿਲ ਕੇ ਸਲਾਹ ਬਣਾਈ ਕਿ ਮੇਰੀ ਥਾਂ ਉਹ ਖ਼ੁਦ ਕੁੜੀ ਨਾਲ ਗੱਲਬਾਤ ਕਰ ਕੇ ਉਸ ਨੂੰ ਸੁਧਾਰੇਗੀ ਅਤੇ ਮੈਂ ਆਪਣੀ ਮਤਰੇਈ ਧੀ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਾਂਗਾ। ਸਮੇਂ ਦੇ ਬੀਤਣ ਨਾਲ ਇਸ ਤਰ੍ਹਾਂ ਕਰਨ ਦੇ ਚੰਗੇ ਨਤੀਜੇ ਨਿਕਲੇ।”

15 ਜਦੋਂ ਘਰ ਵਿਚ ਅਜਿਹੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ ਤਾਂ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਘਰ ਦੇ ਜੀਅ ਇਸ ਤਰ੍ਹਾਂ ਕਿਉਂ ਕਹਿੰਦੇ ਜਾਂ ਕਰਦੇ ਹਨ। ਸਾਨੂੰ ਅਕਲਮੰਦੀ ਦੀ ਵੀ ਜ਼ਰੂਰਤ ਹੈ ਤਾਂਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਚੰਗੀ ਤਰ੍ਹਾਂ ਲਾਗੂ ਕਰ ਸਕੀਏ। ਉਦਾਹਰਣ ਵਜੋਂ, ਉਸ ਜਨਾਨੀ ਦੀ ਹਾਲਤ ਉੱਤੇ ਗੌਰ ਕਰੋ ਜਿਸ ਨੂੰ ਲਹੂ ਆਉਂਦਾ ਸੀ। ਉਸ ਨੇ ਯਿਸੂ ਨੂੰ ਛੋਹਿਆ ਅਤੇ ਯਿਸੂ ਨੇ ਜਾਣ ਲਿਆ ਸੀ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ। ਉਸ ਦੀ ਹਾਲਤ ਪਛਾਣਨ ਕਰਕੇ ਉਸ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨਾਲ ਸਖ਼ਤੀ ਨਹੀਂ ਵਰਤੀ। (ਲੇਵੀਆਂ 15:25-27; ਮਰਕੁਸ 5:30-34) ਬੁੱਧ ਅਤੇ ਸਮਝਦਾਰੀ ਸਾਡੇ ਆਗੂ ਦੇ ਸਦਗੁਣ ਹਨ। (ਕਹਾਉਤਾਂ 8:12) ਉਸ ਦੀ ਨਕਲ ਕਰਕੇ ਅਸੀਂ ਖ਼ੁਸ਼ ਹੋਵਾਂਗੇ।

‘ਪਹਿਲਾਂ ਰਾਜ ਨੂੰ ਭਾਲੋ’

16. ਸਾਡੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ, ਅਤੇ ਯਿਸੂ ਨੇ ਆਪਣੀ ਮਿਸਾਲ ਰਾਹੀਂ ਇਹ ਕਿਸ ਤਰ੍ਹਾਂ ਕੀਤਾ ਸੀ?

16 ਯਿਸੂ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਸ ਦੀ ਅਗਵਾਈ ਕਬੂਲ ਕਰਨ ਵਾਲਿਆਂ ਦੀ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਸੀ। ਉਸ ਨੇ ਕਿਹਾ: ‘ਤੁਸੀਂ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।’ (ਮੱਤੀ 6:33) ਅਤੇ ਆਪਣੀ ਮਿਸਾਲ ਨਾਲ ਉਸ ਨੇ ਸਾਨੂੰ ਇਸ ਤਰ੍ਹਾਂ ਕਰਨਾ ਵੀ ਸਿਖਾਇਆ ਸੀ। ਆਪਣੇ ਬਪਤਿਸਮੇ ਤੋਂ ਬਾਅਦ ਉਸ ਨੇ ਚਾਲ਼ੀ ਦਿਨ ਵਰਤ ਰੱਖਿਆ, ਮਨਨ ਕੀਤਾ, ਅਤੇ ਪ੍ਰਾਰਥਨਾ ਵੀ ਕੀਤੀ। ਇਸ ਸਮੇਂ ਤੋਂ ਬਾਅਦ ਉਸ ਨੂੰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਿਆ। ਸ਼ਤਾਨ ਨੇ ਉਸ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ” ਪੇਸ਼ ਕੀਤੀਆਂ। ਜ਼ਰਾ ਸੋਚੋ ਜੇ ਯਿਸੂ ਨੇ ਸ਼ਤਾਨ ਦੀ ਗੱਲ ਮੰਨ ਲਈ ਹੁੰਦੀ ਤਾਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਹੋਣੀ ਸੀ। ਪਰ ਯਿਸੂ ਦਾ ਮਨ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਉੱਤੇ ਟਿਕਿਆ ਹੋਇਆ ਸੀ। ਉਸ ਨੂੰ ਇਹ ਵੀ ਇਹਸਾਸ ਹੋਇਆ ਕਿ ਸ਼ਤਾਨ ਦੀ ਦੁਨੀਆਂ ਵਿਚ ਅਜਿਹੀ ਜ਼ਿੰਦਗੀ ਚੰਦ ਦਿਨਾਂ ਦੀ ਹੋਣੀ ਸੀ। ਯਿਸੂ ਨੇ ਇਕਦਮ ਸ਼ਤਾਨ ਦੀ ਗੱਲ ਠੁਕਰਾਈ ਅਤੇ ਉਸ ਨੂੰ ਕਿਹਾ: “ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” ਉਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਯਿਸੂ “ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:2, 8-10, 17) ਇਸ ਤੋਂ ਬਾਅਦ ਯਿਸੂ ਨੇ ਧਰਤੀ ਉੱਤੇ ਆਪਣੀ ਪੂਰੀ ਜ਼ਿੰਦਗੀ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਵਿਚ ਲਗਾਈ ਸੀ।

17. ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਰਾਜ ਦੀਆਂ ਗੱਲਾਂ ਸਾਡੀ ਜ਼ਿੰਦਗੀ ਵਿਚ ਪਹਿਲ ਰੱਖਦੀਆਂ ਹਨ?

17 ਸਾਨੂੰ ਆਪਣੇ ਆਗੂ ਦੀ ਨਕਲ ਕਰਨੀ ਚਾਹੀਦੀ ਹੈ ਅਤੇ ਸ਼ਤਾਨ ਦੀ ਦੁਨੀਆਂ ਵਾਂਗ ਚੰਗੀ ਕਮਾਈ ਅਤੇ ਨੌਕਰੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਨਹੀਂ ਦੇਣੀ ਚਾਹੀਦੀ। (ਮਰਕੁਸ 1:17-21) ਇਹ ਕਿੰਨੀ ਮੂਰਖਤਾ ਹੋਵੇਗੀ ਜੇਕਰ ਅਸੀਂ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਨੂੰ ਭੁੱਲ ਕੇ ਦੁਨਿਆਵੀ ਚੀਜ਼ਾਂ ਦੇ ਜਾਲ ਵਿਚ ਫੱਸ ਜਾਈਏ! ਯਿਸੂ ਨੇ ਸਾਨੂੰ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ ਸੌਂਪਿਆ ਹੈ। (ਮੱਤੀ 24:14; 28:19, 20) ਇਹ ਸੱਚ ਹੈ ਕਿ ਸਾਡੇ ਕੋਲ ਪਰਿਵਾਰ ਦੀਆਂ ਜਾਂ ਹੋਰ ਕਿਸਮ ਦੀਆਂ ਜ਼ਿੰਮੇਵਾਰੀਆਂ ਹਨ, ਪਰ ਕੀ ਅਸੀਂ ਸ਼ਾਮ ਨੂੰ ਅਤੇ ਸਿਨੱਚਰਵਾਰ ਤੇ ਐਤਵਾਰ ਦੇ ਦਿਨ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਖ਼ੁਸ਼ ਨਹੀਂ ਹੁੰਦੇ? ਅਤੇ ਇਹ ਗੱਲ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ 2001 ਸੇਵਾ ਸਾਲ ਦੌਰਾਨ ਕੁਝ 7,80,000 ਭੈਣਾਂ-ਭਰਾਵਾਂ ਨੇ ਪਾਇਨੀਅਰਾਂ ਵਜੋਂ ਆਪਣਾ ਪੂਰਾ ਸਮਾਂ ਲਗਾਇਆ ਸੀ!

18. ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਪ੍ਰਾਪਤ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

18 ਬਾਈਬਲ ਅਨੁਸਾਰ ਯਿਸੂ ਅਜਿਹਾ ਇਨਸਾਨ ਨਹੀਂ ਸੀ ਜੋ ਵੇਲਾ ਬੈਠਾ ਰਹਿੰਦਾ ਸੀ। ਉਹ ਕੋਮਲ ਦਿਲ ਵਾਲਾ ਆਦਮੀ ਸੀ। ਜਦੋਂ ਉਸ ਨੇ ਆਪਣੇ ਦੁਆਲੇ ਅਜਿਹੇ ਲੋਕ ਦੇਖੇ ਜੋ ਪਰਮੇਸ਼ੁਰ ਬਾਰੇ ਸੁਣਨਾ ਚਾਹੁੰਦੇ ਸਨ ਤਾਂ ਉਸ ਨੇ ਉਨ੍ਹਾਂ ਉੱਤੇ ਤਰਸ ਖਾਧਾ ਅਤੇ ਉਨ੍ਹਾਂ ਦੀ ਮਦਦ ਕੀਤੀ। (ਮਰਕੁਸ 6:31-34) ਸਾਨੂੰ ਸਾਡੇ ਪ੍ਰਚਾਰ ਦੇ ਕੰਮ ਵਿਚ ਉਦੋਂ ਜ਼ਿਆਦਾ ਆਨੰਦ ਮਿਲਦਾ ਹੈ ਜਦੋਂ ਸਾਡੇ ਦਿਲ ਵਿਚ ਲੋਕਾਂ ਲਈ ਪਿਆਰ ਹੁੰਦਾ ਹੈ ਅਤੇ ਅਸੀਂ ਸੱਚ-ਮੁੱਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਪਰ ਅਸੀਂ ਇਸ ਤਰ੍ਹਾਂ ਦੀ ਇੱਛਾ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ? ਜੇਸਨ ਨਾਂ ਦੇ ਇਕ ਭਰਾ ਨੇ ਦੱਸਿਆ ਕਿ “ਜਦ ਮੈਂ ਛੋਟਾ ਹੁੰਦਾ ਸੀ ਤਾਂ ਮੈਂ ਪ੍ਰਚਾਰ ਦੇ ਕੰਮ ਵਿਚ ਜਾਣਾ ਇੰਨਾ ਪਸੰਦ ਨਹੀਂ ਕਰਦਾ ਸੀ।” ਇਸ ਕੰਮ ਲਈ ਪਿਆਰ ਜਗਾਉਣ ਵਿਚ ਕਿਸ ਚੀਜ਼ ਨੇ ਉਸ ਦੀ ਮਦਦ ਕੀਤੀ? ਜੇਸਨ ਨੇ ਦੱਸਿਆ: “ਸਾਡੇ ਘਰ ਵਿਚ ਹਰ ਸਿਨੱਚਰਵਾਰ ਸਵੇਰ ਦਾ ਸਮਾਂ ਪ੍ਰਚਾਰ ਦੇ ਕੰਮ ਵਿਚ ਬਿਤਾਇਆ ਜਾਂਦਾ ਸੀ। ਮੇਰੇ ਲਈ ਇਹ ਚੰਗੀ ਗੱਲ ਸੀ ਕਿਉਂਕਿ ਜਿੰਨਾ ਜ਼ਿਆਦਾ ਮੈਂ ਇਹ ਕੰਮ ਕਰਦਾ ਸੀ ਉੱਨਾ ਹੀ ਜ਼ਿਆਦਾ ਮੈਂ ਇਸ ਦੇ ਚੰਗੇ ਨਤੀਜੇ ਦੇਖ ਸਕਦਾ ਸੀ ਅਤੇ ਇਸ ਤਰ੍ਹਾਂ ਉੱਨਾ ਹੀ ਜ਼ਿਆਦਾ ਮੈਨੂੰ ਇਸ ਤੋਂ ਆਨੰਦ ਮਿਲਣ ਲੱਗ ਪਿਆ।” ਸਾਨੂੰ ਵੀ ਬਾਕਾਇਦਾ ਤਨਦੇਹੀ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ।

19. ਮਸੀਹ ਦੀ ਅਗਵਾਈ ਬਾਰੇ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?

19 ਯਿਸੂ ਦੀ ਅਗਵਾਈ ਕਬੂਲ ਕਰਨ ਨਾਲ ਸੱਚ-ਮੁੱਚ ਤਾਜ਼ਗੀ ਮਿਲਦੀ ਹੈ ਅਤੇ ਇਹ ਸਾਨੂੰ ਆਨੰਦ ਦਿੰਦੀ ਹੈ। ਜਦ ਅਸੀਂ ਇਸ ਨੂੰ ਕਬੂਲ ਕਰਦੇ ਹਾਂ ਤਾਂ ਜਵਾਨੀ ਦਾ ਸਮਾਂ ਗਿਆਨ ਅਤੇ ਅਕਲਮੰਦੀ ਵਿਚ ਵਧਣ ਦਾ ਸਮਾਂ ਬਣ ਜਾਂਦਾ ਹੈ। ਸਾਡੇ ਘਰ ਵਿਚ ਸੁਖ-ਸੰਤੋਖ ਹੁੰਦਾ ਹੈ ਅਤੇ ਸਾਡੀ ਸੇਵਕਾਈ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ। ਤਾਂ ਫਿਰ ਚਲੋ ਆਪਾਂ ਫ਼ੈਸਲੇ ਕਰਨ ਵਿਚ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਦ੍ਰਿੜ੍ਹਤਾ ਨਾਲ ਜ਼ਾਹਰ ਕਰੀਏ ਕਿ ਅਸੀਂ ਯਿਸੂ ਨੂੰ ਆਪਣੀ ਜ਼ਿੰਦਗੀ ਵਿਚ ਆਗੂ ਵਜੋਂ ਕਬੂਲ ਕੀਤਾ ਹੈ। (ਕੁਲੁੱਸੀਆਂ 3:23, 24) ਪਰ ਯਿਸੂ ਮਸੀਹ ਨੇ ਇਕ ਹੋਰ ਤਰੀਕੇ ਵਿਚ ਵੀ ਸਾਨੂੰ ਅਗਵਾਈ ਦਿੱਤੀ ਹੈ, ਯਾਨੀ ਮਸੀਹੀ ਕਲੀਸਿਯਾ ਦੇ ਜ਼ਰੀਏ। ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਇਸ ਜ਼ਰੀਏ ਤੋਂ ਕਿਸ ਤਰ੍ਹਾਂ ਲਾਭ ਹਾਸਲ ਕਰ ਸਕਦੇ ਹਾਂ।

[ਫੁਟਨੋਟ]

^ ਪੈਰਾ 7 ਕੁਝ ਨਾਂ ਬਦਲੇ ਗਏ ਹਨ।

ਕੀ ਤੁਹਾਨੂੰ ਯਾਦ ਹੈ?

• ਪਰਮੇਸ਼ੁਰ ਦੇ ਚੁਣੇ ਹੋਏ ਆਗੂ ਦੀ ਪੈਰਵੀ ਕਰਨ ਨਾਲ ਸਾਨੂੰ ਕਿਸ ਤਰ੍ਹਾਂ ਫ਼ਾਇਦਾ ਹੁੰਦਾ ਹੈ?

• ਨੌਜਵਾਨ ਕਿਸ ਤਰ੍ਹਾਂ ਜ਼ਾਹਰ ਕਰ ਸਕਦੇ ਹਨ ਕਿ ਉਹ ਯਿਸੂ ਦੀ ਅਗਵਾਈ ਦੀ ਪੈਰਵੀ ਕਰਨੀ ਚਾਹੁੰਦੇ ਹਨ?

• ਮਸੀਹ ਦੀ ਅਗਵਾਈ ਸਵੀਕਾਰ ਕਰਨ ਵਾਲਿਆਂ ਦੇ ਘਰਾਂ ਵਿਚ ਕੀ ਦੇਖਿਆ ਜਾਂਦਾ ਹੈ?

• ਸਾਡੀ ਸੇਵਕਾਈ ਤੋਂ ਕਿਸ ਤਰ੍ਹਾਂ ਜ਼ਾਹਰ ਹੁੰਦਾ ਹੈ ਕਿ ਅਸੀਂ ਮਸੀਹ ਦੀ ਅਗਵਾਈ ਕਬੂਲ ਕਰਦੇ ਹਾਂ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਜਵਾਨੀ ਪਰਮੇਸ਼ੁਰ ਅਤੇ ਉਸ ਦੇ ਚੁਣੇ ਹੋਏ ਆਗੂ ਬਾਰੇ ਗਿਆਨ ਹਾਸਲ ਕਰਨ ਦਾ ਚੰਗਾ ਸਮਾਂ ਹੈ

[ਸਫ਼ੇ 10 ਉੱਤੇ ਤਸਵੀਰ]

ਮਸੀਹ ਦੀ ਅਗਵਾਈ ਕਬੂਲ ਕਰਨ ਨਾਲ ਪਰਿਵਾਰਾਂ ਨੂੰ ਸੁਖ-ਸੰਤੋਖ ਮਿਲਦਾ ਹੈ

[ਸਫ਼ੇ 12 ਉੱਤੇ ਤਸਵੀਰਾਂ]

ਯਿਸੂ ਨੇ ਪਹਿਲਾਂ ਰਾਜ ਦੀ ਭਾਲ ਕੀਤੀ ਸੀ। ਕੀ ਤੁਸੀਂ ਵੀ ਕਰਦੇ ਹੋ?