Skip to content

Skip to table of contents

ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

ਲਾਸ਼ ਵਿਚ ਸੁਗੰਧੀਆਂ ਭਰਨਾ—ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

ਵਫ਼ਾਦਾਰ ਕੁਲ-ਪਿਤਾ ਯਾਕੂਬ ਨੇ ਮਰਦੇ ਦਮ ਆਪਣੀ ਆਖ਼ਰੀ ਖ਼ਾਹਸ਼ ਪ੍ਰਗਟ ਕੀਤੀ: “ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੀ ਪੈਲੀ ਵਿੱਚ ਹੈ ਦੱਬਿਓ। ਅਰਥਾਤ ਉਸ ਗੁਫਾ ਵਿੱਚ ਜਿਹੜੀ ਮਕਫੀਲਾਹ ਦੀ ਪੈਲੀ ਵਿੱਚ ਮਮਰੇ ਦੇ ਅੱਗੇ ਕਨਾਨ ਦੇਸ ਵਿੱਚ ਹੈ।”—ਉਤਪਤ 49:29-31.

ਯੂਸੁਫ਼ ਨੇ ਮਿਸਰੀ ਲੋਕਾਂ ਦੇ ਇਕ ਆਮ ਰਿਵਾਜ ਦਾ ਫ਼ਾਇਦਾ ਉਠਾ ਕੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਸੀ। ਉਸ ਨੇ “ਆਪਣੇ ਟਹਿਲੂਆਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ ਭਈ ਓਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ।” ਉਤਪਤ ਦੇ 50ਵੇਂ ਅਧਿਆਇ ਦੇ ਅਨੁਸਾਰ ਵੈਦਾਂ ਨੇ ਰਿਵਾਜ ਮੁਤਾਬਕ ਲਾਸ਼ ਤਿਆਰ ਕਰਨ ਲਈ 40 ਦਿਨ ਲਾਏ। ਯਾਕੂਬ ਵਿਚ ਸੁਗੰਧੀਆਂ ਭਰਨ ਦੇ ਕਾਰਨ ਉਸ ਦੇ ਪਰਿਵਾਰ ਦੇ ਜੀਅ ਅਤੇ ਮਿਸਰੀ ਉੱਚ-ਅਧਿਕਾਰੀਆਂ ਦੀ ਵੱਡੀ ਟੋਲੀ 250 ਮੀਲ ਦੀ ਦੂਰੀ ਤਕ ਯਾਕੂਬ ਦੀ ਲਾਸ਼ ਨੂੰ ਦਫ਼ਨਾਉਣ ਲਈ ਹੌਲੀ-ਹੌਲੀ ਹਬਰੋਨ ਜਾ ਸਕੀ।—ਉਤਪਤ 50:1-14.

ਕੀ ਇਹ ਹੋ ਸਕਦਾ ਹੈ ਕਿ ਯਾਕੂਬ ਦੀ ਸੁਗੰਧਿਤ ਲਾਸ਼ ਇਕ ਦਿਨ ਲੱਭੀ ਜਾਵੇਗੀ? ਇਸ ਤਰ੍ਹਾਂ ਹੋਣਾ ਸੰਭਵ ਨਹੀਂ ਲੱਗਦਾ। ਇਸਰਾਏਲ ਇਕ ਸਿੰਜਿਆ ਹੋਇਆ ਇਲਾਕਾ ਸੀ, ਜਿਸ ਕਰਕੇ ਉੱਥੇ ਬਹੁਤ ਹੀ ਥੋੜ੍ਹੀਆਂ ਪੁਰਾਣੀਆਂ ਚੀਜ਼ਾਂ ਲੱਭਦੀਆਂ ਹਨ। (ਕੂਚ 3:8) ਪ੍ਰਾਚੀਨ ਧਾਤ ਅਤੇ ਪੱਥਰ ਦੀਆਂ ਕਈ ਚੀਜ਼ਾਂ ਲੱਭਦੀਆਂ ਹਨ, ਪਰ ਸਿਲ੍ਹ ਅਤੇ ਸਮੇਂ ਕਰਕੇ ਕੱਪੜਾ, ਚਮੜਾ, ਅਤੇ ਉਹ ਲਾਸ਼ਾਂ ਜਿਨ੍ਹਾਂ ਵਿਚ ਸੁਗੰਧੀਆਂ ਭਰੀਆਂ ਹੋਇਆਂ ਸਨ ਨਹੀਂ ਬਚੀਆਂ।

ਲਾਸ਼ ਵਿਚ ਸੁਗੰਧੀਆਂ ਭਰਨ ਦੇ ਰਿਵਾਜ ਵਿਚ ਕੀ-ਕੀ ਸ਼ਾਮਲ ਹੈ? ਇਹ ਰਿਵਾਜ ਕਿਉਂ ਜਾਰੀ ਰਿਹਾ ਹੈ? ਇਸ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?

ਇਹ ਰਿਵਾਜ ਕਿੱਥੋਂ ਸ਼ੁਰੂ ਹੋਇਆ ਸੀ?

ਇਨਸਾਨ ਦੀ ਲਾਸ਼ ਵਿਚ ਸੁਗੰਧੀਆਂ ਭਰਨ ਦਾ ਮਕਸਦ ਇਹੀ ਹੈ ਕਿ ਉਸ ਨੂੰ ਗਲਣ ਤੋਂ ਰੋਕਿਆ ਜਾਵੇ। ਬਹੁਤ ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਇਹ ਰਿਵਾਜ ਮਿਸਰ ਦੇਸ਼ ਵਿਚ ਸ਼ੁਰੂ ਹੋਇਆ ਸੀ, ਪਰ ਇਹ ਰਿਵਾਜ ਪ੍ਰਾਚੀਨ ਅੱਸ਼ੂਰੀ, ਫ਼ਾਰਸੀ, ਅਤੇ ਸੇਥੀ ਲੋਕਾਂ ਵਿਚਕਾਰ ਵੀ ਪ੍ਰਚਲਿਤ ਸੀ। ਸ਼ਾਇਦ ਇਸ ਵਿਚ ਦਿਲਚਸਪੀ ਉਦੋਂ ਪੈਦਾ ਹੋਈ ਅਤੇ ਜਾਂਚ ਕੀਤੀ ਜਾਣੀ ਸ਼ੁਰੂ ਹੋਈ ਜਦੋਂ ਰੇਗਿਸਤਾਨ ਵਿਚ ਦੱਬੀਆਂ ਹੋਈਆਂ ਲਾਸ਼ਾਂ ਲੱਭੀਆਂ ਜੋ ਗਲੀਆਂ ਨਹੀਂ ਸਨ। ਅਜਿਹੇ ਦਫ਼ਨ ਦੁਆਰਾ ਲਾਸ਼ਾਂ ਤਕ ਪਾਣੀ ਅਤੇ ਹਵਾ ਨਹੀਂ ਪਹੁੰਚ ਸਕੇ ਅਤੇ ਇਸ ਤਰ੍ਹਾਂ ਲਾਸ਼ਾਂ ਪੂਰੀ ਤਰ੍ਹਾਂ ਨਹੀਂ ਗਲੀਆਂ। ਕੁਝ ਲੋਕ ਕਹਿੰਦੇ ਹਨ ਕਿ ਸੁਗੰਧੀਆਂ ਭਰਨ ਦਾ ਕੰਮ ਉਦੋਂ ਸ਼ੁਰੂ ਹੋਇਆ ਸੀ ਜਦੋਂ ਲਾਸ਼ਾਂ ਖਾਰ ਵਿਚ ਸੁਰੱਖਿਅਤ ਲੱਭੀਆਂ ਗਈਆਂ ਸਨ। ਇਹ ਰਸਾਇਣਕ ਪਦਾਰਥ ਮਿਸਰ ਦੇਸ਼ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਬਹੁਤ ਪਾਇਆ ਜਾਂਦਾ ਹੈ।

ਸੁਗੰਧੀਆਂ ਭਰਨ ਵਾਲੇ ਦਾ ਟੀਚਾ ਇਹ ਹੁੰਦਾ ਹੈ ਕਿ ਉਹ ਲਾਸ਼ ਦੇ ਕੁਦਰਤੀ ਗਲਣ-ਸੜਨ ਨੂੰ ਰੋਕ ਦੇਵੇ ਜੋ ਮੌਤ ਤੋਂ ਕੁਝ ਹੀ ਘੰਟਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ। ਸੁਗੰਧੀਆਂ ਭਰਨ ਨਾਲ ਇਹ ਗਲਣਾ-ਸੜਨਾ ਕਿਸੇ ਹੱਦ ਤਕ ਰੋਕਿਆ ਜਾ ਸਕਦਾ ਹੈ। ਤਿੰਨ ਗੱਲਾਂ ਜ਼ਰੂਰੀ ਹੁੰਦੀਆਂ ਹਨ: ਲਾਸ਼ ਨੂੰ ਸੁਰੱਖਿਅਤ ਰੱਖਣਾ, ਉਸ ਨੂੰ ਗਲਣ ਤੋਂ ਰੋਕਣਾ, ਅਤੇ ਉਸ ਨੂੰ ਕੀੜਿਆਂ ਤੋਂ ਬਚਾ ਕੇ ਰੱਖਣਾ।

ਪ੍ਰਾਚੀਨ ਮਿਸਰੀ ਖ਼ਾਸ ਕਰਕੇ ਆਪਣੇ ਧਾਰਮਿਕ ਵਿਚਾਰਾਂ ਕਾਰਨ ਮੁਰਦਿਆਂ ਵਿਚ ਸੁਗੰਧੀਆਂ ਭਰਦੇ ਸਨ। ਮਿਸਰੀ ਮੰਨਦੇ ਸਨ ਕਿ ਮੌਤ ਤੋਂ ਬਾਅਦ ਉਹ ਅਗਲੇ ਜੀਵਨ ਵਿਚ ਜਾਣਗੇ, ਇਸ ਲਈ ਉਹ ਜੀਉਂਦੇ ਲੋਕਾਂ ਦੀ ਦੁਨੀਆਂ ਨਾਲ ਸੰਬੰਧ ਰੱਖਣਾ ਜ਼ਰੂਰੀ ਸਮਝਦੇ ਸੀ। ਉਹ ਇਹ ਵੀ ਮੰਨਦੇ ਸਨ ਕਿ ਉਨ੍ਹਾਂ ਦੇ ਸਰੀਰ ਹਮੇਸ਼ਾ ਲਈ ਵਰਤੇ ਜਾਣੇ ਸਨ ਅਤੇ ਉਨ੍ਹਾਂ ਵਿਚ ਦੁਬਾਰਾ ਜਾਨ ਪਾਈ ਜਾਣੀ ਸੀ। ਭਾਵੇਂ ਕਿ ਮਿਸਰ ਦੇਸ਼ ਵਿਚ ਲਾਸ਼ਾਂ ਵਿਚ ਸੁਗੰਧੀਆਂ ਭਰਨੀਆਂ ਇਕ ਆਮ ਰਿਵਾਜ ਸੀ, ਅੱਜ ਤਕ ਇਸ ਬਾਰੇ ਕੋਈ ਮਿਸਰੀ ਬਿਰਤਾਂਤ ਨਹੀਂ ਮਿਲਿਆ ਕਿ ਇਹ ਕਿੱਦਾਂ ਕੀਤਾ ਜਾਂਦਾ ਸੀ। ਇਸ ਬਾਰੇ ਪੰਜਵੀਂ ਸਦੀ ਸਾ.ਯੁ.ਪੂ. ਤੋਂ ਹੈਰੋਡੋਟਸ ਨਾਂ ਦੇ ਯੂਨਾਨੀ ਇਤਿਹਾਸਕਾਰ ਦਾ ਸਭ ਤੋਂ ਵਧੀਆ ਰਿਕਾਰਡ ਹੈ। ਪਰ ਕਿਹਾ ਗਿਆ ਹੈ ਕਿ ਹੈਰੋਡੋਟਸ ਦੀਆਂ ਹਿਦਾਇਤਾਂ ਉੱਤੇ ਚੱਲ ਕੇ ਲਾਸ਼ਾਂ ਵਿਚ ਸੁਗੰਧੀਆਂ ਭਰਨ ਦਾ ਨਤੀਜਾ ਇੰਨਾ ਚੰਗਾ ਨਹੀਂ ਨਿਕਲਿਆ ਹੈ।

ਕੀ ਇਹ ਰਿਵਾਜ ਮਸੀਹੀਆਂ ਲਈ ਠੀਕ ਹੈ?

ਧਿਆਨ ਦਿਓ ਕਿ ਯਾਕੂਬ ਵਿਚ ਸੁਗੰਧੀਆਂ ਭਰਨ ਵਾਲੇ ਵੈਦਾਂ ਦੇ ਧਾਰਮਿਕ ਵਿਸ਼ਵਾਸ ਉਸ ਦੇ ਆਪਣੇ ਵਿਸ਼ਵਾਸਾਂ ਤੋਂ ਬਹੁਤ ਵੱਖਰੇ ਸਨ। ਉਨ੍ਹੀਂ ਦਿਨੀਂ ਮਿਸਰ ਵਿਚ ਲਾਸ਼ਾਂ ਵਿਚ ਸੁਗੰਧੀਆਂ ਭਰਨ ਦੇ ਸਮੇਂ ਸੰਭਵ ਹੈ ਕਿ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ ਅਤੇ ਅਨੇਕ ਰਸਮ ਵੀ ਪੂਰੇ ਕੀਤੇ ਜਾਂਦੇ ਸਨ। ਪਰ ਯਾਕੂਬ ਅਤੇ ਯੂਸੁਫ਼ ਸੱਚੇ ਪਰਮੇਸ਼ੁਰ ਉੱਤੇ ਪੱਕੀ ਨਿਹਚਾ ਰੱਖਦੇ ਸਨ। (ਇਬਰਾਨੀਆਂ 11:21, 22) ਇਸ ਲਈ ਇਹ ਅਸੰਭਵ ਹੈ ਕਿ ਜਦੋਂ ਯੂਸੁਫ਼ ਨੇ ਆਪਣੇ ਪਿਤਾ ਦੀ ਲਾਸ਼ ਵੈਦੀਆਂ ਦੇ ਹੱਥੀਂ ਦਿੱਤੀ ਸੀ, ਤਾਂ ਉਸ ਨੇ ਇਹ ਚਾਹਿਆ ਹੋਵੇਗਾ ਕਿ ਸੁਗੰਧੀਆਂ ਭਰਨ ਦੇ ਨਾਲ-ਨਾਲ ਇਹ ਸਭ ਕੁਝ ਵੀ ਕੀਤਾ ਜਾਂਦਾ। ਭਾਵੇਂ ਕਿ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ ਸੀ ਕਿ ਯਾਕੂਬ ਦੀ ਲਾਸ਼ ਵਿਚ ਸੁਗੰਧੀਆਂ ਭਰੀਆਂ ਜਾਣ, ਫਿਰ ਵੀ ਬਾਈਬਲ ਵਿਚ ਇਹ ਮਨ੍ਹਾ ਵੀ ਨਹੀਂ ਕੀਤਾ ਗਿਆ। ਯਾਕੂਬ ਦੀ ਲਾਸ਼ ਵਿਚ ਸੁਗੰਧੀਆਂ ਭਰਨੀਆਂ ਇਸਰਾਏਲ ਦੀ ਕੌਮ ਜਾਂ ਮਸੀਹੀ ਕਲੀਸਿਯਾ ਲਈ ਇਕ ਮਿਸਾਲ ਨਹੀਂ ਸੀ। ਦਰਅਸਲ ਬਾਈਬਲ ਵਿਚ ਇਸ ਵਿਸ਼ੇ ਉੱਤੇ ਕੋਈ ਖ਼ਾਸ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ। ਮਿਸਰ ਵਿਚ ਯੂਸੁਫ਼ ਦੀ ਲਾਸ਼ ਵਿਚ ਵੀ ਸੁਗੰਧੀਆਂ ਭਰੀਆਂ ਗਈਆਂ ਸਨ ਪਰ ਇਸ ਤੋਂ ਬਾਅਦ ਇਸ ਰਿਵਾਜ ਬਾਰੇ ਹੋਰ ਕੋਈ ਜ਼ਿਕਰ ਨਹੀਂ ਕੀਤਾ ਗਿਆ।—ਉਤਪਤ 50:26.

ਫਲਸਤੀਨ ਦੇਸ਼ ਦੀਆਂ ਕਈ ਕਬਰਾਂ ਵਿਚ ਵੀ ਲਾਸ਼ਾਂ ਲੱਭੀਆਂ ਗਈਆਂ ਹਨ। ਇਨ੍ਹਾਂ ਲਾਸ਼ਾਂ ਦੀ ਮਾੜੀ ਹਾਲਤ ਤੋਂ ਪਤਾ ਲੱਗਦਾ ਹੈ ਕਿ ਲਾਸ਼ ਵਿਚ ਸੁਗੰਧੀਆਂ ਭਰਨੀਆਂ ਯਹੂਦੀ ਰਿਵਾਜ ਨਹੀਂ ਸੀ। ਜੇ ਉਹ ਇਸ ਤਰ੍ਹਾਂ ਕਰਦੇ ਵੀ ਸੀ, ਤਾਂ ਇਹ ਲਾਸ਼ ਨੂੰ ਬਹੁਤਾ ਚਿਰ ਸੁਰੱਖਿਅਤ ਰੱਖਣ ਲਈ ਨਹੀਂ ਕੀਤਾ ਜਾਂਦਾ ਸੀ। ਮਿਸਾਲ ਲਈ ਲਾਜ਼ਰ ਵਿਚ ਸੁਗੰਧੀਆਂ ਨਹੀਂ ਭਰੀਆਂ ਗਈਆਂ ਸਨ। ਭਾਵੇਂ ਕਿ ਉਸ ਨੂੰ ਕਫ਼ਨ ਵਿਚ ਲਪੇਟਿਆ ਹੋਇਆ ਸੀ, ਜਦੋਂ ਉਸ ਦੀ ਕਬਰ ਤੋਂ ਪੱਥਰ ਹਟਾਇਆ ਗਿਆ ਸੀ ਦੇਖਣ ਵਾਲਿਆਂ ਨੂੰ ਚਿੰਤਾ ਸੀ ਕਿ ਉਸ ਦੀ ਲਾਸ਼ ਕਿਸ ਹਾਲਤ ਵਿਚ ਹੋਵੇਗੀ। ਲਾਜ਼ਰ ਦੀ ਮੌਤ ਨੂੰ ਚਾਰ ਦਿਨ ਹੋ ਚੁੱਕੇ ਸਨ ਅਤੇ ਉਸ ਦੀ ਭੈਣ ਨੂੰ ਪੂਰਾ ਯਕੀਨ ਸੀ ਕਿ ਕਬਰ ਖੋਲ੍ਹੇ ਜਾਣ ਤੇ ਉਸ ਤੋਂ ਮੁਸ਼ਕ ਆਵੇਗਾ।—ਯੂਹੰਨਾ 11:38-44.

ਕੀ ਯਿਸੂ ਮਸੀਹ ਦੀ ਲਾਸ਼ ਵਿਚ ਸੁਗੰਧੀਆਂ ਭਰੀਆਂ ਗਈਆਂ ਸਨ? ਇੰਜੀਲਾਂ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਉਸ ਜ਼ਮਾਨੇ ਵਿਚ ਯਹੂਦੀ ਰਿਵਾਜ ਸੀ ਕਿ ਲਾਸ਼ ਨੂੰ ਦਫ਼ਨਾਉਣ ਤੋਂ ਪਹਿਲਾਂ ਉਸ ਉੱਤੇ ਮਸਾਲੇ ਅਤੇ ਅਤਰ ਲਾਏ ਜਾਂਦੇ ਸਨ। ਉਦਾਹਰਣ ਲਈ, ਨਿਕੁਦੇਮੁਸ ਨੇ ਯਿਸੂ ਦੀ ਲਾਸ਼ ਨੂੰ ਤਿਆਰ ਕਰਨ ਲਈ 45 ਕਿਲੋ ਮਸਾਲੇ ਲਿਆਂਦੇ ਸਨ। (ਯੂਹੰਨਾ 19:38-42) ਉਹ ਇੰਨੇ ਸਾਰੇ ਮਸਾਲੇ ਕਿਉਂ ਲਿਆਇਆ ਸੀ? ਉਹ ਯਿਸੂ ਨਾਲ ਦਿਲੋਂ ਪਿਆਰ ਅਤੇ ਉਸ ਦੀ ਬਹੁਤ ਇੱਜ਼ਤ ਕਰਦਾ ਸੀ ਅਤੇ ਸ਼ਾਇਦ ਇਸ ਲਈ ਉਸ ਨੇ ਇੰਨਾ ਕੁਝ ਦਿੱਤਾ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਅਜਿਹੇ ਮਸਾਲੇ ਉਸ ਦੀ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਗਏ ਸਨ।

ਕੀ ਇਕ ਮਸੀਹੀ ਨੂੰ ਲਾਸ਼ ਵਿਚ ਸੁਗੰਧੀਆਂ ਭਰਨ ਦੇ ਰਿਵਾਜ ਦਾ ਇਤਰਾਜ਼ ਕਰਨਾ ਚਾਹੀਦਾ ਹੈ? ਜਦੋਂ ਅਸੀਂ ਲਾਸ਼ ਵਿਚ ਸੁਗੰਧੀਆਂ ਭਰਨ ਦੇ ਅਸਲੀ ਮਕਸਦ ਵੱਲ ਧਿਆਨ ਦਿੰਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਹ ਉਸ ਨੂੰ ਹੀ ਟਾਲਣ ਦੀ ਕੋਸ਼ਿਸ਼ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ। ਅਸੀਂ ਮਿੱਟੀ ਵਿੱਚੋਂ ਹਾਂ ਅਤੇ ਮਿੱਟੀ ਵਿਚ ਮੁੜ ਜਾਂਦੇ ਹਾਂ। (ਉਤਪਤ 3:19) ਪਰ ਮੌਤ ਤੋਂ ਦਾਗਾਂ ਤਕ ਕਿੰਨਾ ਕੁ ਸਮਾਂ ਬੀਤ ਜਾਵੇਗਾ? ਜੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਦੂਰੋਂ ਆਉਣਾ ਹੈ ਅਤੇ ਉਹ ਲਾਸ਼ ਨੂੰ ਦੇਖਣਾ ਚਾਹੁੰਦੇ ਹਨ, ਤਾਂ ਕੁਝ ਹੱਦ ਤਕ ਲਾਸ਼ ਵਿਚ ਸੁਗੰਧੀਆਂ ਭਰਨੀਆਂ ਜ਼ਰੂਰੀ ਹੋਵੇਗਾ।

ਤਾਂ ਫਿਰ ਬਾਈਬਲ ਦੇ ਮੁਤਾਬਕ ਇਸ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜੇ ਲਾਸ਼ ਵਿਚ ਸੁਗੰਧੀਆਂ ਭਰਨੀਆਂ ਤੁਹਾਡੇ ਇਲਾਕੇ ਵਿਚ ਕਾਨੂੰਨ ਹੈ ਜਾਂ ਤੁਹਾਡਾ ਪਰਿਵਾਰ ਚਾਹੁੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰੋਂ। ਮੁਰਦੇ ਤਾਂ “ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਜੇ ਉਹ ਪਰਮੇਸ਼ੁਰ ਦੀ ਯਾਦ ਵਿਚ ਹਨ, ਤਾਂ ਉਹ ਉਨ੍ਹਾਂ ਨੂੰ ਆਪਣੇ ਨਵੇਂ ਸੰਸਾਰ ਵਿਚ ਦੁਬਾਰਾ ਜੀਉਂਦਾ ਕਰੇਗਾ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ।—ਅੱਯੂਬ 14:13-15; ਰਸੂਲਾਂ ਦੇ ਕਰਤੱਬ 24:15; 2 ਪਤਰਸ 3:13.

[ਸਫ਼ੇ 31 ਉੱਤੇ ਡੱਬੀ/ਤਸਵੀਰ]

ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਸੁੰਗਧੀਆਂ ਭਰਨ ਦਾ ਕੰਮ

ਪ੍ਰਾਚੀਨ ਮਿਸਰ ਵਿਚ ਇਕ ਪਰਿਵਾਰ ਦੀ ਅਮੀਰੀ-ਗ਼ਰੀਬੀ ਉੱਤੇ ਨਿਰਭਰ ਕਰਦਾ ਸੀ ਕਿ ਲਾਸ਼ ਵਿਚ ਕਿਸ ਤਰ੍ਹਾਂ ਦੀਆਂ ਸੁਗੰਧੀਆਂ ਭਰੀਆਂ ਜਾਂਦੀਆਂ ਸਨ। ਅਮੀਰ ਪਰਿਵਾਰ ਹੇਠ ਦਿੱਤਾ ਗਿਆ ਤਰੀਕਾ ਚੁਣ ਸਕਦੇ ਸਨ:

ਇਕ ਧਾਤ ਦੇ ਸੰਦ ਨਾਲ ਦਿਮਾਗ਼ ਨੂੰ ਨਾਸਾਂ ਰਾਹੀਂ ਖਿੱਚਿਆ ਜਾਂਦਾ ਸੀ। ਇਸ ਤੋਂ ਬਾਅਦ ਖੋਪਰੀ ਵਿਚ ਦਵਾਈਆਂ ਭਰੀਆਂ ਜਾਂਦੀਆਂ ਸਨ। ਫਿਰ ਦਿਲ ਅਤੇ ਗੁਰਦਿਆਂ ਤੋਂ ਇਲਾਵਾ ਬਾਕੀ ਸਾਰੇ ਅੰਦਰਲੇ ਅੰਗ ਕੱਢੇ ਜਾਂਦੇ ਸਨ। ਪੇਟ ਦੇ ਅੰਦਰ ਪਹੁੰਚਣ ਲਈ ਲਾਸ਼ ਨੂੰ ਚੀਰਿਆ ਜਾਂਦਾ ਸੀ, ਪਰ ਇਸ ਤਰ੍ਹਾਂ ਕਰਨਾ ਇਕ ਪਾਪ ਸਮਝਿਆ ਜਾਂਦਾ ਸੀ। ਇਸ ਮੁਸ਼ਕਲ ਦਾ ਹੱਲ ਲੱਭਣ ਲਈ ਸੁਗੰਧੀਆਂ ਭਰਨ ਦਾ ਕੰਮ ਕਰਨ ਵਾਲੇ ਮਿਸਰੀ ਲੋਕ ਕਿਸੇ ਹੋਰ ਵਿਅਕਤੀ ਨੂੰ ਚੀਰਾ ਦੇਣ ਦਾ ਕੰਮ ਸੌਂਪਦੇ ਸਨ। ਕੰਮ ਖ਼ਤਮ ਹੁੰਦੇ ਹੀ ਉਹ ਜਲਦੀ ਭੱਜ ਜਾਂਦਾ ਸੀ, ਕਿਉਂਕਿ ਇਸ ਜੁਰਮ ਦੀ ਸਜ਼ਾ ਸੀ ਕਿ ਉਸ ਨੂੰ ਪੱਥਰਾਂ ਨਾਲ ਮਾਰਿਆ ਜਾਂਦਾ ਸੀ ਅਤੇ ਉਹ ਸਰਾਪਿਆ ਜਾਂਦਾ ਸੀ।

ਅੰਦਰਲੇ ਅੰਗ ਕੱਢਣ ਤੋਂ ਬਾਅਦ ਪੇਟ ਦਾ ਸਾਰਾ ਹਿੱਸਾ ਚੰਗੀ ਤਰ੍ਹਾਂ ਧੋਤਾ ਜਾਂਦਾ ਸੀ। ਹੈਰੋਡੋਟਸ ਨਾਂ ਦੇ ਇਤਿਹਾਸਕਾਰ ਨੇ ਲਿਖਿਆ: “ਉਹ ਪੇਟ ਦੀ ਖਾਲੀ ਕੀਤੀ ਗਈ ਜਗ੍ਹਾ ਵਿਚ ਪੀਸੇ ਅਤੇ ਖਰੇ ਗੰਧਰਸ, ਦਾਲਚੀਨੀ, ਅਤੇ ਹਰ ਤਰ੍ਹਾਂ ਦੀਆਂ ਸੁਗੰਧੀਆਂ ਭਰਦੇ ਸਨ, ਉਹ ਸਿਰਫ਼ ਲੁਬਾਨ ਨਹੀਂ ਵਰਤਦੇ ਸਨ। ਫਿਰ ਉਹ ਚੀਰੇ ਨੂੰ ਸੀਉਂ ਕੇ ਬੰਦ ਕਰ ਦਿੰਦੇ ਸਨ।”

ਇਸ ਤੋਂ ਬਾਅਦ ਲਾਸ਼ ਨੂੰ 70 ਦਿਨਾਂ ਲਈ ਖਾਰ ਵਿਚ ਰੱਖ ਕੇ ਸੁਕਾਇਆ ਜਾਂਦਾ ਸੀ। ਫਿਰ ਲਾਸ਼ ਧੋਤੀ ਜਾਂਦੀ ਸੀ ਅਤੇ ਬੜੇ ਧਿਆਨ ਨਾਲ ਲਿਨਨ ਵਿਚ ਲਪੇਟੀ ਜਾਂਦੀ ਸੀ। ਫਿਰ ਲਿਨਨ ਨੂੰ ਗੂੰਧ ਲਾਇਆ ਜਾਂਦਾ ਸੀ ਅਤੇ ਇਸ ਮੱਮੀ ਨੂੰ ਇਕ ਸੋਹਣੇ ਸਜਾਏ ਗਏ ਲੱਕੜ ਦੇ ਸੰਦੂਕ ਵਿਚ ਰੱਖਿਆ ਜਾਂਦਾ ਸੀ। ਇਸ ਸੰਦੂਕ ਦਾ ਆਕਾਰ ਇਨਸਾਨ ਦੇ ਸਰੀਰ ਵਰਗਾ ਬਣਾਇਆ ਹੁੰਦਾ ਸੀ। ਦਿਲਚਸਪੀ ਦੀ ਗੱਲ ਹੈ ਕਿ ਸ਼ਬਦ “ਮੱਮੀ” ਦਾ ਮੁੱਢ ਅਰਬੀ ਭਾਸ਼ਾ ਵਿਚ ਮੋਮ ਹੈ। ਇਹ ਇਸ ਲਈ ਹੈ ਕਿ ਕਈ ਵਾਰ ਮੋਮ ਸੁਗੰਧੀਆਂ ਭਰਨ ਦੇ ਕੰਮ ਵਿਚ ਇਸਤੇਮਾਲ ਕੀਤਾ ਜਾਂਦਾ ਸੀ।

ਅੱਜ, ਸੁਗੰਧੀਆਂ ਭਰਨ ਦਾ ਕੰਮ ਕੁਝ ਹੀ ਘੰਟਿਆਂ ਵਿਚ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਸੁਗੰਧੀਆਂ ਦੀ ਦਵਾਈ ਲਹੂ-ਨਾੜੀਆਂ, ਪੇਟ, ਅਤੇ ਸੀਨੇ ਦੀਆਂ ਖਾਲੀ ਥਾਵਾਂ ਵਿਚ ਭਰੀ ਜਾਂਦੀ ਹੈ। ਸਾਲਾਂ ਦੌਰਾਨ, ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਅਤੇ ਵਰਤੀਆਂ ਗਈਆਂ ਹਨ। ਪਰ, ਖ਼ਰਚੇ ਅਤੇ ਸੁਰੱਖਿਆ ਦੇ ਕਾਰਨ ਫੋਮਾਲਡਾਹਾਇਡ ਨਾਂ ਦੀ ਦਵਾਈ ਆਮ ਤੌਰ ਤੇ ਵਰਤੀ ਜਾਂਦੀ ਹੈ।

[ਤਸਵੀਰ]

ਫ਼ਿਰਊਨ ਟੂਟੰਕਾਮਨ ਦਾ ਸੋਨੇ ਦਾ ਸੰਦੂਕ