Skip to content

Skip to table of contents

ਵਾਲਡੈਂਸੀਜ਼—ਕੈਥੋਲਿਕ ਧਰਮ ਦੀ ਵਿਰੋਧਤਾ ਤੋਂ ਲੈ ਕੇ ਪ੍ਰੋਟੈਸਟੈਂਟ ਧਰਮ ਤਕ

ਵਾਲਡੈਂਸੀਜ਼—ਕੈਥੋਲਿਕ ਧਰਮ ਦੀ ਵਿਰੋਧਤਾ ਤੋਂ ਲੈ ਕੇ ਪ੍ਰੋਟੈਸਟੈਂਟ ਧਰਮ ਤਕ

ਵਾਲਡੈਂਸੀਜ਼​—ਕੈਥੋਲਿਕ ਧਰਮ ਦੀ ਵਿਰੋਧਤਾ ਤੋਂ ਲੈ ਕੇ ਪ੍ਰੋਟੈਸਟੈਂਟ ਧਰਮ ਤਕ

ਸਾਲ 1545 ਸੀ। ਦੱਖਣੀ ਫਰਾਂਸ ਵਿਚ ਪ੍ਰੋਵਾਂਸ ਦੇ ਲੂਬੇਰੋਂ ਨਾਂ ਦੇ ਸੁੰਦਰ ਇਲਾਕੇ ਵਿਚ ਧਾਰਮਿਕ ਪੱਖਪਾਤ ਦੇ ਕਾਰਨ ਇਕ ਫ਼ੌਜ ਰਗੜਾ-ਝਗੜਾ ਕਰਨ ਲਈ ਇਕੱਠੀ ਹੋਈ ਸੀ। ਇਕ ਹਫ਼ਤੇ ਲਈ ਖ਼ੂਨ-ਖ਼ਰਾਬਾ ਹੁੰਦਾ ਰਿਹਾ।

ਪਿੰਡਾਂ ਦੇ ਪਿੰਡ ਤਬਾਹ ਕੀਤੇ ਗਏ, ਅਤੇ ਉਨ੍ਹਾਂ ਦੇ ਵਾਸੀ ਕੈਦ ਕੀਤੇ ਜਾਂ ਮਾਰੇ ਗਏ ਸਨ। ਬੇਰਹਿਮ ਫ਼ੌਜੀਆਂ ਨੇ ਬੇਹੱਦ ਜ਼ੁਲਮ ਕੀਤੇ ਜਿਸ ਕਤਲਾਮ ਨੇ ਪੂਰੇ ਯੂਰਪ ਨੂੰ ਡਰਾਇਆ। ਕੁਝ 2,700 ਮਨੁੱਖ ਮਾਰੇ ਗਏ ਅਤੇ 600 ਆਦਮੀਆਂ ਨੂੰ ਗ਼ੁਲਾਮਾਂ ਵਾਂਗ ਚੱਪੂਆਂ ਵਾਲੇ ਜਹਾਜ਼ ਚਲਾਉਣ ਲਈ ਭੇਜਿਆ ਗਿਆ। ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਨੇ ਵੀ ਬਹੁਤ ਦੁੱਖ ਝੱਲੇ ਸਨ। ਫਰਾਂਸ ਦੇ ਰਾਜੇ ਅਤੇ ਪੋਪ ਨੇ ਇਸ ਖ਼ੂਨੀ ਕਾਰਵਾਈ ਕਰਨ ਵਾਲੇ ਸੈਨਾਪਤੀ ਦੀ ਬੜੀ ਪ੍ਰਸ਼ੰਸਾ ਕੀਤੀ।

ਚਰਚ ਦੇ ਸੁਧਾਰ ਅੰਦੋਲਨ ਕਰਕੇ ਜਰਮਨੀ ਵਿਚ ਪਹਿਲਾਂ ਹੀ ਫੁੱਟ ਪਈ ਹੋਈ ਸੀ। ਫਰਾਂਸ ਦੇ ਕੈਥੋਲਿਕ ਰਾਜੇ ਫ਼ਰਾਂਸਿਸ ਪਹਿਲੇ ਨੂੰ ਪ੍ਰੋਟੈਸਟੈਂਟ ਧਰਮ ਦੇ ਫੈਲਾਓ ਬਾਰੇ ਕਾਫ਼ੀ ਚਿੰਤਾ ਸੀ, ਅਤੇ ਇਸ ਲਈ ਉਸ ਨੇ ਆਪਣੇ ਰਾਜ ਵਿਚ ਉਨ੍ਹਾਂ ਲੋਕਾਂ ਬਾਰੇ ਪਤਾ ਕੀਤਾ ਜਿਨ੍ਹਾਂ ਨੂੰ ਧਰਮ-ਧਰੋਹੀ ਸਮਝਿਆ ਗਿਆ ਸੀ। ਕੈਥੋਲਿਕ ਧਰਮ ਦਾ ਵਿਰੋਧ ਕਰਨ ਵਾਲੇ ਥੋੜ੍ਹੇ ਜਿਹੇ ਲੋਕ ਹੀ ਨਹੀਂ ਸਨ, ਪਰ ਇਸ ਦੀ ਬਜਾਇ, ਪ੍ਰੋਵਾਂਸ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਪੂਰੇ ਦੇ ਪੂਰੇ ਪਿੰਡ ਅਜਿਹੇ ਲੋਕਾਂ ਨਾਲ ਭਰੇ ਹੋਏ ਸਨ। ਇਨ੍ਹਾਂ ਲੋਕਾਂ ਨੂੰ ਖ਼ਤਮ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਇਸ ਤਰ੍ਹਾਂ 1545 ਦਾ ਖ਼ੂਨ-ਖ਼ਰਾਬਾ ਹੋਇਆ ਸੀ।

ਚਰਚ ਦੇ ਇਹ ਵਿਰੋਧੀ ਕੌਣ ਸੀ? ਅਤੇ ਉਹ ਹਿੰਸਾ ਅਤੇ ਧਾਰਮਿਕ ਪੱਖਪਾਤ ਦੇ ਸ਼ਿਕਾਰ ਕਿਉਂ ਬਣੇ ਸਨ?

ਅਮੀਰੀ ਤੋਂ ਗ਼ਰੀਬੀ ਤਕ

ਜਿਹੜੇ ਲੋਕ ਇਸ ਖ਼ੂਨ-ਖ਼ਰਾਬੇ ਵਿਚ ਮਾਰੇ ਗਏ ਸਨ ਉਹ 12ਵੀਂ ਸਦੀ ਤੋਂ ਸ਼ੁਰੂ ਹੋਏ ਇਕ ਧਾਰਮਿਕ ਸਮੂਹ ਵਿਚ ਸਨ ਜੋ ਯੂਰਪ ਵਿਚ ਕਾਫ਼ੀ ਹੱਦ ਤਕ ਫੈਲਿਆ ਹੋਇਆ ਸੀ। ਇਹ ਸਮੂਹ ਜਿਸ ਤਰੀਕੇ ਫੈਲਿਆ ਅਤੇ ਕਈਆਂ ਸਦੀਆਂ ਦੌਰਾਨ ਕਾਇਮ ਰਿਹਾ ਇਹ ਧਾਰਮਿਕ ਵਿਰੋਧਤਾ ਦੇ ਇਤਿਹਾਸ ਵਿਚ ਬੜਾ ਅਨੋਖਾ ਸੀ। ਕਈ ਇਤਿਹਾਸਕਾਰ ਸਹਿਮਤ ਹਨ ਕਿ ਇਹ ਸਮੂਹ ਲਗਭਗ 1170 ਵਿਚ ਸ਼ੁਰੂ ਹੋਇਆ ਸੀ। ਫਰਾਂਸ ਦੇ ਲੀਅਨਜ਼ ਸ਼ਹਿਰ ਵਿਚ ਇਕ ਅਮੀਰ ਵਪਾਰੀ ਰਹਿੰਦਾ ਹੁੰਦਾ ਸੀ। ਉਸ ਦਾ ਨਾਂ ਵੋਡੇਸ ਸੀ ਅਤੇ ਉਹ ਇਹ ਜਾਣਨ ਲਈ ਬੜਾ ਉਤਸੁਕ ਸੀ ਕਿ ਉਹ ਪਰਮੇਸ਼ੁਰ ਦੀ ਕਿਰਪਾ ਕਿਵੇਂ ਪਾ ਸਕਦਾ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਯਿਸੂ ਮਸੀਹ ਦੀ ਸਲਾਹ ਤੋਂ ਪ੍ਰੇਰਿਤ ਹੋਇਆ ਸੀ ਜੋ ਉਸ ਨੇ ਇਕ ਅਮੀਰ ਆਦਮੀ ਨੂੰ ਦਿੱਤੀ ਸੀ ਕਿ ਉਹ ਆਪਣਾ ਸਭ ਕੁਝ ਵੇਚ ਕੇ ਗ਼ਰੀਬਾਂ ਨੂੰ ਦੇ ਦੇਵੇ। ਵੋਡੇਸ ਨੇ ਆਪਣੇ ਪਰਿਵਾਰ ਲਈ ਪੈਸਿਆਂ ਦਾ ਬੰਦੋਬਸਤ ਕਰ ਦਿੱਤਾ। ਆਪਣੀ ਦੌਲਤ ਵੱਲ ਪਿੱਠ ਕਰਨ ਤੋਂ ਬਾਅਦ ਉਹ ਇੰਜੀਲ ਦਾ ਪ੍ਰਚਾਰ ਕਰਨ ਲੱਗ ਪਿਆ। (ਮੱਤੀ 19:16-22) ਕੁਝ ਹੀ ਸਮੇਂ ਵਿਚ ਹੋਰ ਲੋਕ ਉਸ ਦੇ ਮਗਰ ਲੱਗ ਪਏ ਅਤੇ ਉਨ੍ਹਾਂ ਨੂੰ ਵਾਲਡੈਂਸੀਜ਼ ਸੱਦਿਆ ਗਿਆ। *

ਗ਼ਰੀਬੀ, ਪ੍ਰਚਾਰ ਕਰਨਾ, ਅਤੇ ਬਾਈਬਲ ਵੋਡੇਸ ਦੀ ਜ਼ਿੰਦਗੀ ਸੀ। ਪਾਦਰੀਆਂ ਦੀ ਅਮੀਰੀ ਦੇ ਸੰਬੰਧ ਵਿਚ ਵਿਰੋਧ ਪ੍ਰਗਟ ਕਰਨਾ ਕੋਈ ਨਵੀਂ ਗੱਲ ਨਹੀਂ ਸੀ। ਕੁਝ ਸਮੇਂ ਤੋਂ ਕਈ ਪਾਦਰੀ ਖ਼ੁਦ ਇਸ ਦਾ ਵਿਰੋਧ ਕਰਦੇ ਆਏ ਸਨ। ਉਨ੍ਹਾਂ ਦੀ ਇਹ ਸ਼ਿਕਾਇਤ ਸੀ ਕਿ ਚਰਚ ਆਪਣੇ ਅਧਿਕਾਰ ਦੀ ਕੁਵਰਤੋਂ ਕਰਦਾ ਹੈ ਅਤੇ ਰਿਸ਼ਵਤ ਲੈਣ ਤੋਂ ਨਹੀਂ ਸ਼ਰਮਾਉਂਦਾ। ਪਰ ਵੋਡੇਸ ਇਕ ਆਮ ਬੰਦਾ ਸੀ ਅਤੇ ਉਸ ਦੇ ਚੇਲੇ ਵੀ ਆਮ ਲੋਕ ਸਨ। ਇਸ ਲਈ ਉਸ ਨੇ ਜ਼ਰੂਰੀ ਸਮਝਿਆ ਕਿ ਬਾਈਬਲ ਲੋਕਾਂ ਦੀ ਆਮ ਬੋਲੀ ਵਿਚ ਹੋਣੀ ਚਾਹੀਦੀ ਹੈ। ਚਰਚ ਵਿਚ ਬਾਈਬਲ ਦਾ ਲਾਤੀਨੀ ਤਰਜਮਾ ਸਿਰਫ਼ ਪਾਦਰੀ ਪੜ੍ਹ ਸਕਦੇ ਸੀ। ਇਸ ਲਈ ਵੋਡੇਸ ਨੇ ਇੰਜੀਲ ਅਤੇ ਬਾਈਬਲ ਦੀਆਂ ਹੋਰਨਾਂ ਪੋਥੀਆਂ ਦਾ ਫ੍ਰੰਕੋ-ਪ੍ਰੋਵੋਂਸਾਲ ਭਾਸ਼ਾ ਵਿਚ ਤਰਜਮਾ ਕਰਵਾਇਆ। ਇਹ ਭਾਸ਼ਾ ਪੂਰਬੀ ਮੱਧ ਫਰਾਂਸ ਦੇ ਲੋਕਾਂ ਦੁਆਰਾ ਬੋਲੀ ਅਤੇ ਸਮਝੀ ਜਾਂਦੀ ਸੀ। * ਯਿਸੂ ਦੇ ਪ੍ਰਚਾਰ ਕਰਨ ਦੇ ਹੁਕਮ ਉੱਤੇ ਚੱਲ ਕੇ ਲੀਅਨਜ਼ ਦੇ ਗ਼ਰੀਬ ਆਪਣਾ ਸੰਦੇਸ਼ ਲੋਕਾਂ ਨੂੰ ਸੁਣਾਉਣ ਲਈ ਨਿਕਲੇ। (ਮੱਤੀ 28:19, 20) ਇਤਿਹਾਸਕਾਰ ਗਬਰੀਏਲ ਓਡੀਸਿਓ ਦੱਸਦਾ ਹੈ ਕਿ ਵਾਲਡੈਂਸੀਜ਼ ਦੇ ਖੁੱਲ੍ਹੇ-ਆਮ ਪ੍ਰਚਾਰ ਕਰਨ ਦਾ ਪੱਕਾ ਇਰਾਦਾ ਹੀ ਸਭ ਤੋਂ ਵੱਡੀ ਗੱਲ ਸੀ ਜੋ ਚਰਚ ਨੂੰ ਪਸੰਦ ਨਹੀਂ ਆਈ।

ਪਹਿਲਾਂ ਕੈਥੋਲਿਕ ਫਿਰ ਵਿਰੋਧੀ

ਉਨ੍ਹੀਂ ਦਿਨੀਂ ਸਿਰਫ਼ ਪਾਦਰੀ ਹੀ ਪ੍ਰਚਾਰ ਕਰ ਸਕਦੇ ਸਨ। ਚਰਚ ਹੀ ਫ਼ੈਸਲਾ ਕਰਦਾ ਸੀ ਕਿ ਪ੍ਰਚਾਰ ਕਰਨ ਦਾ ਹੱਕ ਕਿਨ੍ਹਾਂ-ਕਿਨ੍ਹਾਂ ਨੂੰ ਦਿੱਤਾ ਜਾਂਦਾ ਸੀ। ਪਾਦਰੀਆਂ ਦੀ ਨਜ਼ਰ ਵਿਚ ਵਾਲਡੈਂਸੀ ਲੋਕ ਅਨਪੜ੍ਹ ਅਤੇ ਅਣਜਾਣ ਸਨ, ਪਰ 1179 ਵਿਚ ਵੋਡੇਸ ਨੇ ਪੋਪ ਐਲੇਗਜ਼ੈਂਡਰ ਤੀਜੇ ਤੋਂ ਪ੍ਰਚਾਰ ਕਰਨ ਦਾ ਅਧਿਕਾਰ ਮੰਗਿਆ। ਉਸ ਨੂੰ ਅਧਿਕਾਰ ਇਸ ਸ਼ਰਤ ਤੇ ਹੀ ਦਿੱਤਾ ਗਿਆ ਕਿ ਸਥਾਨਕ ਪਾਦਰੀਆਂ ਨੂੰ ਵੀ ਇਹ ਗੱਲ ਮਨਜ਼ੂਰ ਹੋਵੇ। ਮੈਲਕਮ ਲੈਂਬਰਟ ਨਾਂ ਦੇ ਇਕ ਇਤਿਹਾਸਕਾਰ ਨੇ ਕਿਹਾ ਕਿ ਇਹ “ਅਧਿਕਾਰ ਨਾ ਦੇਣ ਦੇ ਬਰਾਬਰ ਹੀ ਸੀ।” ਇਸ ਤਰ੍ਹਾਂ ਲੀਅਨਜ਼ ਦੇ ਆਰਚਬਿਸ਼ਪ ਨੇ ਆਮ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ। ਵੋਡੇਸ ਨੇ ਜਵਾਬ ਵਿਚ ਰਸੂਲਾਂ ਦੇ ਕਰਤੱਬ 5:29 ਦਾ ਹਵਾਲਾ ਦਿੱਤਾ ਕਿ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” ਵੋਡੇਸ ਨੇ ਇਸ ਪਾਬੰਦੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਇਸ ਲਈ ਉਸ ਨੂੰ 1184 ਵਿਚ ਚਰਚ ਵਿੱਚੋਂ ਛੇਕਿਆ ਗਿਆ।

ਭਾਵੇਂ ਕਿ ਵਾਲਡੈਂਸੀਜ਼ ਨੂੰ ਲੀਅਨਜ਼ ਦੇ ਬਿਸ਼ਪ-ਖੇਤਰ ਵਿੱਚੋਂ ਕੱਢਿਆ ਗਿਆ, ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲਾਂ-ਪਹਿਲਾਂ ਇਹ ਪਾਬੰਦੀ ਇੰਨੀ ਸਖ਼ਤ ਨਹੀਂ ਸੀ। ਕਈ ਆਮ ਲੋਕ ਵਾਲਡੈਂਸੀ ਲੋਕਾਂ ਨੂੰ ਉਨ੍ਹਾਂ ਦੀ ਈਮਾਨਦਾਰੀ ਅਤੇ ਜੀਵਨ-ਢੰਗ ਲਈ ਪਸੰਦ ਕਰਦੇ ਸਨ ਅਤੇ ਬਿਸ਼ਪ ਵੀ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ ਸਨ।

ਇਤਿਹਾਸ ਦੇ ਇਕ ਪ੍ਰੋਫ਼ੈਸਰ ਦੇ ਅਨੁਸਾਰ ਇਸ ਤਰ੍ਹਾਂ ਲੱਗਦਾ ਹੈ ਕਿ ਵਾਲਡੈਂਸੀ ਪ੍ਰਚਾਰਕਾਂ ਨੇ “ਰੋਮਨ [ਕੈਥੋਲਿਕ] ਚਰਚ ਦੀ ਐਵੇਂ ਹੀ ਵਿਰੋਧਤਾ ਨਹੀਂ ਕੀਤੀ ਸੀ।” ਉਹ ਸਿਰਫ਼ “ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ ਚਾਹੁੰਦੇ ਸਨ।” ਇਤਿਹਾਸਕਾਰ ਕਹਿੰਦੇ ਹਨ ਕਿ ਚਰਚ ਦੇ ਹੁਕਮਾਂ ਨੇ ਇਸ ਸਮੂਹ ਨੂੰ ਸਹਿਜੇ-ਸਹਿਜੇ ਵਿਰੋਧੀ ਬਣਨ ਲਈ ਮਜਬੂਰ ਕਰ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਪ੍ਰਭਾਵ ਘੱਟ ਗਿਆ। ਚਰਚ ਦੇ ਇਲਜ਼ਾਮਾਂ ਦੇ ਨਤੀਜੇ ਵਜੋਂ 1215 ਵਿਚ ਚੌਥੀ ਲਾਟੇਰਨ ਸਭਾ ਨੇ ਵਾਲਡੈਂਸੀਜ਼ ਨੂੰ ਸਰਾਪ ਦੇ ਕੇ ਚਰਚ ਵਿੱਚੋਂ ਛੇਕ ਦਿੱਤਾ। ਇਸ ਨੇ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਉੱਤੇ ਕੀ ਅਸਰ ਪਾਇਆ ਸੀ?

ਉਹ ਲੁਕ-ਛੁਪ ਗਏ

ਵੋਡੇਸ ਦੀ ਮੌਤ 1217 ਵਿਚ ਹੋਈ ਅਤੇ ਜ਼ੁਲਮ ਕਾਰਨ ਉਸ ਦੇ ਚੇਲੇ ਫਰਾਂਸ ਦੀਆਂ ਐਲਪਸੀ ਵਾਦੀਆਂ, ਜਰਮਨੀ, ਉੱਤਰੀ ਇਟਲੀ, ਅਤੇ ਮੱਧ ਅਤੇ ਪੂਰਬੀ ਯੂਰਪ ਵਿਚ ਖਿੰਡ ਗਏ। ਇਸ ਅਤਿਆਚਾਰ ਦੇ ਕਾਰਨ ਵਾਲਡੈਂਸੀ ਲੋਕ ਪਿੰਡਾਂ ਵਿਚ ਵੀ ਵੱਸਣ ਲੱਗ ਪਏ ਅਤੇ ਇਸ ਕਰਕੇ ਉਹ ਕਈਆਂ ਇਲਾਕਿਆਂ ਵਿਚ ਬਹੁਤਾ ਪ੍ਰਚਾਰ ਨਹੀਂ ਕਰ ਸਕੇ।

ਸਾਲ 1229 ਵਿਚ ਕੈਥੋਲਿਕ ਗਿਰਜੇ ਨੇ ਦੱਖਣੀ ਫਰਾਂਸ ਵਿਚ ਕਥਾਰੀ ਜਾਂ ਐਲਬਿਜੰਸੀ ਗਰੁੱਪ ਵਿਰੁੱਧ ਧਰਮ-ਯੁੱਧ ਕੀਤਾ ਸੀ। * ਇਸ ਤੋਂ ਬਾਅਦ ਵਾਲਡੈਂਸੀ ਲੋਕ ਚਰਚ ਦਾ ਨਿਸ਼ਾਨਾ ਬਣ ਗਏ। ਬੇਰਹਿਮੀ ਨਾਲ ਚਰਚ ਦੇ ਸਾਰੇ ਵਿਰੋਧੀਆਂ ਦੇ ਖ਼ਿਲਾਫ਼ ਜ਼ੁਲਮ ਕੀਤਾ ਗਿਆ। ਡਰ ਦੇ ਮਾਰੇ ਵਾਲਡੈਂਸੀ ਲੋਕ ਲੁਕ-ਛੁਪ ਗਏ। ਸਾਲ 1230 ਤਾਈਂ ਉਹ ਖੁੱਲ੍ਹੇ-ਆਮ ਪ੍ਰਚਾਰ ਨਹੀਂ ਕਰ ਰਹੇ ਸਨ। ਓਡੀਸਿਓ ਦੱਸਦਾ ਹੈ: ‘ਨਵੇਂ ਚੇਲੇ ਬਣਾਉਣ ਦੀ ਬਜਾਇ, ਵਾਲਡੈਂਸੀ ਲੋਕ ਉਨ੍ਹਾਂ ਦੀ ਦੇਖ-ਭਾਲ ਕਰਨ ਲੱਗ ਪਏ ਜਿਹੜੇ ਪਹਿਲਾਂ ਹੀ ਵਿਸ਼ਵਾਸੀ ਸਨ। ਉਨ੍ਹਾਂ ਨੇ ਉਨ੍ਹਾਂ ਨੂੰ ਬਾਹਰਲੇ ਦਬਾਅ ਅਤੇ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਆਪਣੀ ਨਿਹਚਾ ਵਿਚ ਕਾਇਮ ਰਹਿਣ ਦੀ ਮਦਦ ਦਿੱਤੀ।’ ਉਸ ਨੇ ਅੱਗੇ ਕਿਹਾ ਕਿ “ਪ੍ਰਚਾਰ ਕਰਨਾ ਅਜੇ ਜ਼ਰੂਰੀ ਸੀ ਪਰ ਪ੍ਰਚਾਰ ਕਰਨ ਦਾ ਢੰਗ ਬਿਲਕੁਲ ਬਦਲ ਗਿਆ ਸੀ।”

ਉਨ੍ਹਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਦੀਆਂ ਰੀਤਾਂ

ਚੌਦਵੀਂ ਸਦੀ ਤਾਈਂ ਆਦਮੀ ਅਤੇ ਔਰਤਾਂ ਦੋਨੋਂ ਪ੍ਰਚਾਰ ਕਰਦੇ ਸਨ। ਇਸ ਸਮੇਂ ਤੋਂ ਬਾਅਦ ਵਾਲਡੈਂਸੀ ਲੋਕਾਂ ਨੇ ਪ੍ਰਚਾਰਕਾਂ ਅਤੇ ਵਿਸ਼ਵਾਸੀਆਂ ਦੇ ਵਿਚਕਾਰ ਫ਼ਰਕ ਪੈਦਾ ਕਰ ਦਿੱਤਾ। ਸਿਰਫ਼ ਉਹੀ ਆਦਮੀ ਸੰਗੀ ਵਿਸ਼ਵਾਸੀਆਂ ਦੀ ਦੇਖ-ਭਾਲ ਕਰ ਰਹੇ ਸਨ ਜਿਨ੍ਹਾਂ ਨੂੰ ਚੰਗੀ ਸਿਖਲਾਈ ਦਿੱਤੀ ਗਈ ਸੀ। ਇਨ੍ਹਾਂ ਸਫ਼ਰੀ ਸੇਵਕਾਂ ਨੂੰ ਬਾਅਦ ਵਿਚ ਬਰਬ (ਅੰਕਲ) ਸੱਦਿਆ ਗਿਆ ਸੀ।

ਬਰਬ ਵਾਲਡੈਂਸੀ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਮਿਲਣ ਜਾਂਦੇ ਸਨ ਅਤੇ ਉਨ੍ਹਾਂ ਦਾ ਇਹ ਮਕਸਦ ਸੀ ਕਿ ਉਹ ਇਸ ਸਮੂਹ ਨੂੰ ਹੀ ਜਾਰੀ ਰੱਖਣ ਨਾ ਕਿ ਨਵੇਂ ਚੇਲੇ ਬਣਾਉਣ। ਸਾਰੇ ਬਰਬ ਪੜ੍ਹੇ-ਲਿਖੇ ਸਨ ਅਤੇ ਉਨ੍ਹਾਂ ਨੂੰ ਛੇ ਕੁ ਸਾਲਾਂ ਲਈ ਬਾਈਬਲ ਦੀ ਸਿੱਖਿਆ ਦਿੱਤੀ ਜਾਂਦੀ ਸੀ। ਆਪਣੀ ਬੋਲੀ ਵਿਚ ਬਾਈਬਲ ਵਰਤਦਿਆਂ ਉਹ ਇਸ ਦੀ ਸਿੱਖਿਆ ਬਾਕੀ ਵਾਲਡੈਂਸੀ ਲੋਕਾਂ ਨੂੰ ਦੇ ਸਕਦੇ ਸਨ। ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਇਹ ਗੱਲ ਸਵੀਕਾਰ ਕਰਨੀ ਪਈ ਕਿ ਵਾਲਡੈਂਸੀਜ਼ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਈਬਲ ਦਾ ਡੂੰਘਾ ਗਿਆਨ ਸੀ ਅਤੇ ਉਹ ਬਾਈਬਲ ਦੇ ਕਾਫ਼ੀ ਵਾਕ ਮੂੰਹ-ਜ਼ਬਾਨੀ ਦੁਹਰਾ ਸਕਦੇ ਸਨ।

ਵਾਲਡੈਂਸੀਜ਼ ਨੇ ਹੋਰ ਗੱਲਾਂ ਦੇ ਨਾਲ-ਨਾਲ ਇਨ੍ਹਾਂ ਗੱਲਾਂ ਨੂੰ ਵੀ ਰੱਦ ਕੀਤਾ ਜਿਵੇਂ ਕਿ ਝੂਠ ਬੋਲਣਾ, ਸਵਰਗ ਨੂੰ ਜਾਣ ਤੋਂ ਪਹਿਲਾਂ ਆਤਮਾ ਨੂੰ ਪਾਪ ਤੋਂ ਸ਼ੁੱਧ ਕਰਨ ਦੀ ਸਿੱਖਿਆ, ਮੁਰਦਿਆਂ ਲਈ ਰੱਬੀ ਭੋਜ, ਪੋਪ ਵੱਲੋਂ ਪਾਪਾਂ ਦੀ ਮਾਫ਼ੀ ਅਤੇ ਮੁਕਤੀ, ਅਤੇ ਮਰਿਯਮ ਅਤੇ “ਸੰਤਾਂ” ਦੀ ਪੂਜਾ। ਉਹ ਪ੍ਰਭੂ ਦਾ ਸੰਧਿਆ ਭੋਜਨ ਵੀ ਮਨਾਉਂਦੇ ਸਨ। ਲੈਂਬਰਟ ਦੇ ਅਨੁਸਾਰ ਉਨ੍ਹਾਂ ਦੀ ਭਗਤੀ “ਅਸਲ ਵਿਚ ਆਮ ਲੋਕਾਂ ਦੀ ਭਗਤੀ ਵਰਗੀ ਬਣੀ ਜਾ ਰਹੀ ਸੀ।”

‘ਕਹਿਣਾ ਕੁਝ ਕਰਨਾ ਕੁਝ ਹੋਰ’

ਵਾਲਡੈਂਸੀ ਲੋਕ ਇਕ ਪਰਿਵਾਰ ਦੀ ਤਰ੍ਹਾਂ ਇਕੱਠੇ ਰਹਿੰਦੇ ਸਨ। ਉਹ ਆਪਸ ਵਿਚ ਵਿਆਹ ਕਰਾਉਂਦੇ ਸਨ, ਅਤੇ ਸਦੀਆਂ ਬੀਤਣ ਨਾਲ ਉਨ੍ਹਾਂ ਦੇ ਵਾਲਡੈਂਸੀ ਗੋਤ ਬਣ ਗਏ ਸਨ। ਪਰ ਇਕ ਸਮੂਹ ਵਜੋਂ ਬਚੇ ਰਹਿਣ ਲਈ ਵਾਲਡੈਂਸੀਜ਼ ਨੇ ਆਪਣੇ ਵਿਚਾਰਾਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਰੀਤਾਂ ਨੂੰ ਗੁਪਤ ਰੱਖਣ ਕਰਕੇ ਉਨ੍ਹਾਂ ਦੇ ਵਿਰੋਧੀ ਉਨ੍ਹਾਂ ਉੱਤੇ ਸੌਖਿਆਂ ਹੀ ਭੈੜੇ ਇਲਜ਼ਾਮ ਲਾ ਸਕਦੇ ਸਨ। ਮਿਸਾਲ ਲਈ ਉਨ੍ਹਾਂ ਨੇ ਕਿਹਾ ਕਿ ਉਹ ਸ਼ਤਾਨ ਦੀ ਪੂਜਾ ਕਰ ਰਹੇ ਸਨ। *

ਵਾਲਡੈਂਸੀਜ਼ ਨੇ ਅਜਿਹੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਕਈਆਂ ਮਾਮਲਿਆਂ ਵਿਚ ਸਮਝੌਤਾ ਕਰ ਲਿਆ ਅਤੇ ਉਹ ਆਪਣੇ ਆਪ ਨੂੰ ਕੁਝ ਹੱਦ ਤਕ ਕੈਥੋਲਿਕ ਲੋਕਾਂ ਵਾਂਗ ਪੂਜਾ ਕਰਨ ਵਾਲਿਆਂ ਵਜੋਂ ਦਿਖਾਉਣ ਲੱਗ ਪਏ। ਕਈ ਵਾਲਡੈਂਸੀ ਲੋਕ ਕੈਥੋਲਿਕ ਪਾਦਰੀਆਂ ਕੋਲ ਜਾ ਕੇ ਆਪਣੇ ਪਾਪਾਂ ਨੂੰ ਕਬੂਲ ਕਰਦੇ ਸਨ, ਰੱਬੀ ਭੋਜ ਲੈਂਦੇ ਸਨ, ਅਮਰਤ ਜਲ ਵਰਤਦੇ ਸਨ, ਅਤੇ ਤੀਰਥ-ਯਾਤਰਾ ਤੇ ਵੀ ਜਾਂਦੇ ਸਨ। ਲੈਂਬਰਟ ਕਹਿੰਦਾ ਹੈ: “ਕਈਆਂ ਗੱਲਾਂ ਵਿਚ ਉਨ੍ਹਾਂ ਨੇ ਉਹ ਕੀਤਾ ਜੋ ਉਨ੍ਹਾਂ ਦੇ ਕੈਥੋਲਿਕ ਗੁਆਂਢੀ ਕਰ ਰਹੇ ਸਨ।” ਓਡੀਸਿਓ ਨੇ ਸਾਫ਼-ਸਾਫ਼ ਕਿਹਾ ਕਿ ਸਮੇਂ ਦੇ ਬੀਤਣ ਨਾਲ ਵਾਲਡੈਂਸੀ ਲੋਕ “ਕਹਿੰਦੇ ਕੁਝ ਸਨ ਪਰ ਕਰਦੇ ਕੁਝ ਹੋਰ ਸਨ।” ਉਸ ਨੇ ਅੱਗੇ ਕਿਹਾ: “ਇਕ ਪਾਸੇ ਉਹ ਆਪਣੇ ਆਪ ਨੂੰ ਬਚਾਈ ਰੱਖਣ ਲਈ ਦੇਖਣ ਨੂੰ ਤਾਂ ਕੈਥੋਲਿਕਾਂ ਵਰਗੇ ਲੱਗਦੇ ਸਨ; ਦੂਜੇ ਪਾਸੇ ਇਕ ਸਮੂਹ ਵਜੋਂ ਕਾਇਮ ਰਹਿਣ ਲਈ ਉਹ ਆਪਸ ਵਿਚ ਆਪਣੇ ਹੀ ਰੀਤ-ਰਿਵਾਜ ਜਾਰੀ ਰੱਖਦੇ ਸਨ।”

ਵਿਰੋਧ ਕਰਨ ਤੋਂ ਬਾਅਦ ਪ੍ਰੋਟੈਸਟੈਂਟ ਧਰਮ ਅਪਣਾਉਣਾ

ਸੋਲਵੀਂ ਸਦੀ ਵਿਚ ਚਰਚ ਦੇ ਸੁਧਾਰ ਅੰਦੋਲਨ ਨੇ ਯੂਰਪ ਵਿਚ ਧਾਰਮਿਕ ਮਾਹੌਲ ਨੂੰ ਬਿਲਕੁਲ ਬਦਲ ਦਿੱਤਾ ਸੀ। ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਦੇ ਮਜ਼ਹਬ ਕਰਕੇ ਪੱਖਪਾਤ ਕੀਤਾ ਜਾ ਰਿਹਾ ਸੀ ਉਹ ਆਪਣੇ ਮੁਲਕ ਵਿਚ ਕਾਨੂੰਨੀ ਸਹਾਇਤਾ ਭਾਲ ਸਕਦੇ ਸਨ ਜਾਂ ਉਹ ਬਿਹਤਰ ਸਥਿਤੀ ਪਾਉਣ ਲਈ ਪਰਦੇਸ ਜਾ ਸਕਦੇ ਸਨ। ਬਹੁਤ ਸਾਰੇ ਲੋਕ ਚਰਚ ਦੀ ਆਮ ਮੰਨੀ ਗਈ ਸਿੱਖਿਆ ਬਾਰੇ ਸਵਾਲ ਕਰਨ ਲੱਗ ਪਏ ਸਨ ਜਿਸ ਕਰਕੇ ਚਰਚ ਦੀ ਵਿਰੋਧਤਾ ਕਰਨੀ ਇੰਨੀ ਵੱਡੀ ਗੱਲ ਨਹੀਂ ਰਹੀ।

ਸਾਲ 1523 ਵਿਚ ਮਸ਼ਹੂਰ ਸੁਧਾਰਕ ਮਾਰਟਿਨ ਲੂਥਰ ਨੇ ਵਾਲਡੈਂਸੀ ਲੋਕਾਂ ਦਾ ਜ਼ਿਕਰ ਕੀਤਾ ਸੀ। ਸਾਲ 1526 ਵਿਚ ਵਾਲਡੈਂਸੀ ਬਰਬ ਨੇ ਐਲਪਸ ਪਰਬਤ ਵਿਚ ਰਹਿੰਦੇ ਲੋਕਾਂ ਨੂੰ ਯੂਰਪ ਦੇ ਧਾਰਮਿਕ ਮਾਹੌਲ ਵਿਚ ਹੋ ਰਹੀਆਂ ਤਬਦੀਲੀਆਂ ਦੀ ਖ਼ਬਰ ਦਿੱਤੀ। ਇਸ ਤੋਂ ਬਾਅਦ ਪ੍ਰੋਟੈਸਟੈਂਟ ਸਮੂਹਾਂ ਨੇ ਆਪਣੇ ਵਿਚਾਰ ਵਾਲਡੈਂਸੀ ਲੋਕਾਂ ਦੇ ਵਿਚਾਰਾਂ ਨਾਲ ਸਾਂਝੇ ਕੀਤੇ। ਪ੍ਰੋਟੈਸਟੈਂਟ ਲੋਕਾਂ ਨੇ ਵਾਲਡੈਂਸੀਜ਼ ਨੂੰ ਉਤਸ਼ਾਹ ਦਿੱਤਾ ਕਿ ਉਹ ਬਾਈਬਲ ਦੀ ਮੁਢਲੀ ਭਾਸ਼ਾ ਤੋਂ ਫਰਾਂਸੀਸੀ ਭਾਸ਼ਾ ਵਿਚ ਉਸ ਦੇ ਤਰਜਮੇ ਲਈ ਖ਼ਰਚਾ ਦੇਣ। ਇਹ ਬਾਈਬਲ 1535 ਵਿਚ ਛਾਪੀ ਗਈ ਅਤੇ ਬਾਅਦ ਵਿਚ ਇਸ ਨੂੰ ਓਲੀਵੇਟਨ ਬਾਈਬਲ ਸੱਦਿਆ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਕਈ ਵਾਲਡੈਂਸੀਜ਼ ਫਰਾਂਸੀਸੀ ਭਾਸ਼ਾ ਸਮਝ ਵੀ ਨਹੀਂ ਸਕਦੇ ਸਨ।

ਜਿਉਂ ਹੀ ਕੈਥੋਲਿਕ ਗਿਰਜੇ ਦੁਆਰਾ ਜ਼ੁਲਮ ਹੁੰਦੇ ਰਹੇ ਬਹੁਤ ਸਾਰੇ ਵਾਲਡੈਂਸੀ ਲੋਕ ਦੱਖਣੀ ਫਰਾਂਸ ਦੇ ਪ੍ਰੋਵਾਂਸ ਇਲਾਕੇ ਵਿਚ ਰਹਿਣ ਲੱਗ ਪਏ ਜਿੱਥੇ ਉਨ੍ਹਾਂ ਨੂੰ ਸੁਰੱਖਿਆ ਮਿਲ ਸਕਦੀ ਸੀ, ਜਿਵੇਂ ਬਹੁਤ ਸਾਰੇ ਵਿਦੇਸ਼ੀ ਪ੍ਰੋਟੈਸਟੈਂਟ ਲੋਕ ਵੀ ਉੱਥੇ ਵੱਸੇ। ਬਹੁਤ ਜਲਦੀ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ। ਭਾਵੇਂ ਕਿ ਵਾਲਡੈਂਸੀ ਲੋਕਾਂ ਦੇ ਜੀਵਨ-ਢੰਗ ਅਤੇ ਨੈਤਿਕਤਾ ਬਾਰੇ ਕਈ ਚੰਗੀਆਂ ਰਿਪੋਰਟਾਂ ਸਨ, ਕਈ ਲੋਕ ਉਨ੍ਹਾਂ ਦੀ ਵਫ਼ਾਦਾਰੀ ਉੱਤੇ ਸ਼ੱਕ ਕਰਦੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਉੱਤੇ ਇਲਜ਼ਾਮ ਲਾਇਆ ਕਿ ਉਹ ਅਮਨ-ਅਮਾਨ ਤੋੜਦੇ ਹਨ। ਇਸ ਸਮੇਂ ਮੇਰੀਂਡਲ ਨਾਂ ਦਾ ਇਕ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਨਤੀਜੇ ਵਜੋਂ ਉਹ ਵੱਡਾ ਖ਼ੂਨ-ਖ਼ਰਾਬਾ ਹੋਇਆ ਜਿਸ ਦਾ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ।

ਕੈਥੋਲਿਕ ਅਤੇ ਵਾਲਡੈਂਸੀ ਲੋਕਾਂ ਦਾ ਰਿਸ਼ਤਾ ਵਿਗੜਦਾ ਗਿਆ। ਵਾਲਡੈਂਸੀਜ਼ ਨੇ ਉਨ੍ਹਾਂ ਉੱਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਆਪਣੀ ਰੱਖਿਆ ਕਰਨ ਲਈ ਹਥਿਆਰ ਚੁੱਕੇ। ਇਸ ਲੜਾਈ ਨੇ ਉਨ੍ਹਾਂ ਨੂੰ ਪ੍ਰੋਟੈਸਟੈਂਟ ਲੋਕਾਂ ਨਾਲ ਇਕਮੁੱਠ ਕਰ ਦਿੱਤਾ। ਇਸ ਤਰ੍ਹਾਂ ਵਾਲਡੈਂਸੀ ਲੋਕ ਪ੍ਰੋਟੈਸਟੈਂਟ ਧਰਮ ਦਾ ਹਿੱਸਾ ਬਣ ਗਏ।

ਸਦੀਆਂ ਦੌਰਾਨ ਵਾਲਡੈਂਸੀ ਚਰਚ ਫਰਾਂਸ ਤੋਂ ਬਹੁਤ ਦੂਰ ਉਰੂਗਵਾਏ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਸਥਾਪਿਤ ਕੀਤੇ ਗਏ ਹਨ। ਪਰ ਕਈ ਇਤਿਹਾਸਕਾਰ ਓਡੀਸਿਓ ਨਾਲ ਸਹਿਮਤ ਹਨ ਜੋ ਕਹਿੰਦਾ ਹੈ ਕਿ “ਵਾਲਡੈਂਸੀ ਧਰਮ ਦਾ ਅੰਤ ਚਰਚ ਦੇ ਸੁਧਾਰ ਅੰਦੋਲਨ ਦੇ ਸਮੇਂ ਹੋਇਆ ਸੀ” ਜਦੋਂ ਇਹ ਪ੍ਰੋਟੈਸਟੈਂਟ ਧਰਮ ਨਾਲ “ਇਕਮਿਕ ਹੋ ਗਿਆ” ਸੀ। ਦਰਅਸਲ ਵਾਲਡੈਂਸੀ ਸਮੂਹ ਦਾ ਜੋਸ਼ ਇਸ ਤੋਂ ਬਹੁਤ ਸਦੀਆਂ ਪਹਿਲਾਂ ਠੰਢਾ ਪੈ ਗਿਆ ਸੀ ਜਦੋਂ ਉਸ ਦੇ ਮੈਂਬਰਾਂ ਨੇ ਡਰ ਦੇ ਮਾਰੇ ਬਾਈਬਲ ਦਾ ਪ੍ਰਚਾਰ ਕਰਨਾ ਅਤੇ ਉਸ ਦੀ ਸਿੱਖਿਆ ਦੇਣੀ ਛੱਡ ਦਿੱਤੀ ਸੀ।

[ਫੁਟਨੋਟ]

^ ਪੈਰਾ 7 ਵੋਡੇਸ ਨੂੰ ਵਲਡੇਸ, ਵੈਲਡੀਸਿਅਸ, ਅਤੇ ਵਲਡੋ ਵੀ ਸੱਦਿਆ ਜਾਂਦਾ ਹੈ। ਵਲਡੋ ਨਾਂ ਤੋਂ ਹੀ “ਵਾਲਡੈਂਸੀਜ਼” ਸ਼ਬਦ ਸ਼ੁਰੂ ਹੋਇਆ ਸੀ। ਵਾਲਡੈਂਸੀਜ਼ ਜਾਂ ਵਾਲਡੈਂਸੀ, ਲੀਅਨਜ਼ ਦੇ ਗ਼ਰੀਬਾਂ ਵਜੋਂ ਵੀ ਜਾਣੇ ਜਾਂਦੇ ਸਨ।

^ ਪੈਰਾ 8 ਸਾਲ 1199 ਵਿਚ ਉੱਤਰ-ਪੂਰਬੀ ਫਰਾਂਸ ਵਿਚ ਮੈਟਜ਼ ਸ਼ਹਿਰ ਦੇ ਬਿਸ਼ਪ ਨੇ ਪੋਪ ਇਨੋਸੈਂਟ ਤੀਜੇ ਨੂੰ ਸ਼ਿਕਾਇਤ ਕੀਤੀ ਕਿ ਕੁਝ ਲੋਕ ਆਪਣੀ ਬੋਲੀ ਵਿਚ ਬਾਈਬਲ ਪੜ੍ਹ ਰਹੇ ਸਨ ਅਤੇ ਉਸ ਬਾਰੇ ਚਰਚਾ ਵੀ ਕਰ ਰਹੇ ਸਨ। ਇਸ ਤਰ੍ਹਾਂ ਲੱਗਦਾ ਹੈ ਕਿ ਬਿਸ਼ਪ ਵਾਲਡੈਂਸੀ ਲੋਕਾਂ ਬਾਰੇ ਗੱਲ ਕਰ ਰਿਹਾ ਸੀ।

^ ਪੈਰਾ 15 ਪਹਿਰਾਬੁਰਜ ਦੇ 1 ਸਤੰਬਰ 1995 ਵਿਚ ਸਫ਼ੇ 27-30 ਤੇ “ਕੀ ਕਥਾਰੀ ਮਸੀਹੀ ਸ਼ਹੀਦ ਸਨ?” (ਅੰਗ੍ਰੇਜ਼ੀ) ਲੇਖ ਦੇਖੋ।

^ ਪੈਰਾ 21 ਵਾਲਡੈਂਸੀਜ਼ ਦਾ ਲਗਾਤਾਰ ਅਪਮਾਨ ਕਰਨ ਦੇ ਕਾਰਨ ਉਨ੍ਹਾਂ ਨੂੰ ਵੋਡੇਰੀ ਸੱਦਿਆ ਜਾਣ ਲੱਗ ਪਿਆ (ਇਹ ਨਾਂ ਫਰਾਂਸੀਸੀ ਸ਼ਬਦ ਵੋਡਵਾ ਤੋਂ ਲਿਆ ਗਿਆ ਹੈ)। ਵੋਡੇਰੀ ਸ਼ਬਦ ਉਨ੍ਹਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਉੱਤੇ ਚਰਚ ਦੇ ਵਿਰੋਧੀਆਂ ਜਾਂ ਸ਼ਤਾਨ ਦੇ ਪੁਜਾਰੀਆਂ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ।

[ਸਫ਼ਾ 23 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਉਹ ਇਲਾਕੇ ਜਿੱਥੇ ਵਾਲਡੈਂਸੀਜ਼ ਦਾ ਅਸਰ ਪਿਆ

ਫਰਾਂਸ

ਲੀਅਨਜ਼

ਲੂਬੇਰੋਂ

ਪ੍ਰਾਗ

ਸਟ੍ਰਾਸਬੁਰਗ

ਮਿਲਾਨ

ਰੋਮ

ਬਰਲਿਨ

ਪ੍ਰੋਵਾਂਸ

ਵਿਆਨਾ

[ਤਸਵੀਰ]

ਵਾਲਡੈਂਸੀਜ਼ ਨੇ 1535 ਦੀ ਓਲੀਵੇਟਨ ਬਾਈਬਲ ਦੇ ਤਰਜਮੇ ਲਈ ਖ਼ਰਚਾ ਦਿੱਤਾ ਸੀ

[ਕ੍ਰੈਡਿਟ ਲਾਈਨ]

Bible: © Cliché Bibliothèque nationale de France, Paris

[ਸਫ਼ੇ 20, 21 ਉੱਤੇ ਤਸਵੀਰਾਂ]

ਵੋਡੇਸ

ਦੋ ਵਾਲਡੈਂਸੀ ਸਿਆਣੀਆਂ ਔਰਤਾਂ ਦਾ ਜ਼ਿੰਦਾ ਜਲਾਇਆ ਜਾਣਾ

[ਕ੍ਰੈਡਿਟ ਲਾਈਨ]

ਸਫ਼ੇ 20 ਅਤੇ 21: © Landesbildstelle Baden, Karlsruhe