Skip to content

Skip to table of contents

ਸੰਸਾਰ ਭਰ ਵਿਚ ਚੰਗੇ ਆਗੂਆਂ ਦੀ ਭਾਲ

ਸੰਸਾਰ ਭਰ ਵਿਚ ਚੰਗੇ ਆਗੂਆਂ ਦੀ ਭਾਲ

ਸੰਸਾਰ ਭਰ ਵਿਚ ਚੰਗੇ ਆਗੂਆਂ ਦੀ ਭਾਲ

ਰਾਬਿੰਦਰਾਨਾਥ ਟੈਗੋਰ ਭਾਰਤ ਦਾ ਮਸ਼ਹੂਰ ਲੇਖਕ ਅਤੇ ਕਵੀ ਸੀ। ਭਵਿੱਖ ਲਈ ਉਸ ਦੇ ਦਿਲ ਵਿਚ ਵੱਡੀਆਂ-ਵੱਡੀਆਂ ਉਮੀਦਾਂ ਸਨ। ਅੱਜ ਤੋਂ 90 ਕੁ ਸਾਲ ਪਹਿਲਾਂ ਉਸ ਨੇ ਅਜਿਹੇ ਸੰਸਾਰ ਬਾਰੇ ਲਿਖਿਆ “ਜਿੱਥੇ ਕਿਸੇ ਚੀਜ਼ ਦਾ ਡਰ ਨਹੀਂ ਹੋਵੇਗਾ ਅਤੇ ਜ਼ਿੰਦਗੀ ਖ਼ੁਸ਼ੀਆਂ ਨਾਲ ਭਰੀ ਹੋਵੇਗੀ; ਜਿੱਥੇ ਵਿਦਿਆ ਮੁਫ਼ਤ ਮਿਲੇਗੀ; ਜਿੱਥੇ ਸੰਸਾਰ ਜਾਤ-ਪਾਤ ਕਰਕੇ ਛੋਟਿਆਂ-ਛੋਟਿਆਂ ਹਿੱਸਿਆਂ ਵਿਚ ਨਹੀਂ ਵੰਡਿਆ ਹੋਵੇਗਾ; ਜਿੱਥੇ ਸੱਚਾਈ ਬੋਲੀ ਜਾਵੇਗੀ; [ਅਤੇ] ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇਗਾ।”

ਇਸ ਤੋਂ ਇਲਾਵਾ ਇਸ ਲੇਖਕ ਨੇ ਇਹ ਵੀ ਕਿਹਾ ਸੀ ਕਿ ਉਸ ਦੀ ਇਹ ਉਮੀਦ ਸੀ ਕਿ ਇਕ ਦਿਨ ਉਸ ਦਾ ਦੇਸ਼ ਅਤੇ ਪੂਰਾ ਸੰਸਾਰ ਅਜਿਹੀ ਦੁਨੀਆਂ ਦੇਖੇਗਾ। ਅਗਰ ਸ਼ਾਂਤੀ ਦਾ ਇਹ ਨੋਬਲ ਪੁਰਸਕਾਰ ਵਿਜੇਤਾ ਕਵੀ ਅੱਜ ਜ਼ਿੰਦਾ ਹੁੰਦਾ ਤਾਂ ਉਸ ਨੇ ਸੱਚ-ਮੁੱਚ ਬਹੁਤ ਹੀ ਨਿਰਾਸ਼ ਹੋਣਾ ਸੀ। ਸੰਸਾਰ ਅੱਜ ਆਪਣੀਆਂ ਕਾਮਯਾਬੀਆਂ ਅਤੇ ਬੁਲੰਦੀਆਂ ਦੇ ਬਾਵਜੂਦ ਅੱਗੇ ਨਾਲੋਂ ਹੋਰ ਵੀ ਵੰਡਿਆ ਹੋਇਆ ਹੈ। ਅਤੇ ਮਨੁੱਖਜਾਤੀ ਦੇ ਭਵਿੱਖ ਵਿਚ ਕੋਈ ਚਾਨਣ ਨਜ਼ਰ ਨਹੀਂ ਆਉਂਦਾ।

ਜਦੋਂ ਇਕ ਕਿਸਾਨ ਨੂੰ ਪੁੱਛਿਆ ਗਿਆ ਕਿ ਉਸ ਦੇ ਮੁਲਕ ਵਿਚ ਕੁਝ ਲੋਕਾਂ ਵਿਚਕਾਰ ਇੰਨੀ ਜਲਦੀ ਕੁੱਟ-ਮਾਰ ਕਿਉਂ ਸ਼ੁਰੂ ਹੋ ਗਈ ਸੀ, ਤਾਂ ਉਸ ਨੇ ਆਪਣੇ ਖ਼ਿਆਲ ਅਨੁਸਾਰ ਕਿਹਾ: “ਇਸ ਦਾ ਇਕ ਕਾਰਨ ਬੁਰੇ ਆਗੂ ਹਨ।” ਇਕ ਇਤਿਹਾਸਕਾਰ ਨੇ ਵੀਹਵੀਂ ਸਦੀ ਦੇ ਇਤਿਹਾਸ ਬਾਰੇ ਆਪਣੀ ਕਿਤਾਬ ਵਿਚ ਇਸੇ ਤਰ੍ਹਾਂ ਦੀ ਰਾਇ ਜ਼ਾਹਰ ਕੀਤੀ ਸੀ। ਉਸ ਨੇ ਉਸੇ ਅਫ਼ਰੀਕੀ ਮੁਲਕ ਬਾਰੇ ਲਿਖਿਆ: “ਕਬੀਲਿਆਂ ਵਿਚ ਨਫ਼ਰਤ ਕਰਕੇ ਨਸਲਾਂ ਨੂੰ ਖ਼ਤਮ ਕਰਨ ਦੇ ਜਤਨ ਆਪੇ ਹੀ ਨਹੀਂ ਸ਼ੁਰੂ ਹੋਏ ਸਨ, ਪਰ ਇਹ ਉਨ੍ਹਾਂ ਲੋਕਾਂ ਦੁਆਰਾ ਸ਼ੁਰੂ ਕੀਤੇ ਗਏ ਸਨ ਜੋ ਆਪਣੀ ਸੱਤਾ ਨੂੰ ਕਾਇਮ ਰੱਖਣਾ ਚਾਹੁੰਦੇ ਸਨ।”

ਜਦੋਂ 1990 ਦੇ ਦਹਾਕੇ ਦੇ ਮੁੱਢਲੇ ਸਾਲਾਂ ਦੌਰਾਨ ਸਾਬਕਾ ਯੂਗੋਸਲਾਵੀਆ ਤੋਂ ਬਣੇ ਦੋ ਮੁਲਕਾਂ ਵਿਚ ਲੜਾਈ ਸ਼ੁਰੂ ਹੋਈ, ਤਾਂ ਇਕ ਜਰਨਲਿਸਟ ਨੇ ਲਿਖਿਆ: “ਅਸੀਂ ਕਈਆਂ ਸਾਲਾਂ ਤੋਂ ਇਕੱਠੇ ਜੀ ਰਹੇ ਸਨ ਪਰ ਹੁਣ ਅਸੀਂ ਇਕ ਦੂਜੇ ਦੇ ਬੱਚੇ ਮਾਰਨ ਦੀ ਨੌਬਤ ਤਕ ਆ ਪਹੁੰਚੇ ਹਾਂ। ਅਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹਾਂ?”

ਭਾਰਤ ਤੋਂ ਯੂਰਪ ਅਤੇ ਅਫ਼ਰੀਕਾ ਕਈ ਹਜ਼ਾਰ ਮੀਲ ਦੂਰ ਹਨ। ਭਾਰਤ ਬਾਰੇ ਲੇਖਕ ਪ੍ਰਨਾਈ ਗੁਪਤੇ ਨੇ ਇਕ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ: “ਕੀ ਭਾਰਤ ਦੀ ਏਕਤਾ ਬਣੀ ਰਹੇਗੀ?” ਉਸ ਵਿਚ ਉਸ ਨੇ ਕਿਹਾ: ‘ਭਾਵੇਂ ਭਾਰਤ ਦੀ 70 ਕੁ ਫੀ ਸਦੀ ਆਬਾਦੀ 30 ਸਾਲਾਂ ਤੋਂ ਘੱਟ ਉਮਰ ਦੀ ਹੈ, ਉਨ੍ਹਾਂ ਲਈ ਚੰਗੀ ਮਿਸਾਲ ਕਾਇਮ ਕਰਨ ਵਾਲੇ ਆਗੂ ਨਹੀਂ ਹਨ।’

ਕੁਝ ਦੇਸ਼ਾਂ ਵਿਚ ਆਗੂਆਂ ਨੂੰ ਬੇਈਮਾਨੀ ਦੇ ਦੋਸ਼ ਕਰਕੇ ਆਪਣਾ ਕੰਮ ਛੱਡਣਾ ਪਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਨੇਕਾਂ ਕਾਰਨਾਂ ਕਰਕੇ ਸੰਸਾਰ ਵਿਚ ਚੰਗੇ ਆਗੂਆਂ ਦੀ ਥੁੜ ਹੈ। ਅੱਜ-ਕੱਲ੍ਹ ਦੇ ਹਾਲਾਤ 2,600 ਸਾਲ ਪਹਿਲਾਂ ਰਹਿਣ ਵਾਲੇ ਨਬੀ ਦੀ ਗੱਲ ਦੀ ਗਵਾਹੀ ਭਰਦੇ ਹਨ, ਜਿਸ ਨੇ ਲਿਖਿਆ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

ਕੀ ਸੰਸਾਰ ਦੇ ਭੈੜਿਆਂ ਹਾਲਾਤਾਂ ਦਾ ਕੋਈ ਹੱਲ ਹੈ? ਕੀ ਅਜਿਹਾ ਸੰਸਾਰ ਮੁਮਕਿਨ ਹੈ ਜਿੱਥੇ ਲੋਕ ਨਾ ਲੜਾਈ-ਝਗੜੇ ਕਰਦੇ ਹਨ ਅਤੇ ਨਾ ਡਰੇ ਹੋਏ ਰਹਿੰਦੇ ਹਨ, ਜਿੱਥੇ ਸੱਚੀ ਵਿਦਿਆ ਦੀ ਥੁੜ ਦੀ ਬਜਾਇ ਉਹ ਮੁਫ਼ਤ ਮਿਲਦੀ ਹੈ, ਅਤੇ ਜਿੱਥੇ ਲੋਕ ਸਫ਼ਲਤਾ ਵੱਲ ਵੱਧਦੇ ਹਨ? ਇਸ ਤਰ੍ਹਾਂ ਕਰਨ ਲਈ ਮਨੁੱਖਜਾਤੀ ਦੀ ਮਦਦ ਕੌਣ ਕਰ ਸਕਦਾ ਹੈ?

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Fatmir Boshnjaku