Skip to content

Skip to table of contents

ਆਪਣੇ ਦਿਲ ਤੇ ਮਨ ਨਾਲ ਪਰਮੇਸ਼ੁਰ ਦੀ ਖੋਜ ਕਰੋ

ਆਪਣੇ ਦਿਲ ਤੇ ਮਨ ਨਾਲ ਪਰਮੇਸ਼ੁਰ ਦੀ ਖੋਜ ਕਰੋ

ਆਪਣੇ ਦਿਲ ਤੇ ਮਨ ਨਾਲ ਪਰਮੇਸ਼ੁਰ ਦੀ ਖੋਜ ਕਰੋ

ਸੱਚੀ ਮਸੀਹੀਅਤ ਸਾਨੂੰ ਆਪਣੇ ਦਿਲ ਤੇ ਮਨ ਨੂੰ ਵਰਤਦੇ ਹੋਏ ਅਜਿਹੀ ਨਿਹਚਾ ਪੈਦਾ ਕਰਨ ਲਈ ਉਤਸ਼ਾਹਿਤ ਕਰਦੀ ਹੈ ਜਿਹੜੀ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ।

ਅਸਲ ਵਿਚ ਮਸੀਹੀਅਤ ਦੇ ਮੋਢੀ ਯਿਸੂ ਮਸੀਹ ਨੇ ਸਿਖਾਇਆ ਕਿ ਸਾਨੂੰ ਆਪਣੇ “ਸਾਰੇ ਦਿਲ” ਅਤੇ ਆਪਣੀ “ਸਾਰੀ ਜਾਨ” ਤੋਂ ਇਲਾਵਾ, ਆਪਣੀ “ਸਾਰੀ ਬੁੱਧ” ਜਾਂ ਸਮਝ ਨਾਲ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ। (ਮੱਤੀ 22:37) ਜੀ ਹਾਂ, ਸਾਡੀ ਭਗਤੀ ਵਿਚ ਸਾਡੀ ਸੋਚਣ ਦੀ ਸ਼ਕਤੀ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਜਿਹੜੇ ਲੋਕ ਯਿਸੂ ਦੀ ਸਿੱਖਿਆ ਨੂੰ ਸੁਣਦੇ ਸਨ, ਉਨ੍ਹਾਂ ਨੂੰ ਸੋਚਣ ਦੀ ਪ੍ਰੇਰਣਾ ਦਿੰਦੇ ਹੋਏ ਉਹ ਅਕਸਰ ਪੁੱਛਦਾ ਹੁੰਦਾ ਸੀ: “ਤੁਸੀਂ ਕੀ ਸਮਝਦੇ ਹੋ?” (ਮੱਤੀ 17:25; 18:12; 21:28; 22:42) ਇਸੇ ਤਰੀਕੇ ਨਾਲ ਪਤਰਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ “ਠੀਕ ਠੀਕ ਸੋਚਣ ਦੇ ਲਈ ਪਰੇਰਨਾ” ਦੇਣ ਵਾਸਤੇ ਚਿੱਠੀ ਲਿਖੀ। (2 ਪਤਰਸ 3:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੂਰ-ਦੂਰ ਤਕ ਸਫ਼ਰ ਕਰਨ ਵਾਲੇ ਪਹਿਲੀ ਸਦੀ ਦੇ ਮਿਸ਼ਨਰੀ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਆਪਣੀ ਬੁੱਧੀ ਵਰਤਣ ਅਤੇ ‘ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਨੂੰ ਸਿਆਣਨ’ ਲਈ ਉਤਸ਼ਾਹਿਤ ਕੀਤਾ ਸੀ। (ਰੋਮੀਆਂ 12:1, 2) ਆਪਣੇ ਵਿਸ਼ਵਾਸਾਂ ਦੀ ਧਿਆਨ ਨਾਲ ਜਾਂਚ ਕਰਨ ਨਾਲ ਹੀ ਮਸੀਹੀ ਉਹ ਨਿਹਚਾ ਪੈਦਾ ਕਰ ਸਕਦੇ ਹਨ ਜਿਹੜੀ ਪਰਮੇਸ਼ੁਰ ਨੂੰ ਮਨਜ਼ੂਰ ਹੈ ਅਤੇ ਜੋ ਸਾਨੂੰ ਜ਼ਿੰਦਗੀ ਵਿਚ ਆਉਂਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਕਾਬਲ ਬਣਾਉਂਦੀ ਹੈ।—ਇਬਰਾਨੀਆਂ 11:1, 6.

ਅਜਿਹੀ ਨਿਹਚਾ ਪੈਦਾ ਕਰਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਪਹਿਲੀ ਸਦੀ ਦੇ ਮਸੀਹੀ ਪ੍ਰਚਾਰਕਾਂ ਨੇ ‘ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਇਆ’ ਅਤੇ ਜੋ ਕੁਝ ਉਹ ਸਿਖਾ ਰਹੇ ਸਨ ਉਸ ਦਾ ‘ਅਰਥ ਖੋਲ੍ਹ ਕੇ ਬਿਆਨ ਕੀਤਾ।’ (ਰਸੂਲਾਂ ਦੇ ਕਰਤੱਬ 17:1-3) ਤਰਕਪੂਰਣ ਢੰਗ ਨਾਲ ਦਿੱਤੀ ਅਜਿਹੀ ਸਿੱਖਿਆ ਪ੍ਰਤੀ ਚੰਗੇ ਦਿਲ ਵਾਲੇ ਲੋਕਾਂ ਨੇ ਚੰਗਾ ਹੁੰਗਾਰਾ ਭਰਿਆ। ਉਦਾਹਰਣ ਲਈ, ਮਕਦੂਨਿਯਾ ਦੇ ਸ਼ਹਿਰ ਬਰਿਯਾ ਦੇ ਬਹੁਤ ਸਾਰੇ ਲੋਕਾਂ ਨੇ “ਦਿਲ ਦੀ ਵੱਡੀ ਚਾਹ ਨਾਲ [ਪਰਮੇਸ਼ੁਰ ਦੇ] ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ [ਜਿਹੜੀਆਂ ਪੌਲੁਸ ਤੇ ਉਸ ਦੇ ਸਾਥੀਆਂ ਨੇ ਦੱਸੀਆਂ ਸਨ] ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:11) ਇਸ ਆਇਤ ਵਿਚ ਦੋ ਗੱਲਾਂ ਉੱਤੇ ਧਿਆਨ ਦਿਓ। ਪਹਿਲੀ, ਬਰਿਯਾ ਦੇ ਲੋਕਾਂ ਨੇ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਬਚਨ ਨੂੰ ਸੁਣਿਆ; ਦੂਜੀ, ਉਨ੍ਹਾਂ ਨੇ ਸੁਣੀਆਂ ਗੱਲਾਂ ਨੂੰ ਅੱਖਾਂ ਬੰਦ ਕਰ ਕੇ ਸੱਚ ਨਹੀਂ ਮੰਨ ਲਿਆ ਸੀ, ਸਗੋਂ ਉਨ੍ਹਾਂ ਨੇ ਪਵਿੱਤਰ ਸ਼ਾਸਤਰ ਵਿੱਚੋਂ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਸੀ। ਇਸ ਕਰਕੇ ਹਲੀਮ ਮਸੀਹੀ ਮਿਸ਼ਨਰੀ ਲੂਕਾ ਨੇ ਬਰਿਯਾ ਦੇ ਲੋਕਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ “ਬਹੁਤ ਚੰਗੇ” ਲੋਕ ਕਿਹਾ। ਕੀ ਤੁਸੀਂ ਅਧਿਆਤਮਿਕ ਮਾਮਲਿਆਂ ਵਿਚ ਇਸ ਤਰ੍ਹਾਂ ਦਾ ਚੰਗਾ ਰਵੱਈਆ ਦਿਖਾਉਂਦੇ ਹੋ?

ਮਨ ਤੇ ਦਿਲ ਇਕੱਠੇ ਕੰਮ ਕਰਦੇ ਹਨ

ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਸੱਚੀ ਭਗਤੀ ਵਿਚ ਮਨ ਤੇ ਦਿਲ ਦੋਵੇਂ ਹੀ ਸ਼ਾਮਲ ਹਨ। (ਮਰਕੁਸ 12:30) ਪਹਿਲੇ ਲੇਖ ਵਿਚ ਦਿੱਤੀ ਗਈ ਕਲੀ ਕਰਨ ਵਾਲੇ ਦੀ ਉਦਾਹਰਣ ਉੱਤੇ ਫਿਰ ਤੋਂ ਗੌਰ ਕਰੋ ਜਿਸ ਨੇ ਘਰ ਨੂੰ ਰੰਗ ਕਰਨ ਵੇਲੇ ਗ਼ਲਤ ਰੰਗਾਂ ਨੂੰ ਵਰਤਿਆ ਸੀ। ਜੇ ਉਸ ਨੇ ਘਰ ਦੇ ਮਾਲਕ ਦੀਆਂ ਹਿਦਾਇਤਾਂ ਨੂੰ ਧਿਆਨ ਨਾਲ ਸੁਣਿਆ ਹੁੰਦਾ, ਤਾਂ ਉਹ ਆਪਣੇ ਕੰਮ ਨੂੰ ਪੂਰੇ ਤਨ-ਮਨ ਨਾਲ ਕਰ ਸਕਦਾ ਸੀ ਅਤੇ ਉਸ ਨੂੰ ਪੂਰਾ ਯਕੀਨ ਹੋਣਾ ਸੀ ਕਿ ਘਰ ਦਾ ਮਾਲਕ ਉਸ ਦੇ ਕੰਮ ਨੂੰ ਪਸੰਦ ਕਰੇਗਾ। ਇਹੀ ਗੱਲ ਸਾਡੀ ਭਗਤੀ ਉੱਤੇ ਵੀ ਢੁਕਦੀ ਹੈ।

ਯਿਸੂ ਨੇ ਕਿਹਾ ਸੀ: “ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ।” (ਟੇਢੇ ਟਾਈਪ ਸਾਡੇ।) (ਯੂਹੰਨਾ 4:23) ਇਸ ਲਈ ਪੌਲੁਸ ਰਸੂਲ ਨੇ ਲਿਖਿਆ: “ਇਸ ਕਰਕੇ ਅਸੀਂ ਵੀ . . . ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਓ ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ।” (ਕੁਲੁੱਸੀਆਂ 1:9, 10) ਅਜਿਹਾ ਸਹੀ “ਗਿਆਨ” ਸੱਚੇ ਲੋਕਾਂ ਨੂੰ ਆਪਣੇ ਤਨ-ਮਨ ਨਾਲ ਭਗਤੀ ਕਰਨ ਦੇ ਕਾਬਲ ਬਣਾਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਹੁੰਦਾ ਹੈ ਕਿ ਉਹ ‘ਉਹ ਦੀ ਭਗਤੀ ਕਰਦੇ ਹਨ ਜਿਹ ਨੂੰ ਉਹ ਜਾਣਦੇ ਹਨ।’—ਯੂਹੰਨਾ 4:22.

ਇਨ੍ਹਾਂ ਕਾਰਨਾਂ ਕਰਕੇ ਯਹੋਵਾਹ ਦੇ ਗਵਾਹ ਬਹੁਤ ਛੋਟੇ ਬੱਚਿਆਂ ਜਾਂ ਦਿਲਚਸਪੀ ਰੱਖਣ ਵਾਲੇ ਨਵੇਂ ਲੋਕਾਂ ਨੂੰ ਬਪਤਿਸਮਾ ਨਹੀਂ ਦਿੰਦੇ ਜਿਨ੍ਹਾਂ ਨੇ ਧਿਆਨ ਨਾਲ ਬਾਈਬਲ ਦਾ ਅਧਿਐਨ ਨਹੀਂ ਕੀਤਾ ਹੁੰਦਾ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਪਰਮੇਸ਼ੁਰ ਦੀ ਇੱਛਾ ਬਾਰੇ ਸਹੀ ਗਿਆਨ ਲੈਣ ਤੋਂ ਬਾਅਦ ਹੀ ਬਾਈਬਲ ਦੇ ਸੱਚੇ ਵਿਦਿਆਰਥੀ ਭਗਤੀ ਦੇ ਮਾਮਲੇ ਵਿਚ ਸਹੀ ਫ਼ੈਸਲਾ ਕਰ ਸਕਦੇ ਹਨ। ਕੀ ਤੁਸੀਂ ਅਜਿਹਾ ਸੱਚਾ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਹੋ?

ਪ੍ਰਭੂ ਦੀ ਪ੍ਰਾਰਥਨਾ ਨੂੰ ਸਮਝਣਾ

ਬਾਈਬਲ ਦਾ ਪੂਰਾ ਗਿਆਨ ਹੋਣ ਜਾਂ ਨਾ ਹੋਣ ਵਿਚ ਕੀ ਫ਼ਰਕ ਹੈ, ਇਹ ਦੇਖਣ ਲਈ ਆਓ ਆਪਾਂ ਮੱਤੀ 6:9-13 ਵਿਚ ਦਰਜ “ਹੇ ਸਾਡੇ ਪਿਤਾ” ਜਾਂ ਪ੍ਰਭੂ ਦੀ ਪ੍ਰਾਰਥਨਾ ਉੱਤੇ ਗੌਰ ਕਰੀਏ।

ਕਰੋੜਾਂ ਹੀ ਲੋਕ ਚਰਚ ਵਿਚ ਬਾਕਾਇਦਾ ਯਿਸੂ ਦੀ ਆਦਰਸ਼ ਪ੍ਰਾਰਥਨਾ ਨੂੰ ਦੁਹਰਾਉਂਦੇ ਹਨ। ਪਰ ਕਿੰਨੇ ਲੋਕਾਂ ਨੂੰ ਇਸ ਦਾ ਮਤਲਬ ਦੱਸਿਆ ਗਿਆ ਹੈ, ਖ਼ਾਸਕਰ ਪਰਮੇਸ਼ੁਰ ਦੇ ਨਾਂ ਅਤੇ ਰਾਜ ਸੰਬੰਧੀ ਪ੍ਰਾਰਥਨਾ ਦਾ ਪਹਿਲਾ ਹਿੱਸਾ? ਇਹ ਵਿਸ਼ੇ ਇੰਨੇ ਮਹੱਤਵਪੂਰਣ ਹਨ ਕਿ ਯਿਸੂ ਨੇ ਇਨ੍ਹਾਂ ਨੂੰ ਪ੍ਰਾਰਥਨਾ ਵਿਚ ਪਹਿਲੀ ਥਾਂ ਤੇ ਰੱਖਿਆ।

ਇਹ ਪ੍ਰਾਰਥਨਾ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” ਧਿਆਨ ਦਿਓ ਕਿ ਯਿਸੂ ਨੇ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਠਹਿਰਾਉਣ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ ਸੀ। ਇਸ ਸੰਬੰਧ ਵਿਚ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਘੱਟੋ-ਘੱਟ ਦੋ ਸਵਾਲ ਪੈਦਾ ਹੁੰਦੇ ਹਨ। ਪਹਿਲਾ, ਪਰਮੇਸ਼ੁਰ ਦਾ ਨਾਂ ਕੀ ਹੈ? ਦੂਜਾ, ਇਸ ਨੂੰ ਪਵਿੱਤਰ ਕਰਨ ਦੀ ਕਿਉਂ ਲੋੜ ਹੈ?

ਪਹਿਲੇ ਸਵਾਲ ਦਾ ਜਵਾਬ ਮੂਲ ਭਾਸ਼ਾਵਾਂ ਵਿਚ ਲਿਖੀ ਬਾਈਬਲ ਵਿਚ 7,000 ਥਾਵਾਂ ਤੇ ਮਿਲਦਾ ਹੈ। ਇਕ ਥਾਂ ਹੈ ਜ਼ਬੂਰ 83:18: “ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” (ਟੇਢੇ ਟਾਈਪ ਸਾਡੇ।) ਪਰਮੇਸ਼ੁਰ ਦੇ ਨਾਂ ਯਹੋਵਾਹ ਬਾਰੇ ਕੂਚ 3:15 ਕਹਿੰਦਾ ਹੈ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” * ਪਰ ਪਰਮੇਸ਼ੁਰ ਦੇ ਨਾਂ ਨੂੰ ਕਿਉਂ ਪਵਿੱਤਰ ਕਰਨ ਦੀ ਲੋੜ ਹੈ ਜਿਹੜਾ ਕਿ ਪੂਰੀ ਤਰ੍ਹਾਂ ਨਿਰਮਲ ਤੇ ਪਵਿੱਤਰ ਹੈ? ਕਿਉਂਕਿ ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਇਸ ਨਾਂ ਦਾ ਅਨਾਦਰ ਕੀਤਾ ਗਿਆ ਤੇ ਇਸ ਨੂੰ ਬਦਨਾਮ ਕੀਤਾ ਗਿਆ ਹੈ।

ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਕਿਹਾ ਸੀ ਕਿ ਜੇ ਉਹ ਮਨ੍ਹਾ ਕੀਤਾ ਫਲ ਖਾਣਗੇ, ਤਾਂ ਉਹ ਮਰ ਜਾਣਗੇ। (ਉਤਪਤ 2:17) ਸ਼ਤਾਨ ਨੇ ਬੇਸ਼ਰਮੀ ਨਾਲ ਪਰਮੇਸ਼ੁਰ ਦਾ ਖੰਡਨ ਕਰਦੇ ਹੋਏ ਹੱਵਾਹ ਨੂੰ ਕਿਹਾ: “ਤੁਸੀਂ ਕਦੀ ਨਾ ਮਰੋਗੇ।” ਇਸ ਤਰ੍ਹਾਂ ਸ਼ਤਾਨ ਨੇ ਪਰਮੇਸ਼ੁਰ ਉੱਤੇ ਝੂਠ ਬੋਲਣ ਦਾ ਦੋਸ਼ ਲਾਇਆ। ਇੰਨਾ ਹੀ ਨਹੀਂ, ਉਸ ਨੇ ਹੱਵਾਹ ਨੂੰ ਇਹ ਕਹਿੰਦੇ ਹੋਏ ਪਰਮੇਸ਼ੁਰ ਦੇ ਨਾਂ ਦਾ ਹੋਰ ਜ਼ਿਆਦਾ ਅਨਾਦਰ ਕੀਤਾ ਕਿ ਪਰਮੇਸ਼ੁਰ ਬੇਈਮਾਨੀ ਨਾਲ ਉਸ ਕੋਲੋਂ ਬਹੁਮੁੱਲਾ ਗਿਆਨ ਲੁਕੋ ਰਿਹਾ ਸੀ। “ਸਗੋਂ ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ [ਭਲੇ ਬੁਰੇ ਦੀ ਸਿਆਣ ਦੇ ਬਿਰਛ] ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” ਕਿੰਨੀ ਵੱਡੀ ਤੁਹਮਤ!—ਉਤਪਤ 3:4, 5.

ਮਨ੍ਹਾ ਕੀਤਾ ਫਲ ਖਾ ਕੇ ਆਦਮ ਤੇ ਹੱਵਾਹ ਨੇ ਸ਼ਤਾਨ ਦਾ ਪੱਖ ਲਿਆ। ਉਦੋਂ ਤੋਂ ਲੈ ਕੇ ਹੁਣ ਤਕ ਜ਼ਿਆਦਾਤਰ ਇਨਸਾਨਾਂ ਨੇ ਜਾਣੇ-ਅਣਜਾਣੇ ਵਿਚ ਪਰਮੇਸ਼ੁਰ ਦੇ ਧਰਮੀ ਮਿਆਰਾਂ ਨੂੰ ਠੁਕਰਾ ਕੇ ਸ਼ਤਾਨ ਦੁਆਰਾ ਲਾਈ ਗਈ ਤੁਹਮਤ ਵਿਚ ਹੋਰ ਵਾਧਾ ਕੀਤਾ ਹੈ। (1 ਯੂਹੰਨਾ 5:19) ਲੋਕ ਅਜੇ ਵੀ ਆਪਣੇ ਦੁੱਖਾਂ ਲਈ ਪਰਮੇਸ਼ੁਰ ਨੂੰ ਦੋਸ਼ੀ ਠਹਿਰਾ ਕੇ ਉਸ ਨੂੰ ਬਦਨਾਮ ਕਰਦੇ ਹਨ—ਭਾਵੇਂ ਕਿ ਇਹ ਦੁੱਖ ਉਨ੍ਹਾਂ ਨੂੰ ਆਪਣੇ ਬੁਰੇ ਕੰਮਾਂ ਕਰਕੇ ਸਹਿਣੇ ਪੈਂਦੇ ਹੋਣ। “ਆਦਮੀ ਦੀ ਮੂਰਖਤਾਈ ਉਹ ਨੂੰ ਗੁਮਰਾਹ ਕਰ ਦਿੰਦੀ ਹੈ, ਤੇ ਉਹ ਦਾ ਮਨ ਯਹੋਵਾਹ ਤੇ ਗੁੱਸੇ ਹੁੰਦਾ ਹੈ,” ਕਹਾਉਤਾਂ 19:3 ਕਹਿੰਦਾ ਹੈ। ਤਾਂ ਫਿਰ ਕੀ ਤੁਸੀਂ ਸਮਝ ਸਕਦੇ ਹੋ ਕਿ ਯਿਸੂ ਨੇ ਕਿਉਂ ਆਪਣੇ ਪਿਤਾ ਦੇ ਨਾਂ ਨੂੰ ਪਵਿੱਤਰ ਕਰਨ ਵਾਸਤੇ ਪ੍ਰਾਰਥਨਾ ਕੀਤੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ?

“ਤੇਰਾ ਰਾਜ ਆਵੇ”

ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ ਬਾਰੇ ਪ੍ਰਾਰਥਨਾ ਕਰਨ ਤੋਂ ਬਾਅਦ, ਯਿਸੂ ਨੇ ਕਿਹਾ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਇਸ ਦੇ ਸੰਬੰਧ ਵਿਚ ਅਸੀਂ ਸ਼ਾਇਦ ਪੁੱਛੀਏ: ‘ਪਰਮੇਸ਼ੁਰ ਦਾ ਰਾਜ ਕੀ ਹੈ? ਅਤੇ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਦਾ ਇਸ ਰਾਜ ਦੇ ਆਉਣ ਨਾਲ ਕੀ ਸੰਬੰਧ ਹੈ?’

ਬਾਈਬਲ ਵਿਚ ਸ਼ਬਦ “ਰਾਜ” ਦਾ ਮੂਲ ਰੂਪ ਵਿਚ ਅਰਥ ਹੈ “ਇਕ ਰਾਜੇ ਦੀ ਹਕੂਮਤ।” ਤਾਂ ਫਿਰ ਸਪੱਸ਼ਟ ਹੈ ਕਿ ਪਰਮੇਸ਼ੁਰ ਦਾ ਰਾਜ ਪਰਮੇਸ਼ੁਰ ਦੀ ਹਕੂਮਤ ਜਾਂ ਸਰਕਾਰ ਹੈ ਅਤੇ ਉਸ ਨੇ ਇਸ ਰਾਜ ਦੇ ਰਾਜੇ ਨੂੰ ਖ਼ੁਦ ਚੁਣਿਆ ਹੈ। ਇਹ ਰਾਜਾ ਮੁੜ ਜੀਉਂਦਾ ਕੀਤਾ ਗਿਆ ਯਿਸੂ ਮਸੀਹ ਹੈ ਜੋ “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” ਹੈ। (ਪਰਕਾਸ਼ ਦੀ ਪੋਥੀ 19:16; ਦਾਨੀਏਲ 7:13, 14) ਯਿਸੂ ਮਸੀਹ ਦੇ ਹੱਥਾਂ ਵਿਚ ਪਰਮੇਸ਼ੁਰ ਦੇ ਮਸੀਹਾਈ ਰਾਜ ਦੇ ਸੰਬੰਧ ਵਿਚ ਨਬੀ ਦਾਨੀਏਲ ਨੇ ਲਿਖਿਆ: “ਉਨ੍ਹਾਂ ਰਾਜਿਆਂ [ਹੁਣ ਹਕੂਮਤ ਕਰ ਰਹੀਆਂ ਮਨੁੱਖੀ ਸਰਕਾਰਾਂ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ,” ਯਾਨੀ ਇਹ ਰਾਜ ਹਮੇਸ਼ਾ-ਹਮੇਸ਼ਾ ਲਈ ਰਹੇਗਾ।—ਦਾਨੀਏਲ 2:44.

ਜੀ ਹਾਂ, ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ਉੱਤੇ ਹਕੂਮਤ ਕਰੇਗਾ ਅਤੇ ਇਸ ਉੱਤੋਂ ਹਰ ਤਰ੍ਹਾਂ ਦੀ ਬੁਰਾਈ ਨੂੰ ਖ਼ਤਮ ਕਰ ਕੇ “ਸਦਾ ਤਾਈਂ” ਯਾਨੀ ਹਮੇਸ਼ਾ ਲਈ ਰਾਜ ਕਰੇਗਾ। ਇਸ ਤਰੀਕੇ ਨਾਲ ਪਰਮੇਸ਼ੁਰ ਦਾ ਰਾਜ ਹੀ ਉਹ ਜ਼ਰੀਆ ਹੈ ਜਿਸ ਦੁਆਰਾ ਯਹੋਵਾਹ ਆਪਣੇ ਨਾਂ ਨੂੰ ਪਵਿੱਤਰ ਕਰਦਾ ਹੈ, ਯਾਨੀ ਉਹ ਸ਼ਤਾਨ ਅਤੇ ਬੁਰੇ ਇਨਸਾਨਾਂ ਦੁਆਰਾ ਕੀਤੀ ਝੂਠੀ ਬਦਨਾਮੀ ਤੋਂ ਆਪਣੇ ਨਾਂ ਨੂੰ ਸ਼ੁੱਧ ਕਰਦਾ ਹੈ।—ਹਿਜ਼ਕੀਏਲ 36:23.

ਸਾਰੀਆਂ ਸਰਕਾਰਾਂ ਵਾਂਗ ਪਰਮੇਸ਼ੁਰ ਦੇ ਰਾਜ ਦੀ ਵੀ ਪਰਜਾ ਹੈ। ਇਹ ਕੌਣ ਹਨ? ਬਾਈਬਲ ਜਵਾਬ ਦਿੰਦੀ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:11) ਇਸੇ ਤਰ੍ਹਾਂ ਯਿਸੂ ਨੇ ਕਿਹਾ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦਾ ਸਹੀ ਗਿਆਨ ਲਿਆ ਹੈ ਤੇ ਇਹ ਗਿਆਨ ਸਦਾ ਦੀ ਜ਼ਿੰਦਗੀ ਹਾਸਲ ਕਰਨ ਲਈ ਲੋੜੀਂਦਾ ਹੈ।—ਮੱਤੀ 5:5; ਯੂਹੰਨਾ 17:3.

ਕੀ ਤੁਸੀਂ ਉਸ ਸਮੇਂ ਦੀ ਕਲਪਨਾ ਕਰ ਸਕਦੇ ਹੋ ਜਦੋਂ ਸਾਰੀ ਧਰਤੀ ਨਿਮਰ ਤੇ ਹਲੀਮ ਲੋਕਾਂ ਨਾਲ ਭਰੀ ਹੋਵੇਗੀ ਜੋ ਪਰਮੇਸ਼ੁਰ ਨੂੰ ਸੱਚਾ ਪਿਆਰ ਕਰਨ ਦੇ ਨਾਲ-ਨਾਲ ਆਪਸ ਵਿਚ ਵੀ ਇਕ-ਦੂਜੇ ਨੂੰ ਪਿਆਰ ਕਰਨਗੇ? (1 ਯੂਹੰਨਾ 4:7, 8) ਇਸੇ ਵਾਸਤੇ ਯਿਸੂ ਨੇ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਕੀ ਹੁਣ ਤੁਸੀਂ ਸਮਝ ਗਏ ਹੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਕਿਉਂ ਸਿਖਾਈ ਸੀ? ਉਸ ਤੋਂ ਵੀ ਮਹੱਤਵਪੂਰਣ, ਕੀ ਤੁਸੀਂ ਦੇਖ ਸਕਦੇ ਹੋ ਕਿ ਉਸ ਪ੍ਰਾਰਥਨਾ ਦੀ ਪੂਰਤੀ ਦਾ ਤੁਹਾਡੇ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ?

ਹੁਣ ਲੱਖਾਂ ਹੀ ਲੋਕ ਪਵਿੱਤਰ ਸ਼ਾਸਤਰ ਨੂੰ ਸਮਝ ਰਹੇ ਹਨ

ਯਿਸੂ ਨੇ ਅਧਿਆਤਮਿਕ ਸਿੱਖਿਆ ਦੇਣ ਦੀ ਵਿਸ਼ਵ-ਵਿਆਪੀ ਮੁਹਿੰਮ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਜੋ ਪਰਮੇਸ਼ੁਰ ਦੇ ਆਉਣ ਵਾਲੇ ਰਾਜ ਦੀ ਘੋਸ਼ਣਾ ਕਰੇਗੀ। ਉਸ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14.

ਦੁਨੀਆਂ ਭਰ ਵਿਚ ਤਕਰੀਬਨ 60 ਲੱਖ ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨਾਲ ਇਹ ਖ਼ੁਸ਼ ਖ਼ਬਰੀ ਸਾਂਝੀ ਕਰ ਰਹੇ ਹਨ। ਉਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਪੂਰੀ ਸਮਝ ਨਾਲ “ਲਿਖਤਾਂ ਵਿੱਚੋਂ ਭਾਲ” ਕਰ ਕੇ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਹੋਰ ਸਿੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਫਿਰਦੌਸ ਰੂਪੀ ਧਰਤੀ ਜੋ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ,” ਉੱਤੇ ਜੀਉਣ ਦੀ ਆਸ਼ਾ ਤੁਹਾਨੂੰ ਨਿਹਾਲ ਕਰੇਗੀ।—ਯਸਾਯਾਹ 11:6-9.

[ਫੁਟਨੋਟ]

^ ਪੈਰਾ 14 ਕੁਝ ਵਿਦਵਾਨ “ਯਹੋਵਾਹ” ਦੀ ਬਜਾਇ “ਯਾਹਵੇਹ” ਨਾਂ ਵਰਤਣਾ ਪਸੰਦ ਕਰਦੇ ਹਨ। ਪਰ ਬਹੁਤ ਸਾਰੇ ਆਧੁਨਿਕ ਬਾਈਬਲ ਅਨੁਵਾਦਕਾਂ ਨੇ ਆਪਣੇ ਅਨੁਵਾਦਾਂ ਵਿਚ ਪਰਮੇਸ਼ੁਰ ਦੇ ਨਾਂ ਦਾ ਕੋਈ ਵੀ ਰੂਪ ਇਸਤੇਮਾਲ ਨਹੀਂ ਕੀਤਾ, ਸਗੋਂ ਇਸ ਦੀ ਜਗ੍ਹਾ ਆਮ ਉਪਾਧੀਆਂ “ਪ੍ਰਭੂ” ਜਾਂ “ਪਰਮੇਸ਼ੁਰ” ਨੂੰ ਵਰਤਿਆ ਹੈ। ਪਰਮੇਸ਼ੁਰ ਦੇ ਨਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਬਰੋਸ਼ਰ ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ) ਦੇਖੋ।

[ਡੱਬੀ/ਸਫ਼ੇ 8 ਉੱਤੇ ਤਸਵੀਰ]

ਮਹਾਨ ਸਿੱਖਿਅਕ ਦੀ ਰੀਸ ਕਰੋ

ਯਿਸੂ ਬਾਈਬਲ ਦੇ ਕਿਸੇ ਇਕ ਖ਼ਾਸ ਵਿਸ਼ੇ ਨੂੰ ਲੈ ਕੇ ਲੋਕਾਂ ਨੂੰ ਸਿਖਾਉਂਦਾ ਹੁੰਦਾ ਸੀ। ਉਦਾਹਰਣ ਵਜੋਂ, ਆਪਣੇ ਪੁਨਰ-ਉਥਾਨ ਤੋਂ ਬਾਅਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਸਮਝਾਇਆ ਕਿ ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਕੀ ਭੂਮਿਕਾ ਹੈ। ਇਹ ਚੇਲੇ ਉਸ ਦੀ ਮੌਤ ਕਾਰਨ ਉਲਝਣ ਵਿਚ ਪਏ ਹੋਏ ਸਨ। ਲੂਕਾ 24:27 ਕਹਿੰਦਾ ਹੈ: “ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰ ਕੇ ਉਸ ਨੇ ਓਹਨਾਂ ਨੂੰ ਉਨ੍ਹਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹ ਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ।”

ਧਿਆਨ ਦਿਓ ਕਿ ਯਿਸੂ ਨੇ ਇਕ ਖ਼ਾਸ ਵਿਸ਼ਾ ਚੁਣਿਆ ਸੀ। ਉਸ ਨੇ ‘ਆਪਣੇ ਹੱਕ ਵਿੱਚ’ ਯਾਨੀ ਮਸੀਹਾ ਬਾਰੇ ਲਿਖੀਆਂ ਗੱਲਾਂ ਉੱਤੇ ਚਰਚਾ ਕੀਤੀ ਅਤੇ ਆਪਣੀ ਗੱਲਬਾਤ ਵਿਚ “ਸਭਨਾਂ ਪੁਸਤਕਾਂ” ਵਿੱਚੋਂ ਹਵਾਲੇ ਦਿੱਤੇ। ਯਿਸੂ ਨੇ ਆਪਣੇ ਵਿਸ਼ੇ ਨਾਲ ਬਾਈਬਲ ਦੀਆਂ ਢੁਕਦੀਆਂ ਵੱਖੋ-ਵੱਖਰੀਆਂ ਆਇਤਾਂ ਨੂੰ ਚੁਣ-ਚੁਣ ਕੇ ਸਮਝਾਇਆ। ਇਸ ਤਰ੍ਹਾਂ ਸਿਖਾਉਣ ਨਾਲ ਉਸ ਦੇ ਚੇਲੇ ਅਧਿਆਤਮਿਕ ਸੱਚਾਈ ਦੇ ਖਰੇ ਨਮੂਨੇ ਨੂੰ ਸਮਝ ਸਕੇ, ਠੀਕ ਜਿਵੇਂ ਇਕ ਚਿੱਤਰ-ਪਹੇਲੀ (jigsaw puzzle) ਦੇ ਵੱਖ-ਵੱਖ ਟੁਕੜਿਆਂ ਨੂੰ ਜੋੜਨ ਨਾਲ ਪੂਰੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ। (2 ਤਿਮੋਥਿਉਸ 1:13) ਨਤੀਜੇ ਵਜੋਂ, ਉਹ ਨਾ ਸਿਰਫ਼ ਸੱਚਾਈ ਨੂੰ ਸਮਝ ਗਏ, ਸਗੋਂ ਉਨ੍ਹਾਂ ਉੱਤੇ ਇਸ ਦਾ ਗਹਿਰਾ ਪ੍ਰਭਾਵ ਪਿਆ। ਬਿਰਤਾਂਤ ਸਾਨੂੰ ਦੱਸਦਾ ਹੈ: “ਓਹ ਇੱਕ ਦੂਏ ਨੂੰ ਆਖਣ ਲੱਗੇ ਭਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?”—ਲੂਕਾ 24:32.

ਯਹੋਵਾਹ ਦੇ ਗਵਾਹ ਆਪਣੀ ਸੇਵਕਾਈ ਵਿਚ ਯਿਸੂ ਦੇ ਸਿਖਾਉਣ ਦੇ ਤਰੀਕਿਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਅਧਿਐਨ ਕਰਾਉਣ ਵਿਚ ਖ਼ਾਸ ਕਰਕੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬਰੋਸ਼ਰ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਵਰਤਦੇ ਹਨ। ਇਹ ਪ੍ਰਕਾਸ਼ਨ ਬਾਈਬਲ ਦੇ ਬਹੁਤ ਸਾਰੇ ਦਿਲਚਸਪ ਵਿਸ਼ਿਆਂ ਬਾਰੇ ਦੱਸਦੇ ਹਨ ਜਿਵੇਂ: “ਪਰਮੇਸ਼ੁਰ ਕੌਣ ਹੈ?,” “ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ?,” “ਤੁਸੀਂ ਸੱਚੇ ਧਰਮ ਨੂੰ ਕਿਵੇਂ ਲੱਭ ਸਕਦੇ ਹੋ?,” “ਇਹ ਅੰਤ ਦੇ ਦਿਨ ਹਨ!” ਅਤੇ “ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ।” ਹਰ ਅਧਿਆਇ ਵਿਚ ਬਹੁਤ ਸਾਰੇ ਸ਼ਾਸਤਰਵਚਨ ਦਿੱਤੇ ਗਏ ਹਨ।

ਇਨ੍ਹਾਂ ਵਿਸ਼ਿਆਂ ਜਾਂ ਹੋਰ ਵਿਸ਼ਿਆਂ ਉੱਤੇ ਮੁਫ਼ਤ ਬਾਈਬਲ ਅਧਿਐਨ ਕਰਨ ਲਈ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਸਫ਼ਾ 2 ਉੱਤੇ ਦਿੱਤੇ ਪਤੇ ਤੇ ਲਿਖ ਸਕਦੇ ਹੋ।

[ਤਸਵੀਰ]

ਆਪਣੇ ਵਿਦਿਆਰਥੀ ਨੂੰ ਇਕ ਸਮੇਂ ਤੇ ਬਾਈਬਲ ਦੇ ਇਕ ਵਿਸ਼ੇ ਬਾਰੇ ਸਿਖਾਓ ਤਾਂਕਿ ਤੁਸੀਂ ਉਸ ਦੇ ਦਿਲ ਤਕ ਪਹੁੰਚ ਸਕੋ

[ਸਫ਼ੇ 7 ਉੱਤੇ ਤਸਵੀਰ]

ਕੀ ਤੁਸੀਂ ਯਿਸੂ ਦੀ ਆਦਰਸ਼ ਪ੍ਰਾਰਥਨਾ ਦਾ ਮਤਲਬ ਸਮਝਦੇ ਹੋ?

“ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ . . .”

“ਤੇਰਾ [ਮਸੀਹਾਈ] ਰਾਜ ਆਵੇ . . .”

“ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ”