ਕੀ ਨਿਹਚਾ ਸਮਝ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ?
ਕੀ ਨਿਹਚਾ ਸਮਝ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ?
“ਬਹੁਤ ਸਾਰੇ ‘ਧਾਰਮਿਕ’ ਲੋਕ ਇਸ ਲਈ ਧਰਮ ਨੂੰ ਮੰਨਦੇ ਹਨ ਕਿਉਂਕਿ ਉਹ ਸੋਚਣਾ ਨਹੀਂ ਚਾਹੁੰਦੇ,” ਅਮਰੀਕਾ ਵਿਚ ਪਾਦਰੀਆਂ ਦੇ ਇਕ ਟ੍ਰੇਨਿੰਗ ਕਾਲਜ ਦਾ ਮੁਖੀ ਲਿਖਦਾ ਹੈ। “ਉਹ ਬਿਨਾਂ ਸੋਚੇ-ਸਮਝੇ ਹਰ ਗੱਲ ਤੇ ਭਰੋਸਾ ਕਰ ਲੈਂਦੇ ਹਨ।”
ਇਸ ਦਾ ਮਤਲਬ ਹੈ ਕਿ ਧਰਮ ਉੱਤੇ ਚੱਲਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਲੋਕ ਇਹ ਨਹੀਂ ਸੋਚਦੇ ਕਿ ਉਹ ਕਿਉਂ ਨਿਹਚਾ ਕਰਦੇ ਹਨ ਜਾਂ ਉਨ੍ਹਾਂ ਦੀ ਨਿਹਚਾ ਦਾ ਕੋਈ ਠੋਸ ਆਧਾਰ ਹੈ ਜਾਂ ਨਹੀਂ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਲੋਕ ਅੱਜ ਧਰਮ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦੇ।
ਦੁੱਖ ਦੀ ਗੱਲ ਹੈ ਕਿ ਮੂਰਤੀਆਂ ਦੀ ਪੂਜਾ ਕਰਨ ਅਤੇ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਦੁਹਰਾਉਣ ਵਰਗੀਆਂ ਰੀਤਾਂ ਵੀ ਲੋਕਾਂ ਨੂੰ ਆਪਣੀ ਸਮਝ ਇਸਤੇਮਾਲ ਕਰਨ ਤੋਂ ਰੋਕਦੀਆਂ ਹਨ। ਇਨ੍ਹਾਂ ਤੋਂ ਇਲਾਵਾ, ਵੱਡੀਆਂ-ਵੱਡੀਆਂ ਇਮਾਰਤਾਂ, ਰੰਗ-ਬਰੰਗੇ ਸ਼ੀਸ਼ਿਆਂ ਵਾਲੀਆਂ ਬਾਰੀਆਂ ਅਤੇ ਮਨੋਹਰ ਸੰਗੀਤ ਤੇ ਹੋਰ ਕਈ ਗੱਲਾਂ ਕਾਰਨ ਲੋਕ ਧਰਮ ਵੱਲ ਖਿੱਚੇ ਜਾਂਦੇ ਹਨ। ਹਾਲਾਂਕਿ ਈਸਾਈ ਧਰਮ ਦੇ ਕੁਝ ਫ਼ਿਰਕੇ ਦਾਅਵਾ ਕਰਦੇ ਹਨ ਕਿ ਉਹ ਬਾਈਬਲ ਉੱਤੇ ਨਿਹਚਾ ਕਰਦੇ ਹਨ, ਪਰ ਉਨ੍ਹਾਂ ਦਾ ਸੰਦੇਸ਼ ਕਿ ‘ਯਿਸੂ ਵਿਚ ਵਿਸ਼ਵਾਸ ਕਰੋ ਤੇ ਮੁਕਤੀ ਪਾਓ’ ਬਾਈਬਲ ਦਾ ਗੰਭੀਰਤਾ ਨਾਲ ਅਧਿਐਨ ਕਰਨ ਦੀ ਅਹਿਮੀਅਤ ਨੂੰ ਘੱਟ ਕਰ ਦਿੰਦਾ ਹੈ। ਕਈ ਗਿਰਜੇ ਸਮਾਜਕ ਜਾਂ ਰਾਜਨੀਤਿਕ ਸੁਧਾਰ ਦਾ ਪ੍ਰਚਾਰ ਕਰਦੇ ਹਨ। ਇਹ ਸਭ ਕੁਝ ਕਰਨ ਦਾ ਕੀ ਨਤੀਜਾ ਨਿਕਲਿਆ ਹੈ?
ਉੱਤਰੀ ਅਮਰੀਕਾ ਦੀ ਹਾਲਤ ਸੰਬੰਧੀ ਧਾਰਮਿਕ ਵਿਸ਼ਿਆਂ ਦੇ ਇਕ ਲੇਖਕ ਨੇ ਕਿਹਾ: “ਈਸਾਈ ਧਰਮ ਦੇ ਲੋਕ . . . ਉੱਪਰੋਂ-ਉੱਪਰੋਂ ਵਿਸ਼ਵਾਸ ਕਰਦੇ ਹਨ, [ਅਤੇ] ਉਨ੍ਹਾਂ ਨੂੰ ਧਰਮ ਦੇ ਮਾਮਲੇ ਵਿਚ ਬਹੁਤ ਘੱਟ ਸਿੱਖਿਆ ਦਿੱਤੀ ਜਾਂਦੀ ਹੈ।” ਇਕ ਸਰਵੇਖਣ ਅਧਿਕਾਰੀ ਨੇ ਇੱਥੋਂ ਤਕ ਕਿਹਾ ਕਿ ਅਮਰੀਕਾ “ਬਾਈਬਲ ਅਗਿਆਨੀਆਂ ਦੀ ਕੌਮ” ਹੈ। ਇਹੀ ਗੱਲਾਂ ਦੂਜੇ ਦੇਸ਼ਾਂ ਬਾਰੇ ਵੀ ਸੱਚ ਹਨ ਜਿਨ੍ਹਾਂ ਵਿਚ ਈਸਾਈ ਧਰਮ ਪ੍ਰਚਲਿਤ ਹੈ। ਬਹੁਤ ਸਾਰੇ ਗ਼ੈਰ-ਈਸਾਈ ਧਰਮ ਵੀ ਲੋਕਾਂ ਦੀ ਸਮਝ ਉੱਤੇ ਪਰਦਾ ਪਾਉਂਦੇ ਹਨ। ਉਹ ਤਰਕਸ਼ੀਲ ਤੇ ਉਸਾਰੂ ਸੋਚਣੀ ਦੀ ਬਜਾਇ ਭਜਨਾਂ, ਰਸਮੀ ਪ੍ਰਾਰਥਨਾਵਾਂ ਅਤੇ ਵੱਖ-ਵੱਖ ਤਰ੍ਹਾਂ ਦੇ ਰਹੱਸਵਾਦੀ ਅੰਤਰਧਿਆਨ ਉੱਤੇ ਜ਼ੋਰ ਦਿੰਦੇ ਹਨ।
ਪਰ ਇਹੀ ਲੋਕ ਜੋ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਸ਼ੁੱਧਤਾ ਜਾਂ ਸੱਚਾਈ ਬਾਰੇ ਘੱਟ ਹੀ ਸੋਚਦੇ ਹਨ, ਉਹ ਆਪਣੀ ਰੋਜ਼-ਮੱਰਾ ਦੀ ਜ਼ਿੰਦਗੀ ਵਿਚ ਹੋਰ ਗੱਲਾਂ ਦੀ ਬੜੇ ਧਿਆਨ ਨਾਲ ਜਾਂਚ ਕਰਦੇ ਹਨ। ਕੀ ਤੁਹਾਨੂੰ ਅਜੀਬ ਨਹੀਂ ਲੱਗਦਾ ਕਿ ਜਿਹੜਾ ਵਿਅਕਤੀ ਇਕ ਕਾਰ—ਜਿਹੜੀ ਇਕ ਦਿਨ ਖਟਾਰਾ ਹੋ ਜਾਵੇਗੀ—ਖ਼ਰੀਦਣ ਲਈ ਇੰਨੀ ਜਾਂਚ-ਪੜਤਾਲ ਕਰਦਾ ਹੈ, ਉਹ ਧਰਮ ਦੇ ਬਾਰੇ ਕਹਿੰਦਾ ਹੈ: ‘ਜੇ ਇਹ ਧਰਮ ਮੇਰੇ ਮਾਪਿਆਂ ਲਈ ਸਹੀ ਸੀ, ਤਾਂ ਇਹ ਮੇਰੇ ਲਈ ਵੀ ਸਹੀ ਹੈ’?
ਜੇ ਅਸੀਂ ਸੱਚੀ-ਮੁੱਚੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਕੀ ਸਾਨੂੰ ਗੰਭੀਰਤਾ ਨਾਲ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਪਰਮੇਸ਼ੁਰ ਬਾਰੇ ਜੋ ਵਿਸ਼ਵਾਸ ਕਰਦੇ ਹਾਂ ਉਹ ਸੱਚ ਹੈ ਜਾਂ ਨਹੀਂ? ਪੌਲੁਸ ਰਸੂਲ ਨੇ ਆਪਣੇ ਸਮੇਂ ਦੇ ਕੁਝ ਧਾਰਮਿਕ ਲੋਕਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਨੂੰ “ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀਆਂ 10:2) ਅਜਿਹੇ ਲੋਕਾਂ ਦੀ ਤੁਲਨਾ ਇਕ ਕਲੀ ਕਰਨ ਵਾਲੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਘਰ ਨੂੰ ਰੰਗ ਕਰਨ ਲਈ ਸਖ਼ਤ ਮਿਹਨਤ ਤਾਂ ਕੀਤੀ, ਪਰ ਉਸ ਨੇ ਗ਼ਲਤ ਰੰਗਾਂ ਦੀ ਵਰਤੋਂ ਕੀਤੀ ਕਿਉਂਕਿ ਉਸ ਨੇ ਘਰ ਦੇ ਮਾਲਕ ਦੀਆਂ ਹਿਦਾਇਤਾਂ ਨੂੰ ਚੰਗੀ ਤਰ੍ਹਾਂ ਨਹੀਂ ਸੁਣਿਆ। ਕਲੀ ਕਰਨ ਵਾਲਾ ਸ਼ਾਇਦ ਆਪਣੇ ਕੰਮ ਤੋਂ ਬਹੁਤ ਖ਼ੁਸ਼ ਹੋਇਆ ਹੋਣਾ, ਪਰ ਕੀ ਘਰ ਦਾ ਮਾਲਕ ਉਸ ਦੇ ਕੰਮ ਤੋਂ ਖ਼ੁਸ਼ ਹੋਵੇਗਾ?
ਸੱਚੀ ਉਪਾਸਨਾ ਦੇ ਸੰਬੰਧ ਵਿਚ ਪਰਮੇਸ਼ੁਰ ਨੂੰ ਕੀ ਪਸੰਦ ਹੈ? ਬਾਈਬਲ ਜਵਾਬ ਦਿੰਦੀ ਹੈ: “ਸਾਡੇ ਮੁਕਤੀ ਦਾਤੇ ਪਰਮੇਸ਼ੁਰ ਦੇ ਹਜ਼ੂਰ ਇਹੋ ਭਲਾ ਅਤੇ ਪਰਵਾਨ ਹੈ ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਕੁਝ ਸ਼ਾਇਦ ਮਹਿਸੂਸ ਕਰਨ ਕਿ ਅੱਜ ਇੰਨੇ ਸਾਰੇ ਧਰਮ ਹੋਣ ਕਰਕੇ ਅਜਿਹਾ ਗਿਆਨ ਲੱਭਣਾ ਨਾਮੁਮਕਿਨ ਹੈ। ਪਰ ਜ਼ਰਾ ਸੋਚੋ—ਜੇ ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਲੋਕ ਸੱਚਾਈ ਦਾ ਸਹੀ ਗਿਆਨ ਲੈਣ, ਤਾਂ ਕੀ ਉਹ ਇਸ ਗਿਆਨ ਨੂੰ ਲੋਕਾਂ ਤੋਂ ਲੁਕਾ ਕੇ ਰੱਖੇਗਾ? ਨਹੀਂ, ਜਿਵੇਂ ਕਿ ਬਾਈਬਲ ਕਹਿੰਦੀ ਹੈ: “ਜੇ ਤੂੰ [ਪਰਮੇਸ਼ੁਰ] ਨੂੰ ਖੋਜੇਂਗਾ ਤਾਂ ਉਹ ਤੈਥੋਂ ਲਭਿਆ ਜਾਏਗਾ।”—1 ਇਤਹਾਸ 28:9.
ਪਰਮੇਸ਼ੁਰ ਕਿਵੇਂ ਉਨ੍ਹਾਂ ਲੋਕਾਂ ਨੂੰ ਆਪਣੀ ਪਛਾਣ ਕਰਾਵੇਗਾ ਜੋ ਸੱਚੇ ਦਿਲੋਂ ਉਸ ਦੀ ਖੋਜ ਕਰਦੇ ਹਨ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।