Skip to content

Skip to table of contents

ਜਾਗਦੇ ਰਹੋ, ਦਲੇਰ ਹੋ ਕੇ ਅੱਗੇ ਵਧਦੇ ਰਹੋ!

ਜਾਗਦੇ ਰਹੋ, ਦਲੇਰ ਹੋ ਕੇ ਅੱਗੇ ਵਧਦੇ ਰਹੋ!

ਜਾਗਦੇ ਰਹੋ, ਦਲੇਰ ਹੋ ਕੇ ਅੱਗੇ ਵਧਦੇ ਰਹੋ!

ਖ਼ਾਸ ਸਭਾਵਾਂ ਦੀ ਰਿਪੋਰਟ

ਕੌਣ ਇਸ ਗੱਲ ਤੋਂ ਇਨਕਾਰ ਕਰ ਸਕਦਾ ਹੈ ਕਿ ਅਸੀਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਜੀ ਰਹੇ ਹਾਂ? ਯਹੋਵਾਹ ਦੇ ਗਵਾਹ ਵੀ “ਅੰਤ ਦਿਆਂ ਦਿਨਾਂ” ਵਿਚ ਆਉਣ ਵਾਲੇ ਦਬਾਵਾਂ ਤੋਂ ਬਚੇ ਹੋਏ ਨਹੀਂ ਹਨ। (2 ਤਿਮੋਥਿਉਸ 3:1-5) ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਲੋਕਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਨੂੰ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਨਹੀਂ ਪਤਾ। ਉਨ੍ਹਾਂ ਨੂੰ ਦਿਲਾਸੇ ਤੇ ਆਸ਼ਾ ਦੀ ਲੋੜ ਹੈ। ਅਸੀਂ ਮੁੱਖ ਤੌਰ ਤੇ ਲੋਕਾਂ ਦੀ ਕਿੱਦਾਂ ਮਦਦ ਕਰਦੇ ਹਾਂ?

ਪਰਮੇਸ਼ੁਰ ਨੇ ਸਾਨੂੰ ਇਹ ਕੰਮ ਦਿੱਤਾ ਹੈ ਕਿ ਅਸੀਂ ਉਸ ਦੇ ਸਥਾਪਿਤ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਸੁਣਾਈਏ। (ਮੱਤੀ 24:14) ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਸਵਰਗੀ ਰਾਜ ਹੀ ਮਨੁੱਖਜਾਤੀ ਲਈ ਇੱਕੋ-ਇਕ ਉਮੀਦ ਹੈ। ਪਰ ਸਾਰੇ ਲੋਕ ਸਾਡਾ ਸੰਦੇਸ਼ ਨਹੀਂ ਸੁਣਦੇ। ਕੁਝ ਥਾਵਾਂ ਤੇ ਸਾਡੇ ਕੰਮ ਉੱਤੇ ਪਾਬੰਦੀ ਲਾਈ ਗਈ ਹੈ ਅਤੇ ਸਾਡੇ ਭਰਾਵਾਂ ਉੱਤੇ ਜ਼ੁਲਮ ਕੀਤਾ ਜਾਂਦਾ ਹੈ। ਫਿਰ ਵੀ ਅਸੀਂ ਨਿਰਾਸ਼ ਨਹੀਂ ਹੁੰਦੇ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋਏ ਅਸੀਂ ਇਰਾਦਾ ਕੀਤਾ ਹੈ ਕਿ ਅਸੀਂ ਜਾਗਦੇ ਰਹਾਂਗੇ ਅਤੇ ਦਲੇਰੀ ਨਾਲ ਬਿਨਾਂ ਰੁਕੇ ਅੱਗੇ ਵਧਦੇ ਹੋਏ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਰਹਾਂਗੇ।—ਰਸੂਲਾਂ ਦੇ ਕਰਤੱਬ 5:42.

ਇਹ ਦ੍ਰਿੜ੍ਹ ਇਰਾਦਾ ਉਨ੍ਹਾਂ ਖ਼ਾਸ ਸਭਾਵਾਂ ਵਿਚ ਸਾਫ਼ ਦਿਖਾਈ ਦੇ ਰਿਹਾ ਸੀ ਜੋ ਅਕਤੂਬਰ 2001 ਵਿਚ ਹੋਈਆਂ ਸਨ। ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਸਭਾ ਸ਼ਨੀਵਾਰ 6 ਅਕਤੂਬਰ ਨੂੰ ਅਮਰੀਕਾ ਦੇ ਜਰਸੀ ਸਿਟੀ, ਨਿਊ ਜਰਸੀ ਵਿਚ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਵਿਚ ਹੋਈ। * ਅਗਲੇ ਦਿਨ ਚਾਰ ਵੱਖ-ਵੱਖ ਥਾਵਾਂ ਤੇ ਸਪਲੀਮੈਂਟਰੀ ਸਭਾਵਾਂ ਹੋਈਆਂ, ਤਿੰਨ ਅਮਰੀਕਾ ਵਿਚ ਅਤੇ ਇਕ ਕੈਨੇਡਾ ਵਿਚ। *

ਸਾਲਾਨਾ ਸਭਾ ਦੇ ਸਭਾਪਤੀ ਸੈਮਯਲ ਐੱਫ. ਹਰਡ, ਜੋ ਯਹੋਵਾਹ ਦੇ ਗਵਾਹਾਂ ਦੇ ਪ੍ਰਬੰਧਕ ਸਭਾ ਦੇ ਮੈਂਬਰ ਵੀ ਹਨ, ਨੇ ਆਪਣੇ ਸ਼ੁਰੂਆਤੀ ਭਾਸ਼ਣ ਵਿਚ ਜ਼ਬੂਰ 92:1, 4 ਪੜ੍ਹਿਆ ਅਤੇ ਫਿਰ ਕਿਹਾ: “ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ।” ਦੁਨੀਆਂ ਭਰ ਤੋਂ ਮਿਲੀਆਂ ਪੰਜ ਰਿਪੋਰਟਾਂ ਤੋਂ ਧੰਨਵਾਦ ਕਰਨ ਦੇ ਸੱਚ-ਮੁੱਚ ਬਹੁਤ ਸਾਰੇ ਕਾਰਨ ਮਿਲਦੇ ਹਨ।

ਦੂਰ-ਦੁਰਾਡੇ ਦੇਸ਼ਾਂ ਤੋਂ ਰਿਪੋਰਟਾਂ

ਭਰਾ ਐਲਫ੍ਰਡ ਕਵੌਚੀ ਨੇ ਘਾਨਾ, ਜਿਸ ਨੂੰ ਪਹਿਲਾਂ ਗੋਲਡ ਕੋਸਟ ਕਿਹਾ ਜਾਂਦਾ ਸੀ, ਵਿਚ ਹੋ ਰਹੇ ਪ੍ਰਚਾਰ ਕੰਮ ਬਾਰੇ ਦੱਸਿਆ। ਘਾਨਾ ਵਿਚ ਕਈ ਸਾਲਾਂ ਲਈ ਸਾਡੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਲੋਕ ਅਕਸਰ ਪੁੱਛਦੇ ਹੁੰਦੇ ਸਨ: “ਪਾਬੰਦੀ ਕਿਉਂ? ਤੁਸੀਂ ਕੀਤਾ ਕੀ ਹੈ?” ਭਰਾ ਕਵੌਚੀ ਨੇ ਦੱਸਿਆ ਕਿ ਇਸ ਨਾਲ ਗਵਾਹੀ ਦੇਣ ਦੇ ਮੌਕੇ ਮਿਲਦੇ ਸਨ। ਸਾਲ 1991 ਵਿਚ ਜਦੋਂ ਪਾਬੰਦੀ ਹਟਾਈ ਗਈ, ਤਾਂ ਉਸ ਵੇਲੇ ਘਾਨਾ ਵਿਚ 34,421 ਯਹੋਵਾਹ ਦੇ ਗਵਾਹ ਸਨ। ਅਗਸਤ 2001 ਵਿਚ ਕੁੱਲ 68,152 ਗਵਾਹ ਸਨ। ਇਸ ਦਾ ਮਤਲਬ ਹੈ ਕਿ ਗਵਾਹਾਂ ਦੀ ਗਿਣਤੀ ਵਿਚ 98 ਪ੍ਰਤਿਸ਼ਤ ਵਾਧਾ ਹੋਇਆ। ਹੁਣ ਉੱਥੇ 10,000 ਸੀਟਾਂ ਵਾਲਾ ਅਸੈਂਬਲੀ ਹਾਲ ਬਣਾਉਣ ਦੀ ਯੋਜਨਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਘਾਨਾ ਵਿਚ ਸਾਡੇ ਗੁਰਭਾਈ ਆਪਣੀ ਧਾਰਮਿਕ ਆਜ਼ਾਦੀ ਦਾ ਪੂਰਾ-ਪੂਰਾ ਫ਼ਾਇਦਾ ਲੈ ਰਹੇ ਹਨ।

ਰਾਜਨੀਤਿਕ ਗੜਬੜੀ ਫੈਲੀ ਹੋਣ ਦੇ ਬਾਵਜੂਦ, ਆਇਰਲੈਂਡ ਵਿਚ ਸਾਡੇ ਭਰਾ ਖੇਤਰ ਸੇਵਾ ਵਿਚ ਸਰਗਰਮ ਹਨ। ਲੋਕ ਉਨ੍ਹਾਂ ਦਾ ਬਹੁਤ ਆਦਰ ਕਰਦੇ ਹਨ ਕਿ ਉਹ ਰਾਜਨੀਤਿਕ ਤੌਰ ਤੇ ਨਿਰਪੱਖ ਹਨ। ਬਰਾਂਚ ਕਮੇਟੀ ਦੇ ਕੋਆਰਡੀਨੇਟਰ ਪੀਟਰ ਐਂਡਰੂਜ਼ ਨੇ ਦੱਸਿਆ ਕਿ ਆਇਰਲੈਂਡ ਵਿਚ 6 ਸਰਕਟ ਅਤੇ 115 ਕਲੀਸਿਯਾਵਾਂ ਹਨ। ਭਰਾ ਐਂਡਰੂਜ਼ ਨੇ ਦਸ ਸਾਲ ਦੇ ਇਕ ਮੁੰਡੇ ਲੀਅਮ ਦਾ ਤਜਰਬਾ ਦੱਸਿਆ ਜਿਹੜਾ ਸਕੂਲ ਵਿਚ ਨਿਡਰ ਹੋ ਕੇ ਗਵਾਹੀ ਦਿੰਦਾ ਹੈ। ਲੀਅਮ ਨੇ ਆਪਣੀ ਕਲਾਸ ਦੇ 25 ਵਿਦਿਆਰਥੀਆਂ ਨੂੰ ਅਤੇ ਆਪਣੀ ਅਧਿਆਪਕਾ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦਿੱਤੀ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਲੀਅਮ ਬਪਤਿਸਮਾ ਲੈਣਾ ਚਾਹੁੰਦਾ ਸੀ, ਪਰ ਕਿਸੇ ਨੇ ਉਸ ਨੂੰ ਕਿਹਾ ਕਿ ਉਸ ਦੀ ਉਮਰ ਅਜੇ ਬਹੁਤ ਘੱਟ ਸੀ। ਲੀਅਮ ਨੇ ਕਿਹਾ: “ਬਪਤਿਸਮੇ ਲਈ ਮੇਰੀ ਉਮਰ ਨਾ ਦੇਖੋ ਪਰ ਯਹੋਵਾਹ ਲਈ ਮੇਰੇ ਪਿਆਰ ਨੂੰ ਦੇਖੋ। ਮੇਰਾ ਬਪਤਿਸਮਾ ਦਿਖਾਵੇਗਾ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦਾ ਹਾਂ।” ਲੀਅਮ ਨੇ ਮਿਸ਼ਨਰੀ ਬਣਨ ਦਾ ਟੀਚਾ ਰੱਖਿਆ ਹੈ।

ਵੈਨੇਜ਼ੁਏਲਾ ਵਿਚ 1968 ਵਿਚ 5,400 ਲੋਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਸਨ। ਪਰ ਹੁਣ ਉੱਥੇ 88,000 ਤੋਂ ਵੱਧ ਪ੍ਰਚਾਰਕ ਹਨ, ਬਰਾਂਚ ਕਮੇਟੀ ਦੇ ਕੋਆਰਡੀਨੇਟਰ ਸਟੀਵਨ ਜੋਹਾਨਸਨ ਨੇ ਦੱਸਿਆ। ਉੱਥੇ ਹੋਰ ਵਾਧੇ ਦੀ ਸੰਭਾਵਨਾ ਹੈ ਕਿਉਂਕਿ 2001 ਵਿਚ 2,96,000 ਤੋਂ ਜ਼ਿਆਦਾ ਲੋਕ ਸਮਾਰਕ ਸਮਾਰੋਹ ਵਿਚ ਆਏ ਸਨ। ਦਸੰਬਰ 1999 ਵਿਚ ਬਹੁਤ ਜ਼ਿਆਦਾ ਮੀਂਹ ਪੈਣ ਨਾਲ ਚਿੱਕੜ ਦਾ ਹੜ੍ਹ ਆ ਗਿਆ ਜਿਸ ਵਿਚ ਅੰਦਾਜ਼ਨ 50,000 ਲੋਕ ਮਾਰੇ ਗਏ ਸਨ। ਇਨ੍ਹਾਂ ਵਿਚ ਕਈ ਯਹੋਵਾਹ ਦੇ ਗਵਾਹ ਵੀ ਸਨ। ਇਕ ਕਿੰਗਡਮ ਹਾਲ ਪੂਰੀ ਤਰ੍ਹਾਂ ਚਿੱਕੜ ਨਾਲ ਭਰ ਗਿਆ ਸੀ। ਜਦੋਂ ਕਿਸੇ ਨੇ ਕਿਹਾ ਕਿ ਇਹ ਇਮਾਰਤ ਹੁਣ ਵਰਤਣ ਦੇ ਯੋਗ ਨਹੀਂ, ਇਸ ਲਈ ਇਸ ਨੂੰ ਛੱਡ ਦਿੱਤਾ ਜਾਵੇ, ਤਾਂ ਭਰਾਵਾਂ ਨੇ ਜਵਾਬ ਦਿੱਤਾ: “ਇਹ ਕਦੀ ਨਹੀਂ ਹੋ ਸਕਦਾ! ਇਹ ਸਾਡਾ ਕਿੰਗਡਮ ਹਾਲ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡ ਸਕਦੇ।” ਉਨ੍ਹਾਂ ਨੇ ਕਿੰਗਡਮ ਹਾਲ ਵਿੱਚੋਂ ਟਨਾਂ ਦੇ ਟਨ ਚਿੱਕੜ, ਪੱਥਰ ਤੇ ਹੋਰ ਮਲਬਾ ਕੱਢਿਆ। ਕਿੰਗਡਮ ਹਾਲ ਨੂੰ ਨਵਾਂ ਰੂਪ ਦਿੱਤਾ ਗਿਆ ਅਤੇ ਭਰਾ ਕਹਿੰਦੇ ਹਨ ਕਿ ਕਿੰਗਡਮ ਹਾਲ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੋਹਣਾ ਲੱਗਦਾ ਹੈ!

ਫ਼ਿਲਪੀਨ ਦੀ ਬਰਾਂਚ ਕਮੇਟੀ ਦੇ ਕੋਆਰਡੀਨੇਟਰ, ਡੈਨਟਨ ਹਾਪਕਿਨਸਨ ਨੇ ਦੱਸਿਆ ਕਿ ਫ਼ਿਲਪੀਨ ਵਿਚ 87 ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਿਛਲੇ ਸੇਵਾ ਸਾਲ ਵਿਚ ਦੇਸ਼ ਦੀਆਂ ਤਿੰਨ ਮੁੱਖ ਭਾਸ਼ਾਵਾਂ—ਸੇਬੁਆਨੋ, ਇਲੋਕੋ ਅਤੇ ਟਾਗਾਲੋਗ—ਵਿਚ ਪੂਰੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਰਿਲੀਸ ਕੀਤੀ ਗਈ ਸੀ। ਭਰਾ ਹਾਪਕਿਨਸਨ ਨੇ ਨੌਂ ਸਾਲ ਦੇ ਇਕ ਮੁੰਡੇ ਦਾ ਤਜਰਬਾ ਦੱਸਿਆ ਜਿਸ ਨੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਤੁਹਾਨੂੰ ਖ਼ੁਸ਼ ਕਰਨ ਲਈ ਖ਼ੁਸ਼ ਖ਼ਬਰੀ (ਅੰਗ੍ਰੇਜ਼ੀ) ਪੜ੍ਹੀ। ਉਸ ਨੇ ਬਰਾਂਚ ਆਫ਼ਿਸ ਤੋਂ ਹੋਰ ਕਿਤਾਬਾਂ ਮੰਗਵਾ ਕੇ ਵੀ ਪੜ੍ਹੀਆਂ, ਪਰ ਉਸ ਦੇ ਪਰਿਵਾਰ ਨੇ ਉਸ ਦਾ ਵਿਰੋਧ ਕੀਤਾ। ਕਈ ਸਾਲਾਂ ਬਾਅਦ ਜਦੋਂ ਉਹ ਮੈਡੀਕਲ ਕਾਲਜ ਵਿਚ ਸੀ, ਤਾਂ ਉਸ ਨੇ ਬਰਾਂਚ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਬਾਈਬਲ ਅਧਿਐਨ ਲਈ ਫ਼ਰਮਾਇਸ਼ ਕੀਤੀ। ਉਸ ਨੇ 1996 ਵਿਚ ਬਪਤਿਸਮਾ ਲੈ ਲਿਆ ਅਤੇ ਜਲਦੀ ਹੀ ਉਸ ਨੇ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰ ਦਿੱਤੀ। ਉਹ ਹੁਣ ਆਪਣੀ ਪਤਨੀ ਨਾਲ ਬਰਾਂਚ ਆਫ਼ਿਸ ਵਿਚ ਕੰਮ ਕਰਦਾ ਹੈ।

ਪੋਰਟੋ ਰੀਕੋ ਦੇ ਬਰਾਂਚ ਕੋਆਰਡੀਨੇਟਰ ਰੌਨਲਡ ਪਾਰਕਿਨ ਨੇ ਦੱਸਿਆ: ‘ਪੋਰਟੋ ਰੀਕੋ ਗਵਾਹਾਂ ਨੂੰ ਦੂਸਰੇ ਦੇਸ਼ਾਂ ਵਿਚ ਘੱਲ ਰਿਹਾ ਹੈ।’ ਪੋਰਟੋ ਰੀਕੋ ਵਿਚ 25,000 ਪ੍ਰਕਾਸ਼ਕ ਹਨ ਅਤੇ ਕਈ ਸਾਲਾਂ ਤੋਂ ਇਹ ਗਿਣਤੀ ਇੰਨੀ ਹੀ ਹੈ। ਕਿਉਂ? ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਪੋਰਟੋ ਰੀਕੋ ਤੋਂ ਹਰ ਸਾਲ ਲਗਭਗ 1,000 ਪ੍ਰਕਾਸ਼ਕ ਅਮਰੀਕਾ ਜਾਂਦੇ ਹਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਕਾਸ਼ਕ ਆਰਥਿਕ ਤੰਗੀਆਂ ਕਰਕੇ ਉੱਥੇ ਜਾਂਦੇ ਹਨ। ਭਰਾ ਪਾਰਕਿਨ ਨੇ ਇਕ ਮਹੱਤਵਪੂਰਣ ਅਦਾਲਤੀ ਫ਼ੈਸਲੇ ਬਾਰੇ ਦੱਸਿਆ ਜੋ ਲੁਕੀਮੀਆ ਨਾਲ ਪੀੜਿਤ ਲੁਈਸ ਨਾਂ ਦੇ ਇਕ 17 ਸਾਲਾਂ ਦੇ ਗਵਾਹ ਦੇ ਹੱਕ ਵਿਚ ਕੀਤਾ ਗਿਆ ਸੀ। ਲੁਈਸ ਨੇ ਖ਼ੂਨ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਇਹ ਮਾਮਲਾ ਕਚਹਿਰੀ ਵਿਚ ਲਿਆਂਦਾ ਗਿਆ। ਜੱਜ ਆਪ ਉਸ ਨਾਲ ਗੱਲ ਕਰਨੀ ਚਾਹੁੰਦੀ ਸੀ ਇਸ ਲਈ ਉਹ ਹਸਪਤਾਲ ਵਿਚ ਉਸ ਨੂੰ ਮਿਲਣ ਗਈ। ਲੁਈਸ ਨੇ ਉਸ ਤੋਂ ਪੁੱਛਿਆ: “ਇਸ ਤਰ੍ਹਾਂ ਕਿਉਂ ਹੈ ਕਿ ਜੇ ਮੈਂ ਕੋਈ ਗੰਭੀਰ ਅਪਰਾਧ ਕਰਾਂ, ਤਾਂ ਤੁਸੀਂ ਮੇਰਾ ਫ਼ੈਸਲਾ ਇਕ ਬਾਲਗ ਦੇ ਤੌਰ ਤੇ ਕਰੋਗੇ ਪਰ ਜਦੋਂ ਮੈਂ ਪਰਮੇਸ਼ੁਰ ਦੀ ਗੱਲ ਮੰਨਣੀ ਚਾਹੁੰਦਾ ਹਾਂ, ਤਾਂ ਤੁਸੀਂ ਮੇਰੇ ਨਾਲ ਇਕ ਨਾਬਾਲਗ ਦੇ ਤੌਰ ਤੇ ਪੇਸ਼ ਆ ਰਹੇ ਹੋ?” ਜੱਜ ਨੂੰ ਪੂਰਾ ਯਕੀਨ ਹੋ ਗਿਆ ਕਿ ਲੁਈਸ ਸਮਝਦਾਰ ਸੀ ਤੇ ਆਪਣਾ ਫ਼ੈਸਲਾ ਆਪ ਕਰ ਸਕਦਾ ਸੀ।

ਦੂਰ-ਦੁਰਾਡੇ ਦੇਸ਼ਾਂ ਦੀਆਂ ਰਿਪੋਰਟਾਂ ਤੋਂ ਬਾਅਦ ਅਮਰੀਕਾ ਦੀ ਬਰਾਂਚ ਕਮੇਟੀ ਦੇ ਮੈਂਬਰ ਹੈਰਲਡ ਕੌਰਕਰਨ ਨੇ ਚਾਰ ਭਰਾਵਾਂ ਦੀ ਇੰਟਰਵਿਊ ਲਈ ਜਿਹੜੇ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ। ਆਰਥਰ ਬੋਨੋ 51 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਿਹਾ ਹੈ ਅਤੇ ਹੁਣ ਉਹ ਇਕਵੇਡਾਰ ਦੀ ਬਰਾਂਚ ਕਮੇਟੀ ਦਾ ਮੈਂਬਰ ਹੈ। ਐਨਜਲੋ ਕਾਟਾਂਡਜ਼ਾਰੋ 59 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਿਹਾ ਹੈ ਜਿਸ ਦੌਰਾਨ ਜ਼ਿਆਦਾ ਕਰਕੇ ਉਸ ਨੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ ਸੀ। ਰਿਚਰਡ ਐਬਰਾਹਮਸਨ 1953 ਵਿਚ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋਇਆ ਸੀ ਤੇ ਉਸ ਨੂੰ 26 ਸਾਲ ਤਕ ਡੈਨਮਾਰਕ ਵਿਚ ਕੀਤੇ ਜਾ ਰਹੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨ ਦਾ ਮੌਕਾ ਮਿਲਿਆ ਤੇ ਬਾਅਦ ਵਿਚ ਉਸ ਨੂੰ ਵਾਪਸ ਬਰੁਕਲਿਨ ਬੈਥਲ ਬੁਲਾ ਲਿਆ ਗਿਆ। ਅਖ਼ੀਰ ਵਿਚ ਸਾਰਿਆਂ ਨੂੰ 96 ਸਾਲ ਦੇ ਭਰਾ ਕੈਰੀ ਡਬਲਯੂ. ਬਾਰਬਰ ਦਾ ਤਜਰਬਾ ਸੁਣ ਕੇ ਬਹੁਤ ਖ਼ੁਸ਼ੀ ਹੋਈ। ਭਰਾ ਬਾਰਬਰ ਨੇ 1921 ਵਿਚ ਬਪਤਿਸਮਾ ਲਿਆ ਸੀ ਤੇ ਉਹ 78 ਸਾਲ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਹੇ ਹਨ। ਉਹ 1978 ਤੋਂ ਪ੍ਰਬੰਧਕ ਸਭਾ ਦੇ ਮੈਂਬਰ ਹਨ।

ਉਤਸ਼ਾਹਜਨਕ ਭਾਸ਼ਣ

ਸਾਲਾਨਾ ਸਭਾ ਵਿਚ ਕਈ ਭਾਸ਼ਣ ਦਿੱਤੇ ਗਏ ਜਿਨ੍ਹਾਂ ਨੇ ਭੈਣ-ਭਰਾਵਾਂ ਨੂੰ ਸੋਚਣ ਲਈ ਉਕਸਾਇਆ। ਭਰਾ ਰੌਬਰਟ ਡਬਲਯੂ. ਵੌਲਨ ਦੇ ਭਾਸ਼ਣ ਦਾ ਵਿਸ਼ਾ ਸੀ “ਉਸ ਦੇ ਨਾਂ ਦੇ ਲੋਕ।” ਅਸੀਂ ਪਰਮੇਸ਼ੁਰ ਦੇ ਨਾਂ ਦੇ ਲੋਕ ਹਾਂ ਤੇ ਅਸੀਂ 230 ਤੋਂ ਜ਼ਿਆਦਾ ਦੇਸ਼ਾਂ ਵਿਚ ਪਾਏ ਜਾਂਦੇ ਹਾਂ। ਯਹੋਵਾਹ ਨੇ ਸਾਨੂੰ ‘ਸੁਨਹਿਰਾ ਭਵਿੱਖ’ ਦਿੱਤਾ ਹੈ। (ਯਿਰਮਿਯਾਹ 29:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਦਿਲਾਸੇ ਤੇ ਤਸੱਲੀ ਦਾ ਵਧੀਆ ਸੰਦੇਸ਼ ਸੁਣਾਉਂਦੇ ਰਹਿਣਾ ਚਾਹੀਦਾ ਹੈ। (ਯਸਾਯਾਹ 61:1) ਭਰਾ ਵੌਲਨ ਨੇ ਅਖ਼ੀਰ ਵਿਚ ਕਿਹਾ: “ਆਓ ਆਪਾਂ ਹਰ ਦਿਨ ਉਸ ਨਾਂ ਦੇ ਅਨੁਸਾਰ ਜੀਏ ਜਿਸ ਤੋਂ ਅਸੀਂ ਜਾਣੇ ਜਾਂਦੇ ਹਾਂ ਯਾਨੀ ਯਹੋਵਾਹ ਦੇ ਗਵਾਹ।”—ਯਸਾਯਾਹ 43:10.

ਪ੍ਰੋਗ੍ਰਾਮ ਦੇ ਅਖ਼ੀਰ ਵਿਚ ਪ੍ਰਬੰਧਕ ਸਭਾ ਦੇ ਤਿੰਨ ਮੈਂਬਰਾਂ ਨੇ ਇਕ ਭਾਸ਼ਣ-ਲੜੀ ਦਿੱਤੀ। ਇਸ ਦਾ ਵਿਸ਼ਾ ਸੀ “ਜਾਗਦੇ ਰਹਿਣ, ਦ੍ਰਿੜ੍ਹ ਰਹਿਣ ਅਤੇ ਤਕੜੇ ਹੋਣ ਦਾ ਹੁਣੇ ਹੀ ਸਮਾਂ ਹੈ।”—1 ਕੁਰਿੰਥੀਆਂ 16:13.

ਪਹਿਲਾਂ ਭਰਾ ਸਟੀਵਨ ਲੈੱਟ ਨੇ ਇਸ ਵਿਸ਼ੇ ਉੱਤੇ ਭਾਸ਼ਣ ਦਿੱਤਾ “ਜਾਗਦੇ ਰਹੋ—ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ।” ਭਰਾ ਲੈੱਟ ਨੇ ਸਮਝਾਇਆ ਕਿ ਕੁਦਰਤੀ ਨੀਂਦ ਇਕ ਦਾਤ ਹੈ। ਇਹ ਸਾਨੂੰ ਤਰੋਤਾਜ਼ਾ ਕਰਦੀ ਹੈ। ਪਰ ਅਧਿਆਤਮਿਕ ਨੀਂਦ ਹਾਨੀਕਾਰਕ ਹੈ। (1 ਥੱਸਲੁਨੀਕੀਆਂ 5:6) ਫਿਰ ਅਸੀਂ ਅਧਿਆਤਮਿਕ ਤੌਰ ਤੇ ਕਿਵੇਂ ਜਾਗਦੇ ਰਹਿ ਸਕਦੇ ਹਾਂ? ਭਰਾ ਲੈੱਟ ਨੇ ਤਿੰਨ ਅਧਿਆਤਮਿਕ “ਗੋਲੀਆਂ” ਦੱਸੀਆਂ: (1) ਪ੍ਰਭੂ ਦੇ ਕੰਮ ਵਿਚ ਸਦਾ ਵਧਦੇ ਜਾਓ। (1 ਕੁਰਿੰਥੀਆਂ 15:58) (2) ਆਪਣੀ ਅਧਿਆਤਮਿਕ ਲੋੜ ਦਾ ਧਿਆਨ ਰੱਖੋ। (ਮੱਤੀ 5:3, ਨਿ ਵ) (3) ਬਾਈਬਲ-ਆਧਾਰਿਤ ਸਲਾਹ ਨੂੰ ਮੰਨੋ ਤਾਂਕਿ ਤੁਸੀਂ ਬੁੱਧੀਮਾਨੀ ਨਾਲ ਕੰਮ ਕਰ ਸਕੋ।—ਕਹਾਉਤਾਂ 13:20.

ਭਰਾ ਥੀਓਡੋਰ ਜੈਰਸ ਨੇ ਇਕ ਜ਼ਬਰਦਸਤ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ “ਪਰਤਾਵਿਆਂ ਵਿਚ ਦ੍ਰਿੜ੍ਹ ਰਹੋ।” ਪਰਕਾਸ਼ ਦੀ ਪੋਥੀ 3:10 ਦਾ ਹਵਾਲਾ ਦਿੰਦੇ ਹੋਏ ਭਰਾ ਜੈਰਸ ਨੇ ਪੁੱਛਿਆ: “‘ਪਰਤਾਵੇ ਦਾ ਉਹ ਸਮਾਂ’ ਕੀ ਹੈ?” ਇਹ ਪਰਤਾਵਾ “ਪ੍ਰਭੁ ਦੇ ਦਿਨ” ਵਿਚ ਆਉਂਦਾ ਹੈ ਜਿਸ ਵਿਚ ਅੱਜ ਅਸੀਂ ਰਹਿ ਰਹੇ ਹਾਂ। (ਪਰਕਾਸ਼ ਦੀ ਪੋਥੀ 1:10) ਇਹ ਪਰਤਾਵਾ ਇਸ ਅਹਿਮ ਵਾਦ-ਵਿਸ਼ੇ ਨਾਲ ਸਿੱਧਾ ਸੰਬੰਧ ਰੱਖਦਾ ਹੈ—ਕੀ ਅਸੀਂ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਵੱਲ ਹਾਂ ਜਾਂ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਵੱਲ? ਜਦੋਂ ਤਕ ਪਰਤਾਵੇ ਦਾ ਇਹ ਸਮਾਂ ਖ਼ਤਮ ਨਹੀਂ ਹੋ ਜਾਂਦਾ, ਅਸੀਂ ਪਰਤਾਵਿਆਂ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਰਹਾਂਗੇ। ਕੀ ਅਸੀਂ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਾਂਗੇ? “ਸਾਨੂੰ ਹਰ ਇਕ ਨੂੰ ਵਫ਼ਾਦਾਰੀ ਦਿਖਾਉਣੀ ਪਵੇਗੀ,” ਭਰਾ ਜੈਰਸ ਨੇ ਕਿਹਾ।

ਅਖ਼ੀਰ ਵਿਚ ਭਰਾ ਜੌਨ ਈ. ਬਾਰ ਦੇ ਭਾਸ਼ਣ ਦਾ ਵਿਸ਼ਾ ਸੀ “ਅਧਿਆਤਮਿਕ ਵਿਅਕਤੀ ਵਜੋਂ ਤਕੜੇ ਹੋਵੋ।” ਲੂਕਾ 13:23-25 ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਨੂੰ “ਭੀੜੇ ਬੂਹੇ ਤੋਂ ਵੜਨ” ਲਈ ਵੱਡਾ ਜਤਨ ਕਰਨਾ ਪਵੇਗਾ। ਬਹੁਤ ਸਾਰੇ ਲੋਕ ਕਾਮਯਾਬ ਨਹੀਂ ਹੋਣਗੇ ਕਿਉਂਕਿ ਉਹ ਤਕੜੇ ਹੋਣ ਲਈ ਮਿਹਨਤ ਨਹੀਂ ਕਰਦੇ। ਪਰਿਪੱਕ ਮਸੀਹੀ ਬਣਨ ਲਈ ਸਾਨੂੰ ਸਿੱਖਣਾ ਪਵੇਗਾ ਕਿ ਜ਼ਿੰਦਗੀ ਦੇ ਹਰ ਪਹਿਲੂ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਕਿਵੇਂ ਲਾਗੂ ਕਰਨਾ ਹੈ। ਭਰਾ ਬਾਰ ਨੇ ਕਿਹਾ: “ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ (1) ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ; (2) ਤਕੜੇ ਹੋਣ ਅਤੇ (3) ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਦਿਲ ਲਾ ਕੇ ਮਿਹਨਤ ਕਰਨ ਦਾ ਹੁਣ ਹੀ ਸਮਾਂ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਉਸ ਭੀੜੇ ਬੂਹੇ ਵਿੱਚੋਂ ਵੜ ਕੇ ਅਦਭੁਤ ਅਨੰਤ ਜੀਵਨ ਪ੍ਰਾਪਤ ਕਰਨ ਵਿਚ ਕਾਮਯਾਬ ਹੋਵਾਂਗੇ।”

ਸਾਲਾਨਾ ਸਭਾ ਖ਼ਤਮ ਹੋਣ ਤਕ ਇਕ ਸਵਾਲ ਦਾ ਅਜੇ ਤਕ ਜਵਾਬ ਨਹੀਂ ਦਿੱਤਾ ਗਿਆ ਸੀ: 2002 ਸੇਵਾ ਸਾਲ ਦਾ ਵਰ੍ਹਾ-ਪਾਠ ਕੀ ਹੈ? ਇਸ ਸਵਾਲ ਦਾ ਜਵਾਬ ਅਗਲੇ ਦਿਨ ਦਿੱਤਾ ਗਿਆ।

ਸਪਲੀਮੈਂਟਰੀ ਸਭਾ

ਐਤਵਾਰ ਸਵੇਰੇ ਜਦੋਂ ਸਪਲੀਮੈਂਟਰੀ ਸਭਾ ਸ਼ੁਰੂ ਹੋਈ, ਤਾਂ ਸਾਰੇ ਹਾਜ਼ਰ ਭੈਣ-ਭਰਾ ਬਹੁਤ ਹੀ ਉਤਾਵਲੇ ਸਨ। ਸਭਾ ਦੇ ਸ਼ੁਰੂ ਵਿਚ ਉਸ ਹਫ਼ਤੇ ਦੇ ਪਹਿਰਾਬੁਰਜ ਲੇਖ ਦਾ ਸਾਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਸਾਲਾਨਾ ਸਭਾ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਦੱਸੀਆਂ ਗਈਆਂ। ਫਿਰ ਸਾਰੇ 2002 ਦੇ ਵਰ੍ਹਾ-ਪਾਠ ਉੱਤੇ ਭਾਸ਼ਣ ਸੁਣ ਕੇ ਬਹੁਤ ਖ਼ੁਸ਼ ਹੋਏ। 2002 ਦਾ ਵਰ੍ਹਾ-ਪਾਠ ਹੈ “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਇਹ ਭਾਸ਼ਣ ਦੋ ਅਧਿਐਨ ਲੇਖਾਂ ਉੱਤੇ ਆਧਾਰਿਤ ਸੀ ਜੋ ਬਾਅਦ ਵਿਚ 15 ਦਸੰਬਰ 2001 ਦੇ ਪਹਿਰਾਬੁਰਜ ਵਿਚ ਛਪੇ ਸਨ।

ਇਸ ਤੋਂ ਬਾਅਦ, ਜਿਹੜੇ ਲੋਕ ਅਗਸਤ 2001 ਵਿਚ ਫ਼ਰਾਂਸ ਅਤੇ ਇਟਲੀ ਵਿਚ ਹੋਏ ਖ਼ਾਸ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨਾਂ ਵਿਚ ਗਏ ਸਨ, ਉਨ੍ਹਾਂ ਵਿੱਚੋਂ ਕਈਆਂ ਨੇ ਆਪਣਾ ਤਜਰਬਾ ਸਾਂਝਾ ਕੀਤਾ। * ਪ੍ਰੋਗ੍ਰਾਮ ਦੇ ਅਖ਼ੀਰ ਵਿਚ ਬਰੁਕਲਿਨ ਬੈਥਲ ਦੇ ਦੋ ਮਹਿਮਾਨ ਭਾਸ਼ਣਕਾਰਾਂ ਨੇ ਦੋ ਖ਼ਾਸ ਭਾਸ਼ਣ ਦਿੱਤੇ।

ਪਹਿਲੇ ਭਾਸ਼ਣ ਦਾ ਵਿਸ਼ਾ ਸੀ “ਇਨ੍ਹਾਂ ਭੈੜੇ ਸਮਿਆਂ ਵਿਚ ਦਲੇਰੀ ਨਾਲ ਯਹੋਵਾਹ ਤੇ ਭਰੋਸਾ ਰੱਖਣਾ।” ਭਾਸ਼ਣਕਾਰ ਨੇ ਇਨ੍ਹਾਂ ਨੁਕਤਿਆਂ ਤੇ ਗੱਲ ਕੀਤੀ: (1) ਦਲੇਰੀ ਨਾਲ ਯਹੋਵਾਹ ਉੱਤੇ ਭਰੋਸਾ ਰੱਖਣਾ ਪਰਮੇਸ਼ੁਰ ਦੇ ਲੋਕਾਂ ਲਈ ਹਮੇਸ਼ਾ ਜ਼ਰੂਰੀ ਰਿਹਾ ਹੈ। ਬਾਈਬਲ ਵਿਚ ਅਜਿਹੇ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਵਿਰੋਧ ਦੇ ਬਾਵਜੂਦ ਦਲੇਰੀ ਅਤੇ ਨਿਹਚਾ ਦਿਖਾਈ। (ਇਬਰਾਨੀਆਂ 11:1–12:3) (2) ਯਹੋਵਾਹ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਅਸੀਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਉਸ ਦੇ ਕੰਮ ਅਤੇ ਉਸ ਦਾ ਬਚਨ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਪਰਵਾਹ ਕਰਦਾ ਹੈ ਅਤੇ ਉਹ ਉਨ੍ਹਾਂ ਨੂੰ ਕਦੀ ਨਹੀਂ ਭੁੱਲੇਗਾ। (ਇਬਰਾਨੀਆਂ 6:10) (3) ਦਲੇਰੀ ਅਤੇ ਭਰੋਸੇ ਦੀ ਅੱਜ ਖ਼ਾਸ ਤੌਰ ਤੇ ਲੋੜ ਹੈ। ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ, ਲੋਕ ਸਾਡੇ ਨਾਲ ‘ਵੈਰ ਰੱਖਦੇ’ ਹਨ। (ਮੱਤੀ 24:9) ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਣ ਅਤੇ ਪੂਰੀ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ ਦੀ ਲੋੜ ਹੈ। (4) ਉਦਾਹਰਣਾਂ ਤੋਂ ਪਤਾ ਚੱਲਦਾ ਹੈ ਕਿ ਅਸੀਂ ਇਸ ਵੇਲੇ ਵਿਰੋਧ ਦਾ ਸਾਮ੍ਹਣਾ ਕਰ ਰਹੇ ਹਾਂ। ਸਾਰਿਆਂ ਨੂੰ ਬਹੁਤ ਦੁੱਖ ਹੋਇਆ ਜਦੋਂ ਭਾਸ਼ਣਕਾਰ ਨੇ ਦੱਸਿਆ ਕਿ ਆਰਮੀਨੀਆ, ਫ਼ਰਾਂਸ, ਜਾਰਜੀਆ, ਕਜ਼ਾਕਸਤਾਨ, ਰੂਸ ਅਤੇ ਤੁਰਕਮੇਨਿਸਤਾਨ ਵਿਚ ਸਾਡੇ ਭਰਾਵਾਂ ਨੇ ਕੀ-ਕੀ ਸਹਿਣ ਕੀਤਾ ਹੈ। ਸੱਚ-ਮੁੱਚ ਦਲੇਰੀ ਦਿਖਾਉਣ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਸਾਡੇ ਕੋਲ ਹੁਣੇ ਹੀ ਸਮਾਂ ਹੈ!

ਅਖ਼ੀਰਲੇ ਭਾਸ਼ਣਕਾਰ ਦੇ ਭਾਸ਼ਣ ਦਾ ਵਿਸ਼ਾ ਸੀ “ਯਹੋਵਾਹ ਦੇ ਸੰਗਠਨ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣਾ।” ਭਾਸ਼ਣ ਵਿਚ ਬਹੁਤ ਸਾਰੇ ਵਧੀਆ ਨੁਕਤੇ ਦੱਸੇ ਗਏ ਸਨ। (1) ਯਹੋਵਾਹ ਦੇ ਲੋਕਾਂ ਦੀ ਖ਼ੁਸ਼ਹਾਲੀ ਦੁਨੀਆਂ ਦੀਆਂ ਨਜ਼ਰਾਂ ਵਿਚ ਆਈ ਹੈ। ਸਾਡਾ ਪ੍ਰਚਾਰ ਕੰਮ ਅਤੇ ਸੰਮੇਲਨ ਲੋਕਾਂ ਦਾ ਧਿਆਨ ਸਾਡੇ ਵੱਲ ਖਿੱਚਦੇ ਹਨ। (2) ਯਹੋਵਾਹ ਨੇ ਇਕ ਸੰਗਠਨ ਦੀ ਸਥਾਪਨਾ ਕੀਤੀ ਹੈ ਜਿਸ ਦੇ ਮੈਂਬਰਾਂ ਵਿਚ ਏਕਤਾ ਹੈ। 29 ਸਾ.ਯੁ. ਵਿਚ ਯਿਸੂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ ਤਾਂਕਿ ਉਹ “ਸਭਨਾਂ ਨੂੰ”—ਉਨ੍ਹਾਂ ਨੂੰ ਜਿਨ੍ਹਾਂ ਨੇ ਸਵਰਗ ਜਾਣਾ ਹੈ ਅਤੇ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਧਰਤੀ ਉੱਤੇ ਰਹਿਣ ਦੀ ਆਸ ਹੈ—ਪਰਮੇਸ਼ੁਰ ਦੇ ਇਕਜੁਟ ਪਰਿਵਾਰ ਵਿਚ ਇਕੱਠਾ ਕਰੇ। (ਅਫ਼ਸੀਆਂ 1:8-10) (3) ਸੰਮੇਲਨ ਅੰਤਰਰਾਸ਼ਟਰੀ ਏਕਤਾ ਦੀ ਸ਼ਾਨਦਾਰ ਮਿਸਾਲ ਹਨ। ਪਿਛਲੇ ਅਗਸਤ ਵਿਚ ਫ਼ਰਾਂਸ ਅਤੇ ਇਟਲੀ ਵਿਚ ਹੋਏ ਖ਼ਾਸ ਸੰਮੇਲਨਾਂ ਵਿਚ ਇਹ ਗੱਲ ਦੇਖਣ ਨੂੰ ਮਿਲੀ। (4) ਫ਼ਰਾਂਸ ਅਤੇ ਇਟਲੀ ਵਿਚ ਇਕ ਪ੍ਰਭਾਵਸ਼ਾਲੀ ਮਤਾ ਪਾਸ ਕੀਤਾ ਗਿਆ। ਭਾਸ਼ਣਕਾਰ ਨੇ ਉਸ ਮਤੇ ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਸਾਂਝੀਆਂ ਕੀਤੀਆਂ। ਪੂਰਾ ਮਤਾ ਥੱਲੇ ਦਿੱਤਾ ਗਿਆ ਹੈ।

ਆਖ਼ਰੀ ਭਾਸ਼ਣ ਦੇ ਅਖ਼ੀਰ ਵਿਚ ਮਹਿਮਾਨ ਭਾਸ਼ਣਕਾਰ ਨੇ ਪ੍ਰਬੰਧਕ ਸਭਾ ਵੱਲੋਂ ਤਿਆਰ ਕੀਤੀ ਗਈ ਦਿਲ ਨੂੰ ਟੁੰਬਣ ਵਾਲੀ ਘੋਸ਼ਣਾ ਪੜ੍ਹੀ। ਇਸ ਦਾ ਕੁਝ ਹਿੱਸਾ ਹੈ: “ਦੁਨੀਆਂ ਵਿਚ ਜੋ ਵੀ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ, ਹੁਣ ਜਾਗਦੇ ਰਹਿਣ ਅਤੇ ਖ਼ਬਰਦਾਰ ਰਹਿਣ ਦਾ ਸਮਾਂ ਹੈ। . . . ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪ੍ਰਬੰਧਕ ਸਭਾ ਤੁਹਾਡੀ ਅਤੇ ਪਰਮੇਸ਼ੁਰ ਦੇ ਬਾਕੀ ਸਾਰੇ ਲੋਕਾਂ ਦੀ ਕਿੰਨੀ ਚਿੰਤਾ ਕਰਦੀ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਦੇ ਰਹੋ ਅਤੇ ਯਹੋਵਾਹ ਤੁਹਾਨੂੰ ਢੇਰ ਸਾਰੀਆਂ ਬਰਕਤਾਂ ਦੇਵੇ।” ਹਰ ਜਗ੍ਹਾ ਯਹੋਵਾਹ ਦੇ ਲੋਕਾਂ ਨੇ ਇਹ ਦ੍ਰਿੜ੍ਹ ਇਰਾਦਾ ਕੀਤਾ ਹੈ ਕਿ ਉਹ ਇਨ੍ਹਾਂ ਭੈੜੇ ਸਮਿਆਂ ਵਿਚ ਜਾਗਦੇ ਰਹਿਣਗੇ ਅਤੇ ਯਹੋਵਾਹ ਦੇ ਇਕਜੁਟ ਸੰਗਠਨ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਦੇ ਰਹਿਣਗੇ।

[ਫੁਟਨੋਟ]

^ ਪੈਰਾ 5 ਸਾਲਾਨਾ ਸਭਾ ਦਾ ਪ੍ਰੋਗ੍ਰਾਮ ਕਈ ਜਗ੍ਹਾ ਪ੍ਰਸਾਰਿਤ ਕੀਤਾ ਗਿਆ ਜਿਸ ਕਰਕੇ ਸਾਲਾਨਾ ਸਭਾ ਦੀ ਕੁੱਲ ਹਾਜ਼ਰੀ 13,757 ਸੀ।

^ ਪੈਰਾ 5 ਇਹ ਸਭਾਵਾਂ ਲਾਂਗ ਬੀਚ, ਕੈਲੇਫ਼ੋਰਨੀਆ; ਪੌਨਟੀਐਕ, ਮਿਸ਼ੀਗਨ; ਯੂਨੀਅਨਡੇਲ, ਨਿਊਯਾਰਕ; ਅਤੇ ਹੈਮਿਲਟਨ, ਆਂਟੇਰੀਓ ਵਿਚ ਹੋਈਆਂ ਸਨ। ਇਨ੍ਹਾਂ ਸਭਾਵਾਂ ਦਾ ਪ੍ਰੋਗ੍ਰਾਮ ਵੀ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਕਰਕੇ ਕੁੱਲ 1,17,885 ਲੋਕਾਂ ਨੇ ਇਸ ਪ੍ਰੋਗ੍ਰਾਮ ਦਾ ਆਨੰਦ ਮਾਣਿਆ ਸੀ।

^ ਪੈਰਾ 23 ਫ਼ਰਾਂਸ ਵਿਚ ਤਿੰਨ ਖ਼ਾਸ ਸੰਮੇਲਨ ਹੋਏ ਸਨ—ਪੈਰਿਸ, ਬੋਰਡੋ ਅਤੇ ਲੀਅਨਜ਼ ਵਿਚ। ਅਮਰੀਕਾ ਦੇ ਕਈ ਭੈਣ-ਭਰਾਵਾਂ ਨੂੰ ਇਟਲੀ ਦੇ ਰੋਮ ਅਤੇ ਮਿਲਾਨ ਸ਼ਹਿਰਾਂ ਵਿਚ ਹੋਏ ਸੰਮੇਲਨਾਂ ਵਿਚ ਘੱਲਿਆ ਗਿਆ ਸੀ, ਭਾਵੇਂ ਕਿ ਇਟਲੀ ਵਿਚ ਇੱਕੋ ਸਮੇਂ ਤੇ ਨੌਂ ਸੰਮੇਲਨ ਹੋਏ ਸਨ।

[ਸਫ਼ਾ 29-31 ਉੱਤੇ ਡੱਬੀ/ਤਸਵੀਰਾਂ]

ਮਤਾ

ਅਗਸਤ 2001 ਵਿਚ ਫ਼ਰਾਂਸ ਅਤੇ ਇਟਲੀ ਵਿਚ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਖ਼ਾਸ ਜ਼ਿਲ੍ਹਾ ਸੰਮੇਲਨ ਹੋਏ ਸਨ। ਉਨ੍ਹਾਂ ਸੰਮੇਲਨਾਂ ਵਿਚ ਇਕ ਉਤਸ਼ਾਹ ਭਰਿਆ ਮਤਾ ਪੇਸ਼ ਕੀਤਾ ਗਿਆ ਸੀ। ਉਸ ਮਤੇ ਵਿਚ ਲਿਖਿਆ ਸੀ:

“ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ‘ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ’ ਇਸ ਜ਼ਿਲ੍ਹਾ ਸੰਮੇਲਨ ਵਿਚ ਸਾਨੂੰ ਸਾਰਿਆਂ ਨੂੰ ਉਹ ਸਿੱਖਿਆ ਦਿੱਤੀ ਗਈ ਹੈ ਜੋ ਬਹੁਤ ਹੀ ਫ਼ਾਇਦੇਮੰਦ ਹੈ। ਸਾਨੂੰ ਸਾਫ਼ ਦੱਸਿਆ ਗਿਆ ਹੈ ਕਿ ਇਸ ਸਿੱਖਿਆ ਦਾ ਸੋਮਾ ਕੌਣ ਹੈ। ਇਹ ਕਿਸੇ ਇਨਸਾਨ ਦੀ ਸਿੱਖਿਆ ਨਹੀਂ ਹੈ। ਇਹ ਉਸ ਦੀ ਸਿੱਖਿਆ ਹੈ ਜਿਸ ਨੂੰ ਪੁਰਾਣੇ ਸਮੇਂ ਵਿਚ ਨਬੀ ਯਸਾਯਾਹ ਨੇ ਸਾਡਾ ਮਹਾਨ ‘ਗੁਰੂ’ ਕਿਹਾ ਸੀ। (ਯਸਾਯਾਹ 30:20) ਯਸਾਯਾਹ 48:17 ਵਿਚ ਯਹੋਵਾਹ ਵੱਲੋਂ ਯਾਦ ਕਰਾਈ ਗਈ ਗੱਲ ਵੱਲ ਧਿਆਨ ਦਿਓ: ‘ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।’ ਉਹ ਇਹ ਕਿਵੇਂ ਕਰਦਾ ਹੈ? ਉਸ ਦਾ ਇਕ ਮੁੱਖ ਜ਼ਰੀਆ ਹੈ ਸੰਸਾਰ ਦੀ ਸਭ ਤੋਂ ਵੱਧ ਅਨੁਵਾਦ ਕੀਤੀ ਗਈ ਅਤੇ ਵੰਡੀ ਗਈ ਕਿਤਾਬ ਬਾਈਬਲ, ਜਿਸ ਵਿਚ ਸਾਨੂੰ ਸਾਫ਼-ਸਾਫ਼ ਦੱਸਿਆ ਗਿਆ ਹੈ: ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਗੁਣਕਾਰ ਹੈ।’—2 ਤਿਮੋਥਿਉਸ 3:16.

“ਅੱਜ ਇਨਸਾਨਜਾਤੀ ਨੂੰ ਇਸ ਫ਼ਾਇਦੇਮੰਦ ਸਿੱਖਿਆ ਦੀ ਬਹੁਤ ਲੋੜ ਹੈ। ਇਹ ਕਿਉਂ ਕਿਹਾ ਜਾ ਸਕਦਾ ਹੈ? ਦੁਨੀਆਂ ਦੇ ਬਦਲਦੇ ਜਾ ਰਹੇ ਅਤੇ ਚਿੰਤਾਜਨਕ ਹਾਲਾਤਾਂ ਨੂੰ ਦੇਖਦੇ ਹੋਏ ਸਮਝਦਾਰ ਲੋਕ ਕੀ ਮੰਨਦੇ ਹਨ? ਉਹ ਮੰਨਦੇ ਹਨ ਕਿ ਭਾਵੇਂ ਕਰੋੜਾਂ ਲੋਕਾਂ ਨੂੰ ਇਸ ਦੁਨੀਆਂ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਸਿਖਾਇਆ ਗਿਆ ਹੈ, ਪਰ ਲੋਕਾਂ ਵਿਚ ਅਸਲੀ ਕਦਰਾਂ-ਕੀਮਤਾਂ ਦੀ ਬਹੁਤ ਘਾਟ ਹੈ ਅਤੇ ਲੋਕ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਸਕਦੇ। (ਯਸਾਯਾਹ 5:20, 21) ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦਾ ਗਿਆਨ ਨਹੀਂ ਹੈ। ਕੰਪਿਊਟਰ ਦੇ ਰਾਹੀਂ ਅੱਜ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ, ਪਰ ਕੀ ਅਜਿਹੇ ਜ਼ਰੂਰੀ ਸਵਾਲਾਂ ਦੇ ਜਵਾਬ ਮਿਲਦੇ ਹਨ, ਜਿਵੇਂ ਕਿ ਜ਼ਿੰਦਗੀ ਦਾ ਕੀ ਮਕਸਦ ਹੈ? ਸਾਡੇ ਸਮੇਂ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਕੀ ਅਰਥ ਹੈ? ਕੀ ਚੰਗੇ ਭਵਿੱਖ ਦੀ ਕੋਈ ਆਸ ਹੈ? ਕੀ ਲੋਕਾਂ ਨੂੰ ਕਦੀ ਸ਼ਾਂਤੀ ਤੇ ਸੁਰੱਖਿਆ ਮਿਲੇਗੀ? ਇਸ ਤੋਂ ਇਲਾਵਾ, ਲਾਇਬ੍ਰੇਰੀਆਂ ਦੀਆਂ ਸ਼ੈਲਫਾਂ ਉੱਤੇ ਕਰੋੜਾਂ ਕਿਤਾਬਾਂ ਪਈਆਂ ਹਨ ਜਿਨ੍ਹਾਂ ਵਿਚ ਤਕਰੀਬਨ ਹਰ ਵਿਸ਼ੇ ਬਾਰੇ ਦੱਸਿਆ ਗਿਆ ਹੈ। ਫਿਰ ਵੀ ਲੋਕ ਪਿਛਲੀਆਂ ਗ਼ਲਤੀਆਂ ਨੂੰ ਦੁਹਰਾਉਂਦੇ ਹਨ। ਅਪਰਾਧ ਵਿਚ ਵਾਧਾ ਹੋ ਰਿਹਾ ਹੈ। ਜਿਨ੍ਹਾਂ ਬੀਮਾਰੀਆਂ ਬਾਰੇ ਪਹਿਲਾਂ ਸੋਚਿਆ ਗਿਆ ਸੀ ਕਿ ਉਨ੍ਹਾਂ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਗਿਆ ਸੀ, ਉਹ ਅੱਜ ਦੁਬਾਰਾ ਫੈਲ ਰਹੀਆਂ ਹਨ ਤੇ ਏਡਜ਼ ਵਰਗੀਆਂ ਦੂਸਰੀਆਂ ਬੀਮਾਰੀਆਂ ਵੀ ਬਹੁਤ ਤੇਜ਼ੀ ਨਾਲ ਫੈਲ ਰਹੀਆਂ ਹਨ। ਟੁੱਟੇ ਪਰਿਵਾਰਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪ੍ਰਦੂਸ਼ਣ ਵਾਤਾਵਰਣ ਨੂੰ ਖ਼ਰਾਬ ਕਰ ਰਿਹਾ ਹੈ। ਅੱਤਵਾਦ ਅਤੇ ਵੱਡੀ ਤਬਾਹੀ ਮਚਾਉਣ ਵਾਲੇ ਹਥਿਆਰ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। ਸਮੱਸਿਆਵਾਂ ਦੇ ਢੇਰ ਲੱਗਦੇ ਜਾ ਰਹੇ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੈ। ਇਨ੍ਹਾਂ ਭੈੜੇ ਸਮਿਆਂ ਵਿਚ ਦੂਸਰੇ ਲੋਕਾਂ ਦੀ ਮਦਦ ਕਰਨ ਵਿਚ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਕੀ ਕੋਈ ਅਜਿਹੀ ਸਿੱਖਿਆ ਹੈ ਜੋ ਨਾ ਸਿਰਫ਼ ਇਨਸਾਨਜਾਤੀ ਦੇ ਦੁੱਖਾਂ ਦਾ ਕਾਰਨ ਸਮਝਾਉਂਦੀ ਹੈ ਸਗੋਂ ਬਿਹਤਰ ਜ਼ਿੰਦਗੀ ਦਾ ਰਾਹ ਦਿਖਾਉਣ ਦੇ ਨਾਲ-ਨਾਲ ਸੁਨਹਿਰੇ ਭਵਿੱਖ ਲਈ ਵੀ ਪੱਕੀ ਆਸ ਦਿੰਦੀ ਹੈ?

“ਬਾਈਬਲ ਵਿਚ ਸਾਨੂੰ ਇਕ ਕੰਮ ਦਿੱਤਾ ਗਿਆ ਹੈ ਕਿ ਅਸੀਂ ‘ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਈਏ ਅਤੇ ਉਨ੍ਹਾਂ ਨੂੰ ਸਿਖਾਈਏ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮਸੀਹ ਨੇ ਹੁਕਮ ਦਿੱਤਾ ਹੈ।’ (ਮੱਤੀ 28:19, 20) ਯਿਸੂ ਮਸੀਹ ਨੇ ਇਹ ਹੁਕਮ ਉਦੋਂ ਦਿੱਤਾ ਸੀ ਜਦੋਂ ਉਸ ਨੂੰ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਸਵਰਗ ਅਤੇ ਧਰਤੀ ਉੱਤੇ ਪੂਰਾ ਇਖ਼ਤਿਆਰ ਦਿੱਤਾ ਗਿਆ ਸੀ। ਇਹ ਕੰਮ ਸਾਰੇ ਇਨਸਾਨੀ ਕੰਮਾਂ ਨਾਲੋਂ ਉੱਤਮ ਹੈ। ਪਰਮੇਸ਼ੁਰ ਦੀ ਨਜ਼ਰ ਵਿਚ ਇਹ ਕੰਮ ਸਭ ਤੋਂ ਅਹਿਮ ਹੈ। ਇਹ ਧਾਰਮਿਕਤਾ ਦੇ ਭੁੱਖੇ ਲੋਕਾਂ ਦੀਆਂ ਅਧਿਆਤਮਿਕ ਲੋੜਾਂ ਨੂੰ ਪੂਰਾ ਕਰਦਾ ਹੈ। ਬਾਈਬਲ ਵਿਚ ਇਸ ਦੇ ਠੋਸ ਕਾਰਨ ਦੱਸੇ ਗਏ ਹਨ ਕਿ ਸਾਨੂੰ ਇਸ ਕੰਮ ਨੂੰ ਕਿਉਂ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

“ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਕੰਮ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲ ਦੇਈਏ। ਭਾਵੇਂ ਬਹੁਤ ਸਾਰੇ ਮਾੜੇ ਪ੍ਰਭਾਵ, ਰੁਕਾਵਟਾਂ ਅਤੇ ਧਾਰਮਿਕ ਤੇ ਰਾਜਨੀਤਿਕ ਤਾਕਤਾਂ ਵੱਲੋਂ ਸਾਡੇ ਸਿੱਖਿਆ ਦੇਣ ਦੇ ਵਿਸ਼ਵ-ਵਿਆਪੀ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਪਰਮੇਸ਼ੁਰ ਦੀ ਬਰਕਤ ਅਤੇ ਮਦਦ ਨਾਲ ਇਹ ਕੰਮ ਜ਼ਰੂਰ ਪੂਰਾ ਹੋਵੇਗਾ। ਸਾਨੂੰ ਪੂਰਾ ਭਰੋਸਾ ਤੇ ਵਿਸ਼ਵਾਸ ਹੈ ਕਿ ਇਹ ਕੰਮ ਵਧਦਾ ਰਹੇਗਾ ਅਤੇ ਸ਼ਾਨਦਾਰ ਤਰੀਕੇ ਨਾਲ ਮੁਕੰਮਲ ਹੋਵੇਗਾ। ਅਸੀਂ ਕਿਉਂ ਇੰਨੇ ਭਰੋਸੇ ਨਾਲ ਕਹਿ ਸਕਦੇ ਹਾਂ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਰੀਤੀ-ਵਿਵਸਥਾ ਦੇ ਅੰਤ ਤਕ ਸਾਡੇ ਨਾਲ ਹੋਵੇਗਾ ਅਤੇ ਪਰਮੇਸ਼ੁਰ ਵੱਲੋਂ ਦਿੱਤੇ ਇਸ ਕੰਮ ਵਿਚ ਸਾਡੀ ਮਦਦ ਕਰੇਗਾ।

“ਦੁਖੀ ਇਨਸਾਨਜਾਤੀ ਲਈ ਹੁਣ ਬਹੁਤ ਘੱਟ ਸਮਾਂ ਰਹਿ ਗਿਆ ਹੈ। ਅੰਤ ਆਉਣ ਤੋਂ ਪਹਿਲਾਂ ਸਾਡਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ। ਇਸ ਲਈ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਇਹ ਦ੍ਰਿੜ੍ਹ ਇਰਾਦਾ ਕਰਦੇ ਹਾਂ ਕਿ:

“ਪਹਿਲਾ: ਸਮਰਪਿਤ ਸੇਵਕ ਹੋਣ ਦੇ ਨਾਤੇ, ਅਸੀਂ ਇਹ ਸੰਕਲਪ ਕਰਦੇ ਹਾਂ ਕਿ ਅਸੀਂ ਰਾਜ ਹਿੱਤਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਵਾਂਗੇ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੁੰਦੇ ਜਾਵਾਂਗੇ। ਅਸੀਂ ਜ਼ਬੂਰ 143:10 ਦੇ ਸ਼ਬਦਾਂ ਅਨੁਸਾਰ ਪ੍ਰਾਰਥਨਾ ਕਰਦੇ ਹਾਂ: ‘ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ।’ ਇਸ ਦੇ ਲਈ ਬਾਈਬਲ ਦੇ ਚੰਗੇ ਵਿਦਿਆਰਥੀ ਬਣਨਾ ਤੇ ਇਸ ਨੂੰ ਰੋਜ਼ ਪੜ੍ਹਨਾ, ਨਿੱਜੀ ਅਧਿਐਨ ਅਤੇ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ। ਆਪਣੀ ਤਰੱਕੀ ਸਾਰਿਆਂ ਸਾਮ੍ਹਣੇ ਪ੍ਰਗਟ ਕਰਨ ਲਈ ਅਸੀਂ ਕਲੀਸਿਯਾ ਸਭਾਵਾਂ, ਸਰਕਟ ਸੰਮੇਲਨਾਂ ਅਤੇ ਜ਼ਿਲ੍ਹਾ, ਕੌਮੀ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਦਿੱਤੀ ਜਾਂਦੀ ਪਰਮੇਸ਼ੁਰੀ ਸਿੱਖਿਆ ਲੈਣ ਲਈ ਤਿਆਰ ਰਹਾਂਗੇ ਅਤੇ ਇਸ ਤੋਂ ਪੂਰਾ ਫ਼ਾਇਦਾ ਲੈਣ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ।—1 ਤਿਮੋਥਿਉਸ 4:15; ਇਬਰਾਨੀਆਂ 10:23-25.

“ਦੂਸਰਾ: ਪਰਮੇਸ਼ੁਰ ਦੀ ਸਿੱਖਿਆ ਲੈਣ ਲਈ ਅਸੀਂ ਉਸ ਦੇ ਮੇਜ਼ ਤੋਂ ਹੀ ਭੋਜਨ ਖਾਵਾਂਗੇ ਅਤੇ ਬਾਈਬਲ ਦੀਆਂ ਚੇਤਾਵਨੀਆਂ ਵੱਲ ਪੂਰਾ ਧਿਆਨ ਦਿੰਦੇ ਹੋਏ ਪਿਸ਼ਾਚਾਂ ਦੀਆਂ ਭਰਮਾਉਣ ਵਾਲੀਆਂ ਸਿੱਖਿਆਵਾਂ ਤੋਂ ਦੂਰ ਰਹਾਂਗੇ। (1 ਕੁਰਿੰਥੀਆਂ 10:21; 1 ਤਿਮੋਥਿਉਸ 4:1) ਅਸੀਂ ਨੁਕਸਾਨਦੇਹ ਗੱਲਾਂ ਤੋਂ ਬਚਣ ਦਾ ਖ਼ਾਸ ਧਿਆਨ ਰੱਖਾਂਗੇ ਜਿਵੇਂ ਕਿ ਝੂਠੀਆਂ ਧਾਰਮਿਕ ਸਿੱਖਿਆਵਾਂ, ਫ਼ਜ਼ੂਲ ਦਲੀਲਬਾਜ਼ੀ, ਸ਼ਰਮਨਾਕ ਅਨੈਤਿਕ ਕੰਮ, ਅਸ਼ਲੀਲ ਫ਼ਿਲਮਾਂ ਜਾਂ ਤਸਵੀਰਾਂ, ਘਟੀਆ ਮਨੋਰੰਜਨ ਅਤੇ ਹਰ ਉਹ ਚੀਜ਼ ਜੋ ‘ਖਰੀਆਂ ਗੱਲਾਂ ਦੇ ਅਨੁਸਾਰ’ ਨਹੀਂ ਹੈ। (ਰੋਮੀਆਂ 1:26, 27; 1 ਕੁਰਿੰਥੀਆਂ 3:20; 1 ਤਿਮੋਥਿਉਸ 6:3; 2 ਤਿਮੋਥਿਉਸ 1:13) ਅਸੀਂ ਮਨੁੱਖਾਂ ਦੇ ਰੂਪ ਵਿਚ ਦਿੱਤੇ ‘ਦਾਨ’ ਯਾਨੀ ਬਜ਼ੁਰਗਾਂ ਦਾ ਆਦਰ ਕਰਦੇ ਹਾਂ ਜਿਹੜੇ ਸਾਨੂੰ ਫ਼ਾਇਦੇਮੰਦ ਸਿੱਖਿਆ ਦਿੰਦੇ ਹਨ, ਇਸ ਲਈ ਅਸੀਂ ਉਨ੍ਹਾਂ ਦੀ ਮਿਹਨਤ ਦੀ ਸੱਚੇ ਦਿਲੋਂ ਕਦਰ ਕਰਦੇ ਹਾਂ ਅਤੇ ਨੈਤਿਕ ਤੇ ਅਧਿਆਤਮਿਕ ਮਾਮਲਿਆਂ ਵਿਚ ਪਰਮੇਸ਼ੁਰ ਦੇ ਬਚਨ ਦੇ ਸ਼ੁੱਧ ਅਤੇ ਧਰਮੀ ਮਿਆਰਾਂ ਉੱਤੇ ਚੱਲਣ ਦੁਆਰਾ ਉਨ੍ਹਾਂ ਨੂੰ ਪੂਰਾ-ਪੂਰਾ ਸਹਿਯੋਗ ਦੇਵਾਂਗੇ।—ਅਫ਼ਸੀਆਂ 4:7, 8, 11, 12; 1 ਥੱਸਲੁਨੀਕੀਆਂ 5:12, 13; ਤੀਤੁਸ 1:9.

“ਤੀਸਰਾ: ਅਸੀਂ ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਨਾ ਸਿਰਫ਼ ਬੋਲ ਕੇ ਸਗੋਂ ਆਪਣੀ ਮਿਸਾਲ ਦੁਆਰਾ ਸਿਖਾਉਣ ਦਾ ਪੂਰਾ-ਪੂਰਾ ਜਤਨ ਕਰਾਂਗੇ। ਸਾਡੀ ਪਹਿਲੀ ਚਿੰਤਾ ਉਨ੍ਹਾਂ ਦੀ ਛੋਟੀ ਉਮਰ ਤੋਂ ਹੀ “ਪਵਿੱਤਰ ਲਿਖਤਾਂ” ਸਿੱਖਣ ਵਿਚ ਮਦਦ ਕਰਨੀ ਹੈ ਜੋ ‘ਨਿਹਚਾ ਦੇ ਰਾਹੀਂ ਮੁਕਤੀ ਦੇ ਸੱਕਦੀਆਂ ਹਨ।’ (2 ਤਿਮੋਥਿਉਸ 3:15) ਅਸੀਂ ਇਹ ਗੱਲ ਹਮੇਸ਼ਾ ਯਾਦ ਰੱਖਾਂਗੇ ਕਿ ਯਹੋਵਾਹ ਦੀ ਸਿੱਖਿਆ ਅਤੇ ਮੱਤ ਦੇ ਕੇ ਉਨ੍ਹਾਂ ਦੀ ਪਾਲਣਾ ਕਰਨ ਨਾਲ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਇਸ ਵਾਅਦੇ ਨੂੰ ਅਨੁਭਵ ਕਰਨ ਦਾ ਸੁਨਹਿਰਾ ਮੌਕਾ ਦੇਵਾਂਗੇ ਕਿ ‘ਉਨ੍ਹਾਂ ਦਾ ਭਲਾ ਹੋਵੇਗਾ ਅਰ ਧਰਤੀ ਉੱਤੇ ਉਨ੍ਹਾਂ ਦੀ ਉਮਰ ਲੰਮੀ ਹੋਵੇਗੀ।’—ਅਫ਼ਸੀਆਂ 6:1-4.

“ਚੌਥਾ: ਜਦੋਂ ਚਿੰਤਾਵਾਂ ਜਾਂ ਗੰਭੀਰ ਸਮੱਸਿਆਵਾਂ ਸਾਨੂੰ ਆ ਘੇਰਦੀਆਂ ਹਨ, ਤਾਂ ਅਸੀਂ ਸਭ ਤੋਂ ਪਹਿਲਾਂ ‘ਪਰਮੇਸ਼ੁਰ ਦੇ ਅੱਗੇ ਅਰਦਾਸ ਕਰਾਂਗੇ’ ਤੇ ਇਹ ਭਰੋਸਾ ਰੱਖਾਂਗੇ ਕਿ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ’ ਸਾਡੀ ਰਾਖੀ ਕਰੇਗੀ। (ਫ਼ਿਲਿੱਪੀਆਂ 4:6, 7) ਮਸੀਹ ਦੇ ਜੂਲੇ ਹੇਠ ਆਉਣ ਨਾਲ ਸਾਨੂੰ ਆਰਾਮ ਮਿਲੇਗਾ। ਇਹ ਜਾਣਦੇ ਹੋਏ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ, ਅਸੀਂ ਆਪਣੀਆਂ ਚਿੰਤਾਵਾਂ ਉਸ ਉੱਤੇ ਸੁੱਟਣ ਤੋਂ ਨਹੀਂ ਝਿਜਕਾਂਗੇ।—ਮੱਤੀ 11:28-30; 1 ਪਤਰਸ 5:6, 7.

“ਪੰਜਵਾਂ: ਆਪਣੇ ਬਚਨ ਨੂੰ ਸਿਖਾਉਣ ਦਾ ਯਹੋਵਾਹ ਨੇ ਸਾਨੂੰ ਜੋ ਮੌਕਾ ਦਿੱਤਾ ਹੈ, ਉਸ ਦੀ ਸ਼ੁਕਰਗੁਜ਼ਾਰੀ ਵਿਚ ਅਸੀਂ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ’ ਅਤੇ ‘ਆਪਣੀ ਸੇਵਕਾਈ ਨੂੰ ਪੂਰਿਆਂ ਕਰਨ’ ਦੇ ਹੋਰ ਜਤਨ ਕਰਾਂਗੇ। (2 ਤਿਮੋਥਿਉਸ 2:15; 4:5) ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਕੰਮ ਦਾ ਕੀ ਮਕਸਦ ਹੈ, ਇਸ ਲਈ ਇਹ ਸਾਡੀ ਦਿਲੀ ਇੱਛਾ ਹੈ ਕਿ ਅਸੀਂ ਯੋਗ ਵਿਅਕਤੀਆਂ ਨੂੰ ਲੱਭੀਏ ਅਤੇ ਅਸੀਂ ਜੋ ਬੀ ਬੀਜੇ ਹਨ ਉਨ੍ਹਾਂ ਦੀ ਵਧਣ ਵਿਚ ਮਦਦ ਕਰੀਏ। ਇਸ ਤੋਂ ਇਲਾਵਾ, ਅਸੀਂ ਪ੍ਰਭਾਵਕਾਰੀ ਤਰੀਕੇ ਨਾਲ ਜ਼ਿਆਦਾ ਬਾਈਬਲ ਸਟੱਡੀਆਂ ਕਰਾ ਕੇ ਆਪਣੀ ਸਿਖਾਉਣ ਦੀ ਕਲਾ ਨੂੰ ਹੋਰ ਸੁਧਾਰਾਂਗੇ। ਇਸ ਨਾਲ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਾਂਗੇ ‘ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।’—1 ਤਿਮੋਥਿਉਸ 2:3, 4.

“ਛੇਵਾਂ: ਪਿਛਲੀ ਸਦੀ ਵਿਚ ਤੇ ਇਸ ਸਦੀ ਵਿਚ ਵੀ ਬਹੁਤ ਸਾਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਬਹੁਤ ਵਿਰੋਧ ਅਤੇ ਅਤਿਆਚਾਰ ਦਾ ਸਾਮ੍ਹਣਾ ਕੀਤਾ ਹੈ। ਪਰ ਯਹੋਵਾਹ ਹਮੇਸ਼ਾ ਸਾਡੇ ਨਾਲ ਰਿਹਾ ਹੈ। (ਰੋਮੀਆਂ 8:31) ਉਸ ਦਾ ਸੱਚਾ ਬਚਨ ਸਾਨੂੰ ਭਰੋਸਾ ਦਿੰਦਾ ਹੈ ਕਿ ਸਾਡੇ ਰਾਜ ਦੇ ਪ੍ਰਚਾਰ ਕੰਮ ਅਤੇ ਸਿਖਾਉਣ ਦੇ ਕੰਮ ਵਿਚ ਰੁਕਾਵਟ ਪਾਉਣ ਜਾਂ ਉਸ ਨੂੰ ਰੋਕਣ ਲਈ ‘ਹਰ ਹਥਿਆਰ ਜੋ ਸਾਡੇ ਵਿਰੁੱਧ ਬਣਾਇਆ ਜਾਵੇ,’ ਉਹ ਕਦੀ ਕਾਮਯਾਬ ਨਹੀਂ ਹੋਵੇਗਾ। (ਯਸਾਯਾਹ 54:17) ਚੰਗੇ-ਮਾੜੇ ਦੋਵੇਂ ਤਰ੍ਹਾਂ ਦੇ ਹਾਲਾਤਾਂ ਵਿਚ ਅਸੀਂ ਸੱਚਾਈ ਦੱਸਣ ਤੋਂ ਨਹੀਂ ਹਟਾਂਗੇ। ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਆਪਣੇ ਪ੍ਰਚਾਰ ਕੰਮ ਅਤੇ ਸਿਖਾਉਣ ਦੇ ਕੰਮ ਵਿਚ ਲੱਗੇ ਰਹਾਂਗੇ। (2 ਤਿਮੋਥਿਉਸ 4:1, 2) ਸਾਰੀਆਂ ਕੌਮਾਂ ਦੇ ਲੋਕਾਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨੀ ਸਾਡਾ ਟੀਚਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਨਵੇਂ ਧਰਮੀ ਸੰਸਾਰ ਵਿਚ ਅਨੰਤ ਜ਼ਿੰਦਗੀ ਪ੍ਰਾਪਤ ਕਰਨ ਦੇ ਪ੍ਰਬੰਧ ਬਾਰੇ ਸਿੱਖਣ ਦਾ ਮੌਕਾ ਮਿਲਦਾ ਰਹੇਗਾ। ਪਰਮੇਸ਼ੁਰ ਦੇ ਬਚਨ ਦੇ ਸਿਖਾਉਣ ਵਾਲੇ ਹੋਣ ਕਰਕੇ, ਸਾਡਾ ਸਾਰਿਆਂ ਦਾ ਇਹ ਦ੍ਰਿੜ੍ਹ ਇਰਾਦਾ ਹੈ ਕਿ ਅਸੀਂ ਆਪਣੇ ਗੁਰੂ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਦੇ ਰਹਾਂਗੇ ਅਤੇ ਉਸ ਵਾਂਗ ਅਸੀਂ ਵੀ ਪਰਮੇਸ਼ੁਰੀ ਗੁਣ ਦਿਖਾਉਂਦੇ ਰਹਾਂਗੇ। ਅਸੀਂ ਇਹ ਸਭ ਆਪਣੇ ਮਹਾਨ ਗੁਰੂ ਅਤੇ ਜੀਵਨਦਾਤਾ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਅਤੇ ਵਡਿਆਈ ਲਈ ਕਰਾਂਗੇ।

“ਇਸ ਸੰਮੇਲਨ ਵਿਚ ਹਾਜ਼ਰ ਸਾਰੇ ਜਣੇ ਜਿਹੜੇ ਇਸ ਮਤੇ ਨਾਲ ਸਹਿਮਤ ਹਨ, ਉਹ ਕਿਰਪਾ ਕਰ ਕੇ ਹਾਂ ਕਹਿਣ!”

ਜਦੋਂ ਫ਼ਰਾਂਸ ਵਿਚ ਤਿੰਨ ਸੰਮੇਲਨਾਂ ਵਿਚ ਹਾਜ਼ਰ 1,60,000 ਲੋਕਾਂ ਨੂੰ ਅਤੇ ਇਟਲੀ ਵਿਚ ਨੌਂ ਸੰਮੇਲਨਾਂ ਵਿਚ ਹਾਜ਼ਰ 2,89,000 ਲੋਕਾਂ ਨੂੰ ਮਤੇ ਦਾ ਆਖ਼ਰੀ ਸਵਾਲ ਪੁੱਛਿਆ ਗਿਆ, ਤਾਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਲੋਕਾਂ ਨੇ ਉੱਚੀ ਆਵਾਜ਼ ਵਿਚ “ਹਾਂ” ਕਿਹਾ।